ਠੰਢ 'ਚ ਸਾਥੀ ਕਿਉਂ ਲੱਭਣ ਲੱਗਦੇ ਹਨ ਕੁਆਰੇ ਲੋਕ, ਕੀ ਇਹ ਸੱਚਮੁੱਚ ਰੋਮਾਂਸ ਦਾ ਮੌਸਮ ਹੈ, ਕੀ ਇਸ ਪਿੱਛੇ ਕੋਈ ਵਿਗਿਆਨ ਜੁੜਿਆ ਹੈ?

    • ਲੇਖਕ, ਮੌਲੀ ਗੋਰਮੈਨ
    • ਰੋਲ, ਬੀਬੀਸੀ ਪੱਤਰਕਾਰ

ਹਰ ਸਾਲ ਠੰਢ ਆਉਂਦਿਆਂ ਹੀ ਇੱਕ ਖ਼ਾਸ ਰੁਝਾਨ ਸ਼ੁਰੂ ਹੋ ਜਾਂਦਾ ਹੈ, ਜਿਸਨੂੰ ਅੱਜ ਦੀ ਡੇਟਿੰਗ ਦੁਨੀਆ ਵਿੱਚ 'ਕਫਿੰਗ ਸੀਜ਼ਨ' ਕਿਹਾ ਜਾਂਦਾ ਹੈ।

ਕਫ਼ਿੰਗ ਸੀਜ਼ਨ ਉਹ ਹੁੰਦਾ ਹੈ ਜਦੋਂ ਸਿੰਗਲ ਸਰਦੀਆਂ ਵਿੱਚ ਪਿਆਰ ਦੀ ਭਾਲ ਕਰਦੇ ਹਨ। ਪਰ ਕੀ ਇਸ ਪਿੱਛੇ ਕੋਈ ਵਿਗਿਆਨਕ ਆਧਾਰ ਹੈ?

ਮੈਂ ਪਹਿਲਾਂ ਹੀ ਦੱਸ ਦੇਵਾਂ ਕਿ ਮੈਂ ਕਿਸੇ ਵੀ ਤਰ੍ਹਾਂ ਦੇ ਅਣਉਚਿਤ ਵਿਵਹਾਰ ਨੂੰ ਉਤਸ਼ਾਹਿਤ ਨਹੀਂ ਕਰ ਰਹੀ ਹਾਂ। ਮੈਂ ਸਿਰਫ਼ 'ਕਫ਼ਿੰਗ ਸੀਜ਼ਨ' ਵਜੋਂ ਜਾਣੇ ਜਾਂਦੇ ਸੱਭਿਆਚਾਰ ਬਾਰੇ ਗੱਲ ਕਰ ਰਹੀ ਹਾਂ।

ਕੁਆਰੇ ਲੋਕ ਗਰਮੀਆਂ ਵਿੱਚ ਬਹੁਤ ਆਜ਼ਾਦੀ ਅਤੇ ਮੌਜ-ਮਸਤੀ ਨਾਲ ਜੀਉਂਦੇ ਹਨ, ਪਰ ਜਿਵੇਂ ਹੀ ਨਵੰਬਰ-ਦਸੰਬਰ ਆਉਂਦਾ ਹੈ, ਅਚਾਨਕ ਹਰ ਕਿਸੇ ਨੂੰ ਇੱਕ ਸਾਥੀ ਦੀ ਲੋੜ ਮਹਿਸੂਸ ਹੋਣ ਲੱਗਦੀ ਹੈ।

ਇਹ ਸੱਭਿਆਚਾਰ ਭਾਰਤੀ ਸਮਾਜ ਦੇ ਵਿਆਹਾਂ ਦੇ ਸੀਜ਼ਨ ਨਾਲ ਵੀ ਮੇਲ ਖਾਂਦਾ ਹੈ। ਅਕਸਰ ਸਿਆਲ ਨੂੰ 'ਵਿਆਹਾਂ ਦੀ ਰੁੱਤ' ਵੀ ਕਿਹਾ ਜਾਂਦਾ ਹੈ, ਪਰ ਬਹੁਤੇ ਵਿਆਹ ਸਿਆਲ ਵਿੱਚ ਹੀ ਕਿਉਂ ਹੁੰਦੇ ਹਨ ਕੀ ਇਸ ਪਿੱਛੇ ਕੋਈ ਮਨੋਵਿਗਿਆਨਕ ਕਾਰਨ ਹੈ।

ਹੋਰ ਦੇਸ਼ਾਂ ਵਿੱਚ ਵੀ ਕੁਝ ਅਜਿਹਾ ਹੀ ਰੁਝਾਨ ਹੈ ਕਿ ਮੌਸਮ ਵਿੱਚ ਲੋਕ ਬਹੁਤੇ ਜਾਣਬੁੱਝ ਕੇ ਰਿਲੇਸ਼ਨਸ਼ਿਪ ਭਾਲਦੇ ਹਨ।

ਇਸੇ ਨੂੰ ਕਫ਼ਿੰਗ ਸੀਜ਼ਨ ਕਿਹਾ ਜਾਂਦਾ ਹੈ, ਜਿਵੇਂ ਕਿ ਅਸਲ ਵਿੱਚ ਅੰਗਰੇਜ਼ੀ ਦੇ 'ਕਫ਼' ਸ਼ਬਦ ਦਾ ਅਰਥ ਹੈ ਹੱਥਾਂ 'ਤੇ ਹੱਥਕੜੀਆਂ ਅਤੇ ਹੁਣ ਇਸ ਤੋਂ ਬਚਣਾ ਮੁਸ਼ਕਲ ਹੈ। ਇਹ ਸ਼ਬਦ 2009 ਦੇ ਦੌਰ ਵਿੱਚ ਵਰਤਿਆ ਜਾਣ ਲੱਗਿਆ ਸੀ। 'ਹੱਥਕੜੀ ਲੱਗ ਗਈ' ਯਾਨੀ ਕੋਈ ਵਚਨਬੱਧ ਰਿਸ਼ਤੇ ਵਿੱਚ ਬੰਨ੍ਹਿਆ ਗਿਆ।

