ਵਿਧਾਨ ਸਭਾ ਚੋਣ ਨਤੀਜੇ: ਨਰਿੰਦਰ ਮੋਦੀ ਦਾ ਉਹ ਪੈਂਤੜਾ ਜਿਸ ਨੇ ਭਾਜਪਾ ਨੂੰ ਹੂੰਝਾਫੇਰ ਜਿੱਤ ਦੁਆਈ

ਤਸਵੀਰ ਸਰੋਤ, FB/Narendra Modi
- ਲੇਖਕ, ਸੌਤਿਕ ਬਿਸਵਾਸ
- ਰੋਲ, ਬੀਬੀਸੀ ਪੱਤਰਕਾਰ
ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਐਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਭਾਰਤੀ ਜਨਤਾ ਪਾਰਟੀ ਨੇ 3 ਦਸੰਬਰ ਨੂੰ ਚਾਰ ਵਿੱਚੋਂ ਤਿੰਨ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕੀਤੀ ਹੈ।
ਭਾਜਪਾ ਨੇ ਮੱਧ ਪ੍ਰਦੇਸ਼, ਰਾਜਸਥਾਨ ਅਤੇ ਛੱਤੀਸਗੜ੍ਹ ਸੂਬਿਆਂ ਵਿੱਚ ਜਿੱਤ ਹਾਸਲ ਕੀਤੀ ਹੈ। ਉਧਰ ਕਾਂਗਰਸ ਪਾਰਟੀ ਨੂੰ ਸਿਰਫ਼ ਤੇਲੰਗਾਨਾ ਵਿੱਚ ਜਿੱਤ ਮਿਲੀ ਹੈ।
ਨਵੰਬਰ ਵਿੱਚ ਹੋਈਆਂ ਇਹਨਾਂ ਚੋਣਾਂ ਵਿੱਚ 16 ਕਰੋੜ ਤੋਂ ਵੱਧ ਲੋਕਾਂ ਨੇ ਹਿੱਸਾ ਲਿਆ। ਇਸ ਤੋਂ ਇਲਾਵਾ 5ਵੇਂ ਸੂਬੇ ਮਿਜ਼ੋਰਮ ਵਿੱਚ ਵੋਟਾਂ ਦੀ ਗਿਣਤੀ 4 ਦਸੰਬਰ ਨੂੰ ਹੋ ਰਹੀ ਹੈ।

ਮੋਦੀ ਦੀ ਨਜ਼ਰ ਤੀਜੇ ਕਾਰਜਕਾਲ ’ਤੇ

ਤਸਵੀਰ ਸਰੋਤ, Getty Images
ਕੀ ਇਹ ਚੋਣਾਂ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਵਿੱਚ ਨਰਿੰਦਰ ਮੋਦੀ ਦੀ ‘ਇਤਿਹਾਸਕ ਤੀਜੀ ਵਾਰ ਜਿੱਤਣ ਦੀਆਂ ਸੰਭਾਵਨਾਵਾਂ’ ਲਈ ਪ੍ਰੀਖਿਆ ਸਾਬਤ ਹੋਈਆਂ?
