ਪਾਕਿਸਤਾਨ ਦੇ 'ਦੋ ਕੂਹਣੀਆਂ ਵਾਲੇ' ਗੇਂਦਬਾਜ਼ ਉਸਮਾਨ ਤਾਰਿਕ ਦਾ ਐਕਸ਼ਨ ਕਿਵੇਂ ਬੱਲੇਬਾਜ਼ਾਂ ਲਈ ਸਿਰਦਰਦ ਬਣ ਰਿਹਾ

ਪਾਕਿਸਤਾਨੀ ਗੇਂਦਬਾਜ਼ ਉਸਮਾਨ ਤਾਰਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਟੀ-20 ਵਿਸ਼ਵ ਕੱਪ ਮੁਕਾਬਲੇ ਵਿੱਚ ਅਮਰੀਕਾ ਖਿਲਾਫ ਖੇਡੇ ਮੈਚ ਵਿੱਚ ਪਾਕਿਸਤਾਨ ਦੇ ਉਸਮਾਨ ਤਾਰਿਕ ਨੇ ਜਿਸ ਤਰ੍ਹਾਂ ਗੇਂਦਬਾਜ਼ੀ ਕੀਤੀ ਉਸ ਨੂੰ ਲੈ ਕੇ ਸਵਾਲ ਉੱਠ ਰਹੇ ਹਨ
ਪੜ੍ਹਨ ਦਾ ਸਮਾਂ: 8 ਮਿੰਟ

'ਉਨ੍ਹਾਂ ਨੇ ਜੋ ਕੀਤਾ, ਉਸ ਨੂੰ ਤਾਂ ਭਾਰਤ ਵੀ ਨਹੀਂ ਸਮਝ ਪਾਏਗਾ।'

'ਇਹ ਭਾਰਤ ਦੇ ਖ਼ਿਲਾਫ ਹੁਕਮ ਦਾ ਇੱਕਾ ਹੋਵੇਗਾ।'

ਪਾਕਿਸਤਾਨ ਅਤੇ ਅਮਰੀਕੀ ਕ੍ਰਿਕਟ ਟੀਮਾਂ ਵਿਚਕਾਰ ਹੋਏ ਟੀ-20 ਵਰਲਡ ਕੱਪ ਮੈਚ ਦੌਰਾਨ ਇਹ ਚਰਚਾ ਭਾਰਤ ਦੇ ਇੱਕ ਚੈਨਲ 'ਤੇ ਕਮੈਂਟਰੀ ਦੌਰਾਨ ਹੋ ਰਹੀ ਸੀ। ਅਤੇ ਇਹ ਗੱਲਾਂ ਪਾਕਿਸਤਾਨੀ ਗੇਂਦਬਾਜ਼ ਉਸਮਾਨ ਤਾਰਿਕ ਬਾਰੇ ਹੋ ਰਹੀਆਂ ਸਨ, ਜਿਨ੍ਹਾਂ ਦਾ ਵੱਖਰਾ ਬੌਲਿੰਗ ਐਕਸ਼ਨ ਪਹਿਲਾਂ ਵੀ ਚਰਚਾ 'ਚ ਰਿਹਾ ਹੈ।

ਬੀਤੇ ਮੰਗਲਵਾਰ ਨੂੰ ਪਾਕਿਸਤਾਨੀ ਕ੍ਰਿਕਟ ਟੀਮ ਨੇ ਟੀ-20 ਮੁਕਾਬਲੇ ਵਿੱਚ ਅਮਰੀਕਾ ਨੂੰ 32 ਦੌੜਾਂ ਨਾਲ ਹਰਾਇਆ ਸੀ। ਅਤੇ ਇਸ ਮੈਚ ਵਿੱਚ ਉਸਮਾਨ ਤਾਰਿਕ ਨੇ ਚਾਰ ਓਵਰਾਂ ਵਿੱਚ ਸਿਰਫ਼ 27 ਦੌੜਾਂ ਦੇ ਕੇ 3 ਵਿਕਟ ਆਪਣੇ ਖਾਤੇ ਕੀਤੇ ਸਨ।

ਇਸੇ ਮੈਚ ਦੀਆਂ ਕੁਝ ਕਲਿੱਪਾਂ ਭਾਰਤ ਵਿੱਚ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋਈਆਂ। ਕੁਝ ਉਪਭੋਗਤਾਵਾਂ ਨੇ ਉਸਮਾਨ ਤਾਰਿਕ ਦੇ ਬੌਲਿੰਗ (ਗੇਂਦਬਾਜ਼ੀ) ਐਕਸ਼ਨ 'ਤੇ ਸਵਾਲ ਚੁੱਕੇ ਅਤੇ ਕੁਝ ਨੇ ਇਹ ਵੀ ਪੁੱਛਿਆ ਕਿ ਉਸਮਾਨ ਜਿਸ ਤਰ੍ਹਾਂ ਗੇਂਦ ਸੁੱਟਣ ਤੋਂ ਪਹਿਲਾਂ ਥੋੜ੍ਹਾ ਠਹਿਰਦੇ ਹਨ, ਕੀ ਉਹ ਨਿਯਮਾਂ ਮੁਤਾਬਕ ਠੀਕ ਹੈ।

ਹਾਲਾਂਕਿ, ਇਸ ਪੂਰੀ ਬਹਿਸ ਦਰਮਿਆਨ ਭਾਰਤ ਦੇ ਸਾਬਕਾ ਸਪਿਨ ਗੇਂਦਬਾਜ਼ ਆਰ ਅਸ਼ਵਿਨ ਨੇ ਉਸਮਾਨ ਤਾਰਿਕ ਦਾ ਬਚਾਅ ਕੀਤਾ ਹੈ।

ਕੀ ਕਹਿ ਰਹੇ ਹਨ ਭਾਰਤ ਦੇ ਸਾਬਕਾ ਕ੍ਰਿਕਟਰ?

ਸਾਬਕਾ ਸਪਿਨ ਗੇਂਦਬਾਜ਼ ਆਰ ਅਸ਼ਵਿਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਬਕਾ ਸਪਿਨ ਗੇਂਦਬਾਜ਼ ਆਰ ਅਸ਼ਵਿਨ ਨੇ ਉਸਮਾਨ ਤਾਰਿਕ ਦਾ ਬਚਾਅ ਕੀਤਾ ਹੈ

ਸ਼੍ਰੀਵਤਸ ਗੋਸਵਾਮੀ ਨਾਮ ਦੇ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਐਕਸ 'ਤੇ ਅਮਰੀਕਾ ਦੇ ਇੱਕ ਬੱਲੇਬਾਜ਼ ਦੇ ਉਸਮਾਨ ਦੀ ਗੇਂਦ 'ਤੇ ਆਉਟ ਹੋਣ ਦਾ ਵੀਡੀਓ ਸ਼ੇਅਰ ਕੀਤਾ।

ਵੀਡੀਓ ਵਿੱਚ ਉਸਮਾਨ ਗੇਂਦ ਸੁੱਟਣ ਤੋਂ ਪਹਿਲਾਂ ਥੋੜ੍ਹਾ ਠਹਿਰਦੇ ਨਜ਼ਰ ਆ ਰਹੇ ਹਨ।

ਸ਼੍ਰੀਵਤਸ ਗੋਸਵਾਮੀ ਨੇ ਇਸ ਵੀਡੀਓ ਦੇ ਨਾਲ ਲਿਖਿਆ, "ਫੁੱਟਬਾਲ ਵਿੱਚ ਵੀ ਖਿਡਾਰੀਆਂ ਨੂੰ ਹੁਣ ਪੈਨਲਟੀ-ਰਨ ਅੱਪ ਦੌਰਾਨ ਪੌਜ਼ ਦੀ ਇਜਾਜ਼ਤ ਨਹੀਂ ਹੈ। ਇਹ ਕਿਵੇਂ ਓਕੇ ਹੈ? ਐਕਸ਼ਨ ਠੀਕ ਹੈ। ਪਰ ਪੌਜ਼? ਉਹ ਵੀ ਜਦੋਂ ਗੇਂਦ ਸੁੱਟੀ ਜਾਣੀ ਹੈ। ਇਹ ਨਹੀਂ ਚੱਲ ਸਕਦਾ।"

