ਸੋਨੇ ਦੀਆਂ ਖਾਨਾਂ 'ਚ ਗੈਰ ਕਾਨੂੰਨੀ ਮਾਇਨਰ ਕਿਵੇਂ ਮਹੀਨਿਆਂ ਤੱਕ ਅੰਡਰਗਰਾਊਂਡ ਰਹਿੰਦੇ ਹਨ

ਤਸਵੀਰ ਸਰੋਤ, Getty Images
- ਲੇਖਕ, ਨੌਮਸਾ ਮਸੇਕੋ
- ਰੋਲ, ਬੀਬੀਸੀ ਪੱਤਰਕਾਰ
600 ਹੋਰ ਬੰਦਿਆਂ ਸਣੇ ਐੱਨਡੂਮੀਸੋ ਅਫਰੀਕਾ ਦੇ ਇੱਕ ਛੋਟੇ ਜਿਹੇ ਕਸਬੇ 'ਚ ਰਹਿੰਦਾ ਹੈ।
ਇਹ ਕਸਬਾ ਇੱਕ ਗੈਰ ਕਾਰਜਸ਼ਾਲੀ ਸੋਨੇ ਦੀ ਖਾਨ 'ਚ ਵਸਿਆ ਹੋਇਆ ਹੈ ਪਰ ਬਜਾਰਾਂ ਦੇ ਨਾਲ ਭਰੀ ਹੋਈ ਇਹ ਥਾਂ ਗੈਂਗ ਦੇ ਪ੍ਰਭਾਵ ਹੇਠ ਹੈ।
ਦੱਖਣੀ ਅਫਰੀਕਾ ਇਹ ਗੈਰ-ਕਾਰਜਸ਼ੀਲ ਸੋਨੇ ਦੀ ਖਾਨ ਹੁਣ 'ਰੈੱਡ-ਲਾਈਟ ਡਿਸਟ੍ਰਿਕਟ' ਵਜੋਂ ਵੀ ਉੱਭਰ ਰਹੀ ਹੈ।
ਐੱਨਡੂਮੀਸੋ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਵੱਡੀ ਮਾਈਨਿੰਗ ਕੰਪਨੀ ਵੱਲੋਂ ਨੌਕਰੀ ਤੋਂ ਕੱਢੇ ਜਾਣ ਮਗਰੋਂ ਉਸ ਨੇ ਗੈਰ-ਕਾਨੂੰਨੀ ਮਾਈਨਰ ਬਣਨ ਦਾ ਫੈਸਲਾ ਲਿਆ, ਜਿਸ ਨੂੰ "ਜ਼ਾਮਾ ਜ਼ਾਮਾ" ਵੀ ਕਿਹਾ ਜਾਂਦਾ ਹੈ।
ਉਹ ਹੁਣ ਕੀਮਤੀ ਧਾਤਾਂ ਦੀ ਖੁਦਾਈ ਕਰਦਾ ਹੈ ਅਤੇ ਲੱਗਭਗ ਹਰ ਤਿੰਨ ਮਹੀਨੇ ਮਗਰੋਂ ਇਨ੍ਹਾਂ ਧਾਤਾਂ ਦੀ ਕਾਲਾਬਜ਼ਾਰੀ ਕਰਕੇ ਵੱਡਾ ਮੁਨਾਫ਼ਾ ਕਮਾਉਂਦਾ ਹੈ ।
ਭਾਵੇਂ ਹੁਣ ਕਮਾਈ ਪਹਿਲਾਂ ਨਾਲੋਂ ਵੱਧ ਹੁੰਦੀ ਹੈ ਪਰ ਰਿਸਕ ਵੀ ਬਹੁਤ ਜ਼ਿਆਦਾ ਹਨ।
ਇੱਕ 52 ਸਾਲਾ ਵਿਅਕਤੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ,“ਇਹ (ਜ਼ਾਮਾ ਜ਼ਾਮਾ ਦੀ ) ਜ਼ਿੰਦਗੀ ਬੇਰਹਿਮ ਹੈ, ਬਹੁਤ ਸਾਰੇ ਲੋਕ ਇਸ 'ਚੋ ਜ਼ਿੰਦਾ ਨਹੀਂ ਨਿੱਕਲ ਪਾਉਂਦੇ।"
ਸਜ਼ਾ ਦੇ ਡਰ ਤੋਂ ਇਸ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਮੰਗ ਰੱਖੀ।

'ਜ਼ਾਮਾ ਜ਼ਾਮਾ ਕਬਰਿਸਤਾਨ'
ਉਨ੍ਹਾਂ ਨੇ ਅੱਗੇ ਦੱਸਿਆ "ਸ਼ਾਫਟ ਦੇ ਇੱਕ ਪੱਧਰ ਵਿੱਚ ਲਾਸ਼ਾਂ ਅਤੇ ਇਨਸਾਨੀ ਪਿੰਜਰ ਹਨ। ਅਸੀਂ ਇਸਨੂੰ ਜ਼ਾਮਾ ਜ਼ਾਮਾ ਕਬਰਿਸਤਾਨ ਕਹਿੰਦੇ ਹਾਂ।"
ਐੱਨਡੂਮੀਸੋ ਵਰਗੇ ਲੋਕ ਜਿਹੜੇ ਆਪਣਾ ਕਰਨ ਵਿੱਚ ਰਹਿੰਦੇ ਹਨ, ਉਨ੍ਹਾਂ ਲੋਕਾਂ ਲਈ ਇਹ ਮੁਨਾਫ਼ੇ ਵਾਲਾ ਕੰਮ ਹੋ ਸਕਦਾ ਹੈ।
ਇੱਕ ਪਾਸੇ ਜਿੱਥੇ ਐੱਨਡੂਮੀਸੋ ਦਿਨੇ ਅੰਡਰਗਰਾਉਂਡ ਹੱਡ ਤੋੜਨ ਤੋਂ ਬਾਅਦ ਰਾਤੀ ਰੇਤ ਦੇ ਥੈਲਿਆਂ 'ਤੇ ਸੌਂਦਾ ਹੈ, ਉੱਥੇ ਹੀ ਉਸ ਦਾ ਪਰਿਵਾਰ ਜੋਹਾਨਸਬਰਗ ਦੀ ਟਾਊਨਸ਼ਿਪ ਵਿੱਚ ਖਰੀਦੇ ਹੋਏ ਇੱਕ ਘਰ ਵਿੱਚ ਰਹਿੰਦਾ ਹੈ।
ਐੱਨਡੂਮੀਸੋ ਨੇ ਦੱਸਿਆ ਕਿ ਉਸ ਨੇ ਇੱਕ ਬੈੱਡਰੂਮ ਵਾਲੇ ਘਰ ਲਈ 1 ਲੱਖ 30 ਹਜ਼ਾਰ ਰੇਂਡ (ਲਗਭਗ 7,000 ਡਾਲਰ) ਦੀ ਨਕਦ ਅਦਾਇਗੀ ਕੀਤੀ ਸੀ।
