You’re viewing a text-only version of this website that uses less data. View the main version of the website including all images and videos.
ਅਮ੍ਰਿਤਪਾਲ ਸਿੰਘ ਦੀ ਗੱਡੀ ਬਾਰੇ ਕੀ ਸਵਾਲ ਚੁੱਕੇ ਜਾ ਰਹੇ ਹਨ, ਉਨ੍ਹਾਂ ਅੱਗੋਂ ਇਹ ਜਵਾਬ ਦਿੱਤਾ
‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਕਦੇ ਆਪਣੇ ਬਿਆਨਾਂ ਕਰਕੇ ਤੇ ਕਦੇ ਆਪਣੀਆਂ ਗਤੀਵਿਧੀਆਂ ਕਰਕੇ ਚਰਚਾ ਵਿੱਚ ਰਹਿੰਦੇ ਹਨ।
ਅਮ੍ਰਿਤਪਾਲ ਸਿੰਘ, ਜਿਸ ਮਰਸਡੀਜ਼ ਗੱਡੀ ਵਿੱਚ ਸਵਾਰੀ ਕਰਦੇ ਹਨ, ਅੱਜਕਲ੍ਹ ਉਹ ਚਰਚਾ ਵਿੱਚ ਹੈ। ਇਸ ਨਾਲ ਸਬੰਧਿਤ ਕਈ ਕਹਾਣੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ।
ਸੋਸ਼ਲ ਮੀਡੀਆ ’ਤੇ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮ੍ਰਿਤਪਾਲ ਜਿਸ ਗੱਡੀ ਵਿੱਚ ਘੁੰਮਦੇ ਹਨ, ਉਹ ਹਰਿਆਣਾ ਦੇ ਇੱਕ ਵਪਾਰੀ ਦੀ ਹੈ ਅਤੇ ਗੱਡੀ ਦੇ ਮਾਲਕ ਦਾ ਭਾਰਤੀ ਜਨਤਾ ਪਾਰਟੀ ਨਾਲ ਸਬੰਧ ਹੈ।
ਅਮ੍ਰਿਤਪਾਲ ਨੇ ਗੱਡੀ ਨਾਲ ਜੁੜੇ ਵਿਵਾਦ ਬਾਰੇ ਆਪਣਾ ਸਪੱਸ਼ਟੀਕਰਨ ਦਿੱਤਾ ਤੇ ਨਾਲ ਹੀ 23 ਫ਼ਰਵਰੀ ਦੀ ਅਜਨਾਲਾ ਘਟਨਾ ਤੋਂ ਬਾਅਦ ਉੱਠੇ ਹੋਰ ਵਿਵਾਦਾਂ ਬਾਰੇ ਆਪਣਾ ਪੱਖ ਰੱਖਿਆ ਹੈ।
ਅਮ੍ਰਿਤਪਾਲ ਸਿੰਘ ਦੀ ਗੱਡੀ ਦਾ ਵਿਵਾਦ
ਅਮ੍ਰਿਤਪਾਲ ਸਿੰਘ ਪੰਜਾਬ ਵਿੱਚ ਲਗਾਤਾਰ ਯਾਤਰਾ ਕਰਦੇ ਹਨ। ਉਨ੍ਹਾਂ ਦਾ ਦਾਅਵਾ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਨਸ਼ੇ ਛੱਡਣ ਤੇ ਅਮ੍ਰਿੰਤ ਛਕਣ ਲਈ ਪ੍ਰੇਰਿਤ ਕਰਦੇ ਹਨ।
ਪੰਜਾਬ ਵਿੱਚ ਸਫ਼ਰ ਦੌਰਾਨ ਅਮ੍ਰਿਤਪਾਲ ਨੂੰ ਅਕਸਰ ਇੱਕ ਹਰਿਆਣਾ ਨੰਬਰ ਦੀ ਮਰਸਡੀਜ਼ ਕਾਰ ਵਿੱਚ ਦੇਖਿਆ ਗਿਆ ਹੈ।
