ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ 2025 ਲਈ ਨਾਮਜ਼ਦ ਖਿਡਾਰਨਾਂ ਦਾ ਐਲਾਨ, ਜਾਣੋ ਇਨ੍ਹਾਂ ਪੰਜਾਂ ਖਿਡਾਰਨਾਂ ਬਾਰੇ

ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ ਦਿ ਈਅਰ
ਪੜ੍ਹਨ ਦਾ ਸਮਾਂ: 7 ਮਿੰਟ

ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਦੇ ਪੰਜਵੇਂ ਐਡੀਸ਼ਨ ਲਈ ਨਾਮਜ਼ਦ ਖਿਡਾਰਨਾਂ ਦੇ ਨਾਵਾਂ ਦਾ ਐਲਾਨ ਹੋ ਗਿਆ ਹੈ।

ਇਸ ਸਾਲ ਦੀ ਦੌੜ ਵਿੱਚ ਸ਼ਾਮਲ ਪੰਜ ਖਿਡਾਰਨਾਂ ਹਨ, ਕ੍ਰਿਕਟਰ ਹਰਮਨਪ੍ਰੀਤ ਕੌਰ ਅਤੇ ਸਮ੍ਰਿਤੀ ਮੰਧਾਨਾ, ਸ਼ਤਰੰਜ ਖਿਡਾਰਨ ਦਿਵਿਆ ਦੇਸ਼ਮੁਖ, ਸ਼ੂਟਰ ਸੁਰੂਚੀ ਸਿੰਘ ਅਤੇ ਐਥਲੀਟ ਜਯੋਤੀ ਯਾਰਾਜੀ।

ਇਹ ਇਨਾਮ ਸਾਲ 2025 ਦੌਰਾਨ ਭਾਰਤੀ ਖਿਡਾਰਨਾਂ ਦੇ ਯੋਗਦਾਨਾਂ ਨੂੰ ਸਨਮਾਨਿਤ ਕਰਦਾ ਹੈ ਅਤੇ ਦੇਸ਼ ਵਿੱਚ ਖੇਡਾਂ ਨਾਲ ਜੁੜੀਆਂ ਸਭ ਔਰਤਾਂ ਦੀਆਂ ਪ੍ਰਾਪਤੀਆਂ ਦਾ ਜਸ਼ਨ ਮਨਾਉਂਦਾ ਹੈ।

ਬੀਬੀਸੀ ਵੱਲੋਂ ਚੁਣੇ ਗਏ ਇੱਕ ਪੈਨਲ ਨੇ ਪੰਜ ਭਾਰਤੀ ਸਪੋਰਟਸਵੂਮੈਨ ਦੀ ਇਹ ਲਿਸਟ ਤਿਆਰ ਕੀਤੀ ਹੈ। ਜੂਰੀ ਵਿੱਚ ਦੇਸ਼ ਭਰ ਤੋਂ ਖੇਡ ਪੱਤਰਕਾਰ, ਮਾਹਰ ਅਤੇ ਲੇਖਕ ਸ਼ਾਮਲ ਹਨ।

ਇਸ ਵਾਰ ਪਹਿਲੀ ਵਾਰ ਬੀਬੀਸੀ ਨੇ ਇੱਕ ਗ੍ਰੈਂਡ ਜੂਰੀ ਬਣਾਈ ਹੈ, ਜੋ ਜੇਤੂਆਂ ਦਾ ਫ਼ੈਸਲਾ ਕਰੇਗੀ। ਗ੍ਰੈਂਡ ਜੂਰੀ ਵਿੱਚ ਟੈਨਿਸ ਖਿਡਾਰੀ ਲੀਐਂਡਰ ਪੇਸ, ਲੰਬੀ ਛਾਲ ਦੀ ਖਿਡਾਰਨ ਅੰਜੂ ਬੌਬੀ ਜਾਰਜ ਅਤੇ ਪੈਰਾ ਐਥਲੀਟ ਦੀਪਾ ਮਾਲਿਕ ਸ਼ਾਮਲ ਹਨ।

ਜੇਤੂਆਂ ਨੂੰ 16 ਫਰਵਰੀ ਨੂੰ ਇੱਕ ਸਮਾਗਮ ਵਿੱਚ ਸਨਮਾਨਿਤ ਕੀਤਾ ਜਾਵੇਗਾ। ਬੀਬੀਸੀ ਜੂਰੀ ਵੱਲੋਂ ਨਾਮਜ਼ਦ ਤਿੰਨ ਹੋਰ ਮਹਿਲਾ ਐਥਲੀਟਾਂ ਨੂੰ ਵੀ ਸਮਾਗਮ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਸਨਮਾਨਿਤ ਕੀਤਾ ਜਾਵੇਗਾ।

