ਪਾਕਿਸਤਾਨ ’ਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਇਸ ਹਿੰਦੂ ਪ੍ਰੋਫ਼ੈਸਰ ਦੀ ਰਿਹਾਈ ਦੀ ਮੰਗ ਮੁਸਲਮਾਨ ਵੀ ਕਰ ਰਹੇ

ਪ੍ਰੋਫ਼ੈਸਰ ਨੂਤਨ ਲਾਲ

ਤਸਵੀਰ ਸਰੋਤ, Muskan Sachdev

ਤਸਵੀਰ ਕੈਪਸ਼ਨ, ਪ੍ਰੋਫ਼ੈਸਰ ਨੂਤਨ ਲਾਲ
    • ਲੇਖਕ, ਸ਼ੁਮਾਇਲਾ ਖ਼ਾਨ
    • ਰੋਲ, ਬੀਬੀਸੀ ਪੱਤਰਕਾਰ

“ਅਸੀਂ ਪਿਛਲੇ ਚਾਰ ਸਾਲਾਂ ਤੋਂ ਥਾਂ-ਥਾਂ ਉੱਤੇ ਭਟਕ ਰਹੇ ਹਾਂ। ਅਸੀਂ ਕਿਸੇ ਘਰ ਵਿੱਚ ਛੇ ਮਹੀਨਿਆਂ ਤੋਂ ਵੱਧ ਸਮਾਂ ਨਹੀਂ ਰਹਿ ਸਕਦੇ।”

“ਸਾਨੂੰ ਫ਼ੋਨ ਉੱਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।”

“ਕਿਰਪਾ ਕਰਕੇ ਕੋਈ ਸਾਨੂੰ ਨਿਆਂ ਦੇਵੇ।”

ਇਹ ਗੱਲਾਂ ਮੁਸਕਾਨ ਸਚਦੇਵ ਨੇ ਸਾਨੂੰ ਫੋਨ ਉੱਤੇ ਦੱਸੀਆਂ। ਮੁਸਕਾਨ ਦੇ ਪਿਤਾ ਪ੍ਰੋਫ਼ੈਸਰ ਨੂਤਨ ਲਾਲ ਇੰਨ੍ਹੀ ਦਿਨੀ ਜੇਲ੍ਹ ਦੀ ਸਜ਼ਾ ਕੱਟ ਰਹੇ ਹਨ। ਈਸ਼ਨਿੰਦਾ ਦੇ ਦੋਸ਼ ਵਿੱਚ ਸਿੰਧ ਦੀ ਇੱਕ ਅਦਾਲਤ ਨੇ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਹੈ।

ਪ੍ਰੋਫ਼ੈਸਰ ਨੂਤਨ ਲਾਲ ਦੀ ਰਿਹਾਈ ਦੇ ਲਈ ਸਿੰਧ ਸੂਬੇ ਦੇ ਸਮਾਜਿਕ ਕਾਰਕੁਨਾਂ ਅਤੇ ਲੇਖ਼ਕਾਂ ਨੇ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਉੱਤੇ ਮੁਹਿੰਮ ਚਲਾਈ।

ਇੱਕ ਥਾਂ ਉੱਤੇ ਨਹੀਂ ਰਹਿ ਸਕਦੇ

ਮੁਸਕਾਨ ਸਚਦੇਵ ਨੇ ਬੀਬੀਸੀ ਨੂੰ ਦੱਸਿਆ ਕਿ ਉਨ੍ਹਾਂ ਦੇ 60 ਸਾਲ ਦੇ ਪਿਤਾ ਚਾਰ ਸਾਲਾਂ ਤੋਂ ਜੇਲ੍ਹ ਵਿੱਚ ਹਨ। ਉਨ੍ਹਾਂ ਨੇ 30 ਸਾਲ ਦੇ ਕਰੀਬ ਸਰਕਾਰੀ ਨੌਕਰੀ ਕੀਤੀ ਹੈ।