ਜਿਸ ਬਾਰੇ ਅਮ੍ਰਿਤਪਾਲ ਸਿੰਘ ਕਹਿੰਦੇ ਹਨ ਕਿ ਇਹ ਕਾਰ ਉਨ੍ਹਾਂ ਨੂੰ ਸੰਗਤ ਵਲੋਂ ਤੋਹਫ਼ੇ ਵਜੋਂ ਦਿੱਤੀ ਗਈ ਹੈ। ਪਰ ਸੋਸ਼ਲ਼ ਮੀਡੀਆ ’ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਕਾਰ ਭਾਜਪਾ ਦੇ ਕਿਸੇ ਆਗੂ ਦੀ ਹੈ।
ਇਸ ਬਾਰੇ ਕੁਝ ਸਿਆਸੀ ਪ੍ਰਤੀਕ੍ਰਿਆਵਾਂ ਵੀ ਆ ਰਹੀਆਂ ਹਨ ਤੇ ਇੱਕ ਹੋਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮ੍ਰਿਤਪਾਲ ਸਿੰਘ ਨੂੰ ਭਾਜਪਾ ਵਲੋਂ ਪੰਜਾਬ ਵਿੱਚ ਭੇਜਿਆ ਗਿਆ ਹੈ।
ਅਮ੍ਰਿਤਪਾਲ ਨੇ ਗੱਡੀ ਦੇ ਵਿਵਾਦ ਬਾਰੇ ਗੱਲ ਕਰਦਿਆਂ ਦਾਅਵਾ ਕੀਤੇ ਕਿ ਇਹ ਗੱਡੀ ਉਨ੍ਹਾਂ ਨੂੰ ਸੰਗਤ ਵਲੋਂ ਤੋਹਫ਼ੇ ਵਜੋਂ ਦਿੱਤੀ ਗਈ ਹੈ ਤੇ ਇਸ ਦਾ ਭਾਜਪਾ ਨਾਲ ਕੋਈ ਸਬੰਧ ਨਹੀਂ ਹੈ।
ਉਨ੍ਹਾਂ ਕਿਹਾ,“ਮੇਰੀ ਹੋਂਦ ਬਾਰੇ ਕੋਈ ਵੀ ਕੁਝ ਵੀ ਦਾਅਵਾ ਕਰ ਰਿਹਾ ਹੈ, ਤੇ ਇਹ ਪਿੰਡ ਭੂਰੇਕੋਨੇ ਦੇ ਵਾਸੀ ਤੇ ਉਨ੍ਹਾਂ ਦੀ ਸੰਗਤ ਵਿੱਚ ਸ਼ਾਮਿਲ ਹੋਣ ਵਾਲੇ ਇੱਕ ਪਰਿਵਾਰ ਵਲੋਂ ਦਿੱਤੀ ਗਈ ਹੈ।”
“ਇਸ ਦਾ ਕਿਸੇ ਨਾਲ ਕੋਈ ਸਬੰਧ ਨਹੀਂ ਹੈ ਤੇ ਸੰਗਤ ਤੋਂ ਪੁੱਛਿਆ ਜਾ ਸਕਦਾ ਹੈ ਕਿ ਇਹ ਕਿੱਥੋਂ ਖ਼ਰੀਦੀ ਗਈ ਹੈ।”
ਉਨ੍ਹਾਂ ਦਾ ਦਾਅਵਾ ਹੈ ਕਿ ਗੱਡੀ ਨਾ ਉਨ੍ਹਾਂ ਅਤੇ ਨਾ ਹੀ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਨਾਮ ’ਤੇ ਰਜਿਸਟਰਡ ਹੈ।
ਅਸਲ ਵਿੱਚ ਇਹ ਕਾਰ ਗੁਰੂਗ੍ਹਾਮ ਵਿੱਚ ਰਜਿਸਟਰਡ ਕਰਵਾਈ ਗਈ ਸੀ। ਇਸ ਕਾਰ ਦਾ ਪਹਿਲਾ ਮਾਲਕ ਹਰਿਆਣਾ ਦਾ ਇੱਕ ਵਪਾਰੀ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਭਾਜਪਾ ਸਮਰਥਕ ਸੀ।
ਪਰ ਕਾਰ ਨੂੰ ਵਿਦੇਸ਼ ਰਹਿਣ ਵਾਲੇ ਇੱਕ ਵਿਅਕਤੀ ਵਲੋਂ ਖ਼ਰੀਦਿਆ ਗਿਆ ਤੇ ਸਾਲ 2023 ਵਿੱਚ ਹੀ ਇਹ ਕਾਰ ਅਮ੍ਰਿਤਪਾਲ ਨੂੰ ਦਿੱਤੀ ਗਈ ਸੀ।
ਅਜਨਾਲਾ ਮਾਮਲਾ ਕੀ ਹੈ?