  • ਬੀਬੀਸੀ ਪੈਰਾ ਸਪੋਰਟਸਵੂਮੈਨ ਆਫ ਦਿ ਈਅਰ ਐਵਾਰਡ- ਪੈਰਾਸਪੋਰਟਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੂੰ ਮਾਨਤਾ ਦਿੰਦਾ ਹੈ।
  • ਬੀਬੀਸੀ ਇਮਰਜਿੰਗ ਪਲੇਅਰ ਆਫ ਦਿ ਈਅਰ ਐਵਾਰਡ- ਇੱਕ ਨੌਜਵਾਨ ਐਥਲੀਟ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦਾ ਹੈ।
  • ਬੀਬੀਸੀ ਲਾਈਫਟਾਈਮ ਅਚੀਵਮੈਂਟ ਐਵਾਰਡ- ਇੱਕ ਤਜਰਬੇਕਾਰ ਐਥਲੀਟ ਨੂੰ ਸਨਮਾਨਿਤ ਕਰਦਾ ਹੈ ਜਿਸ ਨੇ ਖੇਡ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਬੀਬੀਸੀ ਨਿਊਜ਼ ਦੀ ਅੰਤਰਿਮ ਗਲੋਬਲ ਡਾਇਰੈਕਟਰ ਫਿਓਨਾ ਕ੍ਰੈਕ ਨੇ ਕਿਹਾ, "ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਪੂਰੇ ਭਾਰਤ ਦੀਆਂ ਔਰਤਾਂ ਲਈ ਖੇਡਾਂ ਵਿੱਚ ਇੱਕ ਸ਼ਾਨਦਾਰ ਸਾਲ ਨੂੰ ਦਰਸਾਉਂਦਾ ਹੈ।"

"ਬੀਬੀਸੀ ਵਰਲਡ ਸਰਵਿਸ ਉਨ੍ਹਾਂ ਉਪਰਾਲਿਆਂ ਨੂੰ ਦਰਸਾਉਣ ਅਤੇ ਮਨਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜੋ ਕੋਈ ਹੋਰ ਮੀਡੀਆ ਅਦਾਰਾ ਨਹੀਂ ਕਰਦਾ। ਸਾਨੂੰ ਬੇਹੱਦ ਖੁਸ਼ੀ ਹੈ ਕਿ ਅਸੀਂ ਇਨ੍ਹਾਂ ਔਰਤਾਂ ਨੂੰ ਭਾਰਤ ਅਤੇ ਦੁਨੀਆ ਭਰ ਦੇ ਦਰਸ਼ਕਾਂ ਤੱਕ ਆਪਣੀਆਂ ਉਪਲਬਧੀਆਂ ਪਹੁੰਚਾਉਣ ਲਈ ਮੰਚ ਦੇ ਰਹੇ ਹਾਂ।"

ਇਹ ਸਮਾਗਮ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਬੰਧਤ ਅਤੇ ਪ੍ਰਸਾਰਿਤ ਕੀਤਾ ਜਾਂਦਾ ਹੈ।

ਕਲੈਕਟਿਵ ਨਿਊਜ਼ਰੂਮ ਦੇ ਐਡੀਟਰ-ਇਨ-ਚੀਫ਼ ਅਤੇ ਕੋ-ਫਾਊਂਡਰ ਰੂਪਾ ਝਾਅ ਕਹਿੰਦੇ ਹਨ, "ਔਰਤਾਂ ਨੂੰ ਅਕਸਰ ਵਿਆਹ ਦੀ ਉਮਰ, ਸਰੀਰਕ ਮਿਆਰ ਜਾਂ ਅਪੰਗਤਾ ਦੇ ਕਾਰਨ ਖੇਡਾਂ ਤੋਂ ਦੂਰ ਰੱਖਿਆ ਜਾਂਦਾ ਹੈ। ਇਸ ਸਾਲ ਦਾ ਐਡੀਟੋਰੀਅਲ ਥੀਮ ਹੈ 'ਏਵਰੀਬਾਡੀ ਕੈਨ ਪਲੇਅ', ਇਹ ਸਧਾਰਨ ਵਿਚਾਰ ਦਿਖਾਉਂਦਾ ਹੈ ਕਿ ਖੇਡ ਹਰ ਕਿਸੇ ਦੀ ਹੈ ਅਤੇ ਇਸਦਾ ਅਸਲ ਪ੍ਰਭਾਵ ਸਿਰਫ਼ ਨਤੀਜਿਆਂ ਵਿੱਚ ਨਹੀਂ, ਸਗੋਂ ਸ਼ਾਮਲ ਹੋਣ ਅਤੇ ਮੌਕੇ ਹਾਸਿਲ ਕਰਨ ਵਿੱਚ ਵੀ ਮਾਪਿਆ ਜਾਂਦਾ ਹੈ। ISWOTY 2026 ਹਰ ਉਸ ਔਰਤ ਦਾ ਜਸ਼ਨ ਹੈ ਜਿਸਨੇ ਖੇਡ ਮੈਦਾਨ ਵਿੱਚ ਕਦਮ ਰੱਖ ਕੇ ਆਪਣੀ ਜਗ੍ਹਾ ਬਣਾਈ ਹੈ।"

