You’re viewing a text-only version of this website that uses less data. View the main version of the website including all images and videos.
ਕੇਜਰੀਵਾਲ-ਕਾਂਗਰਸ ਅਤੇ ਸੀਪੀਐਮ-ਮਮਤਾ ਦੇ ਇਕੱਠੇ ਹੋਣ ਨਾਲ ਉੱਠਦੇ ਸਵਾਲ
ਜਨਤਾ ਦਲ ਸੈਕੂਲਰ ਪਾਰਟੀ ਦੇ ਆਗੂ ਕੁਮਾਰਸਵਾਮੀ ਨੇ ਮੰਗਲਵਾਰ ਨੂੰ ਬੰਗਲੁਰੂ ਵਿਚ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਕਾਂਗਰਸੀ ਆਗੂ ਤੇ ਵਿਧਾਇਕ ਜੀ ਪਰਮੇਸ਼ਵਰ ਨੇ ਉਪ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ।
ਭਾਜਪਾ ਦੇ ਆਗੂ ਯੇਦੂਰੱਪਾ ਸਦਨ 'ਚ ਬਹੁਮਤ ਸਾਬਤ ਕਰਨ' ਚ ਅਸਫ਼ਲ ਰਹੇ, ਇਸ ਲਈ ਕਰਨਾਟਕ ਦੇ ਲੋਕਾਂ ਨੇ ਇੱਕ ਹਫਤੇ ਤੋਂ ਵੀ ਘੱਟ ਸਮੇਂ ਦੌਰਾਨ ਦੋ ਸਹੁੰ ਚੁੱਕ ਸਮਾਗਮਾਂ ਦਾ ਜਸ਼ਨ ਮਨਾਇਆ।
ਸਹੁੰ ਚੁੱਕ ਸਮਾਗਮ ਵਿੱਚ ਕੇਂਦਰ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਦੇ ਸਿਆਸੀ ਵਿਰੋਧੀ ਆਗੂਆਂ ਨੇ ਇਸ ਮੌਕੇ 'ਤੇ ਇੱਕਮੰਚ ਉੱਤੇ ਆਕੇ ਇਕਜੁੱਟਤਾ ਦਿਖਾਈ।
ਇਸ ਸਮਾਗਮ ਵਿੱਚ ਕਾਂਗਰਸ ਵਿਰੋਧੀ ਗੱਠਜੋੜ ਦੇ ਆਗੂ ਅਰਵਿੰਦ ਕੇਜਰੀਵਾਲ, ਮਾਇਆਵਤੀ ਅਤੇ ਸੀਤਾਰਾਮ ਯੇਚੁਰੀ ਵੀ ਸ਼ਾਮਲ ਹੋਏ।
ਸਮਾਗਮ ਤੋਂ ਉੱਠੇ ਸਵਾਲ
ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਦੇ ਮੌਕੇ ਵਿਰੋਧੀ ਧਿਰਾਂ ਨੇ ਭਾਜਪਾ ਖ਼ਿਲਾਫ਼ ਸੰਭਾਵਿਤ ਲਾਮਬੰਦੀ ਦਾ ਝਲਕਾਰਾ ਪੇਸ਼ ਕੀਤਾ।
ਇਸ ਦੇ ਨਾਲ ਨਾਲ ਕਈ ਸਵਾਲ ਵੀ ਪੈਦਾ ਕੀਤੇ। ਪਹਿਲਾ ਸਵਾਲ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਕਾਂਗਰਸ ਨਾਲ ਇੱਕ ਮੰਚ ਉੱਤੇ ਆਉਣ ਬਾਰੇ ਹੈ। ਸਵਾਲ ਇਹ ਹੈ ਕਿ ਕੀ ਕੇਜਰੀਵਾਲ ਕਾਂਗਰਸ ਨਾਲ ਸਿਆਸੀ ਸਾਂਝ ਪਾਉਣਗੇ।
