ਅੰਮ੍ਰਿਤਪਾਲ ਸਿੰਘ ਤੇ ਪੈਮ ਗੋਸਲ ਨੂੰ ਬ੍ਰਿਟੇਨ ’ਚ ਕਿਹੜੇ ਸਨਮਾਨ ਲਈ ਚੁਣਿਆ ਗਿਆ

ਨਵੇਂ ਸਾਲ ਮੌਕੇ ਬ੍ਰਿਟੇਨ ਵਿੱਚ ਸਨਮਾਨਿਤ ਕੀਤੀਆਂ ਜਾ ਰਹੀਆਂ ਸ਼ਖ਼ਸੀਅਤਾਂ ਦੀ ਸੂਚੀ ਵਿੱਚ ਦਸ ਤੋਂ ਵੱਧ ਸਿੱਖ ਵੀ ਸ਼ਾਮਲ ਹਨ।

ਪੇਸ਼ੇ ਵਜੋਂ ਡਾਕਟਰ ਅੰਮ੍ਰਿਤਪਾਲ ਸਿੰਘ ਹੰਗਿਨ ਨੂੰ ਨਾਈਟਹੁੱਡ ਦਾ ਖ਼ਿਤਾਬ ਦਿੱਤਾ ਗਿਆ ਹੈ।

ਇਸ ਦੇ ਨਾਲ ਹੀ ਸਕਾਟਲੈਂਡ ਦੀ ਪਾਰਲੀਮੈਂਟ ਦੇ ਮੈਂਬਰ ਹਨ ਪੈਮ ਗੋਸਲ ਨੂੰ ਵੀ ਐੱਮਬੀਈ (ਮੈਂਬਰ ਆਫ ਬ੍ਰਿਟਿਸ਼ ਓਰਡਰ) ਦਾ ਖ਼ਿਤਾਬ ਦਿੱਤਾ ਗਿਆ ਹੈ।

ਪੈਮ ਗੋਸਲ ਸਕਾਟਲੈਂਡ ਦੀ ਪਾਰਲੀਮੈਂਟ ਲਈ ਚੁਣੇ ਜਾਣ ਵਾਲੀ ਪਹਿਲੀ ਭਾਰਤੀ ਸਿੱਖ ਹੈ।

ਦਿਨੇਂਦਰਾ ਸਿੰਘ ਗਿੱਲ, ਜਸਦੀਪ ਹਰੀ ਭਜਨ ਸਿੰਘ ਖਾਲਸਾ, ਸਵਰਾਜ ਸਿੰਘ ਸ਼ੇਤਰਾ, ਨਿਰਮਲ ਸਿੰਘ, ਹਰਬਖ਼ਸ਼ ਸਿੰਘ ਗਰੇਵਾਲ, ਰਾਜਵਿੰਦਰ ਸਿੰਘ, ਸੁਖਦੇਵ ਸਿੰਘ ਫੁੱਲ, ਨਿਰਮਲ ਸਿੰਘ, ਤਜਿੰਦਰ ਕੌਰ ਬਨਵੈਤ ਅਤੇ ਸੰਦੀਪ ਕੌਰ ਦੇ ਨਾਂ ਵੀ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਸੂਚੀ ਵਿੱਚ ਸ਼ਾਮਲ ਹਨ।

ਯੂਕੇ ਦੇ ਕੈਬਿਨਟ ਦਫ਼ਤਰ ਦੇ ਮੁਤਾਬਕ ਕੁੱਲ 2399 ਸ਼ਖ਼ਸੀਅਤਾਂ ਦਾ 2023 ਵਿੱਚ ਸਨਮਾਨ ਕੀਤਾ ਗਿਆ।

ਖ਼ਬਰ ਏਜੰਸੀ ਪੀਟੀਆਈ ਮੁਤਾਬਕ ਬਲਦੇਵ ਪ੍ਰਕਾਸ਼ ਭਾਰਦਵਾਜ, ਦਿਪਾਂਕਰ ਦੱਤਾ, ਮੁਨੀਰ ਪਟੇਲ, ਸ਼ਰੀਤੀ ਪੱਟਾਨੀ, ਵੀਨਾਈ ਚੰਦਰਾ ਗੁਦੁਗੁਨਟਲਾ ਵੈਂਕਟੇਸ਼ਮ ਨੂੰ ਵੀ ਓਬੀਈ ਵਜੋਂ ਸਨਮਾਨ ਮਿਲਿਆ।

