ਯੇਰੋਸ਼ਲਮ ਮਸਲੇ ਨੂੰ ਲੈ ਕੇ ਅਰਬ ਦੇਸਾਂ ਵੱਲੋਂ ਡੌਨਲਡ ਟਰੰਪ ਦੇ ਫੈਸਲੇ ਵਿਰੋਧ

ਅਰਬ ਦੇਸਾਂ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਯੇਰੋਸ਼ਲਮ ਨੂੰ ਇਜ਼ਰਾਈਲ ਦੀ ਰਾਜਧਾਨੀ ਵਜੋਂ ਮਾਨਤਾ ਦਿੱਤੇ ਜਾਣ ਕਾਰਨ ਮੱਧ ਪੂਰਬ ਵਿੱਚ ਹਾਲਾਤ ਖ਼ਰਾਬ ਹੋਣਗੇ ਅਤੇ ਤਲਖੀ ਵਧੇਗੀ।

ਇਸ ਫ਼ੈਸਲੇ ਨਾਲ ਖਿੱਤੇ ਵਿੱਚ ਅਮਰੀਕਾ ਦੀ ਨਿਰਲੇਪਤਾ ਖਤਮ ਹੋ ਗਈ ਹੈ।

ਅਰਬ ਲੀਗ ਦੇ ਵਿਦੇਸ਼ ਮੰਤਰੀਆਂ ਨੇ ਕਿਹਾ, "ਇਸ ਫੈਸਲੇ ਦਾ ਅਰਥ ਹੋਇਆ ਕਿ ਮੱਧ ਪੂਰਬ ਵਿੱਚ ਅਮਨ ਲਈ ਇਕ ਵਿਚੋਲੇ ਦੇ ਰੂਪ ਵਿਚ ਅਮਰੀਕਾ ਦੀ ਭੂਮਿਕਾ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।"

ਅਮਰੀਕਾ ਦੇ ਸਾਥੀ ਵੀ ਟਰੰਪ ਦੇ ਖਿਲਾਫ਼ ਖੜ੍ਹੇ ਹੋਏ

ਗਾਜ਼ਾ ਪੱਟੀ ਅਤੇ ਵੈਸਟ ਬੈਂਕ ਵਿੱਚ ਤਿੰਨ ਦਿਨਾਂ ਤੋਂ ਹਿੰਸਾ ਅਤੇ ਵਿਰੋਧ ਤੋਂ ਬਾਅਦ 22 ਮੁਲਕਾਂ ਵੱਲੋਂ ਜਾਰੀ ਕੀਤੇ ਗਏ ਇਸ ਬਿਆਨ ਵਿੱਚ ਅਮਰੀਕਾ ਦੇ ਸਭ ਤੋਂ ਕਰੀਬੀ ਸਾਥੀ ਸ਼ਾਮਲ ਹਨ।

ਇਜ਼ਰਾਇਲ ਯੇਰੋਸ਼ਲਮ ਨੂੰ ਆਪਣੀ ਰਾਜਧਾਨੀ ਮੰਨਦਾ ਰਿਹਾ ਹੈ ਜਦ ਕਿ ਫ਼ਲਸਤੀਨੀ ਪੂਰਬੀ ਯੇਰੋਸ਼ਲਮ ਨੂੰ ਭਵਿੱਖ ਦੀ ਫਲਸਤੀਨ ਰਾਸ਼ਟਰ ਦੀ ਰਾਜਧਾਨੀ, ਮੰਨਦੇ ਹਨ।

ਸਾਲ 1967 ਦੀ ਜੰਗ ਵਿੱਚ, ਇਜ਼ਰਾਈਲ ਨੇ ਪੂਰਬੀ ਯੇਰੋਸ਼ਲਮ ਉੱਤੇ ਕਬਜ਼ਾ ਕਰ ਲਿਆ ਸੀ। ਟਰੰਪ ਦਾ ਫੈਸਲਾ ਉਨ੍ਹਾਂ ਵੱਲੋਂ ਰਾਸ਼ਟਰਪਤੀ ਬਣਨ ਸਮੇਂ ਕੀਤੇ ਵਾਅਦੇ ਨੂੰ ਪੂਰਾ ਕਰਨ ਦੇ ਬਰਾਬਰ ਹੈ।

ਟਰੰਪ ਨੇ ਕਿਹਾ, "ਇਹ ਅਸਲੀਅਤ ਨੂੰ ਸਵੀਕਾਰ ਕਰਨ ਤੋਂ ਵੱਧ ਕੇ ਹੋਰ ਕੁਝ ਵੀ ਨਹੀਂ ਹੈ।"

ਕਿਹੜੇ-ਕਿਹੜੇ ਮੁਲਕ ਲਾਮ ਬੰਦ ਹੋਏ ਹਨ?