ਹੁਣ ਸਵਾਲ ਇਹ ਹੈ ਕਿ ਕੀ ਇਹ ਸਿਰਫ਼ ਇੱਕ ਮਜ਼ਾਕ ਹੈ, ਜਾਂ ਕੀ ਲੋਕ ਸੱਚਮੁੱਚ ਸਰਦੀਆਂ ਵਿੱਚ ਹੋਰ ਸਾਥੀ ਲੱਭਦੇ ਹਨ? ਜੇ ਅਜਿਹਾ ਹੈ, ਤਾਂ ਇਹ ਵਿਵਹਾਰ ਸਾਨੂੰ ਮਨੋਵਿਗਿਆਨ ਅਤੇ ਵਿਕਾਸਵਾਦੀ ਜੀਵ ਵਿਗਿਆਨ ਬਾਰੇ ਕੀ ਕੁਝ ਦੱਸਦਾ ਹੈ?

ਕੈਲੀਫੋਰਨੀਆ ਦੀ ਸੈਨ ਜੋਸ ਸਟੇਟ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਕ੍ਰਿਸਟੀਨ ਮਾ-ਕੇਲਮਜ਼ ਕਹਿੰਦੇ ਹਨ, "ਕਫ਼ਿੰਗ ਸੀਜ਼ਨ ਇਸ ਵਿਚਾਰ ਨੂੰ ਦਰਸਾਉਂਦਾ ਹੈ ਕਿ ਮਨੁੱਖੀ ਮਿਲਣ ਦਾ ਵਿਵਹਾਰ ਵੀ ਰੁੱਤਾਂ ਦੇ ਨਾਲ ਬਦਲਦਾ ਹੈ।"

ਛੁੱਟੀਆਂ ਅਤੇ ਰੋਮਾਂਸ ਵਿਚਕਾਰ ਸਬੰਧ

ਹਾਲਾਂਕਿ ਵਿਗਿਆਨੀ ਇਸ ਗੱਲ 'ਤੇ ਇਕਮੱਤ ਨਹੀਂ ਹਨ ਕਿ ਅਜਿਹਾ ਕਿਉਂ ਹੁੰਦਾ ਹੈ।

ਕ੍ਰਿਸਟੀਨ ਕਹਿੰਦੇ ਹਨ ਕਿ ਜੇ ਤੁਸੀਂ ਮੌਜੂਦਾ ਵਿਵਹਾਰ 'ਤੇ ਨਜ਼ਰ ਮਾਰੋ, ਤਾਂ 'ਪੋਰਨ, ਡੇਟਿੰਗ ਵੈੱਬਸਾਈਟਾਂ, ਇੱਥੋਂ ਤੱਕ ਕਿ ਸੈਕਸ ਵਰਕਰਾਂ ਬਾਰੇ ਸਰਚ ਸਾਲ ਵਿੱਚ ਦੋ ਵਾਰ ਸਿਖ਼ਰ 'ਤੇ ਹੁੰਦੀ ਹੈ, ਸਿਰਫ਼ ਸਰਦੀਆਂ ਵਿੱਚ ਹੀ ਨਹੀਂ ਸਗੋਂ ਗਰਮੀਆਂ ਵਿੱਚ ਵੀ।"

ਉਦਾਹਰਨ ਲਈ ਸੈਕਸ ਰੀਲੇਟਿਡ ਟਰਮਜ਼ ਲਈ ਇੰਟਰਨੈੱਟ ਸਰਚ ਬਾਰੇ 2012 ਦੇ ਇੱਕ ਅਧਿਐਨ ਵਿੱਚ ਸਾਹਮਣੇ ਆਇਆ ਕਿ ਛੇ ਮਹੀਨਿਆਂ ਦਾ ਇੱਕ ਸਾਈਕਲ ਸੀ, ਜੋ ਸਰਦੀਆਂ ਅਤੇ ਗਰਮੀਆਂ ਵਿੱਚ ਸਿਖਰ 'ਤੇ ਹੁੰਦਾ ਹੈ।

1990 ਦੇ ਦਹਾਕੇ ਵਿੱਚ ਇੱਕ ਹੋਰ ਅਧਿਐਨ ਵਿੱਚ ਇਹ ਨਿਰਧਾਰਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਕੀ ਰੁੱਤਾਂ ਦੇ ਨਾਲ ਜਿਨਸੀ ਮੂਡ ਵੀ ਬਦਲਦਾ ਹੈ।

ਖੋਜਕਰਤਾਵਾਂ ਨੇ ਚਾਰ ਕਾਰਕਾਂ 'ਤੇ ਵਿਚਾਰ ਕੀਤਾ, ਵਿਆਹ ਤੋਂ ਬਾਹਰ ਪੈਦਾ ਹੋਏ ਬੱਚਿਆਂ ਦੀ ਗਿਣਤੀ, ਗਰਭਪਾਤ ਦੀਆਂ ਘਟਨਾਵਾਂ, ਜਿਨਸੀ ਤੌਰ 'ਤੇ ਸੰਚਾਰਿਤ ਲਾਗਾਂ ਅਤੇ ਕੰਡੋਮ ਦੀ ਵਿਕਰੀ।

ਉਨ੍ਹਾਂ ਨੇ ਪਾਇਆ ਕਿ ਕ੍ਰਿਸਮਸ ਦੇ ਸਮੇਂ ਦੌਰਾਨ ਜਿਨਸੀ ਗਤੀਵਿਧੀਆਂ (ਅਤੇ ਅਸੁਰੱਖਿਅਤ ਸੈਕਸ) ਵਿੱਚ ਵਾਧਾ ਹੋਇਆ ਹੈ। ਹਾਲਾਂਕਿ, ਇਹ ਦਰਸਾਉਣ ਲਈ ਕੋਈ ਹਾਲੀਆ ਅਧਿਐਨ ਨਹੀਂ ਹਨ ਕਿ ਇਹ ਰੁਝਾਨ ਅਜੇ ਵੀ ਜਾਰੀ ਹੈ।