- 15 ਫ਼ਰਵਰੀ ਨੂੰ ਇੱਕ ਵਿਅਕਤੀ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਈ
- ਵਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਅ੍ਰਮਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਵਲੋਂ ਕੁੱਟਿਆ ਗਿਆ ਹੈ
- ਅਜਨਾਲਾ ਪੁਲਿਸ ਨੇ ਅਮ੍ਰਿਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਪਰਚਾ ਦਰਜ ਕੀਤਾ
- 23 ਫ਼ਰਵਰੀ ਨੂੰ ਅਮ੍ਰਿਤਪਾਲ ਸਿੰਘ ਵੱਡੀ ਗਿਣਤੀ ਸਮਰਥਕਾਂ ਨਾਲ ਅਜਨਾਲਾ ਥਾਣੇ ਪਹੁੰਚੇ
- ਪੁਲਿਸ ਦੇ ਅਮ੍ਰਿਤਪਾਲ ਦੇ ਸਮਰਥਕਾਂ ਦਰਮਿਆਨ ਝੜਪਾਂ ਵੀ ਹੋਈਆਂ ਤੇ ਸਥਿਤੀ ਤਣਾਅਪੁਰਣ ਬਣੀ ਰਹੀ
- 24 ਫ਼ਰਵਰੀ ਲਵਪ੍ਰੀਤ ਸਿੰਘ ਤੂਫਾਨ ਨੂੰ ਅੰਮ੍ਰਿਤਸਰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ ਸੀ
ਸਿਆਸੀ ਬਿਆਨਬਾਜ਼ੀਆਂ ਦਾ ਅਮ੍ਰਿਤਪਾਲ ਨੇ ਕੀ ਜਵਾਬ ਦਿੱਤਾ
ਅਜਨਾਲਾ ਘਟਨਾ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਉਪਰ ਸਵਾਲ ਖੜੇ ਕੀਤੇ ਹਨ। ਅਮ੍ਰਿਤਪਾਲ ਸਿੰਘ ਦੀ ਹੋਂਦ ਨੂੰ ਲੈ ਕੇ ਵੀ ਵੱਖ-ਵੱਖ ਚਰਚਾਵਾਂ ਹੋਣ ਲੱਗੀਆਂ ਸਨ।
ਵੱਖ-ਵੱਖ ਦਾਅਵੇ ਜਿਵੇਂ ਕਿ ਅਮ੍ਰਿਤਪਾਲ ਸਿੰਘ ਨੂੰ ਭਾਜਪਾ ਵਲੋਂ ਪੰਜਾਬ ਵਿੱਚ ਭੇਜਿਆ ਗਿਆ ਹੈ ਜਾਂ ਉਸ ਨੂੰ ਪਾਕਿਸਤਾਨ ਵਲੋਂ ਫ਼ੰਡਿੰਗ ਦਿੱਤੀ ਜਾ ਰਹੀ ਹੈ, ਮੀਡੀਆ ਦੇ ਇੱਕ ਹਿੱਸੇ ਅਤੇ ਸੋਸ਼ਲ ਮੀਡੀਆ ’ਤੇ ਅਜਿਹੇ ਇਲਜ਼ਾਮ ਲਾਏ ਜਾ ਰਹੇ ਹਨ।
ਕਾਂਗਰਸੀ ਆਗੂ ਰਵਨੀਤ ਸਿੰਘ ਬਿੱਟੂ ਨੇ ਅਜਨਾਲਾ ਘਟਨਾ ਦਾ ਹਵਾਲਾ ਦਿੰਦਿਆਂ ਕਿਹਾ ਕਿ ਜੇ ਅਮ੍ਰਿਤਪਾਲ ਸਿੰਘ ਖ਼ਿਲਾਫ਼ ਪਰਚਾ ਦਰਜ ਨਾ ਕੀਤਾ ਗਿਆ ਤਾਂ ਉਹ ਪੰਜਾਬ ਦੇ ਮੁੱਖ ਮੰਤਰੀ ਦੀ ਚੰਡੀਗੜ੍ਹ ਰਿਹਾਇਸ਼ ਬਾਹਰ ਬੈਠ ਵਿਰੋਧ ਪ੍ਰਦਰਸ਼ਨ ਕਰਨਗੇ।
