ਵਿਮੈਂਸ ਪ੍ਰੀਮਿਅਰ ਲੀਗ 2026 ਫਾਈਨਲ: ਸਮ੍ਰਿਤੀ ਮੰਧਾਨਾ ਦੇ ਹੱਥੋਂ ਦਿੱਲੀ ਕੈਪੀਟਲਜ਼ ਦਾ ਖਿਤਾਬ ਜਿੱਤਣ ਦਾ ਸੁਪਨਾ ਇੰਝ ਟੁੱਟਿਆ

ਸਮ੍ਰਿਤੀ ਮੰਧਾਨਾ ਅਤੇ ਜੇਮੀਮਾ ਰੋਡਰਿਗਜ਼

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿੱਤ ਤੋਂ ਬਾਅਦ ਆਰਸੀਬੀ ਦੇ ਕਪਤਾਨ ਸਮ੍ਰਿਤੀ ਮੰਧਾਨਾ ਦਿੱਲੀ ਕੈਪੀਟਲਜ਼ ਦੇ ਕਪਤਾਨ ਜੇਮੀਮਾ ਰੌਡਰਿਗਜ਼ ਨੂੰ ਜੱਫੀ ਪਾਉਂਦੇ ਹੋਏ
    • ਲੇਖਕ, ਮਨੋਜ ਚਤੁਰਵੇਦੀ
    • ਰੋਲ, ਬੀਬੀਸੀ ਹਿੰਦੀ ਲਈ
  • ਪੜ੍ਹਨ ਦਾ ਸਮਾਂ: 6 ਮਿੰਟ

ਦਿੱਲੀ ਕੈਪੀਟਲਜ਼ ਦੇ ਕਪਤਾਨ ਜੇਮੀਮਾ ਰੋਡਰਿਗਜ਼ ਅਤੇ ਰਾਇਲ ਚੈਲੇਂਜਰਸ ਬੰਗਲੁਰੂ ਦੇ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਕਰੀਬੀ ਦੋਸਤ ਮੰਨਿਆ ਜਾਂਦਾ ਹੈ ਅਤੇ ਦੋਵੇਂ ਹੀ ਮੁੰਬਈ ਨਾਲ ਸਬੰਧਿਤ ਹਨ।

ਦੋਵਾਂ ਨੇ ਆਪਣੀਆਂ ਟੀਮਾਂ ਲਈ ਸ਼ਾਨਦਾਰ ਪਾਰੀ ਵੀ ਖੇਡੀ ਪਰ ਜੇਮੀਮਾ ਦਾ ਆਪਣੀ ਟੀਮ ਨੂੰ ਪਹਿਲੀ ਵਾਰ ਚੈਂਪੀਅਨ ਬਣਾਉਣ ਦਾ ਸੁਪਨਾ ਉਨ੍ਹਾਂ ਦੀ ਦੋਸਤ ਦੇ ਹੱਥੋਂ ਹੀ ਟੁੱਟ ਗਿਆ।

ਆਰਸੀਬੀ ਨੇ ਮਹਿਲਾ ਪ੍ਰੀਮੀਅਰ ਲੀਗ ਦੇ ਇਤਿਹਾਸ ਦੇ ਸਭ ਤੋਂ ਵੱਡੇ ਟੀਚੇ 204 ਨੂੰ ਛੇ ਵਿਕਟਾਂ ਬਾਕੀ ਰਹਿੰਦਿਆਂ ਪ੍ਰਾਪਤ ਕਰ ਲਿਆ। ਇਸ ਜਿੱਤ ਵਿੱਚ ਸਮ੍ਰਿਤੀ ਮੰਧਾਨਾ ਦੀ ਕਪਤਾਨੀ ਵਾਲੀ ਪਾਰੀ ਦੀ ਮਹੱਤਤਾ ਨੂੰ ਕਦੇ ਨਹੀਂ ਭੁੱਲਿਆ ਜਾ ਸਕੇਗਾ।

ਦਿੱਲੀ ਕੈਪੀਟਲਜ਼, ਪਿਛਲੇ ਤਿੰਨ ਸੀਜ਼ਨਾਂ ਵਾਂਗ ਇੱਕ ਵਾਰ ਫਿਰ ਆਪਣੇ ਹੱਥਾਂ 'ਚ ਜਿੱਤ ਦੀ ਟ੍ਰਾਫ਼ੀ ਚੁੱਕਣ ਤੋਂ ਖੁੰਝ ਗਈ।

