ਲੁਧਿਆਣਾ 'ਚ ਸਿੱਖ ਟੈਕਸੀ ਚਾਲਕ ਨਾਲ ਥਾਣੇ 'ਚ ਕਥਿਤ ਤਸ਼ੱਦਦ ਦੇ ਇਲਜ਼ਾਮਾਂ ਤਹਿਤ 4 ਪੁਲਿਸ ਮੁਲਾਜ਼ਮ ਸਸਪੈਂਡ, ਪੂਰਾ ਮਾਮਲਾ ਜਾਣੋ

ਰਣਜੋਧ ਸਿੰਘ
ਤਸਵੀਰ ਕੈਪਸ਼ਨ, ਟੈਕਸੀ ਚਾਲਕ ਰਣਜੋਧ ਸਿੰਘ ਨੇ ਪੁਲਿਸ ਉੱਤੇ ਤਸ਼ੱਦਦ ਦੇ ਇਲਜ਼ਾਮ ਲਗਾਏ ਹਨ
    • ਲੇਖਕ, ਹਰਮਨਦੀਪ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 5 ਮਿੰਟ

ਲੁਧਿਆਣਾ ਵਿੱਚ ਇੱਕ ਸਿੱਖ ਟੈਕਸੀ ਚਾਲਕ ਨਾਲ ਕਥਿਤ ਸਰੀਰਕ ਤਸ਼ੱਦਦ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਹੁਣ ਇਸ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਉਨ੍ਹਾਂ ਚਾਰ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰਦੇ ਹੋਏ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਜਿਨ੍ਹਾਂ ਉੱਤੇ ਤਸ਼ੱਦਦ ਕਰਨ ਦੇ ਇਲਜ਼ਾਮ ਲੱਗੇ ਹਨ।

ਇਸਦੇ ਨਾਲ ਹੀ ਟੈਕਸੀ ਚਾਲਕ ਨਾਲ ਤਕਰਾਰ ਕਰਨ ਵਾਲੇ ਦੂਜੇ ਵਾਹਨ ਸਵਾਰਾਂ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਵੀ ਵੱਖਰੀ ਐੱਫਆਈਆਰ ਦਰਜ ਕੀਤੀ ਗਈ ਹੈ।

ਹਾਲਾਂਕਿ, ਇਸ ਮਾਮਲੇ ਵਿੱਚ ਪੁਲਿਸ ਦਾ ਕਹਿਣਾ ਹੈ ਕਿ ਰਣਜੋਧ ਸਿੰਘ ਨੂੰ ਜਦੋਂ ਪੁਲਿਸ ਚੌਂਕੀ ਲਿਆਂਦਾ ਗਿਆ ਤਾਂ ਉਹ ਕਥਿਤ ਤੌਰ ਉੱਤੇ ਨਸ਼ੇ ਦੀ ਹਾਲਤ ਵਿੱਚ ਸੀ ਅਤੇ ਪੁਲਿਸ ਨੇ ਉਸ ਨੂੰ ਅਹਿਤਿਆਤਨ ਹਿਰਾਸਤ ਵਿੱਚ ਲਿਆ ਸੀ।

ਇਹ ਕਾਰਵਾਈ ਪੀੜਤ ਦੇ ਪਰਿਵਾਰ ਅਤੇ ਸਮਰਥਕਾਂ ਵੱਲੋਂ ਸ਼ਹਿਰ ਵਿੱਚ ਟਰੈਫਿਕ ਜਾਮ ਕਰ ਕੇ ਕੀਤੇ ਗਏ ਰੋਸ ਪ੍ਰਦਰਸ਼ਨ ਅਤੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਦਖ਼ਲ ਤੋਂ ਬਾਅਦ ਹੋਈ ਹੈ।

ਹਾਲਾਂਕਿ ਅਜੇ ਪੁਲਿਸ ਵੱਲੋਂ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ।

ਮਾਮਲਾ ਕੀ ਹੈ

ਇਹ ਘਟਨਾ 26 ਜਨਵਰੀ ਨੂੰ ਲੁਧਿਆਣਾ ਦੇ ਪੁਰਾਣੇ ਸੈਸ਼ਨ ਕੋਰਟ ਚੌਕ ਨੇੜੇ ਇੱਕ ਮਾਮੂਲੀ ਟਰੈਫਿਕ ਹਾਦਸੇ ਤੋਂ ਬਾਅਦ ਵਾਪਰੀ।

