ਪਾਕਿਸਤਾਨ ਦਾ ਦਾਅਵਾ, ‘ਈਰਾਨ ਵਿੱਚ ਅੱਤਵਾਦੀ ਟਿਕਾਣਿਆਂ ਉੱਤੇ ਹਮਲੇ ਕੀਤੇ ਗਏ, ਕਈਆਂ ਦੀ ਮੌਤ’

ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਵੱਲੋਂ ਈਰਾਨ ਦੇ ਸਿਸਤਾਨ ਓ ਬਲੂਚਿਸਤਾਨ ਵਿੱਚ ਅੱਤਵਾਦੀ ਟਿਕਾਣਿਆਂ ਉੱਤੇ ਹਮਲੇ ਕੀਤੇ ਗਏ ਹਨ। ਇਹ ਹਮਲੇ ਮਰਗ ਬਾਰ ਸਰਮਾਚਾਰ ਆਪ੍ਰੇਸ਼ਨ ਕੋਡਨੇਮ ਤਹਿਤ ਕੀਤੇ ਗਏ ਹਨ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਅਨੁਸਾਰ ਬੀਤੇ ਕਈ ਸਾਲਾਂ ਤੋਂ ਪਾਕਿਸਤਾਨ ਵੱਲੋਂ ਈਰਾਨ ਨੂੰ ਉਨ੍ਹਾਂ ਦੇ ਮੁਲਕ ਵਿੱਚ ਅੱਤਵਾਦੀ ਟਿਕਾਣਿਆਂ ਬਾਰੇ ਚਿੰਤਾਵਾਂ ਜ਼ਾਹਿਰ ਕੀਤੀਆਂ ਗਈਆਂ ਸਨ।

ਮੰਤਰਾਲੇ ਮੁਤਾਬਕ ਇਹ ਅੱਤਵਾਦੀ ਟਿਕਾਣੇ ਖੁਦ ਨੂੰ ਸਾਰਮਾਚਾਰ ਕਹਿਲਾਉਣ ਵਾਲੇ ਪਾਕਿਸਤਾਨੀ ਮੂਲ ਦੇ ਅੱਤਵਾਦੀਆਂ ਦੇ ਹਨ।

ਬਿਆਨ ਵਿੱਚ ਕਿਹਾ ਗਿਆ, “ਅੱਜ ਸਵੇਰੇ ਪਾਕਿਸਤਾਨ ਨੇ ਈਰਾਨ ਦੇ ਸਿਸਤਾਨ ਓ ਬਲੂਚਿਸਤਾਨ ਸੂਬੇ ਵਿੱਚ ਅੱਤਵਾਦੀਆਂ ਦੇ ਖਾਸ ਤੌਰ ਉੱਤੇ ਚੁਣੇ ਗਏ ਟਿਕਾਣਿਆਂ ਉੱਤੇ ਹਮਲੇ ਕੀਤੇ। ਖ਼ੂਫ਼ੀਆ ਸੂਚਨਾਵਾਂ ਦੇ ਅਧਾਰ ਉੱਤੇ ਚਲਾਏ ਗਏ ‘ਮਾਰਗ ਬਾਰ ਸਰਮਾਚਾਰ’ ਨਾਮ ਦੇ ਕਈ ਅੱਤਵਾਦੀ ਮਾਰ ਗਏ ਹਨ।”

