ਕੰਮ-ਧੰਦਾ: ਪੜ੍ਹੋ ਨਵੇਂ ਬਿਜ਼ਨੈੱਸ ਨੂੰ ਕਾਮਯਾਬ ਕਿਵੇਂ ਬਣਾਈਏ ?

ਜੇ ਤੁਹਾਨੂੰ ਵੀ ਦਿਨ 'ਚ ਬੈਠੇ - ਬੈਠੇ ਆਈਡੀਆ ਆਂਦੇ ਹਨ ਤਾਂ ਤੁਸੀਂ ਵੀ ਸਟਾਰਟ-ਅੱਪ ਕਰ ਸਕਦੇ ਹੋ। ਦੁਨੀਆਂ ਦੀਆਂ ਮਸ਼ਹੂਰ ਕੰਪਨੀਆਂ ਇੱਕ ਆਈਡੀਆ ਤੋਂ ਹੀ ਸ਼ੁਰੂ ਹੋਈਆਂ ਹਨ।

ਤਕਰੀਬਨ ਹਰ ਸੈਕਿੰਡ ਵਿੱਚ ਦੁਨੀਆਂ ਵਿੱਚ ਇੱਕ ਤੋਂ ਲੈ ਕੇ ਤਿੰਨ ਸਟਾਰਟ-ਅੱਪ ਸ਼ੁਰੂ ਹੋ ਰਹੇ ਹਨ।

ਇੱਕ ਖੋਜ ਅਨੁਸਾਰ ਦਸ ਵਿੱਚੋਂ ਇੱਕ ਜਾਂ ਦੋ ਹੀ ਸਟਾਰਟ -ਅੱਪ ਵੱਧ ਸਮੇਂ ਲਈ ਕਾਮਯਾਬ ਰਹਿੰਦੇ ਹਨ। ਇਸ ਲਈ ਕੰਮ-ਧੰਦਾ ਵਿੱਚ ਸਟਾਰਟ-ਅੱਪ ਦੀ ਗੱਲ ਕਰਾਂਗੇ। ਜਾਣਾਂਗੇ ਕੁਝ ਸਟਾਰਟ-ਅੱਪ ਫੇਲ੍ਹ ਕਿਉਂ ਹੁੰਦੇ ਹਨ ਅਤੇ ਕਿਉਂ ਕੁਝ ਕਾਮਯਾਬੀ ਦੇ ਸ਼ਿਖ਼ਰ 'ਤੇ ਪਹੁੰਚਦੇ ਹਨ?

ਚੰਗੇ ਸਟਾਰਟ-ਅੱਪ ਲਈ ਚੰਗਾ ਆਈਡੀਆ

ਪਹਿਲੀ ਗੱਲ ਤਾਂ ਇਹ ਕਿ ਤੁਹਾਡੇ ਕੋਲ ਆਈਡੀਆ ਵਧੀਆ ਹੋਣਾ ਚਾਹੀਦਾ ਹੈ। ਜ਼ਰੂਰੀ ਨਹੀਂ ਕਿ ਕੁਝ ਨਵਾਂ ਹੀ ਹੋਵੇ, ਮੌਜੂਦਾ ਸੇਵਾਵਾਂ ਅਤੇ ਇਨਫਰਾਸਟ੍ਰਕਚਰ ਨੂੰ ਬਿਹਤਰ ਬਣਾਉਣ ਬਾਰੇ ਵੀ ਸੋਚ ਲਿਆ ਤਾਂ ਕਾਫੀ ਹੈ।

ਲੋਕ, ਗੱਡੀਆਂ ਅਤੇ ਟੈਕਸੀਆਂ ਪਹਿਲਾਂ ਵੀ ਸਨ ਪਰ ਇੱਕ ਟੈਕਸੀ ਕੰਪਨੀ ਨੇ ਟੈਕਸੀ ਦੀ ਸੇਵਾ ਨੂੰ ਤੁਹਾਡੇ ਫੋਨ ਤੱਕ ਪਹੁੰਚਾਇਆ। ਦੁਨੀਆਂ ਦੀ ਸਭ ਤੋਂ ਵੱਡੀ ਟੈਕਸੀ ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਕੋਲ ਇਸ ਸੇਵਾ ਲਈ ਆਪਣੀ ਕੋਈ ਗੱਡੀ ਨਹੀਂ ਹੈ।

ਹੋਮ ਡਿਲਵਰੀ ਅਤੇ ਰੈਸਟੋਰੈਂਟ ਤਾਂ ਪਹਿਲਾਂ ਤੋਂ ਸਨ ਪਰ ਕੁਝ ਐਪਸ ਇਹ ਸਾਰੇ ਆਪਸ਼ਨ ਇੱਕੋ ਛੱਤ ਦੇ ਥੱਲੇ ਲੈ ਕੇ ਆ ਗਏ, ਜਿਸ ਕਰਕੇ ਉਹ ਕਾਮਯਾਬ ਹੋਏ।

