ਬਿਕਰਮ ਮਜੀਠੀਆ ਨਾਭਾ ਜੇਲ੍ਹ ਤੋਂ ਆਏ ਬਾਹਰ, ਕਿਹਾ ਜੇਲ੍ਹ ਅੰਦਰ ਮੇਰੇ 'ਤੇ 32 ਕੈਮਰਿਆਂ ਨਾਲ ਨਿਗਰਾਨੀ ਰੱਖਦੇ ਸੀ

ਨਾਭਾ ਜੇਲ੍ਹ ਤੋਂ ਬਾਹਰ ਆਉਂਦੇ ਹੋਏ ਮਜੀਠੀਆ

ਤਸਵੀਰ ਸਰੋਤ, Akali DAl

ਤਸਵੀਰ ਕੈਪਸ਼ਨ, ਨਾਭਾ ਜੇਲ੍ਹ 'ਚੋਂ ਬਾਹਰ ਨਿਕਲ ਕੇ ਮੁੱਛਾਂ ਨੂੰ ਤਾਅ ਦਿੰਦੇ ਹੋਏ ਮਜੀਠੀਆ
ਪੜ੍ਹਨ ਦਾ ਸਮਾਂ: 9 ਮਿੰਟ

ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨਾਭਾ ਜੇਲ੍ਹ ਤੋਂ ਬਾਹਰ ਆ ਗਏ ਹਨ। 2 ਫਰਵਰੀ ਨੂੰ ਸੁਪਰੀਮ ਕੋਰਟ ਨੇ ਬਿਕਰਮ ਮਜੀਠੀਆ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਜ਼ਮਾਨਤ ਦਿੱਤੀ ਸੀ।

ਕਾਗਜ਼ੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਅੱਜ ਮਜੀਠੀਆ ਨਾਭਾ ਜੇਲ੍ਹ ਤੋਂ ਬਾਹਰ ਆ ਗਏ ਹਨ। ਉਨ੍ਹਾਂ ਦੇ ਸਵਾਗਤ ਲਈ ਵੱਡੀ ਗਿਣਤੀ ਵਿੱਚ ਉਨ੍ਹਾਂ ਦੇ ਸਮਰਥਕ ਅਤੇ ਅਕਾਲੀ ਦਲ ਦੇ ਵਰਕਰ ਜੇਲ੍ਹ ਬਾਹਰ ਪਹੁੰਚੇ ਸਨ।

ਮਜੀਠਾ ਹਲਕੇ ਤੋਂ ਵਿਧਾਇਕ ਅਤੇ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਵੀ ਨਾਭਾ ਜੇਲ੍ਹ ਬਾਹਰ ਪਹੁੰਚੇ ਸਨ।

ਫਿਰ ਬਿਕਰਮ ਸਿੰਘ ਮਜੀਠੀਆ ਗੱਡੀਆਂ ਦੇ ਕਾਫਿਲੇ 'ਚ ਨਾਭਾ ਜੇਲ੍ਹ ਤੋਂ ਤੁਰ ਪਏ ਅਤੇ ਰਸਤੇ 'ਚ ਉਹ ਆਪਣੀਆਂ ਮੁੱਛਾਂ ਨੂੰ ਤਾਅ ਦਿੰਦੇ ਵੀ ਨਜ਼ਰ ਆਏ।

ਜੇਲ੍ਹ ਤੋਂ ਬਾਹਰ ਆ ਕੇ ਮਜੀਠੀਆ ਨੇ ਕਿਹਾ ਕਿ ਅੱਜ ਮੈਂ ਬਾਹਰ ਆ ਗਿਆ ਇਹ ਸਭ ਦੀ ਅਰਦਾਸ ਹੈ।

ਉਨ੍ਹਾਂ ਨੇ ਜੇਲ੍ਹ ਅੰਦਰ ਕਿਸ ਤਰ੍ਹਾਂ ਦਿਨ ਕੱਟੇ ਇਸ ਬਾਰੇ ਵੀ ਜ਼ਿਕਰ ਕੀਤਾ। ਇਸ ਤੋਂ ਇਲਾਵਾ ਸੀਐਮ ਦੇ ਸਿਰਹਾਨੇ ਵਾਲੇ ਪੁਰਾਣੇ ਬਿਆਨ 'ਤੇ ਵੀ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜੇਲ੍ਹ ਅੰਦਰ ਮੈਨੂੰ ਦੇਖਣ ਲਈ 32 ਕੈਮਰੇ ਲਗਾਏ ਹੋਏ ਸਨ।

ਮਜੀਠੀਆ ਨੇ ਕਿਹਾ ਕਿ ਜੇਲ੍ਹ ਅੰਦਰ ਹਫ਼ਤੇ ਅੰਦਰ 2 ਮੁਲਾਕਾਤਾਂ ਕਰਵਾਈਆਂ ਜਾਂਦੀਆਂ ਹਨ। ਪਰ ਮੇਰੇ ਪਰਿਵਾਰ ਨੂੰ ਬਾਹਰ ਤੋਂ ਹੀ ਮੋੜ ਦਿੱਤਾ ਜਾਂਦਾ ਸੀ। ਮੇਰੇ ਵਕੀਲਾਂ ਨੂੰ ਵੀ ਮੁਸ਼ਕਲਾਂ ਆਉਂਦੀਆਂ ਰਹੀਆਂ।