ਸਮ੍ਰਿਤੀ ਮੰਧਾਨਾ ਅਤੇ ਜਾਰਜੀਆ ਵਾਲ ਦੀ ਜੋੜੀ ਨੇ ਮੈਚ ਨੂੰ ਕੁਝ ਹੱਦ ਤੱਕ ਇੱਕ ਪਾਸੜ ਬਣਾ ਦਿੱਤਾ ਸੀ। ਪਰ 19ਵੇਂ ਓਵਰ ਵਿੱਚ ਹੈਨਰੀ ਵੱਲੋਂ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਬੋਲਡ ਆਊਟ ਕਰਨ ਤੋਂ ਬਾਅਦ ਅਗਲੀ ਹੀ ਗੇਂਦ 'ਤੇ ਰਾਧਾ ਨੇ ਬਾਹਰਲੇ ਪਾਸੇ ਸੁੱਟੀ ਗਈ ਗੇਂਦ 'ਤੇ ਚੌਕਾ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਗੇਂਦ ਨੂੰ ਹਵਾ ਵਿੱਚ ਉਛਾਲ ਦਿੱਤਾ, ਪਰ ਐਕਸਟ੍ਰਾ ਕਵਰ 'ਤੇ ਖੜ੍ਹੇ ਮਿੰਨੂ ਨੇ ਕੈਚ ਛੱਡ ਕੇ ਮੈਚ ਹੱਥੋਂ ਗੁਆ ਦਿੱਤਾ।

ਜੇਕਰ ਰਾਧਾ ਯਾਦਵ ਦੀ ਵਿਕਟ ਡਿੱਗ ਜਾਂਦੀ ਤਾਂ ਇਹ ਆਰਸੀਬੀ 'ਤੇ ਦਬਾਅ ਬਣ ਸਕਦਾ ਸੀ ਅਤੇ ਕੈਚ ਛੱਡਣ ਤੋਂ ਲਈਆਂ ਦੋ ਦੌੜਾਂ ਹੋਰ ਟੀਚੇ ਵਿੱਚ ਜੁੜ ਗਈਆਂ।ਰਾਧਾ ਨੇ ਵੀ ਇਸ ਜੀਵਨਦਾਨ ਦਾ ਫਾਇਦਾ ਉਠਾਇਆ ਅਤੇ ਅਗਲੇ ਓਵਰ ਵਿੱਚ ਲਗਾਤਾਰ ਦੋ ਚੌਕੇ ਜੜ ਕੇ ਆਰਸੀਬੀ ਨੂੰ ਦੂਜੀ ਵਾਰ ਚੈਂਪੀਅਨ ਬਣਾ ਦਿੱਤਾ।

ਜਿੱਤ ਤੋਂ ਬਾਅਦ ਜਸ਼ਨ ਮਨਾਉਂਦਿਆਂ ਆਰਸੀਬੀ ਦੀਆਂ ਖਿਡਾਰਨਾਂ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਜਿੱਤ ਤੋਂ ਬਾਅਦ ਜਸ਼ਨ ਮਨਾਉਂਦਿਆਂ ਆਰਸੀਬੀ ਦੀਆਂ ਖਿਡਾਰਨਾਂ

ਜਦੋਂ ਰਾਧਾ ਨੇ ਵਿਕਟਰੀ ਸ਼ਾਟ ਭਾਵ ਆਖਰੀ ਚੌਕਾ ਮਾਰਿਆ ਤਾਂ ਪ੍ਰਸਾਰਣ 'ਚ ਨਜ਼ਰ ਆਇਆ ਕਿ ਉਨ੍ਹਾਂ ਦੀ ਵਿਕਟ ਦੀ ਵੇਲਸ ਡਿੱਗ ਗਈ ਹੈ।

ਹਾਲਾਂਕਿ, ਅੰਪਾਇਰ ਨੇ ਰੀਪਲੇਅ ਵਿੱਚ ਦੇਖਿਆ ਕਿ ਵੇਲਸ ਵਿਕਟਕੀਪਰ ਲਿਜ਼ੇਲ ਲੀ ਦਾ ਹੱਥ ਲੱਗਣ ਕਾਰਨ ਡਿੱਗੀ ਸੀ।

