#BeyondFakeNews: 'ਰਾਸ਼ਟਰਵਾਦ' ਦੇ ਨਾਂ 'ਤੇ ਫੈਲਾਈ ਜਾ ਰਹੀ ਹੈ ਫੇਕ ਨਿਊਜ਼ - ਬੀਬੀਸੀ ਦੀ ਰਿਸਰਚ

ਭਾਰਤ ਵਿੱਚ ਲੋਕ 'ਰਾਸ਼ਟਰ ਨਿਰਮਾਣ' ਦੇ ਨਾਂ 'ਤੇ ਕਥਿਤ ਰਾਸ਼ਟਰਵਾਦੀ ਭਾਵਨਾਂ ਹੇਠ ਸੁਨੇਹੇ/ਸਮੱਗਰੀ ਅੱਗੇ ਭੇਜ ਕੇ ਫ਼ੇਕ ਨਿਊਜ਼ ਫੈਲਾਉਂਦੇ ਹਨ।
ਬੀਬੀਸੀ ਦੀ ਨਵੀਂ ਰਿਸਰਚ ਮੁਤਾਬਕ ਰਾਸ਼ਟਰੀ ਪਛਾਣ ਦੀ ਭਾਵਨਾ ਖ਼ਬਰਾਂ ਦੇ ਤੱਥਾਂ 'ਤੇ ਆਧਾਰਿਤ ਹੋਣ ਉੱਤੇ ਭਾਰੂ ਹੋ ਜਾਂਦੀ ਹੈ।
ਫ਼ੇਕ ਨਿਊਜ਼ ਦੇ ਫੈਲਾਅ ਸਬੰਧੀ ਆਮ ਲੋਕਾਂ ਦੇ ਨਜ਼ਰੀਏ ਤੋਂ ਪਹਿਲੀ ਪ੍ਰਕਾਸ਼ਿਤ ਰਿਸਰਚ ਵਿੱਚ ਉਕਤ ਸਿੱਟਾ ਨਿਕਲਿਆ ਹੈ।
ਬੀਬੀਸੀ ਨੇ ਲੋਕਾਂ ਦੇ ਨਿੱਜੀ ਫ਼ੋਨਾਂ ਵਿੱਚ ਵੱਟਸ ਐਪ ਵਰਗੇ ਨਿੱਜੀ ਵਾਰਤਾਲਾਪ ਵਾਲੇ ਐਪਸ ਅਤੇ ਟਵਿੱਟਰ ਨੈੱਟਵਰਕ ਦੇ ਡੂੰਘੇ ਅਧਿਐਨ ਤੋਂ ਬਾਅਦ ਇਹ ਰਿਸਰਚ ਰਿਪੋਰਟ ਪ੍ਰਕਾਸ਼ਿਤ ਕੀਤੀ ਹੈ।
ਇਹ ਵੀ ਪੜ੍ਹੋ:

ਇਹ ਰਿਸਰਚ ਬੀਬੀਸੀ 'ਤੇ ਕੌਮਾਂਤਰੀ ਪੱਧਰ ਉੱਤੇ ਗ਼ਲਤ ਜਾਣਕਾਰੀ ਫੈਲਾਏ ਜਾਣ ਖ਼ਿਲਾਫ਼ ਚੁੱਕੇ ਗਏ ਵੱਡੇ ਕਦਮ 'ਬਿਓਂਡ ਫ਼ੇਕ ਨਿਊਜ਼' ਪ੍ਰਾਜੈਕਟ ਦਾ ਹਿੱਸਾ ਹੈ। ਇਸ ਰਿਸਰਚ ਦੇ ਨਤੀਜੇ ਅੱਜ ਜਾਰੀ ਕੀਤੇ ਜਾ ਰਹੇ ਹਨ। ਭਾਰਤ ਦੇ ਦਿੱਲੀ ਅਤੇ ਅੰਮ੍ਰਿਤਸਰ ਸਣੇ 7 ਸ਼ਹਿਰਾਂ ਵਿਚ ਬਿਓਂਡ ਫੇਕ ਨਿਊਜ਼ ਸਮਾਗਮ ਹੋ ਰਹੇ ਹਨ।

- ਬੀਬੀਸੀ ਵੱਲੋਂ ਫੇਕ ਨਿਊਜ਼ ਬਾਰੇ ਇਹ ਡੂੰਘੀ ਖੋਜ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਇੱਕ ਖ਼ਾਸ ਰਿਸਰਚ ਪ੍ਰਾਜੈਕਟ ਵਜੋਂ ਕੀਤੀ ਗਈ।
- ਇਸ ਰਿਪੋਰਟ ਵਿੱਚ ਡੂੰਘਾਈ ਨਾਲ ਸਮਝਿਆ ਗਿਆ ਹੈ ਕਿ ਨਿੱਜੀ ਵਾਰਤਾਲਾਪ ਵਾਲੇ ਐਪਸ (ਵੱਟਸਐਪ) ਵਿੱਚ ਫੇਕ ਨਿਊਜ਼ ਕਿਵੇਂ ਫੈਲਾਈ ਜਾਂਦੀ ਹੈ।
