'ਜਿਨਸੀ ਸ਼ੋਸ਼ਣ ਕਾਰਨ' ਆਪਣੇ ਪਿਤਾ ਨੂੰ ਮਾਰਨ ਵਾਲੇ ਨੌਜਵਾਨ ਦਾ ਪਰਿਵਾਰ ਕਰ ਰਿਹਾ ਜੇਲ੍ਹ 'ਚੋਂ ਰਿਹਾਈ ਦੀ ਮੰਗ, ਧੀ ਨੇ ਪਿਤਾ ਬਾਰੇ ਕੀ ਦੱਸਿਆ

ਮੋਇਸੇਸ ਅਤੇ ਸਾਰਾ ਮਾਰਟੀਨੇਜ਼

ਤਸਵੀਰ ਸਰੋਤ, Sara Martínez

ਤਸਵੀਰ ਕੈਪਸ਼ਨ, ਮੋਇਸੇਸ ਅਤੇ ਸਾਰਾ ਮਾਰਟੀਨੇਜ਼, ਆਪਣੇ ਪਿਤਾ ਦੇ ਸ਼ੋਸ਼ਣ ਦਾ ਸ਼ਿਕਾਰ ਹੋਏ
    • ਲੇਖਕ, ਵੈਲੇਨਟੀਨਾ ਓਰੋਪੇਜ਼ਾ
    • ਰੋਲ, ਬੀਬੀਸੀ ਨਿਊਜ਼ ਮੁੰਡੋ
  • ਪ੍ਰਕਾਸ਼ਿਤ
  • ਪੜ੍ਹਨ ਦਾ ਸਮਾਂ: 7 ਮਿੰਟ

ਚੇਤਾਵਨੀ: ਇਸ ਕਹਾਣੀ ਵਿੱਚ ਜਿਨਸੀ, ਸਰੀਰਕ ਅਤੇ ਭਾਵਨਾਤਮਕ ਸ਼ੋਸ਼ਣ ਦੇ ਅਜਿਹੇ ਵੇਰਵੇ ਸ਼ਾਮਲ ਹਨ, ਜੋ ਪਾਠਕਾਂ ਨੂੰ ਪਰੇਸ਼ਾਨ ਕਰ ਸਕਦੇ ਹਨ।

ਸਾਰਾ ਮਾਰਟੀਨੇਜ਼ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਨੇ ਸਾਲਾਂ ਤੱਕ ਉਨ੍ਹਾਂ ਦਾ ਸ਼ੋਸ਼ਣ ਕੀਤਾ। ਜਦੋਂ ਉਨ੍ਹਾਂ ਦੇ ਭਰਾ 28 ਸਾਲਾ ਮੋਇਸੇਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਸਾਰਾ ਨੇ ਉਸ ਨੂੰ ਬੇਨਤੀ ਕੀਤੀ ਕਿ ਉਹ ਪਿਤਾ ਨਾਲ ਇਸ ਸਭ ਬਾਰੇ ਕੋਈ ਗੱਲ ਨਾ ਕਰੇ।

ਇਹ ਮਈ 2025 ਦੀ ਗੱਲ ਹੈ, ਉਰੂਗਵੇ ਦੀ ਰਾਜਧਾਨੀ ਮੋਂਟੇਵੀਡਿਓ ਦੇ ਬਾਹਰੀ ਇਲਾਕੇ ਵਿੱਚ ਰਹਿੰਦੇ ਮੋਇਸੇਸ ਨੂੰ ਪਤਾ ਲੱਗਿਆ ਸੀ ਕਿ ਉਸਦੇ ਪਿਤਾ, ਕਾਰਲੋਸ ਨੇ ਕਥਿਤ ਤੌਰ 'ਤੇ ਉਸਦੀ ਮਾਂ ਅਤੇ ਦੋ ਭੈਣਾਂ ਦਾ ਬਚਪਨ ਵਿੱਚ ਜਿਨਸੀ ਅਤੇ ਸਰੀਰਕ ਸ਼ੋਸ਼ਣ ਕੀਤਾ ਸੀ।

