ਬੁੱਢੇ ਨਾਲੇ ਦਾ ਕਾਲਾ ਪਾਣੀ ਸਤਲੁਜ ਦਰਿਆ ਅਤੇ ਲੁਧਿਆਣਾ ਨੇੜਲੇ ਪਿੰਡਾਂ ਲਈ ਕਿਵੇਂ ਕਹਿਰ ਬਣ ਰਿਹਾ- ਗਰਾਉਂਡ ਰਿਪੋਰਟ

ਲੁਧਿਆਣਾ ਸ਼ਹਿਰ ਵਿੱਚੋਂ ਲੰਘਦਾ ਬੁੱਢਾ ਨਾਲਾ ਕਦੇ ਇਸ ਸ਼ਹਿਰ ਦੀ ਜੀਵਨ ਰੇਖਾ ਹੁੰਦਾ ਸੀ ਪਰ ਅੱਜ ਇਸ ਦਾ ਹਾਲ ਉਦਯੋਗੀਕਰਨ ਅਤੇ ਸ਼ਹਿਰੀਕਰਨ ਦੀਆਂ ਚੁਣੌਤੀਆਂ ਦੀ ਇੱਕ ਗੁੰਝਲਦਾਰ ਕਹਾਣੀ ਵਾਂਗ ਹੋ ਗਿਆ ਹੈ।
ਮੂਲ ਰੂਪ ਵਿੱਚ, ਇਹ ਸਤਲੁਜ ਦਰਿਆ ਦੀ ਇੱਕ ਸਹਾਇਕ ਨਦੀ ਜਾਂ ਕੁਦਰਤੀ ਜਲ ਧਾਰਾ ਸੀ, ਜੋ ਇੱਥੋਂ ਦੇ ਵਾਸੀਆਂ ਨੂੰ ਕੁਦਰਤ ਨਾਲ ਜੋੜਨ ਦਾ ਇੱਕ ਸੋਮਾ ਸੀ।
ਸਮਾਂ ਬੀਤਣ ਦੇ ਨਾਲ ਸਾਫ਼ ਅਤੇ ਤਾਜ਼ੇ ਪਾਣੀ ਦੀ ਇਹ ਧਾਰਾ, ਪੰਜਾਬ ਦੇ ਸਭ ਤੋਂ ਵੱਧ ਪ੍ਰਦੂਸ਼ਿਤ ਜਲ ਸਰੋਤਾਂ ਵਿੱਚੋਂ ਇੱਕ ਬਣ ਗਈ ਹੈ, ਜੋ ਬੇਰੋਕ ਅਤੇ ਗ਼ੈਰ ਯੋਜਨਾਬੱਧ ਉਦਯੋਗੀਕਰਨ ਅਤੇ ਸ਼ਹਿਰੀ ਵਿਕਾਸ ਦੀਆਂ ਵਾਤਾਵਰਣ ਪ੍ਰਤੀ ਲਾਗਤਾਂ ਦਾ ਪ੍ਰਤੀਕ ਹੈ।
ਲੁਧਿਆਣਾ ਜ਼ਿਲ੍ਹੇ ਦੇ ਵਲੀਪੁਰ ਕਲਾਂ ਪਿੰਡ ਦੇ ਕਿਸਾਨ ਸਾਲਾ ਜਗਵਿੰਦਰ ਸਿੰਘ ਢੇਸੀ ਦੱਸਦੇ ਹਨ ਕਿ ਇੱਕ ਵਕਤ ਸੀ ਜਦੋਂ ਬੁੱਢੇ ਨਾਲੇ ਦਾ ਪਾਣੀ ਸਾਫ਼ ਹੁੰਦਾ ਸੀ ਅਤੇ ਉਹ ਇਹ ਪਾਣੀ ਖੇਤ ਦੀ ਸਿੰਚਾਈ ਦੇ ਨਾਲ-ਨਾਲ ਪੀਣ ਲਈ ਵੀ ਵਰਤਦੇ ਸਨ।
ਪਰ ਹੌਲੀ-ਹੌਲੀ ਇਸ ਵਿੱਚ ਲੁਧਿਆਣਾ ਦਾ ਦੂਸ਼ਿਤ ਪਾਣੀ ਆਉਣਾ ਸ਼ੁਰੂ ਹੋ ਗਿਆ ਅਤੇ ਹੁਣ ਇੱਥੇ ਖੜ੍ਹੇ ਹੋਣਾ ਵੀ ਮੁਸ਼ਕਿਲ ਹੋ ਗਿਆ ਹੈ। ਇਸ ਦਾ ਅਸਰ ਖੇਤ ਦੀ ਉਪਜਾਊ ਸ਼ਕਤੀ ਉੱਤੇ ਕਾਫ਼ੀ ਪਿਆ, ਜਿਸ ਕਾਰਨ ਇੱਥੇ ਫ਼ਸਲ ਵੀ ਸਹੀ ਨਹੀਂ ਹੁੰਦੀ।
ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ ਅਤੇ ਹਰਮਨਦੀਪ ਸਿੰਘ, ਸ਼ੂਟ/ਐਡਿਟ- ਗੁਲਸ਼ਨ ਕੁਮਾਰ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ



