ਕੌਣ ਸੀ ਬੂਟਾ ਸਿੰਘ ਅਤੇ ਜ਼ੈਨਬ, ਜਿਨ੍ਹਾਂ ਦੀ ਪ੍ਰੇਮ ਕਹਾਣੀ ਵੰਡ ਵੇਲੇ ਭਾਰਤ 'ਚ ਸ਼ੁਰੂ ਹੋਈ ਤੇ ਪਾਕਿਸਤਾਨ 'ਚ ਦੁਖਦਾਈ ਢੰਗ ਨਾਲ ਖ਼ਤਮ ਹੋਈ

ਗੁਰਦਾਸ ਮਾਨ ਅਤੇ ਦਿਵਿਆ ਦੱਤਾ

ਤਸਵੀਰ ਸਰੋਤ, Getty Images/Ultra

ਤਸਵੀਰ ਕੈਪਸ਼ਨ, ਫਿਲਮ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਵਿੱਚ ਗੁਰਦਾਸ ਮਾਨ ਅਤੇ ਦਿੱਵਿਆ ਦੱਤਾ ਨੇ ਮੁੱਖ ਕਿਰਦਾਰ ਨਿਭਾਏ ਸਨ
    • ਲੇਖਕ, ਜੈਦੀਪ ਵਸੰਤ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 9 ਮਿੰਟ

"ਸਮਝ ਸਕੇ ਨਾ ਲੋਕ ਸਿਆਣੇ ਇਸ਼ਕ ਦਾ ਰੁਤਬਾ"

"ਇਸ਼ਕ ਦਾ ਰੁਤਬਾ, ਇਸ਼ਕ ਹੀ ਜਾਣੇ"

ਫਿਲਮ ਸ਼ਹੀਦ-ਏ-ਮੁਹੱਬਤ ਬੂਟਾ ਸਿੰਘ ਦੇ ਅੰਤ ਵਿੱਚ ਗਾਇਕ ਨੁਸਰਤ ਫਤਹਿ ਅਲੀ ਖ਼ਾਨ ਦੀ ਆਵਾਜ਼ ਵਿੱਚ ਇਹ ਕੱਵਾਲੀ ਸੁਣਾਈ ਦਿੰਦੀ ਹੈ ਅਤੇ ਫਿਲਮ ਖ਼ਤਮ ਹੋਣ ਤੋਂ ਬਾਅਦ ਵੀ ਇਹ ਮਨ ਵਿੱਚ ਗੂੰਜਦੀ ਰਹਿੰਦੀ ਹੈ।

ਕੱਵਾਲੀ ਦੇ ਨਾਲ ਸਕਰੀਨ ਉੱਤੇ ਲਿਖਿਆ ਹੁੰਦਾ ਹੈ, "ਇਹ ਫਿਲਮ ਉਨ੍ਹਾਂ ਸਾਰੇ ਮਰਦਾਂ ਅਤੇ ਔਰਤਾਂ ਨੂੰ ਸਮਰਪਿਤ ਹੈ ਜਿਨ੍ਹਾਂ ਦੀ ਜ਼ਿੰਦਗੀ ਬੂਟਾ ਸਿੰਘ ਅਤੇ ਜ਼ੈਨਬ ਵਰਗੀ ਰਹੀ ਹੈ।"

ਇਸ ਫਿਲਮ ਵਿੱਚ ਜਿਸ ਨੂੰ ਇੱਕ ਸੱਚੀ ਘਟਨਾ ਦਾ ਨਾਟਕੀ ਰੂਪ ਕਿਹਾ ਗਿਆ ਹੈ, ਪੰਜਾਬੀ ਗਾਇਕ ਗੁਰਦਾਸ ਮਾਨ ਅਤੇ ਅਦਾਕਾਰਾ ਦਿਵਿਆ ਦੱਤਾ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।

ਬੂਟਾ ਸਿੰਘ ਅਤੇ ਜ਼ੈਨਬ ਕੌਣ ਸਨ, ਜਿਨ੍ਹਾਂ ਦੀ ਪ੍ਰੇਮ ਕਹਾਣੀ ਕਈ ਅਜਿਹੀਆਂ ਫਿਲਮਾਂ ਦਾ ਆਧਾਰ ਬਣੀ ਜਿਨ੍ਹਾਂ ਨੇ ਹਿੰਦੀ ਫਿਲਮ ਉਦਯੋਗ ਵਿੱਚ ਇਤਿਹਾਸ ਰਚਿਆ?

ਬੂਟਾ ਸਿੰਘ ਅਤੇ ਜ਼ੈਨਬ ਕੌਣ ਸਨ?

ਲੈਰੀ ਕੌਲਿੰਸ ਅਤੇ ਡੋਮੀਨਿਕ ਲੈਪੀਅਰ ਨੇ ਭਾਰਤ ਵਿੱਚ ਬ੍ਰਿਟਿਸ਼ ਰਾਜ ਦੇ ਆਖ਼ਰੀ ਸਾਲਾਂ, ਉਸ ਸਮੇਂ ਦੀਆਂ ਰਿਆਸਤਾਂ ਦੀ ਪ੍ਰਤੀਕਿਰਿਆ ਅਤੇ ਮਹੱਤਵਪੂਰਨ ਘਟਨਾਵਾਂ 'ਤੇ 'ਫ੍ਰੀਡਮ ਏਟ ਮਿਡਨਾਈਟ' ਨਾਮ ਦੀ ਕਿਤਾਬ ਲਿਖੀ ਹੈ।