ਅਗਲੇ ਹੀ ਦਿਨ ਮੋਇਸੇਸ ਨੇ ਆਪਣੇ ਪਿਤਾ ਨੂੰ 14 ਗੋਲੀਆਂ ਮਾਰੀਆਂ ਅਤੇ ਖ਼ੁਦ ਨੂੰ ਪੁਲਿਸ ਦੇ ਹਵਾਲੇ ਕਰਨ ਤੋਂ ਪਹਿਲਾਂ ਦੋ ਦਿਨਾਂ ਤੱਕ ਪਿਤਾ ਦੀ ਲਾਸ਼ ਦੇ ਕੋਲ ਬੈਠਾ ਰਿਹਾ।

ਹੁਣ, ਮੋਇਸੇਸ 12 ਸਾਲ ਦੀ ਜੇਲ੍ਹ ਕੱਟ ਰਿਹਾ ਹੈ। ਉਰੂਗਵੇ ਦੇ ਲੋਕ ਇਸ ਮੁੱਕਦਮੇ ਦੀ ਸੁਣਵਾਈ ਨੂੰ ਯੂਟਿਊਬ 'ਤੇ ਲਾਈਵ ਦੇਖ ਸਕਦੇ ਸਨ ਅਤੇ ਇਸਨੇ ਲੋਕਾਂ ਵਿੱਚ ਭਾਰੀ ਗੁੱਸਾ ਪੈਦਾ ਕਰ ਦਿੱਤਾ ਸੀ।

ਮੋਇਸੇਸ ਦੇ ਭੈਣ-ਭਰਾ ਅਤੇ ਉਸਦੀ ਮਾਂ ਦਾ ਮੰਨਣਾ ਹੈ ਕਿ ਉਸਨੂੰ ਇਸ ਮਾਮਲੇ ਵਿੱਚ ਮਾਫ਼ ਕਰ ਦਿੱਤਾ ਜਾਣਾ ਚਾਹੀਦਾ ਸੀ ਅਤੇ ਹੁਣ ਉਹ ਉਸਦੀ ਸਜ਼ਾ ਦੇ ਖ਼ਿਲਾਫ਼ ਅਪੀਲ ਕਰਨ ਲਈ ਲੜ ਰਹੇ ਹਨ।

ਆਪਣੇ ਹੰਝੂ ਰੋਕਦੇ ਹੋਏ, ਸਾਰਾ (ਜੋ ਹੁਣ 27 ਸਾਲ ਦੇ ਹਨ) ਬੀਬੀਸੀ ਨੂੰ ਉਸ ਦਰਦਨਾਕ ਗੱਲਬਾਤ ਬਾਰੇ ਦੱਸਦੇ ਹਨ, ਜਿਸ ਤੋਂ ਬਾਅਦ ਇਹ ਘਟਨਾ ਵਾਪਰੀ।

ਉਹ ਕਹਿੰਦੇ ਹਨ ਕਿ ਇੰਨੇ ਸਾਲਾਂ ਵਿੱਚ ਉਨ੍ਹਾਂ ਨੂੰ ਪਹਿਲੀ ਵਾਰ ਪਤਾ ਲੱਗਿਆ ਕਿ ਇੰਨੇ ਸਾਲਾਂ ਤੋਂ ਕਾਰਲੋਸ (ਉਨ੍ਹਾਂ ਦਾ ਪਿਤਾ) ਸਿਰਫ ਉਨ੍ਹਾਂ ਮਾਵਾਂ ਧੀਆਂ ਨੂੰ ਹੀ ਨਹੀਂ ਸਗੋਂ ਮੋਇਸੇਸ ਨੂੰ ਵੀ ਕੁੱਟਦਾ ਸੀ ਅਤੇ ਉਸਦਾ ਜਿਨਸੀ ਸ਼ੋਸ਼ਣ ਕਰਦਾ ਸੀ।

ਸਾਰਾ ਕਹਿੰਦੇ ਹਨ, "ਮੈਂ ਕਦੇ ਪੂਰੀ ਤਰ੍ਹਾਂ ਸਮਝ ਹੀ ਨਹੀਂ ਸਕੀ ਕਿ ਉਸਦੇ ਮਨ ਵਿੱਚ ਕਿੰਨਾ ਡੂੰਘਾ ਸਦਮਾ ਲੁਕਿਆ ਹੋਇਆ ਸੀ।"