ਚੰਦਰ ਨਗਰ ਦੇ ਰਹਿਣ ਵਾਲੇ ਟੈਕਸੀ ਚਾਲਕ ਰਣਜੋਧ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਟੈਕਸੀ ਦੀ ਇੱਕ ਹੋਰ ਕਾਰ ਨਾਲ ਟੱਕਰ ਹੋ ਗਈ ਸੀ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿੱਚ ਤਕਰਾਰ ਹੋਈ।

ਰਣਜੋਧ ਸਿੰਘ ਦੇ ਦਾਅਵੇ ਮੁਤਾਬਕ, ਦੂਜੇ ਵਾਹਨ ਵਿੱਚ ਸਵਾਰ ਵਿਅਕਤੀਆਂ ਨੇ ਪਹਿਲਾਂ ਉਨ੍ਹਾਂ ਨਾਲ ਧੁੱਕਾਮੁੱਕੀ ਕੀਤੀ ਅਤੇ ਬਾਅਦ ਵਿੱਚ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਮੌਕੇ 'ਤੇ ਪਹੁੰਚ ਕੇ ਰਣਜੋਧ ਸਿੰਘ ਨੂੰ ਕੈਲਾਸ਼ ਨਗਰ ਪੁਲਿਸ ਚੌਂਕੀ ਲੈ ਗਈ।

ਰਣਜੋਧ ਸਿੰਘ
ਤਸਵੀਰ ਕੈਪਸ਼ਨ, ਰਣਜੋਧ ਸਿੰਘ ਦੇ ਹੱਕ ਵਿੱਚ ਪ੍ਰਦਰਸ਼ਨ ਵੀ ਕੀਤਾ ਗਿਆ

ਪੁਲਿਸ ਚੌਂਕੀ ਵਿੱਚ ਤਸ਼ੱਦਦ ਦੇ ਇਲਜ਼ਾਮ

ਐੱਫਆਈਆਰ ਮੁਤਾਬਕ ਰਣਜੋਧ ਨੇ ਇਲਜ਼ਾਮ ਲਗਾਇਆ ਕਿ ਦੂਜੇ ਡਰਾਈਵਰ ਨੇ ਆਪਣੇ ਕਈ ਸਾਥੀਆਂ ਨੂੰ ਬੁਲਾਇਆ, ਜਿਨ੍ਹਾਂ ਨੇ ਘਟਨਾ ਸਥਾਨ 'ਤੇ ਉਸ ਨਾਲ ਬਹਿਸਬਾਜ਼ੀ ਕੀਤੀ। ਬਾਅਦ ਵਿੱਚ ਪੁਲਿਸ ਉਨ੍ਹਾਂ ਨੂੰ ਕੈਲਾਸ਼ ਨਗਰ ਪੁਲਿਸ ਚੌਕੀ ਲੈ ਗਈ।

ਰਣਜੋਧ ਸਿੰਘ ਦਾ ਇਲਜ਼ਾਮ ਹੈ ਕਿ ਪੁਲਿਸ ਚੌਂਕੀ ਵਿੱਚ ਉਨ੍ਹਾਂ ਨਾਲ "ਬੇਰਹਿਮੀ ਨਾਲ ਕੁੱਟ-ਮਾਰ ਅਤੇ ਸਰੀਰਕ ਤਸ਼ੱਦਦ" ਕੀਤਾ ਗਿਆ।

ਪੀੜਤ ਵੱਲੋਂ ਆਪਣੇ ਸਰੀਰ 'ਤੇ ਪਏ ਕੁੱਟਮਾਰ ਦੇ ਨਿਸ਼ਾਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਤੋਂ ਬਾਅਦ ਮਾਮਲਾ ਹੋਰ ਚਰਚਾ ਵਿੱਚ ਆ ਗਿਆ।