ਦਿਵਿਆ ਦੇਸ਼ਮੁਖ, ਸ਼ਤਰੰਜ

ਦਿਵਿਆ ਦੇਸ਼ਮੁਖ, ਸ਼ਤਰੰਜ

20 ਸਾਲ ਦੀ ਸ਼ਤਰੰਜ ਖਿਡਾਰੀ, ਦਿਵਿਆ ਦੇਸ਼ਮੁਖ ਨੇ ਜੁਲਾਈ ਵਿੱਚ ਉਸ ਵੇਲੇ ਇਤਿਹਾਸ ਰਚਿਆ ਸੀ, ਜਦੋਂ ਉਹ ਪਹਿਲੀ ਭਾਰਤੀ ਅਤੇ ਸਭ ਤੋਂ ਛੋਟੀ ਐੱਫਆਈਡੀਈ ਵੂਮੈਨਜ਼ ਵਰਲਡ ਕੱਪ ਚੈਂਪੀਅਨ ਬਣੀ। ਇਸ ਕਾਰਨ ਉਨ੍ਹਾਂ ਨੂੰ ਗ੍ਰੈਂਡਮਾਸਟਰ ਸਟੇਟਸ ਵੀ ਮਿਲਿਆ।

ਫਾਈਨਲ ਵਿੱਚ ਇਹ ਇੱਕ ਤਰ੍ਹਾਂ ਦਾ ਕਮਾਨ ਸੌਂਪਣ ਦਾ ਪਲ਼ ਸੀ ਕਿਉਂਕਿ ਦੇਸ਼ਮੁਖ ਨੇ ਕੋਨੇਰੂ ਹੰਪੀ ਨੂੰ ਹਰਾਇਆ ਸੀ ਜੋ ਗ੍ਰੈਂਡਮਾਸਟਰ ਬਣਨ ਵਾਲੀ ਪਹਿਲੀ ਭਾਰਤੀ ਔਰਤ ਸੀ।

2005 ਵਿੱਚ ਭਾਰਤ ਦੇ ਪੱਛਮੀ ਸ਼ਹਿਰ ਨਾਗਪੁਰ ਵਿੱਚ ਜਨਮੀ ਦਿਵਿਆ ਦੇਸ਼ਮੁਖ ਨੇ ਪੰਜ ਸਾਲ ਦੀ ਛੋਟੀ ਉਮਰ ਤੋਂ ਹੀ ਸ਼ਤਰੰਜ ਖੇਡਣਾ ਸ਼ੁਰੂ ਕਰ ਦਿੱਤਾ ਸੀ। ਦੋ ਸਾਲਾਂ ਵਿੱਚ, ਉਹ ਅੰਡਰ-7 ਨੈਸ਼ਨਲ ਚੈਂਪੀਅਨ ਬਣ ਗਈ ਅਤੇ 2017 ਵਿੱਚ ਉਨ੍ਹਾਂ ਨੇ ਅੰਡਰ-12 ਕੁੜੀਆਂ ਦੇ ਵਰਗ ਵਿੱਚ ਵਰਲਡ ਯੂਥ ਸ਼ਤਰੰਜ ਚੈਂਪੀਅਨਸ਼ਿਪ ਦਾ ਟਾਈਟਲ ਜਿੱਤਿਆ।

