'ਘੱਟੋ-ਘੱਟ ਮਾਪਿਆਂ ਨੂੰ ਤਾਂ ਪਤਾ ਹੋਵੇ ਕਿ ਬੱਚੇ ਫੋਨ 'ਤੇ ਕੀ ਦੇਖਦੇ', ਗ਼ਾਜ਼ੀਆਬਾਦ 'ਚ ਤਿੰਨ ਨਾਬਾਲਗ਼ ਭੈਣਾਂ ਦੀ ਮੌਤ ਨੇ ਬੱਚਿਆਂ 'ਚ ਫੋਨ ਦੀ ਲਤ 'ਤੇ ਚਰਚਾ ਛੇੜੀ

- ਲੇਖਕ, ਸ਼ੁਭਾਂਗੀ ਮਿਸ਼ਰਾ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 6 ਮਿੰਟ
ਉੱਤਰ ਪ੍ਰਦੇਸ਼ ਦੇ ਗ਼ਾਜ਼ੀਆਬਾਦ ਦੀ ਇੱਕ ਰਿਹਾਇਸ਼ੀ ਸੁਸਾਇਟੀ ਵਿੱਚ ਤਿੰਨ ਨਾਬਾਲਗ਼ ਕੁੜੀਆਂ ਦੀ ਮੌਤ ਨੇ ਇੱਕ ਵਾਰ ਫਿਰ ਤਕਨਾਲੋਜੀ ਦੇ ਇਸ ਦੌਰ ਵਿੱਚ ਪਰਵਰਿਸ਼ ਨੂੰ ਲੈ ਕੇ ਬਹਿਸ ਤੇਜ਼ ਕਰ ਦਿੱਤੀ ਹੈ।
ਗ਼ਾਜ਼ੀਆਬਾਦ ਦੇ ਸ਼ਾਲੀਮਾਰ ਗਾਰਡਨ ਦੀ ਇਹ ਘਟਨਾ ਕਈ ਦਿਨਾਂ ਤੋਂ ਸੁਰਖ਼ੀਆਂ ਵਿੱਚ ਹੈ ਅਤੇ ਕਈ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ।
ਸ਼ਾਲੀਮਾਰ ਗਾਰਡਨ ਦੇ ਏਸੀਪੀ ਅਤੁਲ ਕੁਮਾਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ, "4 ਫਰਵਰੀ ਦੀ ਰਾਤ ਲਗਭਗ ਦੋ ਵਜੇ ਸੂਚਨਾ ਮਿਲੀ ਕਿ ਟੀਲਾ ਮੋੜ ਥਾਣਾ ਖੇਤਰ ਅਧੀਨ ਭਾਰਤ ਸਿਟੀ ਵਿੱਚ ਇੱਕ ਘਟਨਾ ਹੋਈ ਹੈ।"
"ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ। ਉੱਥੇ ਤਿੰਨਾਂ ਬੱਚੀਆਂ ਦੀ ਉੱਚੀ ਇਮਾਰਤ ਤੋਂ ਡਿੱਗਣ ਕਾਰਨ ਮੌਤ ਹੋ ਚੁੱਕੀ ਸੀ। ਉਨ੍ਹਾਂ ਨੂੰ 108 ਐਂਬੂਲੈਂਸ ਰਾਹੀਂ ਇੱਕ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਤਿੰਨਾਂ ਨੂੰ ਮ੍ਰਿਤ ਐਲਾਨ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।"
