You’re viewing a text-only version of this website that uses less data. View the main version of the website including all images and videos.
‘ਬੱਚੇ ਇੰਨੇ ਕਮਜ਼ੋਰ ਨੇ ਕਿ ਉਨ੍ਹਾਂ ਦਾ ਵਜ਼ਨ ਜਦੋਂ ਪੈਦਾ ਹੋਏ ਸਨ ਉਦੋਂ ਜ਼ਿਆਦਾ ਸੀ ਤੇ ਹੁਣ ਘੱਟ ਗਿਐ’-ਗਾਜ਼ਾ ’ਚ ਭੁੱਖਮਰੀ ’ਤੇ ਹਨੀਫ਼ ਦਾ ਵਲੌਗ
- ਲੇਖਕ, ਮੁਹੰਮਦ ਹਨੀਫ਼
- ਰੋਲ, ਸੀਨੀਅਰ ਪੱਤਰਕਾਰ ਤੇ ਲੇਖਕ
ਕਦੀ ਭੁੱਖੇ ਰਹੇ ਹੋ, ਕਦੀ ਘਰ ਵਿੱਚ ਗੈਸ ਨਾ ਆਵੇ ਅਤੇ ਡਿਨਰ ਲੇਟ ਹੋ ਜਾਵੇ ਜਾਂ ਤੰਦੂਰ ਉੱਤੇ ਲਾਈਨ ਲੰਬੀ ਲੱਗੀ ਹੋਵੇ, ਭੁੱਖ ਨਾਲ ਚੰਗੇ ਭਲੇ ਬੰਦੇ ਦਾ ਦਿਮਾਗ਼ ਘੁੰਮ ਜਾਂਦਾ ਹੈ।
ਰਮਜ਼ਾਨ ਦੇ ਮਹੀਨੇ 'ਚ ਤੁਸੀਂ ਦੇਖਿਆ ਹੋਣਾ ਕਿ ਕਈ ਰੋਜ਼ੇਦਾਰ ਸ਼ਾਮ ਤੱਕ ਇੱਕ ਦੂਜੇ ਨਾਲ ਲੜਨ ਨੂੰ ਫ਼ਿਰਦੇ ਨੇ।
ਜੇ ਬੱਚੇ ਨੂੰ ਵਕਤ 'ਤੇ ਦੁੱਧ ਨਾ ਮਿਲੇ ਤਾਂ ਉਹ ਆਪਣੇ ਛੋਟੇ ਜਿਹੇ ਗਲ਼ੇ ਨਾਲ ਇੰਨਾ ਰੋਂਦਾ ਹੈ ਕਿ ਅਸਮਾਨ ਸਿਰ ਉੱਤੇ ਚੁੱਕ ਲੈਂਦੇ।
ਇਸੇ ਲਈ ਸ਼ਾਇਦ ਸਿਆਣੇ ਕਹਿੰਦੇ ਸਨ ਕਿ ਰੱਬ ਦਾ ਦੂਸਰਾ ਨਾਮ ਰੋਟੀ ਹੈ।
ਹੁਣ ਸੋਚੋ ਕਿ ਗਾਜ਼ਾ ਵਿੱਚ ਇੱਕ ਪੂਰੀ ਆਬਾਦੀ ਨੂੰ ਭੁੱਖਾ ਮਾਰਿਆ ਜਾ ਰਿਹਾ ਹੈ, ਜੇ ਕਿਤੇ ਰਾਸ਼ਨ ਮਿਲਣ ਦੀ ਉਮੀਦ ਉੱਤੇ ਕੋਈ ਪਹੁੰਚ ਜਾਂਦਾ ਹੈ ਤਾਂ ਉੱਤੋਂ ਬੰਬ ਸੁੱਟੇ ਜਾਂਦੇ ਨੇ।
ਇੰਨੇ ਇੰਨੇ ਕਮਜ਼ੋਰ ਬੱਚੇ ਨੇ ਬਈ ਜਿਨ੍ਹਾਂ ਦਾ ਵਜ਼ਨ ਜਦੋਂ ਪੈਦਾ ਹੋਏ ਸਨ ਉਦੋਂ ਜ਼ਿਆਦਾ ਸੀ ਤੇ ਹੁਣ ਘੱਟ ਗਿਐ।