ਫਿਰ ਵੀ ਡੇਟਿੰਗ ਐਪਸ ਦੇ ਡੇਟਾ ਤੋਂ ਸਪੱਸ਼ਟ ਤੌਰ 'ਤੇ ਪਤਾ ਲੱਗਦਾ ਹੈ ਕਿ ਸਰਦੀਆਂ ਕਿਸੇ ਸਾਥੀ ਨਾਲ ਜੁੜਨ ਦਾ ਸਭ ਤੋਂ ਵੱਧ ਸੰਭਾਵਿਤ ਸਮਾਂ ਹੁੰਦਾ ਹੈ।

ਡੇਟਿੰਗ ਐਪ ਬੰਬਲ ਦੇ ਇੱਕ ਅਧਿਐਨ ਮੁਤਾਬਕ, ਸਵਾਈਪ ਕਰਨ ਦਾ ਸਭ ਤੋਂ ਜ਼ਿਆਦਾ ਸਮਾਂ ਨਵੰਬਰ ਦੇ ਅਖ਼ੀਰ ਤੋਂ ਫਰਵਰੀ ਦੇ ਮੱਧ ਤੱਕ ਹੁੰਦਾ ਹੈ ਜੋ ਕਿ ਵੈਲੇਨਟਾਈਨ ਡੇਅ ਬ੍ਰੇਕਅੱਪ ਲਈ ਬਿਲਕੁਲ ਸਹੀ ਸਮਾਂ ਹੈ।

ਖੋਜਕਰਤਾਵਾਂ ਮੁਤਾਬਕ, ਨਿਰਧਾਰਤ ਉਮੀਦਾਂ ਅਤੇ ਰਵਾਇਤੀ ਸਮਾਜਿਕ ਦਬਾਅ ਨਾਲ ਭਰਿਆ ਦਿਨ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਬਜਾਇ ਟੁੱਟਣ ਦਾ ਕਾਰਨ ਬਣ ਸਕਦਾ ਹੈ ।

ਜਸਟਿਨ ਗਾਰਸੀਆ ਕਿਨਸੇ ਇੰਸਟੀਚਿਊਟ ਦੇ ਕਾਰਜਕਾਰੀ ਨਿਰਦੇਸ਼ਕ ਹਨ। ਇਹ ਇੰਸਟੀਚਿਊਟ ਇੰਡੀਆਨਾ ਯੂਨੀਵਰਸਿਟੀ ਵਿੱਚ ਲਿੰਗਕਤਾ ਅਤੇ ਸਬੰਧਾਂ 'ਤੇ ਕੇਂਦਰਿਤ ਇੱਕ ਇੰਟਰ-ਡਿਸਪਲਨਰੀ ਖੋਜ ਦਾ ਕੇਂਦਰ ਹੈ।

ਉਨ੍ਹਾਂ ਨੇ ਕਿਤਾਬ ਦਿ ਇੰਟੀਮੇਟ ਐਨੀਮਲ ਵੀ ਲਿਖੀ ਹੈ।

ਉਹ ਕਹਿੰਦੇ ਹਨਸ "ਅਸੀਂ ਜਾਣਦੇ ਹਾਂ ਕਿ ਲੋਕ ਛੁੱਟੀਆਂ ਨੂੰ ਰੋਮਾਂਸ ਨਾਲ ਜੋੜਦੇ ਹਨ।"

ਗਾਰਸੀਆ ਡੇਟਿੰਗ ਵੈੱਬਸਾਈਟ ਮੈਚ.ਕਾਮ (Match.com) ਲਈ ਇੱਕ ਵਿਗਿਆਨਕ ਸਲਾਹਕਾਰ ਵੀ ਹੈ। ਉਹ ਕਹਿੰਦੇ ਹਨ, "ਔਨਲਾਈਨ ਡੇਟਿੰਗ ਇੱਕ ਸਾਲ ਭਰ ਦੀ ਗਤੀਵਿਧੀ ਹੈ। ਹਰ ਰੋਜ਼ ਲੱਖਾਂ ਸਵਾਈਪ ਕਰਦੇ ਹਨ ਅਤੇ ਮੈਸੇਜ ਭੇਜਦੇ ਹਨ, ਪਰ ਸਰਦੀਆਂ ਦੇ ਮਹੀਨਿਆਂ ਵਿੱਚ ਇਸ ਵਿੱਚ ਇੱਕ ਅਸਲ ਵਾਧਾ ਹੁੰਦਾ ਹੈ।"

ਖੈਰ, ਇਸ ਦੇ ਕਾਰਨ ਬਾਰੇ ਕਲਪਨਾ ਕਰਨਾ ਔਖਾ ਨਹੀਂ ਹੈ, ਸ਼ਾਇਦ ਇਸ ਲਈ ਕਿਉਂਕਿ ਤੁਸੀਂ ਘਰ ਵਿੱਚ ਹੀ ਸਮਾਂ ਬਿਤਾ ਰਹੇ ਹੋ, ਬਾਹਰ ਠੰਡ ਹੈ ਅਤੇ ਨਵੇਂ ਲੋਕਾਂ ਨੂੰ ਮਿਲਣ ਦਾ ਇੱਕੋ ਇੱਕ ਤਰੀਕਾ ਤੁਹਾਡਾ ਫ਼ੋਨ ਹੀ ਹੈ, ਇਸ ਲਈ ਤੁਹਾਨੂੰ ਸਵਾਈਪ ਕਰਦੇ ਸਮੇਂ ਕੋਈ ਨਾ ਕੋਈ ਜ਼ਰੂਰ ਮਿਲੇਗਾ।