ਉਹ ਅੱਗੇ ਕਹਿੰਦੇ ਹਨ, "ਅਜਿਹੀਆਂ ਬਹੁਤ ਸਾਰੀਆਂ ਗੱਲਾਂ ਹਨ ਜੋ ਸਾਨੂੰ ਉਸਦੇ ਮੁਕੱਦਮੇ ਦੌਰਾਨ ਹੀ ਪਤਾ ਲੱਗੀਆਂ।"

ਕਾਰਲੋਸ ਮਾਰਟੀਨੇਜ਼

ਤਸਵੀਰ ਸਰੋਤ, Sara Martínez

ਤਸਵੀਰ ਕੈਪਸ਼ਨ, ਕਾਰਲੋਸ ਮਾਰਟੀਨੇਜ਼ ਸਾਰਾ ਅਤੇ ਮੋਇਸੇਸ ਦੇ ਪਿਤਾ ਸਨ

ਸਾਰਾ ਦੇ ਮੁਤਾਬਕ, ਮੋਇਸੇਸ ਅਤੇ ਉਨ੍ਹਾਂ ਦੀਆਂ ਭੈਣਾਂ ਆਪਣੇ ਪਿਤਾ ਤੋਂ ਬਹੁਤ ਜ਼ਿਆਦਾ ਡਰਦੇ ਸਨ।

ਉਹ ਕਹਿੰਦੇ ਹਨ, "ਉਹ ਹਰ ਥਾਂ ਮੌਜੂਦ ਕਿਸੇ ਸਾਏ ਵਾਂਗ ਸੀ, ਭਾਵੇਂ ਉਹ ਉੱਥੇ ਨਾ ਵੀ ਹੋਵੇ, ਫਿਰ ਵੀ ਉਸਦਾ ਖੌਫ਼ ਬਣਿਆ ਰਹਿੰਦਾ ਸੀ।"

"ਉਹ ਤੜਕਸਾਰ ਉੱਠ ਜਾਂਦਾ, ਸਾਨੂੰ ਬਾਥਰੂਮ ਵਿੱਚ ਲੈ ਜਾਂਦਾ, ਸ਼ਾਵਰ ਚਾਲੂ ਕਰ ਦਿੰਦਾ ਅਤੇ ਘੰਟਿਆਂ ਤੱਕ ਸਾਨੂੰ ਉਸ ਠੰਢੇ ਪਾਣੀ ਹੇਠ ਖੜ੍ਹਾ ਰੱਖਦਾ।"

ਸਾਰਾ ਦੱਸਦੇ ਹਨ ਕਿ ਕਾਰਲੋਸ ਨੇ ਉਨ੍ਹਾਂ ਦਾ ਅਤੇ ਉਨ੍ਹਾਂ ਦੀ ਵੱਡੀ ਭੈਣ ਐਨਾ ਦਾ ਜਿਨਸੀ ਸ਼ੋਸ਼ਣ ਕੀਤਾ ਸੀ।

ਉਨ੍ਹਾਂ ਨੇ ਮੋਇਸੇਸ ਨੂੰ ਦੱਸਿਆ ਕਿ ਸ਼ੋਸ਼ਣ ਦੀ ਹਰ ਘਟਨਾ ਤੋਂ ਬਾਅਦ, ਉਸਦੇ ਪਿਤਾ ਰੋਂਦੇ ਸਨ ਅਤੇ ਮਾਫ਼ੀ ਮੰਗਦੇ ਸਨ। ਉਹ ਉਨ੍ਹਾਂ ਨੂੰ ਉਨ੍ਹਾਂ ਦੀ ਮਨਪਸੰਦ ਚੀਜ਼ ਇੱਕ 'ਅਲਫ਼ਾਜੋਰ', ਜੋ ਚਾਕਲੇਟ ਅਤੇ ਕੈਰੇਮਲ ਨਾਲ ਬਣੀ ਇੱਕ ਮਸ਼ਹੂਰ ਕੁਕੀ (ਇੱਕ ਪ੍ਰਕਾਰ ਦਾ ਬਿਸਕਿਟ) ਹੁੰਦੀ ਹੈ, ਲਿਆ ਕੇ ਦਿੰਦੇ ਸਨ।