ਦੂਜਾ ਸਵਾਲ ਮਮਤਾ ਬੈਨਰਜੀ ਤੇ ਕਾਮਰੇਡਾਂ ਦੀ ਸਿਆਸੀ ਦੁਸ਼ਮਣੀ ਮਿਟਣ ਬਾਰੇ ਹੈ, ਕੀ ਇਹ ਬੰਗਾਲ ਵਿੱਚ ਇਕੱਠੇ ਹੋ ਜਾਣਗੇ। ਤੀਜਾ ਉੱਤਰ ਪ੍ਰਦੇਸ਼ ਵਿੱਚ ਸਮਾਜਵਾਦੀ ਪਾਰਟੀ , ਬਸਪਾ ਤੇ ਕਾਂਗਰਸ ਦੇ ਇਕਜੁਟ ਹੋਣ ਬਾਰੇ ਵੀ ਹੈ।
ਬਸਪਾ ਅਤੇ ਅਖਿਲੇਸ਼ ਦੀ ਸਾਂਝ
ਉੱਤਰ ਪ੍ਰਦੇਸ਼ ਵਿੱਚ ਕਦੇ ਕੱਟੜ ਵਿਰੋਧੀ ਰਹੇ ਸਮਾਜਵਾਦੀ ਪਾਰਟੀ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਇੱਕ ਮੰਚ ਉੱਤੇ ਪਹਿਲਾਂ ਹੀ ਆ ਚੁੱਕੇ ਹਨ। ਇਹ ਗਠਜੋੜ ਜ਼ਿਮਨੀ ਚੋਣਾਂ ਵਿੱਚ ਯੋਗੀ ਦੇ ਗੜ੍ਹ ਵਿੱਚ ਭਾਜਪਾ ਦੀਆਂ ਗੋਡਣੀਆਂ ਲੁਆ ਚੁੱਕਿਆ ਹੈ।
2019 ਵਿੱਚ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਬਸਪਾ ਇਕੱਠੇ ਹੋ ਕੇ ਭਾਜਪਾ ਨੂੰ ਚੁਣੌਤੀ ਦੇ ਸਕਦੇ ਹਨ।
ਜੇਕਰ ਇਹ ਤਿੰਨੇ ਪਾਰਟੀਆਂ ਇਕੱਠੀਆਂ ਹੋ ਗਈਆਂ ਤਾਂ ਕੇਂਦਰੀ ਸੱਤਾ ਤੱਕ ਉੱਤਰ ਪ੍ਰਦੇਸ਼ 'ਚੋਂ ਗੁਜ਼ਰਨ ਵਾਲਾ ਰਸਤਾ ਭਾਜਪਾ ਲਈ ਔਖਾ ਹੋ ਸਕਦਾ ਹੈ।
ਅਰਵਿੰਦ ਕੇਜਰੀਵਾਲ
ਆਮ ਆਦਮੀ ਪਾਰਟੀ ਦਾ ਗਠਨ ਕੇਂਦਰ ਵਿੱਚ ਤਤਕਾਲੀ ਕਾਂਗਰਸ ਖਿਲਾਫ਼ ਚੱਲੇ ਅੰਨਾ ਹਜ਼ਾਰੇ ਅੰਦੋਲਨ ਵਿੱਚੋਂ ਹੋਇਆ ਸੀ।
ਪਰ ਹੁਣ ਉਹ ਭਾਰਤੀ ਜਨਤਾ ਪਾਰਟੀ ਖ਼ਿਲਾਫ਼ ਮੁੜ ਕਾਂਗਰਸ ਦੀ ਮੌਜੂਦਗੀ ਵਾਲੇ ਖੇਮੇ ਵਿੱਚ ਜਾਂਦੇ ਦਿਖ ਰਹੇ ਹਨ।
ਇਹ ਗੱਲ ਅਲੱਗ ਹੈ ਕਿ ਪੰਜਾਬ ਤੇ ਦਿੱਲੀ ਵਿੱਚ ਆਪ ਦੀ ਸਿੱਧੀ ਟੱਕਰ ਕਾਂਗਰਸ ਨਾਲ ਹੈ। ਹੁਣ ਦੇਖਣਾ ਰੋਚਕ ਹੋਵੇਗਾ ਕਿ ਕੀ ਆਪ ਪੰਜਾਬ ਵਿੱਚ ਕਾਂਗਰਸ ਨਾਲ ਗਠਜੋੜ ਕਰੇਗੀ।
