You’re viewing a text-only version of this website that uses less data. View the main version of the website including all images and videos.
ਹੋਲੀ ਖੇਡਣ ਤੋਂ ਬਾਅਦ ਰੰਗਾਂ ਨੂੰ ਚਿਹਰੇ ਤੋਂ ਹਟਾਉਣ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ
ਰੰਗਾਂ ਦਾ ਤਿਉਹਾਰ ਹੋਲੀ ਆ ਗਿਆ ਹੈ। ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਲੋਕੀ ਹੋਲੀ ਦਾ ਤਿਉਹਾਰ ਮਨਾਉਂਦੇ ਹਨ।
ਪਰ ਹੋਲੀ ਸਮੇਂ ਰੰਗਾਂ ਨਾਲ ਖੇਡਦਿਆਂ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਰੰਗਾਂ ਵਿੱਚ ਮੌਜੂਦ ਰਸਾਇਣ ਅੱਖਾਂ ਅਤੇ ਚਮੜੀ ਲਈ ਹਾਨੀਕਾਰਕ ਹੋ ਸਕਦੇ ਹਨ।
ਰੰਗਾਂ ਨਾਲ ਖੇਡਣ ਤੋਂ ਬਾਅਦ ਰੰਗਾਂ ਨੂੰ ਹਟਾਉਣ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਜੋ ਰੰਗਾਂ ਨੂੰ ਆਸਾਨੀ ਨਾਲ ਹਟਾਇਆ ਜਾ ਸਕੇ।
ਬੀਬੀਸੀ ਦੇ ਲਈ ਬੁਸ਼ਰਾ ਸ਼ੇਖ ਨੇ ਚਮੜੀ ਦੇ ਮਾਹਰ ਦੀਪਾਲੀ ਭਾਰਦਵਾਜ ਨਾਲ ਗੱਲ ਕੀਤੀ ਅਤੇ ਜ਼ਰੂਰੀ ਸਾਵਧਾਨੀਆਂ ਬਾਰੇ ਪੁੱਛਿਆ।
ਦੀਪਾਲੀ ਭਾਰਦਵਾਜ ਨੇ ਰੰਗਾਂ ਨਾਲ ਖੇਡਣ ਤੋਂ ਲੈ ਕੇ ਰੰਗਾਂ ਨੂੰ ਹਟਾਉਣ ਤੱਕ ਮਹੱਤਵਪੂਰਨ ਸੁਝਾਅ ਦਿੱਤੇ ਹਨ।
ਇਨ੍ਹਾਂ ਸੁਝਾਵਾਂ ਦੀ ਮਦਦ ਨਾਲ, ਤੁਸੀਂ ਸੁਰੱਖਿਅਤ ਢੰਗ ਨਾਲ ਹੋਲੀ ਦਾ ਤਿਓਹਾਰ ਮਨਾ ਸਕਦੇ ਹੋ।
ਹੋਲੀ ਖੇਡਣ ਤੋਂ ਪਹਿਲਾਂ ਸਾਵਧਾਨੀਆਂ
- ਹੋਲੀ ਖੇਡਣ ਤੋਂ ਪਹਿਲਾਂ, ਸਿਰ ਤੋਂ ਪੈਰਾਂ ਤੱਕ ਤੇਲ ਲਗਾਉਣਾ ਚਾਹੀਦਾ ਹੈ। ਆਪਣੇ ਵਾਲਾਂ ਨੂੰ ਵੀ ਤੇਲ ਲਗਾਓ। ਇੱਕ ਦਿਨ ਪਹਿਲਾਂ ਵਾਲ ਧੋਣ ਦੀ ਕੋਈ ਲੋੜ ਨਹੀਂ ਹੈ।