ਇਸ ਮਾਮਲੇ ਵਿੱਚ ਮਨੁੱਖ ਮੌਕਾਪ੍ਰਸਤ ਹਨ

ਇਹ ਨਿਰਧਾਰਤ ਕਰਨ ਲਈ ਕਿ ਕੀ ਡੇਟਿੰਗ ਮੌਸਮੀ ਹੈ, ਅਸੀਂ ਆਪਣੇ ਸਭ ਤੋਂ ਨਜ਼ਦੀਕੀ ਜਾਨਵਰਾਂ ਵੱਲ ਦੇਖ ਸਕਦੇ ਹਾਂ। ਬਹੁਤ ਸਾਰੇ ਜਾਨਵਰ ਮੌਸਮੀ ਤੌਰ 'ਤੇ ਪ੍ਰਜਨਨ ਕਰਦੇ ਹਨ। ਕੀ ਮਨੁੱਖ ਵੀ ਇਸੇ ਤਰ੍ਹਾਂ ਬਦਲ ਗਏ ਹਨ?

ਇੰਡੀਆਨਾ ਯੂਨੀਵਰਸਿਟੀ ਵਿੱਚ ਜੀਵ ਵਿਗਿਆਨ ਦੇ ਸੀਨੀਅਰ ਵਿਗਿਆਨੀ ਅਤੇ ਪ੍ਰੋਫੈਸਰ ਰਹਿ ਚੁੱਕੇ ਸੂ ਕਾਰਟਰ ਕਹਿੰਦੇ ਹਨ, "ਕੁਝ ਪ੍ਰਜਾਤੀਆਂ ਅਜਿਹੀਆਂ ਹਨ ਜੋ ਮੌਸਮੀ ਤੌਰ 'ਤੇ ਪ੍ਰਜਨਨ ਕਰਦੀਆਂ ਹਨ, ਜਿਵੇਂ ਕਿ ਗਾਵਾਂ। ਉਨ੍ਹਾਂ ਦੇ ਗਰਭ ਦਾ ਸਮਾਂ ਲੰਬਾ ਹੁੰਦਾ ਹੈ, ਇਸ ਲਈ ਉਹ ਬਸੰਤ ਰੁੱਤ ਵਿੱਚ ਹੀ ਬੱਚੇ ਨੂੰ ਜਨਮ ਦਿੰਦੀਆਂ ਹਨ ਤਾਂ ਜੋ ਵੱਛੇ ਦੇ ਆਉਣ 'ਤੇ ਆਲੇ-ਦੁਆਲੇ ਕਾਫ਼ੀ ਤਾਜ਼ਾ ਅਤੇ ਹਰਾ ਘਾਹ ਹੋਵੇ।"

ਪੰਛੀ ਵੀ ਇਹੀ ਕਰਦੇ ਹਨ, ਪਰ ਕੀ ਇਨਸਾਨ ਵੀ ਇਹੀ ਕਰਦੇ ਹਨ?

ਸੂ ਕਾਰਟਰ ਕਹਿੰਦੇ ਹਨ, "ਇਨਸਾਨ ਆਪਣੇ ਸਮਾਜਿਕ ਅਤੇ ਜਿਨਸੀ ਵਿਵਹਾਰ ਵਿੱਚ ਮੌਕਾਪ੍ਰਸਤ ਹਨ। ਅਸੀਂ ਇਸ ਮਾਮਲੇ ਵਿੱਚ ਮੌਸਮੀ ਨਹੀਂ ਹਾਂ। ਜੇਕਰ ਸੈਕਸ ਕਰਨ ਦਾ ਮੌਕਾ ਦਿੱਤਾ ਜਾਵੇ, ਤਾਂ ਜ਼ਿਆਦਾਤਰ ਲੋਕ ਇਸਨੂੰ ਗੁਆਉਣਗੇ ਨਹੀਂ।"

ਜਨਮ ਦਰਾਂ ਵਿੱਚ ਮੌਸਮੀ ਉਤਰਾਅ-ਚੜ੍ਹਾਅ ਇਸ ਵਿਚਾਰ ਦਾ ਸਮਰਥਨ ਕਰਦੇ ਹਨ। ਅਮਰੀਕਾ ਵਿੱਚ ਸਭ ਤੋਂ ਵੱਧ ਬੱਚੇ ਸਤੰਬਰ ਵਿੱਚ ਪੈਦਾ ਹੁੰਦੇ ਹਨ ।

ਵੈਸਟ ਵਰਜੀਨੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਨਿਊਰੋਲੋਜੀਕਲ ਰਿਸਰਚ ਦੇ ਚੇਅਰ ਰੈਂਡੀ ਨੈਲਸਨ ਕਹਿੰਦੇ ਹਨ, "ਲੋਕ ਕਹਿੰਦੇ ਹਨ ਕਿ ਇਹ ਕ੍ਰਿਸਮਸ ਅਤੇ ਨਵੇਂ ਸਾਲ ਦੀਆਂ ਛੁੱਟੀਆਂ ਦੇ ਕਾਰਨ ਹੈ।"

ਪ੍ਰੋਫੈਸਰ ਨੈਲਸਨ ਕਹਿੰਦੇ ਹਨ, "ਮਨੁੱਖਾਂ ਵਿੱਚ ਕੋਈ ਪ੍ਰਜਨਨ ਸੀਜ਼ਨ ਨਹੀਂ ਹੁੰਦਾ ਜੋ ਸਿਰਫ਼ ਜੀਵ ਵਿਗਿਆਨ ਦੇ ਕਾਰਨ ਹੁੰਦਾ ਹੈ। ਕੋਈ ਵੀ ਵਾਧਾ ਜੋ ਹੁੰਦਾ ਹੈ ਉਹ ਹਮੇਸ਼ਾ ਸਮਾਜਿਕ ਜਾਂ ਸੱਭਿਆਚਾਰਕ ਕਾਰਨਾਂ ਕਰਕੇ ਹੁੰਦਾ ਹੈ।"

