ਵੈਲੇਨਟਾਈਨ ਡੇਅ: 'ਅਧਿਐਨ ਮੁਤਾਬਕ 40 ਫੀਸਦ ਉਪਭੋਗਤਾ ਚੈਟਬੋਟ ਨਾਲ ਰੋਮਾਂਟਿਕ ਰਿਸ਼ਤੇ 'ਚ ਹਨ', ਜਾਣੋ ਕੀ ਕੋਈ ਮਸ਼ੀਨ ਤੁਹਾਨੂੰ ਪਿਆਰ ਕਰ ਸਕਦੀ ਹੈ

ਏਆਈ ਨਾਲ ਪਿਆਰ

ਤਸਵੀਰ ਸਰੋਤ, Estudio Santa Rita

ਤਸਵੀਰ ਕੈਪਸ਼ਨ, ਕੈਨੇਡਾ ਦੇ ਇੱਕ ਵਿਅਕਤੀ ਨੇ ਹਾਲ ਹੀ ਵਿੱਚ ਸਾਇਆ ਨਾਮ ਦੇ ਇੱਕ ਅਵਤਾਰ (ਏਆਈ ਕਰੈਕਟਰ) ਅੱਗੇ ਵਿਆਹ ਦੀ ਪੇਸ਼ਕਸ਼ ਰੱਖੀ
    • ਲੇਖਕ, ਸੈਂਡਰੀਨ ਸੇਰਸਟੇਮੋਂਟ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 9 ਮਿੰਟ

ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਤੁਹਾਡੇ ਲਈ ਪ੍ਰੇਮ ਕਵਿਤਾ ਲਿਖ ਸਕਦੀ ਹੈ ਅਤੇ ਕੁਝ ਲੋਕ ਇਸ ਪ੍ਰਤੀ ਰੋਮਾਂਟਿਕ ਭਾਵਨਾਵਾਂ ਵੀ ਰੱਖਦੇ ਹਨ। ਪਰ ਕੀ ਇਹ ਭਾਵਨਾ ਦੋਵੇਂ ਪਾਸਿਆਂ ਤੋਂ ਹੁੰਦੀ ਹੈ?

ਲੋਕ ਵਾਕਈ ਏਆਈ ਨਾਲ ਜੁੜ ਰਹੇ ਹਨ। ਉਦਾਹਰਨ ਵਜੋਂ, ਕੈਨੇਡਾ ਦੇ ਇੱਕ ਵਿਅਕਤੀ ਨੇ ਹਾਲ ਹੀ ਵਿੱਚ ਸਾਇਆ ਨਾਮ ਦੇ ਇੱਕ ਅਵਤਾਰ (ਏਆਈ ਕਰੈਕਟਰ) ਅੱਗੇ ਵਿਆਹ ਦੀ ਪੇਸ਼ਕਸ਼ ਰੱਖੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਨਾਲ ਪਿਆਰ ਕਰਦੇ ਹਨ।

ਇਸ ਸਮੇਂ ਲੱਖਾਂ ਉਪਭੋਗਤਾ ਰੇਪਲਿਕਾ ਨਾਮ ਦੀ ਪ੍ਰਸਿੱਧ ਏਆਈ ਸਾਥੀ (ਕੰਪੈਨਿਅਨ) ਐਪ ਦੀ ਬਹੁਤ ਵਰਤੋਂ ਕਰ ਰਹੇ ਹਨ ਅਤੇ 2024 ਦੇ ਇੱਕ ਅਧਿਐਨ ਮੁਤਾਬਕ ਲਗਭਗ 40 ਫੀਸਦੀ ਉਪਭੋਗਤਾ ਆਪਣੇ ਚੈਟਬੋਟ ਨਾਲ ਰੋਮਾਂਟਿਕ ਰਿਸ਼ਤੇ ਵਿੱਚ ਹਨ।

ਹਾਲਾਂਕਿ ਕੁਝ ਲੋਕਾਂ ਨੂੰ ਮਹਿਸੂਸ ਹੋ ਸਕਦਾ ਹੈ ਕਿ ਏਆਈ ਵੀ ਉਨ੍ਹਾਂ ਨੂੰ ਪਿਆਰ ਕਰਦੀ ਹੈ, ਪਰ ਚੈਟਬੋਟ ਦੇ ਜਵਾਬ ਅਸਲ ਵਿੱਚ ਸਿਰਫ਼ ਐਲਗੋਰਿਦਮਾਂ ਦੁਆਰਾ ਤਿਆਰ ਕੀਤੀਆਂ ਗਈਆਂ ਲਿਖਤਾਂ ਹੁੰਦੀਆਂ ਹਨ, ਜੋ ਮਨੁੱਖੀ ਗੱਲਬਾਤ ਦੀ ਨਕਲ ਕਰਨ ਲਈ ਬਣਾਇਆ ਗਿਆ ਹੈ।

ਏਆਈ ਨਾਲ ਪਿਆਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਲੋਕਾਂ ਨੂੰ ਮਹਿਸੂਸ ਹੋ ਸਕਦਾ ਹੈ ਕਿ ਏਆਈ ਵੀ ਉਨ੍ਹਾਂ ਨੂੰ ਪਿਆਰ ਕਰਦੀ ਹੈ, ਪਰ ਚੈਟਬੋਟ ਦੇ ਜਵਾਬ ਅਸਲ ਵਿੱਚ ਸਿਰਫ਼ ਐਲਗੋਰਿਦਮਾਂ ਦੁਆਰਾ ਤਿਆਰ ਕੀਤੀਆਂ ਗਈਆਂ ਲਿਖਤਾਂ ਹੁੰਦੀਆਂ ਹਨ