- ਜਦੋਂ ਖ਼ਬਰਾਂ ਸ਼ੇਅਰ ਕਰਨ ਦਾ ਮਸਲਾ ਹੋਵੇ ਤਾਂ ਭਾਵਨਾਵਾਂ ਇਸਦਾ ਮੁੱਖ ਕਾਰਕ ਬਣਦੀਆਂ ਹਨ।
- ਗੁਮਰਾਹਕੁਨ ਜਾਣਕਾਰੀ ਦੇ ਫੈਲਾਅ ਖ਼ਿਲਾਫ਼ ਬੀਬੀਸੀ ਦੇ ਕੌਮਾਂਤਰੀ ਪੱਧਰ ਦੇ ਉੱਦਮ 'ਬਿਓਂਡ ਫ਼ੇਕ ਨਿਊਜ਼' ਨਾਲ ਜੁੜੋ।

ਰਿਪੋਰਟ ਦੇ ਪ੍ਰਮੁੱਖ ਖੋਜ ਨੁਕਤੇ
- ਭਾਰਤ ਵਿੱਚ ਲੋਕਾਂ ਨੂੰ ਜਦੋਂ ਇਹ ਲੱਗਦਾ ਹੈ ਕਿ ਇਸ ਸੁਨੇਹੇ ਨਾਲ ਹਿੰਸਾ ਹੋ ਸਕਦੀ ਹੈ ਤਾਂ ਉਹ ਅਜਿਹੀ ਜਾਣਕਾਰੀ ਨੂੰ ਅੱਗੇ ਫੈਲਾਉਣ ਤੋਂ ਝਿਜਕਦੇ ਹਨ, ਪਰ ਰਾਸ਼ਟਰਵਾਦੀ ਸੁਨੇਹਿਆਂ ਨੂੰ ਅੱਗੇ ਭੇਜਣਾ ਉਹ ਆਪਣਾ ਫਰਜ਼ ਸਮਝਦੇ ਹਨ। ਭਾਰਤ ਦੇ ਵਿਕਾਸ, ਹਿੰਦੂ ਸ਼ਕਤੀ ਅਤੇ ਹਿੰਦੂਆਂ ਦੇ ਖੁੱਸੇ ਹੋਏ ਵਕਾਰ ਦੀ ਬਹਾਲੀ ਸਬੰਧੀ ਗੁਮਰਾਹਕੁਨ ਖ਼ਬਰਾਂ ਬਿਨਾਂ ਤੱਥਾਂ ਦੀ ਜਾਂਚ ਕੀਤਿਆਂ ਵੱਡੇ ਪੱਧਰ 'ਤੇ ਫੈਲਾਈਆਂ ਜਾ ਰਹੀਆਂ ਹਨ। ਇਸ ਤਰ੍ਹਾਂ ਦੇ ਸੁਨੇਹੇ/ਸਮੱਗਰੀ ਨੂੰ ਅੱਗੇ ਭੇਜ ਕੇ ਉਹ ਸਮਝਦੇ ਹਨ ਕਿ ਉਹ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾ ਰਹੇ ਹਨ।
- ਰਿਪੋਰਟ ਵਿੱਚ ਫ਼ੇਕ ਨਿਊਜ਼ ਤੇ ਮੋਦੀ ਪੱਖੀ ਸਿਆਸੀ ਗਤੀਵਿਧੀਆਂ ਦਾ ਭਾਰਤ ਵਿੱਚ ਕੁਝ ਹੱਦ ਤੱਕ ਇੱਕ-ਮਿੱਕ ਹੋਣ ਦੀ ਜਾਣਕਾਰੀ ਮਿਲਦੀ ਹੈ। ਭਾਰਤ ਵਿੱਚ ਟਵਿੱਟਰ ਨੈੱਟਵਰਕ ਦੇ ਬਹੁਤ ਵੱਡੇ ਡਾਟੇ ਦਾ ਅਧਿਐਨ ਕਰਨ ਤੋਂ ਬਾਅਦ ਬੀਬੀਸੀ ਨੂੰ ਪਤਾ ਲੱਗਿਆ ਹੈ ਕਿ ਭਾਰਤ ਵਿੱਚ ਫ਼ੇਕ ਨਿਊਜ਼ ਦੇ ਖ਼ੱਬੇ ਪੱਖੀ ਸਰੋਤਾਂ ਦਾ ਆਪਸ ਵਿੱਚ ਜੁੜਾਵ ਕੋਈ ਖਾਸ ਨਹੀਂ ਹੈ ਜਦਕਿ ਸੱਜੇ ਪੱਖੀ ਫ਼ੇਕ ਨਿਊਜ਼ ਸਰੋਤ ਆਪਸ ਵਿੱਚ ਬਹੁਤ ਨੇੜਲੇ ਗਠਜੋੜ ਵਿੱਚ ਬੱਝੇ ਦਿਖ ਰਹੇ ਹਨ। ਇਹੀ ਕਾਰਨ ਹੈ ਕਿ ਖ਼ੱਬੇ ਪੱਖੀ ਫ਼ੇਕ ਨਿਊਜ਼ ਦੇ ਮੁਕਾਬਲੇ ਸੱਜੇ ਪੱਖ਼ੀ ਫ਼ੇਕ ਨਿਊਜ਼ ਬਹੁਤ ਤੇਜ਼ ਅਤੇ ਵੱਡੇ ਪੱਧਰ 'ਤੇ ਫੈਲਦੀ ਹੈ।

- ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਰਿਸਰਚ ਦੌਰਾਨ ਦੇਖਿਆ ਗਿਆ ਹੈ ਕਿ ਆਮ ਲੋਕ ਗ਼ੈਰ-ਇਰਾਦਤਨ ਹੀ ਫ਼ੇਕ ਨਿਊਜ਼ ਨੂੰ ਅੱਗੇ ਭੇਜ ਦਿੰਦੇ ਹਨ ਸ਼ਾਇਦ ਇਸ ਆਸ ਨਾਲ ਕਿ ਉਨ੍ਹਾਂ ਲਈ ਇਸਦੇ ਤੱਥਾਂ ਦੀ ਜਾਂਚ ਕੋਈ ਹੋਰ ਕਰ ਦੇਵੇਗਾ।
- ਹਾਲਾਂਕਿ ਭਾਰਤ ਵਿੱਚ ਫ਼ੇਕ ਨਿਊਜ਼ ਫੈਲਾਉਣ ਦਾ ਵੱਡਾ ਕਾਰਨ ਰਾਸ਼ਟਰਵਾਦ ਹੈ। ਜਦਕਿ ਕੀਨੀਆ ਅਤੇ ਨਾਈਜੀਰੀਆ ਦੀ ਕਹਾਣੀ ਕੁਝ ਵੱਖਰੀ ਹੈ। ਉੱਥੇ ਫ਼ੇਕ ਨਿਊਜ਼ ਕਹਾਣੀਆਂ ਜੋ ਵਧੇਰੇ ਫੈਲਦੀਆਂ ਹਨ ਉਹ ਕੌਮੀ ਗੁੱਸੇ ਅਤੇ ਇੱਛਾਵਾਂ ਨਾਲ ਜੁੜੀਆਂ ਹੁੰਦੀਆਂ ਹਨ। ਇਸਦੇ ਨਾਲ-ਨਾਲ ਇਹ ਪੈਸਿਆਂ ਨਾਲ ਸਬੰਧਤ ਘੁਟਾਲਿਆਂ ਨਾਲ ਵੀ ਸਬੰਧਤ ਹੁੰਦੀਆਂ ਹਨ। ਤਕਨੀਕ ਦਾ ਵੀ ਇਸ ਵਿੱਚ ਵੱਡਾ ਯੋਗਦਾਨ ਹੈ ਅਤੇ ਕੀਨੀਆ ਵਿੱਚ ਤੀਜਾ ਹਿੱਸਾ ਫੇਕ ਨਿਊਜ਼ ਵੱਟਸ ਐਪ ਵਾਰਤਾਲਾਪ ਰਾਹੀਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ। ਨਾਈਜੀਰੀਆ ਵਿੱਚ ਅੱਤਵਾਦ ਅਤੇ ਫੌਜ ਨਾਲ ਸਬੰਧਤ ਕਹਾਣੀਆਂ ਵੱਟਸਐਪ ਉੱਤੇ ਬਹੁਤ ਤੇਜ਼ੀ ਨਾਲ ਫੈਲਦੀਆਂ ਹਨ।
ਇਹ ਵੀ ਪੜ੍ਹੋ:
- ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਨੇ ਵਿੱਢਿਆ ਮੋਰਚਾ #BeyondFakeNews
- ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਦੀ ਕੌਮਾਂਤਰੀ ਮੁਹਿੰਮ
- 'ਭੀੜ ਨੇ ਬੁਰੀ ਤਰ੍ਹਾਂ ਕੁੱਟਿਆ, ਸ਼ਾਂਤਾ ਦੀ ਮੌਤ ਹੋ ਗਈ'