ਮਜੀਠੀਆ ਨੇ ਕਿਹਾ, "ਪੰਜਾਬੀ ਕੇਸਾਂ ਤੋਂ ਡਰਦੇ ਨਹੀਂ ਹੈ। ਮੈਂ ਸੀਐਮ ਭਗਵੰਤ ਮਾਨ ਨੂੰ ਇੱਕ ਗੱਲ ਕਹਿਣਾ ਚਾਹੁੰਦੇ ਹਾਂ ਕਿ ਮਜੀਠੀਆ ਨਾ ਰੁਕੇਗਾ, ਨਾ ਮਜੀਠੀਆ ਝੁਕੇਗਾ। ਮੈਂ ਪੰਜਾਬ ਦੇ ਕਿਸਾਨਾਂ, ਮਜ਼ਦੂਰਾਂ, ਪੰਜਾਬ ਦੇ ਨੌਜਵਾਨ, ਮੁਲਾਜ਼ਮ ਦੀ ਗੱਲ ਅਤੇ ਕਾਨੂੰਨ ਵਿਵਸਥਾ ਦੀ ਗੱਲ ਖੁੱਲ੍ਹ ਕੇ ਕਰਾਂਗਾ।"

ਡੇਰਾ ਮੁਖੀ ਦੀ ਮਿਲਣੀ 'ਤੇ ਸੀਐਮ ਦਾ ਤੰਜ

ਦਰਅਸਲ, ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ 25 ਜੂਨ 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਉਦੋਂ ਤੋਂ ਲੈ ਕੇ ਹੁਣ ਤੱਕ ਉਹ ਪੰਜਾਬ ਦੀ ਨਾਭਾ ਜੇਲ੍ਹ ਵਿੱਚ ਬੰਦ ਹਨ ਤੇ ਹੁਣ ਜ਼ਮਾਨਤ ਲੈ ਕੇ ਬਾਹਰ ਆ ਗਏ ਹਨ।

ਇਸ ਤੋਂ ਪਹਿਲਾਂ 2 ਫਰਵਰੀ ਨੂੰ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਨਾਭਾ ਜੇਲ੍ਹ ਵਿਚ ਬਿਕਰਮ ਮਜੀਠੀਆ ਨਾਲ ਮੁਲਾਕਾਤ ਕੀਤੀ ਸੀ। ਮੁਲਕਾਤ ਤੋਂ ਬਾਅਦ ਉਨ੍ਹਾਂ ਨੇ ਮਜੀਠੀਆ ਦੇ ਖਿਲਾਫ਼ ਮਾਮਲੇ ਨੂੰ ਝੂਠਾ ਅਤੇ ਬੇਬੁਨਿਆਦੀ ਦੱਸਿਆ ਸੀ।

ਡੇਰਾ ਬਿਆਸ ਮੁਖੀ ਦੀ ਮਿਲਣੀ 'ਤੇ ਸੀਐਮ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਅਤੇ ਤੰਜ ਕੱਸਦੇ ਹੋਏ ਕਿਹਾ:

''ਕੱਲ੍ਹ ਬਣ ਜਾਣ ਭਾਵੇਂ ਅੱਜ ਬਣ ਜਾਣ

ਅਦਾਲਤਾਂ ਦਾ ਓਥੇ ਰੱਬ ਰਾਖਾ

ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ …''

ਹਲਾਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਇਸ ਪੋਸਟ 'ਤੇ ਬਿਕਰਮ ਸਿੰਘ ਮਜੀਠੀਆ ਨੇ ਵਿਰੋਧ ਜਤਾਇਆ, ਉਨ੍ਹਾਂ ਕਿਹਾ ਅਜਿਹਾ ਸੀਐਮ ਨੂੰ ਨਹੀਂ ਕਹਿਣਾ ਚਾਹੀਦਾ ਸੀ।

ਬਿਕਰਮ ਸਿੰਘ ਮਜੀਠੀਆ

ਤਸਵੀਰ ਸਰੋਤ, Akali Dal

ਤਸਵੀਰ ਕੈਪਸ਼ਨ, ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ 25 ਜੂਨ 2025 ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।

ਅਦਾਲਤ ਨੇ ਕੀ ਕਿਹਾ ਸੀ

ਸੋਮਵਾਰ ਨੂੰ ਲਾਈਵ ਲਾਅ ਦੇ ਐਕਸ ਹੈਂਡਲ ਉੱਤੇ ਪਾਈ ਗਈ ਪੋਸਟ ਵਿੱਚ ਲਿਖਿਆ, "ਕੇਸ ਦੇ ਤੱਥਾਂ ਅਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਖ਼ਾਸ ਕਰਕੇ ਇਸ ਗੱਲ ਨੂੰ ਦੇਖਦਿਆਂ ਕਿ ਪਟੀਸ਼ਨਰ ਨੂੰ 2022 ਵਿੱਚ ਐੱਨਡੀਪੀਐੱਸ ਮਾਮਲੇ ਵਿੱਚ ਜ਼ਮਾਨਤ ਮਿਲੀ ਸੀ। ਉਨ੍ਹਾਂ ਦੇ ਖ਼ਿਲਾਫ਼ ਸੂਬਾ ਸਰਕਾਰ ਵੱਲੋਂ ਦਾਇਰ ਕੀਤੀ ਗਈ ਐੱਸਐੱਲਪੀ ਨੂੰ ਇਸ ਅਦਾਲਤ ਨੇ ਖਾਰਜ ਕਰ ਦਿੱਤਾ ਸੀ।"

