You’re viewing a text-only version of this website that uses less data. View the main version of the website including all images and videos.
ਸੁੱਖਾ ਦੁੱਨੇਕੇ ਕੌਣ ਹੈ ਤੇ ‘ਕੈਨੇਡਾ ’ਚ ਉਸ ਦੇ ਕਤਲ’ ਹੋਣ ਦੀਆਂ ਖ਼ਬਰਾਂ ਬਾਰੇ ਪੁਲਿਸ ਕੀ ਕਹਿੰਦੀ ਹੈ
- ਲੇਖਕ, ਸੁਰਿੰਦਰ ਮਾਨ
- ਰੋਲ, ਬੀਬੀਸੀ ਪੰਜਾਬੀ ਲਈ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨਆਈਏ) ਵੱਲੋਂ 'ਏ' ਸ਼੍ਰੇਣੀ ਦੇ ਕਥਿਤ ਗੈਂਗਸਟਰ ਐਲਾਨੇ ਗਏ ਸੁੱਖਾ ਦੁੱਨੇਕੇ ਨੂੰ ਕੈਨੇਡਾ ਵਿਚ ਕਤਲ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ।
ਇਸੇ ਸਾਲ ਜੂਨ ਮਹੀਨੇ 'ਚ ਕੈਨੇਡਾ ਦੇ ਸਰੀ ਖੇਤਰ ਵਿਚ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਨੂੰ ਕਤਲ ਕੀਤੇ ਜਾਣ ਤੋਂ ਬਾਅਦ ਇਹ ਕਤਲ ਦੀ ਦੂਜੀ ਵੱਡੀ ਘਟਨਾ ਹੈ।
ਹਰਦੀਪ ਸਿੰਘ ਨਿੱਝਰ ਦਾ ਇਸੇ ਸਾਲ 18 ਜੂਨ ਨੂੰ ਸਰੀ ਦੇ ਇੱਕ ਗੁਰਦੁਆਰੇ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਕਥਿਤ ਗੈਂਗਸਟਰ ਸੁੱਖਾ ਦੁੱਨੇਕੇ ਜ਼ਿਲ੍ਹਾ ਮੋਗਾ ਦੇ ਪਿੰਡ ਦੁੱਨੇਕੇ ਦਾ ਜੰਮਪਲ ਸੀ।
ਭਾਰਤੀ ਖ਼ੂਫ਼ੀਆ ਏਜੰਸੀਆਂ ਨੇ ਦਾਅਵਾ ਕੀਤਾ ਸੀ ਕਿ ਸੁੱਖਾ ਦੁੱਨੇਕੇ ਪਿਛਲੇ ਕੁਝ ਸਮੇਂ ਤੋਂ ਖ਼ਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਝਰ ਲਈ ਕਥਿਤ ਤੌਰ 'ਤੇ ਸਹਾਇਕ ਵਜੋਂ ਕੰਮ ਕਰ ਰਿਹਾ ਸੀ।
ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਮੁੱਦਾ ਇਸ ਵੇਲੇ ਭਾਰਤ ਤੇ ਕੈਨੇਡਾ ਸਰਕਾਰ ਦਰਮਿਆਨ 'ਤਣਾਅ' ਦਾ ਕਾਰਨ ਬਣਿਆ ਹੋਇਆ ਹੈ।