ਇਸ ਘਰ ਨੂੰ ਤਿੰਨ ਬੈੱਡਰੂਮ ਹੋਰ ਸ਼ਾਮਲ ਕਰਕੇ ਵੱਡਾ ਬਣਾਇਆ ਗਿਆ ਹੈ।
ਲਗਭਗ ਅੱਠ ਸਾਲਾਂ ਤੋਂ ਇੱਕ ਗੈਰ-ਕਾਨੂੰਨੀ ਮਾਈਨਰ ਵਜੋਂ ਕੰਮ ਕਰਕੇ ਐੱਨਡੂਮੀਸੋ ਨੇ ਆਪਣੇ ਤਿੰਨ ਬੱਚਿਆਂ ਨੂੰ ਫੀਸ ਲੈਣ ਵਾਲੇ ਸਕੂਲਾਂ ਵਿੱਚ ਪੜ੍ਹਨ ਲਈ ਭੇਜਿਆ।
ਇਨ੍ਹਾਂ ਬੱਚਿਆਂ ਵਿੱਚੋਂ ਇੱਕ ਹੁਣ ਯੂਨੀਵਰਸਿਟੀ ਵਿੱਚ ਪੜਾਈ ਕਰਦਾ ਹੈ।
ਉਹ ਦੱਸਦਾ ਹੈ "ਮੈਂ ਆਪਣੀ ਪਤਨੀ ਅਤੇ ਬੱਚਿਆਂ ਦੀ ਦੇਖ-ਭਾਲ ਕਰਨੀ ਹੈ ਅਤੇ ਅਜਿਹਾ ਕਰਨ ਦਾ ਇਹੋ ਇੱਕੋ ਇੱਕ ਤਰੀਕਾ ਹੈ ਜੋ ਮੈਂ ਜਾਣਦਾ ਹਾਂ।"
ਐੱਨਡੂਮੀਸੋ ਦਾ ਕਹਿਣਾ ਹੈ ਕਿ ਕਈ ਸਾਲ ਕਾਨੂੰਨੀ ਕੰਮ ਲੱਭਣ ਦੀ ਕੋਸ਼ਿਸ਼ ਕਰਨ ਉਪਰੰਤ ਉਸ ਨੇ ਇਹ ਰਾਹ ਚੁਣਿਆ ਹੈ। ਉਸ ਦੇ ਮੁਤਾਬਕ ਗੈਰ-ਕਾਨੂੰਨੀ ਮਾਈਨਰ ਹੋਣਾ ਕਾਰ-ਹਾਈਜੈਕਰ ਜਾਂ ਲੁਟੇਰੇ ਹੋਣ ਵਰਗੇ ਉੱਚ ਦਰ ਦੇ ਅਪਰਾਧ ਨਾਲੋਂ ਬਹਿਤਰ ਵਿਕੱਲਪ ਹੈ।
ਉਸ ਦੀ ਮੌਜੂਦਾ ਨੌਕਰੀ ਜੋਹਾਨਸਬਰਗ ਤੋਂ ਲਗਭਗ 90 ਮੀਲ (145 ਕਿਲੋਮੀਟਰ) ਦੱਖਣ-ਪੱਛਮ ਵਿੱਚ, ਸਟੀਲਫੋਂਟੇਨ ਦੇ ਛੋਟੇ ਜਿਹੇ ਕਸਬੇ ਦੇ ਇੱਕ ਖਾਨ ਵਿੱਚ ਹੈ।
ਇਹ ਖਾਨ ਵਿਸ਼ਵਵਿਆਪੀ ਚਰਚਾ ਦੇ ਕੇਂਦਰ ਬਣੀ ਹੋਈ ਹੈ ਕਿਉਂਕਿ ਸਥਾਨਕ ਮੰਤਰੀ ਖੁਮਬਡਜ਼ੋ ਐਂਟਸ਼ਵਹੈਨੀ ਨੇ ਵਾਅਦਾ ਕੀਤਾ ਸੀ ਕਿ ਉਹ ਇਸ ਖਾਨ ਵਿੱਚੋਂ ਅੰਡਰਗਰਾਊਂਡ ਕੰਮ ਕਰਦੇ ਸੈਂਕੜੇ ਮਜ਼ਦੂਰਾਂ ਨੂੰ ਇਥੋਂ ਬਾਹਰ ਕੱਢਣਗੇ।
ਇਸ ਦੇ ਤਹਿਤ ਸੁਰੱਖਿਆ ਬਲਾਂ ਵਲੋਂ ਅੰਡਰਗਰਾਉਂਡ ਮਾਈਨਰਾਂ ਲਈ ਜਾਂਦੇ ਭੋਜਨ ਅਤੇ ਪਾਣੀ ਨੂੰ ਰੋਕਣ ਦੀਆਂ ਕਾਰਵਾਈਆਂ ਨੂੰ ਵੀ ਅੰਜਾਮ ਦਿੱਤਾ ਗਿਆ।
ਐਂਟਸ਼ਵਹੈਨੀ ਦਾ ਕਹਿਣਾ ਹੈ ਕਿ, "ਅਪਰਾਧੀਆਂ ਦੀ ਮਦਦ ਨਹੀਂ ਕੀਤੀ ਜਾਣੀ ਚਾਹੀਦੀ। ਅਪਰਾਧੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।"
'ਦਿ ਸੋਸਾਇਟੀ ਫਾਰ ਦਿ ਪ੍ਰੋਟੈਕਸ਼ਨ ਆਫ਼ ਅਵਰ ਕੰਸਟੀਟਿਊਸ਼ਨ' ਵਜੋਂ ਜਾਣੇ ਜਾਂਦੇ ਇੱਕ ਸਮੂਹ ਨੇ ਮਾਈਨਸ਼ਾਫਟ ਤੱਕ ਪਹੁੰਚ ਦੀ ਮੰਗ ਕਰਦਿਆਂ ਅਦਾਲਤੀ ਕਾਰਵਾਈ ਸ਼ੁਰੂ ਕੀਤੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਹ ਮਾਈਨਸ਼ਾਫਟ ਲਗਭਗ 2 ਕਿਲੋਮੀਟਰ (1.2 ਮੀਲ) ਡੂੰਘੀ ਹੈ।
ਅਦਾਲਤ ਵਲੋਂ ਦਿੱਤੇ ਗਏ ਇੱਕ ਅੰਤਰਿਮ ਫੈਸਲਾ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਮਜ਼ਦੂਰਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਪਹੁੰਚਾਈਆਂ ਜਾ ਸਕਦੀਆਂ ਹਨ।

ਤਸਵੀਰ ਸਰੋਤ, Reuters
ਤਣਾਅਪੂਰਨ ਮਾਹੌਲ