- ਕੀਨੀਆ ਅਤੇ ਨਾਈਜੀਰੀਆ ਵਿੱਚ ਲੋਕ ਮੁੱਖਧਾਰਾ ਦੇ ਮੀਡੀਆ ਸਰੋਤਾਂ ਅਤੇ ਫੇਕ ਨਿਊਜ਼ ਫੈਲਾਉਣ ਵਾਲੇ ਜਾਣੇ-ਪਛਾਣੇ ਸਰੋਤਾਂ ਤੋਂ ਇੱਕੋ ਜਿੰਨੀਆਂ ਖ਼ਬਰਾਂ ਹੀ ਪੜ੍ਹਦੇ ਹਨ ਪਰ ਭਾਰਤ ਨਾਲੋਂ ਇੱਥੇ ਲੋਕਾਂ ਵਿੱਚ ਜਾਣਕਾਰੀ ਦੇ ਅਸਲ ਸਰੋਤ ਬਾਰੇ ਜਾਣਨ ਦੀ ਇੱਛਾ ਸ਼ਕਤੀ ਕਿਤੇ ਵਧੇਰੇ ਹੈ। ਅਫ਼ਰੀਕੀ ਮਾਰਕੀਟ ਵਿੱਚ ਕੋਈ ਵੀ ਖ਼ਬਰਾਂ ਜਾਣਨ ਦੇ ਮਾਮਲੇ ਵਿੱਚ ਪਛੜਨਾ ਨਹੀਂ ਚਾਹੁੰਦਾ। ਇਸ ਨੂੰ ਸਮਾਜ ਵਿੱਚ ਬਹੁਤ ਮਾਨਤਾ ਹੈ। ਇਹ ਸਾਰੇ ਅਜਿਹੇ ਕਾਰਕ ਹਨ ਜਿਨ੍ਹਾਂ ਰਾਹੀਂ ਨਿੱਜੀ ਨੈੱਟਵਰਕਸ ਵਿੱਚ ਫੇ਼ਕ ਖ਼ਬਰਾਂ ਫੈਲਦੀਆਂ ਹਨ ਭਾਵੇਂ ਕਿ ਇਸਦੇ ਵਰਤੋਂਕਾਰਾਂ ਦਾ ਇਰਾਦਾ ਇਸਦੀ ਸੱਚਾਈ ਜਾਣਨ ਦਾ ਹੀ ਕਿਉਂ ਨਾ ਹੋਵੇ।

ਤਸਵੀਰ ਸਰੋਤ, AFP
ਬੀਬੀਸੀ ਵਰਲਡ ਸਰਵਿਸ ਵਿੱਚ ਓਡੀਐਂਸ ਰਿਸਰਚ ਵਿਭਾਗ ਦੇ ਮੁਖੀ ਡਾਕਟਰ ਸਾਂਤਨੂ ਚੱਕਰਵਰਤੀ ਕਹਿੰਦੇ ਹਨ ,"ਇਸ ਰਿਸਰਚ ਦੇ ਕੇਂਦਰ ਵਿੱਚ ਇਹ ਸਵਾਲ ਹੈ ਕਿ ਆਮ ਲੋਕ ਫ਼ੇਕ ਨਿਊਜ਼ ਨੂੰ ਸ਼ੇਅਰ ਕਿਉਂ ਕਰ ਰਹੇ ਹਨ ਜਦਕਿ ਉਹ ਫ਼ੇਕ ਨਿਊਜ਼ ਦੇ ਫੈਲਾਅ ਨੂੰ ਲੈ ਕੇ ਚਿੰਤਤ ਹੋਣ ਦਾ ਦਾਅਵਾ ਕਰਦੇ ਹਨ। ਇਹ ਰਿਪੋਰਟ ਇਨ-ਡੈਪਥ ਕੁਆਲੀਟੇਟਿਵ ਅਤੇ ਮਾਨਵ ਜਾਤੀ ਵਿਗਿਆਨ ਦੀਆਂ ਤਕਨੀਕਾਂ ਦੇ ਨਾਲ-ਨਾਲ ਡਿਜੀਟਲ ਨੈੱਟਵਰਕ ਅਧਿਐਨ ਅਤੇ ਵੱਡੇ ਡਾਟਾ ਦੀ ਮਦਦ ਨਾਲ ਭਾਰਤ, ਕੀਨੀਆ ਅਤੇ ਨਾਈਜੀਰੀਆ ਵਿੱਚ ਵੱਖ-ਵੱਖ ਕੋਨਿਆਂ ਤੋਂ ਫ਼ੇਕ ਨਿਊਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਦੀ ਹੈ। ਇਨ੍ਹਾਂ ਦੇਸਾਂ ਵਿੱਚ ਫ਼ੇਕ ਨਿਊਜ਼ ਦੇ ਤਕਨੀਕ ਕੇਂਦਰਿਤ ਸਮਾਜਿਕ ਰੂਪ ਨੂੰ ਸਮਝਣ ਲਈ ਇਹ ਪਹਿਲੇ ਉਦੇਸ਼ਾਂ ਵਿੱਚੋਂ ਇੱਕ ਹੈ। ਮੈਂ ਉਮੀਦ ਕਰਦਾ ਹਾਂ ਕਿ ਇਸ ਰਿਸਰਚ ਵਿੱਚ ਸਾਹਮਣੇ ਆਈਆਂ ਜਾਣਕਾਰੀਆਂ ਫ਼ੇਕ ਨਿਊਜ਼ 'ਤੇ ਹੋਣ ਵਾਲੀਆਂ ਚਰਚਾਵਾਂ ਵਿੱਚ ਡੂੰਘਾਈ ਅਤੇ ਸਮਝ ਪੈਦਾ ਕਰਨਗੀਆਂ ਅਤੇ ਖੋਜਕਰਤਾ, ਵਿਸ਼ਲੇਸ਼ਕ, ਪੱਤਰਕਾਰ ਅੱਗੇ ਦੀ ਜਾਂਚ ਵਿੱਚ ਇਨ੍ਹਾਂ ਜਾਣਕਾਰੀਆਂ ਦੀ ਵਰਤੋਂ ਕਰ ਸਕਣਗੇ।"