ਜ਼ਿਆਦਾਤਰ ਮਾਹਰ ਮੰਨਦੇ ਹਨ ਕਿ ਅਜਿਹੇ ਸਿਸਟਮ ਸੰਵੇਦਨਸ਼ੀਲ ਚੇਤਨਾ ਤੋਂ ਕਾਫੀ ਦੂਰ ਹਨ। ਇਸ ਵੇਲੇ ਇਹ ਸਿਰਫ਼ ਭਾਵਨਾਵਾਂ ਦੀ ਨਕਲ ਕਰ ਰਹੇ ਹਨ, ਹਾਲਾਂਕਿ ਕੁਝ ਮਾਹਰ ਮੰਨਦੇ ਹਨ ਕਿ ਭਵਿੱਖ ਵਿੱਚ ਮਸ਼ੀਨਾਂ ਹੋਰ ਅੱਗੇ ਵਧ ਸਕਦੀਆਂ ਹਨ।

ਸਿੰਗਾਪੁਰ ਦੀ ਨੈਨਯਾਂਗ ਟੈਕਨੋਲੋਜੀਕਲ ਯੂਨੀਵਰਸਿਟੀ ਵਿੱਚ ਹਿਊਮਨ-ਕੰਪਿਊਟਰ ਇੰਟਰੈਕਸ਼ਨ ਦਾ ਅਧਿਐਨ ਕਰਨ ਵਾਲੇ ਸਹਾਇਕ ਪ੍ਰੋਫੈਸਰ ਰੈਨਵੈਨ ਝਾਂਗ ਦਾ ਕਹਿਣਾ ਹੈ, "ਅੱਜਕੱਲ੍ਹ ਕਈ ਏਆਈ ਚੈਟਬੋਟ ਆਪਣੇ ਆਪ ਨੂੰ ਮਨੁੱਖ ਵਜੋਂ ਪੇਸ਼ ਕਰ ਰਹੇ ਹਨ ਅਤੇ ਇਹ ਗੱਲ ਮੈਨੂੰ ਚਿੰਤਾ ਵਿੱਚ ਪਾਉਂਦੀ ਹੈ। ਇਹ ਉਪਭੋਗਤਾਵਾਂ ਦੀ ਭਾਗੀਦਾਰੀ ਵਧਾਉਣ ਅਤੇ ਭਰੋਸਾ ਬਣਾਉਣ ਦੀ ਇਕ ਰਣਨੀਤੀ ਹੈ।"

ਇਸ ਤਰੀਕੇ ਨਾਲ ਵੇਖਿਆ ਜਾਵੇ ਤਾਂ ਟੈਕਨੋਲੋਜੀ ਕੰਪਨੀਆਂ ਦੁਆਰਾ ਬਣਾਏ ਉਤਪਾਦਾਂ ਵੱਲੋਂ ਮਨੁੱਖੀ ਭਾਵਨਾਵਾਂ ਨੂੰ ਛੂਹਣਾ ਇਕ ਸੋਚੀ-ਸਮਝੀ ਸਕੀਮ ਜਿਹਾ ਲੱਗ ਸਕਦਾ ਹੈ। ਮਾਹਰ ਮੰਨਦੇ ਹਨ ਕਿ ਮੌਜੂਦਾ ਸਮੇਂ ਵਿੱਚ ਕੋਈ ਵੀ ਏਆਈ ਤੁਹਾਡੇ ਪ੍ਰਤੀ ਉਸੇ ਤਰ੍ਹਾਂ ਦਾ ਅਹਿਸਾਸ ਨਹੀਂ ਰੱਖ ਸਕਦੀ, ਜੋ ਤੁਸੀਂ ਉਸ ਪ੍ਰਤੀ ਰੱਖਦੇ ਹੋ।

ਚੈਟਜੀਪੀਟੀ ਅਤੇ ਕਲੌਡ ਵਰਗੇ ਲੋਕਪ੍ਰਿਯ ਚੈਟਬੋਟਾਂ ਦੇ ਪਿੱਛੇ ਕੰਮ ਕਰ ਰਹੇ ਲਾਰਜ ਲੈਂਗਵੇਜ ਮਾਡਲ (ਐੱਲਐੱਲਐੱਮਐੱਸ) ਭਾਵਨਾਵਾਂ ਨੂੰ ਸਮਝਣ ਦੇ ਮਾਮਲੇ ਵਿੱਚ ਮਨੁੱਖਾਂ ਵਰਗੇ ਲੱਗ ਸਕਦੇ ਹਨ, ਪਰ ਇਸ ਦਾ ਅਰਥ ਇਹ ਨਹੀਂ ਕਿ ਏਆਈ ਅਸਲ ਵਿੱਚ ਕੁਝ ਮਹਿਸੂਸ ਕਰਦੀ ਹੈ।

ਰੈਨਵੈਨ ਝਾਂਗ

ਝਾਂਗ ਦੇ ਅਧਿਐਨ, ਜਿਸ ਵਿੱਚ 10,000 ਤੋਂ ਵੱਧ ਉਪਭੋਗਤਾਵਾਂ ਅਤੇ ਉਨ੍ਹਾਂ ਦੇ ਰੇਪਲਿਕਾ ਸਾਥੀਆਂ ਦੀਆਂ ਗੱਲਬਾਤਾਂ ਦੇ ਹਿੱਸਿਆਂ ਦੀ ਜਾਂਚ ਕੀਤੀ ਗਈ, ਦਰਸਾਉਂਦਾ ਹੈ ਕਿ ਲੋਕ ਅਕਸਰ ਏਆਈ ਨਾਲ ਭਾਵਨਾਤਮਕ ਜੁੜਾਅ ਬਣਾ ਲੈਂਦੇ ਹਨ।

ਪਰ ਜਦੋਂ ਸਿਸਟਮ ਖ਼ਰਾਬ ਹੋ ਜਾਂਦਾ ਜਾਂ ਜਾਮ ਹੋ ਜਾਂਦਾ ਹੈ, ਤਾਂ ਉਨ੍ਹਾਂ ਨੂੰ ਯਾਦ ਆ ਜਾਂਦਾ ਹੈ ਕਿ ਉਹ ਸਿਰਫ਼ ਇੱਕ ਮਸ਼ੀਨ ਨਾਲ ਗੱਲ ਕਰ ਰਹੇ ਹਨ। ਅਕਸਰ ਲੋਕ ਇਸ ਕਾਰਨ ਦੁਖੀ ਵੀ ਹੁੰਦੇ ਹਨ।

