ਫੇਕ ਨਿਊਜ਼ ਖ਼ਿਲਾਫ਼ ਬੀਬੀਸੀ ਦੀ ਕੌਮਾਂਤਰੀ ਮੁਹਿੰਮ, ਅੰਮ੍ਰਿਤਸਰ ਵਿੱਚ ਵੀ ਹੋਣ ਜਾ ਰਿਹਾ ਪ੍ਰੋਗਰਾਮ

ਸੋਸ਼ਲ ਮੀਡੀਆ ਤੇ ਮੀਡੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੰਕੇਤਕ ਤਸਵੀਰ : 12 ਨਵੰਬਰ ਨੂੰ ਸ਼ੁਰੂ ਹੋਵੇਗਾ Beyond Fake News ਪ੍ਰੋਜੈਕਟ

ਬੀਬੀਸੀ ਵੱਲੋਂ 12 ਨਵੰਬਰ ਤੋਂ ਦੁਨੀਆਂ ਭਰ ਵਿੱਚ ਸੋਸ਼ਲ ਮੀਡੀਆ ਤੇ ਮੀਡੀਆ ਪਲੇਟਫਾਰਮਜ਼ ਉੱਤੇ ਝੂਠੀ, ਗ਼ਲਤ ਅਤੇ ਗੁਮਰਾਹਕੁੰਨ ਜਾਣਕਾਰੀ ਫੈਲਾਏ ਜਾਣ ਦੇ ਖ਼ਿਲਾਫ਼ ਵੱਡੀ ਮੁਹਿੰਮ ਦਾ ਆਗ਼ਾਜ਼ ਕੀਤਾ ਜਾ ਰਿਹਾ ਹੈ।

ਇਸ ਦੇ ਤਹਿਤ ਸੋਸ਼ਲ ਮੀਡੀਆ ਉੱਤੇ ਗ਼ਲਤ ਜਾਣਕਾਰੀ ਕਿਵੇਂ ਫੈਲਦੀ ਹੈ ਅਤੇ ਇਸ ਨਾਲ ਸਮਾਜ ਨੂੰ ਪਹੁੰਚਾਏ ਜਾ ਰਹੇ ਨੁਕਸਾਨ ਖ਼ਿਲਾਫ਼ ਜਾਗਰੂਕਤਾ ਸਮਾਗਮ ਹੋ ਰਹੇ ਹਨ। ਪੰਜਾਬ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਇਸ ਸੰਬੰਧੀ ਸਮਾਗਮ ਹੋਵੇਗਾ।

ਇਸ ਮੁਹਿੰਮ ਦੌਰਾਨ ਬੀਬੀਸੀ, ਗੂਗਲ ਤੇ ਟਵਿੱਟਰ ਵੱਲੋਂ ਕੀਤੀ ਗਈ ਰਿਸਰਚ ਦੀ ਰਿਪੋਰਟ ਪੇਸ਼ ਕੀਤੀ ਜਾਵੇਗੀ ,ਜਿਸ ਵਿੱਚ ਇਹ ਦੱਸਿਆ ਜਾਵੇਗਾ ਕਿ ਗਲਤ ਜਾਣਕਾਰੀ ਕਿਵੇਂ ਅਤੇ ਕਿਉਂ ਫੈਲਾਈ ਜਾਂਦੀ ਹੈ ਅਤੇ ਭਾਰਤ ਵਿਚ ਇਹ ਕਿਉਂ ਹੋ ਰਿਹਾ ਹੈ।

'ਬਿਓਂਡ ਫੇਕ ਨਿਊਜ਼' ਮੁਹਿੰਮ

'ਬਿਓਂਡ ਫੇਕ ਨਿਊਜ਼' (Beyond Fake News) ਨਾਂ ਦੀ ਇਸ ਬੀਬੀਸੀ ਦੀ ਮੁਹਿੰਮ ਦਾ ਉਦੇਸ਼ ਗਲੋਬਲ ਮੀਡੀਆ ਸਾਖਰਤਾ, ਮਾਹਿਰਾਂ ਦੀ ਵਿਚਾਰ-ਚਰਚਾ ਅਤੇ ਇਸ ਸਮੱਸਿਆ ਦੇ ਹੱਲ ਲਈ ਉਪਲੱਬਧ ਤਕਨੀਕਾਂ ਉੱਤੇ ਵਿਚਾਰ ਕਰਨਾ ਹੈ।

ਇਹ ਵੀ ਪੜ੍ਹੋ:

12 ਨਵੰਬਰ ਨੂੰ ਹੀ ਫੇਕ ਨਿਊਜ਼ ਉੱਤੇ ਬੀਬੀਸੀ ਦੀ ਰਿਸਰਚ ਨੂੰ ਭਾਰਤ, ਕੀਨੀਆ ਅਤੇ ਨਾਈਜੀਰੀਆ ਦੀਆਂ ਬੀਬੀਸੀ websites ਉੱਤੇ ਉਪਲੱਬਧ ਕਰਵਾਇਆ ਜਾਵੇਗਾ।