ਐੱਨਡੂਮੀਸੋ ਖਾਨ ਦੀ ਇੱਕ ਵੱਖਰੇ ਸ਼ਾਫਟ 'ਤੇ ਕੰਮ ਕਰਦਾ ਹੈ, ਅਤੇ ਮੌਜੂਦਾ ਤਣਾਅ ਪੈਦਾ ਹੋਣ ਤੋਂ ਪਹਿਲਾਂ ਪਿਛਲੇ ਮਹੀਨੇ ਹੀ ਬਾਹਰ ਆਇਆ ਸੀ।
ਆਪਣੇ ਕੰਮ 'ਤੇ ਵਾਪਸ ਮੁੜਨ ਦਾ ਫੈਸਲਾ ਕਰਨ ਤੋਂ ਪਹਿਲਾਂ ਉਹ ਮੌਜੂਦਾ ਸਥਿਤੀ ਦਾ ਅੰਕਲਣ ਕਰ ਰਿਹਾ ਹੈ।
ਇਹ ਵਿਵਾਦ ਇੱਕ ਸਰਕਾਰੀ ਫੈਸਲੇ ਤੋਂ ਬਾਅਦ ਸ਼ੁਰੂ ਹੋਇਆ ਹੈ। ਉਹ ਫੈਸਲਾ ਜੋ ਅਜਿਹੇ ਉਦਯੋਗ 'ਤੇ ਸ਼ਿਕੰਜਾ ਕੱਸਣ ਦੀ ਇੱਕ ਪਹਿਲ ਹੈ ਅਤੇ ਕੰਟਰੋਲ ਤੋਂ ਬਾਹਰ ਹੋ ਗਿਆ, ਜਿਸ ਨੂੰ ਮਾਫੀਆ ਵਰਗੇ ਗਰੋਹ ਚਲਾ ਰਹੇ ਹਨ।
ਖਣਿਜ ਸਰੋਤਾਂ ਲਈ ਬਣੀ ਸੰਸਦੀ ਕਮੇਟੀ ਦੇ ਚੇਅਰਮੈਨ ਮਿਕਾਤੇਕੋ ਮਹਲੌਲੇ ਨੇ ਕਿਹਾ, "ਦੇਸ਼ ਕਈ ਸਾਲਾਂ ਤੋਂ ਗੈਰ-ਕਾਨੂੰਨੀ ਮਾਈਨਿੰਗ ਦੀ ਬਿਪਤਾ ਨਾਲ ਜੂਝ ਰਿਹਾ ਹੈ, ਅਤੇ ਮਾਈਨਿੰਗ ਸਮੁਦਾਇਆਂ ਨੂੰ ਬਲਾਤਕਾਰ, ਲੁੱਟਮਾਰ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਵਰਗੀਆਂ ਪੈਰੀਫਿਰਲ ਅਪਰਾਧਿਕ ਗਤੀਵਿਧੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ।"
ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਦਾ ਕਹਿਣਾ ਹੈ ਕਿ ਅਜਿਹੀਆਂ ਖਾਨਾਂ ਅਪਰਾਧਕ ਗਤੀਵਿਧੀਆਂ ਦਾ ਅੱਡਾ ਹਨ, ਪਰ ਪੁਲਿਸ ਉਹਨਾਂ ਗੈਰ ਕਾਨੂੰਨੀ ਮਾਇਨਰਸ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਗੱਲਬਾਤ ਰਾਹੀਂ ਤਣਾਅ ਮੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਨ੍ਹਾਂ ਅੱਗੇ ਕਿਹਾ,"ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਕੋਲ ਜਾਣਕਾਰੀ ਹੈ ਕਿ ਕੁਝ ਵਿਅਕਤੀ ਭਾਰੀ ਹਥਿਆਰਾਂ ਨਾਲ ਲੈਸ ਹੋ ਸਕਦੇ ਹਨ। ਇਹ ਸਪਸ਼ਟ ਹੈ ਕਿ ਗੈਰ ਕਾਨੂੰਨੀ ਮਾਈਨਰਾਂ ਨੂੰ ਅਪਰਾਧਿਕ ਗਰੋਹਾਂ ਦੁਆਰਾ ਸ਼ਾਮਲ ਕੀਤਾ ਜਾਂਦਾ ਹੈ ਅਤੇ ਵਿਆਪਕ ਸੰਗਠਿਤ ਅਪਰਾਧ ਸਿੰਡੀਕੇਟ ਦਾ ਹਿੱਸਾ ਬਣਾਇਆ ਜਾਂਦਾ ਹੈ।"
ਐੱਨਡੂਮੀਸੋ ਸਥਾਨਕ ਅਤੇ ਲੇਸੋਥੋ ਵਰਗੇ ਗੁਆਂਢੀ ਰਾਜਾਂ ਦੇ ਨਾਗਰਿਕ ਸੈਂਕੜੇ ਹਜ਼ਾਰਾਂ ਕਾਮਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੂੰ ਪਿਛਲੇ ਤਿੰਨ ਦਹਾਕਿਆਂ ਵਿੱਚ ਦੱਖਣੀ ਅਫ਼ਰੀਕਾ ਦੇ ਮਾਈਨਿੰਗ ਉਦਯੋਗ ਵਿੱਚ ਗਿਰਾਵਟ ਦੇ ਕਾਰਨ ਛਾਂਟੀ ਕੀਤਾ ਗਿਆ ਸੀ। ਇਨ੍ਹਾਂ ਵਿੱਚੋਂ ਜਿਆਦਾਤਰ ਲੋਕ ਗੈਰ ਕਾਰਜਸ਼ੀਲ ਖਾਣਾ 'ਚ "ਜ਼ਾਮਾ ਜ਼ਾਮਾ" ਬਣ ਗਏ ਹਨ।
ਕਾਨੂੰਨੀ ਮਾਇਨਰਾਂ ਨੂੰ ਕਿੰਨੀ ਕਮਾਈ ਹੁੰਦੀ ਹੈ ?