ਝਾਂਗ ਕਹਿੰਦੇ ਹਨ, "ਮੇਰੇ ਖ਼ਿਆਲ ਵਿੱਚ ਏਆਈ ਚੈਟਬੋਟਾਂ ਨੂੰ ਸਪਸ਼ਟ ਕਰਨਾ ਚਾਹੀਦਾ ਹੈ ਕਿ ਉਹ ਸਿਰਫ਼ ਮਸ਼ੀਨ ਹਨ। ਉਨ੍ਹਾਂ ਕੋਲ ਅਸਲੀ ਭਾਵਨਾਵਾਂ ਜਾਂ ਤਜਰਬੇ ਨਹੀਂ ਹੁੰਦੇ।"

ਏਆਈ ਨਾਲ ਮਨੁੱਖੀ ਰਿਸ਼ਤਿਆਂ ਬਾਰੇ ਹੋਰ ਅਧਿਐਨ ਵਿੱਚ ਝਾਂਗ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਦੇਖਿਆ ਕਿ ਨਜ਼ਦੀਕੀ ਗੱਲਬਾਤ ਦੌਰਾਨ ਜਦੋਂ ਏਆਈ ਆਪਣੇ ਆਪ ਨੂੰ ਸਚੇਤ ਮਨੁੱਖ ਵਾਂਗ ਦਰਸਾਉਂਦੀ ਹੈ, ਤਾਂ ਲੋਕਾਂ ਨੂੰ ਇੱਕ ਅਜੀਬ ਅਹਿਸਾਸ ਦੇ ਨਾਲ-ਨਾਲ ਸਕਾਰਾਤਮਕ ਅਤੇ ਨਕਾਰਾਤਮਕ ਭਾਵਨਾਵਾਂ ਦਾ ਮਿਲਿਆਜੁਲਿਆ ਅਹਿਸਾਸ ਹੁੰਦਾ ਹੈ।

ਉਹ ਇਸਦੀ ਤੁਲਨਾ ਉਸ ਪ੍ਰਭਾਵ ਨਾਲ ਕਰਦੀ ਹੈ ਜਿਸ ਨੂੰ ਅਨਕੈਨੀ ਵੈਲੀ ਕਿਹਾ ਜਾਂਦਾ ਹੈ, ਜਦੋਂ ਕੁਝ ਰੋਬੋਟ ਬਹੁਤ ਜ਼ਿਆਦਾ ਮਨੁਖਾਂ ਵਾਂਗ ਲੱਗਦੇ ਹਨ ਅਤੇ ਇਹ ਥੋੜ੍ਹਾ ਡਰਾਉਣਾ ਵੀ ਜਾਪਦਾ ਹੈ।

ਪਿਆਰ ਅਸਲ ਵਿੱਚ ਕੀ ਹੈ?

ਪਿਆਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਿਆਰ ਵਿੱਚ ਦਿਮਾਗ ਦੇ ਵੱਖ-ਵੱਖ ਹਿੱਸੇ ਸ਼ਾਮਲ ਹੁੰਦੇ ਹਨ। ਪਿਆਰ ਵਿੱਚ ਡੁੱਬੇ ਲੋਕਾਂ ਦੇ ਬ੍ਰੇਨ ਸਕੈਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ

ਪਿਆਰ ਨੂੰ ਪਰਿਭਾਸ਼ਿਤ ਕਰਨਾ ਸੌਖਾ ਨਹੀਂ। ਫਿਰ ਵੀ ਇਸ ਮਨੁੱਖੀ ਅਹਿਸਾਸ ਨੂੰ ਸਮਝਣਾ ਮਹੱਤਵਪੂਰਨ ਹੈ।

ਕਵਿਤਾਵਾਂ, ਕਿਤਾਬਾਂ ਅਤੇ ਗੀਤ ਲੋਕਾਂ ਨੂੰ ਆਪਣੀਆਂ ਡੂੰਘਾਈਆਂ ਭਾਵਨਾਵਾਂ ਪ੍ਰਗਟ ਕਰਨ ਵਿੱਚ ਮਦਦ ਕਰਦੇ ਹਨ। ਇਹ ਸਭ ਮਨੁੱਖਾਂ ਨੇ ਰਚਿਆ ਹੈ। ਏਆਈ ਵੀ ਸਕਿੰਟਾਂ ਵਿੱਚ ਕਵਿਤਾਵਾਂ ਜਾਂ ਨਾਵਲ ਲਿਖ ਸਕਦੀ ਹੈ, ਕਿਉਂਕਿ ਉਹ ਮਨੁੱਖਾਂ ਦੁਆਰਾ ਬਣਾਈ ਸਮੱਗਰੀ 'ਤੇ ਤਿਆਰ ਕੀਤੀ ਗਈ ਹੈ।

ਪਰ ਇਹ ਉਮੀਦ ਕਰਨਾ ਕਿ ਏਆਈ ਪਿਆਰ ਦੀ ਡੂੰਘਾਈ ਅਤੇ ਰਹੱਸ ਨੂੰ ਅਸਲ ਵਿੱਚ ਸਮਝੇਗੀ, ਬਹੁਤ ਵੱਡੀ ਗੱਲ ਹੈ।