ਉਹ ਕਹਿੰਦੇ ਹਨ, "ਹੁਣ ਤਾਂ ਇਹ ਮੇਰੇ ਗਲੇ ਵੀ ਨਾ ਉਤਰਣ। ਮੈਨੂੰ ਬਹੁਤ ਬੁਰਾ ਲੱਗਦਾ ਸੀ, ਮੈਨੂੰ ਲੱਗਦਾ ਸੀ ਕਿ ਮੈਂ ਉਸਨੂੰ ਆਪਣਾ ਸ਼ੋਸ਼ਣ ਕਰਨ ਦੇ ਰਹੀ ਹਾਂ, ਸਿਰਫ਼ ਇਸ ਲਈ ਤਾਂ ਜੋ ਮੈਂ ਅਲਫ਼ਾਜੋਰ ਖਾ ਸਕਾਂ।"

ਸਾਰਾ ਦੱਸਦੇ ਹਨ ਕਿ ਉਨ੍ਹਾਂ ਨੇ ਲਗਭਗ 60 ਅਜਿਹੀਆਂ ਘਟਨਾਵਾਂ ਗਿਣੀਆਂ, ਜਦੋਂ ਉਸਦੀ ਮਾਂ ਕੰਮ 'ਤੇ ਗਈ ਹੁੰਦੀ ਸੀ ਅਤੇ ਉਸਦੇ ਪਿਤਾ ਨੇ ਰਾਤ ਦੇ ਸਮੇਂ ਉਸਦਾ ਜਿਨਸੀ ਸ਼ੋਸ਼ਣ ਕੀਤਾ।

ਉਨ੍ਹਾਂ ਕਿਹਾ, "ਮੈਂ ਉਨ੍ਹਾਂ ਨੂੰ ਇਸ ਲਈ ਗਿਣਿਆ ਕਿਉਂਕਿ ਮੈਂ ਆਪਣੇ ਆਪ ਨੂੰ ਕਹਿੰਦੀ ਹੁੰਦੀ ਸੀ ਕਿ ਇੱਕ ਦਿਨ ਮੇਰੇ ਅੰਦਰ ਇਸ ਬਾਰੇ ਗੱਲ ਕਰਨ ਦੀ ਹਿੰਮਤ ਜ਼ਰੂਰ ਆਵੇਗੀ।"

ਮੋਇਸੇਸ ਮਾਰਟੀਨੇਜ਼

ਤਸਵੀਰ ਸਰੋਤ, Uruguayan Press Association

ਤਸਵੀਰ ਕੈਪਸ਼ਨ, ਮੋਇਸੇਸ ਮਾਰਟੀਨੇਜ਼ ਇਸ ਵੇਲੇ ਆਪਣੇ ਪਿਤਾ ਦਾ ਕਤਲ ਕਰਨ ਲਈ 12 ਸਾਲ ਦੀ ਸਜ਼ਾ ਕੱਟ ਰਿਹਾ ਹੈ

ਸਕੂਲ ਵਿੱਚ ਸ਼ਿਕਾਇਤ ਕੀਤੀ

ਕਾਰਲੋਸ ਨੂੰ ਐਨਾ ਦਾ ਜਿਨਸੀ ਸ਼ੋਸ਼ਣ ਕਰਦੇ ਦੇਖਣ ਤੋਂ ਬਾਅਦ, 12 ਸਾਲ ਦੀ ਉਮਰ ਵਿੱਚ ਸਾਰਾ ਨੇ ਇਸ ਦੇ ਖ਼ਿਲਾਫ਼ ਆਵਾਜ਼ ਉਠਾਈ ਅਤੇ ਆਪਣੇ ਪਿਤਾ ਦੀ ਸ਼ਿਕਾਇਤ ਆਪਣੇ ਸਕੂਲ ਵਿੱਚ ਕਰ ਦਿੱਤੀ।