ਕੈਚ ਛੱਡ ਕੇ ਮੈਚ ਹੱਥ ਤੋਂ ਕੱਢਣ ਵਾਲੇ ਮਿੰਨੂ ਹੀ ਦਿੱਲੀ ਨੂੰ ਖੇਡ ਵਿੱਚ ਵਾਪਸ ਲਿਆਉਣ ਵਾਲੇ ਵੀ ਸਨ। ਉਨ੍ਹਾਂ ਨੇ 17ਵੇਂ ਓਵਰ ਵਿੱਚ ਜਾਰਜੀਆ ਵਾਲ ਦੀ ਵਿਕਟ ਲਈ ਸੀ, ਜਿਸ ਨਾਲ ਦਿੱਲੀ ਦੀ ਟੀਮ ਫਿਰ ਮੁਕਾਬਲੇ 'ਚ ਵਾਪਸ ਆਈ ਸੀ।

ਇਸ ਤੋਂ ਉਤਸ਼ਾਹਿਤ ਹੋ ਕੇ ਨੰਦਿਨੀ ਸ਼ਰਮਾ ਨੇ ਰਿਚਾ ਘੋਸ਼ ਨੂੰ ਕੈਚ ਕਰਵਾ ਕੇ ਮੈਚ ਨੂੰ ਰੋਮਾਂਚਕ ਬਣਾਇਆ।

ਸਮ੍ਰਿਤੀ ਮੰਧਾਨਾ ਦਾ ਹੌਸਲਾ

ਸਮ੍ਰਿਤੀ ਮੰਧਾਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਮ੍ਰਿਤੀ ਨੇ ਮੈਚ ਤੋਂ ਬਾਅਦ ਸਵੀਕਾਰ ਕੀਤਾ ਕਿ ਸਾਡੀ ਦੂਜੀ ਵਿਕਟ ਦੀ ਮੈਚ ਜਿੱਤਣ ਵਾਲੀ 165 ਦੌੜਾਂ ਦੀ ਸਾਂਝੇਦਾਰੀ ਨੂੰ ਬਣਾਉਣ ਵਿੱਚ ਜਾਰਜੀਆ ਵਾਲ ਨੇ ਭੂਮਿਕਾ ਅਹਿਮ ਰਹੀ

ਜਦੋਂ ਕਿਸੇ ਵੀ ਟੀਮ ਅੱਗੇ 200 ਤੋਂ ਵੱਧ ਦਾ ਟੀਚਾ ਹੁੰਦਾ ਹੈ ਤਾਂ ਇਹ ਸੁਭਾਵਿਕ ਹੈ ਕਿ ਉਹ ਟੀਮ ਦਬਾਅ ਹੇਠ ਆ ਜਾਂਦੀ ਹੈ। ਇੰਨਾ ਹੀ ਨਹੀਂ, ਟੀਮ ਲਈ ਕਈ ਚੰਗੀਆਂ ਪਾਰੀਆਂ ਖੇਡਣ ਵਾਲੇ ਗ੍ਰੇਸ ਹੈਰਿਸ ਦੇ ਛੇਤੀ ਆਊਟ ਹੋਣ ਨਾਲ ਵੀ ਕਦੇ ਟੀਮ ਨੂੰ ਦਬਾਅ ਹੇਠ ਨਹੀਂ ਆਉਣ ਦਿੱਤਾ।

ਜਾਰਜੀਆ ਵਾਲ ਨੇ ਵੀ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਆਉਂਦੇ ਹੀ ਆਪਣੇ ਸ਼ਾਟ ਖੇਡਣੇ ਸ਼ੁਰੂ ਕਰ ਦਿੱਤੇ। ਇਸ ਨਾਲ ਇੱਕ ਤਾਂ ਦਿੱਲੀ ਦੇ ਗੇਂਦਬਾਜ਼ਾਂ ਨੂੰ ਦਬਾਅ ਬਣਾਉਣ ਦਾ ਮੌਕਾ ਨਹੀਂ ਮਿਲ ਸਕਿਆ, ਬਲਕਿ ਕੁਝ ਸਮੇਂ ਬਾਅਦ ਸਮ੍ਰਿਤੀ ਮੰਧਾਨਾ ਨੂੰ ਖੁੱਲ੍ਹ ਕੇ ਖੇਡਣ ਦਾ ਮੌਕਾ ਵੀ ਮਿਲ ਗਿਆ।

ਸਮ੍ਰਿਤੀ ਨੇ ਮੈਚ ਤੋਂ ਬਾਅਦ ਸਵੀਕਾਰ ਕੀਤਾ ਕਿ ਸਾਡੀ ਦੂਜੀ ਵਿਕਟ ਦੀ ਮੈਚ ਜਿੱਤਣ ਵਾਲੀ 165 ਦੌੜਾਂ ਦੀ ਸਾਂਝੇਦਾਰੀ ਨੂੰ ਬਣਾਉਣ ਵਿੱਚ ਜਾਰਜੀਆ ਵਾਲ ਨੇ ਭੂਮਿਕਾ ਅਹਿਮ ਰਹੀ।