ਇਹ ਪ੍ਰੋਗਰਾਮ ਭਾਰਤ ਅਤੇ ਕੀਨੀਆ ਵਿੱਚ ਵਰਕਸ਼ਾਪ ਦੇ ਰੂਪ ਵਿੱਚ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ। ਇਨ੍ਹਾਂ ਵਰਕਸ਼ਾਪਸ ਵਿੱਚ ਦੇਸ ਭਰ ਦੇ ਸਕੂਲਾਂ-ਕਾਲਜਾਂ ਵਿੱਚ ਗ਼ਲਤ ਜਾਣਕਾਰੀ ਨੂੰ ਫੈਲਾਏ ਜਾਣ ਤੋਂ ਰੋਕਣ ਲਈ ਬੀਬੀਸੀ ਦੇ ਕਾਰਜਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਜਾ ਰਹੀ ਹੈ। ਇਸ ਵਿੱਚ ਬੀਬੀਸੀ ਵੱਲੋਂ ਯੂਕੇ ਵਿੱਚ ਡਿਜੀਟਲ ਸਾਖ਼ਰਤਾ ਵਰਕਸ਼ਾਪ ਦੇ ਸਿੱਟਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ।

fake news

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲੋਕਾਂ ਵੱਲੋਂ ਝੂਠੀਆਂ ਖ਼ਬਰਾਂ ਸਾਂਝੀਆਂ ਕੀਤੇ ਜਾਣ ਬਾਰੇ ਖੋਜ ਕੀਤੀ ਗਈ ਹੈ

ਬੀਬੀਸੀ ਵਰਲਡ ਸਰਵਿਸ ਗਰੁੱਪ ਦੇ ਡਾਇਰੈਕਟਰ ਜੇਮੀ ਐਂਗਸ ਨੇ ਬੀਬੀਸੀ ਦੇ ਬਿਓਂਡ ਫੇਕ ਨਿਊਜ਼ ਪ੍ਰੋਜੈਕਟ ਬਾਰੇ ਕਿਹਾ, "2018 ਵਿੱਚ ਮੈਂ 'ਫੇਕ ਨਿਊਜ਼' ਦੇ ਖ਼ਤਰਿਆਂ ਨਾਲ ਲੜਨ ਅਤੇ ਇਸ ਮਸਲੇ ਉੱਤੇ ਠੋਸ ਕਦਮ ਚੁੱਕਣ ਦਾ ਵਾਅਦਾ ਕੀਤਾ ਸੀ।

ਮਾੜੀ ਗਲੋਬਲ ਮੀਡੀਆ ਸਾਖਰਤਾ ਅਤੇ ਬਿਨਾਂ ਰੋਕ-ਟੋਕ 'ਤੇ ਗੁਮਰਾਹਕੁੰਨ ਜਾਣਕਾਰੀ ਦਾ ਸੋਸ਼ਲ ਮੀਡੀਆ 'ਤੇ ਪਸਾਰ ਹੋ ਰਿਹਾ ਹੈ। ਇਸ ਦਾ ਅਰਥ ਹੈ ਕਿ ਜ਼ਿੰਮੇਵਾਰ ਮੀਡੀਆ ਅਦਾਰਿਆਂ ਨੂੰ ਇਸ ਖ਼ਿਲਾਫ਼ ਠੋਸ ਕਦਮ ਚੁੱਕਣੇ ਪੈਣਗੇ। ਇਸੇ ਲਈ ਅਸੀਂ ਆਪਣੇ ਪੈਸੇ ਅਤੇ ਸਮਰਥਾ ਦਾ ਭਾਰਤ ਅਤੇ ਅਫਰੀਕਾ ਵਿੱਚ ਜ਼ਮੀਨੀ ਪੱਧਰ 'ਤੇ ਨਿਵੇਸ਼ ਕਰ ਰਹੇ ਹਾਂ।

line
line

ਉਨ੍ਹਾਂ ਅੱਗੇ ਕਿਹਾ ਕਿ ਇਸ ਬਾਬਤ ਇੱਕ ਵਿਸਾਥਾਰਤ ਰਿਸਚਰਚ ਕਰਵਾਈ ਗਈ ਹੈ। ਇਸ ਦੇ ਨਾਲ-ਨਾਲ ਮੀਡੀਆ ਸਾਖਰਤਾ ਲਈ ਵਰਕਸ਼ਾਪ ਵਿਸ਼ਵ ਪੱਧਰ 'ਤੇ ਹੋ ਰਹੀਆਂ ਹਨ ਅਤੇ ਬੀਬੀਸੀ ਨੇ ਅਹਿਦ ਕੀਤਾ ਹੈ ਕਿ ਉਹ ਆਉਣ ਵਾਲੀਆਂ ਆਮ ਚੋਣਾਂ ਵਿੱਚ ਇਸ ਰੁਝਾਨ ਦੀ ਅਸਲੀਅਤ ਦਾ ਪਰਦਾਫਾਸ਼ ਕਰੇਗੀ।"