ਜਿਸ ਵਿੱਚ ਬੂਟਾ ਸਿੰਘ ਅਤੇ ਜ਼ੈਨਬ ਦੀ ਪ੍ਰੇਮ ਕਹਾਣੀ ਦਾ ਜ਼ਿਕਰ ਹੈ। ਲੇਖਕ ਲਿਖਦੇ ਹਨ ਕਿ ਬੂਟਾ ਸਿੰਘ 55 ਸਾਲ ਦੇ ਸਨ। ਦੂਜੇ ਵਿਸ਼ਵ ਯੁੱਧ ਦੌਰਾਨ ਬੂਟਾ ਸਿੰਘ ਨੇ ਲੌਰਡ ਮਾਊਂਟਬੇਟਨ ਦੇ ਨਾਲ ਬਰਮਾ ਮੋਰਚੇ 'ਤੇ ਲੜਾਈ ਲੜੀ ਸੀ।

ਇੱਕ ਦਿਨ, (ਲਗਭਗ ਸਤੰਬਰ 1947 ਵਿੱਚ) ਜਦੋਂ ਬੂਟਾ ਸਿੰਘ ਅੰਮ੍ਰਿਤਸਰ ਵਿੱਚ ਆਪਣੇ ਖੇਤ ਵਿੱਚ ਕੰਮ ਕਰ ਰਹੇ ਸਨ, ਉਦੋਂ ਇੱਕ ਨੌਜਵਾਨ ਕੁੜੀ ਦੌੜਦੀ ਹੋਈ ਆਈ। ਉਸ ਦੇ ਪਿੱਛੇ ਕੁਝ ਸਿੱਖ ਨੌਜਵਾਨ ਵੀ ਸਨ। ਕੁੜੀ ਨੇ ਬੂਟਾ ਸਿੰਘ ਤੋਂ ਮਦਦ ਦੀ ਗੁਹਾਰ ਲਗਾਈ।

ਤਜਰਬੇਕਾਰ ਬੂਟਾ ਸਿੰਘ ਨੂੰ ਇਹ ਸਮਝਣ ਵਿੱਚ ਦੇਰ ਨਹੀਂ ਲੱਗੀ ਕਿ ਪਹਿਲਾਂ ਕੀ ਹੋਇਆ ਸੀ। ਮੁਸਲਮਾਨਾਂ ਦਾ ਇੱਕ ਕਾਫ਼ਲਾ ਲੰਘ ਰਿਹਾ ਸੀ, ਜਿਸ 'ਤੇ ਹਮਲਾ ਹੋਇਆ ਸੀ ਅਤੇ ਇਹ ਮੁਸਲਮਾਨ ਕੁੜੀ ਆਪਣੀ ਜਾਨ ਬਚਾਉਣ ਲਈ ਭੱਜ ਰਹੀ ਸੀ।

ਬੂਟਾ ਸਿੰਘ ਨੇ ਤੁਰੰਤ ਪੁੱਛਿਆ, "ਕਿੰਨੇ?"

ਸਾਹਮਣਿਓਂ ਜਵਾਬ ਆਇਆ, "ਪੰਦਰਾਂ ਸੌ ਰੁਪਏ।"

ਬੂਟਾ ਸਿੰਘ ਨੇ ਨਾ ਤਾਂ ਘੱਟ-ਵੱਧ ਕੀਤਾ ਅਤੇ ਨਾ ਹੀ ਕੋਈ ਬਹਿਸ ਕੀਤੀ। ਉਹ ਘਰ ਦੇ ਅੰਦਰ ਗਏ ਅਤੇ ਤੁਰੰਤ ਪੈਸੇ ਕੱਢ ਕੇ ਹਮਲਾਵਰਾਂ ਨੂੰ ਗਿਣ ਕੇ ਦੇ ਦਿੱਤੇ। ਇਹ ਰਕਮ ਉਸ ਕੁੜੀ ਦੀ ਖਰੀਦ ਕੀਮਤ ਸੀ।

ਉਸ ਦਾ ਨਾਮ ਜ਼ੈਨਬ ਸੀ ਅਤੇ ਉਹ 17 ਸਾਲ ਦੀ ਸੀ। ਉਸ ਦਾ ਪਰਿਵਾਰ ਰਾਜਸਥਾਨ ਵਿੱਚ ਖੇਤੀ ਕਰਦਾ ਸੀ। ਪਾਕਿਸਤਾਨ ਜਾਂਦੇ ਸਮੇਂ ਉਸ ਨਾਲ ਜਬਰ ਜਨਾਹ ਅਤੇ ਕੁੱਟ-ਮਾਰ ਕੀਤੀ ਗਈ ਸੀ।

ਜ਼ੈਨਬ ਦੀ ਕਿਸਮਤ ਹੁਣ ਇੱਕ 'ਨਵੇਂ ਮਾਲਕ' ਦੇ ਹੱਥਾਂ ਵਿੱਚ ਸੀ। ਬੂਟਾ ਸਿੰਘ ਬਾਲਗ਼ ਸਨ। ਉਨ੍ਹਾਂ ਦਾ ਪਰਿਵਾਰ ਗਰੀਬ ਸੀ, ਇਸ ਲਈ ਉਹ ਵਹੁਟੀ ਨਹੀਂ ਖਰੀਦ ਸਕਦੇ ਸਨ ਅਤੇ ਸੁਭਾਅ ਤੋਂ ਸ਼ਰਮੀਲੇ ਹੋਣ ਕਰਕੇ ਬੂਟਾ ਸਿੰਘ ਆਪਣਾ ਵਿਆਹ ਵੀ ਨਹੀਂ ਕਰ ਸਕੇ ਸਨ।