"ਇਸ ਤੋਂ ਇਲਾਵਾ ਪਟੀਸ਼ਨਰ ਪਿਛਲੇ ਸੱਤ ਮਹੀਨਿਆਂ ਤੋਂ ਹਿਰਾਸਤ ਵਿੱਚ ਹੈ ਅਤੇ ਨਾਲ ਹੀ ਧਾਰਾ 173(2) ਅਧੀਨ ਪੁਲਿਸ ਰਿਪੋਰਟ ਵੀ ਦਾਇਰ ਕੀਤੀ ਜਾ ਚੁੱਕੀ ਹੈ। ਡਿਸਪ੍ਰੋਪੋਰਸ਼ਨੇਟ ਐਸੈਟਸ ਮਾਮਲਾ 2007 ਤੋਂ 2017 ਦੀ ਚੈੱਕ ਪੀਰੀਅਡ ਨਾਲ ਸੰਬੰਧਿਤ ਹੈ ਅਤੇ ਪੀਸੀ ਐਕਟ ਤਹਿਤ ਐੱਫਆਈਆਰ 2025 ਵਿੱਚ ਦਰਜ ਕੀਤੀ ਗਈ ਹੈ।"

"ਅਸੀਂ ਪਟੀਸ਼ਨਰ ਨੂੰ ਜ਼ਮਾਨਤ ਦੇਣ ਦੇ ਹੱਕ ਵਿੱਚ ਹਾਂ। ਹਾਲਾਂਕਿ ਇਸਤਗਾਸਾ ਪੱਖ ਟ੍ਰਾਇਲ ਅਦਾਲਤ ਕੋਲ ਇਹ ਮੰਗ ਰੱਖ ਸਕਦਾ ਹੈ ਕਿ ਜ਼ਮਾਨਤ ਦੌਰਾਨ ਪਟੀਸ਼ਨਰ ਉੱਤੇ ਜ਼ਰੂਰੀ ਸਮਝੀਆਂ ਜਾਣ ਵਾਲੀਆਂ ਸਖ਼ਤ ਸ਼ਰਤਾਂ ਲਾਗੂ ਕੀਤੀਆਂ ਜਾਣ।"

ਬਿਕਰਮ ਮਜੀਠੀਆ

ਤਸਵੀਰ ਸਰੋਤ, Akali Dal

ਸਰਕਾਰ ਦੀ ਪ੍ਰਤੀਕਿਰਿਆ

ਹਰਪਾਲ ਚੀਮਾ
ਤਸਵੀਰ ਕੈਪਸ਼ਨ, ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਉਹ ਰੀਵਿਊ ਪਟੀਸ਼ਨ ਪਾਉਣਗੇ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਮਵਾਰ ਨੂੰ ਅਦਾਲਤ ਦਾ ਫੈਸਲਾ ਆਉਣ ਤੋਂ ਬਾਅਦ ਕਿਹਾ ਜ਼ਮਾਨਤ ਮਿਲਣ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹ ਮੁਕਤ ਹੋ ਗਿਆ ਹੈ ਜਾਂ ਉਸ ਨੂੰ ਕੁਝ ਨਾ ਕੁਝ ਫਾਇਦਾ ਹੋਵੇਗਾ।

ਚੀਮਾ ਨੇ ਅੱਗੇ ਕਿਹਾ, "ਜ਼ਮਾਨਤ ਵਿੱਚ ਬਹੁਤ ਸਾਰੀਆਂ ਸ਼ਰਤਾਂ ਹੁੰਦੀਆਂ ਹਨ। ਹੁਣ ਉਨ੍ਹਾਂ ਨੂੰ ਟ੍ਰਾਇਲ ਦਾ ਸਾਹਮਣਾ ਕਰਨਾ ਪਵੇਗਾ। ਜੋ ਵੀ ਆਦੇਸ਼ ਆਇਆ ਅਸੀਂ ਉਸ ਦੀ ਕਾਨੂੰਨੀ ਪੱਖੋਂ ਜਾਂਚ ਕਰਾਂਗੇ। ਅਸੀਂ ਉਸ ਦੀ ਰੀਵਿਊ ਪਟੀਸ਼ਨ ਵੀ ਪਾਵਾਂਗੇ ਅਤੇ ਦੇਖਾਂਗੇ ਕਿਹੜੇ ਕਾਰਨਾਂ ਕਰਕੇ ਜ਼ਮਾਨਤ ਮਿਲੀ ਹੈ।"

"ਮੈਨੂੰ ਲੱਗਦਾ ਹੈ ਹੁਣ ਟ੍ਰਾਇਲ ਚੱਲੇਗਾ ਅਤੇ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲੇਗੀ।"