ਉਹ ਦੱਸਦੇ ਹਨ, “ਸਾਡੇ ਪਰਿਵਾਰ ਉੱਤੇ ਕਦੇ ਕੋਈ ਮੁਕੱਦਮਾ ਨਹੀਂ ਚੱਲਿਆ, ਅਸੀਂ ਤਿੰਨ ਭੈਣਾਂ ਹਨ ਅਤੇ ਸਾਡਾ ਦੱਸ ਸਾਲਾਂ ਦਾ ਇੱਕ ਭਰਾ ਅਤੇ ਮਾਂ ਹੈ, ਅਸੀਂ 2019 ਤੋਂ ਥਾਂ-ਥਾਂ ਦੀਆਂ ਠੋਕਰਾਂ ਖਾ ਰਹੇ ਹਾਂ।”

“ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ, ਫੋਨ ਆ ਰਹੇ ਹਨ।”

ਉਹ ਕਹਿੰਦੇ ਹਨ, “ਸਾਨੂੰ ਕਿਤੇ ਵੀ ਸ਼ਾਂਤੀ ਨਹੀਂ ਮਿਲ ਰਹੀ, ਅਸੀਂ ਕਿਸੇ ਨੂੰ ਵੀ ਆਪਣੇ ਘਰ ਦਾ ਪਤਾ ਨਹੀਂ ਦੱਸ ਸਕਦੇ, ਸਾਡੇ ਪਿਤਾ ਦੀ ਤਨਖ਼ਾਹ ਬੰਦ ਹੋ ਗਈ ਹੈ, ਸਾਡੀ ਆਮਦਨ ਦਾ ਕੋਈ ਹੋਰ ਸਰੋਤ ਨਹੀਂ ਹੈ।”

ਪ੍ਰੋਫ਼ੈਸਰ ਨੂਤਨ ਲਾਲ ਉੱਤੇ ਕੀ ਹਨ ਇਲਜ਼ਾਮ

ਪ੍ਰੋਫ਼ੈਸਰ ਨੂਤਨ ਲਾਲ

ਤਸਵੀਰ ਸਰੋਤ, Muskan Sachdev

ਤਸਵੀਰ ਕੈਪਸ਼ਨ, ਪ੍ਰੋਫ਼ੈਸਰ ਨੂਤਨ ਲਾਲਕਲਾਸ ਵਿੱਚ ਪੜ੍ਹਾਉਂਦੇ ਹੋਏ

ਨੂਤਨ ਲਾਲ ਨੂੰ 2019 ਵਿੱਚ ਉੱਤਰੀ ਸਿੰਧ ਸੂਬੇ ਦੇ ਠੋਟਕੀ ਜ਼ਿਲ੍ਹੇ ਵਿੱਚ ਗਿਰਫ਼ਤਾਰ ਕੀਤਾ ਗਿਆ ਸੀ।

ਘੋਟਕੀ ਪੁਲਿਸ ਦਾ ਕਹਿਣਾ ਹੈ ਕਿ ਇਸ ਵਿਵਾਦ ਦੀ ਸ਼ੁਰੂਆਤ ਘੋਟਕੀ ਸਕੂਲ ਵਿੱਚ ਉਦੋਂ ਹੋਈ ਜਦੋਂ ਪ੍ਰੋਫ਼ੈਸਰ ਨੂਤਨ ਲਾਲ ਇੱਕ ਕਲਾਸ ਵਿੱਚ ਉਰਦੂ ਪੜ੍ਹਾ ਰਹੇ ਸਨ।