ਹਾਲਾਂਕਿ ਇਸ ਮਾਮਲੇ ਵਿੱਚ ਹੁਣ ਤੱਕ ਪੁਲਿਸ ਨੇ ਕੋਈ ਮੁਕੱਦਮਾ ਦਰਜ ਨਹੀਂ ਕੀਤਾ। ਪੁਲਿਸ ਮੁਤਾਬਕ ਇਨ੍ਹਾਂ ਕੁੜੀਆਂ ਤੋਂ ਉਨ੍ਹਾਂ ਦੇ ਫੋਨ ਖੋਹ ਲਏ ਗਏ ਸਨ।
ਟਰਾਂਸ ਹਿੰਡਨ ਗ਼ਾਜ਼ੀਆਬਾਦ ਦੇ ਡਿਪਟੀ ਕਮਿਸ਼ਨਰ ਨਿਮਿਸ਼ ਪਾਟਿਲ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ ਕਿ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਕੀ ਇਹ ਖੁਦਕੁਸ਼ੀ ਦਾ ਮਾਮਲਾ ਸੀ।
ਪੁਲਿਸ ਨੇ ਕੀ ਦੱਸਿਆ

ਤਸਵੀਰ ਸਰੋਤ, ANI
ਡਿਪਟੀ ਕਮਿਸ਼ਨਰ ਨਿਮਿਸ਼ ਪਾਟਿਲ ਦਾ ਕਹਿਣਾ ਹੈ, "ਪੁਲਿਸ ਨੇ ਹੁਣ ਤੱਕ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਨਹੀਂ ਕੀਤੀ। ਸ਼ੁਰੂਆਤੀ ਜਾਂਚ ਵਿੱਚ ਫੋਨ ਅਤੇ ਕੋਰੀਆਈ ਸੱਭਿਆਚਾਰ ਪ੍ਰਤੀ ਜਨੂੰਨ ਘਟਨਾ ਦਾ ਮੁੱਖ ਕਾਰਨ ਹੋ ਸਕਦੇ ਹਨ।"
"ਕੁੜੀਆਂ ਕੋਰੀਆਈ ਸੰਗੀਤ, ਡਰਾਮੇ, ਹਸਤੀਆਂ, ਜਪਾਨੀ ਫਿਲਮਾਂ ਅਤੇ 'ਡੋਰੇਮੋਨ' ਤੋਂ ਇਲਾਵਾ 'ਸ਼ਿਨ-ਚੈਨ' ਵਰਗੇ ਕਾਰਟੂਨ ਅਤੇ ਆਨਲਾਈਨ ਗੇਮਾਂ ਦੀਆਂ ਸ਼ੌਕੀਨ ਸਨ।"
"ਇਸ ਤੋਂ ਇਲਾਵਾ ਉਹ ਕੋਰੀਆਈ ਕਲਚਰ ਤੋਂ ਇਸ ਹਦ ਤੱਕ ਪ੍ਰਭਾਵਿਤ ਸਨ ਕਿ ਉਨ੍ਹਾਂ ਨੇ ਆਪਣੇ ਨਾਮ ਵੀ ਬਦਲ ਲਏ ਸਨ। ਹਾਲਾਂਕਿ 'ਬਲੂ ਵੇਲ' ਵਰਗੀ ਟਾਸਕ ਆਧਾਰਿਤ ਗੇਮ ਨੂੰ ਇਸ ਘਟਨਾ ਦਾ ਇਕੱਲਾ ਜਾਂ ਮੁੱਖ ਕਾਰਨ ਨਹੀਂ ਮੰਨਿਆ ਜਾ ਸਕਦਾ।"