ਸ਼੍ਰੋਮਣੀ ਅਕਾਲੀ ਦਲ ਨੇ ਕੀ ਕਿਹਾ

ਅਰਸ਼ਦੀਪ ਸਿੰਘ ਕਲੇਰ

ਤਸਵੀਰ ਸਰੋਤ, SAD

ਤਸਵੀਰ ਕੈਪਸ਼ਨ, ਅਰਸ਼ਦੀਪ ਸਿੰਘ ਕਲੇਰ ਨੇ ਮਜੀਠੀਆ ਦੀ ਜ਼ਮਾਨਤ ਬਾਰੇ ਜਾਣਕਾਰੀ ਦਿੱਤੀ

ਜ਼ਮਾਨਤ ਬਾਰੇ ਜਾਣਕਾਰੀ ਦਿੰਦਿਆਂ ਅਰਸ਼ਦੀਪ ਕਲੇਰ ਨੇ ਕਿਹਾ, "ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਝੂਠ ਦਾ ਮਹਿਲ ਬਣਾਇਆ ਸੀ ਅਤੇ ਝੂਠ ਦੇ ਮਹਿਲ ਅਦਾਲਤਾਂ ਵਿੱਚ ਨਹੀਂ ਟਿਕਦੇ। ਹਿਮਾਚਲ ਦੇ ਵਿੱਚ ਜਿਹੜੇ ਹਜ਼ਾਰਾਂ ਏਕੜ ਜ਼ਮੀਨ ਦੀ ਗੱਲ ਹੋਈ ਇਹ ਸਰਕਾਰ ਉਸ ਬਾਰੇ ਅਦਾਲਤ ਵਿੱਚ ਕੋਈ ਸਬੂਤ ਪੇਸ਼ ਨਹੀਂ ਕਰ ਸਕੀ।"

25 ਜੂਨ, 2025 ਨੂੰ ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਬਿਕਰਮ ਮਜੀਠੀਆ ਨੂੰ ਅੰਮ੍ਰਿਤਸਰ ਵਿਚਲੀ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ ਅਤੇ ਮੁਹਾਲੀ ਅਦਾਲਤ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿੱਚ ਨਾਭਾ ਜੇਲ੍ਹ ਭੇਜਿਆ ਗਿਆ ਸੀ।

ਮਜੀਠੀਆ ਧਿਰ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਕਾਰਵਾਈ ਨੂੰ ਸਿਆਸੀ ਬਦਲਾ ਖੋਰੀ ਦੱਸਿਆ ਸੀ, ਜਦਕਿ ਪੰਜਾਬ ਸਰਕਾਰ ਨੇ ਇਸ ਨੂੰ ਨਸ਼ਿਆਂ ਵਿਰੁੱਧ ਮੁਹਿੰਮ 'ਯੁੱਧ ਨਸ਼ੇ ਵਿਰੁੱਧ' ਦਾ ਹਿੱਸਾ ਮੰਨਿਆ ਸੀ।

ਮਾਮਲੇ ਦਾ ਕੀ ਹੈ ਆਧਾਰ

ਅਕਾਲੀ ਦਲ

ਤਸਵੀਰ ਸਰੋਤ, Akali Dal

ਬਿਕਰਮ ਸਿੰਘ ਮਜੀਠੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿਕਰਮ ਸਿੰਘ ਮਜੀਠੀਆ ਦੀ ਵਿਜੀਲੈਂਸ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਅਕਾਲੀ ਆਗੂਆਂ ਨੇ 25 ਜੂਨ ਨੂੰ ਵਿਰੋਧ ਪ੍ਰਦਰਸ਼ਨ ਕੀਤਾ

ਪੰਜਾਬ ਵਿਜੀਲੈਂਸ ਬਿਊਰੋ ਮੁਤਾਬਕ ਮਜੀਠੀਆ ਖ਼ਿਲਾਫ਼ ਮੌਜੂਦਾ ਕਾਰਵਾਈ ਪੰਜਾਬ ਰਾਜ ਅਪਰਾਧ ਪੁਲਿਸ ਸਟੇਸ਼ਨ ਵਿੱਚ ਦਰਜ ਐੱਫ਼ਆਈਆਰ ਨੰਬਰ 02 (2021) ਦੀ ਚੱਲ ਰਹੀ ਜਾਂਚ ਦੇ ਮਾਮਲੇ 'ਚ ਕੀਤੀ ਗਈ ਸੀ।

ਪੰਜਾਬ ਵਿਜੀਲੈਂਸ ਬਿਊਰੋ ਮੁਤਾਬਕ, ਐੱਸਆਈਟੀ ਦੀ ਰਿਪੋਰਟ ਦੇ ਆਧਾਰ 'ਤੇ ਐੱਨਡੀਪੀਐੱਸ ਐਕਟ 1985 ਦੀ ਧਾਰਾ 25, 27-ਏ ਅਤੇ 29 ਤਹਿਤ, ਮਿਤੀ 20-12-2021 ਨੂੰ ਦਰਜ ਐੱਫਆਈਆਰ ਨੰਬਰ 02 ਦੇ ਮਾਮਲੇ 'ਚ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।