ਉਨ੍ਹਾਂ ਦੇ ਪੜ੍ਹਾਉਣ ਤੋਂ ਬਾਅਦ ਇੱਕ ਵਿਦਿਆਰਥੀ ਆਪਣੇ ਇਸਲਾਮੀ ਅਧਿਐਨ ਵਾਲੇ ਇੱਕ ਅਧਿਆਪਕ ਦੇ ਕੋਲ ਗਿਆ। ਵਿਦਿਆਰਥੀ ਨੇ ਇਹ ਇਲਜ਼ਾਮ ਲਾਇਆ ਕਿ ਪ੍ਰੋਫ਼ੈਸਰ ਲਾਲ ਨੇ ਇਸਲਾਮ ਦੇ ਪੈਗ਼ੰਬਰ ਦੇ ਖ਼ਿਲਾਫ਼ ਗਲਤ ਭਾਸ਼ਾ ਦੀ ਵਰਤੋਂ ਕੀਤੀ ਹੈ।

ਅਧਿਆਪਕਾਂ ਨੇ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਹੀ ਨੂਤਨ ਲਾਲ ਨੇ ਮੁਆਫ਼ੀ ਮੰਗਦੇ ਹੋਏ ਕਿਹਾ ਕਿ ਉਨ੍ਹਾਂ ਦਾ ਇਰਾਦਾ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਨਹੀਂ ਸੀ।

ਪਰ ਸ਼ਿਕਾਇਤ ਕਰਨ ਵਾਲੇ ਵਿਦਿਆਰਥੀ ਨੇ ਇਸ ਘਟਨਾ ਦਾ ਜ਼ਿਕਰ ਆਪਣੇ ਪਿਤਾ ਕੋਲ ਕੀਤਾ ਅਤੇ ਫੇਸਬੁੱਕ ਉੱਤੇ ਇਸ ਬਾਰੇ ਪੋਸਟ ਵੀ ਲਿਖ ਦਿੱਤੀ। ਇਸ ਮਗਰੋਂ ਲੋਕਾਂ ਵਿੱਚ ਗੁੱਸਾ ਫੈਲ ਗਿਆ।

ਇਸ ਘਟਨਾ ਮਗਰੋਂ ਸਥਾਨਕ ਬਾਜ਼ਾਰ ਵਿੱਚ ਹੜਤਾਲ ਵੀ ਹੋਈ। ਇਸ ਦੌਰਾਨ ਗੁੱਸੇ ਵਿੱਚ ਆਏ ਲੋਕਾਂ ਦੀ ਇੱਕ ਭੀੜ ਨੇ ਨੂਤਨ ਲਾਲ ਦੇ ਸਕੂਲ ਉੱਤੇ ਹਮਲਾ ਕਰਕੇ ਉੱਥੇ ਤੋੜਭੰਨ ਕੀਤੀ। ਹਾਲਾਤ ਖ਼ਰਾਬ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਰੇਂਜਰਸ ਨੂੰ ਬੁਲਾਇਆ।

ਅਦਾਲਤ ਨੇ ਪ੍ਰੋਫ਼ੈਸਰ ਨੂੰ ਸੁਣਾਈ ਉਮਰਕੈਦ

ਪ੍ਰੋਫ਼ੈਸਰ ਨੂਤਨ ਲਾਲ

ਤਸਵੀਰ ਸਰੋਤ, Muskan Sachdev

ਤਸਵੀਰ ਕੈਪਸ਼ਨ, ਪ੍ਰੋਫ਼ੈਸਰ ਨੂਤਨ ਲਾਲ

ਇਸ ਮਾਮਲੇ ਵਿੱਚ ਘੋਟਕੀ ਦੀ ਇੱਕ ਸਥਾਨਕ ਅਦਾਲਤ ਨੇ ਪ੍ਰੋਫ਼ੈਸਰ ਲਾਲ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਅਤੇ ਜੁਰਮਾਨਾ ਵੀ ਲਾਇਆ।

ਸਿੰਧ ਵਿੱਚ ਹਾਲ ਦੇ ਸਾਲਾਂ ਵਿੱਚ ਇਹ ਪਹਿਲਾ ਮਾਮਲਾ ਹੈ, ਜਦੋਂ ਕਿਸੇ ਹਿੰਦੂ ਨੂੰ ਈਸ਼ਨਿੰਦਾ ਦੇ ਦੋਸ਼ ਵਿੱਚ ਸਜ਼ਾ ਸੁਣਾਈ ਗਈ।

ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਹੈ ਕਿ ਇਲਜ਼ਾਮ ਲਾਉਣ ਵਾਲੇ ਪੱਖ ਦੇ ਮੁਤਾਬਕ 14 ਸਤੰਬਰ 2019 ਨੂੰ ਵਾਦੀ ਅਬਦੁਲ ਅਜੀਜ ਖ਼ਾਨ ਦੇ ਘੋਟਕੀ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਕਰਵਾਇਆ।

ਖ਼ਾਨ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਉਨ੍ਹਾਂ ਦਾ ਪੁੱਤਰ ਇੱਕ ਸਰਕਾਰੀ ਸਕੂਲ ਵਿੱਚ ਪੜ੍ਹਦਾ ਸੀ। ਉਸਨੇ ਆਪਣੇ ਪਿਤਾ ਨੂੰ ਦੱਸਿਆ ਕਿ ਸਕੂਲ ਦੇ ਮਾਲਕ ਨੂਤਨ ਲਾਲ ਜਮਾਤ ਵਿੱਚ ਆਏ ਅਤੇ ਇਸਲਾਮ ਦੇ ਪੈਗ਼ੰਬਰ ਦੇ ਖ਼ਿਲਾਫ਼ ਅਸ਼ਲੀਲ ਭਾਸ਼ਾ ਦੀ ਵਰਤੋਂ ਵੀ ਕੀਤੀ ਅਤੇ ਚਲੇ ਗਏ।

ਵਾਦੀ ਦੇ ਮੁਤਾਬਕ ਉਨ੍ਹਾਂ ਦੇ ਪੁੱਤਰ ਨੇ ਦੋ ਗਵਾਹਾਂ, ਮੁਹੰਮਦ ਨਵੀਦ ਅਤੇ ਵਕਾਸ ਅਹਿਮਦ ਦੀ ਹਾਜ਼ਰੀ ਵਿੱਚ ਇਹ ਗੱਲ ਕਹੀ।

ਵਧੀਕ ਸੈਸ਼ਨ ਜੱਜ ਮੁਮਤਾਜ ਸੋਲਾਂਗੀ ਨੇ ਆਪਣੇ ਫ਼ੈਸਲੇ ਵਿੱਚ ਲਿਖਿਆ ਕਿ ਇਲਜ਼ਾਮ ਲਾਉਣ ਵਾਲੇ ਪੱਖ ਦੇ ਵੱਲੋਂ ਪੇਸ਼ ਕੀਤੇ ਗਏ ਗਵਾਹ ‘ਸੁਤੰਤਰ ਅਤੇ ਵਿਸ਼ਵਾਸਯੋਗ’ ਸਨ।

ਪ੍ਰੋਫ਼ੈਸਰ ਨੂਤਨ ਲਾਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਅਦਾਲਤ ਨੇ ਪ੍ਰੋਫ਼ੈਸਰ ਲਾਲ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਅਤੇ ਜੁਰਮਾਨਾ ਵੀ ਲਾਇਆਸੰਕੇਤਕ ਤਸਵੀਰ

ਉਨ੍ਹਾਂ ਦੇ ਬਿਆਨ ਨਫ਼ਰਤ ਉੱਤੇ ਅਧਾਰਤ ਨਹੀਂ ਸਨ, ਕਿਉਂਕਿ ਉਨ੍ਹਾਂ ਵਿੱਚੋਂ ਕਿਸੇ ਦੀ ਵੀ ਨੂਤਲ ਲਾਲ ਦੇ ਨਾਲ ਕੋਈ ਦੁਸ਼ਮਣੀ ਨਹੀਂ ਸੀ,ਅਕਿਹੀ ਵਿੱਚ ਉਨ੍ਹਾਂ ਦੀ ਗਵਾਹੀ ਉੱਤੇ ਯਕੀਨ ਨਾ ਕਰਨ ਦੀ ਕੋਈ ਤੁੱਕ ਨਹੀਂ ਬਣਦੀ