ਕਿਉਂ ਮਿਲਿਆ ਸਨਮਾਨ

ਇਨ੍ਹਾਂ ਸ਼ਖ਼ਸੀਅਤਾਂ ਨੂੰ ਯੂਕੇ ਵਿੱਚ ਰਹਿੰਦੇ ਲੋਕਾਂ ਦੀ ਭਲਾਈ ਅਤੇ ਵੱਖ-ਵੱਖ ਖੇਤਰਾਂ ਵਿੱਚ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾਉਣ ਲਈ ਸਨਮਾਨਿਤ ਕੀਤਾ ਗਿਆ ਹੈ।

ਪੈਮ ਗੋਸਲ ਨੂੰ ਵਪਾਰ ਅਤੇ ਜਿਨਸੀ ਸਮਾਨਤਾ ਲਈ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਦਗੀ ਦੇ ਸਭ ਤੋਂ ਵੱਡਾ ਸਨਮਾਨ ਹੈ।

ਉਨ੍ਹਾਂ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ ’ਤੇ ਪਾਈ ਪੋਸਟ ’ਚ ਲਿਖਿਆ, “ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਸਮਾਜ ਸੇਵਾ ਵਿੱਚ ਸਹਿਯੋਗ ਦੇਣ, ਵਪਾਰ ਨੂੰ ਵਧਾਉਣ ਅਤੇ ਜਿਨਸੀ ਸਮਾਨਤਾ ਲਿਆਉਣ ਪ੍ਰਤੀ ਕੰਮ ਕਰਨ ਲਈ ਮਦਦ ਕੀਤੀ।”

ਉਨ੍ਹਾਂ ਕਿਹਾ, “ਇਹ ਕਾਰਜ ਮੇਰੇ ਲਈ ਬਹੁਤ ਮਹੱਤਵਪੂਰਨ ਹਨ ਅਤੇ ਮੈਂ ਹਮੇਸ਼ਾ ਇਨ੍ਹਾਂ ਟੀਚਿਆਂ ਪ੍ਰਤੀ ਕਾਰਜਸ਼ੀਲ ਰਹਾਂਗੀ।”

ਪੈਮ ਗੋਸਲ ਨੇ ਮਈ 2021 ਵਿੱਚ ਸਕਾਟਲੈਂਡ ਦੀ ਪਾਰਲੀਮੈਂਟ ਵਿੱਚ ਆਪਣੇ ਅਹੁਦੇ ਦੀ ਸਹੁੰ ਚੁੱਕਣ ਤੋਂ ਪਹਿਲਾਂ ਜਪੁ ਜੀ ਸਾਹਿਬ ਦਾ ਪਾਠ ਵੀ ਕੀਤਾ ਸੀ।

ਉਹ ਕੰਜ਼ਰਵੇਟਿਵ ਪਾਰਟੀ ਵੱਲੋਂ ਪਾਰਲੀਮੈਂਟ ਮੈਂਬਰ ਹਨ।

ਅੰਮ੍ਰਿਤਪਾਲ ਸਿੰਘ ਨੂੰ ਮਿਲਿਆ 'ਨਾਈਟਹੁੱਡ'

ਡਾ ਅੰਮ੍ਰਿਤਪਾਲ ਨੂੰ ਡਾਕਟਰੀ ਖੇਤਰ ਵਿੱਚ 30 ਸਾਲ ਦਾ ਤਜਰਬਾ ਹੈ। ਉਨ੍ਹਾਂ ਨੇ ਡਾਕਟਰੀ ਦੇ ਖੇਤਰ ਵਿੱਚ ਖੋਜ ਵੀ ਕੀਤੀ ਹੈ।