ਪੋਸਟਮਾਰਟਮ ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਤਿੰਨਾਂ ਬੱਚੀਆਂ ਦੀ ਮੌਤ ਜ਼ਿਆਦਾ ਖੂਨ ਵਗਣ ਅਤੇ ਸੱਟਾਂ ਕਾਰਨ ਹੋਈ। ਉਚਾਈ ਤੋਂ ਡਿੱਗਣ ਨਾਲ ਕਈ ਹੱਡੀਆਂ ਟੁੱਟੀਆਂ ਹੋਈਆਂ ਸਨ।
ਨਿਮਿਸ਼ ਪਾਟਿਲ ਨੇ ਕਿਹਾ ਕਿ ਸੁਸਾਈਡ ਨੋਟ ਵਿੱਚ ਇੱਕ ਲਾਈਨ ਕੁੱਟਮਾਰ ਬਾਰੇ ਸੀ, ਪਰ ਪੋਸਟਮਾਰਟਮ ਰਿਪੋਰਟ ਵਿੱਚ ਅਜਿਹੀ ਕੋਈ ਸੱਟ ਨਹੀਂ ਮਿਲੀ।
ਉਨ੍ਹਾਂ ਦੱਸਿਆ, "ਪਰਿਵਾਰ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ ਅਤੇ ਘਰ ਵਿੱਚ ਕਲੇਸ਼ ਨੇ ਵੀ ਹਾਲਾਤ ਔਖੇ ਕਰ ਦਿੱਤੇ ਸਨ। ਕੋਵਿਡ ਤੋਂ ਬਾਅਦ ਪਰਿਵਾਰ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਅਤੇ ਕਾਫੀ ਕਰਜ਼ੇ ਵਿੱਚ ਡੁੱਬ ਗਿਆ। ਕੁਝ ਸਾਲ ਪਹਿਲਾਂ ਪਰਿਵਾਰ ਨੇ ਕੁੜੀਆਂ ਨੂੰ ਸਕੂਲੋਂ ਹਟਾ ਲਿਆ ਸੀ।"
ਉਨ੍ਹਾਂ ਕਿਹਾ, "ਘਰ ਵਿੱਚ ਝਗੜੇ ਵੀ ਹੁੰਦੇ ਰਹਿੰਦੇ ਸਨ। ਪਿਤਾ ਕੁੜੀਆਂ ਨਾਲ ਕਾਫੀ ਸਖ਼ਤੀ ਵਰਤਦੇ ਸਨ। ਪਹਿਲਾਂ ਇਨ੍ਹਾਂ ਕੋਲ ਦੋ ਮੋਬਾਈਲ ਸਨ, ਜੋ ਉਹ ਸਾਂਝੇ ਤੌਰ ਉੱਤੇ ਵਰਤਦੀਆਂ ਸਨ। ਆਰਥਿਕ ਦਬਾਅ ਕਾਰਨ ਪਿਤਾ ਨੇ ਛੇ ਮਹੀਨੇ ਪਹਿਲਾਂ ਇੱਕ ਮੋਬਾਈਲ ਵੇਚ ਦਿੱਤਾ। ਫਿਰ ਦੂਜਾ ਮੋਬਾਈਲ ਘਟਨਾ ਤੋਂ 10 ਤੋਂ 15 ਦਿਨ ਪਹਿਲਾਂ ਵੇਚ ਦਿੱਤਾ ਗਿਆ ਸੀ।"
ਬੱਚੀਆਂ ਦੇ ਪਿਤਾ ਅਤੇ ਸੁਸਾਇਟੀ ਦੇ ਲੋਕਾਂ ਨੇ ਕੀ ਕਿਹਾ

ਤਸਵੀਰ ਸਰੋਤ, AFP via Getty Images