ਦੱਖਣੀ ਅਫਰੀਕਾ ਸਥਿਤ ਬੈਂਚਮਾਰਕ ਫਾਊਂਡੇਸ਼ਨ ਦੇ ਖੋਜਕਰਤਾ ਅਤੇ ਉਦਯੋਗ ਤੇ ਅਧਿਐਨ ਕਰ ਚੁੱਕੇ ਡੇਵਿਡ ਵੈਨ ਵਿਕ ਨੇ ਕਿਹਾ ਕਿ ਦੇਸ਼ ਵਿੱਚ ਲਗਭਗ 6,000 ਖਾਣਾਂ ਗੈਰ ਕਾਰਜਸ਼ੀਲ ਕੀਤੀਆਂ ਗਈਆਂ ਹਨ।
ਉਨ੍ਹਾਂ ਨੇ ਅਫਰੀਕਾ ਪੋਡਕਾਸਟ 'ਤੇ ਬੀਬੀਸੀ ਫੋਕਸ ਨੂੰ ਦੱਸਿਆ,"ਭਾਵੇ ਇਹ ਖਾਨਾਂ ਵੱਡੇ ਪੈਮਾਨੇ ਦੀ ਉਦਯੋਗਿਕ ਮਾਈਨਿੰਗ ਪੱਖੋਂ ਮੁਨਾਫ਼ੇ ਦੇਣ ਜੋਗੀਆਂ ਨਹੀਂ ਰਹੀਆਂ ਪਰ ਛੋਟੇ ਪੈਮਾਨੇ ਦੀ ਮਾਈਨਿੰਗ ਪੱਖੋਂ ਹਾਲੇ ਵੀ ਲਾਭਕਾਰੀ ਹਨ।"
ਐੱਨਡੂਮੀਸੋ ਨੇ ਕਿਹਾ ਕਿ ਉਹ 1996 ਵਿੱਚ ਨੌਕਰੀ ਤੋਂ ਕੱਢੇ ਜਾਣ ਤੱਕ ਸੋਨੇ ਦੀ ਖੁਦਾਈ ਕਰਨ ਵਾਲੀ ਕੰਪਨੀ ਲਈ ਇੱਕ ਡ੍ਰਿਲ ਆਪਰੇਟਰ ਵਜੋਂ ਕੰਮ ਕਰਦਾ ਸੀ।
ਇੱਕ ਮਹੀਨੇ ਦੀ ਕਮਾਈ 220 ਡਾਲਰ ਤੋਂ ਵੀ ਘੱਟ ਹੁੰਦੀ ਸੀ।
ਉਸ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਵਿੱਚ ਬੇਰੋਜ਼ਗਾਰੀ ਦੀ ਉੱਚੀ ਦਰ ਦੇ ਕਾਰਨ, ਉਸ ਨੇ 20 ਸਾਲਾਂ ਤੱਕ ਮਾਨਤਾ ਪ੍ਰਾਪਤ ਨੌਕਰੀ ਲੱਭਣ ਲਈ ਸੰਘਰਸ਼ ਕਰਨ ਤੋਂ ਬਾਅਦ ਆਖਰ ਇੱਕ ਗੈਰ-ਕਾਨੂੰਨੀ ਮਾਈਨਰ ਬਣਨ ਦਾ ਫੈਸਲਾ ਕੀਤਾ।
ਦੱਖਣੀ ਅਫ਼ਰੀਕਾ ਵਿੱਚ ਹਜ਼ਾਰਾਂ ਗੈਰ-ਕਾਨੂੰਨੀ ਮਾਈਨਰ ਹਨ। ਵੈਨ ਵਿਕ ਮੁਤਾਬਕ ਉਨ੍ਹਾਂ ਦੀ ਗਿਣਤੀ ਇਕੱਲੇ ਗੌਟੇਂਗ ਸੂਬੇ ਵਿੱਚ ਲਗਭਗ 36,000 ਹੈ।
ਗੌਟੇਂਗ ਦੇਸ਼ ਦਾ ਆਰਥਿਕ ਕੇਂਦਰ ਹੈ ਜਿੱਥੇ 19ਵੀਂ ਸਦੀ ਵਿੱਚ ਸੋਨੇ ਦੀ ਪਹਿਲੀ ਖੋਜ ਕੀਤੀ ਗਈ ਸੀ।
ਮੁਹਿੰਮ ਸਮੂਹ ਗਲੋਬਲ ਇਨੀਸ਼ੀਏਟਿਵ ਅਗੇਂਸਟ ਟ੍ਰਾਂਸਨੈਸ਼ਨਲ ਆਰਗੇਨਾਈਜ਼ਡ ਕ੍ਰਾਈਮ ਦੀ ਰਿਪੋਰਟ ਵਿਚ ਕਿਹਾ ਗਿਆ ਹੈ "ਜ਼ਾਮਾ ਜ਼ਾਮਾ ਅਕਸਰ ਮਹੀਨੇ ਤੱਕ ਅੰਡਰਗਰਾਊਂਡ ਰਹਿੰਦੇ ਹਨ। ਉਹ ਭੋਜਨ ਅਤੇ ਹੋਰ ਜ਼ਰੂਰਤਾਂ ਲਈ ਬਾਹਰੀ ਸਹਾਇਤਾ 'ਤੇ ਬਹੁਤ ਜ਼ਿਆਦਾ ਨਿਰਭਰ ਕਰਦੇ ਹਨ। ਇਹ ਮੁਸ਼ਕਲ ਅਤੇ ਖਤਰਨਾਕ ਕੰਮ ਹੈ।"
ਇਸ ਰਿਪੋਰਟ 'ਚ ਅੱਗੇ ਦੱਸਿਆ ਗਿਆ ਕਿ "ਕੁਝ ਆਪਣੇ ਆਪ ਨੂੰ ਮਾਈਨਰਾਂ ਦੇ ਵਿਰੋਧੀ ਗਰੋਹਾਂ ਤੋਂ ਬਚਾਉਣ ਲਈ ਪਿਸਤੌਲ, ਸ਼ਾਟਗਨ ਅਤੇ ਅਰਧ-ਆਟੋਮੈਟਿਕ ਹਥਿਆਰ ਰੱਖਦੇ ਹਨ।"

ਤਸਵੀਰ ਸਰੋਤ, Getty Images
ਐੱਨਡੂਮੀਸੋ ਨੇ ਬੀਬੀਸੀ ਨੂੰ ਦੱਸਿਆ ਕਿ ਉਸ ਕੋਲ ਇੱਕ ਪਿਸਤੌਲ ਸੀ, ਪਰ ਨਾਲ ਹੋਈ ਉਸ ਵਲੋਂ ਆਪਣੇ ਗਿਰੋਹ ਨੂੰ ਲਗਭਗ 8 ਡਾਲਰ ਦੀ ਮਹੀਨਾਵਾਰ "ਸੁਰੱਖਿਆ ਫੀਸ" ਵੀ ਅਦਾ ਕੀਤੀ ਜਾਂਦੀ ਸੀ।