2018 ਵਿੱਚ ਕਾਂਗਰਸ ਨੇ ਤਿੰਨ ਮੁੱਖ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਦੀਆਂ ਚੋਣਾਂ ਜਿੱਤੀਆਂ ਸਨ। ਇਸ ਤੋਂ ਤਿੰਨ ਮਹੀਨਿਆਂ ਬਾਅਦ ਹੀ ਭਾਜਪਾ ਨੇ ਕੌਮੀ ਪੱਧਰ ਉੱਤੇ ਆਮ ਚੋਣਾਂ ਅਤੇ ਤਿੰਨੇ ਸੂਬਿਆਂ ਦੀਆਂ ਵਿਧਾਨ ਸਭਾ ਵਿੱਚ ਹੂੰਝਾ ਫੇਰ ਜਿੱਤ ਦਰਜ ਕੀਤੀ ਸੀ।
ਭਾਰਤ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਸੂਬਾ ਜਾਂ ਖੇਤਰ ਵਿਸ਼ੇਸ਼ ਦੇ ਮੁੱਦਿਆਂ 'ਤੇ ਲੜੀਆਂ ਜਾਂਦੀਆਂ ਹਨ। ਉਧਰ ਆਮ ਚੋਣਾਂ ਵਧੇਰੇ ਕੌਮੀ ਪੱਧਰ ਦੇ ਮੁੱਦਿਆਂ ਦੇ ਦੁਆਲੇ ਘੁੰਮਦੀਆਂ ਹਨ।
ਇਸ ਗਤੀਸ਼ੀਲਤਾ ਦੇ ਬਾਵਜੂਦ 3 ਦਸੰਬਰ ਦੇ ਨਤੀਜੇ ਮੋਦੀ ਲਈ ਮਹੱਤਵਪੂਰਨ ਹਨ ਤੇ ਮੋਦੀ ਪਹਿਲਾਂ ਹੀ ਅਗਲੇ ਸਾਲ ਰਿਕਾਰਡ ਤੀਜੇ ਕਾਰਜਕਾਲ 'ਤੇ ਆਪਣੀ ਨਜ਼ਰ ਬਣਾ ਰਹੇ ਹਨ।
ਸੂਬਿਆਂ ਦੀਆਂ ਚੋਣਾਂ ਵਿੱਚ ਇਹ ਜਿੱਤ ਇਸ ਲਈ ਵੀ ਅਹਿਮ ਹੈ ਕਿਉਂਕਿ ਭਾਜਪਾ ਲਗਾਤਾਰ ਵਿਧਾਨ ਸਭਾ ਚੋਣਾਂ ਵਿੱਚ ਕਮਜ਼ੋਰ ਹੋ ਰਹੀ ਸੀ।

ਕਾਂਗਰਸ, ਸੂਬਾ ਸਰਕਾਰਾਂ ਨੂੰ ਬਰਕਰਾਰ ਰੱਖਣ ਵਿੱਚ ਵੀ ਅਸਫ਼ਲ

ਤਸਵੀਰ ਸਰੋਤ, FB/Rahul Gandhi
ਭਾਜਪਾ ਕੋਲ ਸੰਸਦ ਵਿੱਚ ਬਹੁਮਤ ਹੈ। ਭਾਜਪਾ ਨੇ ਭਾਰਤ ਦੇ 28 ਸੂਬਿਆਂ ਵਿੱਚੋਂ 15 ਵਿੱਚ ਸ਼ਾਸਨ ਕੀਤਾ ਅਤੇ ਉਹਨਾਂ ਵਿੱਚੋਂ ਸਿਰਫ਼ 9 ਸੂਬਿਆਂ ਵਿੱਚ ਇਕੱਲਿਆਂ ਸ਼ਾਸਨ ਕੀਤਾ। ਬਾਕੀ ਸੂਬਿਆਂ ਵਿੱਚ ਭਾਜਪਾ ਭਾਈਵਾਲਾਂ ਨਾਲ ਗੱਠਜੋੜ ਵਿੱਚ ਸੀ।