ਬੰਬੀਹਾ ਗਰੁੱਪ ਦਾ ਸਰਗਰਮ ਮੈਂਬਰ
ਪੰਜਾਬ ਪੁਲਿਸ ਅਤੇ ਐੱਨਆਈਏ ਮੁਤਾਬਕ ਸੁਖਦੂਲ ਸਿੰਘ ਗਿੱਲ ਉਰਫ਼ ਸੁੱਖਾ ਦੁੱਨੇਕੇ ਦਵਿੰਦਰ ਬੰਬੀਹਾ ਗੈਂਗ ਦਾ ਸਰਗਰਮ ਮੈਂਬਰ ਸੀ।
ਪੰਜਾਬ ਪੁਲਿਸ ਨੇ ਕਈ ਵਾਰ ਇਹ ਦਾਅਵਾ ਕੀਤਾ ਹੈ ਕਿ ਸੁੱਖਾ ਦੁੱਨੇਕੇ 'ਏ' ਸ਼੍ਰੇਣੀ ਦੇ ਕਥਿਤ ਗੈਂਗਸਟਰ ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ ਦਾ ਕਰੀਬੀ ਸਾਥੀ ਸੀ।
ਅਸਲ ਵਿਚ ਸੁੱਖਾ ਦੁੱਨੇਕੇ ਦਾ ਨਾਂ ਮਾਰਚ 2022 ਵਿਚ ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਮੱਲੀਆਂ ਵਿਖੇ ਪ੍ਰਸਿੱਧ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਤੋਂ ਬਾਅਦ ਚਰਚਾ ਵਿਚ ਆਇਆ ਸੀ।
ਪੁਲਿਸ ਰਿਕਾਰਡ ਮੁਤਾਬਕ ਸੁੱਖਾ ਦੁੱਨੇਕੇ ਖ਼ਿਲਾਫ਼ 4 ਕਤਲਾਂ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਵਿਚ ਵੱਖ-ਵੱਖ ਧਾਰਾਵਾਂ ਅਧੀਨ 20 ਦੇ ਕਰੀਬ ਮਾਮਲੇ ਦਰਜ ਹਨ।
ਇਹ ਕੇਸ ਕਤਲ, ਜ਼ਬਰੀ ਉਗਰਾਹੀ, ਗ਼ੈਰ-ਕਾਨੂੰਨੀ ਹਥਿਆਰ ਸਪਲਾਈ ਕਰਨ ਅਤੇ ਭਾੜੇ ਦੇ ਕਤਲ ਕਰਨ ਨਾਲ ਜੁੜੇ ਹੋਏ ਹਨ।
ਸੁੱਖਾ ਦੁੱਨੇਕੇ ਦੇ ਘਰ ਪਿਛਲੇ ਦਿਨਾਂ ਦੌਰਾਨ ਐੱਨਆਈਏ ਵੱਲੋਂ ਕਈ ਵਾਰ ਰੇਡ ਕੀਤੀ ਗਈ ਸੀ। ਐੱਨਆਈਏ ਵੱਲੋਂ ਹਾਲ ਹੀ ਵਿਚ ਜਾਰੀ ਕੀਤੀ ਗਏ 43 'ਮੋਸਟ ਵਾਂਟੇਡ' ਗੈਂਗਸਟਰਾਂ ਦੀ ਸੂਚੀ ਵਿਚ ਇਸ ਕਥਿਤ ਗੈਂਗਸਟਰ ਦਾ ਨਾਂ ਵੀ ਸ਼ਾਮਲ ਸੀ।
ਪੁਲਿਸ ਰਿਕਾਰਡ ਮੁਤਾਬਕ ਸੁੱਖਾ ਦੁੱਨੇਕੇ ਸਾਲ 2017 ਵਿਚ ਇੱਕ ਫਰਜ਼ੀ ਪਾਸਪੋਰਟ 'ਤੇ ਭਾਰਤ ਤੋਂ ਕੈਨੇਡਾ ਗਿਆ ਸੀ।