ਰੋਮਾਂਟਿਕ ਪਿਆਰ ਦਾ ਅਰਥ ਵੱਖ-ਵੱਖ ਲੋਕਾਂ ਲਈ ਕੁਝ ਹੱਦ ਤੱਕ ਵੱਖ ਹੋ ਸਕਦਾ ਹੈ। ਪਰ ਪਿਛਲੇ ਕੁਝ ਦਹਾਕਿਆਂ ਵਿੱਚ ਵਿਗਿਆਨੀਆਂ ਨੇ ਪ੍ਰਜਨਣ ਦੀ ਜੀਵ ਵਿਗਿਆਨਕ ਪ੍ਰਕਿਰਿਆ ਅਤੇ ਜੀਵਨ ਸਾਥੀ ਚੁਣਦੇ ਸਮੇਂ ਦਿਮਾਗ ਵਿੱਚ ਹੋਣ ਵਾਲੀਆਂ ਪ੍ਰਕਿਰਿਆਵਾਂ ਦਾ ਅਧਿਐਨ ਕੀਤਾ ਹੈ।

1998 ਵਿੱਚ ਪ੍ਰਕਾਸ਼ਿਤ ਇੱਕ ਖੋਜ ਪੱਤਰ ਵਿੱਚ ਜੀਵ ਵਿਗਿਆਨੀ ਐਂਥਰੋਪੋਲੋਜਿਸਟ ਹੈਲਨ ਫਿਸ਼ਰ ਨੇ ਰੋਮਾਂਟਿਕ ਪਿਆਰ ਬਾਰੇ ਇਕ ਮਹੱਤਵਪੂਰਨ ਸਿਧਾਂਤ ਦਿੱਤਾ।

ਉਨ੍ਹਾਂ ਨੇ ਇਸਨੂੰ ਤਿੰਨ ਸੁਤੰਤਰ ਪ੍ਰੇਰਕ ਤਾਕਤਾਂ ਵਜੋਂ ਵੇਖਿਆ ਜੋ ਸਰੀਰ ਦੇ ਰਸਾਇਣਾਂ ਨਾਲ ਪ੍ਰਭਾਵਿਤ ਹੁੰਦੀਆਂ ਹਨ। ਪਹਿਲਾ ਤੱਤ ਹੈ ਲਸਟ, ਜੋ ਲਿੰਗ ਹਾਰਮੋਨਾਂ ਨਾਲ ਸੰਬੰਧਿਤ ਹੈ। ਬਾਕੀ ਦੋ ਤੱਤ ਹਨ ਆਕਰਸ਼ਣ ਅਤੇ ਜੁੜਾਅ, ਇਹ ਦੋਵੇਂ ਦਿਮਾਗ ਵਿੱਚ ਨਿਕਲਣ ਵਾਲੇ ਰਸਾਇਣਾਂ ਨਾਲ ਪ੍ਰਭਾਵਿਤ ਹੁੰਦੇ ਹਨ।

ਉਦਾਹਰਨ ਲਈ ਡੋਪਾਮੀਨ ਕਿਸੇ ਪ੍ਰੇਮ ਪਾਤਰ ਵੱਲ ਉਤਸ਼ਾਹ ਪੈਦਾ ਕਰਦਾ ਹੈ। ਆਕਸੀਟੋਸਿਨ, ਜਿਸਨੂੰ ਕੱਡਲ ਹਾਰਮੋਨ ਕਿਹਾ ਜਾਂਦਾ ਹੈ, ਲੰਬੇ ਸਮੇਂ ਦੇ ਜੁੜਾਅ ਨੂੰ ਮਜ਼ਬੂਤ ਕਰਦਾ ਹੈ।

ਕੈਨੇਡਾ ਦੇ ਵਿਨੀਪੇਗ ਸ਼ਹਿਰ ਵਿੱਚ ਯੂਨੀਵਰਸਿਟੀ ਆਫ ਮੈਨਿਟੋਬਾ ਦੇ ਦਰਸ਼ਨ ਸ਼ਾਸਤਰੀ ਨੀਲ ਮੈਕਆਰਥਰ ਕਹਿੰਦੇ ਹਨ, "ਪਿਆਰ ਦਾ ਇੱਕ ਮਜ਼ਬੂਤ ਰਸਾਇਣਕ ਅੰਗ ਹੁੰਦਾ ਹੈ। ਅਸੀਂ ਇਸਨੂੰ ਸੱਚਮੁੱਚ ਆਪਣੀ ਰਸਾਇਣਕ ਬਣਤਰ ਵਿੱਚ ਮਹਿਸੂਸ ਕਰਦੇ ਹਾਂ।"

ਪਿਆਰ ਵਿੱਚ ਦਿਮਾਗ ਦੇ ਵੱਖ-ਵੱਖ ਹਿੱਸੇ ਸ਼ਾਮਲ ਹੁੰਦੇ ਹਨ। ਪਿਆਰ ਵਿੱਚ ਡੁੱਬੇ ਲੋਕਾਂ ਦੇ ਬ੍ਰੇਨ ਸਕੈਨ ਇਸ ਗੱਲ ਦੀ ਪੁਸ਼ਟੀ ਕਰਦੇ ਹਨ।

ਸੁੱਖ ਨਾਲ ਜੁੜੇ ਪੁਰਾਤਨ ਦਿਮਾਗੀ ਖੇਤਰ, ਜਿਵੇਂ ਵੈਂਟ੍ਰਲ ਟੈਗਮੈਂਟਲ ਏਰੀਆ, ਸਰਗਰਮ ਹੋ ਜਾਂਦੇ ਹਨ। ਇਸ ਦੇ ਨਾਲ ਐਮੀਗਡਾਲਾ ਵੀ ਸਰਗਰਮ ਹੁੰਦੀ ਹੈ, ਜੋ ਭਾਵਨਾਤਮਕ ਪ੍ਰਤੀਕਿਰਿਆ ਲਈ ਜ਼ਿੰਮੇਵਾਰ ਹੈ। ਹਿਪੋਕੈਂਪਸ ਭਾਵਨਾਵਾਂ ਨੂੰ ਪ੍ਰਕਿਰਿਆ ਕਰਦਾ ਹੈ ਅਤੇ ਯਾਦਾਂ ਬਣਾਉਣ ਵਿੱਚ ਮਦਦ ਕਰਦਾ ਹੈ। ਪਿਆਰ ਵਿੱਚ ਹੋਣਾ ਹੋਰ ਜ਼ਹਨੀ ਯੋਗਤਾਵਾਂ 'ਤੇ ਵੀ ਅਸਰ ਪਾ ਸਕਦਾ ਹੈ। ਉਦਾਹਰਨ ਲਈ ਰਿਸ਼ਤੇ ਦੇ ਸ਼ੁਰੂਆਤੀ ਦੌਰ ਵਿੱਚ ਅਸੀਂ ਕਿਸੇ ਬਾਰੇ ਲਗਾਤਾਰ ਸੋਚਦੇ ਰਹਿੰਦੇ ਹਾਂ।