- ਜੇਕਰ ਤੁਹਾਡੇ ਸਰੀਰ 'ਤੇ ਕੋਈ ਸੱਟ ਲੱਗੀ ਹੈ, ਤਾਂ ਉੱਥੇ ਪੱਟੀ ਬੰਨ੍ਹੋ ਜਾ ਬੈਡੇਜ਼ ਲਗਾਓ ਅਤੇ ਜੇਕਰ ਸਰੀਰ 'ਤੇ ਕੱਟ ਲੱਗੇ ਹੋਣ ਤਾਂ ਉਨ੍ਹਾਂ 'ਤੇ ਟੇਪ ਲਗਾਓ। ਇਸ ਨਾਲ ਅਜਿਹੀ ਜਗਾ 'ਤੇ ਰੰਗਾਂ ਦਾ ਹਾਨੀਕਾਰਕ ਪ੍ਰਭਾਵ ਨਹੀਂ ਪੈਂਦਾ ਭਾਵੇਂ ਤੁਸੀਂ ਜੈਵਿਕ ਰੰਗਾਂ ਨਾਲ ਵੀ ਹੋਲੀ ਖੇਡ ਰਹੇ ਹੋਵੋ, ਇਹ ਸਾਵਧਾਨੀ ਜ਼ਰੂਰ ਰੱਖੋਂ।
- ਜੇਕਰ ਤੁਹਾਡੇ ਚਿਹਰੇ 'ਤੇ ਦਾਣੇ ਜਾਂ ਮੁਹਾਸੇ ਹਨ ਜਾਂ ਕਿਤੇ ਕੋਈ ਹੋਰ ਬਿਮਾਰੀ ਜਾਂ ਫੋੜਾ, ਐਗਜ਼ੀਮਾ ਹੈ ਅਤੇ ਤੁਸੀਂ ਦਵਾਈ ਲਗਾਉਂਦੇ ਹੋ ਤਾਂ ਦਵਾਈ ਲਗਾਉਣ ਤੋਂ ਬਾਅਦ ਤੇਲ ਲਗਾਓ।
- ਹੋਲੀ ਖੇਡਣ ਤੋਂ ਪਹਿਲਾਂ ਔਰਤਾਂ ਜਾਂ ਕੁੜੀਆਂ ਨੂੰ ਆਪਣੇ ਨਹੁੰਆਂ 'ਤੇ ਗੂੜ੍ਹੇ ਰੰਗ ਦੀ ਨੇਲ ਪਾਲਿਸ਼ ਲਗਾਉਣੀ ਚਾਹੀਦੀ ਹੈ ਤਾਂ ਜੋ ਰੰਗ ਨਹੂੰ ਵਿੱਚ ਨਾ ਜਾਵੇ।
- ਰੰਗ ਖੇਡਣ ਤੋਂ ਪਹਿਲਾਂ, ਮਰਦਾਂ ਅਤੇ ਔਰਤਾਂ ਦੋਵਾਂ ਨੂੰ ਸਨਸਕ੍ਰੀਨ ਲਗਾਉਣੀ ਚਾਹੀਦੀ ਹੈ ਅਤੇ ਫਿਰ ਤੇਲ ਲਗਾਉਣਾ ਚਾਹੀਦਾ ਹੈ।
ਰੰਗ ਖੇਡਦੇ ਸਮੇਂ ਕੀ ਕਰਨਾ ਹੈ
ਹੋਲੀ ਸਮੇਂ ਐਨਕ ਲਗਾ ਕੇ ਰੱਖਣਾ ਬਿਹਤਰ ਹੋ ਸਕਦਾ ਹੈ। ਐਨਕਾਂ ਲਗਾਉਣ ਨਾਲ ਰੰਗ ਅੱਖਾਂ ਦੇ ਨਜ਼ਦੀਕ ਤੱਕ ਨਹੀਂ ਪਹੁੰਚੇਗਾ ਅਤੇ ਕੋਈ ਨੁਕਸਾਨ ਨਹੀਂ ਪਹੁੰਚਾਏਗਾ।
ਹੋਲੀ ਖੇਡਣ ਲਈ ਸਾਧਾਰਨ ਸੂਤੀ ਕੱਪੜੇ ਪਾਓ। ਜੇਕਰ ਹੋ ਸਕੇ ਤਾਂ ਪੁਰਾਣੇ ਕੱਪੜੇ ਪਾਓ ਜੋਂ ਫਿਰ ਕਦੇ ਨਾ ਵਰਤਣੇ ਹੋਣ।
ਇਨ੍ਹਾਂ ਸਾਰੀਆਂ ਸਾਵਧਾਨੀਆਂ ਵਰਤਣ ਤੋਂ ਬਾਅਦ ਵੀ ਹੋ ਸਕਦਾ ਹੈ ਕਿ ਵਿਅਕਤੀ ਗਲਤ ਰੰਗ ਲੈ ਕੇ ਆਇਆ ਹੋਵੇ ਅਤੇ ਜਿਵੇਂ ਹੀ ਉਹ ਘਰ ਪਹੁੰਚੇ ਜਾਂ ਰੰਗ ਲਗਾਵੇ, ਉਸਨੂੰ ਐਲਰਜੀ ਦੀ ਸ਼ਿਕਾਇਤ ਹੋ ਜਾਵੇ।