ਵਿਜੀਲੈਂਸ ਦਾ ਦਾਅਵਾ ਸੀ ਕਿ, ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਵੱਲੋਂ ਕੀਤੀ ਗਈ ਜਾਂਚ ਵਿੱਚ ਪਾਇਆ ਗਿਆ ਹੈ ਕਿ ਮਜੀਠੀਆ ਵੱਲੋਂ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ ਕਮਾਈ ਨੂੰ ਵੱਡੇ ਪੱਧਰ 'ਤੇ ਚਿੱਟੇ ਧਨ ਵਿੱਚ ਤਬਦੀਲ ਕੀਤਾ ਗਿਆ ਹੈ।

ਜਾਂਚ ਵਿੱਚ ਇਸ ਗੱਲ ਦੇ ਪੁਖਤਾ ਸਬੂਤ ਸਾਹਮਣੇ ਆਏ ਹਨ ਕਿ ਬਿਕਰਮ ਸਿੰਘ ਮਜੀਠੀਆ ਨੇ ਨਸ਼ਿਆਂ ਦੀ ਕਮਾਈ ਨੂੰ ਵੱਡੇ ਪੱਧਰ 'ਤੇ ਚਿੱਟੇ ਧਨ ਵਿੱਚ ਬਦਲਿਆ।

ਵਿਜੀਲੈਂਸ ਬੁਲਾਰੇ ਨੇ ਕਿਹਾ ਸੀ ਕਿ ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀ 540 ਕਰੋੜ ਰੁਪਏ ਦੀ ਕਮਾਈ ਦਾ ਪਤਾ ਲੱਗਿਆ ਹੈ, ਜੋ ਕਿ ਮਜੀਠੀਆ ਵੱਲੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਰਹਿੰਦੇ ਹੋਏ ਆਪਣੇ ਪ੍ਰਭਾਵ ਦੀ ਵਰਤੋਂ ਕਰਕੇ ਕਮਾਈ ਗਈ ਸੀ।

ਵਿਜੀਲੈਂਸ ਬਿਊਰੋ ਅਤੇ ਐੱਸਆਈਟੀ ਦੀ ਜਾਂਚ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਰਕਮ ਸਰਾਇਆ ਇੰਡਸਟਰੀਜ਼ ਵਿੱਚ ਨਿਵੇਸ਼ ਕੀਤੀ ਗਈ, ਜਿਸਦੀ ਵਿਵਸਥਾ ਖ਼ੁਦ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਸੀ।

ਇਸ ਮਾਮਲੇ ਵਿੱਚ ਵਿਜੀਲੈਂਸ ਨੇ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼, ਅਤੇ ਚੰਡੀਗੜ੍ਹ ਵਿੱਚ ਮਜੀਠੀਆ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ।

2 ਜੁਲਾਈ 2025 ਨੂੰ ਮੁਹਾਲੀ ਅਦਾਲਤ ਵਿੱਚ ਮਜੀਠੀਆ ਦੀ ਪੇਸ਼ੀ ਦੌਰਾਨ ਵਿਜੀਲੈਂਸ ਨੇ ਇਲਜ਼ਾਮ ਲਗਾਇਆ ਕਿ ਉਹ ਜਾਂਚ ਵਿੱਚ ਸਹਿਯੋਗ ਨਹੀਂ ਕਰ ਰਹੇ ਅਤੇ ਰਿਮਾਂਡ ਦੀ ਮਿਆਦ ਵਧਾਉਣ ਦੀ ਮੰਗ ਕੀਤੀ। ਜਿਸ ਤੋਂ ਬਾਅਦ ਮੁਹਾਲੀ ਅਦਾਲਤ ਨੇ ਉਨ੍ਹਾਂ ਨੂੰ 4 ਦਿਨ ਦੀ ਹੋਰ ਰਿਮਾਂਡ ਦੇ ਦਿੱਤੀ।

ਨਸ਼ਾ ਤਸਕਰੀ ਵਿੱਚ ਮਜੀਠੀਆ ਦਾ ਨਾਮ

ਜਗਦੀਸ਼ ਸਿੰਘ ਭੋਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਗਦੀਸ਼ ਸਿੰਘ ਭੋਲਾ ਨੇ 2014 ਵਿੱਚ ਪੁੱਛਗਿਛ ਦੌਰਾਨ ਬਿਕਰਮ ਸਿੰਘ ਮਜੀਠੀਆ ਦੇ ਨਸ਼ਾ ਤਸਕਰੀ ਨਾਲ ਜੁੜੇ ਹੋਣ ਬਾਰੇ ਦਾਅਵਾ ਕੀਤਾ ਸੀ