ਉਹ ਕਹਿੰਦੇ ਹਨ, "ਮੈਨੂੰ ਯਾਦ ਹੈ, ਮੈਂ ਕਾਗਜ਼ ਦੇ ਇੱਕ ਟੁਕੜੇ 'ਤੇ 'ਜਿਨਸੀ ਸ਼ੋਸ਼ਣ' ਲਿਖਿਆ ਸੀ ਅਤੇ ਉਹ ਨੋਟ ਉਸ ਵੇਲੇ ਆਪਣੀ ਸਭ ਤੋਂ ਚੰਗੀ ਦੋਸਤ ਨੂੰ ਦੇ ਦਿੱਤਾ ਸੀ।''

ਉਹ ਅੱਗੇ ਕਹਿੰਦੇ ਹਨ ਕਿ ਫਿਰ ਇੱਕ ਹੋਰ ਕਲਾਸਮੇਟ ਨੇ ਉਹ ਕਾਗਜ਼ ਹੈਡਮਿਸਟ੍ਰਸ ਤੱਕ ਪਹੁੰਚਾ ਦਿੱਤਾ।

ਸਾਰਾ ਦੱਸਦੇ ਹਨ ਕਿ ਇਸ ਤੋਂ ਬਾਅਦ ਉਨ੍ਹਾਂ ਕਈ ਦਰਦਨਾਕ ਤਜ਼ਰਬਿਆਂ ਵਿੱਚੋਂ ਲੰਘਣਾ ਪਿਆ, ਖ਼ਾਸ ਕਰਕੇ ਉਦੋਂ ਜਦੋਂ ਫ਼ੋਰੈਂਸਿਕ ਮਾਹਰ ਉਸਤੋਂ ਪੁੱਛਗਿੱਛ ਕਰ ਰਹੇ ਸਨ।

ਜਾਂਚ ਤੋਂ ਬਾਅਦ, ਕਾਰਲੋਸ ਨੂੰ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ, ਪਰ ਉਸਨੇ ਸਿਰਫ਼ ਇੱਕ ਸਾਲ ਹੀ ਜੇਲ੍ਹ ਵਿੱਚ ਬਿਤਾਇਆ।

ਸਾਰਾ ਕਹਿੰਦੇ ਹਨ, "ਮੇਰੇ ਲਈ ਇਹ ਸਜ਼ਾ ਬਹੁਤ ਘੱਟ ਸੀ, ਕਿਉਂਕਿ ਮੈਨੂੰ ਪਤਾ ਸੀ ਕਿ ਮੇਰੇ ਪਿਤਾ ਨੇ ਤਿੰਨ ਸਾਲ ਤੋਂ ਵੀ ਵੱਧ ਸਮੇਂ ਤੱਕ ਮੇਰਾ ਸ਼ੋਸ਼ਣ ਕੀਤਾ ਸੀ।''

"ਮੇਰਾ ਪਿਤਾ ਇੱਕ ਰਾਖਸ਼ ਸੀ। ਸਕੂਲ ਵਿੱਚ ਉਸਨੇ ਜੋ ਕਹਾਣੀ ਸੁਣਾਈ, ਉਸ ਵਿੱਚ ਉਸਨੇ ਖੁਦ ਨੂੰ ਇੱਕ ਬੇਚਾਰਾ, ਬੇਵੱਸ ਇਨਸਾਨ ਦਿਖਾਇਆ, ਜਿਸਨੇ ਟੀਨੇਜ ਵਿੱਚ ਹੀ ਘਰ ਛੱਡ ਦਿੱਤਾ ਸੀ, ਕਿਉਂਕਿ ਉਸਦੇ ਆਪਣੇ ਪਿਤਾ ਨੇ ਉਸਦੀ ਭੈਣ ਦਾ ਸ਼ੋਸ਼ਣ ਕੀਤਾ ਸੀ।"