ਆਰ ਅਸ਼ਵਿਨ ਨੇ ਸ਼੍ਰੀਵਤਸ ਗੋਸਵਾਮੀ ਦੀ ਇਸ ਪੋਸਟ ਨੂੰ ਹੀ ਕੋਟ ਕਰਦਿਆਂ ਲਿਖਿਆ, "ਇਹ ਸੱਚ ਹੈ ਕਿ ਫੁੱਟਬਾਲ ਵਿੱਚ ਇਸ ਦੀ ਇਜਾਜ਼ਤ ਨਹੀਂ ਹੈ। ਪਰ ਜੇ ਕਿਸੇ ਬੱਲੇਬਾਜ਼ ਨੂੰ ਬਿਨਾਂ ਅੰਪਾਇਰ ਨੂੰ ਸੂਚਿਤ ਕੀਤੇ ਗੇਂਦ ਨੂੰ ਦੂਜੇ ਪਾਸੇ ਸਵਿੱਚ ਕਰਨ ਜਾਂ ਰਿਵਰਸ ਕਰਨ ਦੀ ਇਜਾਜ਼ਤ ਹੈ, ਤਾਂ ਸਾਰੀਆਂ ਪਾਬੰਦੀਆਂ ਸਿਰਫ਼ ਗੇਂਦਬਾਜ਼ ਲਈ ਹੀ ਕਿਉਂ ਹਨ? ਗੇਂਦਬਾਜ਼ ਨੂੰ ਤਾਂ ਅੰਪਾਇਰ ਨੂੰ ਸੂਚਿਤ ਕੀਤੇ ਬਿਨਾਂ ਦੂਜੇ ਹੱਥ ਨਾਲ ਗੇਂਦ ਸੁੱਟਣ ਤੱਕ ਦੀ ਇਜਾਜ਼ਤ ਨਹੀਂ ਹੈ। ਇਸ ਨਿਯਮ ਨੂੰ ਪਹਿਲਾਂ ਬਦਲਿਆ ਜਾਣਾ ਚਾਹੀਦਾ ਹੈ।"

ਸਾਬਕਾ ਭਾਰਤੀ ਕ੍ਰਿਕਟਰ ਅਤੇ ਕਮੈਂਟੇਟਰ ਆਕਾਸ਼ ਚੋਪੜਾ ਨੇ ਇੱਕ ਵੀਡੀਓ ਵਿੱਚ ਪਾਕਿਸਤਾਨੀ ਸਪਿਨ ਗੇਂਦਬਾਜ਼ੀ ਨੂੰ ਮਜ਼ਬੂਤ ਦੱਸਦੇ ਹੋਏ ਉਸਮਾਨ ਤਾਰਿਕ ਦੇ ਐਕਸ਼ਨ ਨੂੰ ਦਿਲਚਸਪ ਦੱਸਿਆ।

ਉਨ੍ਹਾਂ ਕਿਹਾ, "ਉਸਮਾਨ ਦਾ ਐਕਸ਼ਨ ਦਿਲਚਸਪ ਹੈ। ਇੰਝ ਲੱਗਦਾ ਹੈ ਕਿ ਤੁਸੀਂ ਟੀਵੀ ਦੇਖ ਰਹੇ ਹੋ ਅਤੇ ਅਚਾਨਕ ਕਿਸੇ ਨੇ ਪੌਜ਼ ਕਰ ਦਿੱਤਾ ਹੋਵੇ। ਉਹ ਰੁਕ ਜਾਂਦੇ ਹਨ ਅਤੇ ਫਿਰ ਗੇਂਦ ਸੁੱਟਦੇ ਹਨ। ਹੌਲੀ ਸੁੱਟਦੇ ਹਨ। ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ ਕੋਈ ਵੀ ਦਿੱਕਤ ਹੈ। ਇਹ ਠੀਕ ਹੈ। ਤੁਸੀਂ ਖੜ੍ਹੇ ਹੋ ਕੇ ਪੌਜ਼ ਲੈ ਕੇ ਗੇਂਦਬਾਜ਼ੀ ਕਰ ਸਕਦੇ ਹੋ। ਇਸ ਬਾਰੇ ਕੋਈ ਨਿਯਮ ਨਹੀਂ ਹਨ। ਅਤੇ ਜਦੋਂ ਹੌਲੀ ਗੇਂਦ ਸੁੱਟਦੇ ਹਨ, ਉਸ ਵਿੱਚ ਵੀ ਕੂਹਣੀ ਬੈਂਡ ਹੁੰਦੇ (ਮੁੜਦੇ) ਨਹੀਂ ਦਿਖਾਈ ਦਿੰਦੀ।"