ਬਿਕਰਮ ਸਿੰਘ ਮਜੀਠੀਆ ਸਿਆਸਤ ਵਿੱਚ ਆਉਣ ਤੋਂ ਬਾਅਦ ਲਗਾਤਾਰ ਵਿਵਾਦਾਂ ਵਿੱਚ ਰਹੇ ਹਨ। ਬਿਕਰਮ ਸਿੰਘ ਮਜੀਠੀਆ ਦਾ ਸਭ ਤੋਂ ਪਹਿਲਾਂ ਨਾਮ ਚਰਚਾ ਵਿੱਚ ਉਦੋਂ ਆਇਆ ਸੀ ਜਦੋਂ ਨਸ਼ੇ ਤਸਕਰੀ ਦੇ ਇਲਜ਼ਾਮਾਂ ਹੇਠ ਗ੍ਰਿਫਤਾਰ ਕੀਤੇ ਗਏ ਨਾਮੀ ਭਲਵਾਨ ਤੇ ਪੁਲਿਸ ਮੁਲਾਜ਼ਮ ਜਗਦੀਸ਼ ਸਿੰਘ ਭੋਲਾ ਨੇ ਬਿਕਰਮ ਮਜੀਠੀਆ ਦਾ ਨਾਮ ਡਰਗਜ਼ ਤਸਕਰੀ ਵਿੱਚ ਲਿਆ ਸੀ।

ਨਵੰਬਰ 2013 ਵਿੱਚ ਪੰਜਾਬ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਵਿੱਚ ਸਾਬਕਾ ਪੁਰਸਕਾਰ ਜੇਤੂ ਭਲਵਾਨ ਜਗਦੀਸ਼ ਸਿੰਘ ਭੋਲਾ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਉਸਦੇ ਘਰੋਂ 20 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਸਨ।

ਇਸ ਤੋਂ ਬਾਅਦ, ਇਸ ਮਾਮਲੇ ਵਿੱਚ ਸੱਤ ਹੋਰ ਐੱਫ਼ਆਈਆਰ ਜੋੜੀਆਂ ਗਈਆਂ।

ਬਿਕਰਮ ਸਿੰਘ ਮਜੀਠੀਆ

ਜਨਵਰੀ 2014 ਵਿੱਚ, ਜਗਦੀਸ਼ ਭੋਲਾ ਨੇ ਨਸ਼ੀਲੇ ਪਦਾਰਥਾਂ ਦੇ ਵਪਾਰ ਵਿੱਚ ਆਪਣੀ ਭੂਮਿਕਾ ਸਵੀਕਾਰ ਕੀਤੀ ਅਤੇ ਕਈ ਕੌਮਾਂਤਰੀ ਨਸ਼ੀਲੇ ਪਦਾਰਥਾਂ ਦੇ ਡੀਲਰਾਂ ਅਤੇ ਤਸਕਰਾਂ ਦੇ ਨਾਮ ਲਏ।

ਇਨ੍ਹਾਂ ਵਿੱਚ ਕੈਨੇਡਾ ਨਿਵਾਸੀ ਸਤਪ੍ਰੀਤ ਸਿੰਘ (ਉਰਫ਼ ਸੱਤਾ), ਪਰਮਿੰਦਰ ਸਿੰਘ (ਪਿੰਡੀ) ਅਤੇ ਅਮਰਿੰਦਰ ਸਿੰਘ (ਲਾਡੀ) ਅਤੇ ਅੰਮ੍ਰਿਤਸਰ ਨਿਵਾਸੀ ਮਨਿੰਦਰ ਸਿੰਘ ਔਲਖ (ਬਿੱਟੂ ਔਲਖ) ਅਤੇ ਜਗਜੀਤ ਸਿੰਘ ਚਾਹਲ ਸ਼ਾਮਲ ਸਨ।

ਇਸ ਦੌਰਾਨ ਭੋਲਾ ਨੇ ਕਿਹਾ ਸੀ ਕਿ ਬਿਕਰਮ ਮਜੀਠੀਆ ਵੀ ਇਨ੍ਹਾਂ ਲੋਕਾਂ ਨਾਲ ਜੁੜੇ ਹੋਏ ਹਨ।

ਇਸ ਤੋਂ ਬਾਅਦ ਬਿਕਰਮ ਮਜੀਠੀਆ ਖ਼ਿਲਾਫ਼ 2021 ਵਿੱਚ ਮੁਹਾਲੀ ਵਿਚ ਇਕ ਐੱਫਆਈਆਰ ਨਸ਼ਾ ਵਿਰੋਧੀ ਕਾਨੂੰਨ ਦੀ ਧਾਰਾ 25, 27 ਏ ਤੇ 29 ਦੇ ਤਹਿਤ ਮੋਹਾਲੀ ਦੇ ਬਿਊਰੋ ਆਫ਼ ਇਨਵੈਸਟੀਗੇਸ਼ਨ ਵੱਲੋਂ ਦਰਜ ਕੀਤੀ ਗਈ ਹੈ।

ਨਸ਼ਾ ਤਸਕਰੀ ਮਾਮਲੇ ਵਿੱਚ ਮਜੀਠੀਆ ਨੂੰ ਹੋਈ ਜੇਲ੍ਹ

ਬਿਕਰਮ ਸਿੰਘ ਮਜੀਠਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿਕਰਮ ਸਿੰਘ ਮਜੀਠੀਆ ਫ਼ਰਵਰੀ 2022 ਤੋਂ ਅਗਸਤ 2022 ਤੱਕ ਪਟਿਆਲਾ ਜੇਲ੍ਹ ਵਿੱਚ ਬੰਦ ਰਹੇ