2022 ਵਿੱਚ ਚੇਨੱਈ ਵਿੱਚ ਹੋਏ ਸ਼ਤਰੰਜ ਓਲੰਪਿਆਡ ਵਿੱਚ ਉਨ੍ਹਾਂ ਨੇ ਭਾਰਤ ਦੀ ਬ੍ਰਾਂਜ਼ ਜਿੱਤਣ ਵਾਲੀ ਟੀਮ ਵਿੱਚ ਮੁੱਖ ਭੂਮਿਕਾ ਨਿਭਾਈ। ਦੋ ਸਾਲ ਬਾਅਦ, ਵੱਡੀ ਸ਼ਾਨਦਾਰ ਪ੍ਰਾਪਤੀ ਦਾ ਸਮਾਂ ਆਇਆ ਜਦੋਂ ਉਨ੍ਹਾਂ ਨੇ ਵਿਅਕਤੀਗਤ ਸੋਨੇ ਦਾ ਮੈਡਲ ਜਿੱਤਿਆ ਅਤੇ ਉਸ ਟੀਮ ਦਾ ਵੀ ਹਿੱਸਾ ਸੀ, ਜੋ ਪੋਡੀਅਮ ਦੇ ਸਿਖ਼ਰ 'ਤੇ ਰਹੀ।

ਹਰਮਨਪ੍ਰੀਤ ਕੌਰ, ਕ੍ਰਿਕਟ

ਹਰਮਨਪ੍ਰੀਤ ਕੌਰ, ਕ੍ਰਿਕਟ

ਕਪਤਾਨ ਹਰਮਨਪ੍ਰੀਤ ਕੌਰ ਦੀ ਕਪਤਾਨੀ ਵਿੱਚ ਭਾਰਤੀ ਔਰਤਾਂ ਦੀ ਕ੍ਰਿਕਟ ਟੀਮ ਨੇ ਨਵੰਬਰ ਵਿੱਚ ਦੇਸ਼ ਲਈ ਪਹਿਲੀ ਵਾਰ ਆਈਸੀਸੀ ਵੂਮੇਨਜ਼ ਵਰਲਡ ਕੱਪ ਜਿੱਤਿਆ। ਘਰੇਲੂ ਮੈਦਾਨ 'ਤੇ ਖੇਡਦਿਆਂ, ਹਰਮਨਪ੍ਰੀਤ ਨੇ ਅਸਟ੍ਰੇਲੀਆ ਖ਼ਿਲਾਫ਼ ਸੈਮੀ-ਫਾਈਨਲ ਵਿੱਚ 88 ਗੇਂਦਾਂ ਵਿੱਚ 89 ਦੌੜਾਂ ਬਣਾਈਆਂ ਅਤੇ 339 ਦੇ ਉੱਚ ਟਾਰਗੇਟ ਦਾ ਪਿੱਛਾ ਕੀਤਾ।

2017 ਵਿੱਚ ਉਸੇ ਵਿਰੋਧੀ ਖ਼ਿਲਾਫ਼ ਹੋਰ ਵਰਲਡ ਕੱਪ ਸੈਮੀ-ਫਾਈਨਲ ਵਿੱਚ ਉਨ੍ਹਾਂ ਦੀ 171 ਨੌਟ ਆਊਟ ਦੀ ਇਨਿੰਗ ਨੂੰ ਔਰਤਾਂ ਦੀ ਕ੍ਰਿਕਟ ਦੀਆਂ ਮਹਾਨ ਇਨਿੰਗਜ਼ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

1989 ਵਿੱਚ ਜਦੋਂ ਉਹ ਉੱਤਰੀ ਭਾਰਤ ਦੇ ਪੰਜਾਬ ਸੂਬੇ ਵਿੱਚ ਖੇਡ ਨੂੰ ਪਿਆਰ ਕਰਨ ਵਾਲੇ ਮਾਪਿਆਂ ਦੇ ਘਰ ਜਨਮੀ ਤਾਂ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਇੱਕ ਟੀ-ਸ਼ਰਟ ਦਿੱਤੀ ਜਿਸ 'ਤੇ ਲਿਖਿਆ ਸੀ "ਗੁੱਡ ਬੈਟਿੰਗ"। ਉਹ ਇਸ ਭਵਿੱਖਬਾਣੀ 'ਤੇ ਖਰੀ ਉਤਰੀ ਅਤੇ 2009 ਵਿੱਚ ਡੈਬਿਊ ਕਰਨ ਤੋਂ ਬਾਅਦ ਭਾਰਤੀ ਟੀਮ ਵਿੱਚ ਬੈਟਿੰਗ ਲਈ ਮੁੱਖ ਚਿਹਰਾ ਬਣੀ।