ਕਈ ਕਬਾਇਲੀ ਕਿਸਾਨ ਭਾਈਚਾਰਿਆਂ ਵਿੱਚ, ਸਭ ਤੋਂ ਵੱਧ ਬੱਚੇ ਵਾਢੀ ਤੋਂ ਠੀਕ ਨੌਂ ਮਹੀਨਿਆਂ ਬਾਅਦ ਪੈਦਾ ਹੁੰਦੇ ਹਨ।

ਖੋਜ ਦਰਸਾਉਂਦੀ ਹੈ ਕਿ ਯੂਕੇ ਵਰਗੇ ਠੰਡੇ ਮੌਸਮ ਵਿੱਚ ਸਰਦੀਆਂ ਦੌਰਾਨ ਲੋਕਾਂ ਦੀ ਮਾਨਸਿਕ ਸਿਹਤ ਵਿਗੜ ਜਾਂਦੀ ਹੈ । ਦਿਨ ਛੋਟੇ ਹੋ ਜਾਂਦੇ ਹਨ, ਧੁੱਪ ਘੱਟ ਹੁੰਦੀ ਹੈ ਅਤੇ ਬਹੁਤ ਠੰਡ ਹੁੰਦੀ ਹੈ, ਇਸ ਲਈ ਲੋਕ ਅਕਸਰ ਘਰ ਦੇ ਅੰਦਰ ਰਹਿੰਦੇ ਹਨ। ਇਸ ਨਾਲ ਇਕੱਲਤਾ ਅਤੇ ਉਦਾਸੀ ਵਧਦੀ ਹੈ।

ਧੁੱਪ ਦੀ ਘਾਟ ਸਾਡੇ ਦਿਮਾਗ ਵਿੱਚ ਸੇਰੋਟੋਨਿਨ ਦੇ ਉਤਪਾਦਨ ਨੂੰ ਵੀ ਘਟਾਉਂਦੀ ਹੈ ।

ਸੇਰੋਟੋਨਿਨ ਇੱਕ ਮੁੱਖ ਨਿਊਰੋਟ੍ਰਾਂਸਮੀਟਰ ਹੈ ਜੋ ਸਾਡੀ ਸਰਕੇਡੀਅਨ ਰਿਦਮ ਨੂੰ ਨਿਯੰਤ੍ਰਿਤ ਕਰਦਾ ਹੈ , ਇੱਕ ਸਿਹਤਮੰਦ ਨੀਂਦ ਅਤੇ ਜਾਗਣ ਦੇ ਚੱਕਰ ਨੂੰ ਠੀਕ ਰੱਖਦਾ ਹੈ ਅਤੇ ਮੂਡ ਨੂੰ ਬਿਹਤਰ ਰੱਖਦਾ ਹੈ।

ਜਦੋਂ ਸੇਰੋਟੋਨਿਨ ਦਾ ਪੱਧਰ ਘੱਟ ਹੁੰਦਾ ਹੈ ਤਾਂ ਸਰੀਰ ਅਤੇ ਮਨ ਦੋਵੇਂ ਸੁਸਤ ਹੋ ਜਾਂਦੇ ਹਨ। ਸੇਰੋਟੋਨਿਨ ਦੀ ਘਾਟ ਸਾਡੇ ਜੈਵਿਕ ਕਾਰਜਾਂ ਨੂੰ ਸਿੱਧਾ ਪ੍ਰਭਾਵਿਤ ਕਰਦੀ ਹੈ ।

ਡੇਟਿੰਗ ਸੱਭਿਆਚਾਰ ਵਿੱਚ ਬਦਲਾਅ

ਪ੍ਰੋਫੈਸਰ ਨੈਲਸਨ ਇਸਨੂੰ ਸਰਲਤਾ ਨਾਲ ਸਮਝਾਉਂਦੇ ਹਨ, "ਪਤਝੜ ਅਤੇ ਸਰਦੀਆਂ ਵਿੱਚ ਅਸੀਂ ਇੱਕ ਗੁਫ਼ਾ ਵਿੱਚ ਰਹਿ ਰਹੇ ਹੁੰਦੇ ਹਾਂ।"

"ਸਵੇਰੇ ਹਨੇਰੇ ਵਿੱਚ ਜਾਗਦੇ ਹਾਂ, ਸਾਰਾ ਦਿਨ ਨਕਲੀ ਰੌਸ਼ਨੀ ਵਿੱਚ ਕੰਮ ਕਰਦੇ ਹਾਂ ਅਤੇ ਫਿਰ ਸ਼ਾਮ ਨੂੰ ਹਨੇਰਾ ਢਲੇ ਹੀ ਘਰ ਵਾਪਸ ਆਉਂਦੇ ਹਾਂ। ਸਾਡੇ ਸਰੀਰ ਦੀ ਘੜੀ ਨੂੰ 24 ਘੰਟੇ ਸਹੀ ਢੰਗ ਨਾਲ ਕੰਮ ਕਰਨ ਲਈ ਚਮਕਦਾਰ ਧੁੱਪ ਦੀ ਲੋੜ ਹੁੰਦੀ ਹੈ, ਪਰ ਸਾਨੂੰ ਸਰਦੀਆਂ ਵਿੱਚ ਇਹ ਨਹੀਂ ਮਿਲਦੀ।"

ਸ਼ਾਇਦ ਇਸੇ ਲਈ ਲੋਕ ਚੰਗਾ ਮਹਿਸੂਸ ਕਰਨ ਦੇ ਤਰੀਕੇ ਲੱਭਦੇ ਹਨ। ਇਸੇ ਲਈ ਲੋਕ ਸਰਦੀਆਂ ਵਿੱਚ ਰੋਮਾਂਸ ਦੀ ਭਾਲ ਕਰਦੇ ਹਨ।