ਜਦੋਂ ਪਿਛਲੇ ਸਾਲ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਇਆ ਸੀ ਤਾਂ ਪੰਜਾਬ ਪੁਲਿਸ ਨੇ ਸੁੱਖਾ ਦੁੱਨੇਕੇ ਦੇ ਵਿਦੇਸ਼ ਜਾਣ ਨੂੰ ਲੈ ਕੇ ਜਾਂਚ ਸ਼ੁਰੂ ਕੀਤੀ ਸੀ।
ਇਹ ਜਾਂਚ ਐਂਟੀ-ਗੈਂਗਸਟਰ ਟਾਸਕ ਫੋਰਸ ਦੇ ਆਦੇਸ਼ ਤੋਂ ਬਾਅਦ ਅਮਲ ਵਿਚ ਲਿਆਂਦੀ ਗਈ ਸੀ।
ਜਾਂਚ ਤੋਂ ਬਾਅਦ ਪੰਜਾਬ ਪੁਲਿਸ ਦੇ ਉਨ੍ਹਾਂ ਦੇ ਦੋ ਮੁਲਾਜ਼ਮਾਂ ਵਿਰੁੱਧ ਐੱਫਆਈਆਰ ਦਰਜ ਕੀਤੀ ਗਈ ਸੀ, ਜਿੰਨ੍ਹਾਂ ਨੇ ਕਥਿਤ ਤੌਰ 'ਤੇ ਸੁੱਖਾ ਦੁੱਨੇਕੇ ਦੀ ਪਾਸਪੋਰਟ ਬਾਰੇ ਵੈਰੀਫਿਕੇਸ਼ਨ ਨੂੰ ਮਨਜ਼ੂਰੀ ਦਿੱਤੀ ਸੀ।
ਅਦਾਲਤ ਨੇ ਭਗੌੜਾ ਕਰਾਰ ਦਿੱਤਾ ਸੀ
ਵਿਦੇਸ਼ ਭੱਜਣ ਤੋਂ ਪਹਿਲਾਂ ਇਹ ਕਥਿਤ ਗੈਂਗਸਟਰ ਫਰੀਦਕੋਟ ਦੀ ਮਾਡਰਨ ਜੇਲ੍ਹ ਵਿਚ ਵਿਚਾਰ-ਅਧੀਨ ਕੈਦੀ ਸੀ ਪਰ ਜ਼ਮਾਨਤ ਮਿਲਣ ਤੋਂ ਮਗਰੋਂ ਉਹ ਕਿਸੇ ਅਦਾਲਤੀ ਪੇਸ਼ੀ 'ਤੇ ਹਾਜ਼ਰ ਨਹੀਂ ਹੋਇਆ ਸੀ।
ਕੁਝ ਸਮੇਂ ਬਾਅਦ ਅਦਾਲਤ ਨੇ ਇਸ ਨੂੰ ਭਗੌੜਾ ਕਰਾਰ ਦੇ ਦਿੱਤਾ ਸੀ। ਪੁਲਿਸ ਦਾ ਕਹਿਣਾ ਹੈ ਕਿ ਵਿਦੇਸ਼ ਵਿਚ ਸੁੱਖਾ ਦੁੱਨੇਕੇ ਖ਼ਾਲਿਸਤਾਨੀ ਸਰਗਰਮੀਆਂ ਵਿਚ ਹਿੱਸਾ ਲੈਂਦਾ ਸੀ।
ਕੇਂਦਰੀ ਗ੍ਰਹਿ ਵਿਭਾਗ ਦੇ ਹੁਕਮਾਂ ਤੋਂ ਬਾਅਦ ਐੱਨਆਈਏ ਨੇ 'ਮੋਸਟ ਵਾਂਟੇਡ' ਸੂਚੀ ਜਾਰੀ ਕਰਨ ਸਮੇਂ ਕਿਹਾ ਸੀ ਕਿ ਉਹ ਹਰਦੀਪ ਸਿੰਘ ਨਿੱਝਰ ਵੱਲੋਂ ਚਲਾਈ ਜਾਂਦੀ ਜਥੇਬੰਦੀ 'ਖ਼ਾਲਿਸਤਾਨ ਟਾਈਗਰ ਫੋਰਸ' ਦਾ ਸਰਗਰਮ ਮੈਂਬਰ ਸੀ।
ਸੁੱਖਾ ਦੁੱਨੇਕੇ ਦੇ ਪਿਤਾ ਸਰਕਾਰੀ ਮੁਲਾਜ਼ਮ ਸਨ ਤੇ ਉਨਾਂ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਸਰਕਾਰ ਨੇ ਤਰਸ ਦੇ ਅਧਾਰ 'ਤੇ ਸੁੱਖਾ ਦੁੱਨੇਕੇ ਦੇ ਪਿਤਾ ਦੀ ਜਗ੍ਹਾ 'ਤੇ ਸੁੱਖਾ ਦੁੱਨੇਕੇ ਨੂੰ ਨੌਕਰੀ ਵੀ ਦਿੱਤੀ ਸੀ।