ਉਹ ਟਾਈਮ ਮੈਗਜ਼ੀਨ ਦੀ 2023 ਦੀ ਟੌਪ 100 ਐਮਰਜਿੰਗ ਲੀਡਰਜ਼ ਅਤੇ ਬੀਬੀਸੀ ਦੀ 100 ਮੋਸਟ ਇੰਸਪਾਇਰਿੰਗ ਵੂਮੈਨ ਦੀ ਸੂਚੀ ਵਿੱਚ ਸ਼ਾਮਲ ਹੋਏ। 2017 ਵਿੱਚ ਉਨ੍ਹਾਂ ਨੂੰ ਅਰਜੁਨ ਐਵਾਰਡ ਵੀ ਦਿੱਤਾ ਗਿਆ, ਜੋ ਭਾਰਤ ਦਾ ਦੂਜਾ ਸਭ ਤੋਂ ਵੱਡਾ ਖੇਡ ਸਨਮਾਨ ਹੈ।

ਇਸ ਦੇ ਨਾਲ, ਵੂਮੈਨਜ਼ ਓਡੀਆਈ ਵਰਲਡ ਕੱਪ ਜਿੱਤਣ ਵਾਲੀ ਕਪਤਾਨ ਹਰਮਨਪ੍ਰੀਤ ਕੌਰ ਨੂੰ 2026 ਵਿੱਚ ਖੇਡਾਂ ਦੇ ਖੇਤਰ ਵਿੱਚ ਪਦਮ ਸ਼੍ਰੀ ਨਾਲ ਵੀ ਸਨਮਾਨਿਤ ਕੀਤਾ ਜਾਵੇਗਾ।

ਸਮ੍ਰਿਤੀ ਮੰਧਾਨਾ, ਕ੍ਰਿਕਟ

ਸਮ੍ਰਿਤੀ ਮੰਧਨਾ, ਕ੍ਰਿਕਟ

ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਉਪ-ਕਪਤਾਨ ਸਮ੍ਰਿਤੀ ਮੰਧਾਨਾ ਪਹਿਲਾਂ ਹੀ ਆਪਣੇ ਆਪ ਨੂੰ ਖੇਡ ਦੀਆਂ ਆਲ ਟਾਈਮ ਮਹਾਨ ਖਿਡਾਰਨਾਂ ਵਿੱਚ ਸ਼ਾਮਲ ਕਰਨ ਦਾ ਦਾਅਵਾ ਪੇਸ਼ ਕਰ ਰਹੀ ਹੈ।

29 ਸਾਲਾ ਖੱਬੇ ਹੱਥ ਦੀ ਬੱਲੇਬਾਜ਼ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸੈਂਕੜਿਆਂ ਦੀ ਗਿਣਤੀ ਦੇ ਹਿਸਾਬ ਨਾਲ ਦੂਜੇ ਸਥਾਨ 'ਤੇ ਹੈ ਅਤੇ ਮੌਜੂਦਾ ਖਿਡਾਰਨਾਂ ਵਿੱਚ ਤੀਜੀ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੀ ਖਿਡਾਰਨ ਹੈ।

ਮਹਾਰਾਸ਼ਟਰ ਦੇ ਪੱਛਮੀ ਭਾਰਤੀ ਸ਼ਹਿਰ ਸਾਂਗਲੀ ਵਿੱਚ ਜਨਮੀ ਮੰਧਾਨਾ ਨੂੰ ਕ੍ਰਿਕਟ ਲਈ ਪ੍ਰੇਰਣਾ ਆਪਣੇ ਪਿਤਾ ਅਤੇ ਭਰਾ ਤੋਂ ਮਿਲੀ, ਜੋ ਦੋਵੇਂ ਜ਼ਿਲ੍ਹਾ ਪੱਧਰ 'ਤੇ ਕ੍ਰਿਕਟ ਖੇਡ ਚੁੱਕੇ ਹਨ।

2013 ਵਿੱਚ ਇੱਕ ਜੋਨਲ ਅੰਡਰ-19 ਟੂਰਨਾਮੈਂਟ ਦੌਰਾਨ ਖੇਡਦਿਆਂ, ਉਹ ਘਰੇਲੂ ਇੱਕ ਰੋਜ਼ਾ ਮੈਚ ਵਿੱਚ ਡਬਲ ਸੈਂਕੜਾ ਬਣਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਬਣੀ।