ਪ੍ਰੋਫੈਸਰ ਨੈਲਸਨ ਕਹਿੰਦੇ ਹਨ, "ਸਰੀਰ ਦੇ ਰੋਜ਼ਾਨਾ ਰਿਦ ਵਿੱਚ ਵਿਘਨ ਡਿਪਰੈਸ਼ਨ ਅਤੇ ਆਕਸੀਟੋਸਿਨ ਸਣੇ ਕੁਝ ਹਾਰਮੋਨਾਂ ਦੀ ਕਮੀ ਵਰਗੇ ਲੱਛਣਾਂ ਦਾ ਕਾਰਨ ਵੀ ਬਣ ਸਕਦਾ ਹੈ ਅਤੇ ਦਿਮਾਗ ਦੇ ਡੋਪਾਮਾਈਨ ਅਤੇ ਸੇਰੋਟੋਨਿਨ ਨਾਲ ਪਰਸਪਰ ਪ੍ਰਭਾਵ ਨੂੰ ਵੀ ਘਟਾਉਂਦਾ ਹੈ।"

"ਇਸ ਲਈ ਮੈਨੂੰ ਲੱਗਦਾ ਹੈ ਕਿ ਸਰਦੀਆਂ ਵਿੱਚ ਮਨ ਆਪਣੇ ਆਪ ਸੋਚਣਾ ਸ਼ੁਰੂ ਕਰ ਦਿੰਦਾ ਹੈ, 'ਮੈਨੂੰ ਕੁਝ ਡੋਪਾਮਾਈਨ ਦੀ ਲੋੜ ਹੈ, ਮੈਨੂੰ ਕੁਝ ਆਕਸੀਟੋਸਿਨ ਦੀ ਲੋੜ ਹੈ। ਸ਼ਾਇਦ ਇਹ ਵਿਅਕਤੀ ਮੈਨੂੰ ਇਹ ਦੇ ਸਕਦਾ ਹੈ।"

ਆਕਸੀਟੋਸਿਨ, ਜਿਸਨੂੰ ਪਿਆਰ ਦਾ ਹਾਰਮੋਨ ਵੀ ਕਿਹਾ ਜਾਂਦਾ ਹੈ ਕਿਉਂਕਿ ਇਹ ਮਾਪੇ ਬਣਨ ਸਮਾਜਿਕ ਬੰਧਨ ਅਤੇ ਤਣਾਅ ਘਟਾਉਣ ਵਿੱਚ ਯੋਗਦਾਨ ਪਾਉਂਦਾ ਹੈ, ਸਾਡੇ ਦਿਮਾਗ ਵਿੱਚ ਪਿਟਿਊਟਰੀ ਗਲੈਂਡ ਦੁਆਰਾ ਖੂਨ ਦੇ ਪ੍ਰਵਾਹ ਵਿੱਚ ਛੱਡਿਆ ਜਾਂਦਾ ਹੈ ਅਤੇ ਸਾਨੂੰ ਚੰਗਾ ਮਹਿਸੂਸ ਕਰਵਾਉਂਦਾ ਹੈ।

ਸੂ ਕਾਰਟਰ ਕਹਿੰਦੇ ਹਨ, "ਇਨਸਾਨ ਬੇਸ਼ੱਕ ਸਮਾਜਿਕ ਜੀਵ ਹਨ। ਅਸੀਂ ਪਿੰਡ ਬਣਾਉਂਦੇ ਹਾਂ, ਸ਼ਹਿਰ ਸਥਾਪਿਤ ਕਰਦੇ ਹਾਂ ਅਤੇ ਸਭਿਅਤਾ ਦੀ ਸਿਰਜਣਾ ਕਰਦੇ ਹਾਂ।"

"ਇਸਦੇ ਲਈ ਸਾਡੇ ਸਰੀਰਾਂ ਵਿੱਚ ਇੱਕ ਵਿਸ਼ੇਸ਼ ਪ੍ਰਣਾਲੀ ਹੈ। ਆਕਸੀਟੋਸਿਨ ਸਾਨੂੰ ਇੱਕ ਦੂਜੇ ਦੇ ਨੇੜੇ ਲਿਆਉਂਦਾ ਹੈ ਅਤੇ ਸਾਨੂੰ ਨੇੜੇ ਵੀ ਰੱਖਦਾ ਹੈ।"

ਸਰੀਰਕ ਛੋਹ , ਜਿਵੇਂ ਕਿ ਜੱਫੀ ਪਾਉਣਾ ਅਤੇ ਸੈਕਸ ਵੀ ਆਕਸੀਟੋਸਿਨ ਨੂੰ ਤੇਜ਼ੀ ਨਾਲ ਵਧਾਉਂਦੇ ਹਨ। ਇਸੇ ਲਈ ਪਹਿਲੀ ਵਾਰ ਪਿਆਰ ਜਾਂ ਹਨੀਮੂਨ ਦਾ ਪੜਾਅ ਬਹੁਤ ਵਧੀਆ ਮਹਿਸੂਸ ਹੁੰਦਾ ਹੈ।

ਸਰੀਰ ਦੀ ਗਰਮੀ ਵੀ ਇੱਕ ਭੂਮਿਕਾ ਨਿਭਾਉਂਦੀ ਹੈ। ਮਰਦਾਂ ਅਤੇ ਔਰਤਾਂ ਦੇ ਗਰਮੀ ਅਤੇ ਠੰਡ ਨੂੰ ਮਹਿਸੂਸ ਕਰਨ ਦੇ ਵੱਖੋ-ਵੱਖਰੇ ਤਰੀਕੇ ਹਨ।