 ਸਾਰਾ, ਐਨਾ ਅਤੇ ਮੋਇਸੇਸ

ਤਸਵੀਰ ਸਰੋਤ, Sara Martínez

ਤਸਵੀਰ ਕੈਪਸ਼ਨ, ਬਚਪਨ ਵਿੱਚ ਸਾਰਾ (ਖੱਬੇ), ਐਨਾ (ਵਿਚਕਾਰ) ਅਤੇ ਮੋਇਸੇਸ (ਸੱਜੇ)

ਗੋਲੀ ਮਾਰ ਕੇ ਕੀਤਾ ਕਤਲ

ਪਰਿਵਾਰ ਦਾ ਕਹਿਣਾ ਹੈ ਕਿ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ, ਉਨ੍ਹਾਂ ਨੇ ਕਾਰਲੋਸ ਨੂੰ ਕਦੇ ਵੀ ਦੁਬਾਰਾ ਆਪਣੇ ਘਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ।

ਪਰ ਸਾਰਾ ਦੱਸਦੇ ਹਨ ਕਿ ਜਦੋਂ ਉਹ ਟੀਨੇਜ ਵਿੱਚ ਸਨ, ਤਾਂ ਉਸਦਾ ਪਿਤਾ ਵਾਰ-ਵਾਰ ਉਸਦੇ ਸਕੂਲ ਪਹੁੰਚ ਜਾਂਦਾ ਸੀ ਅਤੇ ਜਦੋਂ ਉਹ ਵੱਡੀ ਹੋ ਕੇ ਕੰਮ ਕਰਨ ਲੱਗੀ, ਤਾਂ ਉਹ ਉਸਦੀ ਕੰਮ ਵਾਲੀ ਥਾਂ 'ਤੇ ਪਹੁੰਚ ਜਾਂਦਾ ਸੀ।

ਸਾਰਾ ਦੱਸਦੇ ਹਨ ਕਿ ਪਰਿਵਾਰ ਵਿੱਚ ਕਿਸੇ ਨੇ ਵੀ ਕਦੇ ਆਪਸ ਵਿੱਚ ਇਸ ਬਾਰੇ ਗੱਲ ਨਹੀਂ ਕੀਤੀ ਕਿ ਉਨ੍ਹਾਂ ਨੇ ਕਿਸ ਹੱਦ ਤੱਕ ਸ਼ੋਸ਼ਣ ਸਹਿਆ ਸੀ।

ਸਾਰਾ ਮੁਤਾਬਕ, ਪਿਤਾ ਦੇ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਵੀ ਮੋਇਸੇਸ ਆਪਣੇ ਪਿਤਾ ਨਾਲ ਆਪਣਾ ਰਿਸ਼ਤਾ ਬਣਾਈ ਰੱਖਣਾ ਚਾਹੁੰਦਾ ਸੀ।

ਪਰ ਜਦੋਂ ਉਨ੍ਹਾਂ ਦੀ ਮਾਂ, ਮਰਸਿਡੀਜ਼ ਪਰੇਰਾ ਨੇ ਉਸਨੂੰ ਦੱਸਿਆ ਕਿ ਕਾਰਲੋਸ ਉਨ੍ਹਾਂ ਨੂੰ ਧਮਕਾ ਰਿਹਾ ਹੈ ਅਤੇ ਉਨ੍ਹਾਂ ਨੇ ਸਾਲਾਂ ਤੱਕ ਹੋਏ ਕਥਿਤ ਸ਼ੋਸ਼ਣ ਬਾਰੇ ਵੀ ਦੱਸਿਆ, ਤਾਂ ਮੋਇਸੇਸ ਤੁਰੰਤ ਆਪਣੀਆਂ ਭੈਣਾਂ ਨਾਲ ਇਸ ਬਾਰੇ ਗੱਲ ਕਰਨ ਲਈ ਉਨ੍ਹਾਂ ਕੋਲ ਭੱਜਿਆ।

ਸਾਰਾ ਦੱਸਦੇ ਹਨ ਕਿ ਉਹਨਾਂ ਗੱਲਬਾਤਾਂ ਤੋਂ ਬਾਅਦ ਹੀ ਉਸਨੇ ਆਪਣੇ ਪਿਤਾ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ।

