'ਅਮੈਰੀਕਨ ਸਿੱਖ' ਸ਼ੌਰਟ ਫ਼ਿਲਮ ਨੇ ਕਿਵੇਂ ਘੱਟ ਗਿਣਤੀਆਂ ਨਾਲ ਹੁੰਦੇ ਤਸ਼ੱਦਦ ਬਾਰੇ ਬਹਿਸ ਛੇੜੀ

ਤਸਵੀਰ ਸਰੋਤ, Studio Showoff
ਅਮਰੀਕਾ 'ਚ ਸਿੱਖਾਂ ਅਤੇ ਘੱਟ ਗਿਣਤੀਆਂ ਨੂੰ ਆਉਂਦੀਆਂ ਸਮੱਸਿਆਵਾਂ 'ਤੇ ਬਣੀ ਐਨੀਮੇਸ਼ਨ ਸ਼ੌਰਟ ਫ਼ਿਲਮ ‘ਅਮੈਰਿਕਨ ਸਿੱਖ’ ਔਸਕਰ 2024 'ਚ ਜਾਣ ਮਗਰੋਂ ਹੁਣ ਵਿਸ਼ਵ ਪੱਧਰ 'ਤੇ ਰਿਲੀਜ਼ ਹੋ ਗਈ ਹੈ।
ਇਹ ਫ਼ਿਲਮ ਅਮਰੀਕਾ ਰਹਿੰਦੇ ਇੱਕ ਸਿੱਖ ਵਿਅਕਤੀ ਵਿਸ਼ਵਜੀਤ ਸਿੰਘ ਦੀ ਕਹਾਣੀ ਉੱਤੇ ਅਧਾਰਿਤ ਹੈ। ਵਿਸ਼ਵਜੀਤ ਸਿੰਘ ਇਸ ਫ਼ਿਲਮ ਦੇ ਸਹਿ-ਨਿਰਦੇਸ਼ਕ ਤੇ ਪ੍ਰੋਡਿਊਸਰ ਵੀ ਹਨ।
ਵਿਸ਼ਵਜੀਤ ਸਿੰਘ ਦੇ ਭਾਰਤੀ ਮੂਲ ਦੇ ਪਰਿਵਾਰ ਨੇ 1984 ਦਾ ਦੌਰ ਹੰਢਾਇਆ ਹੈ, ਜਿਸ ਦੌਰਾਨ ਸਿੱਖਾਂ ਨੂੰ ਨਫ਼ਰਤ ਦਾ ਸਾਹਮਣਾ ਕਰਨਾ ਪਿਆ।
ਇਸ ਮਗਰੋਂ ਸਾਲ 2001 ਵਿੱਚ ਅਮਰੀਕਾ ਵਿੱਚ ਹੋਏ 9/11 ਦੇ ਵਰਲਡ ਟ੍ਰੇਡ ਸੈਂਟਰ ’ਤੇ ਹਮਲੇ ਤੋਂ ਬਾਅਦ ਦੇ ਹਾਲਾਤਾਂ ਨੂੰ ਫ਼ਿਲਮ ਵਿੱਚ ਬਿਆਨ ਕੀਤਾ ਗਿਆ ਹੈ ਜਿਸ ਦੌਰਾਨ ਸਿੱਖਾਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ।
ਇਸ ਦੌਰਾਨ ਉਨ੍ਹਾਂ ਨੂੰ ਬਹੁਤ ਕੁਝ ਸਹਿਣਾ ਪੈਂਦਾ ਹੈ, ਸਿੱਖਾਂ ਪ੍ਰਤੀ ਲੋਕਾਂ ਦੇ ਨਜ਼ਰੀਏ ਨੂੰ ਬਦਲਣ ਦੀ ਕੋਸ਼ਿਸ਼ ਲਈ ਉਹ ਸਿੱਖ ਕੈਪਟਨ ਅਮੈਰਿਕਾ ਬਣਕੇ ਸੜਕਾਂ ਉੱਤੇ ਉੱਤਰਦੇ ਹਨ।
ਫ਼ਿਲਮ ਦੇ ਪ੍ਰੋਡਿਊਸਰ ਵਿਸ਼ਵਜੀਤ ਸਿੰਘ ਦੀ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ...