ਔਰਤਾਂ ਦੇ ਸਰੀਰ ਵਿੱਚ ਚਮੜੀ ਅਤੇ ਮਾਸਪੇਸ਼ੀਆਂ ਦੇ ਵਿਚਕਾਰ ਜ਼ਿਆਦਾ ਚਰਬੀ ਹੁੰਦੀ ਹੈ, ਜਿਸ ਕਾਰਨ ਗਰਮੀ ਚਮੜੀ, ਹੱਥਾਂ, ਪੈਰਾਂ ਅਤੇ ਨੱਕ ਦੇ ਸਿਰੇ ਤੱਕ ਸਹੀ ਢੰਗ ਨਾਲ ਨਹੀਂ ਪਹੁੰਚ ਪਾਉਂਦੀ । ਨਾਲ ਹੀ, ਉਨ੍ਹਾਂ ਦਾ ਮੈਟਾਬੋਲਿਜ਼ਮ ਮਰਦਾਂ ਨਾਲੋਂ ਥੋੜ੍ਹਾ ਹੌਲੀ ਹੁੰਦਾ ਹੈ , ਜਿਸਦਾ ਮਤਲਬ ਹੈ ਕਿ ਸਰੀਰ ਘੱਟ ਗਰਮੀ ਪੈਦਾ ਕਰਦਾ ਹੈ।

ਨੈਲਸਨ ਕਹਿੰਦਾ ਹਨ, "ਤਾਂ ਸਰਦੀਆਂ ਵਿੱਚ ਇਹ ਹੁੰਦਾ ਹੈ ਕਿ ਮਨ ਸੋਚਦਾ ਹੈ ਕਿ ਮੈਨੂੰ ਆਪਣੇ ਹੱਥਾਂ ਅਤੇ ਪੈਰਾਂ ਨੂੰ ਗਰਮ ਕਰਨ ਲਈ ਕਿਸੇ ਦੀ ਲੋੜ ਹੈ। ਇਹ ਇੱਕ ਅਵਚੇਤਨ ਪ੍ਰਕਿਰਿਆ ਹੋ ਸਕਦੀ ਹੈ, ਪਰ ਇਹ ਹੋ ਸਕਦੀ ਹੈ।"

ਗਾਰਸੀਆ ਕਹਿੰਦੇ ਹਨ, "ਜੇ ਹੋਰ ਕੁਝ ਨਹੀਂ, ਤਾਂ ਕਫ਼ਿੰਗ ਸੀਜ਼ਨ ਸਾਡੀ ਮਨੁੱਖੀ ਰਿਸ਼ਤਿਆਂ ਬਾਰੇ ਸਮਝ ਪੈਦਾ ਕਰਦਾ ਹੈ।"

"ਖਾਸ ਕਰਕੇ ਛੁੱਟੀਆਂ ਦੌਰਾਨ, ਜਦੋਂ ਅਸੀਂ ਪਰਿਵਾਰ ਅਤੇ ਦੋਸਤਾਂ ਨਾਲ ਘਿਰੇ ਹੁੰਦੇ ਹਾਂ, ਇਹ ਸਾਨੂੰ ਰੁਕਣ ਅਤੇ ਸੋਚਣ ਦਾ ਸਮਾਂ ਦਿੰਦਾ ਹੈ, ਮੈਂ ਅਗਲੀ ਛੁੱਟੀ 'ਤੇ ਕਿਸ ਨਾਲ ਘਰ ਵਾਪਸ ਜਾਣਾ ਚਾਹੁੰਦਾ ਹਾਂ? ਮੈਨੂੰ ਕਿਹੋ ਜਿਹੇ ਇਨਸਾਨ ਦਾ ਸਾਥ ਚਾਹੀਦਾ ਹੈ?"

ਗਾਰਸੀਆ ਕਹਿੰਦੇ ਹਨ, "ਦੁਨੀਆਂ ਦੇ ਕਿਸੇ ਵੀ ਹੋਰ ਜੀਵਤ ਜੀਵ ਤੋਂ ਅਲੱਗ ਪਰਿਵਾਰ ਮਨੁੱਖੀ ਪਿਆਰ ਅਤੇ ਵਿਆਹ ਵਿੱਚ ਦਖਲਅੰਦਾਜ਼ੀ ਕਰਦਾ ਹੈ। ਪਰਿਵਾਰ ਵੱਲੋਂ ਦਬਾਅ ਹੁੰਦਾ ਹੈ ਭਾਵੇਂ ਇਸ ਬਾਰੇ ਖੁੱਲ੍ਹ ਕੇ ਨਾ ਵੀ ਕਿਹਾ ਜਾਵੇ।"

"ਜਦੋਂ ਅਸੀਂ ਆਪਣੇ ਅਜ਼ੀਜ਼ਾਂ ਵਿਚਕਾਰ ਹੁੰਦੇ ਹਾਂ, ਤਾਂ ਸਾਨੂੰ ਲਗਾਤਾਰ ਯਾਦ ਦਿਵਾਇਆ ਜਾਂਦਾ ਹੈ ਕਿ ਸਮਾਜ ਸਾਡੇ ਤੋਂ ਸਾਥੀ ਅਤੇ ਪਰਿਵਾਰ ਹੋਣ ਦੀ ਉਮੀਦ ਕਰਦਾ ਹੈ। ਇਹ ਕੁਝ ਅਜਿਹਾ ਹੈ ਜੋ ਸਿਰਫ਼ ਮਨੁੱਖੀ ਵਿਵਹਾਰ ਦਾ ਹੀ ਹਿੱਸਾ ਹੈ।"

ਤਾਂ, ਕੀ ਕਫਿੰਗ ਸੀਜ਼ਨ ਲਈ ਕੋਈ ਵਿਗਿਆਨਕ ਸਬੂਤ ਹੈ? ਮੈਂ ਪੂਰੀ ਤਰ੍ਹਾਂ ਸਹਿਮਤ ਨਹੀਂ ਹਾਂ। ਜਿਵੇਂ ਕਿ ਮਾਹਰਾਂ ਨੇ ਦੱਸਿਆ ਹੈ, ਮਨੁੱਖੀ ਜਿਨਸੀ ਵਿਵਹਾਰ ਮੌਸਮੀ ਨਹੀਂ ਹੁੰਦਾ। ਇਹ ਇੱਕ ਸਮਾਜਿਕ ਅਤੇ ਸੱਭਿਆਚਾਰਕ ਪੈਟਰਨ ਵਰਗਾ ਜਾਪਦਾ ਹੈ, ਜਿਵੇਂ ਕਿ ਪਰਿਵਾਰਕ ਦਬਾਅ, ਛੁੱਟੀਆਂ ਜਾਂ ਸਿਰਫ਼ ਠੰਡ ਵਿੱਚ ਨਿੱਘ ਲੱਭਣ ਦੀ ਲੋੜ।