ਪਿੰਡ ਵਾਲਿਆਂ ਨੇ ਦੱਸਿਆ ਕਿ ਸੁੱਖਾ ਦੁੱਨੇਕੇ ਦੇ ਪਰਿਵਾਰਕ ਮੈਂਬਰ, ਜਿਸ ਵਿਚ ਉਸ ਦੇ ਮਾਤਾ ਅਤੇ ਭੈਣ ਸ਼ਾਮਲ ਹਨ, ਇਸ ਵੇਲੇ ਕੈਨੇਡਾ ਵਿਚ ਰਹਿ ਰਹੇ ਹਨ।
ਇਸ ਵੇਲੇ ਪਿੰਡ ਵਿਚ ਸੁੱਖਾ ਦੁੱਨੇਕੇ ਦਾ ਕੋਈ ਪਰਿਵਾਰਕ ਮੈਂਬਰ ਨਹੀਂ ਰਿਹਾ ਹੈ। ਪਿੰਡ ਵਾਲਿਆਂ ਨੇ ਦੱਸਿਆ ਕਿ ਸੁੱਖਾ ਦੁੱਨੇਕੇ ਦੇ ਪਰਿਵਾਰਕ ਮੈਂਬਰਾਂ ਦੇ ਕੈਨੇਡਾ ਜਾਣ ਤੋਂ ਥੋੜ੍ਹੇ ਸਮੇਂ ਬਾਅਦ ਹੀ ਉਹ ਕੈਨੇਡਾ ਉਹ ਚਲਾ ਗਿਆ ਸੀ।
ਸੁੱਖਾ ਦੁੱਨੇਕੇ ਦਾ ਪਰਿਵਾਰ ਕੁਝ ਦਿਨ ਪਹਿਲਾਂ ਹੀ ਕੈਨੇਡਾ ਦੇ ਵਿਨੀਪੈਗ ਇਲਾਕੇ ਵਿਚ ਰਹਿਣ ਲੱਗਾ ਹੈ।
ਜ਼ਿਲ੍ਹਾ ਮੋਗਾ ਦੇ ਐੱਸਐੱਸਪੀ ਜੇ. ਏਲਨਚੇਲੀਅਨ ਨੇ ਦੱਸਿਆ ਕਿ ਸੁੱਖਾ ਦੁੱਨੇਕੇ ਖ਼ਿਲਾਫ਼ ਵੱਖ-ਵੱਖ ਅਪਰਾਧਾਂ ਨਾਲ ਜੁੜੇ 15-16 ਮਾਮਲੇ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਦਰਜ ਕੀਤੇ ਗਏ ਸਨ।
"ਸਾਨੂੰ ਇਸ ਗੈਂਗਸਟਰ ਬਾਰੇ ਸੂਚਨਾ ਮਿਲੀ ਹੈ। ਇਸ ਘਟਨਾ ਨੂੰ ਲੈ ਕੇ ਅਸੀਂ ਪੂਰੀ ਤਰ੍ਹਾਂ ਨਾਲ ਗੰਭੀਰ ਹਾਂ। ਇਸ ਦੇ ਮੱਦੇਨਜ਼ਰ ਅਸੀਂ ਸੀਨੀਅਰ ਪੁਲਿਸ ਅਫਸਰਾਂ ਨਾਲ ਲਗਾਤਾਰ ਰਾਬਤਾ ਰੱਖ ਰਹੇ ਹਾਂ।"
ਐੱਸਐੱਸਪੀ ਨੇ ਕਿਹਾ, "ਸੁੱਖਾ ਦੁੱਨੇਕੇ ਦੇ ਮਾਤਾ ਅਤੇ ਭੈਣ ਇਸ ਵੇਲੇ ਕੈਨੇਡਾ ਵਿਚ ਹੀ ਰਹਿੰਦੇ ਹਨ। ਸਾਨੂੰ ਸੁੱਖਾ ਦੁੱਨੇਕੇ ਦੇ ਤਾਏ ਨੇ ਕੈਨੇਡਾ ਰਹਿੰਦੇ ਪਰਿਵਾਰ ਦੇ ਹਵਾਲੇ ਨਾਲ ਸਾਰੀ ਗੱਲ ਦੱਸੀ ਹੈ ਪਰ ਪੁਲਿਸ ਆਪਣੇ ਤੌਰ 'ਤੇ ਅਧਿਕਾਰਤ ਪੁਸ਼ਟੀ ਕਰਨ ਵਿਚ ਰੁੱਝੇ ਹੋਈ ਹੈ।"