ਪਿਛਲੇ ਸਾਲ ਸਤੰਬਰ ਵਿੱਚ ਉਨ੍ਹਾਂ ਨੇ ਆਸਟ੍ਰੇਲੀਆ ਖ਼ਿਲਾਫ਼ 50 ਗੇਂਦਾਂ ਵਿੱਚ ਸੈਂਕੜਾ ਬਣਾਇਆ, ਜੋ 50 ਓਵਰਾਂ ਦੇ ਕ੍ਰਿਕਟ ਵਿੱਚ ਕਿਸੇ ਵੀ ਭਾਰਤੀ ਵੱਲੋਂ ਬਣਾਇਆ ਗਿਆ ਸਭ ਤੋਂ ਵੱਡਾ ਸੈਂਕੜਾ ਸੀ, ਜਿਸ ਨਾਲ ਉਨ੍ਹਾਂ ਨੇ ਵਿਰਾਟ ਕੋਹਲੀ ਦਾ ਰਿਕਾਰਡ ਤੋੜ ਦਿੱਤਾ।

ਉਹ 2018 ਅਤੇ 2021 ਵਿੱਚ ਦੋ ਵਾਰ ਆਈਸੀਸੀ ਵੂਮੈਨਜ਼ ਕ੍ਰਿਕਟਰ ਆਫ਼ ਦਿ ਈਅਰ ਨਾਮਜ਼ਦ ਹੋਏ ਅਤੇ 2019 ਵਿੱਚ ਭਾਰਤ ਸਰਕਾਰ ਵੱਲੋਂ ਵੱਕਾਰੀ ਅਰਜੁਨ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ।

ਸੁਰੂਚੀ ਸਿੰਘ, ਸ਼ੂਟਰ

ਸੁਰੂਚੀ ਸਿੰਘ, ਸ਼ੂਟਰ

ਉੱਤਰੀ ਸੂਬੇ ਹਰਿਆਣਾ ਤੋਂ ਹੋਣ ਕਰਕੇ, ਜਿਸ ਦਾ ਨਿਸ਼ਾਨੇਬਾਜ਼ ਪੈਦਾ ਕਰਨ ਦਾ ਇੱਕ ਅਮੀਰ ਇਤਿਹਾਸ ਹੈ, ਸੁਰੂਚੀ 2024 ਵਿੱਚ ਸੁਰਖੀਆਂ ਵਿੱਚ ਆਈ, ਉਨ੍ਹਾਂ ਨੇ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਸੱਤ ਸੋਨ ਤਗਮੇ ਜਿੱਤੇ।

ਇੱਕ ਸਾਲ ਤੋਂ ਵੀ ਘੱਟ ਸਮੇਂ ਵਿੱਚ 19 ਸਾਲਾ ਸੁਰੂਚੀ ਨੇ ਸੀਨੀਅਰ ਅੰਤਰਰਾਸ਼ਟਰੀ ਪੱਧਰ 'ਤੇ ਆਪਣਾ ਡੈਬਿਊ ਕੀਤਾ ਅਤੇ ਜਲਦੀ ਹੀ ਵਿਸ਼ਵ ਪੱਧਰ 'ਤੇ ਆਪਣੀ ਮਜ਼ਬੂਤ ਪਛਾਣ ਬਣਾਈ।

2025 ਵਿੱਚ ਉਨ੍ਹਾਂ ਨੇ ਆਈਐੱਸਐੱਸਐੱਫ ਵਰਲਡ ਕੱਪ ਸੀਰੀਜ਼ ਦੌਰਾਨ ਬੁਐਨਸ ਆਇਰਸ, ਲੀਮਾ ਅਤੇ ਮਿਊਨਿਖ ਵਿੱਚ ਵਿਅਕਤੀਗਤ ਸੋਨੇ ਦੇ ਤਮਗੇ ਜਿੱਤੇ ਅਤੇ ਇੱਕ ਦੁਰਲਭ ਗੋਲਡਨ ਟ੍ਰੇਬਲ ਪੂਰਾ ਕੀਤਾ। ਲੀਮਾ ਵਿੱਚ ਉਨ੍ਹਾਂ ਨੇ ਮਿਕਸਡ ਟੀਮ ਇਵੈਂਟ ਵਿੱਚ ਵੀ ਸੋਨ ਤਮਗਾ ਜਿੱਤਿਆ।

ਕਜ਼ਾਕਿਸਤਾਨ ਵਿੱਚ ਹੋਈ ਏਸ਼ੀਆਈ ਸ਼ੂਟਿੰਗ ਚੈਂਪੀਅਨਸ਼ਿਪ 2025 ਦੌਰਾਨ ਉਨ੍ਹਾਂ ਨੇ ਮਨੂ ਭਾਕਰ ਅਤੇ ਪਲਕ ਗੁਲੀਆ ਦੇ ਨਾਲ ਮਿਲ ਕੇ ਮਹਿਲਾ ਟੀਮ ਮੁਕਾਬਲੇ ਵਿੱਚ ਕਾਂਸੀ ਦਾ ਤਮਗਾ ਜਿੱਤਿਆ।