ਬੀਬੀਸੀ ਵਰਲਡ ਸਰਵਿਸ ਗਰੁੱਪ ਦੇ ਡਾਇਰੈਕਟਰ ਜੇਮੀ ਐਂਗਸ ਨੇ ਕਿਹਾ-

"ਮੀਡੀਆ ਵਿੱਚ ਜ਼ਿਆਦਾਤਰ ਵਿਚਾਰ ਪੱਛਮ 'ਚ 'ਫ਼ੇਕ ਨਿਊਜ਼' 'ਤੇ ਹੀ ਹੋਇਆ ਹੈ, ਇਹ ਰਿਸਰਚ ਇਸ ਗੱਲ ਦਾ ਠੋਸ ਸਬੂਤ ਹੈ ਕਿ ਬਾਕੀ ਦੁਨੀਆਂ ਵਿੱਚ ਗੰਭੀਰ ਦਿੱਕਤਾਂ ਹੋ ਰਹੀਆਂ ਹਨ, ਜਿੱਥੇ ਸੋਸ਼ਲ ਮੀਡੀਆ 'ਤੇ ਖ਼ਬਰਾਂ ਸ਼ੇਅਰ ਕਰਦੇ ਸਮੇਂ ਰਾਸ਼ਟਰ-ਨਿਰਮਾਣ ਦਾ ਵਿਚਾਰ ਸੱਚ 'ਤੇ ਭਾਰੂ ਪੈ ਰਿਹਾ ਹੈ। ਬੀਬੀਸੀ ਦੀ ਬਿਓਂਡ ਫੇਕ ਨਿਊਜ਼ ਪਹਿਲ ਗ਼ਲਤ ਸੂਚਨਾਵਾਂ ਨਾਲ ਨਿਪਟਣ ਵਿੱਚ ਸਾਡੀ ਸਮਝ ਵੱਲ ਇੱਕ ਹੋਰ ਅਹਿਮ ਕਦਮ ਹੈ। ਇਸ ਕੰਮ ਲਈ ਇਹ ਰਿਸਰਚ ਅਨਮੋਲ ਜਾਣਕਾਰੀ ਮੁਹੱਈਆ ਕਰਵਾਉਂਦੀ ਹੈ।''
ਹੋਰ ਖੋਜ ਤੱਥ
ਫ਼ੇਸਬੁੱਕ
ਰਿਸਰਚ ਦੱਸਦੀ ਹੈ ਕਿ ਭਾਰਤ ਵਿੱਚ ਇੱਕ ਵਾਰ ਮੁੜ ਮਾਮਲਾ ਵੱਖਰਾ ਹੈ। ਧਰੁਵੀਕ੍ਰਿਤ ਲੋਕ ਫੇਸਬੁੱਕ 'ਤੇ ਜਾਂ ਤਾਂ ਭਰੋਸੇਯੋਗ ਸਰੋਤਾਂ ਨਾਲ ਜੁੜੇ ਹਨ ਜਾਂ ਫਿਰ ਜਾਣੇ-ਪਛਾਣੇ ਫ਼ਰਜ਼ੀ ਸਰੋਤਾਂ ਨਾਲ। ਅਜਿਹਾ ਬਹੁਤ ਘੱਟ ਹੈ ਕਿ ਲੋਕ ਦੋਵਾਂ ਨਾਲ ਜੁੜੇ ਹੋਣ। ਸਾਡੀ ਰਿਸਰਚ ਵਿੱਚ ਇਹੀ ਪਤਾ ਲਗਦਾ ਹੈ ਕਿ ਜਿਨ੍ਹਾਂ ਲੋਕਾਂ ਦੀ ਜਾਣੇ-ਪਛਾਣੇ ਸਰੋਤਾਂ ਵਿੱਚ ਦਿਲਚਸਪੀ ਹੈ, ਉਨ੍ਹਾਂ ਦੀ ਸਿਆਸਤ ਅਤੇ ਸਿਆਸੀ ਪਾਰਟੀਆਂ ਵਿੱਚ ਵੀ ਵੱਧ ਦਿਲਚਸਪੀ ਹੁੰਦੀ ਹੈ।
ਨਾਈਜੀਰੀਆ ਅਤੇ ਕੀਨੀਆ ਵਿੱਚ ਫੇਸਬੁੱਕ ਯੂਜ਼ਰ ਸਮਾਚਾਰ ਦੇ ਫਰਜ਼ੀ ਅਤੇ ਸੱਚੇ ਸਰੋਤਾਂ ਦੀ ਬਰਾਬਰ ਹੀ ਵਰਤੋਂ ਕਰਦੇ ਹਨ ਅਤੇ ਇਸ ਗੱਲ ਦੀ ਪਰਵਾਹ ਨਹੀਂ ਕਰਦੇ ਕਿ ਕਿਹੜਾ ਸਰੋਤ ਭਰੋਸੇਮੰਦ ਹੈ ਅਤੇ ਕਿਹੜਾ ਫ਼ਰਜ਼ੀ।
ਪੀੜ੍ਹੀਆਂ ਦਾ ਫ਼ਰਕ