“ਪਿਛਲੇ ਕੁਝ ਸਾਲਾਂ ਵਿੱਚ ਈਰਾਨ ਨਾਲ ਗੱਲਬਾਤ ਦੌਰਾਨ ਪਾਕਿਸਤਾਨੀ ਮੂਲ ਦੇ ਅੱਤਵਾਦੀਆਂ ਜੋ ਖੁਦ ਨੂੰ ਸਰਮਾਚਾਰ ਕਹਿੰਦੇ ਹਨ, ਉਨ੍ਹਾਂ ਦੇ ਸਬੰਧ ਵਿੱਚ ਪਾਕਿਸਤਾਨ ਨੇ ਈਰਾਨ ਨੂੰ ਕਈ ਸਬੂਤ ਦਿੱਤੇ ਸੀ। ਉਹ ਪਾਕਿਸਤਾਨ ਵਿੱਚ ਆਮ ਲੋਕਾਂ ਦਾ ਖ਼ੂਨ ਵਹਾਉਂਦੇ ਹਨ। ਇਨ੍ਹਾਂ ਕਥਿਤ ਸਰਮਾਚਾਰਾਂ ਖਿਲਾਫ਼ ਪੁਖ਼ਤਾ ਜਾਣਕਾਰੀਆਂ ਦੇ ਅਧਾਰ ਉੱਤੇ ਕਾਰਵਾਈ ਕੀਤੀ ਗਈ।”

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਹੈ, “ਪਾਕਿਸਤਾਨ ਆਪਣੀ ਕੌਮੀ ਸੁਰੱਖਿਆ ਨੂੰ ਹਰ ਖ਼ਤਰੇ ਤੋਂ ਬਚਾਉਣ ਦੇ ਲਈ ਵਚਨਬਧ ਹੈ। ਪਾਕਿਸਤਾਨ ਆਪਣੀ ਸੁਰੱਖਿਆ ਲਈ ਅੱਗੇ ਵੀ ਇਸ ਤਰੀਕੇ ਦੇ ਕਦਮ ਚੁੱਕਦਾ ਰਹੇਗਾ।”

ਈਰਾਨ ਨੇ ਵੀ ਕੀਤੇ ਸਨ ਹਮਲੇ

ਇਸਲਾਮਾਬਾਦ ਤੇ ਲੰਡਨ ਤੋਂ ਬੀਬੀਸੀ ਪੱਤਰਕਾਰ ਕੈਰੋਲੀਨ ਡੇਵਿਸ ਅਤੇ ਸੀਨ ਸੇਡਨ ਦੀ ਰਿਪੋਰਟ ਮੁਤਾਬਕ ਇਸ ਤੋਂ ਪਹਿਲਾਂ ਈਰਾਨ ਦੀ ਫ਼ੌਜ ਨਾਲ ਸਬੰਧਤ ਖ਼ਬਰ ਏਜੰਸੀ ਮੁਤਾਬਕ ਈਰਾਨ ਨੇ ਕਿਹਾ ਸੀ ਕਿ ਉਸ ਨੇ ਕੱਟੜਪੰਥੀ ਸਮੂਹ ਜੈਸ਼ ਅਲ-ਅਦਲ ਨਾਲ ਜੁੜੇ ਦੋ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ।

ਪਾਕਿਸਤਾਨ ਦਾ ਕਹਿਣਾ ਹੈ ਕਿ ਗੁਆਂਢੀ ਦੇਸ ਈਰਾਨ ਵੱਲੋਂ ਮੰਗਲਵਾਰ ਨੂੰ ਹੋਏ ਹਮਲੇ ਵਿੱਚ ਦੋ ਬੱਚਿਆਂ ਦੀ ਮੌਤ ਹੋਈ ਹੈ।

ਹਾਲਾਂਕਿ ਪਾਕਿਸਤਾਨ ਨੇ ਇਸ ਦਾਅਵੇ ਨੂੰ ਰੱਦ ਕਰਦਿਆਂ ਹਮਲੇ ਨੂੰ “ਗੈਰ-ਕਨੂੰਨੀ” ਕਾਰਵਾਈ ਦੱਸਿਆ ਹੈ ਅਤੇ ਕਿਹਾ ਹੈ ਕਿ ਇਸਦੇ “ਗੰਭੀਰ ਸਿੱਟੇ” ਨਿਕਲ ਸਕਦੇ ਹਨ।

ਪਿਛਲੇ ਦਿਨਾਂ ਦੌਰਾਨ ਈਰਾਨ ਵੱਲੋਂ ਹਮਲੇ ਦਾ ਨਿਸ਼ਾਨਾ ਬਣਾਇਆ ਜਾਣ ਵਾਲਾ ਪਾਕਿਸਤਾਨ— ਇਰਾਕ ਅਤੇ ਸੀਰੀਆ ਤੋਂ ਬਾਅਦ ਤੀਜਾ ਦੇਸ ਹੈ।