ਫਿਲਹਾਲ, ਇਸ ਮਾਮਲੇ ਵਿੱਚ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ।

ਏਸੀਪੀ ਗੁਰਇਕਬਾਲ ਸਿੰਘ

ਭਿੰਡਰਾਂਵਾਲਿਆਂ ਦੀ ਤਸਵੀਰ ਨਾਲ ਜੁੜੇ ਇਲਜ਼ਾਮ

ਐੱਫਆਈਆਰ ਮੁਤਾਬਕ, ਤਕਰਾਰ ਦੌਰਾਨ ਦੂਜੇ ਵਾਹਨ ਵਿੱਚ ਸਵਾਰ ਵਿਅਕਤੀਆਂ ਨੇ ਰਣਜੋਧ ਸਿੰਘ ਦੀ ਟੈਕਸੀ 'ਤੇ ਲੱਗੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਤਸਵੀਰ ਦੇਖ ਕੇ ਉਨ੍ਹਾਂ ਲਈ ਮਾੜੀ ਸ਼ਬਦਾਵਲੀ ਵਰਤੀ।

ਸ਼ਿਕਾਇਤ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਮੁਲਜ਼ਮਾਂ ਨੇ 'ਭਿੰਡਰਾਂਵਾਲਿਆਂ ਦੀ ਤਸਵੀਰ ਪਾੜਨ ਦੀ ਕੋਸ਼ਿਸ਼ ਕੀਤੀ ਅਤੇ ਸਿੱਖ ਧਰਮ ਬਾਰੇ ਅਪਮਾਨਜਨਕ ਟਿੱਪਣੀਆਂ' ਕੀਤੀਆਂ।

ਇਨ੍ਹਾਂ ਇਲਜ਼ਾਮਾਂ ਦੇ ਆਧਾਰ 'ਤੇ ਪੁਲਿਸ ਨੇ ਕਾਰ ਵਿੱਚ ਸਵਾਰ ਵਿਅਕਤੀਆਂ ਖ਼ਿਲਾਫ਼ ਵੱਖਰੀ ਐੱਫਆਈਆਰ ਦਰਜ ਕੀਤੀ ਹੈ।

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

ਤਸਵੀਰ ਸਰੋਤ, Jathedar Giani Kuldeep Singh Gargajj/FB

ਤਸਵੀਰ ਕੈਪਸ਼ਨ, ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਮਾਮਲੇ ਵਿੱਚ ਦਖ਼ਲ ਦਿੱਤਾ ਹੈ

ਅਕਾਲ ਤਖ਼ਤ ਸਾਹਿਬ ਦਾ ਬਿਆਨ

ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਟੈਕਸੀ ਚਾਲਕ ਰਣਜੋਧ ਸਿੰਘ ਨਾਲ ਪੁਲਿਸ ਚੌਂਕੀ ਵਿੱਚ ਕੀਤੀ ਗਈ ਕਥਿਤ ਕੁੱਟਮਾਰ ਦੇ ਮਾਮਲੇ 'ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਖ਼ਤ ਨੋਟਿਸ ਲੈਣ ਤੋਂ ਬਾਅਦ ਲੁਧਿਆਣਾ ਪੁਲਿਸ ਨੇ ਦੋ ਵੱਖ-ਵੱਖ ਪਰਚੇ ਦਰਜ ਕੀਤੇ ਹਨ।

ਪ੍ਰੈੱਸ ਰਿਲੀਜ਼ ਮੁਤਾਬਕ, ਸਕੱਤਰੇਤ ਦੇ ਮੀਡੀਆ ਸਲਾਹਕਾਰ ਜਸਕਰਨ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਘਟਨਾ ਦਾ ਸਖ਼ਤ ਨੋਟਿਸ ਲੈਂਦਿਆਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨਾਲ ਗੱਲਬਾਤ ਕਰਕੇ ਮਾਮਲੇ ਵਿੱਚ ਤੁਰੰਤ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।"