ਜਦੋਂ ਆਰਥਿਕ ਤੰਗੀ ਬਾਰੇ ਮ੍ਰਿਤ ਕੁੜੀਆਂ ਦੇ ਪਿਤਾ ਚੇਤਨ ਕੁਮਾਰ ਤੋਂ ਪੱਤਰਕਾਰਾਂ ਨੇ ਸਵਾਲ ਪੁੱਛਿਆ ਤਾਂ ਉਨ੍ਹਾਂ ਕਿਹਾ, "ਮੈਨੂੰ 20 ਤੋਂ 30 ਲੱਖ ਰੁਪਏ ਦਾ ਨੁਕਸਾਨ ਜ਼ਰੂਰ ਹੋਇਆ ਸੀ, ਪਰ ਇਸ ਦਾ ਮਤਲਬ ਇਹ ਨਹੀਂ ਕਿ ਬੱਚੇ ਖੁਦਕੁਸ਼ੀ ਵਰਗਾ ਕਦਮ ਚੁੱਕ ਲੈਣ। ਬੱਚਿਆਂ ਨੇ ਆਪਣੇ ਨਾਮ ਤੱਕ ਬਦਲ ਲਏ ਸਨ।"
ਪੁਲਿਸ ਨੇ ਦੱਸਿਆ, "ਚੇਤਨ ਕੁਮਾਰ ਦੀਆਂ ਦੋ ਪਤਨੀਆਂ ਹਨ, ਜੋ ਆਪਸ ਵਿੱਚ ਸਕੀਆਂ ਭੈਣਾਂ ਹਨ। ਉਨ੍ਹਾਂ ਨਾਲ ਘਰ ਵਿੱਚ ਇੱਕ ਸਾਲੀ ਵੀ ਰਹਿੰਦੀ ਹੈ। ਦੋਵਾਂ ਪਤਨੀਆਂ ਤੋਂ ਉਨ੍ਹਾਂ ਦੇ ਕੁੱਲ ਪੰਜ ਬੱਚੇ ਹਨ।"
ਚੇਤਨ ਪੇਸ਼ੇ ਤੋਂ ਸਟਾਕ ਬ੍ਰੋਕਰ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, "ਧੀਆਂ ਕਹਿੰਦੀਆਂ ਸਨ ਕਿ ਪਾਪਾ ਅਸੀਂ ਕੋਰੀਆ ਜਾਵਾਂਗੇ। ਉਨ੍ਹਾਂ ਨੂੰ ਭਾਰਤੀ ਨਾਵਾਂ ਨਾਲ ਚਿੜ ਹੋਣ ਲੱਗੀ ਸੀ।"
ਬੀਬੀਸੀ ਨੇ ਸਥਾਨਕ ਲੋਕਾਂ ਨਾਲ ਗੱਲ ਕੀਤੀ ਤਾਂ ਪਤਾ ਲੱਗਿਆ ਕਿ ਸੁਸਾਇਟੀ ਵਿੱਚ ਇਨ੍ਹਾਂ ਬੱਚੀਆਂ ਦੇ ਘਰੋਂ ਦੋ ਮੰਜ਼ਿਲ ਹੇਠਾਂ ਰਹਿਣ ਵਾਲੇ ਆਰ ਕੇ ਸਿੰਘਾਨੀਆ ਦੀ ਉਸ ਰਾਤ ਇੱਕ ਧਮਾਕੇ ਵਰਗੀ ਆਵਾਜ਼ ਨਾਲ ਨੀਂਦ ਖੁੱਲ੍ਹੀ।
ਆਵਾਜ਼ ਸੁਣ ਕੇ ਸੁਸਾਇਟੀ ਦੇ ਲੋਕ ਘਰਾਂ ਤੋਂ ਬਾਹਰ ਆਏ ਅਤੇ ਵੇਖਿਆ ਕਿ ਜ਼ਮੀਨ 'ਤੇ ਤਿੰਨਾਂ ਬੱਚੀਆਂ ਦੀਆਂ ਲਾਸ਼ਾਂ ਪਈਆਂ ਸਨ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।