ਹਾਲਾਂਕਿ, ਆਕਾਸ਼ ਚੋਪੜਾ ਨੇ ਇਹ ਜ਼ਰੂਰ ਪੁੱਛਿਆ ਕਿ ਕੀ ਬਾਂਹ ਮੋੜੇ ਬਿਨਾਂ ਗੇਂਦ ਦੀ ਰਫ਼ਤਾਰ ਨੂੰ 20 ਤੋਂ 25 ਕਿਲੋਮੀਟਰ ਤੱਕ ਵਧਾਉਣਾ ਸੰਭਵ ਹੈ।

ਸਾਬਕਾ ਭਾਰਤੀ ਕ੍ਰਿਕਟਰ ਅਤੇ ਕਮੈਂਟੇਟਰ ਆਕਾਸ਼ ਚੋਪੜਾ

ਬਹਿਸ ਇੰਨੀ ਵਧ ਗਈ ਕਿ ਆਰ ਅਸ਼ਵਿਨ ਨੇ ਐਕਸ 'ਤੇ ਇੱਕ ਹੋਰ ਲੰਬੀ ਪੋਸਟ ਲਿਖੀ। ਉਨ੍ਹਾਂ ਕਿਹਾ, "ਪਹਿਲੀ ਗੱਲ ਤਾਂ ਇਹ ਹੈ ਕਿ ਐਕਸ਼ਨ ਠੀਕ ਹੈ ਜਾਂ ਨਹੀਂ, ਇਸ ਦੀ ਜਾਂਚ ਤਾਂ ਆਈਸੀਸੀ ਦੇ ਬੌਲਿੰਗ ਐਕਸ਼ਨ ਟੈਸਟਿੰਗ ਸੈਂਟਰ 'ਤੇ ਹੀ ਹੋ ਸਕਦੀ ਹੈ।"

"ਦੂਜੀ ਗੱਲ ਕਿ ਇੱਕ 15 ਡਿਗਰੀ ਦਾ ਨਿਯਮ ਹੈ, ਜਿਸ ਦੇ ਤਹਿਤ ਗੇਂਦਬਾਜ਼ ਨੂੰ ਆਪਣੀ ਕੂਹਣੀ ਸਿੱਧੀ ਕਰਨੀ ਹੁੰਦੀ ਹੈ ਅਤੇ ਅੰਪਾਇਰ ਲਈ ਮੈਦਾਨ 'ਤੇ ਇਹ ਤੈਅ ਕਰਨਾ ਅਸੰਭਵ ਹੈ ਕਿ ਗੇਂਦਬਾਜ਼ 15 ਡਿਗਰੀ 'ਤੇ ਹੀ ਗੇਂਦ ਸੁੱਟ ਰਿਹਾ ਹੈ ਜਾਂ ਨਹੀਂ।"

