ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਰਾਟ ਕੋਹਲੀ ਦੀ ਚੁਣੌਤੀ ਕੀਤੀ ਕਬੂਲ

ਟਵਿੱਟਰ 'ਤੇ ਕਸਰਤ ਕਰਦੇ ਭਾਰਤੀਆਂ ਦਾ ਭੂਚਾਲ ਜਿਹਾ ਆ ਗਿਆ ਲੱਗਦਾ ਹੈ। ਅਧਿਕਾਰੀਆਂ ਤੋਂ ਲੈ ਕੇ ਖਿਡਾਰੀਆਂ ਤੱਕ ਸਾਰੇ ਇਸ ਸੋਸ਼ਲ ਮੀਡੀਆ ਦੇ ਵਧ ਰਹੇ ਕਸਰਤ ਦੇ ਰੁਝਾਨ ਨੂੰ ਹੁੰਗਾਰਾ ਦੇ ਰਹੇ ਹਨ।

ਦਰਅਸਲ ਇਸ ਦੀ ਸ਼ੁਰੂਆਤ ਖੇਡ ਮੰਤਰੀ ਰਾਜਵਰਧਨ ਸਿੰਘ ਰਾਠੌਰ ਵੱਲੋਂ ਡੰਡ-ਬੈਠਕਾਂ ਲਗਾਉਂਦੇ ਹੋਏ ਆਪਣੀ ਵੀਡੀਓ ਪੋਸਟ ਕਰਨ ਤੋਂ ਬਾਅਦ ਲੋਕਾਂ ਨੂੰ ਇਸ #fitnesschallenge (ਸਿਹਤ ਬਾਰੇ ਚੁਣੌਤੀ) ਨਾਲ ਜੁੜਣ ਲਈ ਕਿਹਾ ਹੈ।

ਉਸ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਪਸੰਦੀਦਾ ਕਸਰਤ ਦਾ ਇੱਕ ਵੀਡੀਓ ਪੋਸਟ ਕੀਤਾ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਇਹ ਚੁਣੌਤੀ ਦੇ ਕੇ ਆਪਣੀ ਵੀਡੀਓ ਪੋਸਟ ਕਰਨ ਲਈ ਕਿਹਾ।

ਪ੍ਰਧਾਨ ਮੰਤਰੀ ਨੇ ਇਸ ਚੁਣੌਤੀ ਨੂੰ ਸਵੀਕਾਰ ਕਰਦਿਆਂ ਕਿਹਾ ਹੈ ਕਿ ਉਹ ਜਲਦ ਹੀ ਆਪਣੀ ਵੀਡੀਓ ਸਾਂਝੀ ਕਰਨਗੇ।

ਰਾਠੌਰ ਦਾ ਟਵੀਟ 9 ਹਜ਼ਾਰ ਤੋਂ ਵੱਧ ਸ਼ੇਅਰ ਹੋਇਆ ਅਤੇ ਸੋਸ਼ਲ ਮੀਡੀਆ 'ਤੇ ਕਾਫੀ ਪ੍ਰਤੀਕਿਰਿਆ ਵੀ ਮਿਲੀ।

ਕੇਂਦਰੀ ਮੰਤਰੀ ਕਿਰਨ ਰਿਜਿਜੂ ਸਣੇ ਇਸ ਵਿੱਚ ਭਾਰਤ ਸਰਕਾਰ ਦੇ ਕਈ ਮੰਤਰੀਆਂ ਨੇ ਹਿੱਸਾ ਲਿਆ।

ਕਿਰਨ ਰਿਜਿਜੂ ਨੇ ਇਸ ਦੌਰਾਨ ਡੰਡ-ਬੈਠਕਾਂ ਦੀ ਸੀਰੀਜ਼ ਦੀ ਪੇਸ਼ਕਾਰੀ ਕੀਤੀ।

ਰੇਲਵੇ ਮੰਤਰੀ ਪਿਯੂਸ਼ ਗੋਇਲ ਨੇ ਯੋਗ ਕਰਦਿਆਂ ਆਪਣੀ ਤਸਵੀਰ ਟਵਿੱਟਰ 'ਤੇ ਪਾਈ।

ਭਾਰਤੀ ਮਹਿਲਾ ਕ੍ਰਿਕਟ ਦੀ ਕਪਤਾਨ ਮਿਥਾਲੀ ਰਾਜ ਨੇ ਵੀਡੀਓ ਵਿੱਚ ਦਿਖਾਇਆ ਹੈ ਕਿ ਜੇਕਰ ਤੁਸੀਂ ਖਿਡਾਰੀ ਦਿਖਣਾ ਚਾਹੁੰਦੇ ਹੋ ਤਾਂ ਖਿਡਾਰੀ ਵਾਂਗ ਸਿਖਲਾਈ ਹਾਸਿਲ ਕਰੋ।

ਓਲੰਪਿਕ ਜੇਤੂ ਅਤੇ ਬੈਡਮਿੰਟਨ ਦੀ ਖਿਡਾਰਨ ਪੀਵੀ ਸਿੰਧੂ ਨੇ ਕਸਰਤ ਕਰਦਿਆਂ ਆਪਣੇ ਦੋਸਤਾਂ ਨੂੰ ਚੁਣੌਤੀ ਦਿੱਤੀ ਹੈ।

ਬਾਲੀਵੁੱਡ ਸਿਤਾਰੇ ਰਿਤਿਕ ਰੌਸ਼ਨ ਨੇ ਆਪਣੇ ਟਵੀਟ 'ਤੇ ਸਵੇਰ ਵੇਲੇ ਸਾਈਕਲ ਚਲਾਉਂਦਿਆਂ ਇੱਕ ਵੀਡੀਓ ਪੋਸਟ ਕਰਕੇ ਇਸ ਦਾ ਸੁਆਗਤ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਯੋਗਾ ਦੇ ਲਾਭ ਨੂੰ ਦੱਸਦਿਆਂ "ਫਿੱਟ ਇੰਡੀਆ" ਦੀ ਮੁਹਿੰਮ ਸ਼ੁਰੂ ਕੀਤੀ ਸੀ।

ਇਹ ਮੁਹਿੰਮ ਭਾਰਤ ਵਿੱਚ ਕਾਫੀ ਪ੍ਰਸਿੱਧ ਵੀ ਹੋਈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਯੋਗ ਕਰਦਿਆਂ ਸੋਸ਼ਲ ਮੀਡੀਆ 'ਤੇ ਆਪਣੀਆਂ ਵੀਡੀਓਜ਼ ਪੋਸਟ ਕੀਤੀਆਂ।