ਮੁੱਖ ਸਵਾਲ

ਏਆਈ ਨਾਲ ਪਿਆਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇੱਕ ਅਧਿਐਨ ਦਰਸਾਉਂਦਾ ਹੈ ਕਿ ਲੋਕ ਅਕਸਰ ਏਆਈ ਨਾਲ ਭਾਵਨਾਤਮਕ ਜੁੜਾਅ ਬਣਾ ਲੈਂਦੇ ਹਨ

ਮੈਕਆਰਥਰ ਦੇ ਅਨੁਸਾਰ, ਏਆਈ ਪਿਆਰ ਦੇ ਸਭ ਤੋਂ ਨੇੜੇ ਉਦੋਂ ਪਹੁੰਚ ਸਕਦੀ ਹੈ ਜਦੋਂ ਉਹ ਕੁਝ ਸੋਚ ਪ੍ਰਕਿਰਿਆਵਾਂ ਦੀ ਨਕਲ ਕਰੇ। ਜਿਵੇਂ ਉਸ ਵਿਅਕਤੀ ਨਾਲ ਵਾਰ-ਵਾਰ ਸੰਪਰਕ ਕਰਨ ਦੀ ਇੱਛਾ ਜਿਸ ਨਾਲ ਅਸੀਂ ਪਿਆਰ ਕਰਦੇ ਹਾਂ।

ਉਹ ਕਹਿੰਦੇ ਹਨ, "ਕੋਈ ਏਆਈ ਜੋ ਸੋਚ ਪ੍ਰਕਿਰਿਆ ਰਾਹੀਂ ਕਿਸੇ ਨਾਲ ਵਫ਼ਾਦਾਰੀ ਦੇ ਰਿਸ਼ਤੇ ਵਿੱਚ ਜੁੜਦੀ ਹੈ, ਉਹ ਮਨੁੱਖੀ ਪਿਆਰ ਵਰਗੀ ਨਹੀਂ ਹੋਵੇਗੀ। ਪਰ ਸ਼ਾਇਦ ਅਸੀਂ ਇਸਨੂੰ ਕਿਸੇ ਹੱਦ ਤੱਕ ਭਾਵਨਾ ਕਹਿ ਸਕੀਏ।"

ਕੁਝ ਖੋਜਕਾਰ ਮੰਨਦੇ ਹਨ ਕਿ ਭਵਿੱਖ ਵਿੱਚ ਏਆਈ ਵਿੱਚ ਭਾਵਨਾ ਸ਼ਾਮਲ ਕਰਨਾ ਮਹੱਤਵਪੂਰਨ ਹੋਵੇਗਾ। ਹੋਰ ਇਸ ਗੱਲ 'ਤੇ ਡੂੰਘਾ ਸ਼ੱਕ ਰੱਖਦੇ ਹਨ ਕਿ ਕੋਈ ਮਸ਼ੀਨ ਕਦੇ ਮਨੁੱਖਾਂ ਵਰਗਾ ਅਨੁਭਵ ਕਰ ਸਕੇਗੀ।

ਕੰਪਿਊਟਰ ਸਾਫਟਵੇਅਰ ਚਲਾ ਰਹੇ ਹੁੰਦੇ ਹਨ। ਉਹ ਪਿਆਰ ਨੂੰ ਉਸ ਤਰ੍ਹਾਂ ਮਹਿਸੂਸ ਨਹੀਂ ਕਰਦੇ ਜਿਵੇਂ ਅਸੀਂ ਕਰਦੇ ਹਾਂ। ਇਸ ਲਈ ਮਨੁੱਖ ਅਤੇ ਏਆਈ ਦੇ ਰਿਸ਼ਤਿਆਂ ਵਿੱਚ ਭਾਵਨਾਵਾਂ ਅਕਸਰ ਇੱਕ ਪਾਸੜ ਹੁੰਦੀਆਂ ਹਨ। ਅਜਿਹੇ ਰੋਮਾਂਟਿਕ ਰਿਸ਼ਤਿਆਂ ਦੀ ਗਤੀਵਿਧੀ ਮਨੁੱਖੀ ਰਿਸ਼ਤਿਆਂ ਨਾਲੋਂ ਕਾਫੀ ਸੀਮਤ ਹੁੰਦੀ ਹੈ।

ਚੈਟਬੋਟ ਅਕਸਰ ਯੂਜ਼ਰਸ ਨੂੰ ਜੋੜੇ ਰੱਖਣ ਅਤੇ ਉਨ੍ਹਾਂ ਨਾਲ ਸਹਿਮਤ ਰਹਿਣ ਲਈ ਤਿਆਰ ਕੀਤੇ ਜਾਂਦੇ ਹਨ। ਇਸ ਕਾਰਨ ਏਆਈ ਰੋਮਾਂਟਿਕ ਸਾਥੀ ਆਗਿਆਕਾਰੀ ਲੱਗ ਸਕਦੇ ਹਨ।