ਜਾਰਜੀਆ ਵਾਲ ਨੇ 54 ਗੇਂਦਾਂ ਵਿੱਚ 79 ਦੌੜਾਂ ਦਾ ਯੋਗਦਾਨ ਦਿੱਤਾ, ਜਿਨ੍ਹਾਂ ਵਿੱਚ ਉਨ੍ਹਾਂ ਨੇ 14 ਚੌਕੇ ਲਗਾਏ। ਇਹ ਸਾਂਝੇਦਾਰੀ ਇਸ ਲੀਗ ਦੀ ਸਭ ਤੋਂ ਵੱਡੀ ਸਾਂਝੇਦਾਰੀ ਹੈ।

ਜਾਰਜੀਆ ਨੇ ਆਪਣੀ ਇਸ ਪਾਰੀ ਨੂੰ ਫਾਈਨਲ ਲਈ ਬਚਾ ਕੇ ਰੱਖਿਆ ਸੀ। ਉਨ੍ਹਾਂ ਨੇ ਇਸ ਤੋਂ ਪਹਿਲਾਂ ਪੰਜ ਮੈਚਾਂ ਵਿੱਚ ਸਿਰਫ਼ 91 ਦੌੜਾਂ ਬਣਾਈਆਂ ਸਨ, ਪਰ ਫਾਈਨਲ ਵਿੱਚ ਉਨ੍ਹਾਂ ਨੇ ਆਪਣੀ ਜ਼ੋਰਦਾਰ ਪਾਰੀ ਨਾਲ ਖੇਡ 'ਚ ਜਾਨ ਹੀ ਪਾ ਦਿੱਤੀ।

ਜਿੱਤ ਤੋਂ ਬਾਅਦ ਦੀ ਪ੍ਰਤੀਕਿਰਿਆ

ਵਿਮੈਂਸ ਪ੍ਰੀਮਿਅਰ ਲੀਗ 2026 ਫਾਈਨਲ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਵਡੋਦਰਾ ਦੇ ਬੀਸੀਏ ਸਟੇਡੀਅਮ ਵਿੱਚ ਖੇਡੇ ਗਏ ਫਾਈਨਲ ਮੈਚ ਵਿੱਚ ਦਿੱਲੀ ਕੈਪੀਟਲਜ਼ ਨੇ ਆਰਸੀਬੀ ਨੂੰ 204 ਦੌੜਾਂ ਦਾ ਚੰਗਾ ਟੀਚਾ ਦਿੱਤਾ ਸੀ, ਪਰ ਬੰਗਲੁਰੂ ਟੀਮ ਨੇ ਦਿੱਲੀ ਨੂੰ 6 ਵਿਕਟਾਂ ਨਾਲ ਹਰਾ ਦਿੱਤਾ

ਸਮ੍ਰਿਤੀ ਮੰਧਾਨਾ ਨੇ ਟ੍ਰਾਫ਼ੀ ਲੈਣ ਤੋਂ ਪਹਿਲਾਂ ਕਿਹਾ, "ਆਰਸੀਬੀ ਦੇ ਪ੍ਰਸ਼ੰਸਕ ਦੁਨੀਆ ਦੇ ਸਭ ਤੋਂ ਚੰਗੇ ਪ੍ਰਸ਼ੰਸਕ ਹਨ। ਅਸੀਂ ਜਿੱਥੇ ਵੀ ਜਾਂਦੇ ਹਾਂ, ਕਮਾਲ ਦਾ ਸਪੋਰਟ ਮਿਲਦਾ ਹੈ। ਸਾਡੀ ਫਰੈਂਚਾਇਜ਼ੀ ਨੇ ਪਿਛਲੇ ਤਿੰਨ ਸਾਲਾਂ ਵਿੱਚ ਦੋ ਟ੍ਰਾਫ਼ੀਆਂ ਜਿੱਤੀਆਂ ਹਨ। ਪਿੱਚ ਬੱਲੇਬਾਜ਼ੀ ਲਈ ਚੰਗੀ ਸੀ, ਪਰ ਸਾਡੇ ਗੇਂਦਬਾਜ਼ਾਂ, ਖਾਸ ਕਰਕੇ ਲੌਰੇਨ ਬੈੱਲ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ।"