ਈਰਾਨ ਨੇ ਪਾਕਿਸਤਾਨ ਉੱਪਰ ਪਹਿਲੀ ਵਾਰ ਹਮਲਾ ਕੀਤਾ ਹੈ। ਇਸ ਮਿਜ਼ਾਈਲ ਹਮਲੇ ਨੂੰ ਮੰਗਲਵਾਰ ਨੂੰ ਅੰਜਾਮ ਦਿੱਤਾ ਗਿਆ।

ਇਸ ਵਿੱਚ ਪਾਕਿਸਤਾਨ ਦੇ ਈਰਾਨ ਨਾਲ ਲਗਦੇ ਸਰਹੱਦੀ ਸੂਬੇ ਬਲੂਚਿਸਤਾਨ ਦੇ ਇੱਕ ਪਿੰਡ ਨੂੰ ਨਿਸ਼ਾਨਾ ਬਣਾਇਆ ਗਿਆ।

ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਆਪਣੇ ਤਲਖ਼ ਬਿਆਨ ਵਿੱਚ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਸ ਨੂੰ “ਈਰਾਨ ਵੱਲੋਂ ਆਪਣੇ ਹਵਾਈ ਖੇਤਰ ਦੀ ਬਿਨਾਂ ਕਿਸੇ ਉਕਸਾਹਟ ਦੇ ਕੀਤੀ ਗਈ ਉਲੰਘਣਾ” ਦੱਸਿਆ ਹੈ।

ਪਾਕਿਸਤਾਨ ਨੇ ਇਸ ਹਮਲੇ ਨੂੰ “ਨਾਕਾਬਲੇ ਬਰਦਾਸ਼ਤ” ਦੱਸਦਿਆਂ ਕਿਹਾ ਹੈ “ਇਸ ਤੋਂ ਵੀ ਵਧੇਰੇ ਚਿੰਤਾਜਨਕ ਹੈ ਕਿ ਇਹ ਗੈਰ-ਕਨੂੰਨੀ ਕਾਰਵਾਈ ਪਾਕਿਸਤਾਨ ਅਤੇ ਈਰਾਨ ਦਰਮਿਆਨ ਗੱਲਬਾਤ ਦੇ ਕਈ ਰਾਹ ਮੌਜੂਦ ਹੋਣ ਦੇ ਬਾਵਜੂਦ ਵਾਪਰਿਆ ਹੈ।”

ਪਾਕਿਸਤਾਨ ਨੇ ਈਰਾਨ ਦੇ ਵਿਦੇਸ਼ ਮੰਤਰਾਲੇ ਦੇ “ਸਬੰਧਤ ਸੀਨੀਅਰ ਅਧਿਕਾਰੀਆਂ” ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ।

ਪਾਕਿਸਤਾਨ ਨੇ ਬਿਆਨ ਵਿੱਚ ਕਿਹਾ ਹੈ, “ਪਾਕਿਸਤਾਨ ਦੀ ਪ੍ਰਭੂਸੱਤਾ ਦੀ ਸ਼ਰੇਆਮ ਉਲੰਘਣਾ ਦੇ ਸਿੱਟਿਆਂ ਦੀ ਪੂਰੀ ਜ਼ਿੰਮੇਵਾਰੀ ਈਰਾਨ ਦੀ ਹੋਵੇਗੀ।”

ਇਸ ਤੋਂ ਪਹਿਲਾਂ ਸੋਮਵਾਰ ਨੂੰ ਉੱਤਰੀ ਇਰਾਕ ਦੇ ਇਰਬਿਲ ਸ਼ਹਿਰ ਉੱਪਰ ਬੈਲਿਸਟਿਕ ਮਿਜ਼ਾਈਲਾਂ ਨਾਲ ਹਮਲੇ ਕੀਤੇ ਸਨ ਜਿਨ੍ਹਾਂ ਦੀ ਅਮਰੀਕਾ ਨੇ ਵੀ ਨਿੰਦਾ ਕੀਤੀ ਹੈ।