ਸੁਸਾਇਟੀ ਦੇ ਸਕੱਤਰ ਰਾਹੁਲ ਕੁਮਾਰ ਝਾ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ, "ਜਦੋਂ ਮੈਂ ਪ੍ਰਾਈਮਰੀ ਐਵੀਡੈਂਸ ਵਜੋਂ ਉੱਪਰ ਗਿਆ ਤਾਂ ਉਹ ਕਮਰਾ ਅੰਦਰੋਂ ਬੰਦ ਸੀ। ਇਸੇ ਕਮਰੇ ਤੋਂ ਕੁੜੀਆਂ ਦੇ ਛਾਲ ਮਾਰਨ ਦੀ ਗੱਲ ਕਹੀ ਜਾ ਰਹੀ ਹੈ। ਪੁਲਿਸ ਨੇ ਉਹ ਦਰਵਾਜ਼ਾ ਤੋੜਿਆ। ਅੰਦਰ ਫੈਮਿਲੀ ਦੀਆਂ ਤਸਵੀਰਾਂ ਫਰਸ਼ 'ਤੇ ਖਿਲਰੀਆਂ ਪਈਆਂ ਸਨ ਅਤੇ ਕਮਰੇ ਵਿੱਚ ਇੱਕ ਸੁਸਾਈਡ ਨੋਟ ਵੀ ਮਿਲਿਆ, ਜਿਸ 'ਚ 'ਸੌਰੀ ਪਾਪਾ' ਲਿਖਿਆ ਸੀ।"
ਇਸ ਘਟਨਾ ਤੋਂ ਬਾਅਦ ਬੱਚਿਆਂ ਵਿੱਚ ਫੋਨ ਦੀ ਆਦਤ ਨੂੰ ਲੈ ਕੇ ਫਿਰ ਚਰਚਾ ਤੇਜ਼ ਹੋ ਗਈ ਹੈ।
ਸੁਸਾਇਟੀ ਦੀ ਰਹਿਣ ਵਾਲੀ ਕੁਸੁਮ ਕਹਿੰਦੀ ਹੈ, "ਸਾਡੇ ਬੱਚੇ ਰਾਤ ਨੂੰ ਸੌਂ ਨਹੀਂ ਰਹੇ। ਉਹ ਬਹੁਤ ਡਰੇ ਹੋਏ ਹਨ। ਮੈਂ ਮੰਨਦੀ ਹਾਂ ਕਿ ਘੱਟੋ-ਘੱਟ ਮਾਂ-ਬਾਪ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਬੱਚੇ ਫੋਨ 'ਤੇ ਕੀ ਦੇਖ ਰਹੇ ਹਨ।"
ਇਸ ਦੇ ਨਾਲ ਹੀ ਸੁਸਾਇਟੀ ਵਿੱਚ ਰਹਿਣ ਵਾਲੇ ਲੋਕ ਫੋਨ ਮੈਨੇਜਮੈਂਟ ਅਤੇ ਕਾਊਂਸਲਿੰਗ ਬਾਰੇ ਵੀ ਵਿਚਾਰ-ਵਟਾਂਦਰਾ ਕਰਦੇ ਨਜ਼ਰ ਆਏ।
ਬੱਚਿਆਂ ਵਿੱਚ ਫੋਨ ਦੀ ਲਤ 'ਤੇ ਕਾਬੂ ਕਿਵੇਂ ਪਾਇਆ ਜਾਵੇ

ਬਾਲ ਮਨੋਵਿਗਿਆਨੀ ਨੀਲੇਸ਼ ਦੇਸਾਈ ਕਹਿੰਦੇ ਹਨ ਕਿ ਫੋਨ ਦੀ ਆਦਤ ਰਸਾਇਣਕ ਪਦਾਰਥਾਂ ਦੀ ਲਤ ਵਰਗੀ ਹੀ ਹੁੰਦੀ ਹੈ।
ਦੇਸਾਈ ਦੱਸਦੇ ਹਨ, "ਕਿਸ਼ੋਰ ਅਵਸਥਾ ਇੱਕ ਨਾਜ਼ੁਕ ਦੌਰ ਹੁੰਦਾ ਹੈ, ਜਿੱਥੇ ਬਦਲਦੇ ਸਮਾਜ ਨਾਲ ਟੈਕਨਾਲੋਜੀ ਦਾ ਦਬਾਅ ਵੀ ਵਧ ਰਿਹਾ ਹੈ। ਇਸ ਹਾਲਾਤ ਵਿੱਚ ਜਦੋਂ ਪਰਿਵਾਰ ਅਚਾਨਕ ਕਿਸੇ ਕਿਸ਼ੋਰ ਜਾਂ ਕਿਸ਼ੋਰੀ ਤੋਂ ਇੱਕਦਮ ਫੋਨ ਖੋਹ ਲੈਂਦਾ ਹੈ ਤਾਂ ਇੱਕ ਤਰ੍ਹਾਂ ਦੀ ਆਫ਼ਤ ਖੜ੍ਹੀ ਹੋ ਜਾਂਦੀ ਹੈ। ਬੱਚੇ ਲਈ ਇਹ ਕਿਸੇ ਰਸਾਇਣਕ ਨਸ਼ੇ ਤੋਂ ਘੱਟ ਨਹੀਂ ਹੁੰਦਾ।"