ਉਸ ਨੇ ਦੱਸਿਆ ਭਾਰੀ ਹਥਿਆਰਾਂ ਨਾਲ ਲੈਸ ਗਾਰਡ ਖ਼ਤਰਿਆਂ ਤੋਂ ਉਨ੍ਹਾਂ ਦਾ ਬਚਾਅ ਕਰਦੇ ਹਨ, ਖਾਸ ਤੌਰ 'ਤੇ ਲੈਸੋਥੋ ਗੈਂਗਸ ਤੋਂ ਜਿਨ੍ਹਾਂ ਕੋਲ ਵਧੇਰੇ ਘਾਤਕ ਹਥਿਆਰ ਉਪਲੱਭਧ ਹਨ।
ਗਰੋਹ ਦੀ 24-ਘੰਟੇ ਦੀ ਸੁਰੱਖਿਆ ਦੇ ਤਹਿਤ, ਐੱਨਡੂਮੀਸੋ ਨੇ ਕਿਹਾ ਕਿ ਉਹ ਸੋਨਾ ਲੱਭਣ ਲਈ ਰਾਕ-ਬਲਾਸਟਿੰਗ ਅਤੇ ਮੁਢਲੇ ਔਜ਼ਾਰਾਂ ਜਿਵੇਂ ਕਿ ਇੱਕ ਕੁਹਾੜੀ, ਸਪੇਡ ਅਤੇ ਛੀਸਲ ਲਈ ਡਾਇਨਾਮਾਈਟ ਦੀ ਵਰਤੋਂ ਕਰਦਾ ਸੀ।
ਉਸ ਨੂੰ ਜੋ ਮਿਲਦਾ ਹੈ ਉਸ ਵਿੱਚੋਂ ਜ਼ਿਆਦਾਤਰ ਉਹ ਗੈਂਗ ਲੀਡਰ ਨੂੰ ਦੇ ਦਿੰਦਾ ਸੀ , ਜੋ ਉਸ ਨੂੰ ਇਸ ਦੇ ਬਦਲੇ ਹਰ ਦੋ ਹਫ਼ਤਿਆਂ ਵਿੱਚ ਘੱਟੋ ਘੱਟ 1,100 ਡਾਲਰ ਦਾ ਭੁਗਤਾਨ ਕਰਦਾ ਸੀ।
ਉਸ ਦਾ ਕਹਿਣਾ ਹੈ ਕਿ ਹੁਣ ਉਹ ਕੁਝ ਸੋਨਾ ਆਪਣੇ ਆਪ ਕੋਲ ਰੱਖਣ ਯੋਗ ਹੋ ਗਿਆ ਹੈ ਜਿਸ ਨੂੰ ਉਹ ਆਪਣੀ ਆਮਦਨ ਵਧਾਉਣ ਲਈ ਬਲੈਕ ਮਾਰਕੀਟ ਵਿੱਚ ਵੇਚਦਾ ਹੈ।
ਉਸ ਦਾ ਮੰਨਣਾ ਹੈ ਕਿ ਕਿਸਮਤ ਵਾਲਾ ਹੈ ਕਿ ਉਸ ਦਾ ਅਜਿਹਾ ਪ੍ਰਬੰਧ ਹੈ ਕਿਉਂਕਿ ਉੱਥੇ ਬਹੁਤ ਸਾਰੇ ਮਜ਼ਦੂਰ ਅਜਿਹੇ ਹਨ ਜਿਨ੍ਹਾਂ ਨੂੰ ਅਗਵਾ ਕਰਕੇ ਸ਼ਾਫ਼ਟ 'ਚ ਲਿਆ ਜਾਂਦਾ ਹੈ ਅਤੇ ਫਿਰ ਉਨ੍ਹਾਂ ਤੋਂ ਗੁਲਾਮਾਂ ਵਾਂਗ ਕੰਮ ਕਰਵਾਇਆ ਜਾਂਦਾ ਹੈ। ਇਸ ਮਜ਼ਦੂਰੀ ਦੇ ਬਦਲੇ ਨਾ ਤਾਂ ਉਨ੍ਹਾਂ ਨੂੰ ਕੋਈ ਅਦਾਇਗੀ ਕੀਤੀ ਜਾਂਦੀ ਹੈ ਅਤੇ ਨਾਂ ਹੀ ਉਨ੍ਹਾਂ ਨੂੰ ਕੋਈ ਸੋਨਾ ਹਾਸਲ ਹੁੰਦਾ ਹੈ।
ਅੰਡਰਗਰਾਉਂਡ ਰਹਿਣ ਨਾਲ ਚਮੜੀ ਪੀਲੀ ਪਈ
ਐੱਨਡੂਮੀਸੋ ਨੇ ਕਿਹਾ ਕਿ ਉਹ ਆਮ ਤੌਰ 'ਤੇ ਲਗਭਗ ਤਿੰਨ ਮਹੀਨਿਆਂ ਲਈ ਅੰਡਰਗਰਾਉਂਡ ਰਹਿੰਦਾ ਹੈ ਅਤੇ ਫਿਰ ਦੋ ਤੋਂ ਚਾਰ ਹਫ਼ਤਿਆਂ ਲਈ ਵਾਪਸ ਆਉਂਦਾ ਹੈ ਤਾਂ ਜੋ ਵਾਪਿਸ ਜਾਣ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਇਆ ਜਾ ਸਕੇ ਅਤੇ ਆਪਣਾ ਸੋਨਾ ਵੇਚਿਆ ਜਾ ਸਕੇ।
"ਮੈਂ ਆਪਣੇ ਬਿਸਤਰੇ 'ਤੇ ਸੌਣ ਅਤੇ ਘਰ ਦਾ ਪਕਾਇਆ ਭੋਜਨ ਖਾਣ ਦੀ ਉਮੀਦ ਕਰਦਾ ਹਾਂ। ਤਾਜ਼ੀ ਹਵਾ ਵਿੱਚ ਸਾਹ ਲੈਣਾ ਇੱਕ ਵਧੀਆਂ ਅਹਿਸਾਸ ਹੈ।"
ਜੇਕਰ ਖੁਦਾਈ ਵਾਲਾ ਅੱਡਾ ਉਸਦੇ ਹੱਥੋਂ ਨਾ ਖੂੰਜੇ ਤਾਂ ਐੱਨਡੂਮੀਸੋ ਆਪਣੀ ਖੁਦਾਈ ਵਾਲੀ ਥਾਂ ਤੋਂ ਜ਼ਿਆਦਾ ਵਾਰ ਬਾਹਰ ਨਹੀਂ ਆਉਂਦਾ।