ਈਰਾਨ ਦੇ ਇਹ ਹਮਲੇ ਪੱਛਮੀ ਏਸ਼ੀਆ ਵਿੱਚ ਪਹਿਲਾਂ ਤੋਂ ਜਾਰੀ ਸੰਕਟ ਦੇ ਦਰਮਿਆਨ ਕੀਤੇ ਗਏ ਹਨ।

ਜ਼ਿਕਰਯੋਗ ਹੈ ਕਿ ਪਹਿਲਾਂ ਹੀ ਈਰਾਨ ਅਤੇ ਇਸਜ਼ਰਾਈਲ ਦਰਮਿਆਨ ਪੈਂਦੀ ਗਾਜ਼ਾ ਪੱਟੀ ਉੱਪਰ ਈਰਾਨ ਦੇ ਹਮਲੇ ਜਾਰੀ ਹਨ।

ਪਿਛਲੇ ਸਾਲ 7 ਅਕਤੂਬਰ ਤੋਂ ਜਾਰੀ ਇਹ ਹਮਲੇ ਈਰਾਨ ਨੇ ਫ਼ਲਸਤੀਨ ਸ਼ਹਿ ਹਾਸਲ ਕੱਟੜਪੰਥੀ ਸਮੂਹ ਹਮਾਸ ਖਿਲਾਫ਼ ਕੀਤੇ ਹਨ।

ਈਰਾਨ ਨੇ ਕਿਹਾ ਹੈ ਕਿ ਉਹ ਵੱਡੇ ਝਮਲੇ ਵਿੱਚ ਨਹੀਂ ਪੈਣਾ ਚਾਹੁੰਦਾ। ਈਰਾਨ ਮੁਤਾਬਕ “ਐਕਸਸ ਆਫ ਰਿਜ਼ਸਟੈਂਸ” ਵਿੱਚ ਸ਼ਾਮਲ ਸਮੂਹ, ਫ਼ਲਸਤੀਨੀਆਂ ਨਾਲ ਏਕਤਾ ਦਾ ਪ੍ਰਗਟਾਵਾ ਕਰਨ ਲਈ ਉਸ ਉੱਪਰ ਹਮਲੇ ਕਰ ਰਹੇ ਸਨ।

ਲਿਬਨਾਨ ਦੀ ਹਿਜ਼ਬੁੱਲ੍ਹਾ ਮੂਵਮੈਂਟ ਅਤੇ ਇਜ਼ਰਾਈਲੀ ਫ਼ੌਜਾਂ ਦਰਮਿਆਨ ਸਰਹੱਦ ਦੇ ਆਰ ਪਾਰ ਤੋਂ ਦੁਵੱਲੀ ਗੋਲੀਬਾਰੀ ਹੋਈ।

ਸ਼ੀਆ ਲੜਾਕਿਆਂ ਨੇ ਇਰਾਕ ਅਤੇ ਸੀਰੀਆ ਵਿੱਚ ਬੈਠੀਆਂ ਅਮਰੀਕੀ ਫੌਜਾਂ ਉੱਪਰ ਡਰੋਨ ਅਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ। ਜਦਕਿ ਯਮਨ ਦੇ ਹੂਤੀ ਬਾਗੀਆਂ ਨੇ ਲਾਲ ਸਾਗਰ ਵਿੱਚ ਜਹਾਜ਼ਾਂ ਨੂੰ ਨਿਸ਼ਾਨਾ ਬਣਾਇਆ ਹੈ।

ਰਿਪੋਰਟਾਂ ਮੁਤਾਬਕ ਇਜ਼ਰਾਈਲੀ ਹਮਲਿਆਂ ਵਿੱਚ ਲਿਬਨਾਨ ਵਿੱਚ ਰਹਿੰਦਾ ਇੱਕ ਹਮਾਸ ਆਗੂ ਮਾਰਿਆ ਗਿਆ ਹੈ। ਜਦਕਿ ਸੀਰੀਆ ਵਿੱਚ ਰੈਵਲੂਸ਼ਨਰੀ ਗਾਰਡ ਦੇ ਕਮਾਂਡਰ ਦੀ ਮੌਤ ਹੋ ਗਈ ਹੈ।