ਹੱਡੀਆਂ ਦਾ ਢਾਂਚੇ ਬਣੇ ਇਨ੍ਹਾਂ ਬੱਚਿਆਂ ਦੀਆਂ ਫੋਟੋਆਂ ਅਸੀਂ ਰੋਜ਼ ਦੇਖਦੇ ਆਂ, ਆਪਣੇ ਫੋਨਾਂ ਉੱਤੇ ਦੇਖਦੇ ਆਂ।
ਜਦੋਂ ਅਫ਼ਰੀਕਾ 'ਚ ਪਿਆ ਸੀ ਕਾਲ
ਜਿਹੜੇ ਸਾਡੀ ਉਮਰ ਦੇ ਲੋਕ ਨੇ ਉਨ੍ਹਾਂ ਨੂੰ ਸ਼ਾਇਦ ਯਾਦ ਹੋਵੇਗਾ ਕਿ ਸੰਨ 1985 ਵਿੱਚ ਅਫ਼ਰੀਕਾ ਦੇ ਕੁਝ ਮੁਲਕਾਂ ਵਿੱਚ ਕਾਲ ਪਿਆ ਸੀ।
ਪਹਿਲਾਂ ਤਾਂ ਦੁਨੀਆਂ ਨੂੰ ਪਤਾ ਹੀ ਨਹੀਂ ਲੱਗਿਆ ਫ਼ਿਰ ਇਸੇ ਤਰ੍ਹਾਂ ਹੱਡੀਆਂ ਦੇ ਢਾਂਚੇ ਬਣੇ ਬੱਚਿਆਂ ਅਤੇ ਉਨ੍ਹਾਂ ਦੀਆਂ ਮਾਵਾਂ ਦੀਆਂ ਤਸਵੀਰਾਂ ਅਖ਼ਬਾਰਾਂ ਵਿੱਚ ਛਪੀਆਂ।
ਇੰਝ ਲੱਗਿਆ ਬਈ ਅਮੀਰ ਮੁਲਕਾਂ ਵਿੱਚ, ਗੋਰੇ ਮੁਲਕਾਂ ਨੂੰ ਸਹਿਣ ਵਾਲਿਆਂ ਦੇ ਕਲੇਜੇ ਨੂੰ ਹੱਥ ਪਿਆ ਹੈ। ਦੱਸਿਆ ਗਿਆ ਕਿ ਕਿੱਡੀ ਸ਼ਰਮ ਵਾਲੀ ਗੱਲ ਹੈ ਅਸੀਂ ਲੱਖਾਂ ਟਨ ਅਨਾਜ ਸਮੁੰਦਰ ਵਿੱਚ ਸੁੱਟ ਦਿੰਨੇ ਆਂ ਤੇ ਇੱਥੇ ਮਾਸੂਮ ਬੱਚੇ ਹੱਡੀਆਂ ਦੇ ਢਾਂਚੇ ਬਣੇ ਪਏ ਨੇ, ਮਾਂ ਏਡੀ ਕਮਜ਼ੋਰ ਏ ਕਿ ਬੱਚੇ ਦੇ ਮੂੰਹ ਤੋਂ ਮੱਖੀਆਂ ਤੱਕ ਨਹੀਂ ਉਡਾ ਸਕਦੀ।
ਵੱਡੇ ਵੱਡੇ ਕਾਂਨਸਰਟ ਹੋਏ, ਤਰਾਨੇ ਲਿਖੇ ਗਏ, ਲੋਕਾਂ ਨੇ ਦਿਲ ਖੋਲ੍ਹ ਕੇ ਚੰਦੇ ਦਿੱਤੇ।
ਖ਼ੁਰਾਕ ਦੇ ਜਹਾਜ਼ ਤੇ ਟਰੱਕ ਦੁਨੀਆਂ ਆਪ ਜ਼ਰੂਰਤਮੰਦਾਂ ਕੋਲ ਲੈਕੇ ਅਪੜ ਗਈ।
ਅਫ਼ਰੀਕਾ ਦੇ ਮੁਲਕਾਂ ਵਿੱਚ ਜਿਹੜਾ ਕਾਲ ਆਇਆ ਸੀ ਉਹ ਕੁਦਰਤ ਵੱਲੋਂ ਸੀ। ਗਾਜ਼ਾ ਵਾਲਾ ਕਾਲ ਬੰਦੂਕਾਂ ਦੇ ਜ਼ੋਰ ਉੱਤੇ ਲਿਆਂਦਾ ਗਿਆ ਹੈ।
ਗਾਜ਼ਾ ਲਈ ਗੁਹਾਰ
ਖੁਰਾਕ ਦੇ ਟਰੱਕ ਗਾਜ਼ਾ ਦੇ ਬਾਰਡਰ ਉੱਤੇ ਖੜੋਤੇ ਨੇ, ਜਿਹੜੀ ਦੁਨੀਆਂ ਆਪਣੇ ਆਪ ਨੂੰ ਮਾਡਰਨ ਅਤੇ ਸਿਵੀਲਾਈਜ਼ਡ ਕਹਿੰਦੀ ਹੈ ਉਹ ਇਹ ਕਾਲ ਪਾ ਕੇ ਬੱਚਿਆਂ ਨੂੰ ਭੁੱਖਾ ਮਾਰਨ ਵਾਲਿਆਂ ਨੂੰ ਹੋਰ ਅਸਲਾ ਦੇਈ ਜਾ ਰਹੀ ਹੈ।