ਅਜਿਹੇ ਹਾਲ ਵਿੱਚ ਉਸ ਥਾਂ ਨੂੰ ਤੁਰੰਤ ਪਾਣੀ ਨਾਲ ਧੋ ਲਓ, ਤੁਸੀਂ ਉੱਥੇ ਬਰਫ਼ ਜਾਂ ਦਹੀਂ ਪਾ ਸਕਦੇ ਹੋ, ਐਲੋਵੇਰਾ ਜੈੱਲ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ।
ਜੇਕਰ ਰੰਗ ਸਥਾਈ ਹੈ ਤਾਂ ਇਸ ਤੋਂ ਕਿਵੇਂ ਛੁਟਕਾਰਾ ਪਾਉਣਾ ਹੈ
ਇਹਨਾਂ ਸਾਰੇ ਉਪਾਵਾਂ ਨੂੰ ਅਜ਼ਮਾਉਣ ਤੋਂ ਬਾਅਦ ਵੀ, ਇਹ ਸੰਭਵ ਹੈ ਕਿ ਤੁਹਾਨੂੰ ਹੋਲੀ 'ਤੇ ਸਥਾਈ ਰੰਗ ਲੱਗ ਜਾਵੇ ਜੋ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਵੀ ਨਹੀਂ ਜਾਂਦਾ, ਫਿਰ ਤੁਹਾਨੂੰ ਕੀ ਕਰਨਾ ਚਾਹੀਦਾ ਹੈ?
ਸਥਾਈ ਰੰਗ ਲਗਣ ਉਪਰੰਤ, ਇਸਨੂੰ ਹਟਾਉਂਦੇ ਸਮੇਂ ਚਮੜੀ ਨੂੰ ਲੰਬੇ ਸਮੇਂ ਤੱਕ ਨਹੀਂ ਰਗੜਨਾ ਚਾਹੀਦਾ। 10-15 ਮਿੰਟ ਲਈ ਕੋਸ਼ਿਸ਼ ਕਰੋ ਅਤੇ ਨਹਾਉਣ ਤੋਂ ਬਾਅਦ ਦਹੀਂ ਜਾਂ ਐਲੋਵੇਰਾ ਜੈੱਲ ਲਗਾਓ।
ਇਸ ਤੋਂ ਬਾਅਦ ਵੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਚਿਹਰੇ 'ਤੇ ਅਜੇ ਵੀ ਰੰਗ ਬਚਿਆ ਹੈ ਤਾਂ ਇਸਨੂੰ ਦਹੀਂ ਅਤੇ ਐਲੋਵੇਰਾ ਜੈੱਲ ਨਾਲ ਧੋ ਲਓ। ਕਿਸੇ ਵੀ ਹਾਲਤ ਵਿੱਚ, ਬਿਊਟੀ ਪਾਰਲਰ ਜਾਣ ਅਤੇ ਬਲੀਚ ਕਰਵਾਉਣ ਤੋਂ ਬਚੋ।
ਰੰਗਾਂ ਵਿੱਚ ਰਸਾਇਣਾਂ ਦੀ ਮੌਜੂਦਗੀ ਦੇ ਕਾਰਨ, ਇਹ ਚਮੜੀ ਦੇ ਅੰਦਰ ਡੂੰਘਾਈ ਤੱਕ ਪਹੁੰਚ ਸਕਦੇ ਹਨ। ਇਸ ਲਈ, ਹੋਲੀ ਤੋਂ ਬਾਅਦ ਘੱਟੋ-ਘੱਟ ਪੰਜ ਦਿਨਾਂ ਲਈ ਬਿਊਟੀ ਪਾਰਲਰ ਨਾ ਜਾਓ।
ਸਭ ਤੋਂ ਮਹੱਤਵਪੂਰਨ, ਹੋਲੀ ਦੇ ਤਿਉਹਾਰ ਸਮੇਂ ਕਾਫ਼ੀ ਪਾਣੀ ਪੀਓ। ਸਰੀਰ ਵਿੱਚ ਪਾਣੀ ਦੀ ਕਮੀ ਨਹੀਂ ਹੋਣੀ ਚਾਹੀਦੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