ਇਸੇ ਤਰ੍ਹਾਂ ਅਮਰੀਕਾ ਨੇ ਇੱਕ ਹਵਾਈ ਹਮਲੇ ਵਿੱਚ ਇਰਾਕੀ ਲੜਾਕਿਆਂ ਦੇ ਆਗੂ ਨੂੰ ਮਾਰ ਦਿੱਤਾ ਹੈ ਅਤੇ ਯਮਨ ਵਿੱਚ ਹੂਤੀ ਬਾਗੀਆਂ ਦੇ ਕੁਝ ਟਿਕਾਣਿਆਂ ਉੱਤੇ ਬੰਬਾਰੀ ਕੀਤੀ ਹੈ।

ਪਾਕਿਸਤਾਨ ਅਤੇ ਈਰਾਨ ਕਈ ਦਹਾਕਿਆਂ ਤੋਂ ਜੈਸ਼ ਅਲ-ਅਦਲ ਸਮੇਤ ਹਥਿਆਰਬੰਦ ਸਮੂਹਾਂ ਨਾਲ ਜੂਝ ਰਹੇ ਹਨ।

ਦੋਵਾਂ ਦੇਸਾਂ ਦਰਮਿਆਨ ਲਗਭਗ 900 ਕਿੱਲੋਮੀਟਰ ਲੰਬੀ ਸਰਹੱਦ ਹੈ। ਇਸ ਸਰਹੱਦ ਉੱਪਰ ਇਨ੍ਹਾਂ ਸਮੂਹਾਂ ਦੀ ਮੌਜੂਦਗੀ ਦੋਵਾਂ ਦੇਸਾਂ ਲਈ ਹੀ ਚਿੰਤਾ ਦਾ ਵਿਸ਼ਾ ਰਹੀ ਹੈ।

ਈਰਾਨ ਨੇ ਕਿਹਾ ਕਿਹਾ ਹੈ ਕਿ ਜੈਸ਼ ਅਲ-ਅਦਲ ਦਾ ਸੰਬੰਧ ਪਿਛਲੇ ਮਹੀਨੇ ਸਰਹੱਦ ਦੇ ਕੋਲ ਹੋਏ ਹਮਲੇ ਨਾਲ ਜੋੜਿਆ ਹੈ। ਇਸ ਹਮਲੇ ਵਿੱਚ ਇੱਕ ਦਰਜਨ ਈਰਾਨੀ ਅਧਿਕਾਰੀਆਂ ਦੀ ਮੌਤ ਹੋਈ ਸੀ।

ਹਮਲੇ ਤੋਂ ਬਾਅਦ ਈਰਾਨ ਦੇ ਗ੍ਰਹਿ ਮੰਤਰੀ ਅਹਿਮਦ ਵਾਹਿਦੀ ਨੇ ਕਿਹਾ ਸੀ ਕਿ ਹਮਲੇ ਲਈ ਜ਼ਿੰਮੇਵਾਰ ਖਾੜਕੂ ਪਾਕਿਸਤਾਨ ਦੀ ਤਰਫ਼ੋਂ ਈਰਾਨ ਵਿੱਚ ਦਾਖਲ ਹੋਏ ਸਨ।

ਕੌਣ ਹੈ ਜੈਸ਼ ਅਲ-ਅਦਲ?