ਉਨ੍ਹਾਂ ਨੇ ਨਿਊਕਾਸਲ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਹੈ।ਉਹ ਇਸ ਯੂਨੀਵਰਸਿਟੀ ਵਿੱਚ ਪ੍ਰਾਇਮਰੀ ਕੇਅਰ ਅਤੇ ਜਨਰਲ ਪ੍ਰੈਕਟਿਸ ਦੇ ਇਮੇਰਿਟਸ ਪ੍ਰੋਫ਼ੈਸਰ ਹਨ।

ਉਹ ਦਰਹਮ ਯੂਨੀਵਰਸਿਟੀ ਵਿੱਚ ਡੀਨ ਆਫ ਮੈਡੀਸਿਨ ਵੀ ਰਹੇ ਹਨ।

ਬ੍ਰਿਟਿਸ਼ ਮੈਡੀਕਲ ਐਸੋਸੀਏਸ਼ਨ ਦੀ 2017 ਵਿੱਚ ਪ੍ਰਧਾਨਗੀ ਤੋਂ ਬਾਅਦ ਉਹ ਰੋਇਲ ਮੈਡੀਕਲ ਬੈਨੇਵੋਲੈਂਟ ਫੰਡ ਦੇ ਟਰੱਸਟੀ ਅਤੇ ਖਜਾਨਚੀ ਵੀ ਰਹੇ ਸਨ॥

ਇਸ ਸਮੇਂ ਦੌਰਾਨ ਉਨ੍ਹਾਂ ਨੇ ਦਵਾਈ ਦੇ ਬਦਲਦੇ ਚਿਹਰੇ ਬਾਰੇ ਇੱਕ ਕਮਿਸ਼ਨ ਦੀ ਅਗਵਾਈ ਵੀ ਕੀਤੀ।

ਇਸ ਕਮਿਸ਼ਨ ਨੇ ਤੇਜ਼ੀ ਨਾਲ ਬਦਲੇ ਵਿਗਿਆਨਿਕ ਅਤੇ ਸਮਾਜਿਕ ਮਾਹੌਲ ਦੇ ਮੱਦੇਨਜ਼ਰ ਡਾਕਟਰੀ ਸੇਵਾਵਾਂ ਨੂੰ ਕੀ ਤਿਆਰੀ ਕਰਨੀ ਚਾਹੀਦੀ ਹੈ, ਉਸ ਬਾਰੇ ਵੀ ਕੰਮ ਕੀਤਾ।

ਪੀਟੀਆਈ ਮੁਤਾਬਕ ਡਾ ਚੰਦਰ ਮੋਹਨ ਕਾਨੇਗਾਂਟੀ ਨੂੂੰ ਡਾਕਟਰੀ ਪ੍ਰਤੀ ਆਪਣੀਆਂ ਸੇਵਾਵਾਂ ਲਈ ਅਤੇ ਇੰਪੀਰੀਅਲ ਕਾਲਜ ਲੰਡਨ ਵਿੱੱਚ ਸੀਨੀਅਰ ਕਲਿਨਿਕਲ ਫੈਲੋ ਡਾ ਮਾਲਾ ਰਾਓ ਨੂੰ ਵੀ ਸਰਕਾਰੀ ਵਿੱਚ ਯੋਗਦਾਨ ਲਈ ਸੀਬੀਈ (ਕਮਾਂਡਰ ਆਫ ਦ ਅਰਡਰ ਓਫ ਬ੍ਰਿਟਿਸ਼ ਓਰਡਰ) ਦਾ ਖ਼ਿਤਾਬ ਮਿਲਿਆ।

ਬਿਦੇਸ਼ ਸਰਕਾਰ ਵਪਾਰ ਮੰਤਰਾਲੇ ਦੇ ਸੀਐੱਫਓ ਹਨ। ਉਹਨਾਂ ਨੂੰ ਵੀ ਸੀਬੀਈ ਦਾ ਖ਼ਿਤਾਬ ਮਿਲਿਆ ਹੈ।

ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਕਿਹਾ, "ਇਹ ਸੂਚੀ ਨਿਸ਼ਕਾਮ ਤੌਰ 'ਤੇ ਸਮਾਜ ਵਿੱਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਦੇ ਕੰਮ ਨੂੰ ਦਰਸਾਉਂਦੀ ਹੈ।"

ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੂੰ ਇਹ ਸਨਮਾਨ ਮਿਲ ਰਿਹਾ ਹੈ, ਉਹ ਇਸ ਦੇਸ ਦਾ ਮਾਣ ਹਨ ਅਤੇ ਸਾਡੇ ਸਾਰਿਆ ਲਈ ਪ੍ਰੇਰਣਾ ਹਨ।

ਸਨਮਾਨ ਲਈ ਨਾਵਾਂ ਦੀ ਚੋਣ ਕਿਵੇਂ ਹੁੰਦੀ ਹੈ?

ਜਿਆਦਾਤਰ ਸਨਮਾਨਾਂ ਦਾ ਐਲਾਨ ਨਵੇਂ ਸਾਲ ਜਾਂ ਫਿਰ ਰਾਜੇ ਦੇ ਜਨਮ ਦਿਨ ਮੌਕੇ ਹੁੰਦਾ ਹੈ।

ਇਹ ਅਵਾਰਡ ਰਾਜੇ ਵੱਲੋਂ ਪ੍ਰਧਾਨ ਮੰਤਰੀ ਜਾਂ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਸਿਫਾਰਿਸ਼ ’ਤੇ ਦਿੱਤੇ ਜਾਂਦੇ ਹਨ।

ਜਨਤਾ ਦੇ ਨੁਮਾਇੰਦੇ ਵੀ ਐਵਾਰਡ ਲਈ ਲਿਖ ਸਕਦੇ ਹਨ। ਇਸ ਵਿੱਚ ਉਹ ਲੋਕ ਸ਼ਾਮਿਲ ਹੁੰਦੇ ਹਨ ਜਿਨ੍ਹਾਂ ਨੇ ਜਨਤਕ ਜੀਵਨ ਵਿੱਚ ਪ੍ਰਾਪਤੀਆਂ ਕੀਤੀਆਂ ਹਨ ਜਾਂ ਬ੍ਰਿਟੇਨ ਦੀ ਸੇਵਾ ਅਤੇ ਸਹਾਇਤਾ ਕਰਨ ਲਈ ਦ੍ਰਿੜ ਹੋਣ।

ਕਿਹੜੇ-ਕਿਹੜੇ ਸਨਮਾਨ ਦਿੱਤੇ ਜਾਂਦੇ ਹਨ?