ਅੰਮ੍ਰਿਤਸਰ ਸਮਾਗਮ

ਬੀਬੀਸੀ ਦੀ ਇਸ ਮੁਹਿੰਮ ਦਾ ਪੰਜਾਬ ਵਿੱਚ ਸਮਾਗਮ ਅੰਮ੍ਰਿਤਸਰ ਵਿੱਚ ਕਰਵਾਇਆ ਜਾਵੇਗਾ। ਬੀਬੀਸੀ ਪੰਜਾਬੀ ਸਰਵਿਸ ਦੀ ਅਗਵਾਈ ਵਿੱਚ 12 ਨਵੰਬਰ ਨੂੰ ਇਹ ਸਮਾਗਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਗ੍ਰੰਥ ਸਾਹਿਬ ਭਵਨ ਵਿੱਚ ਹੋਵੇਗਾ।

fake news

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬੀਬੀਸੀ ਵੱਲੋਂ 12 ਨਵੰਬਰ ਤੋਂ ਦੁਨੀਆਂ ਭਰ ਵਿੱਚ ਝੂਠੀ, ਗ਼ਲਤ ਅਤੇ ਗੁਮਰਾਹਕੁੰਨ ਜਾਣਕਾਰੀ ਫੈਲਾਏ ਜਾਣ ਦੇ ਖ਼ਿਲਾਫ਼ ਮੁਹਿੰਮ ਸ਼ੁਰੂ ਹੋ ਰਹੀ ਹੈ

ਬੀਬੀਸੀ, ਗੂਗਲ ਤੇ ਟਵਿੱਟਰ ਦੀ ਰਿਸਰਚ ਸਬੰਧੀ ਸਾਰਾ ਦਿਨ ਚੱਲਣ ਵਾਲੇ ਇਸ ਸਮਾਗਮ ਦੀ ਸ਼ੁਰੂਆਤ ਪੈਨਲ ਡਿਸਕਸ਼ਨ ਨਾਲ ਹੋਵੇਗੀ। ਇਸ ਵਿੱਚ ਪੰਜਾਬ ਪੁਲਿਸ ਦੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ, ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਦੇ ਸਾਈਬਰ ਸਿਕਿਓਰਿਟੀ ਸੈਂਟਰ ਦੀ ਮੁਖੀ ਡਾ. ਦਿਵਿਆ ਬਾਂਸਲ, ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸੀਨੀਅਰ ਵਕੀਲ ਰੀਟਾ ਕੋਹਲੀ ਅਤੇ ਸੀਨੀਅਰ ਪੱਤਰਕਾਰ ਹਰਤੋਸ਼ ਸਿੰਘ ਬੱਲ ਹਿੱਸਾ ਲੈਣਗੇ।

• 12 ਨਵੰਬਰ ਨੂੰ ਜਾਰੀ ਹੋਵੇਗਾ Beyond Fake News ਪ੍ਰੋਜੈਕਟ

• ਲੋਕਾਂ ਵੱਲੋਂ ਝੂਠੀਆਂ ਖ਼ਬਰਾਂ ਸਾਂਝੀਆਂ ਕੀਤੇ ਜਾਣ ਬਾਰੇ ਖੋਜ

• ਟੀਵੀ, ਰੇਡੀਓ ਅਤੇ ਆਨਲਾਈਨ ਬੀਬੀਸੀ ਦੇ ਕੌਮਾਂਤਰੀ ਨੈਟਵਰਕ 'ਤੇ ਗਲੋਬਲ ਦਸਤਾਵੇਜ਼ੀ ਫ਼ਿਲਮਾਂ ਅਤੇ ਖ਼ਾਸ ਰਿਪੋਰਟਾਂ

• ਭਾਰਤ ਵਿੱਚ ਮੀਡੀਆ ਬਾਰੇ ਜਾਗਰੂਕਤਾ ਮੁਹਿੰਮ ਅਤੇ ਹੈਕਿੰਗ ਦੇ ਮੁਕਾਬਲੇ

ਇਸ ਦੌਰਾਨ ਫੇਕ ਨਿਊਜ਼ ਕੀ ਹੁੰਦੀ ਹੈ, ਇਹ ਕਿਵੇਂ ਫੈਲਦੀ ਹੈ ਅਤੇ ਇਸ ਦਾ ਹੱਲ ਕੀ ਹੈ, ਚਰਚਾ ਦੇ ਮੁੱਦੇ ਰਹਿਣਗੇ।