ਅਦਾਲਤ ਦੇ ਮੁਤਾਬਕ, ਇਲਜ਼ਾਮ ਲਾਉਣ ਵਾਲਾ ਪੱਖ ਨੂਤਨ ਲਾਲ ਦੇ ਖ਼ਿਲਾਫ਼ ਇਲਜ਼ਾਮ ਸਾਬਤ ਕਰਨ ਵਿੱਚ ਸਫ਼ਲ ਰਿਹਾ। ਇਸ ਲਈ ਉਸ ਨੂੰ ਉਮਰਕੈਦ ਅਤੇ 50 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਜਾਂਦੀ ਹੈ।

ਅਦਾਲਤ ਨੇ ਕਿਹਾ ਕਿ ਜੁਰਮਾਨਾ ਨਾ ਭਰਨ ਉੱਤੇ ਦੋਸ਼ੀ ਨੂੰ ਚਾਰ ਮਹੀਨੇ ਜੇਲ੍ਹ ਦੀ ਸਜ਼ਾ ਹੋਰ ਭੁਗਤਣੀ ਪਵੇਗੀ। ਫ਼ੈਸਲੇ ਦੇ ਮੁਤਾਬਕ ਗਿਰਫ਼ਤਾਰੀ ਦੇ ਦਿਨ ਹੀ ਸਜ਼ਾ ਉੱਤੇ ਅਮਲ ਕੀਤਾ ਜਾਵੇਗਾ।

ਉੱਥੇ ਹੀ ਨੂਤਨ ਦੇ ਚਚੇਰੇ ਭਰਾ ਮਹੇਸ਼ ਕੁਮਾਰ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਘਟਨਾ ਦਾ ਕੋਈ ਵੀ ਗਵਾਹ ਅਜਿਹਾ ਨਹੀਂ ਸੀ ਜੋ ਮੌਕੇ ਉੱਤੇ ਮੌਜੂਦ ਹੋਵੇ, ਬੱਸ ਅਫ਼ਵਾਹਾਂ ਸਨ। ਵਾਦੀ ਵੱਲੋਂ ਗਵਾਹ ਦੇ ਰੂਪ ਵਿੱਚ ਪੇਸ਼ ਕੀਤੇ ਗਏ ਵਿਅਕਤੀ ਵੀ ਉਨਾਂ ਦੇ ਗੁਆਂਢੀ ਹਨ।

ਹਾਈ ਕੋਰਟ ਵਿੱਚ ਵਿਚਾਰ ਅਧੀਨ ਹੈ ਅਪੀਲ

ਮਹੇਸ਼ ਕੁਮਾਰ ਨੇ ਦੱਸਿਆ ਕਿ ਉੱਤਰੀ ਸਿੰਧ ਵਿੱਚ ਕੋਈ ਵੀ ਵਕੀਲ ਉਨ੍ਹਾਂ ਦੇ ਮਾਮਲੇ ਦੀ ਪੈਰਵਾਈ ਕਰਨ ਲਈ ਤਿਆਰ ਨਹੀਂ ਸੀ।

ਇਸ ਮਗਰੋਂ ਉਨ੍ਹਾਂ ਹੈਦਰਾਬਾਦ ਵਿੱਚ ਅਗਾਂਹਵਧੂ ਵਕੀਲ ਯੂਸੁਫ ਲਘਾਰੀ ਨਾਲ ਸੰਪਰਕ ਕੀਤਾ। ਇਸ ਮਾਮਲੇ ਦੀ ਪੈਰਵਾਈ ਦੇ ਲਈ ਲਘਾਰੀ 600 ਕਿਲੋਮੀਟਰ ਦਾ ਸਫ਼ਰ ਕਰਦੇ ਹਨ, ਪਰ ਮਾਮਲੇ ਵਿੱਚ ਸੁਣਵਾਈ ਪਿਛਲੇ ਦੋ ਸਾਲਾਂ ਤੋਂ ਅੱਗੇ ਨਹੀਂ ਵਧ ਸਕੀ ਹੈ।