ਨਾਈਟਸ ਅਤੇ ਡੈਮਜ਼: ਨਾਈਟਹੁੱਡ ਦਾ ਸਨਮਾਨ ਮੱਧਯੁੱਗੀ ਬਹਾਦਰੀ ਦੇ ਦਿਨਾਂ ਤੋਂ ਦਿੱਤਾ ਜਾਂਦਾ ਹੈ।

ਨਾਈਟ ਨੂੰ "ਸਰ" ਅਤੇ ਉਹਨਾਂ ਦੀਆਂ ਪਤਨੀਆਂ ਨੂੰ "ਲੇਡੀ" ਕਿਹਾ ਜਾਂਦਾ ਹੈ।

ਸਨਮਾਨ ਪ੍ਰਾਪਤ ਕਰਨ ਵਾਲੀਆਂ ਔਰਤਾਂ ਨੂੰ "ਡੇਮ" ਕਿਹਾ ਜਾਂਦਾ ਹੈ ਪਰ ਪ੍ਰਸ਼ੰਸਾ ਨਹੀਂ ਮਿਲਦੀ।

ਇਹ ਸਨਮਾਨ ਗਤੀਵਿਧੀ ਦੇ ਕਿਸੇ ਵੀ ਖੇਤਰ ਵਿੱਚ ਉੱਘੇ ਯੋਗਦਾਨ ਲਈ ਦਿੱਤਾ ਜਾਂਦਾ ਹੈ।

ਓਰਡਰ ਆਫ ਬ੍ਰਿਟਿਸ਼ ਅੰਪਾਇਅਰ: ਕਿੰਗ ਜਾਰਜ ਪੰਜਵੇਂ ਨੇ ਇਹ ਸਨਮਾਨ ਪਹਿਲੇ ਵਿਸ਼ਵ ਯੁੱਧ ਦੌਰਾਨ ਘਰੇਲੂ ਨਾਗਰਿਕਾਂ ਅਤੇ ਸਹਾਇਤਾ ਅਹੁਦਿਆਂ 'ਤੇ ਸੇਵਾ ਵਾਲੇ ਕਰਮਚਾਰੀਆਂ ਵੱਲੋਂ ਜੰਗ ਲਈ ਸੇਵਾਵਾਂ ਵਾਸਤੇ ਇਨਾਮ ਲਈ ਬਣਾਏ ਸਨ।

ਇਹਨਾਂ ਵਿੱਚ ਕਮਾਂਡਰ (ਸੀਬੀਈ), ਅਫ਼ਸਰ (ਓਬੀਈ), ਅਤੇ ਮੈਂਬਰ (ਐੱਮਬੀਆ) ਸ਼ਾਮਿਲ ਹਨ।

ਹੁਣ ਇਹ ਸਨਮਾਨ ਪ੍ਰਮੁੱਖ ਰਾਸ਼ਟਰੀ ਜਾਂ ਖੇਤਰੀ ਭੂਮਿਕਾਵਾਂ ਅਤੇ ਸਰਗਰਮੀ ਦੌਰਾਨ ਖਾਸ ਖੇਤਰਾਂ ਵਿੱਚ ਵਿਲੱਖਣ ਜਾਂ ਮਹੱਤਵਪੂਰਨ ਯੋਗਦਾਨ ਪਾਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ।

ਬ੍ਰਿਟਿਸ਼ ਸਾਮਰਾਜ ਮੈਡਲ: ਇਸ ਮੈਡਲ ਦੀ ਸਥਾਪਨਾ 1917 ਵਿੱਚ ਕੀਤੀ ਗਈ ਸੀ। ਇਹ ਨਾਗਰਿਕਾਂ ਜਾਂ ਫੌਜੀ ਕਰਮਚਾਰੀਆਂ ਵੱਲੋਂ "ਚੰਗੀਆਂ" ਕਾਰਵਾਈਆਂ ਲਈ ਦਿੱਤਾ ਜਾਂਦਾ ਸੀ।

ਕੰਜ਼ਰਵੇਟਿਵ ਪ੍ਰਧਾਨ ਮੰਤਰੀ ਜੌਹਨ ਮੇਜਰ ਨੇ 1993 ਵਿੱਚ ਇਸ ਨੂੰ ਰੱਦ ਕੀਤਾ ਸੀ ਪਰ ਬੀਈਐਮ ਸਾਲ 2012 ਵਿੱਚ ਮੁੜ ਸੁਰਜੀਤ ਕਰ ਦਿੱਤਾ ਗਿਆ ਸੀ।

ਰਾਇਲ ਵਿਕਟੋਰੀਅਨ ਮੈਡਲ: ਰਾਇਲ ਵਿਕਟੋਰੀਅਨ ਆਰਡਰ ਨਾਲ ਜੁੜਿਆ ਰਾਇਲ ਵਿਕਟੋਰੀਅਨ ਮੈਡਲ ਹੈ ਜਿਸ ਦੇ ਤਿੰਨ ਗ੍ਰੇਡ ਹਨ: ਸੋਨਾ, ਚਾਂਦੀ ਅਤੇ ਕਾਂਸੀ। ਸਰਕੂਲਰ ਮੈਡਲ ਆਰਡਰ ਦੇ ਰਿਬਨ ਨਾਲ ਜੁੜਿਆ ਹੋਇਆ ਹੈ।

ਰਾਇਲ ਰੈੱਡ ਕਰਾਸ: ਮਹਾਰਾਣੀ ਵਿਕਟੋਰੀਆ ਵੱਲੋਂ 1883 ਵਿੱਚ ਸਥਾਪਿਤ ਕੀਤਾ ਗਿਆ। ਇਹ ਪੁਰਸਕਾਰ ਨਰਸਿੰਗ ਸੇਵਾਵਾਂ ਤੱਕ ਸੀਮਤ ਹੈ।