ਕੀਨੀਆ ਅਤੇ ਨਾਈਜੀਰੀਆ ਵਿੱਚ ਨੌਜਵਾਨ ਲੋਕ ਆਪਣੇ ਤੋਂ ਵੱਧ ਉਮਰ ਦੇ ਲੋਕਾਂ ਦੀ ਤੁਲਨਾ ਵਿੱਚ ਕਬਾਇਲੀ ਅਤੇ ਧਾਰਮਿਕ ਨਿਸ਼ਠਾ 'ਤੇ ਘੱਟ ਧਿਆਨ ਦਿੰਦੇ ਹਨ ਅਤੇ ਫ਼ੇਕ ਨਿਊਜ਼ ਸ਼ੇਅਰ ਕਰਦੇ ਸਮੇਂ ਵੀ ਇਨ੍ਹਾਂ ਪਛਾਣਾਂ ਤੋਂ ਘੱਟ ਹੀ ਪ੍ਰੇਰਿਤ ਹੁੰਦੇ ਹਨ। ਪਰ ਭਾਰਤ ਵਿੱਚ ਹੋਇਆ ਇਹ ਅਧਿਐਨ ਇਹ ਦਰਸਾਉਂਦਾ ਹੈ ਕਿ ਇੱਥੋਂ ਦੇ ਨੌਜਵਾਨ ਖ਼ੁਦ ਨੂੰ ਅਜਿਹੀਆਂ ਪਛਾਣਾਂ ਨਾਲ ਜੋੜਦੇ ਹਨ। ਇਸੇ ਕਾਰਨ ਸ਼ੇਅਰ ਕਰਨ ਦਾ ਉਨ੍ਹਾਂ ਦਾ ਵਿਹਾਰ ਆਪਣੇ ਤੋਂ ਪਹਿਲਾਂ ਦੀ ਪੀੜ੍ਹੀ ਦੀ ਤਰ੍ਹਾਂ ਹੀ ਪ੍ਰਭਾਵਿਤ ਹੁੰਦਾ ਹੈ।
ਸ਼ਬਦਾਂ ਤੋਂ ਵੱਧ ਤਸਵੀਰਾਂ
ਇਹ ਰਿਸਰਚ ਦਰਸਾਉਂਦੀ ਹੈ ਕਿ ਲਿਖੀ ਹੋਈ ਸਮੱਗਰੀ ਜਾਂ ਲੇਖਾਂ ਦੀ ਤੁਲਨਾ ਵਿੱਚ ਤਸਵੀਰਾਂ ਅਤੇ ਫਰਜ਼ੀ ਚਿੱਤਰਾਂ ਦੇ ਜ਼ਰੀਏ ਕਾਫ਼ੀ ਗਿਣਤੀ ਵਿੱਚ ਫ਼ੇਕ ਖ਼ਬਰਾਂ ਸ਼ੇਅਰ ਕੀਤੀਆਂ ਜਾਂਦੀਆਂ ਹਨ। ਰਿਸਰਚ ਇਹ ਵੀ ਦੱਸਦੀ ਹੈ ਕਿ ਫ਼ੇਕ ਨਿਊਜ਼ ਕਿਵੇਂ ਸੋਸ਼ਲ ਮੀਡੀਆ ਪਲੇਟਫਾਰਮ ਦੇ ਮਿਜ਼ਾਜ ਅਤੇ ਆਨਲਾਈਨ ਉਪਲੱਬਧ ਬਹੁਤ ਸਾਰੀਆਂ ਜਾਣਕਾਰੀਆਂ ਨੂੰ ਸਮਝਣ ਵਿੱਚ ਹੋਣ ਵਾਲੀ ਦਿੱਕਤ ਕਾਰਨ ਵਿਜ਼ੁਅਲ ਮੀਡੀਆ ਜ਼ਰੀਏ ਫੈਲਦੀ ਹੈ।
ਇਹ ਰਿਪੋਰਟ ਉਸੇ ਵੇਲੇ ਆਈ ਹੈ ਜਦੋਂ ਫੇਸਬੁੱਕ, ਗੂਗਲ ਅਤੇ ਟਵਿੱਟਰ ਮਿਲ ਕੇ ਆਪਣੇ ਪਲੇਟਫਾਰਮਾਂ ਉੱਤੇ ਫੇ਼ਕ ਨਿਊਜ਼ ਦੇ ਪ੍ਰਭਾਵ 'ਤੇ ਚਰਚਾ ਕਰਨ ਲਈ ਇਕੱਠਾ ਹੋ ਰਹੇ ਹਨ। ਇਹ ਦਿੱਲੀ ਵਿੱਚ ਬੀਬੀਸੀ ਬਿਓਂਡ ਫ਼ੇਕ ਨਿਊਜ਼ ਕਾਨਫਰੰਸ ਵਿੱਚ ਅੱਜ ਇਸ ਮਾਮਲੇ 'ਤੇ ਚਰਚਾ ਕਰਨਗੇ, ਜਿਸਦਾ ਬੀਬੀਸੀ ਨਿਊਜ਼ ਵਰਲਡ 'ਤੇ 16.30 GMT (ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ) ਪ੍ਰਸਾਰਣ ਹੋਵੇਗਾ।

ਤਸਵੀਰ ਸਰੋਤ, Getty Images
ਫੇਕ ਨਿਊਜ਼ ਵਰਤਾਰੇ ਨੂੰ ਸਮਝਣ ਦਾ ਤਰੀਕਾ