ਭਾਰਤ-ਪਾਕਿਸਤਾਨ ਵੰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਭਾਰਤ ਅਤੇ ਪਾਕਿਸਤਾਨ ਦੀ ਵੰਡ ਕਾਰਨ ਦੋਵਾਂ ਪਾਸਿਆਂ ਨੂੰ ਜੋ ਦਰਦ ਅਤੇ ਪੀੜਾ ਦੇਖਣ ਨੂੰ ਮਿਲੀ, ਉਹ ਇਤਿਹਾਸ ਵਿੱਚ ਬੇਮਿਸਾਲ ਹੈ

ਪੁੰਗਰਦੇ ਹੋਏ ਪ੍ਰੇਮ ਦੇ ਬੀਜ

ਕੋਲਿੰਸ ਅਤੇ ਲੈਪੀਅਰ ਲਿਖਦੇ ਹਨ ਕਿ ਬੂਟਾ ਸਿੰਘ, ਜੋ ਇਕੱਲੇਪਨ ਨਾਲ ਜੂਝ ਰਹੇ ਸਨ, ਉਨ੍ਹਾਂ ਨੂੰ ਆਪਣੇ ਝੋਂਪੜੀ ਨੁਮਾ ਘਰ ਵਿੱਚ ਜ਼ੈਨਬ ਨਾਲ ਇੱਕ ਨਵੀਂ ਜ਼ਿੰਦਗੀ ਮਿਲੀ। ਉਹ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ ਸਨ। ਕਦੇ-ਕਦੇ ਉਹ ਜ਼ੈਨਬ ਲਈ ਸਾੜੀ, ਸਾਬਣ ਜਾਂ ਜ਼ਰੀ ਦੀ ਕਢਾਈ ਵਾਲੀ ਸ਼ਾਲ ਲਿਆਉਂਦੇ ਸਨ। ਜ਼ੈਨਬ ਵੀ ਉਨ੍ਹਾਂ ਦੀ ਧੰਨਵਾਦੀ ਸੀ।

ਜਲਦੀ ਹੀ ਉਹ ਬੂਟਾ ਸਿੰਘ ਦੀ ਜ਼ਿੰਦਗੀ ਦਾ ਸਹਾਰਾ ਬਣ ਗਈ। ਸਮੇਂ ਦੇ ਨਾਲ ਦੋਵਾਂ ਵਿਚਕਾਰ ਉਮਰ ਦਾ ਫ਼ਰਕ ਘੱਟ ਮਹਿਸੂਸ ਹੋਣ ਲੱਗਾ।

ਇੱਕ ਸ਼ਾਮ ਪਿੰਡ ਵਾਸੀ ਅਤੇ ਰਿਸ਼ਤੇਦਾਰ ਇਕੱਠੇ ਹੋਏ ਅਤੇ ਗ੍ਰੰਥੀ ਸਾਹਿਬ ਦੀ ਮੌਜੂਦਗੀ ਵਿੱਚ ਦੋਵਾਂ ਦਾ ਵਿਆਹ ਕਰਵਾ ਦਿੱਤਾ ਗਿਆ।

ਇੱਕ ਦਿਨ ਜ਼ੈਨਬ ਨੇ ਐਲਾਨ ਕੀਤਾ ਕਿ ਉਹ ਗਰਭਵਤੀ ਹੈ। ਵਿਆਹ ਦੇ 11 ਮਹੀਨੇ ਬਾਅਦ ਉਨ੍ਹਾਂ ਨੂੰ ਇੱਕ ਧੀ ਹੋਈ। ਬੂਟਾ ਸਿੰਘ ਨੇ ਧੀ ਦਾ ਨਾਮ ਤਨਵੀਰ ਰੱਖਿਆ।

ਬੂਟਾ ਸਿੰਘ ਲਈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਇੱਕ ਸਮਾਂ ਅਜਿਹਾ ਵੀ ਦੇਖਿਆ ਸੀ ਜਦੋਂ ਵਿਆਹ ਕਰਨ ਅਤੇ ਸੰਤਾਨ ਹੋਣ ਦੀ ਉਮੀਦ ਛੱਡ ਦਿੱਤੀ ਸੀ, ਇਹ ਸਭ ਕਿਸੇ ਚਮਤਕਾਰ ਤੋਂ ਘੱਟ ਨਹੀਂ ਸੀ।

ਦੂਜੇ ਪਾਸੇ, ਉਨ੍ਹਾਂ ਦੇ ਘਰ ਤੋਂ 16 ਮੀਲ ਦੂਰ ਗ੍ਰੈਂਡ ਟਰੰਕ ਰੋਡ 'ਤੇ ਨਵੇਂ ਬਣੇ ਪਾਕਿਸਤਾਨ ਅਤੇ ਭਾਰਤ ਤੋਂ ਸ਼ਰਨਾਰਥੀਆਂ ਦੀ ਭੀੜ ਵਧ ਰਹੀ ਸੀ। ਵੰਡ ਦੇ ਕਹਿਰ ਦੀ ਅੱਗ ਇਸ ਜੋੜੇ ਨੂੰ ਵੀ ਆਪਣੀ ਲਪੇਟ ਵਿੱਚ ਲੈਣ ਵਾਲੀ ਸੀ।

ਜਦੋਂ ਭਾਰਤ ਅਤੇ ਪਾਕਿਸਤਾਨ ਨੇ ਲੋਕਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਨਾਲ ਮਿਲਾਉਣ ਦਾ ਸਿਲਸਿਲਾ ਸ਼ੁਰੂ ਕੀਤਾ