ਪਰ ਉਸ ਮੁਤਾਬਕ ਤਿੰਨ ਮਹੀਨਿਆਂ ਦਾ ਸਮਾਂ ਅੰਡਰਗਰਾਉਂਡ ਰਹਿਣ ਲਈ ਕਾਫੀ ਹੋ ਜਾਂਦਾ ਹੈ।
ਇੱਕ ਵਾਰ ਖਾਨ 'ਚੋ ਬਾਹਰ ਨਿਕਲਣ ਦੇ ਕਿੱਸੇ ਨੂੰ ਯਾਦ ਕਰਦਿਆਂ ਉਸ ਨੇ ਦੱਸਿਆ ਕਿ " ਮੈਨੂੰ ਸੂਰਜ ਦੀ ਚਮਕ ਇੰਝ ਲੱਗੀ ਕਿ ਮੈਂ ਸੋਚਿਆ ਮੈਂ ਸੱਚਮੁਚ ਹੀ ਅੰਨ੍ਹਾ ਹੋ ਗਿਆ।"
ਐੱਨਡੂਮੀਸੋ ਚਮੜੀ ਵੀ ਇੰਨੀ ਪੀਲੀ ਹੋ ਗਈ ਸੀ ਕਿ ਉਸ ਦੀ ਪਤਨੀ ਉਸ ਨੂੰ ਡਾਕਟਰੀ ਜਾਂਚ ਲਈ ਲੈ ਗਈ।
"ਮੈਂ ਡਾਕਟਰ ਨੂੰ ਇਮਾਨਦਾਰੀ ਨਾਲ ਦੱਸਿਆ ਕਿ ਮੈਂ ਕਿੱਥੇ ਰਹਿੰਦਾ ਸੀ। ਉਸਨੇ ਕੁਝ ਨਹੀਂ ਕਿਹਾ ਅਤੇ ਸਿਰਫ ਮੇਰਾ ਇਲਾਜ ਕੀਤਾ ਅਤੇ ਕੁਝ ਵਿਟਾਮਿਨ ਦਿੱਤੇ।"
ਬਾਹਰ ਆ ਕੇ ਐੱਨਡੂਮੀਸੋ ਸਿਰਫ਼ ਆਰਾਮ ਨਹੀਂ ਕਰਦਾ। ਉਹ ਹੋਰ ਗੈਰ-ਕਾਨੂੰਨੀ ਮਾਈਨਰਾਂ ਨਾਲ ਵੀ ਕੰਮ ਕਰਦਾ ਹੈ ਕਿਉਂਕਿ ਹੇਠਾਂ ਤੋਂ ਧਾਤੂ ਨਾਲ ਭਰੀਆਂ ਜਿੰਨਾ ਚੱਟਾਨਾਂ ਉਪਰ ਲਿਆਂਦਾ ਜਾਂਦਾ ਹੈ, ਉਹਨਾਂ ਦਾ ਧਮਾਕੇ ਨਾਲ ਬਰੀਕ ਪਾਊਡਰ ਬਣਾਇਆ ਜਾਂਦਾ ਹੈ।
ਇਸ ਨੂੰ ਫਿਰ ਇੱਕ ਅਸਥਾਈ ਪਲਾਂਟ ਵਿੱਚ ਪਾਰਾ ਅਤੇ ਸੋਡੀਅਮ ਸਾਇਨਾਈਡ ਵਰਗੇ ਖਤਰਨਾਕ ਰਸਾਇਣਾਂ ਦੀ ਵਰਤੋਂ ਕਰਕੇ ਸੋਨੇ ਨੂੰ ਵੱਖ ਕਰਨ ਲਈ ਧੋਇਆ ਜਾਂਦਾ ਹੈ।

ਤਸਵੀਰ ਸਰੋਤ, Getty Images
ਐੱਨਡੂਮੀਸੋ ਨੇ ਕਿਹਾ ਕਿ ਉਹ ਫਿਰ ਸੋਨੇ ਦਾ ਆਪਣਾ ਹਿੱਸਾ ਵੇਚਦਾ ਹੈ।
ਉਸ ਨੇ ਦੱਸਿਆ ਕਿ ਉਹ ਇੱਕ ਗ੍ਰਾਮ ਸੋਨਾ ਕਰੀਬ 55 ਡਾਲਰ 'ਚ ਵੇਚਦਾ ਹੈ ਜੋ ਕਿ ਸਰਕਾਰੀ ਤੈਅ ਕੀਮਤ 77 ਡਾਲਰ ਤੋਂ ਘੱਟ ਹੈ।
ਉਸ ਨੇ ਕਿਹਾ ਕਿ ਉਸ ਕੋਲ ਇੱਕ ਪੱਕਾ ਖਰੀਦਦਾਰ ਹੈ। ਜਿਸ ਨਾਲ ਉਹ ਵਟਸਐਪ ਰਾਹੀਂ ਸੰਪਰਕ ਕਰਦਾ ਹੈ।
"ਪਹਿਲੀ ਵਾਰ ਜਦੋਂ ਮੈਂ ਉਸ ਨੂੰ ਮਿਲਿਆ ਤਾਂ ਮੈਨੂੰ ਭਰੋਸਾ ਨਹੀਂ ਸੀ। ਇਸ ਲਈ ਮੈਂ ਉਸ ਨੂੰ ਕਿਹਾ ਕਿ ਮੈਨੂੰ ਪੁਲਿਸ ਸਟੇਸ਼ਨ ਦੀ ਕਾਰ ਪਾਰਕਿੰਗ ਵਿੱਚ ਮਿਲੇ। ਮੈਨੂੰ ਪਤਾ ਸੀ ਕਿ ਮੈਂ ਉੱਥੇ ਸੁਰੱਖਿਅਤ ਹੋਵਾਂਗਾ।
ਐੱਨਡੂਮੀਸੋ ਦੱਸਦਾ ਹੈ "ਹੁਣ ਅਸੀਂ ਕਿਸੇ ਵੀ ਕਾਰ ਪਾਰਕਿੰਗ ਵਿੱਚ ਮਿਲ ਲੈਂਦੇ ਹਾਂ। ਸਾਡੇ ਕੋਲ ਇੱਕ ਕੰਡਾ ਹੈ। ਅਸੀਂ ਮੌਕੇ 'ਤੇ ਹੀ ਸੋਨਾ ਤੋਲਦੇ ਹਾਂ। ਫਿਰ ਸੋਨੇ ਨੂੰ ਸੌਂਪਣ ਤੋਂ ਬਾਅਦ, ਉਹ ਮੈਨੂੰ ਨਕਦ ਭੁਗਤਾਨ ਕਰਦਾ ਦਿੰਦਾ ਹੈ।’