ਸੀਤਾ ਰਾਮ ਯੇਚੁਰੀ
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਜਨਰਲ ਸਕੱਤਰ ਸੀਤਾ ਰਾਮ ਯੇਚੁਰੀ ਦਾ ਕਾਂਗਰਸ ਨਾਲ ਆਉਣਾ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ। ਦੋਵਾਂ ਪਾਰਟੀਆਂ ਦਾ ਕਈ ਵਾਰ ਗਠਜੋੜ ਹੋ ਚੁੱਕਿਆ ਹੈ।
ਭਾਵੇਂ ਪਾਰਟੀ ਦਾ ਪ੍ਰਕਾਸ਼ ਕਰਾਤ ਖੇਮਾ ਕਾਂਗਰਸ ਨਾਲ ਗਠਜੋੜ ਦੇ ਖ਼ਿਲਾਫ਼ ਹੈ ਪਰ ਖੱਬੇਪੱਖੀ ਪਾਰਟੀ ਲਈ ਕਾਂਗਰਸ ਅਛੂਤ ਨਹੀਂ ਹੈ।
ਉਨ੍ਹਾਂ ਨੂੰ ਮਮਤਾ ਬੈਨਰਜੀ ਦੇ ਮਹਾਂਗਠਜੋੜ ਵਿੱਚ ਸ਼ਾਮਲ ਹੋਣ ਤੋਂ ਸਮੱਸਿਆ ਜ਼ਰੂਰ ਹੋ ਸਕਦੀ ਹੈ।
ਮਮਤਾ ਬੈਨਰਜੀ
ਪੱਛਮ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਆਪਣੇ ਹਮਲਾਵਰ ਰੁੱਖ ਲਈ ਜਾਣੀ ਜਾਂਦੀ ਹਨ। ਉਹ ਦੋਵੇਂ ਐਨਡੀਏ ਅਤੇ ਯੂਪੀਏ ਨਾਲ ਰਹਿ ਚੁੱਕੀ ਹਨ।
ਹੁਣ ਉਹ ਮੋਦੀ ਦੇ ਖਿਲਾਫ ਅਤੇ ਕਾਂਗਰਸ ਦੇ ਨਾਲ ਨਜ਼ਰ ਆਉਂਦੀ ਹਨ।
ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪੱਛਮ ਬੰਗਾਲ ਦੇ ਆਮ ਚੋਣਾਂ ਵਿੱਚ ਸੀਪੀਐਮ, ਕਾਂਗਰਸ ਅਤੇ ਟੀਐਮਸੀ ਕਿਵੇਂ ਨਾਲ ਆਉਣਗੀਆਂ।
ਚੰਦਰਬਾਬੂ ਨਾਇਡੂ
ਆਂਧਰ ਪ੍ਰਦੇਸ਼ ਦੇ ਮੁੱਖਮੰਤਰੀ ਚੰਦਰਬਾਬੂ ਨਾਇਡੂ ਕੁਝ ਮਹੀਨੇ ਪਹਿਲਾਂ ਤੱਕ ਮੋਦੀ ਸਰਕਾਰ ਵਿੱਚ ਸ਼ਾਮਲ ਸਨ, ਪਰ ਆਂਧਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦੇਣ ਦੇ ਮਸਲੇ 'ਤੇ ਉਨ੍ਹਾਂ ਨੇ ਐਨਡੀਏ ਤੋਂ ਰਿਸ਼ਤਾ ਤੋੜ ਲਿਆ।
ਬੁਧਵਾਰ ਨੂੰ ਕੁਮਾਰਸਵਾਮੀ ਦੇ ਸਹੁੰ ਚੁੱਕ ਸਮਾਗਮ ਵਿੱਚ ਨਾਇਡੂ ਵੀ ਪਹੁੰਚੇ ਸਨ।