ਫ਼ਰਵਰੀ 2022 ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਨਸ਼ੀਲੇ ਪਦਾਰਥਾਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਕਰੀਬ ਛੇ ਮਹੀਨੇ ਜੇਲ੍ਹ ਵਿੱਚ ਰਹੇ। ਉਸ ਸਮੇਂ ਪੰਜਾਬ ਵਿੱਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਸੀ।

ਬਿਕਰਮ ਸਿੰਘ ਮਜੀਠੀਆ ਫ਼ਰਵਰੀ 2022 ਤੋਂ ਅਗਸਤ 2022 ਤੱਕ ਪਟਿਆਲਾ ਜੇਲ੍ਹ ਵਿੱਚ ਬੰਦ ਰਹੇ।

ਅਗਸਤ 2022 ਵਿੱਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਨ੍ਹਾਂ ਨੂੰ ਜ਼ਮਾਨਤ ਦੇ ਦਿੱਤੀ, ਪਰ ਸ਼ਰਤ ਰੱਖੀ ਗਈ ਕਿ ਉਹ ਇਸ ਮਾਮਲੇ ਬਾਰੇ ਜਨਤਕ ਜਾਂ ਸਿਆਸੀ ਬਿਆਨਬਾਜ਼ੀ ਨਹੀਂ ਕਰਨਗੇ।

ਉਸ ਵੇਲੇ ਤੋਂ ਹੀ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੀ ਪਾਰਟੀ ਅਕਾਲੀ ਦਲ ਇਨ੍ਹਾਂ ਇਲਜ਼ਾਮਾਂ ਨੂੰ ਰੱਦ ਕਰਦੇ ਆਏ ਹਨ ਅਤੇ ਪੁਲਿਸ ਦੀ ਕਾਰਵਾਈ ਨੂੰ ਸਿਆਸੀ ਬਦਲਾਖੋਰੀ ਦੱਸਦੇ ਰਹੇ ਹਨ।

ਬਿਕਰਮ ਮਜੀਠੀਆ ਦੇ ਸਿਆਸੀ ਸਫ਼ਰ ਦੀ ਸ਼ੁਰੂਆਤ

ਗਵੀਨ ਕੌਰ ਅਤੇ ਹਰਸਿਮਰਤ ਬਾਦਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿਕਰਮ ਸਿੰਘ ਮਜੀਠੀਆ ਦੀ ਪਤਨੀ ਗਨੀਵ ਕੌਰ ਅਤੇ ਲੋਕ ਸਭਾ ਮੈਂਬਰ ਭੈਣ ਹਰਸਿਮਰਤ ਕੌਰ ਬਾਦਲ

ਬਿਕਰਮ ਮਜੀਠੀਆ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪਤਨੀ ਅਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਦੇ ਭਰਾ ਹਨ।

ਬਿਕਰਮ ਸਿੰਘ ਮਜੀਠੀਆ 31 ਸਾਲ ਦੀ ਉਮਰ ਵਿੱਚ 2007 ਵਿੱਚ ਅਕਾਲੀ ਦਲ ਦੀ ਟਿਕਟ ਉੱਤੇ ਮਜੀਠਾ ਹਲਕੇ ਤੋਂ ਪਹਿਲੀ ਵਾਰ ਵਿਧਾਇਕ ਬਣੇ ਸਨ।

ਮਜੀਠੀਆ ਨੇ ਇਸੇ ਹਲਕੇ ਤੋਂ 2012 ਅਤੇ 2017 ਵਿੱਚ ਚੋਣ ਲੜੀ ਅਤੇ ਜਿੱਤੀ।

ਪੰਜਾਬ ਵਿੱਚ ਅਕਾਲੀ-ਭਾਜਪਾ ਸਰਕਾਰ ਦੌਰਾਨ ਮਜੀਠੀਆ ਮਾਲੀਆ, ਪੁਨਰਵਾਸ ਅਤੇ ਆਫ਼ਤ ਪ੍ਰਬੰਧਨ, ਸੂਚਨਾ ਅਤੇ ਲੋਕ ਸੰਪਰਕ, ਅਤੇ ਗ਼ੈਰ-ਰਵਾਇਤੀ ਊਰਜਾ ਮੰਤਰੀ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ।

ਬਾਦਲ ਪਰਿਵਾਰ ਦੇ ਨਜ਼ਦੀਕੀ ਹੋਣ ਕਰਕੇ ਬਿਕਰਮ ਮਜੀਠੀਆ ਦਾ ਸਿਆਸੀ ਕੱਦ ਮਾਝੇ ਦੇ ਇਲਾਕੇ ਵਿੱਚ ਵਿਸ਼ਾਲ ਹੁੰਦਾ ਗਿਆ। ਪਾਰਟੀ ਅੰਦਰ ਉਨ੍ਹਾਂ ਨੂੰ 'ਮਾਝੇ ਦਾ ਜਰਨੈਲ' ਕਹਿ ਕੇ ਵੀ ਬੁਲਾਇਆ ਜਾਂਦਾ ਹੈ।

