ਗੁਰਦਾਸਪੁਰ ਜ਼ਿਮਨੀ ਚੋਣ: ਕਾਂਗਰਸ ਦੇ ਸੁਨੀਲ ਜਾਖੜ ਦੀ ਜਿੱਤ ਦੇ 5 ਕਾਰਨ

    • ਲੇਖਕ, ਅਰਵਿੰਦ ਛਾਬੜਾ
    • ਰੋਲ, ਬੀਬੀਸੀ ਨਿਊਜ਼ ਪੰਜਾਬੀ

ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਜਿੱਤ ਹਾਸਲ ਕਰ ਲਈ ਹੈ।

ਜਾਖੜ ਨੇ ਅਕਾਲੀ-ਭਾਜਪਾ ਦੇ ਸਵਰਨ ਸਲਾਰੀਆ ਨੂੰ ਹਰਾਇਆ ਜੋ ਕਿ ਦੂਜੇ ਨੰਬਰ ਤੇ ਰਹੇ ਜਦਕਿ ਆਮ ਆਦਮੀ ਪਾਰਟੀ ਦੇ ਮੇਜਰ ਜਨਰਲ ਸੁਰੇਸ਼ ਖਜੂਰੀਆ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ।

ਇਹ ਜ਼ਿਮਨੀ ਚੋਣ ਅਭਿਨੇਤਾ ਵਿਨੋਦ ਖੰਨਾ ਦੀ ਮੌਤ ਤੋ ਬਾਅਦ ਕਰਵਾਏ ਗਏ ਹਨ ਜੋ ਇਸ ਹਲਕੇ ਦੇ ਲੋਕ ਸਭਾ ਮੈਂਬਰ ਸਨ।

ਜਾਖੜ ਦੀ ਜਿੱਤ ਦੇ ਕਾਰਨ

ਜ਼ਿਆਦਾ ਮਤਦਾਨ ਆਮ ਤੌਰ ਤੇ ਸਰਕਾਰ ਵਿਰੋਧੀ ਲਹਿਰ ਵੱਲ ਇਸ਼ਾਰਾ ਕਰਦਾ ਹੈ।

ਗੁਰਦਾਸਪੁਰ ਜ਼ਿਮਨੀ ਚੋਣ ਵਿੱਚ ਮਹਿਜ਼ 56 % ਮਤਦਾਨ ਤੋਂ ਹੀ ਇਸ ਗਲ ਦਾ ਅੰਦਾਜ਼ਾ ਹੋ ਗਿਆ ਸੀ ਕਿ ਛੇ-ਸੱਤ ਮਹੀਨੇ ਪੁਰਾਣੀ ਸਰਕਾਰ ਦੇ ਖ਼ਿਲਾਫ਼ ਕੋਈ ਇਸ ਤਰਾਂ ਦਾ ਰੁੱਖ ਨਹੀਂ ਹੈ।

ਜ਼ਿਮਨੀ ਚੋਣਾਂ ਵਿੱਚ ਲੋਕ ਜਿਆਦਾਤਰ ਸਰਕਾਰ ਦੇ ਨਾਲ ਜਾਂਦੇ ਹਨ। ਸਰਕਾਰ ਦਾ ਨਵੇਂ ਹੋਣਾ ਵੀ ਉਸ ਦੇ ਹੱਕ ਵਿੱਚ ਹੀ ਗਿਆ। ਸਾਫ਼ ਹੈ ਕਿ ਲੋਕ ਸਰਕਾਰ ਬਾਰੇ ਕੋਈ ਰਾਏ ਬਣਾਉਣ ਤੋਂ ਪਹਿਲਾਂ ਉਸਨੂਂ ਹੋਰ ਸਮਾਂ ਦੇਣਾ ਚਾਹੁੰਦੇ ਸਨ।

ਅਕਾਲੀ-ਬੀਜੇਪੀ ਦੇ ਮੁਕਾਬਲੇ ਵਿੱਚ ਕਾਂਗਰਸ ਦਾ ਪ੍ਰਚਾਰ ਕਾਫ਼ੀ ਬਿਹਤਰ ਤੇ ਸੰਗਠਿਤ ਰਿਹਾ ਹੈ।

ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਕਿਤੇ ਨਜ਼ਰ ਨਹੀਂ ਆਏ ਹਾਲਾਂਕਿ ਉਨ੍ਹਾਂ ਨੇ ਇਸ ਦਾ ਕਾਰਨ ਆਪਣੀ ਸਿਹਤ ਠੀਕ ਨਾ ਹੋਣਾ ਦੱਸਿਆ।

ਜਦੋਂ ਕਿ ਕਾਂਗਰਸ ਵੱਲੋਂ ਅਮਰਿੰਦਰ ਸਿੰਘ, ਨਵਜੋਤ ਸਿੱਧੂ ਤੇ ਮਨਪ੍ਰੀਤ ਬਾਦਲ ਚੋਣਾਂ ਵਿੱਚ ਆਪਣੇ ਉਮੀਦਵਾਰ ਜਾਖੜ ਲਈ ਪ੍ਰਚਾਰ ਕਰਦੇ ਨਜ਼ਰ ਆਏ।