ਫ਼ੇਕ ਨਿਊਜ਼ ਦੇ ਸਮੁੱਚੇ ਵਰਤਾਰੇ ਨੂੰ ਸਮਝਣ ਲਈ ਕਈ ਤਰੀਕਿਆਂ ਦੀ ਵਰਤੋਂ ਕੀਤੀ ਗਈ ਹੈ।ਇਸ ਪ੍ਰਾਜੈਕਟ ਵਿੱਚ ਵੱਡੇ ਡਾਟੇ ਤੇ ਨੈੱਟਵਰਕ ਦੇ ਵਿਸ਼ਲੇਸ਼ਣ ਅਤੇ ਗੁਣਵੱਤਾ/ ਸੱਭਿਆਚਾਰਕ ਵਿਗਿਆਨ ਲਈ ਭਾਰਤ ਵਿੱਚ ਥਰਡ ਆਈ ਅਤੇ ਅਫਰੀਕੀ ਮਾਰਕੀਟ ਵਿੱਚ ਫਲੈਮਿਨਗੋ ਪਾਰਟਨਰ ਸਨ।
ਤਰੀਕੇ:
ਬਿਗ ਡਾਟਾ/ਮਸ਼ੀਨ ਲਰਨਿੰਗ: ਮੀਡੀਆ ਵਿੱਚ ਅੰਗਰੇਜ਼ੀ ਅਤੇ ਸਥਾਨਕ ਭਸ਼ਾਵਾਂ ਵਿੱਚ ਪਿਛਲੇ ਦੋ ਸਾਲਾਂ ਵਿੱਚ ਫੇ਼ਕ ਨਿਊਜ਼ 'ਤੇ ਆਈਆਂ ਖ਼ਬਰਾਂ ਦੀ ਡੂੰਘਾਈ ਨਾਲ ਪੜਤਾਲ। ਭਾਰਤ ਵਿੱਚ 47000; ਦੋਵੇਂ ਅਫਰੀਕੀ ਮਾਰਕੀਟਾਂ ਵਿੱਚ 8,000।
ਆਟੋ ਐਥਨੋਗ੍ਰਾਫ਼ੀ: ਸੰਦੇਸ਼ਾਂ ਦਾ ਸੰਗ੍ਰਹਿ ਤਿਆਰ ਕਰਨਾ ਜੋ ਇਸ ਨੂੰ ਹਾਸਲ ਕਰਨ ਵਾਲਿਆਂ ਨੇ 7 ਦਿਨਾਂ ਵਿੱਚ ਸ਼ੇਅਰ ਕੀਤੇ ਹਨ।
ਸੈਮੀਓਟਿਕ ਐਨਾਲਸਿਸ: ਇਕੱਠੇ ਕੀਤੇ ਗਏ ਸੰਦੇਸ਼ਾਂ ਵਿੱਚੋਂ ਫ਼ੇਕ ਨਿਊਜ਼ ਦੇ ਚਿੰਨ੍ਹਾਂ, ਪ੍ਰਤੀਕਾਂ ਅਤੇ ਢਾਂਚੇ ਨੂੰ ਸਮਝਣਾ।

ਤਸਵੀਰ ਸਰੋਤ, Reuters
ਡੂੰਘਾ ਅਧਿਐਨ/ ਐਥਨੋਗ੍ਰਾਫ਼ੀ : ਭਾਰਤ ਦੇ 10 ਸ਼ਹਿਰਾਂ ਵਿੱਚ 40 ਲੋਕਾਂ ਦੀਆਂ 120 ਘੰਟੇ ਲੰਬੀਆਂ ਇੰਟਰਵਿਊਜ਼। ਇਸੇ ਤਰ੍ਹਾਂ ਨਾਈਜੀਰੀਆ ਦੇ ਤਿੰਨ ਅਤੇ ਕੀਨੀਆ ਦੇ ਦੋ ਸ਼ਹਿਰਾਂ ਵਿੱਚ 40 ਲੋਕਾਂ ਦਾ 100 ਘੰਟਿਆਂ ਦੇ ਇੰਟਰਵਿਊ।
ਨੈੱਟਵਰਕ ਐਨਾਲਸਿਸ: 16,000 ਟਵਿੱਟਰ ਪ੍ਰੋਫ਼ਾਈਲ (370,999 ਰਿਲੇਸ਼ਨਸ਼ਿਪ, ਭਾਰਤ); 3,200 ਫੇਸਬੁੱਕ ਪੇਜ (ਭਾਰਤ); 3,000 ਪੇਜ (ਅਫਰੀਕੀ ਬਾਜ਼ਾਰਾਂ ਵਿੱਚ)।
ਵੱਡੀਆਂ ਟੈੱਕ ਕੰਪਨੀਆਂ ਦੇ ਪੈਨਲ ਦੀ ਚਰਚਾ ਬੀਬੀਸੀ ਵਰਲਡ ਨਿਊਜ਼ 'ਤੇ 16.30 GMT (ਭਾਰਤੀ ਸਮੇਂ ਅਨੁਸਾਰ ਰਾਤ 10 ਵਜੇ) ਪ੍ਰਸਾਰਿਤ ਕੀਤੀ ਜਾਵੇਗੀ ਅਤੇ ਵੀਕੈਂਡ 'ਤੇ ਮੁੜ ਪ੍ਰਸਾਰਣ ਕੀਤਾ ਜਾਵੇਗਾ।