ਕਾਂਗਰਸ ਤੋਂ ਰਾਜਸਥਾਨ ਅਤੇ ਛੱਤੀਸਗੜ੍ਹ ਦਾ ਕੰਟਰੋਲ ਮੁੜ ਹਾਸਲ ਕਰਨ ਤੇ ਮੱਧ ਪ੍ਰਦੇਸ਼ ਵਿੱਚ ਰਿਕਾਰਡ 5ਵੀਂ ਵਾਰ ਸੱਤਾ ਹਾਸਲ ਕਰਨ ਦਾ ਮਤਲਬ ਇਹ ਹੈ ਕਿ ਭਾਜਪਾ ਉੱਤਰੀ ਅਤੇ ਮੱਧ ਭਾਰਤ ਦੇ "ਹਿੰਦੀ ਹਾਰਟ ਲੈਂਡ" ਵਿੱਚ ਲਗਭਗ ਅਯੋਗ ਦਿਖਾਈ ਦੇ ਰਹੀ ਹੈ।
ਇਸ ਹਿੰਦੀ ਭਾਸ਼ੀ ਪੱਟੀ ਦੇ 10 ਸੂਬਿਆਂ ਤੋਂ 225 ਸੰਸਦ ਮੈਂਬਰ ਆਉਂਦੇ ਹਨ ਅਤੇ ਭਾਜਪਾ ਨੇ 2019 ਵਿੱਚ 177 ਸੀਟਾਂ ਜਿੱਤੀਆਂ ਸਨ।
ਦੂਜੇ ਪਾਸੇ ਇਹ ਚੋਣਾਂ ਕਾਂਗਰਸ ਲਈ ਜ਼ਿਆਦਾ ਮਹਤੱਵਪੂਰਨ ਸਨ।
ਚੋਣਾਂ ਵਿੱਚ ਬਿਹਤਰ ਕਾਰਗੁਜ਼ਾਰੀ ਪਾਰਟੀ ਲਈ ਮਨੋਬਲ ਨੂੰ ਵਧਾਉਣ ਵਾਸਤੇ ਲਾਹੇਵੰਦ ਹੋ ਸਕਦੀ ਸੀ। ਇਸ ਦੇ ਨਾਲ ਹੀ ਕਾਂਗਰਸ ਨੂੰ 28 ਪਾਰਟੀਆਂ ਦੇ ਅਲਾਇੰਸ ‘ਇੰਡੀਆ’ ਦੇ ਨਵੇਂ ਗਠਜੋੜ ਦੇ ਕੁਦਰਤੀ ਲੀਡਰ ਦੇ ਰੂਪ ਵਿੱਚ ਸਥਾਪਤ ਕੀਤਾ ਜਾ ਸਕਦਾ ਸੀ।
ਇੱਕ ਸਮੇਂ ਪਾਰਟੀ ਮੱਧ ਪ੍ਰਦੇਸ਼ ਜਿੱਤਣ ਦੀ ਦੌੜ ਵਿੱਚ ਸਭ ਤੋਂ ਅੱਗੇ ਦਿਖਾਈ ਦਿੰਦੀ ਸੀ ਅਤੇ ਬਾਅਦ ਵਿੱਚ ਭਾਜਪਾ ਦੇ ਮੈਦਾਨ ਵਿੱਚ ਆਉਣ ਨਾਲ ਉਹ ਇਹ ਰੁਤਬਾ ਗੁਆ ਬੈਠੀ।
ਕਾਂਗਰਸ ਪਾਰਟੀ ਨੇ ਅਤੀਤ ਵਿੱਚ ਰਾਸ਼ਟਰੀ ਚੋਣਾਂ ’ਚ ਸੂਬਿਆਂ ਦੀਆਂ ਜਿੱਤਾਂ ਨੂੰ ਸਫ਼ਲਤਾ ਵਿੱਚ ਬਦਲਣ ਲਈ ਸੰਘਰਸ਼ ਕੀਤਾ ਹੈ ਅਤੇ ਹੁਣ ਇਹ ਆਪਣੀਆਂ ਸੂਬਾ ਸਰਕਾਰਾਂ ਨੂੰ ਬਰਕਰਾਰ ਰੱਖਣ ਵਿੱਚ ਵੀ ਅਸਫ਼ਲ ਹੋ ਰਹੀ ਹੈ।