ਹਾਲਾਂਕਿ ਤਿੰਨਾਂ ਪਾਰਟੀਆਂ ਦੇ ਰਾਸ਼ਟਰੀ ਪੱਧਰ ਦੇ ਨੇਤਾ ਇਸ ਜ਼ਿਮਨੀ ਚੋਣ ਦੋ ਦੂਰ ਹੀ ਰਹੇ।

ਸਲਾਰੀਆ ਦੀ ਛਵੀ ਓਹਨਾਂ ਦੇ ਖ਼ਿਲਾਫ਼ ਗਈ। ਫਿਰ ਉਨ੍ਹਾਂ ਦੇ ਖ਼ਿਲਾਫ਼ ਲੱਗੇ ਬਲਾਤਕਾਰ ਦੇ ਦੋਸ਼ਾਂ ਨੇ ਓਹਨਾ ਦਾ ਹੋਰ ਨੁਕਸਾਨ ਕੀਤਾ।

ਹਾਲਾਂਕਿ ਸਲਾਰੀਆ ਨੇ ਇਹਨਾਂ ਖ਼ਬਰਾਂ ਦਾ ਖੰਡਨ ਵੀ ਕੀਤਾ। ਉਨ੍ਹਾਂ ਦੇ ਮੁਕਾਬਲੇ ਜਾਖੜ ਦੇ ਖ਼ਿਲਾਫ਼ ਕੋਈ ਦੋਸ਼ ਨਹੀਂ ਸਨ।

ਹਾਲਾਂਕਿ ਭਾਜਪਾ ਦੇ ਨੇਤਾ ਇਹ ਜ਼ਰੂਰ ਕਹਿੰਦੇ ਰਹੇ ਕਿ ਜਾਖੜ ਗੁਰਦਾਸਪੁਰ ਤੋਂ ਨਹੀਂ ਹਨ ਅਤੇ ਬਾਹਰ ਤੋਂ ਆਏ ਹਨ।

ਅਕਾਲੀ ਨੇਤਾ ਸੁੱਚਾ ਸਿੰਘ ਲੰਗਾਹ ਦੇ ਖ਼ਿਲਾਫ਼ ਲੱਗੇ ਬਲਾਤਕਾਰ ਦੇ ਦੋਸ਼ ਤੇ ਉਨ੍ਹਾਂ ਦੇ ਵਾਇਰਲ ਹੋਏ ਵੀਡੀਓ ਨਾਲ ਪਾਰਟੀ ਦੇ ਉਮੀਦਵਾਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ।

ਹਾਲਾਂਕਿ ਅਕਾਲੀ ਦਲ ਨੇ ਉਹਨਾਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਵੀ ਵਖਾਇਆ ਪਰ ਇਸ ਦੇ ਨਾਲ ਕੋਈ ਖਾਸ ਫਰਕ ਨਹੀਂ ਪਿਆ।

ਇਸ ਚੋਣ ਦੇ ਨਤੀਜੇ ਨੂੰ ਕਈ ਜਾਣਕਾਰ ਕੇਂਦਰ ਸਰਕਾਰ ਵਿੱਚ ਮੋਦੀ ਸਰਕਾਰ ਦੀਆਂ ਕਿਸਾਨਾਂ ਪ੍ਰਤੀ ਨੀਤੀ ਅਤੇ ਜੀਐਸਟੀ ਵਰਗੀਆਂ ਨੀਤੀਆਂ ਨਾਲ ਵੀ ਜੋੜਕੇ ਦੇਖ ਰਹੇ ਹਨ।

ਗੁਰਦਾਸਪੁਰ ਦੇ ਪੁਰਾਣੇ ਸੰਸਦ ਮੈਂਬਰ

  • ਕਾਂਗਰਸ ਦੀ ਸੁਖਬੰਸ ਕੌਰ, 5 ਵਾਰ
  • ਭਾਜਪਾ ਦੇ ਵਿਨੇਦ ਖੰਨਾ, 4 ਵਾਰ
  • ਕਾਂਗਰਸ ਦੇ ਦੀਵਾਨ ਚੰਦ ਸ਼ਰਮਾ ਤੇ ਕਾਂਗਰਸ ਦੇ ਪਰਬੋਧ ਚੰਦਰ, 2 ਵਾਰ
  • ਕਾਂਗਰਸ ਦੇ ਤੇਜਾ ਸਿੰਘ, ਪਰਤਾਪ ਸਿੰਘ ਬਾਜਵਾ ਤੇ ਜਨਤਾ ਪਾਰਟੀ ਦੇ ਯੱਗ ਦੱਤ ਸ਼ਰਮਾ, ਇੱਕ ਇੱਕ ਵਾਰ

(ਬੀਬੀਸੀ ਪੰਜਾਬੀ ਦੇ ਫੇਸਬੁੱਕ ਪੰਨੇ ਉੱਤੇ ਜਾਣ ਲਈ ਇੱਥੇ ਕਲਿੱਕ ਕਰੋ ਇਸੇ ਤਰ੍ਹਾਂ ਲਿੰਕ ਉੱਤੇ ਕਲਿੱਕ ਕਰਕੇ ਇੰਸਟਾਗਰਾਮ ਪੰਨਾ ਦੇਖੋ।)