ਉਹ ਕਹਿੰਦੇ ਹਨ, "ਫੋਨ ਵਰਤੋਂ ਨਾਲ ਡੋਪਾਮਾਈਨ ਹਿੱਟ ਦਿੰਦਾ ਹੈ, ਜੋ ਖੁਸ਼ੀ ਦੇਣ ਵਾਲਾ ਹਾਰਮੋਨ ਹੈ। ਇਹ ਕਿਸੇ ਨਸ਼ੀਲੇ ਪਦਾਰਥ ਜਿੰਨਾ ਤਾਕਤਵਰ ਹੁੰਦਾ ਹੈ। ਜਦੋਂ ਮਾਂ-ਬਾਪ ਬੱਚਿਆਂ ਤੋਂ ਅਚਾਨਕ ਫੋਨ ਖੋਹ ਲੈਂਦੇ ਹਨ ਤਾਂ ਉਹ ਕੇਮਿਕਲ ਵਿਡਡ੍ਰੌਅਲ ਦੀ ਹਾਲਤ ਵਿੱਚ ਚਲੇ ਜਾਂਦੇ ਹਨ।"
ਦਿੱਲੀ ਦੀ ਮਨੋਵਿਗਿਆਨੀ ਡਾ. ਭਾਵਨਾ ਬਰਮੀ ਕਹਿੰਦੀ ਹੈ, "ਲੰਬੇ ਸਮੇਂ ਤੱਕ ਸਕੂਲ ਨਾ ਜਾਣਾ ਸਿਰਫ਼ ਪੜ੍ਹਾਈ ਛੁੱਟ ਜਾਣਾ ਨਹੀਂ ਹੁੰਦਾ। ਇਹ ਮਨੋਵਿਗਿਆਨਕ ਕਮਜ਼ੋਰੀਆਂ ਦੀ ਇੱਕ ਲੜੀ ਸ਼ੁਰੂ ਕਰ ਦਿੰਦਾ ਹੈ। ਸਕੂਲ ਕਿਸ਼ੋਰਾਂ ਦੇ ਸਿਹਤਮੰਦ ਵਿਕਾਸ ਲਈ ਸਿਰਫ਼ ਤੱਥ ਸਿੱਖਣ ਦੀ ਥਾਂ ਨਹੀਂ, ਸਗੋਂ ਇੱਕ ਮਹੱਤਵਪੂਰਨ ਢਾਂਚੇ ਵਜੋਂ ਕੰਮ ਕਰਦਾ ਹੈ।"
ਡਾ. ਭਾਵਨਾ ਕਹਿੰਦੇ ਹਨ, "ਮੈਂ ਕਈ ਕਿਸ਼ੋਰਾਂ ਅਤੇ ਪਰਿਵਾਰਾਂ ਨੂੰ ਸਲਾਹ ਦਿੱਤੀ ਹੈ, ਜਿੱਥੇ ਕੇ-ਪੌਪ, ਕੇ-ਡਰਾਮਾ, ਕੋਰੀਆਈ ਸੁੰਦਰਤਾ ਦੇ ਰੁਝਾਨ ਅਤੇ ਆਈਡਲਜ਼ ਪ੍ਰਤੀ ਤੇਜ਼ ਆਕਰਸ਼ਣ ਇੱਕ ਆਮ ਦਿਲਚਸਪੀ ਤੋਂ ਕਾਫੀ ਅੱਗੇ ਚਲਾ ਗਿਆ ਹੈ। ਬੇਅੰਤ ਕਨਟੈਂਟ ਅਤੇ ਏਆਈ ਚੈਟਬੋਟਸ ਨਾਲ ਰੋਲ-ਪਲੇ ਕਰਨਾ ਹੋਰ ਵੀ ਨੁਕਸਾਨਦਾਇਕ ਹੋ ਸਕਦਾ ਹੈ।"