ਕਿੰਗਜ਼ ਪੁਲਿਸ ਮੈਡਲ: ਪੁਲਿਸ ਫੋਰਸ ਵਿੱਚ ਸ਼ਾਨਦਾਰ ਸੇਵਾਵਾਂ ਲਈ ਸਨਮਾਨ ਦਿੱਤਾ ਜਾਂਦਾ ਹੈ।

ਕਿੰਗਜ਼ ਫਾਇਰ ਸਰਵਿਸ ਮੈਡਲ: ਇਹ ਫਾਇਰਫਾਈਟਰਜ਼ ਨੂੰ ਦਿੱਤਾ ਗਿਆ ਜਿਨ੍ਹਾਂ ਨੇ ਡਿਊਟੀ ਪ੍ਰਤੀ ਨਿਸ਼ਠਾ ਦਾ ਪ੍ਰਦਰਸ਼ਨ ਕੀਤਾ ਹੈ।

ਕਿੰਗਜ਼ ਐਂਬੂਲੈਂਸ ਸੇਵਾ ਮੈਡਲ: ਇਸ ਨਾਲ ਐਂਬੂਲੈਂਸ ਸੇਵਾ ਵਿੱਚ ਵਿਲੱਖਣ ਸੇਵਾ ਲਈ ਸਨਮਾਨਿਤ ਜਾਂਦਾ ਹੈ।

ਕੀ ਤੁਸੀਂ ਸਨਮਾਨ ਲੈਣ ਤੋਂ ਮਨਾ ਕਰ ਸਕਦੇ ਹੋ?

ਜਦੋਂ ਕਿਸੇ ਨੂੰ ਗੈਰ ਰਸਮੀ ਤੌਰ 'ਤੇ ਸਨਮਾਨ ਲਈ ਮਨਜ਼ੂਰੀ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਇੱਕ ਪੱਤਰ ਭੇਜਿਆ ਜਾਂਦਾ ਹੈ ਕਿ ਕੀ ਉਹ ਇਸ ਨੂੰ ਸਵੀਕਾਰ ਕਰਨਗੇ?

ਸਾਲ 1951 ਅਤੇ 1999 ਵਿਚਕਾਰ 277 ਲੋਕਾਂ ਨੇ ਸਨਮਾਨ ਠੁਕਰਾ ਦਿੱਤੇ ਸਨ। ਬਾਅਦ ਵਿੱਚ ਇਹਨਾਂ ਦੀ ਮੌਤ ਹੋ ਗਈ ਸੀ। ਇਹ ਜਾਣਕਾਰੀ ਬੀਬੀਸੀ ਦੀ ਸੂਚਨਾ ਦੀ ਆਜ਼ਾਦੀ ਤਹਿਤ ਜਨਤਕ ਕੀਤੀ ਗਈ ਸੀ।

ਇਹਨਾਂ ਵਿੱਚ ਲੇਖਕ ਰੋਲਡ ਡਾਹਲ, ਜੇਜੀ ਬੈਲਾਰਡ ਅਤੇ ਐਲਡੌਸ ਹਕਸਲੇ, ਚਿੱਤਰਕਾਰ ਫਰਾਂਸਿਸ ਬੇਕਨ, ਲੂਸੀਅਨ ਫਰਾਉਡ ਅਤੇ ਐਲਐਸ ਲੋਰੀ ਦੇ ਨਾਮ ਸ਼ਾਮਲ ਸਨ।

ਹੋਰ ਲੋਕ ਜਿਨ੍ਹਾਂ ਨੇ ਹਾਲ ਹੀ ਵਿੱਚ ਸਨਮਾਨ ਨੂੰ ਲੈਣ ਤੋਂ ਮਨਾ ਕੀਤਾ, ਉਹਨਾਂ ਵਿੱਚ ਡੇਵਿਡ ਬੋਵੀ, ਨਿਗੇਲਾ ਲਾਸਨ, ਡਾਨ ਫ੍ਰੈਂਚ ਅਤੇ ਜੈਨੀਫਰ ਸੌਂਡਰਸ ਸ਼ਾਮਲ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)