ਮਹੇਸ਼ ਕੁਮਾਰ ਦੇ ਮੁਤਾਬਕ ਮਾਮਲੇ ਦੀ ਅਗਲੀ ਸੁਣਵਾਈ 14 ਨਵੰਬਰ ਨੂੰ ਹੋਣੀ ਹੈ, ਉਨ੍ਹਾਂ ਨੂੰ ਇਹ ਉਮੀਦ ਹੈ ਕਿ ਅਦਾਲਤ ਘੱਟੋ-ਘੱਟ ਨੂਤਨ ਦੇ ਵਕੀਲ ਦੀ ਗੱਲ ਸੁਣੇਗੀ ਅਤੇ ਇਸ ਮਾਮਲੇ ਵਿੱਚ ਨਿਆਂ ਕਰੇਗੀ ਅਤੇ ਨੂਤਨ ਲਾਲ ਦੀ ਰਿਹਾਈ ਸੰਭਵ ਹੋਵੇਗੀ।

ਪਾਕਿਸਤਾਨ ਦੇ ਸਮਾਜਿਕ ਕਾਰਕੁਨਾਂ ਨੇ ਚਾਰ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਨੂਤਨ ਲਾਲ ਦੀ ਰਿਹਾਈ ਦੇ ਲਈ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ ਉੱਤੇ ਮੁਹਿੰਮ ਚਲਾਈ। ਉਨ੍ਹਾਂ ਨੇ ਪ੍ਰੋਫ਼ੈਸਰ ਨੂਤਲ ਲਾਲ ਦੇ ਹੈਸ਼ਟੈਗ ਨਾਲ ਆਪਣੇ ਵਿਚਾਰ ਰੱਖੇ।

ਐਕਸ ਉੱਤੇ ਇਸ ਯੂਜ਼ਰ ਜੇਸੀ ਸ਼ਰਮਾ ਨੇ ਲਿਖਿਆ ਕਿ, ਪ੍ਰੋਫ਼ੈਸਰ ਨੂਤਨ ਸ਼ਰਮਾ ਨੇ ਕਥਿਤ ਤੌਰ ‘ਤੇ ਈਸ਼ਨਿੰਦਾ ਦਾ ਇਲਜ਼ਾਮ ਲਾਇਆ ਗਿਆ ਸੀ, ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਹੋਏ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ।”

ਪਾਕਿਸਤਾਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਾਕਿਸਤਾਨ ਵਿਚਲੇ ਹਿੰਦੂ ਭਾਈਚਾਰੇ ਦੀ ਸੰਕੇਤਕ ਤਸਵੀਰ

ਪ੍ਰੋਫ਼ੈਸਰ ਨੂਤਨ ਲਾਲ ਨੁੰ ਗਲਤ ਤਰੀਕੇ ਨਾਲ ਫਸਾਇਆ ਗਿਆ ਸੀ, ਉਨ੍ਹਾਂ ਨੂੰ ਬਿਨਾ ਕਿਸੇ ਅਪਰਾਧ ਦੇ ਸਜ਼ਾ ਦਿੱਤੀ ਗਈ ਹੈ, ਅਸੀਂ ਉਨ੍ਹਾਂ ਨੂੰ ਹੁਣੇ ਹੀ ਰਿਹਾਅ ਕੀਤੇ ਜਾਣ ਦੀ ਮੰਗ ਕਰਦੇ ਹਾਂ।