ਸੁਪਰੀਮ ਕੋਰਟ ਦੇ ਮਸ਼ਹੂਰ ਵਕੀਲ ਕੇਟੀਐੱਸ ਤੁਲਸੀ ਨੇ ਅਖ਼ਬਾਰ 'ਦਿ ਟ੍ਰਿਬਿਊਨ' ਵਿੱਚ ਫਿਲਮ 'ਸ਼ਹੀਦ-ਏ-ਮੁਹੱਬਤ' ਬਾਰੇ ਲਿਖਿਆ।

ਕੇਟੀਐੱਸ ਤੁਲਸੀ ਲਿਖਦੇ ਹਨ ਕਿ 6 ਦਸੰਬਰ 1947 ਦੀ ਇੰਟਰ-ਡੋਮੀਨੀਅਨ ਸੰਧੀ ਅਤੇ 'ਅਗਵਾ ਹੋਏ ਵਿਅਕਤੀਆਂ ਦੀ ਬਰਾਮਦਗੀ ਅਤੇ ਮੁੜਵਸੇਬੇ ਕਾਨੂੰਨ, 1949' ਦੇ ਕਾਨੂੰਨ ਬਣਾਉਣ ਅਤੇ ਉਸ ਦੀ ਕਾਰਗੁਜ਼ਾਰੀ ਦੇ ਪਿੱਛੇ ਸਵਾਲ ਖੜ੍ਹੇ ਹੁੰਦੇ ਸਨ।

ਜਿਸ ਦੇ ਮੁਤਾਬਕ, 1 ਮਾਰਚ 1947 ਤੋਂ ਬਾਅਦ ਜੇ ਕੋਈ ਔਰਤ ਕਿਸੇ ਹੋਰ ਧਰਮ ਦੇ ਮਰਦ ਨਾਲ ਰਹਿੰਦੀ ਹੋਈ ਜਾਂ ਉਸ ਨਾਲ ਵਿਆਹੀ ਮਿਲਦੀ ਸੀ, ਤਾਂ ਇਹ ਮੰਨਿਆ ਜਾਂਦਾ ਸੀ ਕਿ ਉਸ ਨਾਲ ਜਬਰ ਜਿਨਾਹ ਹੋਇਆ ਹੈ ਜਾਂ ਉਸ ਨੂੰ ਅਗਵਾ ਕੀਤਾ ਗਿਆ ਹੈ।

ਇਸ ਤਰੀਕ ਤੋਂ ਬਾਅਦ ਹੋਏ ਸਾਰੇ ਵਿਆਹ ਅਤੇ ਧਰਮ ਪਰਿਵਰਤਨਾਂ ਨੂੰ ਜਬਰੀ ਹੋਇਆ ਮੰਨਿਆ ਜਾਂਦਾ ਸੀ ਅਤੇ ਕਿਸੇ ਵੀ ਸਰਕਾਰ ਵੱਲੋਂ ਉਨ੍ਹਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਸੀ। ਅਜਿਹੀਆਂ ਔਰਤਾਂ ਨੂੰ ਉਨ੍ਹਾਂ ਦੇ ਪਰਿਵਾਰਾਂ ਕੋਲ ਵਾਪਸ ਭੇਜ ਦਿੱਤਾ ਜਾਂਦਾ ਸੀ। ਭਾਵੇਂ ਔਰਤ ਵਿਰੋਧ ਕਰੇ ਜਾਂ ਕੁਝ ਵੀ ਕਹੇ, ਇਸ ਮਾਮਲੇ ਵਿੱਚ ਉਸ ਦੀ ਕੋਈ ਰਾਏ ਨਹੀਂ ਸੁਣੀ ਜਾਂਦੀ ਸੀ।

ਇਸ ਤਰੀਕ ਤੋਂ ਬਾਅਦ ਪੈਦਾ ਹੋਏ ਬੱਚਿਆਂ ਜਾਂ ਉਨ੍ਹਾਂ ਦੇ ਅਗਵਾ ਆਦਿ ਬਾਰੇ ਕੋਈ ਵੀ ਪ੍ਰਬੰਧ ਨਹੀਂ ਕੀਤਾ ਗਿਆ ਸੀ। ਇਸ ਕਾਨੂੰਨ ਦੀ ਲਾਗੂ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਵੀ ਸਵਾਲ ਉਠੇ ਸਨ।

'ਫ੍ਰੀਡਮ ਐਟ ਮਿਡਨਾਈਟ' ਵਿੱਚ ਦਰਜ ਹੈ ਕਿ ਕੁਝ ਸਾਲਾਂ ਬਾਅਦ, ਬੂਟਾ ਸਿੰਘ ਦੀ ਦੌਲਤ ਦੇ ਲਾਲਚ ਵਿੱਚ ਉਸ ਦੇ ਭਤੀਜਿਆਂ ਨੇ ਜ਼ੈਨਬ ਬਾਰੇ ਸਰਕਾਰੀ ਤੰਤਰ ਨੂੰ ਸੂਚਨਾ ਦੇ ਦਿੱਤੀ। ਇੱਕ ਦਿਨ ਅਧਿਕਾਰੀ ਆਏ ਅਤੇ ਜ਼ੈਨਬ ਨੂੰ ਆਪਣੇ ਨਾਲ ਲੈ ਗਏ ਅਤੇ ਉਸ ਨੂੰ ਇੱਕ ਕੈਂਪ ਵਿੱਚ ਭੇਜ ਦਿੱਤਾ।

ਦੋਵੇਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ ਅਨੁਸਾਰ, ਜ਼ੈਨਬ ਨੂੰ ਇੱਥੋਂ ਪਾਕਿਸਤਾਨ ਭੇਜਿਆ ਜਾਣਾ ਸੀ। ਬੂਟਾ ਸਿੰਘ ਤੁਰੰਤ ਦਿੱਲੀ ਲਈ ਰਵਾਨਾ ਹੋਏ।

ਉਨ੍ਹਾਂ ਨੇ ਆਪਣੀ ਸਾਰੀ ਜਾਇਦਾਦ ਛੱਡ ਦਿੱਤੀ ਅਤੇ ਇਸਲਾਮ ਧਰਮ ਕਬੂਲ ਕਰਕੇ ਆਪਣਾ ਨਾਮ ਜਮੀਲ ਅਹਿਮਦ ਰੱਖ ਲਿਆ, ਤਾਂ ਜੋ ਉਹ ਪਾਕਿਸਤਾਨੀ ਉੱਚਾਯੋਗ ਵਿੱਚ ਆਪਣੀ ਪਤਨੀ ਲਈ ਅਰਜ਼ੀ ਦੇ ਸਕਣ। ਪਰ ਇਹ ਕੋਸ਼ਿਸ਼ ਨਾਕਾਮ ਰਹੀ ਕਿਉਂਕਿ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਆਪਣੇ ਫ਼ੈਸਲੇ 'ਤੇ ਡਟੀਆਂ ਰਹੀਆਂ।

ਇੱਕ ਦਿਨ ਸੂਚਨਾ ਮਿਲੀ ਕਿ ਜ਼ੈਨਬ ਦਾ ਪਰਿਵਾਰ ਲੱਭ ਲਿਆ ਗਿਆ ਹੈ, ਇਸ ਲਈ ਉਸ ਨੂੰ ਪਾਕਿਸਤਾਨ ਭੇਜ ਦਿੱਤਾ ਗਿਆ। ਹਾਈ ਕਮਿਸ਼ਨ ਨੇ ਬੂਟਾ ਸਿੰਘ, ਜੋ ਮੁਸਲਮਾਨ ਬਣ ਚੁੱਕੇ ਸਨ, ਨੂੰ ਵੀਜ਼ਾ ਅਤੇ ਪਾਕਿਸਤਾਨ ਵਿੱਚ ਰਹਿਣ ਦੀ ਇਜਾਜ਼ਤ ਦੇਣ ਤੋਂ ਇਨਕਾਰ ਕਰ ਦਿੱਤਾ।

ਆਖ਼ਰਕਾਰ, ਬੂਟਾ ਸਿੰਘ ਨੇ ਆਪਣੀ ਧੀ ਦਾ ਨਾਮ ਸੁਲਤਾਨਾ ਰੱਖ ਕੇ ਗ਼ੈਰਕਾਨੂੰਨੀ ਤਰੀਕੇ ਨਾਲ ਪਾਕਿਸਤਾਨ ਵਿੱਚ ਦਾਖ਼ਲ ਹੋਏ। ਧੀ ਨੂੰ ਲਾਹੌਰ ਵਿੱਚ ਛੱਡ ਕੇ ਉਹ ਨੂਰਪੁਰ ਸਥਿਤ ਜ਼ੈਨਬ ਦੇ ਪਿੰਡ ਵੱਲ ਚਲੇ ਗਏ।

ਦੋ ਜ਼ਿੰਦਗੀਆਂ, ਦੋ ਅੰਤ

ਭਾਰਤ-ਪਾਕਿਸਤਾਨ ਵੰਡ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅੰਦਾਜ਼ਾ ਹੈ ਕਿ ਭਾਰਤ-ਪਾਕਿਸਤਾਨ ਵੰਡ ਕਾਰਨ 1 ਕਰੋੜ 20 ਲੱਖ ਤੋਂ 2 ਕਰੋੜ ਲੋਕ ਆਪਣੇ ਮੂਲ ਸਥਾਨਾਂ ਤੋਂ ਉੱਜੜ ਗਏ ਸਨ

ਕੋਲਿੰਸ ਅਤੇ ਲੈਪੀਅਰ ਲਿਖਦੇ ਹਨ ਕਿ ਪਾਕਿਸਤਾਨ ਪਹੁੰਚਦੇ ਹੀ ਬੂਟਾ ਸਿੰਘ ਨੂੰ ਪਤਾ ਲੱਗਾ ਕਿ ਜ਼ੈਨਬ ਨੇ ਆਪਣੇ ਚਾਚੇ ਦੇ ਮੁੰਡੇ ਨਾਲ ਵਿਆਹ ਕਰ ਲਿਆ ਹੈ। ਜ਼ੈਨਬ ਦੇ ਪਤੀ ਅਤੇ ਉਸ ਦੇ ਭਰਾਵਾਂ ਨੇ ਬੂਟਾ ਸਿੰਘ ਦੀ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ।

ਮੁਕੱਦਮੇ ਦੀ ਸੁਣਵਾਈ ਦੌਰਾਨ ਬੂਟਾ ਸਿੰਘ ਨੇ ਦਾਅਵਾ ਕੀਤਾ ਕਿ ਉਹ ਮੁਸਲਮਾਨ ਹੈ ਅਤੇ ਆਪਣੀ ਪਤਨੀ ਨੂੰ ਵਾਪਸ ਕਰਨ ਦੀ ਅਪੀਲ ਕੀਤੀ। ਜੱਜ ਨੇ ਉਸ ਦੀ ਗੱਲ ਸੁਣੀ। ਇੱਕ ਹਫ਼ਤੇ ਬਾਅਦ ਜਦੋਂ ਮੁੜ ਸੁਣਵਾਈ ਹੋਈ ਤਾਂ ਜ਼ੈਨਬ ਅਦਾਲਤ ਵਿੱਚ ਗਵਾਹੀ ਦੇਣ ਲਈ ਹਾਜ਼ਰ ਹੋਈ।