ਦੂਜੇ ਸੈਸ਼ਨ ਵਿੱਚ ਕੁਝ ਪੰਜਾਬੀ ਨੌਜਵਾਨ ਔਰਤਾਂ ਸੋਸ਼ਲ ਮੀਡੀਆ ਬਾਰੇ ਆਪਣੇ ਤਜ਼ਰਬੇ ਸਾਂਝੇ ਕਰਨਗੀਆਂ। ਇਸ ਦੇ ਨਾਲ-ਨਾਲ ਡੀਏਵੀ ਸਕੂਲ, ਅੰਮ੍ਰਿਤਸਰ ਦੇ ਬੱਚੇ, ਜਿਨ੍ਹਾਂ ਨਾਲ ਇਸ ਮੁੱਦੇ 'ਤੇ ਬੀਬੀਸੀ ਵੱਲੋਂ ਵਰਕਸ਼ਾਪ ਕੀਤੀ ਜਾ ਚੁੱਕੀ ਹੈ, ਉਹ ਇਸ 'ਤੇ ਇੱਕ ਨਾਟਕ ਪੇਸ਼ ਕਰਨਗੇ।

ਮੁਹਿੰਮ ਦਾ ਉਦੇਸ਼

ਫੇਕ ਜਾਂ ਅਸਲ, ਝੂਠ ਜਾਂ ਗ਼ਲਤ, ਪਾਰਦਰਸ਼ੀ ਜਾਂ ਗੁਮਰਾਹਕੁੰਨ, ਤੁਸੀਂ ਇਨ੍ਹਾਂ ਦਾ ਫਰਕ ਕਿਵੇਂ ਦੱਸ ਸਕਦੇ ਹੋ, ਤੁਸੀਂ ਭਰੋਸਾ ਜਿੱਤਣ ਲਈ ਕੀ ਕਰ ਸਕਦੇ ਹੋ। ਇਹੀ ਉਹ ਸਮੱਸਿਆਵਾਂ ਹਨ, ਜਿਨ੍ਹਾਂ 'ਤੇ ਬੀਬੀਸੀ ਦਾ ਬਿਓਂਡ ਫੇਕ ਨਿਊਜ਼ ਸੈਸ਼ਨ ਆਧਾਰਿਤ ਹੈ।

fake news

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੇਕ ਨਿਊਜ਼ ਦੇ ਵਰਤਾਰੇ ਨੂੰ ਸਮਝਾਉਣ ਅਤੇ ਇਸ ਦੇ ਹੱਲ ਲਈ ਬੀਬੀਸੀ ਪੱਤਰਕਾਰਾਂ ਵੱਲੋਂ ਕੀਤੀਆਂ ਗਈਆਂ ਰਿਪੋਰਟਾਂ ਦਾ ਬੀਬੀਸੀ ਦੇ ਡਿਜੀਟਲ, ਰੇਡੀਓ ਅਤੇ ਟੀਵੀ ਪਲੇਟਫਾਰਮ ਉੱਤੇ ਪ੍ਰਸਾਰਣ ਹੋਵੇਗਾ

ਇਨ੍ਹਾਂ ਵਿੱਚ ਦੱਸਿਆ ਜਾਵੇਗਾ ਕਿ ਕਿਵੇਂ ਵੱਟਸਐਪ ਉੱਤੇ ਕੋਈ ਫੇਕ ਨਿਊਜ਼ ਭਾਰਤ ਦੇ ਕਿਸੇ ਪਿੰਡ ਵਿੱਚ ਪਹੁੰਚਦੀ ਹੈ ਤਾਂ ਕਿਵੇਂ ਭੀੜ ਭੜਕਦੀ ਹੈ ਤੇ ਬੰਦੇ ਦੇ ਕਤਲ ਦਾ ਕਾਰਨ ਬਣਦੀ ਹੈ।

ਇਹ ਵੀ ਪੜ੍ਹੋ:

ਫੇਕ ਨਿਊਜ਼ ਦੇ ਵਰਤਾਰੇ ਨੂੰ ਸਮਝਾਉਣ ਅਤੇ ਇਸ ਦੇ ਹੱਲ ਲਈ ਬੀਬੀਸੀ ਪੱਤਰਕਾਰਾਂ ਵੱਲੋਂ ਕੀਤੀਆਂ ਗਈਆਂ ਰਿਪੋਰਟਾਂ ਦਾ ਬੀਬੀਸੀ ਦੇ ਡਿਜੀਟਲ, ਰੇਡੀਓ ਅਤੇ ਟੀਵੀ ਪਲੇਟਫਾਰਮ ਉੱਤੇ ਪ੍ਰਸਾਰਣ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)