ਅਧਿਕਾਰੀਆਂ ਨੂੰ ਅਪੀਲ ਕਰਦੇ ਹੋਏ ਸਪਨਾ ਸੇਵਾਨੀ ਨੇ ਲਿਖਿਆ, “ਪ੍ਰੋਫ਼ੈਸਰ ਨੂਤਨ ਲਾਲ ਪੰਜਨ ਸਰੀਨ ਨੂੰ ਗਲਤ ਤਰੀਕੇ ਕੈਦ ਕੀਤਾ ਗਿਆ ਅਤੇ ਸਖ਼ਤ ਸਜ਼ਾ ਦਿੱਤੀ ਗਈ।”

“ਅਸੀਂ ਉਨ੍ਹਾਂ ਦੀ ਸੁਰੱਖਿਅਤ ਰਿਹਾਈ ਦੇ ਲਈ ਸੁਪਰੀਮ ਕੋਰਟ ਅਤੇ ਪਾਕਿਸਤਾਨ ਦੇ ਮੁੱਖ ਜੱਜ ਨੂੰ ਅਪੀਲ ਕਰਦੇ ਹਾਂ, ਆਓ ਇੱਕ-ਦੂਜੇ ਨਾਲ ਜੁੜੀਏ ਅਤੇ ਉਨ੍ਹਾਂ ਦੀ ਅਜ਼ਾਦੀ ਨੂੰ ਸੁਰੱਖਿਅਤ ਰੱਖਣ ਦੇ ਲਈ ਕਦਮ ਚੁੱਕੀਏ।”

ਸੁਨੀਲ ਠਾਕੁਰੀਆ ਨੇ ਲਿਖਿਆ ਕਿ “ਪ੍ਰੋਫ਼ੈਸਰ ਨੂਤਨ ਲਾਲ ਨੂੰ ਰਿਹਾਅ ਕਰੋ ਅਤੇ ਹੋਰ ਧਰਮਾਂ ਦੇ ਲੋਕਾਂ ਦੀ ਜ਼ਿੰਦਗੀ ਨਾਲ ਖੇਡਣਾ ਬੰਦ ਕਰੋ।”

ਦਿਲੀਪ ਰਤਨੀ ਨੇ ਕਿਹਾ, “ਅਸੀਂ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪਰਿਸ਼ਦ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਉਹ ਪ੍ਰੋਫ਼ੈਸਰ ਨੂਤਨ ਲਾਲ ਦੀ ਰਿਹਾਈ ਦੇ ਲਈ ਪਾਕਿਸਤਾਨੀ ਸਰਕਾਰ ਉੱਤੇ ਰਾਜਨੀਤਕ ਦਬਾਅ ਪਾਉਣ।”

ਨਾਰਾਇਣ ਦਾਸ ਭੀਲ ਨੇ ਲਿਖਿਆ, “ਪਾਕਿਸਤਾਨ ਨੂੰ ਆਪਣੇ ਸਮਾਜ ਦੀ ਤਰੱਕੀ ਦੇ ਲਈ ਆਪਣੇ ਈਸ਼ਨਿੰਦਾ ਕਾਨੂੰਨ ਉੱਤੇ ਮੁੜ ਵਿਚਾਰ ਕਰਨੀ ਚਾਹੀਦੀ ਹੈ, ਸਰਕਾਰ ਨੂੰ ਈਸ਼ਨਿੰਦਾ ਕਾਨੂੰਨ ਦੀ ਦੁਰਵਰਤੋਂ ਨੂੰ ਰੋਕਣ ਦੇ ਲਈ ਸਖ਼ਤ ਤਰੀਕਾ ਅਪਣਾਉਣਾ ਚਾਹੀਦਾ ਹੈ।”

ਪ੍ਰੋਫ਼ੈਸਰ ਨੂਤਨ ਲਾਲ

ਤਸਵੀਰ ਸਰੋਤ, SM

ਤਸਵੀਰ ਕੈਪਸ਼ਨ, ਪ੍ਰੋਫ਼ੈਸਰ ਨੂਤਨ ਲਾਲ ਦੀ ਰਿਹਾਈ ਲਈ ਸੋਸ਼ਲ ਮੀਡੀਆ ਉੱਤੇ ਮੁਹਿੰਮ ਚਲਾਈ ਜਾ ਰਹੀ ਹੈ