ਉਹ ਦੱਸਦੇ ਹਨ, "ਜਦੋਂ ਬੱਚੇ ਅਲੱਗ-ਥਲੱਗ ਹੋ ਜਾਂਦੇ ਹਨ, ਜਿਵੇਂ ਸਾਲਾਂ ਤੱਕ ਸਕੂਲ ਨਾ ਜਾਣਾ, ਤਾਂ ਭੈਣ-ਭਰਾ ਇੱਕੋ ਜਿਹੇ ਕਨਟੈਂਟ ਨਾਲ ਗਹਿਰਾਈ ਨਾਲ ਜੁੜ ਜਾਂਦੇ ਹਨ। ਉਹ ਇਕੱਠੇ ਵੇਖਦੇ ਹਨ, ਚਰਚਾ ਕਰਦੇ ਹਨ ਅਤੇ ਸਾਂਝੀ ਕੋਰੀਆਈ ਪਛਾਂ ਬਣਾ ਲੈਂਦੇ ਹਨ। ਇਹ ਇੱਕ 'ਅਸੀਂ ਬਨਾਮ ਦੁਨੀਆ' ਵਾਲਾ ਬੁਲਬੁਲਾ ਬਣ ਜਾਂਦਾ ਹੈ, ਜਿੱਥੇ ਕਲਪਨਾ ਹੀ ਉਨ੍ਹਾਂ ਲਈ ਇਕੱਲੀ ਸੁਰੱਖਿਅਤ ਅਤੇ ਰੋਮਾਂਚਕ ਥਾਂ ਬਣ ਜਾਂਦੀ ਹੈ।"
ਦੋਵਾਂ ਮਨੋਵਿਗਿਆਨੀਆਂ ਦਾ ਕਹਿਣਾ ਹੈ ਕਿ ਅਜਿਹੀ ਸਥਿਤੀ ਵਿੱਚ ਮਾਪਿਆਂ ਨੂੰ ਘਬਰਾਉਣ ਦੀ ਲੋੜ ਨਹੀਂ।
ਮਾਪੇ ਬੱਚਿਆਂ ਦੀ ਫੋਨ ਆਦਤ 'ਤੇ ਕਾਬੂ ਪਾਉਣ ਲਈ ਇਹ ਕਦਮ ਚੁੱਕ ਸਕਦੇ ਹਨ।
ਖ਼ੁਦ ਫੋਨ ਦੀ ਵਰਤੋਂ ਘੱਟ ਕਰਨ ਅਤੇ ਬੱਚਿਆਂ ਲਈ ਰੋਲ ਮਾਡਲ ਬਣਨ। ਫੋਨ ਵਰਤਣ ਲਈ ਸਮੇਂ ਦੀ ਹੱਦ ਤੈਅ ਕਰਨ, ਦੱਸਣ ਕਿ ਉਹ ਦਿਨ ਵਿੱਚ ਕਿੰਨੇ ਘੰਟੇ ਫੋਨ ਜਾਂ ਆਈਪੈਡ ਵਰਤ ਸਕਦੇ ਹਨ
ਖੇਡਣ-ਕੁਦਣ ਵਰਗੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਅਤੇ ਬੱਚਿਆਂ ਨਾਲ ਗੱਲਬਾਤ ਜਾਰੀ ਰੱਖਣ
(ਬੀਬੀਸੀ ਹਿੰਦੀ ਦੀ ਟ੍ਰੇਨੀ ਸ਼ੁਭ ਰਾਣਾ ਦੀ ਵਾਧੂ ਰਿਪੋਰਟਿੰਗ ਨਾਲ)
(ਖੁਦਕੁਸ਼ੀ ਇੱਕ ਗੰਭੀਰ ਮਨੋਵਿਗਿਆਨਕ ਅਤੇ ਸਮਾਜਿਕ ਸਮੱਸਿਆ ਹੈ। ਜੇ ਤੁਸੀਂ ਵੀ ਤਣਾਅ ਵਿੱਚ ਹੋ ਤਾਂ ਭਾਰਤ ਸਰਕਾਰ ਦੀ ਜੀਵਨਸਾਥੀ ਹੈਲਪਲਾਈਨ 18002333330 'ਤੇ ਮਦਦ ਲੈ ਸਕਦੇ ਹੋ। ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਵੀ ਗੱਲ ਕਰਨੀ ਚਾਹੀਦੀ ਹੈ।)
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