ਕਾਂਗਰਸ 'ਤੇ ਸੱਤਾ-ਵਿਰੋਧੀ ਸਥਿਤੀ ਜ਼ਿਆਦਾ ਮਾੜੀ ਹੈ।
ਪਰ ਇੱਕ ਰਾਹਤ ਵਾਲੀ ਗੱਲ ਵੀ ਹੈ। ਕਾਂਗਰਸ ਦੱਖਣੀ ਸੂਬੇ ਤੇਲੰਗਾਨਾ ਵਿੱਚ ਜਿੱਤ ਦਰਜ ਕਰਨ ਵਿੱਚ ਕਾਮਯਾਬ ਰਹੀ, ਜਿੱਥੇ ਖੇਤਰੀ ਪਾਰਟੀ ਬੀਆਰਐਸ ਨੂੰ ਸੱਤਾ ਵਿਰੋਧੀ ਸਥਿਤੀ ਦਾ ਸਾਹਮਣਾ ਕਰਨਾ ਪਿਆ। ਮਈ ਮਹੀਨੇ ਕਰਨਾਟਕ ਵਿੱਚ ਕਾਂਗਰਸ ਦੀ ਸ਼ਾਨਦਾਰ ਜਿੱਤ ਤੋਂ ਬਾਅਦ ਦੱਖਣੀ ਭਾਰਤ ਵਿੱਚ ਪਕੜ ਮਜ਼ਬੂਤ ਹੋਈ ਹੈ।
ਕਿਹੜੀਆਂ ਗੱਲਾਂ ਨੇ ਵੋਟਿੰਗ ਵਿਵਹਾਰ ਨੂੰ ਆਕਾਰ ਦਿੱਤਾ

ਤਾਜ਼ਾ ਵਿਧਾਨ ਸਭਾ ਚੋਣਾਂ ਵਿੱਚ ਕਿਹੜੇ ਫੈਕਟਰਾਂ ਨੇ ਵੋਟਿੰਗ ਦੇ ਵਿਵਹਾਰ ਨੂੰ ਆਕਾਰ ਦੇਣ ਵਿੱਚ ਮਦਦ ਕੀਤੀ?
ਸ਼ਾਸਨ ਦੇ ਪੁਰਾਣੇ ਰਿਕਾਰਡ ਤੋਂ ਪਰੇ, ਜਾਤ, ਪਛਾਣ ਅਤੇ ਭਾਜਪਾ ਦੇ ਹਿੰਦੂ ਰਾਸ਼ਟਰਵਾਦ ਦੇ ਲੁਭਾਉਣ ਵਰਗੇ ਵਿਚਾਰਾਂ ਤੋਂ ਇਲਾਵਾ, ਲੋਕਾਂ ਦੀ ਭਲਾਈ ਲਈ ਕੀਤੇ ਵਾਅਦੇ ਵੀ ਵੋਟਿੰਗ ਪੈਟਰਨ 'ਤੇ ਪ੍ਰਭਾਵ ਪਾਉਂਦੇ ਹਨ।
ਚੋਣ ਪ੍ਰਚਾਰ ਦੌਰਾਨ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਭਾਰਤ ਦੇ 80 ਕਰੋੜ ਗ਼ਰੀਬ ਲੋਕਾਂ ਨੂੰ ਹਰ ਮਹੀਨੇ 5 ਕਿੱਲੋ ਮੁਫ਼ਤ ਅਨਾਜ ਪ੍ਰਦਾਨ ਕਰਨ ਦੀ ਯੋਜਨਾ ਅਗਲੇ ਪੰਜ ਸਾਲਾਂ ਤੱਕ ਜਾਰੀ ਰਹੇਗੀ।
ਮੱਧ ਪ੍ਰਦੇਸ਼ ਵਿੱਚ ਉਨ੍ਹਾਂ ਦੀ ਪਾਰਟੀ ਦੇ ਮੁੜ ਉੱਠਣ ਦਾ ਸਿਹਰਾ ਵੀ ਇੱਕ ਸਕੀਮ ਨੂੰ ਦਿੱਤਾ ਗਿਆ, ਜਿਸ ਵਿੱਚ 1,250 ਰੁਪਏ ਗ਼ਰੀਬ ਪਰਿਵਾਰਾਂ ਦੀਆਂ ਯੋਗ ਔਰਤਾਂ ਨੂੰ ਹਰ ਮਹੀਨੇ ਦਿੱਤੇ ਜਾਂਦੇ ਹਨ। ਸੂਬੇ ਵਿੱਚ 5 ਕਰੋੜ ਵੋਟਰਾਂ ਵਿੱਚੋਂ ਲਗਭਗ 47% ਔਰਤਾਂ ਹਨ।