ਮਾਮਲੇ ਦੇ ਵਿਰੋਧ ਵਿੱਚ ਕਈ ਸਿੱਖ ਜਥੇਬੰਦੀਆਂ ਨੇ ਲੁਧਿਆਣਾ ਦੇ ਭਾਰਤ ਨਗਰ ਚੌਕ ਵਿੱਚ ਪ੍ਰਦਰਸ਼ਨ ਕੀਤਾ, ਜਿਸ ਕਾਰਨ ਕਈ ਘੰਟਿਆਂ ਤੱਕ ਟਰੈਫਿਕ ਜਾਮ ਦੀ ਸਥਿਤੀ ਬਣੀ ਰਹੀ।

ਏਸੀਪੀ ਗੁਰਇਕਬਾਲ ਸਿੰਘ
ਤਸਵੀਰ ਕੈਪਸ਼ਨ, ਏਸੀਪੀ ਗੁਰਇਕਬਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਕਾਰਵਾਈ ਜਾਰੀ ਹੈ

ਪੁਲਿਸ ਦਾ ਪੱਖ

ਸਿਵਲ ਲਾਈਨ ਖੇਤਰ ਦੇ ਏਸੀਪੀ ਗੁਰਇਕਬਾਲ ਸਿੰਘ ਨੇ ਬੀਬੀਸੀ ਨਾਲ ਗੱਲਬਾਤ ਕਰਦਿਆਂ ਕਿਹਾ, "26 ਤਰੀਕ ਦੀ ਰਾਤ ਨੂੰ ਰਾਤੀਂ ਸਾਢੇ 10 ਵਜੇ ਐੱਚਐੱਚਓ ਨੂੰ ਇੱਕ ਬੰਦੇ ਦਾ ਫੋਨ ਆਇਆ ਕਿ ਸਾਡੇ ਨਾਲ ਕੋਈ ਲੜਾਈ ਝਗੜਾ ਹੋ ਰਿਹਾ ਹੈ। ਪੁਲਿਸ ਸਟੇਸ਼ਨ ਤੋਂ ਮੌਕੇ ਪੁਲਿਸ ਪਹੁੰਚੀ ਅਤੇ ਉੱਥੇ ਰਣਜੋਧ ਸਿੰਘ ਨੂੰ ਅਹਿਤਿਆਤਨ ਹਿਰਾਸਤ ਵਿੱਚ ਲੈ ਕੇ ਪੁਲਿਸ ਚੌਂਕੀ ਲਿਆਂਦਾ ਗਿਆ। ਉਸ ਵੇਲੇ ਉਹ ਕਥਿਤ ਤੌਰ 'ਤੇ ਨਸ਼ੇ ਦੀ ਹਾਲਤ ਵਿੱਚ ਸੀ।"

"ਉਸ ਤੋਂ ਬਾਅਦ ਉਸ ਨੇ ਸੁਸਾਇਡ ਕਰਨ ਦੀ ਵੀ ਕੋਸ਼ਿਸ਼ ਕੀਤੀ, ਜਿਸ ਦੀ ਵੀਡੀਓ ਵੀ ਸਾਡੇ ਕੋਲ ਹੈ। ਜਦੋਂ ਮੁਲਾਜ਼ਮਾਂ ਨੇ ਉਸ ਨੂੰ ਰੋਕਿਆ ਤਾਂ ਉਸ ਦੀ ਹੱਥੋਪਾਈ ਹੋਈ। ਇਸ ਦੌਰਾਨ ਕੁਝ ਸੱਟਾਂ ਲੱਗੀਆਂ। ਸਵੇਰੇ ਉਸ ਦਾ ਮੈਡੀਕਲ ਕਰਵਾਇਆ ਗਿਆ ਅਤੇ ਸ਼ਰਾਬ ਦੇ ਸੇਵਨ ਦੀ ਤਸਦੀਕ ਹੋਈ ਹੈ।"

ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਪਾੜਨ ਅਤੇ ਧਰਮ ਬਾਰੇ ਟਿੱਪਣੀਆਂ ਸਬੰਧੀ ਇਲਜ਼ਾਮਾਂ ਬਾਰੇ ਉਨ੍ਹਾਂ ਦੱਸਿਆ, "ਮਾਮਲੇ ਦੀ ਜਾਂਚ ਚੱਲ ਰਹੀ ਹੈ। ਐੱਫਆਈਆਰ ਅਤੇ ਜਾਂਚ ਵਿੱਚ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)