ਉਨ੍ਹਾਂ ਅੱਗੇ ਲਿਖਿਆ, "ਇਸ ਦਾ ਇੱਕ ਹੀ ਹੱਲ ਹੈ ਕਿ ਤੁਸੀਂ ਇੱਕ ਰੀਅਲ ਟਾਈਮ ਕੰਪੀਟੀਸ਼ਨ ਵਾਲਾ ਟੈਸਟਿੰਗ ਟੂਲ ਲੈ ਕੇ ਆਓ। ਕਿਉਂਕਿ ਇਹ ਇੱਕ ਅਸਪਸ਼ਟ ਮੁੱਦਾ ਹੈ ਅਤੇ ਕਿਸੇ 'ਤੇ ਵੀ ਇਸ ਅਸਪਸ਼ਟ ਮੁੱਦੇ ਦਾ ਫ਼ਾਇਦਾ ਚੁੱਕਣ ਦਾ ਇਲਜ਼ਾਮ ਲਗਾਉਣਾ ਗਲਤ ਹੈ। ਜਿੱਥੋਂ ਤੱਕ ਗੇਂਦ ਦਾ ਸਵਾਲ ਹੈ ਕਿ ਕ੍ਰੀਜ਼ ਦੇ ਅੰਦਰ ਲਿਆ ਗਿਆ ਪੌਜ਼ ਕਾਨੂੰਨੀ ਹੈ ਜਾਂ ਨਹੀਂ, ਤਾਂ ਮੇਰਾ ਮੰਨਣਾ ਹੈ ਕਿ ਇਹ ਪੂਰੀ ਤਰ੍ਹਾਂ ਵੈਧ ਹੈ ਕਿਉਂਕਿ ਇਹ ਉਨ੍ਹਾਂ ਦਾ ਰੈਗੂਲਰ ਬੌਲਿੰਗ ਐਕਸ਼ਨ ਹੈ।"

ਉਸਮਾਨ ਤਾਰਿਕ ਆਪਣੇ ਬੌਲਿੰਗ ਐਕਸ਼ਨ ਬਾਰੇ ਕੀ ਬੋਲੇ?

ਉਸਮਾਨ ਤਾਰਿਕ

ਲਗਭਗ ਇੱਕ ਸਾਲ ਪਹਿਲਾਂ ਉਸਮਾਨ ਤਾਰਿਕ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਦਾ ਬੌਲਿੰਗ ਐਕਸ਼ਨ ਇਸ ਲਈ ਆਮ ਨਹੀਂ ਲੱਗਦਾ ਕਿਉਂਕਿ ਉਨ੍ਹਾਂ ਦੀਆਂ 'ਦੋ ਕੂਹਣੀਆਂ' ਹਨ।

ਉਨ੍ਹਾਂ ਦੱਸਿਆ ਸੀ ਕਿ ਜਦੋਂ ਉਨ੍ਹਾਂ ਦੇ ਬੌਲਿੰਗ ਐਕਸ਼ਨ 'ਤੇ ਇਤਰਾਜ਼ ਜਤਾਇਆ ਗਿਆ, ਤਾਂ ਉਹ ਡਾਕਟਰ ਕੋਲ ਗਏ ਅਤੇ ਉਨ੍ਹਾਂ ਨੇ ਆਪਣੀਆਂ ਦੋਵੇਂ ਬਾਂਹਾਂ ਦੀ ਜਾਂਚ ਕਰਵਾਈ।

ਉਸਮਾਨ ਤਾਰਿਕ ਦੇ ਮੁਤਾਬਕ, ਉਨ੍ਹਾਂ ਦੇ ਸਰੀਰ ਦੀ ਬਣਾਵਟ ਕਿਸੇ ਵੀ ਆਮ ਵਿਅਕਤੀ ਤੋਂ ਵੱਖਰੀ ਹੈ। ਉਨ੍ਹਾਂ ਕਿਹਾ, "ਇਹ ਜਨਮ ਤੋਂ ਹੀ ਹੈ ਅਤੇ ਦੋ ਕੂਹਣੀਆਂ ਹੋਣ ਕਰਕੇ ਮੇਰੀ ਬਾਂਹ ਸਿੱਧੀ ਨਹੀਂ ਹੋ ਸਕਦੀ।"