ਅਮ੍ਰਿਤਪਾਲ ਸਿੰਘ ਉਨ੍ਹਾਂ ਬਾਰੇ ਕੀਤੇ ਜਾਂਦੇ ਦਾਅਵਿਆਂ ਦਾ ਜਵਾਬ ਬੇਬਾਕੀ ਨਾਲ ਦਿੰਦੇ ਹਨ। ਉਨ੍ਹਾਂ ਰਵਨੀਤ ਬਿੱਟੂ ਦੇ ਬਿਆਨ ਨੂੰ ਲੋਕਾਂ ਦਾ ਧਿਆਨ ਆਪਣੇ ਖਿੱਚਣ ਦੀ ਕੋਸ਼ਿਸ਼ ਦੱਸਿਆ ਹੈ।
ਅਮ੍ਰਿਤਪਾਲ ਸਿੰਘ ਨੇ ਕਿਹਾ, ''ਪੰਜਾਬ ਦੇ ਹੱਕਾਂ ਦੀ ਗੱਲ ਕਰੋ ਤਾਂ ਆਈਐੱਸਆਈ ਨਾਲ ਜੋੜ ਦਿੰਦੇ ਹਨ।''
ਉਨ੍ਹਾਂ ਕਿਹਾ ਸੀ ''ਕੋਈ ਮੈਨੂੰ ਆਈਐੱਸਆਈ ਦਾ ਏਜੰਟ ਕਹਿ ਰਿਹਾ ਹੈ ਅਤੇ ਕੋਈ ਪਾਕਿਸਤਾਨ ਤੋਂ ਫੰਡ ਦੀ ਗੱਲ ਕਰ ਰਿਹਾ ਹੈ ਅਤੇ ਕੋਈ ਸਟੇਟ ਦਾ ਬੰਦਾ ਦੱਸ ਰਿਹਾ ਹੈ। ਪਹਿਲਾਂ ਇਹ ਸਾਰੇ ਸਿਆਸੀ ਆਗੂ ਸਲਾਹ ਕਰ ਲੈਣ ਕਿ ਇਨ੍ਹਾਂ ਕੀ ਕਹਿਣਾ ਹੈ। ਜਿਹੜੇ ਲੋਕਾਂ ਨੇ ਪੰਜਾਬ ਵਿੱਚ ਨਸ਼ੇ ਚਲਾਏ, ਬੇਅਦਬੀਆਂ ਕਰਵਾਈਆਂ ਅਤੇ ਜਿਨ੍ਹਾਂ ਨੇ ਸਰਕਾਰਾਂ ਵਿੱਚ ਰਹਿੰਦੇ ਹੋਏ ਪੰਜਾਬ ਲ਼ਈ ਕੁਝ ਨਹੀਂ ਕੀਤਾ, ਉਹੀ ਅਜਿਹੇ ਬਿਆਨ ਦੇ ਰਹੇ ਹਨ।''
ਅਮ੍ਰਿਤਪਾਲ ਕੌਣ ਹਨ?
ਬੀਤੇ ਵਰ੍ਹੇ ਅਮ੍ਰਿਤਪਾਲ ਸਿੰਘ ਡੁਬਈ ਤੋਂ ਪੰਜਾਬ ਆਏ ਤੇ ਮਰਹੂਮ ਸੰਦੀਪ ਸਿੰਘ ਉਰਫ਼ ਦੀਪ ਸਿੱਧੂ ਦੀ ਬਣਾਈ ਗਈ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਬਣ ਗਏ ਸਨ।
ਉਨ੍ਹਾਂ ਦੀ 'ਵਾਰਸ ਪੰਜਾਬ ਦੇ' ਮੁਖੀ ਵਜੋਂ ਦਸਤਾਰਬੰਦੀ ਜਥੇਬੰਦੀ ਦੀ ਪਹਿਲੀ ਵਰ੍ਹੇਗੰਢ ਮੌਕੇ 29 ਸਤੰਬਰ 2022 ਨੂੰ ਕੀਤੀ ਗਈ ਸੀ।
ਇਸੇ ਦਿਨ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਜਨਮ ਦਿਨ ਵੀ ਸੀ।
ਅਮ੍ਰਿਤਪਾਲ ਸਿੰਘ ਆਪਣੇ ਆਪ ਬਾਰੇ ਕਹਿੰਦੇ ਹਨ,''ਚਾਹੇ ਤਾਂ ਕੋਈ ਮੈਨੂੰ ਛੋਟਾ ਭਰਾ ਮੰਨ ਸਕਦਾ ਹੈ ਜਾਂ ਵੱਡਾ ਭਰਾ, ਮੇਰੀ ਉਮਰ ਵੀ ਐਨੀ ਕੁ ਹੈ।ਅਮ੍ਰਿਤਪਾਲ ਸਿੰਘ ਆਪ ਕੁਝ ਨਹੀਂ ਹੈ, ਇਸ ਸੰਘਰਸ਼ ਦੇ ਰਾਹ ਉੱਤੇ ਬਹੁਤ ਬੰਦੇ ਆਏ ਅਤੇ ਗਏ, ਅੰਮ੍ਰਿਤਪਾਲ ਸਿੰਘ ਉਨ੍ਹਾਂ ਵਿੱਚੋਂ ਇੱਕ ਹੈ।''