ਸਾਰਾ ਕਹਿੰਦੇ ਹਨ, "ਉਹ ਸਾਡੇ ਪਿਤਾ ਨੂੰ ਮਿਲਣਾ ਚਾਹੁੰਦਾ ਸੀ, ਤਾਂ ਜੋ ਉਹ ਉਸਨੂੰ ਮਾਫ਼ੀ ਮੰਗਣ ਲਈ ਕਹਿ ਸਕੇ, ਸਾਡੇ ਨਾਲ ਕੀਤੇ ਕੰਮਾਂ ਦੀ ਸਫ਼ਾਈ ਦੇਣ ਲਈ ਕਹਿ ਸਕੇ ਅਤੇ ਉਸਨੂੰ ਕਹਿ ਸਕੇ ਕਿ ਉਹ ਦੁਬਾਰਾ ਕਦੇ ਨਜ਼ਰ ਨਾ ਆਵੇ।"

"ਉਸ ਦਿਨ ਮੈਂ ਮੋਈ (ਮੋਇਸੇਸ) ਨੂੰ ਬਹੁਤ ਸਾਰੀਆਂ ਗੱਲਾਂ ਦੱਸੀਆਂ, ਤਾਂ ਜੋ ਉਸਨੂੰ ਪਤਾ ਲੱਗੇ ਕਿ ਸਾਡਾ ਪਿਓ ਕੀ-ਕੀ ਕਰ ਸਕਦਾ ਸੀ। ਮੇਰਾ ਮਕਸਦ ਉਸਨੂੰ ਉਸ ਕੋਲ ਜਾਣ ਤੋਂ ਰੋਕਣਾ ਸੀ ਪਰ ਉਹ ਫਿਰ ਵੀ ਚਲਾ ਗਿਆ। ਅਤੇ ਓਦੋਂ ਹੀ ਸਭ ਕੁਝ ਹੋ ਗਿਆ।"

 ਮਰਸਿਡੀਜ਼ ਪਰੇਰਾ ਆਪਣੇ ਬੱਚਿਆਂ ਨਾਲ

ਤਸਵੀਰ ਸਰੋਤ, Sara Martínez

ਤਸਵੀਰ ਕੈਪਸ਼ਨ, ਤਸਵੀਰ ਦੇ ਵਿਚਕਾਰ ਕਾਲੇ ਕੱਪੜੇ ਪਹਿਨੀ ਮਰਸਿਡੀਜ਼ ਪਰੇਰਾ ਆਪਣੇ ਬੱਚਿਆਂ ਨਾਲ ਖੜੀ ਹੈ

ਇਸ ਮਾਮਲੇ ਵਿੱਚ ਆਪਣਾ ਫ਼ੈਸਲਾ ਸੁਣਾਉਂਦੇ ਹੋਏ, ਜੱਜ ਮਾਰੀਆ ਨੋਏਲ ਓਦ੍ਰਿਓਜ਼ੋਲਾ ਨੇ ਕਿਹਾ ਕਿ ਉਨ੍ਹਾਂ ਨੇ ਉਰੂਗਵੇ ਦੀ ਦੰਡ ਸੰਹਿਤਾ ਦੇ ਅਨੁਛੇਦ 36 ਦੇ ਤਹਿਤ ਦਿੱਤੀ ਜਾਣ ਵਾਲੀ ਨਿਆਂਇਕ ਮਾਫ਼ੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਮਾਫ਼ੀ ਉਦੋਂ ਲਾਗੂ ਹੁੰਦੀ ਹੈ, ਜਦੋਂ "ਘਰੇਲੂ ਹਿੰਸਾ ਤੋਂ ਹੋਣ ਵਾਲੇ ਲਗਾਤਾਰ ਦੁੱਖ ਕਾਰਨ ਲੱਗੇ ਡੂੰਘੇ ਸਦਮੇ" ਵਿੱਚ ਕੋਈ ਕਤਲ ਹੋ ਜਾਂਦਾ ਹੈ।