ਦੂਜੇ ਪਾਸੇ ਪਾਕਿਸਤਾਨ ਕ੍ਰਿਕਟ ਬੋਰਡ ਨੇ ਪਿਛਲੇ ਸਾਲ ਸੱਤ ਮਈ ਨੂੰ ਇੱਕ ਬਿਆਨ ਵਿੱਚ ਕਿਹਾ ਸੀ ਕਿ ਕਵੇਟਾ ਗਲੇਡੀਏਟਰਜ਼ ਦੇ ਸਪਿਨਰ ਉਸਮਾਨ ਤਾਰਿਕ ਨੇ ਲਾਹੌਰ ਵਿੱਚ ਬਾਇਓਮਕੈਨਿਕਸ ਲੈਬ ਵਿੱਚ ਟੈਸਟ ਕਰਵਾਇਆ ਅਤੇ ਉੱਥੇ ਉਨ੍ਹਾਂ ਦਾ ਬੌਲਿੰਗ ਐਕਸ਼ਨ ਪਾਸ ਕਰ ਦਿੱਤਾ ਗਿਆ ਸੀ।

ਪੀਸੀਬੀ ਦੇ ਮੁਤਾਬਕ, 13 ਅਪ੍ਰੈਲ ਨੂੰ ਪੀਐਸਐਲ ਵਿੱਚ ਲਾਹੌਰ ਕਲੰਦਰਸ ਦੇ ਖ਼ਿਲਾਫ਼ ਮੈਚ ਦੌਰਾਨ ਉਸਮਾਨ ਦੇ ਬੇਤਰਤੀਬ ਗੇਂਦਬਾਜ਼ੀ ਐਕਸ਼ਨ ਦੀ ਸ਼ਿਕਾਇਤ ਦਰਜ ਕੀਤੀ ਗਈ ਸੀ। ਜਿਸ ਤੋਂ ਬਾਅਦ ਇਹ ਟੈਸਟ ਕਰਵਾਇਆ ਗਿਆ ਸੀ।

ਬੱਲੇਬਾਜ਼ਾਂ ਲਈ ਐਕਸ਼ਨ ਕਿੰਨਾ ਖ਼ਤਰਨਾਕ!

ਵੈਸਟ ਇੰਡੀਜ਼ ਦੇ ਸਾਬਕਾ ਕ੍ਰਿਕਟਰ ਅਤੇ ਕਮੈਂਟੇਟਰ ਇਆਨ ਬਿਸ਼ਪ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਵੈਸਟ ਇੰਡੀਜ਼ ਦੇ ਸਾਬਕਾ ਕ੍ਰਿਕਟਰ ਅਤੇ ਕਮੈਂਟੇਟਰ ਇਆਨ ਬਿਸ਼ਪ ਨੇ ਕਿਹਾ ਕਿ ਤਾਰਿਕ ਵੱਖਰੇ ਐਂਗਲ ਤੋਂ ਗੇਂਦਬਾਜ਼ੀ ਕਰਦੇ ਹਨ

ਅਮਰੀਕਾ ਖ਼ਿਲਾਫ਼ ਪਾਕਿਸਤਾਨ ਦੇ ਮੈਚ ਜਿੱਤਣ ਤੋਂ ਬਾਅਦ ਈਐਸਪੀਐਨ 'ਤੇ ਇੱਕ ਚਰਚਾ ਦੌਰਾਨ ਵੈਸਟ ਇੰਡੀਜ਼ ਦੇ ਸਾਬਕਾ ਕ੍ਰਿਕਟਰ ਅਤੇ ਕਮੈਂਟੇਟਰ ਇਆਨ ਬਿਸ਼ਪ ਨੇ ਉਸਮਾਨ ਤਾਰਿਕ ਦੇ ਬੌਲਿੰਗ ਐਕਸ਼ਨ ਬਾਰੇ ਗੱਲ ਕੀਤੀ।