ਸਤੰਬਰ ਵਿੱਚ ਉਹ ਇੰਟਰਨੈਸ਼ਨਲ ਸ਼ੂਟਿੰਗ ਸਪੋਰਟ ਫੈਡਰੇਸ਼ਨ ਦੀ 10 ਮੀਟਰ ਏਅਰ ਪਿਸਤੌਲ ਸ਼੍ਰੇਣੀ ਵਿੱਚ ਦੁਨੀਆ ਦੀ ਸਿਖ਼ਰਲੀ ਦਰਜੇ ਦੀ ਮਹਿਲਾ ਸ਼ੂਟਰ ਬਣ ਗਏ।

ਜਯੋਤੀ ਯਾਰਾਜੀ, ਐਥਲੀਟ

ਜਯੋਤੀ ਯਾਰਾਜੀ, ਐਥਲੀਟ

ਉਸ ਦੇਸ਼ ਵਿੱਚ ਜਿੱਥੇ ਉੱਚ ਪੱਧਰ 'ਤੇ ਟਰੈਕ ਅਤੇ ਫੀਲਡ ਮੁਕਾਬਲਿਆਂ ਵਿੱਚ ਉਪਲਬਧੀਆਂ ਕਦੇ-ਕਦਾਈ ਹੀ ਰਹੀਆਂ ਹਨ, ਜਯੋਤੀ ਯਾਰਾਜੀ 2024 ਪੈਰਿਸ ਓਲੰਪਿਕ ਖੇਡਾਂ ਵਿੱਚ 100 ਮੀਟਰ ਹਰਡਲਜ਼ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਭਾਰਤੀ ਮਹਿਲਾ ਬਣੇ।

ਹਰਡਲ ਪਾਰ ਕਰਨਾ ਦਰਅਸਲ ਜਯੋਤੀ ਲਈ ਕਦੇ ਵੀ ਮੁਸ਼ਕਲ ਨਹੀਂ ਰਿਹਾ ਕਿਉਂਕਿ 26 ਸਾਲਾ ਜਯੋਤੀ ਇੱਕ ਸੀਮਤ ਸਾਧਨਾਂ ਵਾਲੇ ਪਰਿਵਾਰ ਵਿੱਚ ਜੰਮੇ-ਪਲੇ ਹਨ, ਉਨ੍ਹਾਂ ਦੇ ਪਿਤਾ ਸੁਰੱਖਿਆ ਕਰਮੀ ਵਜੋਂ ਕੰਮ ਕਰਦੇ ਸਨ ਅਤੇ ਮਾਂ ਸੁਆਣੀ ਸੀ।

2022 ਵਿੱਚ ਉਨ੍ਹਾਂ ਨੇ 100 ਮੀਟਰ ਹਰਡਲਜ਼ ਵਿੱਚ 13.23 ਸਕਿੰਟ ਦਾ ਸਮਾਂ ਲਗਾ ਕੇ ਕੌਮੀ ਰਿਕਾਰਡ ਤੋੜਿਆ ਅਤੇ ਉਸ ਤੋਂ ਬਾਅਦ ਉਹ ਆਪਣੇ ਹੀ ਰਿਕਾਰਡ ਨੂੰ ਕਈ ਵਾਰ ਤੋੜਿਆ ਹੈ।

ਉਨ੍ਹਾਂ ਨੇ 2022 ਦੇ ਨੈਸ਼ਨਲ ਗੇਮਜ਼ ਵਿੱਚ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿੱਥੇ ਉਨ੍ਹਾਂ ਨੇ ਸਪ੍ਰਿੰਟ ਅਤੇ ਹਰਡਲ ਮੁਕਾਬਲਿਆਂ ਵਿੱਚ ਕਈ ਸੋਨੇ ਦੇ ਤਮਗੇ ਜਿੱਤੇ। ਇਸ ਤੋਂ ਇਲਾਵਾ ਉਨ੍ਹਾਂ ਨੇ ਵਰਲਡ ਯੂਨੀਵਰਸਿਟੀ ਗੇਮਜ਼ ਵਿੱਚ ਕਾਂਸੀ ਅਤੇ 2022 ਦੀਆਂ ਏਸ਼ੀਆਈ ਖੇਡਾਂ ਵਿੱਚ ਚਾਂਦੀ ਦਾ ਤਮਗਾ ਵੀ ਹਾਸਲ ਕੀਤਾ।