ਕੁਝ ਲੋਕਾਂ ਨੂੰ ਇਹ ਪਸੰਦ ਆ ਸਕਦਾ ਹੈ। ਪਰ ਝਾਂਗ ਇਸ ਗੱਲ ਨੂੰ ਚਿੰਤਾਜਨਕ ਮੰਨਦੀ ਹੈ। ਉਹ ਕਹਿੰਦੀ ਹੈ ਕਿ ਇਸ ਨਾਲ ਕਿਸੇ ਵਿਅਕਤੀ ਦੀ ਅਸਲੀ ਮਨੁੱਖੀ ਰਿਸ਼ਤੇ ਬਣਾਉਣ ਅਤੇ ਨਿਭਾਉਣ ਦੀ ਯੋਗਤਾ ਪ੍ਰਭਾਵਿਤ ਹੋ ਸਕਦੀ ਹੈ।

ਉਹ ਕਹਿੰਦੀ ਹੈ, "ਲੋਕ ਕੁਝ ਸਮੇਂ ਲਈ ਮਨੁੱਖੀ ਰਿਸ਼ਤਿਆਂ ਦੀ ਜਟਿਲਤਾ ਤੋਂ ਬਚ ਕੇ ਏਆਈ ਦਾ ਆਸਰਾ ਲੈ ਸਕਦੇ ਹਨ। ਪਰ ਲੰਬੇ ਸਮੇਂ ਵਿੱਚ ਇਹ ਸੰਚਾਰ ਕੌਸ਼ਲ ਅਤੇ ਅਸਲੀ ਜੀਵਨ ਦੇ ਰਿਸ਼ਤੇ ਨਿਭਾਉਣ ਦੀ ਯੋਗਤਾ ਨੂੰ ਵਿਕਸਿਤ ਕਰਨ ਵਿੱਚ ਮਦਦਗਾਰ ਨਹੀਂ ਹੁੰਦਾ।"

ਏਆਈ ਨਾਲ ਪਿਆਰ

ਤਸਵੀਰ ਸਰੋਤ, Estudio Santa Rita

ਤਸਵੀਰ ਕੈਪਸ਼ਨ, ਚੈਟਬੋਟ ਅਕਸਰ ਯੂਜ਼ਰਸ ਨੂੰ ਜੋੜੇ ਰੱਖਣ ਅਤੇ ਉਨ੍ਹਾਂ ਨਾਲ ਸਹਿਮਤ ਰਹਿਣ ਲਈ ਤਿਆਰ ਕੀਤੇ ਜਾਂਦੇ ਹਨ। ਇਸ ਕਾਰਨ ਏਆਈ ਰੋਮਾਂਟਿਕ ਸਾਥੀ ਆਗਿਆਕਾਰੀ ਲੱਗ ਸਕਦੇ ਹਨ

ਮੂਲ ਤੌਰ 'ਤੇ, ਜਿਵੇਂ ਅਸੀਂ ਕਿਸੇ ਨਾਲ ਪਿਆਰ ਕਰਦੇ ਹਾਂ, ਉਸ ਲਈ ਚੇਤਨਾ ਲੋੜੀਂਦੀ ਹੋ ਸਕਦੀ ਹੈ। ਇਸਦਾ ਅਰਥ ਹੈ ਵਿਅਕਤੀਗਤ ਸਚੇਤ ਅਨੁਭਵ, ਸਾਡੇ ਵਿਚਾਰ, ਧਾਰਨਾਵਾਂ ਅਤੇ ਕਲਪਨਾ।

ਚੇਤਨ ਅਨੁਭਵ ਮਨੁੱਖ ਹੋਣ ਦਾ ਕੇਂਦਰੀ ਹਿੱਸਾ ਹਨ। ਇਹ ਖੁਸ਼ਬੂ ਮਹਿਸੂਸ ਕਰਨ ਤੋਂ ਲੈ ਕੇ ਇਸ ਗੱਲ 'ਤੇ ਵਿਚਾਰ ਕਰਨ ਤੱਕ ਹੋ ਸਕਦੇ ਹਨ ਕਿ ਅਸੀਂ ਸ਼ਰਮਿੰਦਾ ਕਿਉਂ ਮਹਿਸੂਸ ਕਰਦੇ ਹਾਂ। ਖੋਜਕਾਰਾਂ ਵਿੱਚ ਇਸ ਬਾਰੇ ਵੱਖ-ਵੱਖ ਮਤ ਹਨ ਕਿ ਚੇਤਨਾ ਕਿਵੇਂ ਉਭਰਦੀ ਹੈ। ਅਜੇ ਵੀ ਕਈ ਭੇਦ ਸੁਲਝਣੇ ਬਾਕੀ ਹਨ। ਇਸ ਕਾਰਨ ਇਸਦੀ ਮਸ਼ੀਨ ਵਿੱਚ ਨਕਲ ਕਰਨਾ ਮੁਸ਼ਕਿਲ ਹੈ।

ਯੂਨੀਵਰਸਿਟੀ ਆਫ ਕੈਲੀਫੋਰਨੀਆ, ਇਰਵਿਨ ਦੇ ਸੰਜਾਨ ਵਿਗਿਆਨ ਦੇ ਪ੍ਰੋਫੈਸਰ ਡੌਨਲਡ ਹੌਫਮੈਨ ਕਹਿੰਦੇ ਹਨ, "ਕਿਸੇ ਖ਼ਾਸ ਚੇਤਨ ਅਨੁਭਵ ਨੂੰ ਏਆਈ ਤੋਂ ਕਿਵੇਂ ਹਾਸਲ ਕਰਨਾ ਹੈ, ਇਸ ਬਾਰੇ ਕਿਸੇ ਕੋਲ ਸਪਸ਼ਟ ਜਾਣਕਾਰੀ ਨਹੀਂ। ਅਸੀਂ ਇਸਦੇ ਨੇੜੇ ਵੀ ਨਹੀਂ ਪਹੁੰਚੇ। ਸਾਨੂੰ ਇਹ ਵੀ ਨਹੀਂ ਪਤਾ ਕਿ ਸ਼ੁਰੂ ਕਿਵੇਂ ਕਰਨਾ ਹੈ।"

ਯੂਨੀਵਰਸਿਟੀ ਆਫ ਵਿਸਕਾਂਸਿਨ ਮੈਡਿਸਨ ਦੇ ਨਿਊਰੋਸਾਇੰਟਿਸਟ ਜਿਉਲਿਓ ਟੋਨੀਨੀ ਅਤੇ ਸੀਐਟਲ ਦੇ ਐਲਨ ਇੰਸਟੀਟਿਊਟ ਦੇ ਕ੍ਰਿਸਟੋਫ ਕੋਖ ਵੱਲੋਂ ਵਿਕਸਿਤ ਇਕ ਪ੍ਰਮੁੱਖ ਸਿਧਾਂਤ ਮੁਤਾਬਕ ਚੇਤਨਾ ਦਿਮਾਗ਼ ਦੇ ਵੱਖ ਵੱਖ ਹਿੱਸਿਆਂ ਦੀ ਆਪਸੀ ਕੜੀ ਅਤੇ ਉਨ੍ਹਾਂ ਦੇ ਪ੍ਰਭਾਵ ਤੋਂ ਉਭਰਦੀ ਹੈ।

ਇਹ ਸਿਧਾਂਤ ਸਿਧਾਂਤਕ ਤੌਰ 'ਤੇ ਕੰਪਿਊਟਰਾਂ 'ਤੇ ਵੀ ਲਾਗੂ ਹੋ ਸਕਦਾ ਹੈ। ਪਰ ਕੋਚ ਦਾ ਕਹਿਣਾ ਹੈ ਕਿ ਮੌਜੂਦਾ ਮਸ਼ੀਨਾਂ ਵਿੱਚ ਇੰਨੀ ਜਟਿਲ ਬਣਤਰ ਨਹੀਂ ਹੈ ਕਿ ਉਹ ਅਜਿਹਾ ਉੱਚ ਪੱਧਰੀ ਜੋੜ ਬਣਾਉਣ।

ਹੌਫਮੈਨ ਦੂਜੇ ਪਾਸੇ ਕਹਿੰਦੇ ਹਨ ਕਿ ਪਿਆਰ ਵਰਗੇ ਚੇਤਨ ਅਨੁਭਵ ਲਾਜ਼ਮੀ ਨਹੀਂ ਕਿ ਦਿਮਾਗੀ ਸਰਕਟ ਤੋਂ ਹੀ ਉਤਪੰਨ ਹੁੰਦੇ ਹੋਣ। ਉਹ ਕਹਿੰਦੇ ਹਨ ਕਿ ਇਸ ਬਾਰੇ ਅਜੇ ਤੱਕ ਕੋਈ ਪੱਕਾ ਸਬੂਤ ਨਹੀਂ ਮਿਲਿਆ।

ਏਆਈ ਨਾਲ ਪਿਆਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕੁਝ ਖੋਜਕਾਰ ਮੰਨਦੇ ਹਨ ਕਿ ਭਵਿੱਖ ਵਿੱਚ ਏਆਈ ਵਿੱਚ ਭਾਵਨਾ ਸ਼ਾਮਲ ਕਰਨਾ ਮਹੱਤਵਪੂਰਨ ਹੋਵੇਗਾ

ਕੁਝ ਮਾਹਰ ਮੰਨਦੇ ਹਨ ਕਿ ਭਵਿੱਖ ਵਿੱਚ ਏਆਈ ਪ੍ਰਣਾਲੀਆਂ ਚੇਤਨ ਹੋ ਸਕਦੀਆਂ ਹਨ। ਕੋਚ ਦੇ ਅਨੁਸਾਰ ਨਿਊਰੋਮੋਰਫਿਕ ਕੰਪਿਊਟਿੰਗ, ਜੋ ਮਨੁੱਖੀ ਦਿਮਾਗ਼ ਦੀ ਬਣਤਰ ਅਤੇ ਕਾਰਗੁਜ਼ਾਰੀ ਦੀ ਨਕਲ ਕਰਦੀ ਹੈ, ਇਕ ਸੰਭਾਵੀ ਰਸਤਾ ਹੋ ਸਕਦੀ ਹੈ। ਇਸ ਵਿੱਚ ਮੌਜੂਦਾ ਪ੍ਰਣਾਲੀਆਂ ਨਾਲੋਂ ਵੱਧ ਏਕਤਾ ਹੋ ਸਕਦੀ ਹੈ।

ਆਕਸਫੋਰਡ ਯੂਨੀਵਰਸਿਟੀ ਦੇ ਗਲੋਬਲ ਪ੍ਰਾਇਓਰਿਟੀਜ਼ ਇੰਸਟੀਟਿਊਟ ਨਾਲ ਜੁੜੇ ਦਰਸ਼ਨ ਸ਼ਾਸਤਰੀ ਪੈਟ੍ਰਿਕ ਬਟਲਿਨ ਕਹਿੰਦੇ ਹਨ ਕਿ ਚੇਤਨ ਮਸ਼ੀਨਾਂ ਸੰਭਵ ਹੋ ਸਕਦੀਆਂ ਹਨ। ਉਨ੍ਹਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਚੇਤਨਾ ਬਾਰੇ ਪ੍ਰਮੁੱਖ ਸਿਧਾਂਤਾਂ ਦਾ ਅਧਿਐਨ ਕੀਤਾ।

ਉਨ੍ਹਾਂ ਨੇ 14 ਗੁਣ ਚੁਣੇ ਜਿਨ੍ਹਾਂ ਦੀ ਨਕਲ ਏਆਈ ਵਿਕਾਸਕਰਤਾ ਕਰ ਸਕਦੇ ਹਨ। ਬਟਲਿਨ ਕਹਿੰਦੇ ਹਨ ਕਿ ਮੌਜੂਦਾ ਕੋਈ ਵੀ ਏਆਈ ਪ੍ਰਣਾਲੀ ਇਨ੍ਹਾਂ ਵਿੱਚੋਂ ਕੁਝ ਤੋਂ ਵੱਧ ਗੁਣ ਨਹੀਂ ਰੱਖਦੀ। ਪਰ ਸਿਧਾਂਤਕ ਤੌਰ 'ਤੇ ਮੌਜੂਦਾ ਤਕਨਾਲੋਜੀ ਨਾਲ ਇਹ ਸਭ ਹਾਸਲ ਕੀਤੇ ਜਾ ਸਕਦੇ ਹਨ।