ਟਰੰਪ ਨੇ ਆਪਣੇ ਇਸ ਫ਼ੈਸਲੇ ਲਈ ਵਿਆਪਕ ਆਲੋਚਨਾ ਦਾ ਸਾਹਮਣਾ ਕੀਤਾ ਹੈ। ਖ਼ਾਸ ਕਰਕੇ ਮੁਸਲਿਮ ਖਿੱਤਿਆਂ ਵਿੱਚ।

ਕਾਹਿਰਾ ਵਿੱਚ ਘੰਟਿਆਂ ਬੱਧੀ ਬੈਠਕ ਕਰਨ ਮਗਰੋਂ ਅਰਬ ਲੀਗ ਦੇ ਦੇਸ਼ਾਂ ਨੇ ਇਸ ਮਤੇ ਉੱਪਰ ਸਹਿਮਤ ਹੋਏ। ਸੰਯੁਕਤ ਰਾਜ ਦੇ ਬਹੁਤੇ ਮੁਲਕਾਂ ਨੇ ਵੀ ਇਸ ਮਤੇ ਨੂੰ ਆਪਣਾ ਸਮਰਥਨ ਦਿੱਤਾ ਹੈ।

ਇਨ੍ਹਾਂ ਮੁਲਕਾਂ ਵਿੱਚ ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ ਅਤੇ ਜੌਰਡਨ ਵਰਗੇ ਦੇਸ਼ ਸ਼ਾਮਲ ਹਨ, ਜਿਨ੍ਹਾਂ ਨੇ ਆਪਣੇ ਫ਼ਿਕਰ ਜ਼ਾਹਰ ਕੀਤੇ ਹਨ।

ਕੀ ਕਿਹਾ ਗਿਆ ਹੈ ਮਤੇ ਵਿੱਚ?

  • ਇਸ ਫ਼ੈਸਲੇ ਨਾਲ ਅਮਰੀਕਾ ਨੇ ਇਜ਼ਰਾਈਲ-ਫ਼ਲਸਤੀਨ ਵਿਚਕਾਰ ਸ਼ਾਂਤੀ ਦੀ ਗੱਲਬਾਤ ਵਿੱਚੋਂ ਖੁਦ ਨੂੰ ਪਾਸੇ ਕਰ ਲਿਆ ਹੈ।
  • ਰਾਸ਼ਟਰਪਤੀ ਟਰੰਪ ਦੇ ਕਦਮ ਦੇ ਕਾਰਨ ਤਲਖੀ ਅਤੇ ਨਰਾਜਗੀ ਵਧੀ ਹੈ, ਅਤੇ ਇਸ ਵਜ੍ਹਾ ਕਰਕੇ ਖਿੱਤੇ ਵਿੱਚ ਹਿੰਸਾ ਅਤੇ ਅਸਥਿਰਤਾ ਦੀ ਸੰਭਾਵਨਾ ਹੈ।
  • ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੂੰ ਇਸ ਫ਼ੈਸਲੇ ਦੀ ਨਿੰਦਾ ਕਰਨ ਲਈ ਬੇਨਤੀ ਕੀਤੀ ਜਾਵੇਗੀ।

ਅਮਰੀਕਾ ਨੇ ਠੀਕਰਾ ਸੰਯੁਕਤ ਰਾਸ਼ਟਰ ਦੇ ਸਿਰ ਭੰਨਿਆ

ਸ਼ੁੱਕਰਵਾਰ ਨੂੰ ਅਮਰੀਕਾ ਸੰਯੁਕਤ ਰਾਸ਼ਟਰ ਸੰਗਠਨ ਦੀ ਬੈਠਕ ਵਿੱਚ ਇੱਕਲਾ ਪੈ ਗਿਆ ਸੀ ਤੇ ਸਾਰੇ 14 ਮੈਂਬਰ ਇੱਕ ਪਾਸੇ ਇੱਕਠੇ ਹੋ ਗਏ ਸਨ।

ਸੰਯੁਕਤ ਰਾਸ਼ਟਰ ਵਿੱਚ ਅਮਰੀਕੀ ਸਫ਼ੀਰ ਨੀਕੀ ਹੇਲੀ ਨੇ ਸੰਗਠਨ 'ਤੇ ਪੱਖਪਾਤੀ ਹੋਣ ਦਾ ਇਲਜ਼ਾਮ ਲਗਇਆ ਸੀ।

ਉਨ੍ਹਾਂ ਨੇ ਕਿਹਾ, "ਸੰਯੁਕਤ ਰਾਸ਼ਟਰ ਇਜ਼ਰਾਈਲ ਪ੍ਰਤੀ ਨਫ਼ਰਤ ਦਾ ਇੱਕ ਪ੍ਰਮੁੱਖ ਕੇਂਦਰ ਹੈ।"

ਸ਼ਨੀਵਾਰ ਨੂੰ ਇਜ਼ਰਾਇਲੀ ਪ੍ਰਧਾਨ ਮੰਤਰੀ ਬਿਨਯਾਮਿਨ ਨੇਤਨਯਾਹੂ ਨੇ ਕਿਹਾ ਕਿ ਉਹ ਰਾਸ਼ਟਰਪਤੀ ਟਰੰਪ ਦੇ ਫੈਸਲੇ ਦੇ ਵਿਰੋਧ ਵਿੱਚ ਤਾਂ ਕਈ ਆਵਾਜ਼ਾਂ ਸੁਣਦੇ ਹਨ ਪਰ ਇਜ਼ਰਾਈਲ ਉੱਤੇ ਰਾਕੇਟ ਹਮਲਿਆਂ ਦੀ ਆਲੋਚਨਾ ਦੀਆਂ ਆਵਾਜ਼ਾਂ ਉਨ੍ਹਾਂ ਨੂੰ ਨਹੀਂ ਸੁਣੀਆਂ।

ਯੇਰੋਸ਼ਲਮ 'ਤੇ ਰੱਫੜ ਕਿਉਂ?