ਬਹੁਤ ਸਾਰੇ ਜਾਣਕਾਰਾਂ ਨੇ ਸਾਰੀਆਂ ਪਾਰਟੀਆਂ ਵੱਲੋਂ ਅਜਿਹੀਆਂ ਲੋਕ ਭਲਾਈ ਨਾਲ ਜੁੜੀਆਂ ਆਫ਼ਰਾਂ ਨੂੰ ਪ੍ਰਤੀਯੋਗੀ ਲੋਕਪ੍ਰਿਅਤਾ ਕਿਹਾ ਹੈ, ਪਰ ਅਸਲ ਵਿੱਚ ਇਸ ਨੇ ਲੱਖਾਂ ਭਾਰਤੀਆਂ ਦੀਆਂ ਕਮਜ਼ੋਰ ਜ਼ਿੰਦਗੀਆਂ ਨੂੰ ਵੀ ਰੇਖਾਂਕਿਤ ਕੀਤਾ ਜੋ ਇੱਕ ਵਧੀਆ ਜ਼ਿੰਦਗੀ ਲਈ ਸੂਬਿਆਂ 'ਤੇ ਨਿਰਭਰ ਕਰਦੀਆਂ ਹਨ।
ਅਗਸਤ ਵਿੱਚ ਇੰਡੀਆ ਟੂਡੇ ਮੈਗਜ਼ੀਨ ਦੇ ਇੱਕ ਰਾਸ਼ਟਰਵਿਆਪੀ ਸਰਵੇਖਣ ਵਿੱਚ ਦੱਸਿਆ ਗਿਆ ਕਿ ਇੱਕ ਦਹਾਕਾ ਸੱਤਾ ਵਿੱਚ ਰਹਿਣ ਤੋਂ ਬਾਅਦ ਮੋਦੀ ਦੀ ਲੋਕਪ੍ਰਿਅਤਾ ਬਰਕਰਾਰ ਹੈ, ਸਰਵੇਖਣ ਵਿੱਚ ਹਿੱਸਾ ਲੈਣ ਵਾਲੇ ਅੱਧੇ ਤੋਂ ਵੱਧ ਲੋਕਾਂ ਨੇ ਮਹਿਸੂਸ ਕੀਤਾ ਕਿ ਮੋਦੀ ਨੂੰ ਭਾਰਤ ਦੀ ਅਗਵਾਈ ਕਰਦੇ ਰਹਿਣਾ ਚਾਹੀਦਾ ਹੈ।
ਭਾਜਪਾ ਦੀ ਜ਼ਬਰਦਸਤ ਮਜ਼ਬੂਤੀ ਵਿੱਚ ਇਸ ਦਾ ਵਿਸ਼ਾਲ ਸਰੋਤ, ਵਿਸ਼ਾਲ 24/7 ਪਾਰਟੀ ਸੰਗਠਨ, ਇੱਕ ਮਜ਼ਬੂਤ ਕਲਿਆਣਕਾਰੀ ਢਾਂਚੇ ਵਿੱਚ ਚੱਲਦਾ ਸ਼ਾਸਨ ਅਤੇ ਵੱਡੇ ਪੱਧਰ 'ਤੇ ਸਹਿਯੋਗੀ ਮੀਡੀਆ ਹੈ।
ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਮੋਦੀ ਅਤੇ ਉਨ੍ਹਾਂ ਦੀ ਪਾਰਟੀ ਅਗਲੇ ਸਾਲ ਸ਼ਾਨਦਾਰ ਤੀਜੀ ਵਾਰ ਜਿੱਤਣ ਦੀ ਸਥਿਤੀ ਵਿੱਚ ਦਿਖਾਈ ਦਿੰਦੇ ਹਨ।