ਆਂਧਰ ਪ੍ਰਦੇਸ਼ ਵਿੱਚ ਨਾਇਡੂ ਦੀ ਟੀਡੀਪੀ ਇੱਕ ਅਹਿਮ ਪਾਰਟੀ ਹੈ ਅਤੇ ਸੰਭਵ ਹੈ ਕਿ ਉਹ ਕਾਂਗਰਸ ਦੇ ਨਾਲ ਮਿਲਕੇ ਲੋਕ ਸਭਾ ਚੋਣ ਲੜਣ।
ਸ਼ਰਦ ਪਵਾਰ
ਰਾਸ਼ਟਰਵਾਦੀ ਕਾਂਗਰਸ ਪ੍ਰਮੁੱਖ ਸ਼ਰਦ ਪਵਾਰ ਪੁਰਾਣੇ ਕਾਂਗਰਸੀ ਹਨ। ਮਹਾਰਾਸ਼ਟਰ ਵਿੱਚ ਸ਼ਰਦ ਪਵਾਰ ਦੀ ਪਾਰਟੀ ਲੰਮੇ ਸਮੇਂ ਤੋਂ ਕਾਂਗਰਸ ਦੇ ਨਾਲ ਚੋਣ ਲੜਦੀ ਰਹੀ ਹੈ।
ਹਾਲਾਂਕਿ ਇਸ ਵਾਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਦੋਵੇਂ ਪਾਰਟੀਆਂ ਨੇ ਨਾਲ ਮਿਲਕੇ ਚੋਣ ਨਹੀਂ ਲੜਿਆ ਅਤੇ ਭਾਜਪਾ ਨੂੰ ਜਿੱਤ ਮਿਲ ਗਈ। ਦੋਵੇਂ ਪਾਰਟੀਆਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਨਾਲ ਰੱਲਕੇ ਲੜਦੇ ਤਾਂ ਮਹਾਰਾਸ਼ਟਰ ਦੀ ਸੱਤਾ ਭਾਜਪਾ ਨੂੰ ਨਹੀਂ ਮਿਲਦੀ।
ਬੁਧਵਾਰ ਨੂੰ ਸਹੁੰ ਚੁੱਕ ਸਮਾਗਮ ਵਿੱਚ ਸ਼ਰਦ ਪਵਾਰ ਵੀ ਮੌਜੂਦ ਸਨ ਅਤੇ ਉਨ੍ਹਾਂ ਜਤਾਉਣ ਦੀ ਕੋਸ਼ਿਸ਼ ਕੀਤੀ ਕਿ ਹੁਣ ਉਹ ਕਾਂਗਰਸ ਤੋਂ ਵੱਖ ਹੋ ਕੇ ਚੋਣ ਲੜਣ ਦੀ ਗਲਤੀ ਨਹੀਂ ਕਰਨਗੇ।
ਸ਼ਿਵਸੇਨਾ
ਸ਼ਿਵਸੇਨਾ ਭਾਜਪਾ ਹੇਠ ਬਣੇ ਗਠਬੰਧਨ ਐਨਡੀਏ ਦਾ ਹੀ ਹਿੱਸਾ ਹੈ, ਪਰ ਉਹ ਮੋਦੀ ਸਰਕਾਰ ਦੀ ਵਿਰੋਧੀ ਹੈ। ਇਸ ਵਿਰੋਧ ਦੇ ਚਲਦੇ ਅਜਿਹਾ ਲੱਗ ਰਿਹਾ ਸੀ ਕਿ ਸ਼ਿਵਸੇਨਾ ਵੀ ਸਹੁੰ ਚੁੱਕ ਸਮਾਗਮ ਵਿੱਚ ਮੌਜੂਦ ਹੋਵੇਗੀ, ਪਰ ਅਜਿਹਾ ਨਹੀਂ ਹੋਇਆ।
ਡੀਐਮਕੇ
ਡੀਐਮਕੇ ਤਾਮਿਲਨਾਡੂ ਦੀ ਅਹਿਮ ਪਾਰਟੀ ਹੈ। ਕੁਮਾਰਸਵਾਮੀ ਨਾਲ ਸਹੁੰ ਚੁੱਕ ਸਮਾਗਮ ਵਿੱਚ ਪਾਰਟੀ ਦੇ ਪ੍ਰਧਾਨ ਸਟਾਲਿਨ ਨੂੰ ਬੁਲਾਇਆ ਗਿਆ ਸੀ ਪਰ ਉਹ ਨਹੀਂ ਪਹੁੰਚੇ।
ਇਹ ਗਠਬੰਧਨ ਦੀ ਕੋਸ਼ਿਸ਼ 'ਤੇ ਸਵਾਲ ਚੁੱਕਦਾ ਹੈ ਹਾਲਾਂਕਿ ਉਨ੍ਹਾਂ ਨੇ ਨਾ ਪਹੁੰਚ ਸਕਣ ਦੀ ਕੋਈ ਹੋਰ ਵਜ੍ਹਾ ਦਿੱਤੀ ਸੀ।