ਯੇਰੋਸ਼ਲਮ ਇਜ਼ਰਾਈਲ ਅਤੇ ਫ਼ਲਸਤੀਨ ਦੋਹਾਂ ਲਈ ਇੱਕ ਬਹੁਤ ਮਹੱਤਵਪੂਰਨ ਸ਼ਹਿਰ ਹੈ। ਯੋਰੋਸ਼ਲਮ ਨੂੰ ਲੈ ਕੇ ਦੋਹਾਂ ਦਾ ਵੈਰ ਵੀ ਬੜ੍ਹਾ ਪੁਰਾਣਾ ਅਤੇ ਡੂੰਘਾ ਹੈ।

ਇਜ਼ਰਾਇਲ ਨੇ ਇਸ ਖਿੱਤੇ ਉੱਤੇ 1967 ਦੇ ਮੱਧ ਪੂਰਬ ਦੀ ਜੰਗ ਮਗਰੋਂ ਕਬਜ਼ਾ ਕੀਤਾ। ਯੇਰੋਸ਼ਲਮ ਸ਼ਹਿਰ ਵਿੱਚ ਯਹੂਦੀ, ਈਸਾਈ ਤੇ ਇਸਲਾਮ ਧਰਮ ਨਾਲ ਸਬੰਧਿਤ ਧਾਰਮਿਕ ਥਾਂਵਾਂ ਮੌਜੂਦ ਹਨ।

1967 ਦੀ ਮੱਧ ਪੂਰਬੀ ਏਸ਼ੀਆ ਦੀ ਲੜਾਈ ਵਿੱਚ ਇਜ਼ਰਾਇਲ ਨੇ ਸ਼ਹਿਰ ਦਾ ਉਹ ਹਿੱਸਾ ਆਪਣੇ ਕਾਬੂ ਵਿੱਚ ਕਰ ਲਿਆ ਸੀ ਜੋ ਪਹਿਲਾਂ ਜੌਰਡਨ ਕੋਲ ਸੀ।

ਸਾਲ 1980 ਵਿੱਚ ਇਜ਼ਰਾਈਲ ਨੇ ਇੱਕ ਕਾਨੂੰਨ ਪਾਸ ਕਰਕੇ ਇਸ ਸ਼ਹਿਰ ਨੂੰ ਆਪਣੀ ਰਾਜਧਾਨੀ ਐਲਾਨ ਦਿੱਤਾ।

ਇਸ ਦੇ ਬਾਵਜੂਦ ਯੇਰੋਸ਼ਲਮ 'ਤੇ ਇਜ਼ਰਾਈਲ ਦੇ ਦਾਅਵੇ ਨੂੰ ਕਦੇ ਵੀ ਕੌਮਾਂਤਰੀ ਪੱਧਰ 'ਤੇ ਮਾਨਤਾ ਨਹੀਂ ਮਿਲੀ।

ਹਾਲੇ ਵੀ ਉਸਦੇ ਖਾਸ ਸਹਿਯੋਗੀ ਅਮਰੀਕਾ ਸਣੇ ਸਾਰੇ ਦੇਸਾਂ ਦੇ ਸਿਫ਼ਾਰਤਖਾਨੇ ਤੈਲ ਅਵੀਵ ਵਿੱਚ ਹਨ।

ਉਸ ਵੇਲੇ ਤੋਂ ਹੀ ਯੇਰੋਸ਼ਲਮ, ਇਜ਼ਰਾਈਲ ਅਤੇ ਫ਼ਲਸਤੀਨ ਵਿਚਕਾਰ ਪੁਆੜੇ ਦਾ ਮੁੱਖ ਕਾਰਨ ਰਿਹਾ ਹੈ।

1993 ਵਿੱਚ ਇਜ਼ਰਾਈਲ-ਫਲਸਤੀਨੀ ਸ਼ਾਂਤੀ ਸਮਝੌਤਾ ਹੋਇਆ ਜਿਸ ਅਨੁਸਾਰ ਯੇਰੋਸ਼ਲਮ ਦੀ ਸਥਿਤੀ ਦਾ ਫ਼ੈਸਲਾ ਸ਼ਾਂਤੀ ਵਾਰਤਾ ਤੋਂ ਬਾਅਦ ਕੀਤਾ ਜਾਣਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)