ਮੁਸਲਮਾਨ ਕਾਰਕੁਨਾਂ ਅਤੇ ਨਾਗਰਿਕਾਂ ਨੇ ਵੀ ਸੋਸ਼ਲ ਮੀਡੀਆ ਉੱਤੇ ਆਪਣੀ ਚਿੰਤਾ ਜ਼ਾਹਰ ਕਰਦੇ ਹੋਏ ਪ੍ਰੋਫ਼ੈਸਰ ਨੂਤਨ ਲਾਲ ਦੀ ਰਿਹਾਈ ਦੀ ਮੰਗ ਕੀਤੀ।

ਅਬਦੁੱਲ ਸੱਤਾਰ ਬਾਕਰ ਨੇ ਆਪਣੇ ਐਕਸ ਅਕਾਊਂਟ ਉੱਤੇ ਆਪਣੇ ਗੁੱਸੇ ਇਹ ਲਿਖ ਕੇ ਜ਼ਾਹਰ ਕੀਤਾ, “ਜੇਕਰ ਤੁਸੀਂ ਇਸ ਦੇਸ਼ ਵਿੱਚ ਜਿਉਂਦਾ ਰਹਿਣਾ ਚਾਹੁੰਦੇ ਹੋ ਤਾਂ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਤੁਸੀਂ ਈਸ਼ਵਰ ਤੋਂ ਡਰਦੇ ਹੋ ਜਾਂ ਨਹੀਂ ਪਰ ਤੁਹਾਨੂੰ ਮੌਲਵੀਆਂ ਤੋਂ ਡਰਨ ਦੀ ਲੋੜ ਹੈ।”

ਇੱਕ ਹੋਰ ਨਾਗਰਿਕ ਸੀਨਘਰ ਅਲੀ ਚਾਂਡਿਯੋ ਨੇ ਲਿਖਿਆ, “ਨਿਰਦੋਸ਼ ਨਾਗਰਿਕਾਂ ਨੂੰ ਪਰੇਸ਼ਾਨ ਕਰਨ ਦੇ ਲਈ ਈਸ਼ਨਿੰਦਾ ਕਾਨੂੰਨ ਦੀ ਦਰਵਰਤੋਂ ਬੰਦ ਕੀਤੀ ਜਾਵੇ।”

ਮੁਬਾਰਕ ਅਲੀ ਭੱਟੀ ਨੇ ਲਿਖਿਆ, “ਪ੍ਰੋਫ਼ੈਸਰ ਨੂਤਨਲਾਲ ਉੱਤੇ ਕਥਿਤ ਤੌਰ ‘ਤੇ ਈਸ਼ਨਿੰਦਾ ਦਾ ਇਲਜ਼ਾਮ ਲਾਇਆ ਗਿਆ ਸੀ , ਉਨ੍ਹਾਂ ਨੂੰ ਜੇਲ੍ਹ ਵਿੱਚ ਬੰਦ ਹੋਏ ਤਿੰਨ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ।”

“ਪ੍ਰੋਫ਼ੈਸਰ ਨੂਤਨ ਲਾਲ ਨੂੰ ਗਲਤ ਤਰੀਕੇ ਨਾਲ ਫਸਾਇਆ ਗਿਆ ਸੀ, ਉਨ੍ਹਾਂ ਨੂੰ ਬਿਨਾ ਕਿਸੇ ਅਪਰਾਧ ਦੇ ਸਜ਼ਾ ਦਿੱਤੀ ਗਈ, ਅਸੀਂ ਉਨ੍ਹਾਂ ਦੀ ਮੌਕੇ ’ਤੇ ਰਿਹਾਈ ਦੀ ਮੰਗ ਕਰਦੇ ਹਾਂ।”

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)