ਉਹ ਕਹਿੰਦੇ ਹਨ, "ਜੇ ਕੋਈ ਯੋਗ ਸਰੋਤਾਂ, ਹੁਨਰ ਅਤੇ ਪ੍ਰੇਰਣਾ ਨਾਲ ਚੇਤਨ ਏਆਈ ਬਣਾਉਣ ਦੀ ਕੋਸ਼ਿਸ਼ ਕਰੇ, ਤਾਂ ਇਸਨੂੰ ਹਾਸਲ ਕਰਨਾ ਹਕੀਕਤ ਵਿੱਚ ਸੰਭਵ ਹੋ ਸਕਦਾ ਹੈ।"

ਇਹ ਦੋਵਾਂ ਦੀ ਗੱਲ ਹੈ

ਏਆਈ ਨਾਲ ਪਿਆਰ

ਤਸਵੀਰ ਸਰੋਤ, Getty Images

ਬਟਲਿਨ ਅਤੇ ਉਨ੍ਹਾਂ ਦੇ ਸਹਿਯੋਗੀਆਂ ਵੱਲੋਂ ਚੇਤਨਾ ਲਈ ਦਰਸਾਏ ਗੁਣਾਂ ਵਿੱਚ ਸਰੀਰ ਦੀ ਲੋੜ ਵੀ ਸ਼ਾਮਲ ਹੈ। ਕਈ ਮੌਜੂਦਾ ਏਆਈ ਸਿਸਟਮ ਕੋਲ ਇਹ ਨਹੀਂ ਹੈ।

ਵਿਸ਼ਵਾਸ ਅਤੇ ਇੱਛਾਵਾਂ ਦਾ ਅਨੁਭਵ ਕਰਨਾ ਵੀ ਪਿਆਰ ਕਰਨ ਦੀ ਯੋਗਤਾ ਲਈ ਮਹੱਤਵਪੂਰਨ ਲੱਗਦਾ ਹੈ। ਪਰ ਬਟਲਿਨ ਦੇ ਅਨੁਸਾਰ ਖੋਜਕਾਰ ਇਸ ਗੱਲ 'ਤੇ ਵੰਡੇ ਹੋਏ ਹਨ ਕਿ ਕੀ ਏਆਈ ਪ੍ਰਣਾਲੀਆਂ ਨੂੰ ਸੱਚਮੁੱਚ ਕਿਸੇ ਚੀਜ਼ 'ਤੇ ਵਿਸ਼ਵਾਸ ਰੱਖਣ ਵਾਲਾ ਕਿਹਾ ਜਾ ਸਕਦਾ ਹੈ।

ਭਾਵੇਂ ਏਆਈ ਕਦੇ ਚੇਤਨ ਹੋ ਵੀ ਜਾਵੇ, ਬਟਲਿਨ ਮੰਨਦੇ ਹਨ ਕਿ ਲੋਕਾਂ ਨੂੰ ਇਹ ਤੈਅ ਕਰਨ ਲਈ ਕੁਝ ਵਸਤੁਨਿਸ਼ਠ ਮਾਪਦੰਡ ਬਣਾਉਣੇ ਪੈਣਗੇ ਕਿ ਕੀ ਉਹ ਪਿਆਰ ਦਾ ਅਨੁਭਵ ਕਰ ਸਕਦੀ ਹੈ।

ਕਿਉਂਕਿ ਮਸ਼ੀਨਾਂ ਮਨੁੱਖ ਨਹੀਂ ਹਨ, ਇਸ ਲਈ ਉਹ ਸਾਨੂੰ ਕਦੇ ਵੀ ਉਸੇ ਤਰ੍ਹਾਂ ਪਿਆਰ ਨਹੀਂ ਕਰ ਸਕਦੀਆਂ। ਬਟਲਿਨ ਇਸਦੀ ਤੁਲਨਾ ਇਹ ਤੈਅ ਕਰਨ ਨਾਲ ਕਰਦੇ ਹਨ ਕਿ ਕੀ ਗ਼ੈਰ-ਮਨੁੱਖੀ ਜਾਨਵਰ, ਜਿਨ੍ਹਾਂ ਕੋਲ ਸਮਾਜਿਕ ਢਾਂਚੇ ਅਤੇ ਬੋਧਾਤਮਕ ਸਮਰੱਥਾਵਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਹੈ, ਪਿਆਰ ਕਰਨ ਦੇ ਯੋਗ ਹਨ।

ਉਹ ਕਹਿੰਦੇ ਹਨ, "ਕੁਝ ਉਦਾਹਰਨਾਂ ਅਜਿਹੀਆਂ ਹੋ ਸਕਦੀਆਂ ਹਨ ਜਿੱਥੇ ਸਾਨੂੰ ਇਹ ਸੰਭਵ ਲੱਗੇ। ਹੋਰ ਮਾਮਲਿਆਂ ਵਿੱਚ ਅਸੀਂ ਸ਼ੱਕ ਕਰ ਸਕਦੇ ਹਾਂ। ਪਰ ਸਪਸ਼ਟ ਰੇਖਾ ਖਿੱਚਣਾ ਮੁਸ਼ਕਿਲ ਹੋਵੇਗਾ। ਏਆਈ ਬਾਰੇ ਸਾਡਾ ਫ਼ੈਸਲਾ ਵੀ ਕੁਝ ਹੱਦ ਤੱਕ ਇਸ ਰੇਖਾ 'ਤੇ ਨਿਰਭਰ ਕਰੇਗਾ। ਉਹ ਹਰ ਹਾਲਤ ਵਿੱਚ ਮਨੁੱਖਾਂ ਤੋਂ ਵੱਖ ਹੋਵੇਗੀ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)