"ਸਪੋਰਟ ਸਟਾਫ ਨੇ ਵੀ ਸਾਡੀ ਜਿੱਤ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਾਰੇ ਖਿਡਾਰੀਆਂ ਨੂੰ ਉਨ੍ਹਾਂ ਦੀ ਭੂਮਿਕਾ ਦੱਸ ਦਿੱਤੀ ਗਈ ਸੀ। ਉਨ੍ਹਾਂ ਨੇ ਇੰਨਾ ਚੰਗਾ ਕੰਮ ਕੀਤਾ ਸੀ ਕਿ ਖਿਡਾਰੀਆਂ ਨੇ ਮੈਦਾਨ 'ਤੇ ਜਾ ਕੇ ਉਸ 'ਤੇ ਲਾਗੂ ਕਰਨਾ ਸੀ। ਸਾਡੀ ਟੀਮ ਦਾ ਆਤਮਵਿਸ਼ਵਾਸ ਬਹੁਤ ਵਧੀਆ ਸੀ, ਅਜਿਹੇ ਵਿੱਚ ਕੋਈ ਵੀ ਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ।"

ਮੰਧਾਨਾ ਦੇ ਫਾਈਨਲ ਵਿੱਚ ਪਹੁੰਚਣ ਤੋਂ ਪਹਿਲਾਂ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ 342 ਦੌੜਾਂ ਨਾਲ ਔਰੇਂਜ ਕੈਪ ਦੀ ਦੌੜ ਵਿੱਚ ਸਭ ਤੋਂ ਅੱਗੇ ਸਨ। ਪਰ ਮੰਧਾਨਾ ਦੀ 41 ਗੇਂਦਾਂ ਵਿੱਚ 87 ਦੌੜਾਂ ਦੀ ਪਾਰੀ ਨੇ ਉਨ੍ਹਾਂ ਦੇ ਸਕੋਰ ਨੂੰ 377 ਦੌੜਾਂ ਤੱਕ ਪਹੁੰਚਾ ਦਿੱਤਾ ਅਤੇ ਔਰੇਂਜ ਕੈਪ ਪ੍ਰਾਪਤ ਕੀਤੀ।

ਸਪੋਰਟਸ ਸਟਾਰਲਈ ਕਮੈਂਟਰੀ ਕਰਦੇ ਹੋਏ ਸਬਾ ਕਰੀਮ ਨੇ ਕਿਹਾ, "ਸਮ੍ਰਿਤੀ ਮੰਧਾਨਾ ਭਾਵੇਂ ਆਪਣਾ ਸੈਂਕੜਾ ਨਹੀਂ ਪੂਰਾ ਕਰ ਸਕੇ, ਪਰ ਉਨ੍ਹਾਂ ਨੂੰ ਮੈਚ ਜੇਤੂ ਪਾਰੀ ਖੇਡਣ ਲਈ ਬਹੁਤ-ਬਹੁਤ ਵਧਾਈ।"

ਰਾਧਾ ਯਾਦਵ ਜੇਤੂ ਦੌੜਾਂ ਬਣਾ ਕੇ ਖੁਸ਼

ਰਾਧਾ ਯਾਦਵ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਾਧਾ ਯਾਦਵ ਪਿਛਲੇ ਸਾਲ ਤੱਕ ਦਿੱਲੀ ਕੈਪੀਟਲਜ਼ ਲਈ ਖੇਡ ਰਹੇ ਸਨ

ਰਾਧਾ ਯਾਦਵ ਨੇ ਮੈਚ ਤੋਂ ਬਾਅਦ ਸਟਾਰ ਸਪੋਰਟਸ ਦੇ ਕਮੈਂਟੇਟਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਹ ਪਿਛਲੇ ਸਾਲ ਤੱਕ ਦਿੱਲੀ ਕੈਪੀਟਲਜ਼ ਟੀਮ ਵਿੱਚ ਸ਼ਾਮਲ ਸਨ, ਪਰ ਹੁਣ ਉਹ ਦਿੱਲੀ ਵਿਰੁੱਧ ਜੇਤੂ ਦੌੜਾਂ ਬਣਾਉਣ ਵਿੱਚ ਸਫਲ ਰਹੇ ਹਨ।