2022 ਵਿੱਚ ਮਜੀਠੀਆ ਨੇ ਆਪਣਾ ਹਲਕਾ ਛੱਡ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ੍ਹੀ ਅਤੇ ਉਹ ਹਾਰ ਗਏ। ਮੌਜੂਦਾ ਸਮੇਂ ਬਿਕਰਮ ਮਜੀਠੀਆ ਦੀ ਪਤਨੀ ਗਨੀਵ ਕੌਰ ਮਜੀਠੀਆ ਮਜੀਠਾ ਹਲਕੇ ਤੋਂ ਵਿਧਾਇਕ ਹਨ।

ਮਜੀਠੀਆ ਦੀ ਸਿੱਖਿਆ ਅਤੇ ਕਾਰੋਬਾਰ

ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੀ ਪਤਨੀ ਗਵੀਨ ਕੌਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੀ ਪਤਨੀ ਗਨੀਵ ਕੌਰ

ਬਿਕਰਮ ਮਜੀਠੀਆ ਨੇ ਡੀਏਵੀ ਸਕੂਲ ਪਟਿਆਲਾ ਤੋਂ 1991 ਵਿੱਚ ਦਸਵੀਂ ਅਤੇ ਫ਼ਿਰ 1993 ਵਿੱਚ ਬਾਲ ਭਾਰਤੀ ਸਕੂਲ ਨਵੀਂ ਦਿੱਲੀ ਤੋਂ ਬਾਰ੍ਹਵੀਂ ਕੀਤੀ।

ਸਾਲ 1996 ਵਿੱਚ ਉਨ੍ਹਾਂ ਨੇ ਦਿੱਲੀ ਦੇ ਹੀ ਸੇਂਟ ਸਟੀਫ਼ਨਜ਼ ਕਾਲਜ, ਦਿੱਲੀ ਤੋਂ ਗਰੈਜੂਏਸ਼ਨ ਕੀਤੀ।

ਬਿਕਰਮ ਮਜੀਠੀਆ ਸ਼ਾਇਰੀ ਅਤੇ ਕਿਤਾਬਾਂ ਪੜ੍ਹਨ ਦੇ ਸ਼ੌਕੀਨ ਹਨ, ਕਾਰ ਰੇਸਿੰਗ, ਹਾਈਕਿੰਗ ਐਂਡ ਟਰੈਕਿੰਗ ਅਤੇ ਵਾਇਲਡ ਲਾਇਫ਼ ਵਿੱਚ ਵੀ ਉਨ੍ਹਾਂ ਦੀ ਕਾਫ਼ੀ ਰੂਚੀ ਹੈ।

ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਆਪਣੇ ਪਰਿਵਾਰਕ ਕਾਰੋਬਾਰ ਵਿੱਚ ਹੀ ਲੱਗੇ ਹੋਏ ਸਨ।

ਸੁਖਬੀਰ ਬਾਦਲ ਅਤੇ ਹਰਸਿਮਰਤ ਬਾਦਲ ਦੇ ਵਿਆਹ ਮਗਰੋਂ ਬਿਕਰਮ ਮਜੀਠੀਆ ਨੇ ਆਪਣਾ ਸਿਆਸੀ ਕਰੀਅਰ ਸ਼ੁਰੂ ਕੀਤਾ।

ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਕਾਗਜ਼ਾਂ ਮੁਤਾਬਕ ਉਨ੍ਹਾਂ ਦੀ ਕੁੱਲ ਚੱਲ ਅਤੇ ਅਚੱਲ ਜਾਇਦਾਦ ਕਰੀਬ ਸਵਾ ਤਿੰਨ ਕਰੋੜ ਹੈ ਅਤੇ ਉਨ੍ਹਾਂ ਦੀ ਪਤਨੀ ਗਨੀਵ ਕੌਰ ਕੋਲ ਸਾਢੇ 8 ਕਰੋੜ ਦੀ ਚੱਲ-ਅਚੱਲ ਜਾਇਦਾਦ ਹੈ।

ਗਨੀਵ ਕੌਰ ਕੋਲ ਕਰੀਬ ਸਾਢੇ ਨੌਂ ਲੱਖ ਦੀ ਖੇਤੀਬਾੜੀ ਤੋਂ ਆਮਦਨ ਅਤੇ ਹੋਰ ਸੋਮਿਆਂ ਤੋਂ ਤਕਰੀਬਨ 23 ਹਜ਼ਾਰ ਆਦਮਨੀ ਦੱਸੀ ਸੀ।

ਉਨ੍ਹਾਂ ਨੇ ਹਲਫੀਆ ਬਿਆਨ ਵਿੱਚ ਆਪਣੀ ਕੁੱਲ ਚੱਲ-ਅਚੱਲ ਜਾਇਦਾਦ ਗਿਆਰਾਂ ਕਰੋੜ ਦੱਸੀ ਸੀ ਅਤੇ ਆਪਣੀ ਪਤਨੀ ਬਾਰੇ ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਕੋਲ ਲਗਭਗ ਢਾਈ ਕਰੋੜ ਦੀ ਚੱਲ-ਅਚੱਲ ਜਾਇਦਾਦ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)