ਇਸ ਮਾਮਲੇ ਦੀ ਸਥਾਨਕ ਅਖ਼ਬਾਰਾਂ ਵਿੱਚ ਵਿਆਪਕ ਚਰਚਾ ਹੋਈ, ਜਿਸ ਕਾਰਨ ਲੋਕਾਂ ਅਤੇ ਪੱਤਰਕਾਰਾਂ ਵਿੱਚ ਕਾਫ਼ੀ ਉਤਸੁਕਤਾ ਪੈਦਾ ਹੋਈ। ਇਸੇ ਕਾਰਨ ਜ਼ੈਨਬ ਦਾ ਪਰਿਵਾਰ ਬੂਟਾ ਸਿੰਘ ਨਾਲ ਨਾਰਾਜ਼ ਸੀ।

ਅਦਾਲਤ ਵਿੱਚ ਜ਼ੈਨਬ ਨੇ ਮੰਨਿਆ ਕਿ ਬੂਟਾ ਸਿੰਘ ਉਸ ਦਾ ਪਹਿਲਾ ਪਤੀ ਸੀ। ਹਾਲਾਂਕਿ ਉਸ ਨੇ ਉਸ ਦੇ ਨਾਲ ਭਾਰਤ ਜਾਣ ਤੋਂ ਇਨਕਾਰ ਕਰ ਦਿੱਤਾ। ਇਹ ਸੁਣ ਕੇ ਬੂਟਾ ਸਿੰਘ ਬਹੁਤ ਦੁਖੀ ਹੋਇਆ। ਕੁਝ ਸਮੇਂ ਬਾਅਦ ਉਸ ਨੇ ਆਪਣੀ ਧੀ ਸੁਲਤਾਨਾ ਦੀ ਮਾਂ ਨੂੰ ਜ਼ੈਨਬ ਦੇ ਹਵਾਲੇ ਕਰਨ ਦੀ ਪੇਸ਼ਕਸ਼ ਕੀਤੀ ਅਤੇ ਆਪਣੇ ਕੋਲ ਮੌਜੂਦ ਪੈਸੇ ਵੀ ਉਸ ਨੂੰ ਦੇਣ ਲੱਗਾ।

ਪਰ ਜ਼ੈਨਬ ਨੇ ਪੈਸੇ ਲੈਣ ਤੋਂ ਇਨਕਾਰ ਕਰ ਦਿੱਤਾ। ਬੂਟਾ ਸਿੰਘ ਦੀਆਂ ਅੱਖਾਂ ਤੋਂ ਹੰਝੂ ਵਗਣ ਲੱਗ ਪਏ ਅਤੇ ਉਹ ਰੋਣ ਲੱਗ ਪਿਆ।

ਕੁਝ ਸਮੇਂ ਬਾਅਦ ਉਹ ਅਦਾਲਤ ਤੋਂ ਨਿਕਲ ਕੇ ਲਾਹੌਰ ਦੀ ਗੰਗਾ ਬਖ਼ਸ਼ ਦਰਗਾਹ ਵਿੱਚ ਚਲਾ ਗਿਆ।

ਉਹ ਉੱਥੇ ਰੋਂਦਾ ਹੋਇਆ ਦੁਆ ਕਰਦਾ ਰਿਹਾ। ਪਿਓ-ਧੀ ਉੱਥੇ ਹੀ ਸੌਂ ਗਏ। ਸਵੇਰੇ ਬੂਟਾ ਸਿੰਘ ਆਪਣੀ ਧੀ ਨੂੰ ਨੇੜਲੇ ਬਜ਼ਾਰ ਵਿੱਚ ਲੈ ਗਿਆ ਅਤੇ ਉਸ ਲਈ ਨਵੇਂ ਕੱਪੜੇ ਅਤੇ ਇਕ ਦੁਪੱਟਾ ਖਰੀਦਿਆ।

ਦੋਵੇਂ ਲਾਹੌਰ ਦੇ ਸ਼ਾਹਦਰਾ ਸਟੇਸ਼ਨ ਪਹੁੰਚੇ। ਕੁਝ ਮਿੰਟ ਬਾਅਦ ਟ੍ਰੇਨ ਆ ਗਈ।

ਕੋਲਿੰਸ ਅਤੇ ਲੈਪੀਅਰ ਲਿਖਦੇ ਹਨ ਕਿ ਫਿਰ ਬੂਟਾ ਸਿੰਘ ਨੇ ਆਪਣੀ ਧੀ ਸੁਲਤਾਨਾ ਨੂੰ ਗਲੇ ਲਾਇਆ ਅਤੇ ਟ੍ਰੇਨ ਅੱਗੇ ਛਾਲ ਮਾਰ ਦਿੱਤੀ।

ਇੱਕ ਅੰਤ, ਅਨੇਕ ਕਹਾਣੀਆਂ

ਗ਼ਦਰ

ਤਸਵੀਰ ਸਰੋਤ, Milind Shelte/ The India Today Group via Getty Images

ਤਸਵੀਰ ਕੈਪਸ਼ਨ, ਰਿਪੋਰਟਾਂ ਮੁਤਾਬਕ 'ਗਦਰ' ਫਿਲਮ ਲੜੀ ਦੇ ਤਾਰਾ ਸਿੰਘ ਵੀ ਬੂਟਾ ਸਿੰਘ ਦੀ ਕਹਾਣੀ ਤੋਂ ਪ੍ਰੇਰਿਤ ਸਨ

