ਭਗਵੰਤ ਮਾਨ ਦਾ ਖੁੱਲ੍ਹੀ ਬਹਿਸ ਦਾ ਸੱਦਾ ਵਿਰੋਧੀ ਧਿਰਾਂ ਨੇ ਸਵਿਕਾਰਿਆ, ਪਰ ਇਨ੍ਹਾਂ ਸ਼ਰਤਾਂ ਨਾਲ

ਤਸਵੀਰ ਸਰੋਤ, Getty Images
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਭਾਜਪਾ ਦੇ ਆਗੂਆਂ ਨੂੰ ਖੁੱਲ੍ਹੀ ਬਹਿਸ ਦਾ ਸੱਦਾ ਦਿੱਤਾ।
ਭਗਵੰਤ ਮਾਨ ਨੇ ਪੰਜਾਬ ਵਿੱਚ ਸਤਲੁਜ-ਯਮੁਨਾ ਲਿੰਕ ਨਹਿਰ ਤੇ ਭ੍ਰਿਸ਼ਟਾਚਾਰ ਵਰਗੇ ਮੁੱਦਿਆਂ ’ਤੇ ਬਹਿਸ 1 ਨਵੰਬਰ ਨੂੰ ਯਾਨੀ ‘ਪੰਜਾਬ ਦਿਵਸ” ਮੌਕੇ ਮੀਡੀਆ ਸਾਹਮਣੇ ਕਰਨ ਦੀ ਗੱਲ ਕਹੀ।
ਜਿਸ ਤੋਂ ਬਾਅਦ ਸੂਬੇ ਵਿੱਚ ਸਿਆਸੀ ਬਿਆਨਵਾਜ਼ੀ ਦਾ ਦੌਰ ਚੱਲ ਪਿਆ ਅਤੇ ਸਿਆਸਤ ਗਰਮਾ ਗਈ ਹੈ।
ਭਗਵੰਤ ਮਾਨ ਦੀ ਇਸ ਚੁਣੌਤੀ ਨੂੰ ਵਿਰੋਧੀ ਧਿਰ ਦੇ ਆਗੂਆਂ ਨੇ ਸਵਿਕਾਰ ਕਰ ਲਿਆ ਹੈ। ਹਾਲਾਂਕਿ ਕੁਝ ਸ਼ਰਤਾਂ ਵੀ ਰੱਖੀਆਂ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਗਵੰਤ ਮਾਨ ਦਾ ਚੈਲੇਂਜ ਮਨਜ਼ੂਰ ਕਰਨ ਦੀ ਗੱਲ ਇੱਕ ਟਵੀਟ ਵਿੱਚ ਆਖੀ ਹੈ।
ਬਾਦਲ ਨੇ ਟਵੀਟ ਕਰਕੇ ਕਿਹਾ ਹੈ ਕਿ,“1 ਨਵੰਬਰ ਤਾਂ ਅਜੇ ਬਹੁਤ ਦੂਰ ਹੈ ਪਰ ਉਹ 10 ਅਕਤੂਬਰ ਨੂੰ ਹੀ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਆ ਰਹੇ ਹਨ।”
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵੇ ਨੇ ਵੀ ਭਗਵੰਤ ਮਾਨ ਦੀ ਚੁਣੌਤੀ ਨੂੰ ਕਬੂਲ ਕਰ ਲਿਆ ਹੈ।
ਉਨ੍ਹਾਂ ਕਿਹਾ ਕਿ ਇਹ ਬਹਿਸ ਸਰਕਾਰੀ ਇਮਾਰਤ ਵਿੱਚ ਨਹੀਂ ਬਲਕਿ ਕਿਸੇ ਸਾਂਝੀ ਜਗ੍ਹਾ 'ਤੇ ਹੋਣੀ ਚਾਹੀਦੀ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਸ ਮੁੱਦੇ ਉੱਤੇ ਇੱਕ ਟਵੀਟ ਕੀਤਾ ਹੈ।
ਉਨ੍ਹਾਂ ਕਿਹਾ ਹੈ ਕਿ ਉਹ ਪੰਜਾਬ ਦੇ ਹਰ ਮੁੱਦੇ ’ਤੇ ਬਹਿਸ ਕਰਨ ਲਈ ਤਿਆਰ ਹਨ।
ਜਾਖੜ ਨੇ ਕਿਹਾ ਕਿ,“ਭਗਵੰਤ ਮਾਨ ਪਹਿਲਾਂ ਇਹ ਦੱਸਣ ਕਿ ਸੁਪਰੀਮ ਕੋਰਟ ਵਿੱਚ ਪਾਣੀਆਂ ਦੇ ਗੰਭੀਰ ਮਸਲੇ ਸਮੇਂ ਉਹ ਕਿਹੜੇ ਦਬਾਅ ’ਚ ਸਨ।”
ਵਿਰੋਧੀ ਧਿਰ ਦੀ ਪ੍ਰਤੀਕਿਰਿਆ ਦਾ ਜਵਾਬ ਦਿੰਦਿਆਂ, ਭਗਵੰਤ ਮਾਨ ਨੇ ਦਿੱਲੀ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਬਹਿਸ ਲਈ ਤਿਆਰ ਹਨ ਪਰ ਵਿਰੋਧੀਆਂ ਪਾਰਟੀਆਂ ਹੁਣ ਸ਼ਰਤਾਂ ਨਾ ਰੱਖਣ।