ਉਸ ਨੇ ਦੱਸਿਆ ਕਿ ਮੁਨਾਫਾ 3800 ਤੋਂ 5500 ਡਾਲਰ ਦੇ ਕਰੀਬ ਹੋ ਜਾਂਦਾ ਹੈ।
ਉਸ ਨੂੰ ਇਹ ਰਕਮ ਹਰ ਤਿੰਨ ਮਹੀਨਿਆਂ ਬਾਅਦ ਮਿਲਦੀ ਹੈ।
ਭਾਵ ਉਸਦੀ ਔਸਤ ਸਲਾਨਾ ਆਮਦਨ 15,500 ਡਾਲਰ ਤੋਂ 22,000 ਡਾਲਰ ਦੇ ਵਿਚਕਾਰ ਹੈ - ਜੋ ਕਿ ਇੱਕ ਕਾਨੂੰਨੀ ਤੌਰ 'ਤੇ ਰੁਜ਼ਗਾਰ ਪ੍ਰਾਪਤ ਮਾਈਨਰ ਨੂੰ ਹੋਣ ਵਾਲੀ 2,700 ਡਾਲਰ ਦੀ ਕਮਾਈ ਤੋਂ ਕਿਤੇ ਵੱਧ ਹੈ।
ਐੱਨਡੂਮੀਸੋ ਦਾ ਕਹਿਣਾ ਹੈ ਕਿ ਗੈਂਗ ਦੇ ਆਗੂ ਇਸ ਰਕਮ ਤੋਂ ਕਿਤੇ ਜ਼ਿਆਦਾ ਕਮਾਈ ਕਰਦੇ ਹਨ, ਪਰ ਉਹ ਨਹੀਂ ਜਾਣਦਾ ਕਿੰਨੀ।
ਦੇਸ਼ ਦੀ ਆਰਥਿਕਤਾ 'ਤੇ ਪੈਂਦਾ ਹੈ ਅਰਬਾਂ ਦਾ ਪ੍ਰਭਾਵ
ਆਪਣੇ ਸੋਨੇ ਦੇ ਖਰੀਦਦਾਰ ਲਈ, ਐੱਨਡੂਮੀਸੋ ਦਾ ਕਹਿਣਾ ਹੈ ਕਿ ਉਹ ਉਸ ਬਾਰੇ ਕੁਝ ਨਹੀਂ ਜਾਣਦਾ, ਸਿਵਾਏ ਇਸ ਗੱਲ ਦੇ ਕਿ ਉਹ ਇੱਕ ਗੈਰ-ਕਾਨੂੰਨੀ ਉਦਯੋਗ ਵਿੱਚ ਕੰਮ ਕਰਨ ਵਾਲਾ ਗੋਰਾ ਹੈ ਅਤੇ ਉਸ ਦੇ ਉਦਯੋਗ 'ਚ ਵੱਖ-ਵੱਖ ਨਸਲਾਂ ਅਤੇ ਵਰਗਾਂ ਦੇ ਲੋਕ ਸ਼ਾਮਲ ਹਨ।
ਵੈਨ ਵਿਕ ਦਾ ਕਹਿਣਾ ਹੈ ਕਿ ਸਰਕਾਰ "ਜੋਹਾਨਸਬਰਗ ਅਤੇ ਕੇਪ ਟਾਊਨ ਵਰਗੇ ਉਪਨਗਰਾਂ ਵਿੱਚ ਰਹਿਣ ਵਾਲੇ ਕਿੰਗਪਿਨ" ਨੂੰ ਨਿਸ਼ਾਨਾ ਬਣਾਉਣ ਦੀ ਬਜਾਏ ਇਨ੍ਹਾਂ ਗੈਰ ਕਾਨੂੰਨੀ ਮਜ਼ਦੂਰਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜਿਸ ਕਰਕੇ ਅਪਰਾਧਿਕ ਨੈੱਟਵਰਕਾਂ 'ਤੇ ਕਾਬੂ ਪਾਉਣਾ ਮੁਸ਼ਕਲ ਹੋ ਜਾਂਦਾ ਹੈ।
ਰਾਮਾਫੋਸਾ ਮੁਤਾਬਕ ਗੈਰ-ਕਾਨੂੰਨੀ ਖਣਨ ਕਾਰਨ "ਦੇਸ਼ ਦੀ ਆਰਥਿਕਤਾ 'ਚ ਅਰਬਾਂ ਰੈਂਡ ਦੇ ਬਰਾਬਰ ਆਮਦਨ, ਰਾਇਲਟੀ ਅਤੇ ਟੈਕਸਾਂ ਦਾ ਨੁਕਸਾਨ ਹੋ ਰਿਹਾ ਹੈ। "
ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਹਨਾਂ ਹੀ ਮਈਨਿੰਗ ਫਰਮਾਂ ਨਾਲ ਕੰਮ ਕਰਨਾ ਜਾਰੀ ਰੱਖੇਗੀ ਜੋ ਗੈਰ ਕਾਰਜਸ਼ੈਲੀ ਖਾਨਾ ਨੂੰ ਬੰਦ ਕਰਨ ਜਾਂ ਉਨ੍ਹਾਂ ਦੇ ਮੁੜ ਵਸੇਬੇ ਦੀ ਜਿੰਮੇਵਾਰੀ ਲੈਣ।
ਵੈਨ ਵਿਕ ਨੇ ਬੀਬੀਸੀ ਫੋਕਸ ਆਨ ਅਫਰੀਕਾ ਪੋਡਕਾਸਟ ਨੂੰ ਦੱਸਿਆ ਕਿ ਜੇਕਰ ਸਰਕਾਰ "ਜ਼ਾਮਾ ਜ਼ਾਮਾ" ਨੂੰ ਨਿਸ਼ਾਨਾ ਬਣਾਉਂਦੀ ਹੈ ਤਾਂ ਦੱਖਣੀ ਅਫਰੀਕਾ ਦੇ ਆਰਥਿਕ ਸੰਕਟ ਹੋਰ ਵਿਗੜ ਜਾਵੇਗਾ।
ਵਿਕ ਨੇ ਅੱਗੇ ਕਿਹਾ "ਉਨ੍ਹਾਂ ਦੇ ਕਾਰਜਾਂ ਨੂੰ ਗੈਰ ਅਪਰਾਧੀ ਬਣਾਉਣ, ਉਨ੍ਹਾਂ ਨੂੰ ਬਿਹਤਰ ਸੰਗਠਿਤ ਕਰਨ ਅਤੇ ਉਨ੍ਹਾਂ ਨੂੰ ਨਿਯਮਤ ਕਰਨ ਲਈ ਇੱਕ ਨੀਤੀ ਦੀ ਲੋੜ ਹੈ।"