ਕੁਝ ਲੋਕ ਪਹਿਲੀ ਵਾਰ ਵਿੱਚ ਵੀ ਸਿਕਸਰ ਲਾ ਦਿੰਦੇ ਹਨ ਯਾਨੀ ਪਹਿਲਾ ਸਟਾਰਟ-ਅੱਪ ਹੀ ਮਿਲੀਅਨ ਡਾਲਰ ਮਾਰਕ ਨੂੰ ਛੂਹ ਲੈਂਦਾ ਹੈ ਪਰ ਨਿਰਾਸ਼ ਹੋਣ ਦੀ ਲੋੜ ਨਹੀਂ ਕਿਉਂਕਿ ਕੁਝ ਲੋਕ ਦੂਜੀ ਵਾਰ ਵਿੱਚ ਵੀ ਕਾਮਯਾਬ ਹੋ ਜਾਂਦੇ ਹਨ।

ਭਾਰਤ, ਅਮਰੀਕਾ, ਚੀਨ, ਯੂਕੇ ਅਤੇ ਇੰਡੋਨੇਸ਼ੀਆ ਵਿੱਚ ਸਭ ਤੋਂ ਵੱਧ ਸਟਾਰਟ-ਅੱਪ ਹੋਏ ਹਨ।

ਕੀ ਹੈ ਕਾਮਯਾਬੀ ਦਾ ਰਾਜ਼?

ਇਸ ਬਾਰੇ ਧਿਆਨ ਰੱਖਣਾ ਜ਼ਰੂਰੀ ਹੈ ਕਿ ਆਈਡੀਆ ਅਜਿਹੇ ਪ੍ਰੋਡਕਟ ਜਾਂ ਸੇਵਾ ਦਾ ਹੋਵੇ ਜਿਸ ਨਾਲ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਹੁੰਦਾ ਹੋਵੇ।

ਵੇਖਣਾ ਇਹ ਹੈ ਕਿ ਸਰਵਿਸ ਜਾਂ ਪ੍ਰੋਡਕਟ ਕਿੰਨਾ ਵੱਖਰਾ ਹੈ ਅਤੇ ਇਸ ਦੇ ਨਾਲ ਕਿੰਨੇ ਲੋਕਾਂ ਦੀਆਂ ਅਤੇ ਕਿਹੜੀਆਂ ਸਮੱਸਿਆਵਾਂ ਦਾ ਹੱਲ ਹੋ ਰਿਹਾ ਹੈ।

ਫੇਰ ਉਸ ਸੇਵਾ ਅਤੇ ਪ੍ਰੋਡਕਟ 'ਤੇ ਰਿਸਰਚ ਕਰੋ ਅਤੇ ਮਾਰਕੀਟ ਵਿੱਚ ਉਸਦੀ ਡਿਮਾਂਡ ਵੇਖੋ। ਜੇ ਆਈਡੀਆ ਵਧੀਆ ਹੈ ਤਾਂ ਫੰਡਿੰਗ ਕਿਧਰੋਂ ਵੀ ਆ ਸਕਦੀ ਹੈ। ਅੱਜ ਕੱਲ੍ਹ ਤਾਂ ਸੀਰੀਅਲ ਕੰਪਨੀ ਵੀ ਸਟਾਰਟ-ਅੱਪ ਵਿੱਚ ਪੈਸਾ ਲਗਾਉਂਦੀ ਹੈ।

ਮਜ਼ਬੂਤ ਟੀਮ ਅਤੇ ਮਜ਼ਬੂਤ ਬਿਜ਼ਨਸ ਮਾਡਲ

ਸਟਾਰਟ ਅੱਪ ਦੀ ਕਾਮਯਾਬੀ ਲਈ ਮਜ਼ਬੂਤ ਟੀਮ, ਦਮਦਾਰ ਆਈਡੀਆ ਅਤੇ ਸਮਰਪਣ ਜ਼ਰੂਰੀ ਹੈ ਨਾਲ ਹੀ ਬਿਜ਼ਨਸ ਮਾਡਲ ਵਿੱਚ ਵੀ ਦਮ ਹੋਣਾ ਚਾਹੀਦਾ ਹੈ।

ਹਾਰਵਰਡ ਬਿਜ਼ਨਸ ਰਿਵੀਊ ਦਾ ਡਾਟਾ ਇਹ ਵਿਖਾਉਂਦਾ ਹੈ ਕਿ 70 ਫੀਸਦ ਉੱਦਮੀਆਂ ਨੇ ਸਟਾਰਟ-ਅੱਪ ਦੀ ਸ਼ੁਰੂਆਤ ਉਦੋਂ ਕੀਤੀ ਜਦੋਂ ਉਹ ਆਪਣੀ ਨੌਕਰੀ ਕਰ ਰਹੇ ਸਨ।

ਇਸ ਦਾ ਮਤਲਬ ਹੈ ਕਿ ਆਈਡੀਆ ਕਿਤੇ ਵੀ ਮਿਲ ਸਕਦਾ ਹੈ, ਕਦੇ ਵੀ ਆ ਸਕਦਾ ਹੈ।

ਇਸ ਲਈ ਇਸਨੂੰ ਨਜ਼ਰਅੰਦਾਜ਼ ਨਾ ਕਰੋ, ਹੋ ਸਕਦਾ ਹੈ ਕਿ ਇੱਕ ਵੱਡੇ ਬਿਜ਼ਨਸ ਐਂਪਾਇਰ ਲਈ ਇਹ ਤੁਹਾਡੀ ਟਿਕਟ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)