ਮੋਇਸੇਸ ਦੇ ਵਕੀਲ ਰੋਦ੍ਰਿਗੋ ਰੇਅ ਦੱਸਦੇ ਹਨ ਕਿ ਇਹ ਦੇਖਦੇ ਹੋਏ ਕਿ 15 ਸਾਲ ਤੱਕ ਕਿਸੇ ਨੇ ਵੀ ਕਾਰਲੋਸ ਮਾਰਟੀਨੇਜ਼ ਦੇ ਖ਼ਿਲਾਫ਼ ਕੋਈ ਸ਼ਿਕਾਇਤ ਨਹੀਂ ਕੀਤੀ ਸੀ, ਜੱਜ ਨੇ ਕਿਹਾ ਕਿ ਪਰਿਵਾਰ ਨੇ "ਮੁਢਲੇ ਹੱਲ ਵਜੋਂ ਕਿਸੇ ਵੀ ਸੁਰੱਖਿਆ ਸੁਵਿਧਾ" ਦਾ ਸਹਾਰਾ ਨਹੀਂ ਲਿਆ ਸੀ।

ਮੋਇਸੇਸ ਦੀ ਸਜ਼ਾ ਨਾਲ ਲੋਕਾਂ ਵਿੱਚ ਭਾਰੀ ਗੁੱਸਾ ਫੈਲ ਗਿਆ, ਜਿਸ ਨਾਲ ਉਰੂਗਵੇ ਵਿੱਚ ਘਰੇਲੂ ਹਿੰਸਾ ਦੇ ਮਾਮਲਿਆਂ ਵਿੱਚ ਸਰਕਾਰ ਦੀ ਭੂਮਿਕਾ ਨੂੰ ਲੈ ਕੇ ਇੱਕ ਕੌਮੀ ਬਹਿਸ ਛਿੜ ਗਈ।

ਨਤੀਜੇ ਵਜੋਂ ਉਰੂਗਵੇ ਦੇ ਰਾਸ਼ਟਰਪਤੀ ਯਾਮਾਂਡੂ ਓਰਸੀ ਨੇ ਐਨਾ ਅਤੇ ਸਾਰਾ ਨੂੰ ਇੱਕ ਨਿੱਜੀ ਮੁਲਾਕਾਤ ਲਈ ਬੁਲਾਇਆ।

ਸਾਰਾ ਦੱਸਦੇ ਹਨ ਕਿ ਜਿਸ ਦਿਨ ਉਨ੍ਹਾਂ ਦੇ ਭਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਉਸ ਦਿਨ ਜਦੋਂ ਉਹ ਪੁਲਿਸ ਸਟੇਸ਼ਨ ਗਈ ਸੀ ਤਾਂ ਉਨ੍ਹਾਂ ਨੇ ਆਪਣੇ ਪਿਤਾ ਦੀ ਲਾਸ਼ ਨਹੀਂ ਦੇਖੀ ਸੀ।

ਉਨ੍ਹਾਂ ਨੇ ਆਪਣੇ ਭਰਾ ਨੂੰ ਵੀ ਨਹੀਂ ਦੇਖਿਆ।

ਉਹ ਦੱਸਦੇ ਹਨ, "ਜਦੋਂ ਉਹ ਸਾਨੂੰ ਆਪਣੇ ਬਿਆਨ ਦੇਣ ਲਈ ਦਿ ਹੋਮੀਸਾਈਡ (ਵਿਭਾਗ) ਲੈ ਗਏ, ਤਾਂ ਉਹ (ਭਰਾ) ਇੱਕ (ਜੇਲ੍ਹ ਦੇ) ਸੈੱਲ ਵਿੱਚ ਸੀ ਜਿੱਥੇ ਅਸੀਂ ਉਸਨੂੰ ਦੇਖ ਨਹੀਂ ਸਕੇ। ਪਰ ਉਸਨੇ ਮੈਨੂੰ ਇੱਕ ਸੁਨੇਹਾ ਭੇਜਿਆ ਕਿ 'ਹੁਣ, ਮੈਂ ਸੁਕੂਨ ਨਾਲ ਅਲਫਾਜੋਰ ਖਾ ਸਕਦੀ ਹਾਂ।'"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)