ਅਮਰੀਕਾ ਦੇ ਨੈਸ਼ਨਲ ਇੰਟੈਲੀਜੈਂਸ ਦੇ ਨਿਰਦੇਸ਼ਕ ਦੇ ਦਫ਼ਤਰ ਮੁਤਾਬਕ ਜੈਸ਼ ਅਲ-ਅਦਲ ਸਿਸਤਾਨ- ਬਲੋਚਿਸਤਾਨ ਤੋਂ ਚੱਲ ਰਿਹਾ “ਸਭ ਤੋਂ ਸਰਗਰਮ ਅਤੇ ਪ੍ਰਭਾਵਸ਼ਾਲੀ” ਸੁੰਨੀ ਖਾੜਕੂ ਸਮੂਹ ਹੈ।

ਇਸ ਸੰਗਠਨ ਦਾ ਨਾਮ ਜੂਨਦਲਾਹ ਹੁੰਦਾ ਸੀ ਪਰ ਸਾਲ 2012 ਵਿੱਚ ਇਸਨੇ ਆਪਣਾ ਨਾਮ ਬਦਲ ਲਿਆ। ਨੈਸ਼ਨਲ ਇੰਟੇਲਿਜ਼ੈਂਸ ਦੀ ਵੈੱਬਸਾਈਟ ਮੁਤਾਬਕ, ਇਹ 'ਪੀਪਲਜ਼ ਰਿਜ਼ਿਸਟੈਂਸ ਆਫ਼ ਈਰਾਨ' ਵੀ ਕਿਹਾ ਜਾਂਦਾ ਹੈ।

ਅਬਦੁਲ ਮਲਿਕ ਰੇਗੀ ਨੇ 2002 ਜਾਂ 2003 ਵਿੱਚ ਇਸ ਸੰਗਠਨ ਨੂੰ ਬਣਾਇਆ ਅਤੇ ਕਈ ਸਾਲ ਤੱਕ ਇਸਦੇ ਨੇਤਾ ਰਹੇ।

ਸੰਨ 2003 ਵਿੱਚ ਉਸ ਸਮੇਂ ਚਰਚਾ ਵਿੱਚ ਆਇਆ, ਜਦੋਂ ਇਸਨੇ ਨੇ ਈਰਾਨ ਦੇ ਸਰਕਾਰੀ ਟਿਕਾਣਿਆਂ ਉੱਤੇ ਕਈ ਹਮਲੇ ਕੀਤੇ ਅਤੇ ਸਾਬਕਾ ਰਾਸ਼ਟਰਪਤੀ ਮਹਿਮੂਦ ਅਹਿਮਦਨਿਜਾਦ ਦੇ ਕਤਲ ਦੀ ਕੋਸ਼ਿਸ਼ ਕੀਤੀ।

18 ਅਕਤੂਬਰ 2009 ਨੂੰ ਇਸ ਸਮੂਹ ਨੇ ਈਰਾਨ ਦੇ ਪਿੰਸ਼ ਸ਼ਹਿਰ ਵਿੱਚ ਇੱਕ ਹਮਲਾ ਕੀਤਾ ਸੀ।

ਈਰਾਨ ਦਾ ਕਹਿਣਾ ਸੀ ਕਿ ਪਾਕਿਸਤਾਨੀ ਸਰਹੱਦ ਲੰਘ ਕੇ ਆਏ ਇੱਕ ਖ਼ੁਦਕੁਸ਼ ਹਮਲਾਵਰ ਨੇ ਈਰਾਨੀ ਬਲੋਚ ਕਬਾਇਲੀ ਆਗੂਆਂ ਦੇ ਇੱਕ ਬੈਠਕ ਵਿੱਚ ਧਮਾਕਾ ਕੀਤਾ ਸੀ। ਇਸ ਮੀਟਿੰਗ ਵਿੱਚ ਰੈਵਲੂਸ਼ਨਰੀ ਗਾਰਡਸ ਦੇੇ ਸੀਨੀਅਰ ਕਮਾਂਡਰ ਵੀ ਸ਼ਾਮਲ ਸਨ।

ਇਹ ਹਮਲੇ ਵਿੱਚ ਈਰਾਨੀ ਰੈਵਲੂਸ਼ਨਰੀ ਗਾਰਡਸ ਦੇ ਡਿਪਟੀ ਕਮਾਂਡਰ ਨੂਰ ਅਲੀ ਸ਼ੂਸ਼ਤਾਰੀ ਦੀ ਮੌਤ ਹੋ ਗਈ ਸੀ। ਉਨ੍ਹਾਂ ਨੂੰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਹਾ ਖੁਮੈਨੀ ਦਾ ਨਜ਼ਦੀਕੀ ਮੰਨਿਆ ਜਾਂਦਾ ਸੀ।