ਉਨ੍ਹਾਂ ਕਿਹਾ, "ਸਾਨੂੰ ਤਿਆਰ ਕਰਨ ਵਿੱਚ ਟੀਮ ਮੈਨੇਜਮੈਂਟ ਦੀ ਮੁੱਖ ਭੂਮਿਕਾ ਰਹੀ। ਸਾਨੂੰ ਜਿਸ ਵੀ ਚੀਜ਼ ਦੀ ਜ਼ਰੂਰਤ ਸੀ, ਉਹ ਮੁਹੱਈਆ ਕਰਵਾਈ ਗਈ।

''ਸਾਨੂੰ ਹਾਲਾਤਾਂ ਦੇ ਮੁਤਾਬਕ ਤਿਆਰੀ ਕਰਵਾਈ ਗਈ, ਜਿਸ ਦਾ ਸਾਨੂੰ ਫ਼ਾਇਦਾ ਮਿਲਿਆ। ਤਿਆਰੀ ਦੌਰਾਨ ਸਾਨੂੰ ਘੱਟ ਗੇਂਦਾਂ ਵਿੱਚ ਵੱਧ ਦੌੜਾਂ ਬਣਾਉਣ ਦੇ ਟੀਚੇ ਦਿੱਤੇ ਜਾਂਦੇ ਸਨ। ਹਰੇਕ ਖਿਡਾਰੀ ਆਪਣੇ ਹੁਨਰ ਮੁਤਾਬਕ ਕਿਵੇਂ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਸਕਦਾ ਹੈ, ਇਸ ਦਾ ਸਾਨੂੰ ਅਭਿਆਸ ਕਰਵਾਇਆ ਗਿਆ।''

ਉਨ੍ਹਾਂ ਕਿਹਾ, ''ਮੈਂ ਚੰਗਾ ਪ੍ਰਦਰਸ਼ਨ ਕੀਤਾ ਅਤੇ ਮੈਂ ਹੋਰ ਵੀ ਬਿਹਤਰ ਪ੍ਰਦਰਸ਼ਨ ਕਰ ਸਕਦੀ ਹਾਂ। ਮੈਨੂੰ ਉਮੀਦ ਹੈ ਕਿ ਭਵਿੱਖ ਵਿੱਚ ਮੈਂ ਦੇਸ਼ ਨੂੰ ਵਿਸ਼ਵ ਕੱਪ ਜਿਤਾਵਾਂਗੀ। ਮੈਨੇਜਮੈਂਟ ਨੇ ਪ੍ਰੈਕਟਿਸ ਸੈਸ਼ਨ ਤੋਂ ਬਾਅਦ ਸਾਨੂੰ ਕੁਝ ਸਮੇਂ ਲਈ ਘੁੰਮਣ ਵੀ ਭੇਜਿਆ, ਇਸ ਨਾਲ ਖਿਡਾਰੀ ਤਰੋ-ਤਾਜ਼ਾ ਰਹੇ।''

ਲਿਜ਼ੇਲ ਲੀ ਅਤੇ ਸ਼ੇਫਾਲੀ ਵਰਮਾ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਜੇਮਿਮਾ ਰੋਡਰਿਗਜ਼ ਅਤੇ ਵੁਲਵਾਰਟ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਬਾਵਜੂਦ ਇੱਕ ਸਮਾਂ ਅਜਿਹਾ ਸੀ ਜਦੋਂ ਲੱਗ ਰਿਹਾ ਸੀ ਕਿ ਦਿੱਲੀ ਕੈਪਿਟਲਜ਼ ਸ਼ਾਇਦ ਹੀ 200 ਦੇ ਅੰਕੜੇ ਨੂੰ ਪਾਰ ਕਰ ਸਕੇ।

ਇਸ ਸਥਿਤੀ ਵਿੱਚ ਹੇਨਰੀ ਦੀ ਵਿਸਫੋਟਕ ਅੰਦਾਜ਼ ਵਿੱਚ ਖੇਡੀ ਗਈ ਪਾਰੀ ਨੇ ਸਕੋਰ ਨੂੰ 203 ਦੌੜਾਂ ਤੱਕ ਪਹੁੰਚਾਉਣ ਵਿੱਚ ਮਦਦ ਕੀਤੀ। ਹੇਨਰੀ ਨੇ ਸਿਰਫ਼ 15 ਗੇਂਦਾਂ ਵਿੱਚ ਚਾਰ ਚੌਕਿਆਂ ਅਤੇ ਦੋ ਛੱਕੇ ਦੀ ਮਦਦ ਨਾਲ 35 ਦੌੜਾਂ ਦਾ ਯੋਗਦਾਨ ਦਿੱਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)