ਬੂਟਾ ਸਿੰਘ ਦੀ ਲਾਸ਼ ਬਹੁਤ ਹੀ ਖ਼ਰਾਬ ਹਾਲਤ ਵਿੱਚ ਸੀ। ਥਾਣੇ ਵਿੱਚ ਹੰਗਾਮਾ ਮਚ ਗਿਆ। ਹਾਲਾਂਕਿ ਸਭ ਹੈਰਾਨ ਸਨ ਕਿ ਸੁਲਤਾਨਾ ਨੂੰ ਕੋਈ ਸੱਟ ਨਹੀਂ ਆਈ। ਪੁਲਿਸ ਨੂੰ ਬੂਟਾ ਸਿੰਘ ਦੀ ਲਾਸ਼ ਤੋਂ ਖ਼ੂਨ ਨਾਲ ਲਥਪਥ ਇੱਕ ਆਖ਼ਰੀ ਚਿੱਠੀ ਮਿਲੀ, ਜਿਸ ਵਿੱਚ ਉਸ ਨੇ ਨੂਰਪੁਰ ਪਿੰਡ ਵਿੱਚ ਦਫ਼ਨ ਹੋਣ ਦੀ ਇੱਛਾ ਜਤਾਈ ਸੀ।

ਬੂਟਾ ਸਿੰਘ ਦੀ ਮੌਤ ਨੇ ਲਾਹੌਰ ਦੇ ਲੋਕਾਂ ਵਿੱਚ ਭਾਵਨਾਵਾਂ ਦੀ ਲਹਿਰ ਪੈਦਾ ਕਰ ਦਿੱਤੀ।

22 ਫ਼ਰਵਰੀ 1957 ਨੂੰ ਨੂਰਪੁਰ ਵਿੱਚ ਬੂਟਾ ਸਿੰਘ ਨੂੰ ਦਫ਼ਨ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਜ਼ੈਨਬ ਦੇ ਦੂਜੇ ਪਤੀ ਅਤੇ ਸਥਾਨਕ ਲੋਕਾਂ ਦੇ ਵਿਰੋਧ ਕਾਰਨ ਲਾਸ਼ ਨੂੰ ਪਿੰਡ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਨਹੀਂ ਮਿਲੀ।

ਹਿੰਸਾ ਦੇ ਖ਼ਤਰੇ ਨੂੰ ਦੇਖਦੇ ਹੋਏ ਅਧਿਕਾਰੀਆਂ ਨੇ ਲਾਸ਼ ਨੂੰ ਵਾਪਸ ਲਾਹੌਰ ਲੈ ਕੇ ਜਾਣ ਦਾ ਹੁਕਮ ਦਿੱਤਾ।

ਉਨ੍ਹਾਂ ਨੂੰ ਲਾਹੌਰ ਦੇ ਮਿਆਨੀ ਕਬਰਿਸਤਾਨ ਵਿੱਚ ਦਫ਼ਨਾਇਆ ਗਿਆ। ਉੱਥੇ ਵੀ ਜਦੋਂ ਉਨ੍ਹਾਂ ਦੀ ਕਬਰ ਨੂੰ ਦੁਬਾਰਾ ਪੁੱਟਣ ਦੀ ਕੋਸ਼ਿਸ਼ ਹੋਈ ਤਾਂ ਲਾਹੌਰ ਦੇ ਹਜ਼ਾਰਾਂ ਨਿਵਾਸੀਆਂ ਨੇ ਕਬਰ ਦੀ ਰੱਖਿਆ ਲਈ ਅੱਗੇ ਆ ਕੇ ਪਹਿਰਾ ਦਿੱਤਾ।

ਬੂਟਾ ਸਿੰਘ ਅਤੇ ਜ਼ੈਨਬ ਦੀ ਕਹਾਣੀ ਦੇ ਕਈ ਰੂਪ ਮੌਜੂਦ ਹਨ। ਉਰਵਸ਼ੀ ਬੁਟਾਲੀਆ ਨੇ ਆਪਣੀ ਕਿਤਾਬ 'ਦਿ ਅਦਰ ਸਾਈਡ ਆਫ਼ ਸਾਇਲੈਂਸ: ਵੌਇਸਜ਼ ਫ੍ਰਾਮ ਦਿ ਪਾਰਟੀਸ਼ਨ ਆਫ਼ ਇੰਡੀਆ' ਵਿੱਚ ਲਿਖਿਆ ਹੈ ਕਿ ਇਸ ਜੋੜੇ ਦੀਆਂ ਦੋ ਧੀਆਂ ਸਨ।

ਜਦੋਂ ਅਧਿਕਾਰੀ ਜ਼ੈਨਬ ਨੂੰ ਲੈ ਗਏ ਤਾਂ ਉਨ੍ਹਾਂ ਨੇ ਛੋਟੀ ਧੀ ਨੂੰ ਵੀ ਨਾਲ ਲੈ ਲਿਆ। ਜ਼ੈਨਬ ਨੂੰ ਪਾਕਿਸਤਾਨ ਭੇਜੇ ਜਾਣ ਤੋਂ ਬਾਅਦ ਬੂਟਾ ਸਿੰਘ ਨੇ ਆਪਣੀ ਜ਼ਮੀਨ ਵੇਚ ਕੇ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕੀਤੀ। ਉਸ ਨੂੰ ਥੋੜ੍ਹੇ ਸਮੇਂ ਲਈ ਵੀਜ਼ਾ ਮਿਲ ਗਿਆ ਸੀ।