ਜਦੋਂ ਐੱਨਡੂਮੀਸੋ ਕੰਮ ਲਈ ਵਾਪਸ ਅੰਡਰਗਰਾਊਂਡ ਹੁੰਦਾ ਹੈ, ਤਾਂ ਉਹ ਆਪਣੇ ਨਾਲ ਡੱਬਾਬੰਦ ਭੋਜਨ ਦੇ ਬਹੁਤ ਸਾਰੇ ਡੱਬੇ ਲੈ ਜਾਂਦਾ ਹੈ ਤਾਂ ਜੋ ਉਨ੍ਹਾਂ ਖਾਨ 'ਚ ਮੌਜੂਦ "ਬਾਜ਼ਾਰਾਂ" ਵਿੱਚ ਬਹੁਤ ਜ਼ਿਆਦਾ ਕੀਮਤ 'ਤੇ ਵਿਕਦੀਆਂ ਇਨ੍ਹਾਂ ਚੀਜ਼ਾਂ ਦੇ ਖਰਚੇ ਨੂੰ ਬਚਿਆ ਜਾ ਸਕੇ।
ਭੋਜਨ ਤੋਂ ਇਲਾਵਾ, ਉੱਥੇ ਬੁਨਿਆਦੀ ਚੀਜ਼ਾਂ - ਜਿਵੇਂ ਸਿਗਰੇਟ, ਟਾਰਚ, ਬੈਟਰੀਆਂ - ਅਤੇ ਮਾਈਨਿੰਗ ਟੂਲ ਵੀ ਵੇਚਿਆ ਜਾਂਦੀਆਂ ਹਨ।
ਇਸ ਤੋਂ ਪਤਾ ਲੱਗਦਾ ਹੈ ਕਿ ਇਹ ਭਾਈਚਾਰਾ - ਜਾਂ ਇੱਕ ਛੋਟਾ ਜਿਹਾ ਕਸਬਾ - ਸਾਲਾਂ ਦੌਰਾਨ ਭੂਮੀਗਤ ਵਿਕਸਤ ਹੋਇਆ ਸੀ, ਐੱਨਡੂਮੀਸੋ ਨੇ ਕਿਹਾ ਕਿ ਇਹ ਥਾਂ ਰੈਡ ਲਾਈਟ ਡਿਸਟ੍ਰਿਕਟ ਵੀ ਹੈ ਜਿਥੇ ਗੈਂਗ ਆਗੂਆਂ ਵਲੋਂ ਸੈਕਸ ਵਰਕਰਾਂ ਨੂੰ ਵੀ ਭੂਮੀਗਤ ਕੀਤਾ ਹੋਇਆ ਹੈ।
ਐੱਨਡੂਮੀਸੋ ਨੇ ਕਿਹਾ ਕਿ ਉਹ ਖਾਨ ਜਿੱਥੇ ਉਸਨੇ ਕੰਮ ਕੀਤਾ ਸੀ, ਉਹ ਕਈ ਪੱਧਰਾਂ ਦੀ ਬਣੀ ਹੋਈ ਸੀ। ਉੱਥੇ ਕਈ ਸੁਰੰਗਾਂ ਸਨ ਜੋ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਸਨ।
"ਇਹ ਖਾਨਾ ਹਾਈਵੇ ਵਰਗੀਆਂ ਹਨ। ਵੱਖ-ਵੱਖ ਸਥਾਨਾਂ ਅਤੇ ਪੱਧਰਾਂ ਦੀ ਦਿਸ਼ਾ ਦਰਸਾਉਣ ਲਈ ਦੀਵਾਰਾਂ 'ਤੇ ਚੀਨ ਪੇਂਟ ਕੀਤੇ ਗਏ ਹਨ। ਏਥੇ ਵੱਖ ਵੱਖ ਪੱਧਰ ਹਨ ਜਿਵੇ ਇਕ ਲੈਵਲ ਨੂੰ ਅਸੀਂ ਟਾਇਲਟ ਵਜੋਂ ਵਰਤਦੇ ਹਾਂ, ਇਕ ਹੋਰ ਲੈਵਲ ਹੈ ਜਿਸ ਨੂੰ ਅਸੀਂ ਜ਼ਾਮਾ -ਜ਼ਾਮਾ ਕਬਰਿਸਤਾਨ ਕਹਿੰਦੇ ਹਾਂ"
"ਕੁਝ ਮਾਈਨਰ ਵਿਰੋਧੀ ਗਿਰੋਹ ਦੇ ਮੈਂਬਰਾਂ ਦੁਆਰਾ ਮਾਰੇ ਜਾਂਦੇ ਹਨ, ਕੁਝ ਪੱਥਰ ਡਿੱਗਣ ਦੌਰਾਨ ਕੁਚਲੇ ਜਾਂਦੇ ਹਨ। ਮੇਰੇ ਇੱਕ ਦੋਸਤ ਦੀ ਇੱਥੇ ਜਾਨ ਗਈ ਹੈ, ਉਸਦਾ ਸੋਨਾ ਲੁੱਟ ਕੇ ਉਸ ਦੇ ਸਰ 'ਚ ਗੋਲੀ ਮਾਰ ਦਿੱਤੀ ਗਈ ਸੀ।"
ਹਾਲਾਂਕਿ ਅੰਡਰਗਰਾਊਂਡ ਜੀਵਨ ਖ਼ਤਰਨਾਕ ਹੈ, ਇਹ ਇੱਕ ਖਤਰਾ ਹੈ ਜਿਸ ਨੂੰ ਐੱਨਡੂਮੀਸੋ ਵਰਗੇ ਹਜ਼ਾਰਾਂ ਲੈਣ ਲਈ ਤਿਆਰ ਹਨ, ਕਿਉਂਕਿ ਉਨ੍ਹਾਂ ਮੁਤਬਕ ਇਹ ਵਿਕਲਪ ਦੇਸ਼ ਵਿੱਚ ਗ਼ਰੀਬ ਰਹਿਣ ਅਤੇ ਮਰਨ ਨਾਲੋਂ ਬੇਹਤਰ ਹੈ ਜਿੱਥੇ ਬੇਰੁਜ਼ਗਾਰੀ ਦੀ ਦਰ 30% ਤੋਂ ਵੱਧ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