ਅਮ੍ਰਿਤਪਾਲ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਦਾ ਜਨਮ ਤੇ ਪਾਲਣ-ਪੋਸ਼ਣ ਅੰਮ੍ਰਿਤਸਰ ਦੇ ਜੱਲੂਖੇੜ੍ਹਾ ਪਿੰਡ ਵਿੱਚ ਹੋਇਆ ਹੈ।
ਅਮ੍ਰਿਤਪਾਲ ਸਿੰਘ ਨੇ 10 ਫ਼ਰਵਰੀ 2023 ਨੂੰ ਬਾਬਾ ਬਕਾਲਾ ਵਿੱਚ ਵਿਆਹ ਕਰਵਾਇਆ।
ਉਨ੍ਹਾਂ ਨਿੱਜਤਾ ਦਾ ਹਵਾਲਾ ਦਿੰਦਿਆਂ ਆਪਣੀ ਪਤਨੀ ਅਤੇ ਪਰਿਵਾਰ ਬਾਰੇ ਨਹੀਂ ਦੱਸਿਆ ਅਤੇ ਕਿਹਾ ਕਿ ਮੀਡੀਆ ਨੂੰ ਵੀ ਨਿੱਜੀ ਜ਼ਿੰਦਗੀ ਵਿੱਚ ਦਖ਼ਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
ਅਮ੍ਰਿਤਪਾਲ ਨਾਲ ਜੁੜਿਆ ਮੌਜੂਦਾ ਵਿਵਾਦ
ਅਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਉਪਰ ਆਪਣੇ ਇੱਕ ਸਾਥੀ ਨੂੰ ਛੁਡਾਉਣ ਲਈ ਥਾਣੇ ਦਾ ਘੇਰਾਓ ਕਰਨ ਸਮੇਂ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਬਣਾਉਣ ਦਾ ਇਲਜ਼ਾਮ ਲੱਗਿਆ ਤੇ ਇਸ ’ਤੇ ਸਿਆਸੀ ਜੰਗ ਵੀ ਛਿੜ ਹੋਈ ਹੈ।
23 ਫ਼ਰਵਰੀ ਅਮ੍ਰਿਤਪਾਲ ਤੇ ਉਨ੍ਹਾਂ ਦੇ ਸਾਥੀਆਂ ਨੇ ਅਜਨਾਲਾ ਪੁਲਿਸ ਥਾਣੇ ਦਾ ਸ਼ਾਮ ਤੱਕ ਘੇਰਾਓ ਕੀਤਾ ਸੀ।
ਇਸ ਦੌਰਾਨ ਪ੍ਰਦਰਸ਼ਨਕਾਰੀਆਂ ਦੇ ਨਾਲ ਪੁਲਿਸ ਦੀਆਂ ਝੜਪਾਂ ਵੀ ਹੋਈਆਂ ਸਨ। ਪੰਜਾਬ ਪੁਲਿਸ ਮੁਤਾਬਕ ਇਨ੍ਹਾਂ ਝੜਪਾਂ ਵਿੱਚ 6 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਸੀ।
ਉਹ ਆਪਣੇ ਸਾਥੀ ਲਵਪ੍ਰੀਤ ਸਿੰਘ ਤੂਫ਼ਾਨ ਦੀ ਰਿਹਾਈ ਦੀ ਮੰਗ ਕਰ ਰਹੇ ਸਨ, ਜੋ ਕੁੱਟਮਾਰ ਦੇ ਇੱਕ ਕੇਸ ਵਿੱਚ ਗ੍ਰਿਫਤਾਰ ਕੀਤੇ ਗਏ ਸਨ।
ਇਸ ਬਾਬਤ ਪੰਜਾਬ ਪੁਲਿਸ ਨੇ ਕਿਹਾ ਸੀ ਕਿ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ ’ਤੇ ਲਵਪ੍ਰੀਤ ਸਿੰਘ ਬੇਕਸੂਰ ਸਾਬਤ ਹੋਇਆ ਹੈ।
ਤੇ 24 ਫ਼ਰਵਰੀ ਨੂੰ ਦੇਰ ਸ਼ਾਮ ਲਵਪ੍ਰੀਤ ਸਿੰਘ ਨੂੰ ਰਿਹਾਅ ਕਰ ਦਿੱਤਾ ਗਿਆ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)