ਜ਼ੈਨਬ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਾ ਸੀ। ਜ਼ੈਨਬ ਅਤੇ ਉਸ ਦੀ ਭੈਣ ਨੂੰ ਲਾਇਲਪੁਰ ਵਿੱਚ ਜ਼ਮੀਨ ਦਿੱਤੀ ਗਈ ਸੀ।

ਉਸ ਦੇ ਰਿਸ਼ਤੇਦਾਰਾਂ ਦੀ ਜ਼ਮੀਨ ਵੀ ਨੇੜੇ ਹੀ ਸੀ। ਜ਼ਮੀਨ ਪਰਿਵਾਰ ਵਿੱਚ ਰੱਖਣ ਲਈ ਜ਼ੈਨਬ ਦਾ ਵਿਆਹ ਆਪਣੇ ਹੀ ਚਾਚੇ ਦੇ ਮੁੰਡੇ ਨਾਲ ਕਰ ਦਿੱਤਾ ਗਿਆ। ਕਿਉਂਕਿ ਜ਼ੈਨਬ ਇੱਕ ਸਿੱਖ ਮਰਦ ਨਾਲ ਰਹਿ ਰਹੀ ਸੀ, ਇਸ ਲਈ ਪਹਿਲਾਂ ਉਸ ਦੇ ਚਾਚੇ ਦੇ ਮੁੰਡੇ ਨੇ ਪਹਿਲਾਂ ਰਜ਼ਾਮੰਦੀ ਨਹੀਂ ਦਿੱਤੀ, ਪਰ ਬਾਅਦ ਵਿੱਚ ਮਨ ਮਾਰ ਕੇ ਵਿਆਹ ਕਰ ਲਿਆ।

ਬੁਟਾਲੀਆ ਦੇ ਵਰਣਨ ਅਨੁਸਾਰ, ਜਦੋਂ ਬੂਟਾ ਸਿੰਘ ਲਾਹੌਰ ਪਹੁੰਚਿਆ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ। ਇਸ ਕਾਰਨ ਜ਼ੈਨਬ ਦੇ ਨਵੇਂ ਪਤੀ ਅਤੇ ਪਿੰਡ ਵਾਲਿਆਂ ਨੇ ਉਸ ਦੀ ਕੁੱਟਮਾਰ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਅਦਾਲਤ ਵਿੱਚ ਜ਼ੈਨਬ ਨੇ ਨਾ ਸਿਰਫ਼ ਬੂਟਾ ਸਿੰਘ ਨਾਲ ਜਾਣ ਤੋਂ ਇਨਕਾਰ ਕੀਤਾ, ਸਗੋਂ ਇਹ ਵੀ ਕਿਹਾ ਕਿ ਉਹ ਆਪਣੀ ਧੀ ਨੂੰ ਵੀ ਛੱਡ ਦੇਵੇਗੀ, ਜੋ ਉਸ ਦੇ ਨਾਲ ਆਈ ਸੀ।

ਕੁਝ ਵਰਣਨਾਂ ਮੁਤਾਬਕ, ਜਦੋਂ ਬੂਟਾ ਸਿੰਘ ਤਨਵੀਰ, ਜੋ ਬਚ ਗਈ ਸੀ, ਦੇ ਨਾਲ ਟ੍ਰੇਨ ਅੱਗੇ ਛਾਲ ਮਾਰੀ, ਤਾਂ ਉਸ ਦੀ ਦੂਜੀ ਧੀ ਦਾ ਕੀ ਬਣਿਆ, ਇਹ ਸਪਸ਼ਟ ਨਹੀਂ ਹੈ। ਲਾਹੌਰ ਹਾਈ ਕੋਰਟ ਦੀ ਇੱਕ ਮਹਿਲਾ ਵਕੀਲ ਨੇ ਪੰਜ ਸਾਲਾ ਤਨਵੀਰ ਨੂੰ ਗੋਦ ਲਿਆ, ਉਸ ਦੀ ਪੜਾਈ ਕਰਵਾਈ ਅਤੇ ਉਸ ਦਾ ਵਿਆਹ ਕਰਵਾਇਆ।

ਤਨਵੀਰ ਨੇ ਬਾਅਦ ਵਿੱਚ ਲੀਬੀਆ ਵਿੱਚ ਰਹਿੰਦੇ ਇਕ ਇੰਜੀਨੀਅਰ ਨਾਲ ਵਿਆਹ ਕੀਤਾ ਅਤੇ ਤਿੰਨ ਬੱਚਿਆਂ ਦੀ ਮਾਂ ਬਣੀ। 'ਗ਼ਦਰ: ਏ ਲਵ ਸਟੋਰੀ' ਅਤੇ 'ਵੀਰਜ਼ਾਰਾ' ਸਰਹੱਦ ਪਾਰ ਪ੍ਰੇਮ ਕਹਾਣੀਆਂ ਦੀਆਂ ਵੱਖ-ਵੱਖ ਵਿਆਖਿਆਵਾਂ ਮੰਨੀਆਂ ਜਾਂਦੀਆਂ ਹਨ।

ਕੁਝ ਲੋਕਾਂ ਦਾ ਮੰਨਣਾ ਹੈ ਕਿ ਜ਼ੈਨਬ ਨੇ ਪਰਿਵਾਰਕ ਦਬਾਅ ਹੇਠ ਇਹ ਬਿਆਨ ਦਿੱਤਾ ਸੀ, ਪਰ ਜ਼ੈਨਬ ਦੀ ਆਪਣੀ ਸੋਚ ਕੀ ਸੀ, ਇਹ ਕਦੇ ਸਾਹਮਣੇ ਨਹੀਂ ਆਇਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)