ਬੀਬੀਸੀ ਵਰਲਡ ਸਰਵਿਸ ਗਰੁੱਪ ਪੂਰੀ ਦੁਨੀਆਂ ਵਿੱਚ ਅੰਗਰੇਜ਼ੀ ਅਤੇ 41 ਖੇਤਰੀ ਭਾਸ਼ਾਵਾਂ ਵਿੱਚ ਪ੍ਰੋਗਰਾਮ ਦਾ ਪ੍ਰਸਾਰਣ ਕਰਦਾ ਹੈ। ਇਹ ਪ੍ਰੋਗਰਾਮ ਟੀਵੀ, ਰੇਡੀਓ ਅਤੇ ਡਿਜੀਟਲ ਪਲੇਟਫਾਰਮ ਜ਼ਰੀਏ ਪ੍ਰਸਾਰਿਤ ਹੁੰਦੇ ਹਨ। ਹਰ ਹਫ਼ਤੇ ਪੂਰੀ ਦੁਨੀਆਂ ਵਿੱਚ ਕਰੀਬ 26.9 ਕਰੋੜ ਲੋਕ ਇਨ੍ਹਾਂ ਪ੍ਰੋਗਰਾਮਾਂ ਨੂੰ ਦੇਖਦੇ, ਸੁਣਦੇ ਅਤੇ ਪੜ੍ਹਦੇ ਹਨ।
ਇਹ ਵੀ ਪੜ੍ਹੋ:
ਬੀਬੀਸੀ ਵਰਲਡ ਸਰਵਿਸ ਦੇ ਹੇਠ ਆਉਣ ਵਾਲੇ ਬੀਬੀਸੀ ਲਰਨਿੰਗ ਇੰਗਲਿਸ਼ ਦੁਨੀਆਂ ਭਰ ਵਿੱਚ ਲੋਕਾਂ ਨੂੰ ਇੰਗਲਿਸ਼ ਸਿਖਾਉਂਦੇ ਹਨ। ਬੀਬੀਸੀ ਨੂੰ ਪੂਰੀ ਦੁਨੀਆਂ ਵਿੱਚ ਹਰ ਹਫ਼ਤੇ 34.6 ਕਰੋੜ ਤੋਂ ਵੱਧ ਲੋਕ ਦੇਖਦੇ, ਸੁਣਦੇ ਅਤੇ ਪੜ੍ਹਦੇ ਹਨ। ਇਸਦੇ ਇੰਟਰਨੈਸ਼ਨਲ ਨਿਊਜ਼ ਸਰਵਿਸ ਵਿੱਚ ਬੀਬੀਸੀ ਵਰਲਡ ਸਰਵਿਸ, ਬੀਬੀਸੀ ਵਰਲਡ ਨਿਊਜ਼ ਟੈਲੀਵਿਜ਼ਨ ਚੈੱਨਲ ਅਤੇ ਬੀਬੀਸੀ ਡਾਟ ਕਾਮ/ਨਿਊਜ਼, ਬੀਬੀਸੀ ਵਰਲਡ ਨਿਊਜ਼ ਅਤੇ ਬੀਬੀਸੀ ਡਾਟ ਕਾਮ ਆਉਂਦੇ ਹਨ।
ਬੀਬੀਸੀ ਦੇ 24 ਘੰਟੇ ਚੱਲਣ ਵਾਲੇ ਕੌਮਾਂਤਰੀ ਪ੍ਰਸਾਰਣਾ ਦਾ ਮਾਲਿਕਾਨਾ ਹੱਕ ਬੀਬੀਸੀ ਗਲੋਬਲ ਨਿਊਜ਼ ਲਿਮਿਟਡ ਦੇ ਕੋਲ ਹੈ। ਬੀਬੀਸੀ ਦਾ ਵਰਲਡ ਨਿਊਜ਼ ਟੈਲੀਵਿਜ਼ਨ ਦੋ ਸੌ ਤੋਂ ਵੱਧ ਦੇਸਾਂ ਵਿੱਚ ਉਪਲਬਧ ਹੈ। ਇਸ ਨੂੰ ਦੁਨੀਆਂ ਭਰ ਵਿੱਚ 45.4 ਕਰੋੜ ਘਰਾਂ ਅਤੇ ਹੋਟਲਾਂ ਦੇ 30 ਲੱਖ ਕਮਰਿਆਂ ਵਿੱਚ ਦੇਖਿਆ ਜਾ ਸਕਦਾ ਹੈ।
ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੀਆ:
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 1
ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of YouTube post, 2