ਕਾਲਜ ਦੌਰਾਨ ਤਾਅਨੇ ਤੇ ਕੇਸ ਕਤਲ ਕਰਨਾ

ਤਸਵੀਰ ਸਰੋਤ, Studio Showoff
ਮਹਿਜ਼ ਚਾਰ ਸਾਲ ਦੀ ਉਮਰ ਵਿੱਚ ਪਰਿਵਾਰ ਨਾਲ ਭਾਰਤ ਜਾਣਾ ਤੇ ਸਕੂਲੀ ਪੜ੍ਹਾਈ ਮਗਰੋਂ ’84 ਦੇ ਦੌਰ ਦੌਰਾਨ ਉੱਚ ਸਿੱਖਿਆ ਲਈ ਮੁੜ ਅਮਰੀਕਾ ਪਰਤਨਾ ਵਿਸ਼ਵਜੀਤ ਸਿੰਘ ਲਈ ਸੌਖਾ ਨਹੀਂ ਸੀ।
ਕਾਲਜ ਵਿੱਚ ਦਾਖ਼ਲ ਹੁੰਦਿਆਂ ਹੀ ਉਨ੍ਹਾਂ ਨੂੰ ਦਾੜ੍ਹੀ ਅਤੇ ਦਸਤਾਰ ਕਾਰਨ ਕਈ ਗੱਲਾਂ ਵੀ ਸੁਣਨੀਆਂ ਪਈਆਂ।
ਵਿਸ਼ਵਜੀਤ ਦੱਸਦੇ ਹਨ, ‘‘ਜਦੋਂ ਮੈਂ ਲਾਸ ਏਂਜਲਸ ਆਇਆ ਤਾਂ ਬਗਾਨੇ ਲੋਕ ਸੜਕਾਂ ਉੱਤੇ ਮੈਨੂੰ ਕਹਿੰਦੇ ‘ਤੂੰ ਵਾਪਸ ਜਾ’ ਜਾਂ ਮੇਰੇ ਉੱਤੇ ਹੱਸਦੇ ਸਨ, ਗਾਲ੍ਹਾਂ ਕੱਢਦੇ ਸਨ।’’
‘‘ਮੈਨੂੰ ਇਹ ਸਭ ਅਜੀਬ ਲੱਗਿਆ ਕਿ ਮੈਂ ਇੱਥੋਂ ਦੀ ਪੈਦਾਇਸ਼ ਹਾਂ ਅਤੇ ਤੁਸੀਂ ਮੈਨੂੰ ਜਾਣਦੇ ਵੀ ਨਹੀਂ ਹੋ।’’
‘‘ਇਹੀ ਕੁਝ ਕਾਲਜ ਦੌਰਾਨ ਵੀ ਮੇਰੇ ਨਾਲ ਹੋਇਆ, ਕਿਉਂਕਿ ਲੋਕਾਂ ਨੂੰ ਪਤਾ ਹੀ ਨਹੀਂ ਕਿ ਸਿੱਖ ਕੌਣ ਹੁੰਦੇ ਹਨ। ਲੋਕ ਮੈਨੂੰ ਤੰਗ ਕਰਦੇ ਸੀ, ਕਾਲਜ ਤੇ ਫ਼ਿਰ ਸੜਕਾਂ ਉੱਤੇ ਮੇਰੇ ਨਾਲ ਮਾੜਾ ਵਤੀਰਾ ਹੁੰਦਾ ਰਿਹਾ।’’
ਵਿਸ਼ਵਜੀਤ ਸਿੰਘ ਦੀ ਦਿੱਖ ਨੂੰ ਲੈ ਕੇ ਉਨ੍ਹਾਂ ਨਾਲ ਹੁੰਦੇ ਵਤੀਰੇ ਨੂੰ ਦੇਖਦਿਆਂ ਉਨ੍ਹਾਂ ਨੇ ਆਪਣਾ ਸਰੂਪ ਬਦਲਣ ਬਾਰੇ ਸੋਚਿਆ ਅਤੇ ਖ਼ੁਦ ਹੀ ਆਪਣੇ ਕੇਸ ਕਤਲ ਕਰ ਲਏ। ਅਜਿਹਾ ਉਨ੍ਹਾਂ ਨੇ ਉੱਥੋਂ ਦੇ ਸੱਭਿਆਚਾਰ ਦੇ ਨਾਲ ਮਿਲ-ਜੁਲ ਕੇ ਚੱਲਣ ਕਾਰਨ ਕੀਤਾ।
ਇਸ ਬਾਰੇ ਉਹ ਦੱਸਦੇ ਹਨ, ‘‘ਮੈਂ ਸੋਚ ਲਿਆ ਸੀ ਕਿ ਹੁਣ ਇਹਨਾਂ ਵਿੱਚ ਢਲਣਾ ਚਾਹੁੰਦਾ ਹਾਂ ਤੇ ਰੁਕਣਾ ਨਹੀਂ ਚਾਹੁੰਦਾ ਕਿ ਲੋਕ ਮੈਨੂੰ ਦੇਖਣ ਤੇ ਕਹਿਣ ਇਹ ਕੌਣ ਹੈ। ਇਸ ਦੌਰਾਨ ਮੈਂ ਆਪਣੇ ਕੇਸ ਕਤਲ ਕਰ ਲਏ ਸੀ।’’
ਵਿਸ਼ਵਜੀਤ ਸਿੰਘ ਨੇ ਭਾਵੇਂ ਲੋਕਾਂ ਦੇ ਤਾਅਨੇ-ਮਹਿਨਿਆਂ ਤੋਂ ਬਾਅਦ ਕੇਸ ਕਤਲ ਕਰ ਲਏ, ਪਰ ਉਨ੍ਹਾਂ ਦੀ ਬਤੌਰ ਸਿੱਖ ਖ਼ੁਦ ਦੀ ਭਾਲ ਦੀ ਸ਼ੁਰੂਆਤ ਵੀ ਹੁੰਦੀ ਹੈ।
ਵਿਸ਼ਵਜੀਤ ਮੁਤਾਬਕ ਇਸ ਤੋਂ ਬਾਅਦ 10 ਸਾਲਾਂ ਤੱਕ ਉਨ੍ਹਾਂ ਨੇ ਖ਼ੁਦ ਉੱਤੇ ਖੋਜ ਕੀਤੀ ਕਿ ਅਸਲ ਵਿੱਚ ਉਹ ਕੌਣ ਹਨ।
ਰਿਪੋਰਟ- ਤਨੀਸ਼ਾ ਚੌਹਾਨ, ਐਡਿਟ- ਰਾਜਨ ਪਪਨੇਜਾ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