2023 ਵਿੱਚ ਜਯੋਤੀ ਨੇ ਏਸ਼ੀਆਈ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 60 ਮੀਟਰ ਹਰਡਲਜ਼ ਵਿੱਚ ਸੋਨੇ ਦਾ ਤਮਗਾ ਅਤੇ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਏਸ਼ੀਆ ਦੀ ਸਰਬਉੱਚ ਹਰਡਲਰ ਵਜੋਂ ਆਪਣੀ ਪਛਾਣ ਮਜ਼ਬੂਤ ਕੀਤੀ।

ਉਨ੍ਹਾਂ ਨੇ 2025 ਵਿੱਚ ਗੁਮੀ ਸ਼ਹਿਰ ਵਿੱਚ ਹੋਈ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ 100 ਮੀਟਰ ਹਰਡਲਜ਼ ਵਿੱਚ ਸੋਨੇ ਦਾ ਤਮਗਾ ਵੀ ਜਿੱਤਿਆ।

2024 ਵਿੱਚ ਉਨ੍ਹਾਂ ਨੂੰ ਵੱਕਾਰੀ ਅਰਜੁਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

ਬੀਬੀਸੀ ਇੰਡੀਅਨ ਸਪੋਰਟਸਵੂਮੈਨ ਆਫ਼ ਦਿ ਈਅਰ ਐਵਾਰਡ ਦੀ ਸਥਾਪਨਾ 2019 ਵਿੱਚ ਭਾਰਤ ਦੀਆਂ ਮਹਿਲਾ ਐਥਲੀਟਸ ਦੀਆਂ ਉਪਲਬਧੀਆਂ ਨੂੰ ਸਨਮਾਨਿਤ ਕਰਨ ਅਤੇ ਮਨਾਉਣ ਲਈ ਕੀਤੀ ਗਈ ਸੀ। ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਇਸ ਦਾ ਜੇਤੂ ਐਲਾਨਿਆ ਗਿਆ ਸੀ।

2020 ਦੇ ਐਡੀਸ਼ਨ ਦੇ ਜੇਤੂ ਵਿਸ਼ਵ ਸ਼ਤਰੰਜ ਚੈਂਪੀਅਨ ਕੋਨੇਰੂ ਹੰਪੀ ਰਹੇ, ਜਦਕਿ ਭਾਰ ਚੁੱਕਣ ਵਾਲੀ ਖਿਡਾਰਨ ਮਿਰਾਬਾਈ ਚਾਨੂ ਨੇ 2021 ਅਤੇ 2022 ਦੇ ਐਵਾਰਡ ਜਿੱਤੇ। ਸ਼ੂਟਰ ਮਨੂ ਭਾਕਰ 2024 ਦੀ ਜੇਤੂ ਰਹੀ।

ਐਥਲੀਟ ਪੀਟੀ ਊਸ਼ਾ ਅਤੇ ਅੰਜੂ ਬੌਬੀ ਜਾਰਜ, ਭਾਰ ਚੁੱਕਣ ਵਾਲੀ ਕਰਨਮ ਮੱਲੇਸ਼ਵਰੀ, ਹਾਕੀ ਖਿਡਾਰਨ ਪ੍ਰੀਤਮ ਸਿਵਾਚ ਅਤੇ ਕ੍ਰਿਕਟ ਖਿਡਾਰਨ ਮਿਤਾਲੀ ਰਾਜ ਲਾਈਫਟਾਈਮ ਅਚੀਵਮੈਂਟ ਐਵਾਰਡ ਦੀਆਂ ਪਿਛਲੀਆਂ ਜੇਤੂ ਰਹੀਆਂ ਹਨ।

ਟੇਬਲ ਟੈਨਿਸ ਖਿਡਾਰਨ ਭਾਵਿਨਾ ਪਟੇਲ ਅਤੇ ਸ਼ੂਟਰ ਅਵਨੀ ਲੇਖਰਾ ਨੂੰ ਬੀਬੀਸੀ ਇੰਡੀਅਨ ਪੈਰਾ-ਸਪੋਰਟਸਵੂਮੈਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਕ੍ਰਿਕਟਰ ਖਿਡਾਰਨ ਸ਼ੇਫਾਲੀ ਵਰਮਾ, ਸ਼ੂਟਰ ਮਨੂ ਭਾਕਰ ਅਤੇ ਤੀਰਅੰਦਾਜ਼ ਸ਼ੀਤਲ ਦੇਵੀ ਨੂੰ ਬੀਬੀਸੀ ਇਮਰਜਿੰਗ ਪਲੇਅਰ ਆਫ਼ ਦਿ ਈਅਰ ਐਵਾਰਡ ਮਿਲ ਚੁੱਕਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)