ਨਾਲ ਕੁਝ ਦਰਦਮੰਦ ਲੋਕ ਭਾਂਡੇ ਖੜਕਾ ਕੇ ਆਪਣੀਆਂ ਹਕੂਮਤਾਂ ਨੂੰ ਸ਼ਰਮ ਦਿਵਾਉਣ ਦੀ ਕੋਸ਼ਿਸ਼ ਕਰਦੇ ਪਏ ਨੇ।
ਪਰ ਇਹ ਕੁਝ ਪਤਾ ਨਹੀਂ ਕਿ ਹਾਲੇ ਕਿੰਨੇ ਕੁ ਹੋਰ ਬੱਚਿਆਂ ਦੇ ਢਾਂਚੇ ਦੇਖਾਂਗੇ ਕਿ ਕਿਸੇ ਨੂੰ ਹਯਾ ਆਵੇਗੀ।
ਬੰਦਾਂ ਗੋਰਿਆਂ ਅਤੇ ਉਨ੍ਹਾਂ ਦੀਆਂ ਹਕੂਮਤਾਂ ਨਾਲ ਕੀ ਗੱਲਾਂ ਕਰੇ। ਗੁਆਂਢ ਵਿੱਚ ਸਾਰੇ ਆਪਣੇ ਮੁਸਲਮਾਨ ਭਰਾ ਮੁਲਕ ਬੈਠੇ ਨੇ। ਉਨ੍ਹਾਂ ਦੀ ਸਾਰੇ ਉਨ੍ਹਾਂ ਮੁਲਕਾਂ ਨਾਲ ਭਰਾਬੰਦੀ ਏ ਜਿਹੜੇ ਜਾਲਮ ਦਾ ਹੱਥ ਰੋਕ ਸਕਦੇ ਸਨ।
ਅਰਬਾਂ ਡਾਲਰ ਦਾ ਤੇਲ ਉਨ੍ਹਾਂ ਨੂੰ ਵੇਚਦੇ ਨੇ, ਖ਼ਰਬਾਂ ਡਾਲਰ ਦਾ ਅਸਲਾ ਖ਼ਰੀਦਦੇ ਨੇ। ਕਤਰ ਤੇ ਸਾਊਦੀ ਅਰਬ ਵਰਗੇ ਮੁਲਕ ਇੰਨੇ ਕੁ ਰੱਜੇ ਨੇ ਕਿ ਉੱਥੇ ਸੁਣਿਆਂ ਹੈ ਸੋਨੇ ਦੀਆਂ ਪਲੇਟਾਂ ਵਿੱਚ ਖਾਂਦੇ ਨੇ।
ਨਾਲ ਦੁਨੀਆਂ ਨੂੰ ਇਹ ਵੀ ਦੱਸੀ ਜਾਂਦੇ ਨੇ ਬਈ ਅਸੀਂ ਪੁਰਾਣੇ ਕਬਾਇਲੀ ਬੰਦੂ ਨਹੀਂ, ਅਸੀਂ ਬਿਲਕੁਲ ਮਾਡਰਨ ਆਂ। ਸਾਡੇ ਕੋਲ ਆਪਣੀ ਫ਼ੁੱਟਬਾਲ ਦੀ ਲੀਗ ਏ, ਜਿਹਦੇ ਵਿੱਚ ਰੋਨਾਲਡੋ ਵੀ ਏ।
ਸਾਡੀਆਂ ਔਰਤਾਂ ਗੱਡੀਆਂ ਚਲਾਉਂਦੀਆਂ ਨੇ, ਇੱਥੇ ਸਾਡੇ ਮਿਊਜ਼ਿਕ ਦੇ ਕਾਂਨਸਰਟ ਵੀ ਹੁੰਦੇ ਨੇ।
ਲੇਕਿਨ ਸਾਡੇ ਇਹ ਮਾਡਰਨ ਭਰਾ ਜਦੋਂ ਭੁੱਖ ਨਾਲ ਕੁਰਲਾਉਂਦੇ ਬੱਚਿਆਂ ਦੇ ਢਾਂਚੇ ਦੇਖਦੇ ਨੇ ਤੇ ਨਾ ਇਨ੍ਹਾਂ ਨੂੰ ਆਪਣੀ ਕੋਈ ਮਾਡਰਨ ਇਨਸਾਨੀਅਤ ਯਾਦ ਆਉਂਦੀ ਹੈ ਤੇ ਨਾ ਆਪਣੇ ਕਦੀਮੇ ਕਰਮਾਗੋ ਭਰਾ।
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