ਹੁਣ , ਆਧੁਨਿਕ ਡੇਟਿੰਗ , ਖ਼ਾਸ ਕਰਕੇ ਜਨਰੇਸ਼ਨ ਜ਼ੈੱਡ ਅਤੇ ਮਿਲੇਨਿਯਲ ਰਿਸ਼ਤਿਆਂ ਦਾ ਮੁੜ ਮੁਲਾਂਕਣ ਕਰ ਰਹੇ ਹਨ।

ਰੁਝਾਨ ਆਉਂਦੇ-ਜਾਂਦੇ ਰਹਿੰਦੇ ਹਨ ਅਤੇ ਡੇਟਿੰਗ ਐਪਸ ਦਾ ਪਤਨ ਇਸਦੀ ਇੱਕ ਪ੍ਰਮੁੱਖ ਉਦਾਹਰਣ ਹੈ।

ਭਾਵੇਂ ਇਹ ਪਹਿਲਾਂ ਦਿਲਚਸਪ ਹੁੰਦਾ ਸੀ, ਪਰ ਹੁਣ ਤੁਹਾਡੇ ਸਥਾਨਕ ਖੇਤਰ ਵਿੱਚ ਸੈਂਕੜੇ ਪ੍ਰੋਫਾਈਲਾਂ 'ਤੇ ਸਵਾਈਪ ਕਰਨਾ ਇੱਕ ਥਕਾਵਟ ਭਰਿਆ ਅਨੁਭਵ ਬਣ ਗਿਆ ਹੈ।

2025 ਦੀਆਂ ਗਰਮੀਆਂ ਵਿੱਚ ਫੋਰਬਸ ਹੈਲਥ ਵੱਲੋਂ ਪ੍ਰਕਾਸ਼ਿਤ ਇੱਕ ਸਰਵੇਖਣ ਮੁਤਾਬਕ, ਅਮਰੀਕਾ ਵਿੱਚ 78 ਫ਼ੀਸਦ ਡੇਟਿੰਗ ਐਪ ਉਪਭੋਗਤਾ ਕਦੇ-ਕਦੇ, ਅਕਸਰ, ਜਾਂ ਹਮੇਸ਼ਾ ਭਾਵਨਾਤਮਕ, ਮਾਨਸਿਕ ਜਾਂ ਸਰੀਰਕ ਤੌਰ 'ਤੇ ਥੱਕੇ ਹੋਏ ਮਹਿਸੂਸ ਕਰਦੇ ਹਨ।

ਡੇਟਿੰਗ ਸੱਭਿਆਚਾਰ ਕਾਫ਼ੀ ਬਦਲ ਰਿਹਾ ਹੈ।

ਗਾਰਸੀਆ ਕਹਿੰਦੇ ਹਨ, "ਮੈਨੂੰ ਲੱਗਦਾ ਹੈ ਕਿ ਇੱਕ ਵੱਡਾ ਕਾਰਨ ਇਹ ਹੈ ਕਿ ਅੱਜਕੱਲ੍ਹ ਕਿਸੇ ਦੀ ਸਮਰੱਥਾ ਨੂੰ ਪੂਰਾ ਕਰਨ 'ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ।"

"ਨੌਜਵਾਨ ਖ਼ਾਸ ਕਰਕੇ ਸੋਚਦੇ ਹਨ ਕਿ ਉਨ੍ਹਾਂ ਨੂੰ ਆਪਣੇ ਆਪ ਨੂੰ ਠੀਕ ਕਰਨ, ਆਪਣਾ ਕਰੀਅਰ ਸਥਾਪਤ ਕਰਨ ਅਤੇ ਮਾਨਸਿਕ ਤੌਰ 'ਤੇ ਮਜ਼ਬੂਤ ਬਣਨ ਦੀ ਲੋੜ ਹੈ ਅਤੇ ਕੇਵਲ ਤਦ ਹੀ ਉਹ ਇੱਕ ਰਿਸ਼ਤੇ ਵਿੱਚ ਪ੍ਰਵੇਸ਼ ਕਰਨਗੇ।"

ਪਰ ਯਾਦ ਰੱਖੋ, ਮਨੁੱਖ ਸਮਾਜਿਕ ਜੀਵ ਹਨ ।

ਗਾਰਸੀਆ ਕਹਿੰਦੇ ਹਨ, "ਅਸੀਂ ਰਿਸ਼ਤਿਆਂ ਵਿੱਚ ਪਰਿਪੱਕ ਹੁੰਦੇ ਹਾਂ। ਅਸੀਂ ਗਲਤੀਆਂ ਕਰਦੇ ਹਾਂ, ਸਿੱਖਦੇ ਹਾਂ, ਅਤੇ ਸਮਝਦੇ ਹਾਂ ਕਿ ਅਸੀਂ ਕੌਣ ਹਾਂ ਅਤੇ ਸਾਨੂੰ ਕੀ ਚਾਹੀਦਾ ਹੈ। ਰਿਸ਼ਤੇ ਉਹ ਸਾਂਚਾ ਹਨ ਜਿਸ ਵਿੱਚ ਅਸੀਂ ਪਰਿਪੱਕ ਹੁੰਦੇ ਹਾਂ ਅਤੇ ਖਿੜਦੇ ਹਾਂ।"

ਤਾਂ ਸ਼ਾਇਦ ਹਰ ਕਿਸੇ ਨੂੰ ਕੋਈ ਨਾ ਕੋਈ ਮਿਲ ਹੀ ਜਾਵੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)