ਇਸ ਹਮਲੇ ਨੇ ਈਰਾਨ ਅਤੇ ਪਾਕਿਸਤਾਨ ਦੇ ਰਿਸ਼ਤਿਆਂ ਦੀ ਦਿਸ਼ਾ ਹੀ ਬਦਲ ਦਿੱਤੀ ਸੀ।ਅਬਦੁਲ ਮਲਿਕ ਰੇਗੀ ਨੂੰ ਈਰਾਨ ਨੇ ਗ੍ਰਿਫ਼ਤਾਰ ਕਰ ਲਿਆ ਅਤੇ ਉਨ੍ਹਾਂ ਨੂੰ ਸਾਲ 2010 ਵਿੱਚ ਸਜ਼ਾ-ਏ-ਮੌਤ ਸੁਣਾਈ ਗਈ।

ਆਪਣੇ ਆਗੂ ਦੀ ਮੌਤ ਤੋਂ ਬਾਅਦ ਸਮੂਹ ਧੜਿਆਂ ਵਿੱਚ ਵੰਡਿਆ ਗਿਆ ਉਨ੍ਹਾਂ ਵਿੱਚੋਂ ਜੈਸ਼ ਅਲ-ਅਦਲ ਸਭ ਤੋਂ ਪ੍ਰਭਾਵਸ਼ਾਲੀ ਧੜਾ ਹੋ ਕੇ ਉੱਭਰਿਆ ਹੈ।

ਇਹ ਸੰਗਠਨ ਵਧੇਰੇ ਈਰਾਨੀ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਪਰ ਸਰਕਾਰੀ ਅਧਿਕਾਰੀਆਂ ਅਤੇ ਆਮ ਸ਼ੀਆ ਮੁਸਲਮਾਨਾਂ 'ਤੇ ਵੀ ਹਮਲੇ ਕਰਦਾ ਰਹਿੰਦਾ ਹੈ। ਇਨ੍ਹਾਂ ਹਮਲਿਆਂ ਵਿੱਚ ਗੋਲੀਬਾਰੀ ਕਰਨਾ, ਅਗਵਾ ਕਰਨਾ, ਕਤਲ ਕਰਨਾ ਅਤੇ ਖ਼ੁਦਕੁਸ਼ ਹਮਲੇ ਸ਼ਾਮਲ ਹਨ।ਇਸ ਸੰਗਠਨ ਨੇ ਸਰਹੱਦੀ ਨਾਕਿਆਂ ਅਤੇ ਉੱਥੋਂ ਦੀ ਲੰਘਣ ਵਾਲੀਆਂ ਗੱਡੀਆਂ ਨੂੰ ਵੀ ਛੋਟੇ ਹਥਿਆਰਾਂ ਅਤੇ ਰਾਕਟਾਂ ਨਾਲ ਨਿਸ਼ਾਨਾ ਬਣਾਇਆ ਹੈ।

ਅਮਰੀਕੀ ਵਿਦੇਸ਼ ਮੰਤਰਾਲੇ ਨੇ ਚਾਰ ਨਵੰਬਰ 2010 ਕੋ ਜੂਨਾਦਲਾਹ ਨੂੰ ਵਿਦੇਸ਼ੀ ਅੱਤਵਾਦੀ ਸੰਗਠਨ ਐਲਾਨ ਕੀਤਾ ਸੀ। ਬਾਅਦ ਵਿੱਚ ਇਸ ਨੂੰ ਸੋਧ ਕਰਕੇ 2019 ਜੈਸ਼ ਅਲ-ਅਦਲ ਦਾ ਨਾਮ ਇਸ ਵਿੱਚ ਸ਼ਾਮਲ ਕੀਤਾ ਗਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)