ਉਨ੍ਹਾਂ ਕਿਹਾ, "ਉਹ ਵੱਖਰੇ ਐਂਗਲ ਤੋਂ ਗੇਂਦਬਾਜ਼ੀ ਕਰਦੇ ਹਨ। ਉਹ ਰਾਊਂਡ ਆਰਮ, ਅਤੇ ਫਿਰ ਓਵਰ ਦਿ ਟਾਪ। ਇਸ ਨਾਲ ਤੁਹਾਨੂੰ ਬਾਊਂਸ ਦਾ ਵੱਖਰਾ ਪੱਧਰ ਮਿਲਦਾ ਹੈ। ਪਰ ਇਸ ਤੋਂ ਵੀ ਵੱਧ ਇਹ ਹੈ ਕਿ ਉਹ ਗੇਂਦ ਸੁੱਟਣ ਤੋਂ ਪਹਿਲਾਂ ਪੌਜ਼ ਲੈਂਦੇ ਹਨ ਅਤੇ ਬੱਲੇਬਾਜ਼ ਦੇ ਪੈਰਾਂ ਨੂੰ ਵੇਖਦੇ ਹਨ ਤਾਂ ਜੋ ਇਹ ਪਤਾ ਲਗਾ ਸਕੇ ਕਿ ਬੱਲੇਬਾਜ਼ ਕਿਸ ਪਾਸੇ ਵੱਲ ਜਾ ਸਕਦਾ ਹੈ, ਜਾਂ ਕਿਹੜਾ ਸ਼ਾਟ ਖੇਡ ਸਕਦਾ ਹੈ। ਅਤੇ ਫਿਰ ਜਦੋਂ ਉਹ ਡਿਲੀਵਰੀ ਕਰਦੇ ਹਨ ਤਾਂ ਉਹ ਬੱਲੇਬਾਜ਼ ਦੇ ਐਕਸ਼ਨ ਨੂੰ ਰੋਕਣ ਦੇ ਹਿਸਾਬ ਨਾਲ ਹੁੰਦੀ ਹੈ।"

"ਉਹ ਬੱਲੇਬਾਜ਼ ਨੂੰ ਬੈਟ ਦੇ ਆਫ਼ ਸੈਂਟਰ 'ਤੇ ਗੇਂਦ ਹਿੱਟ ਕਰਨ ਲਈ ਮਜਬੂਰ ਕਰਦੇ ਹਨ। ਬੱਲੇਬਾਜ਼ ਨੂੰ ਬਾਊਂਸ ਜਾਂ ਵੈਰੀਏਸ਼ਨ ਦਾ ਕੋਈ ਫ਼ਾਇਦਾ ਨਹੀਂ ਹੁੰਦਾ। ਮੈਨੂੰ ਲੱਗਦਾ ਹੈ ਕਿ ਜਦ ਤੱਕ ਉਹ ਇਸੇ ਤਰ੍ਹਾਂ ਗੇਂਦਬਾਜ਼ੀ ਕਰਦੇ ਰਹਿਣਗੇ ਅਤੇ ਪਾਕਿਸਤਾਨੀ ਟੀਮ ਵਿੱਚ ਰਹਿਣਗੇ, ਉਹ ਇੱਕ ਐਸੈਟ ਹੀ ਰਹਿਣਗੇ।"

ਦੂਜੇ ਪਾਸੇ, ਸਾਬਕਾ ਭਾਰਤੀ ਕ੍ਰਿਕਟਰ ਸਬਾ ਕਰੀਮ ਨੇ ਇਸੇ ਚਰਚਾ ਵਿੱਚ ਕਿਹਾ ਕਿ ਉਹ ਛੋਟਾ ਜਿਹਾ ਪੌਜ਼ ਹੀ ਬੱਲੇਬਾਜ਼ 'ਤੇ ਦਬਾਅ ਬਣਾਉਂਦਾ ਹੈ।

ਉਨ੍ਹਾਂ ਕਿਹਾ, "ਕਿਉਂਕਿ ਇਸ ਨਾਲ ਉਨ੍ਹਾਂ ਨੂੰ ਵੱਖ-ਵੱਖ ਵੈਰੀਏਸ਼ਨ ਆਜ਼ਮਾਉਣ ਦੀ ਆਜ਼ਾਦੀ ਮਿਲਦੀ ਹੈ। ਅਤੇ ਇਹੀ ਅਸੀਂ ਪਿਛਲੇ ਕੁਝ ਮੁਕਾਬਲਿਆਂ ਵਿੱਚ ਦੇਖਿਆ ਹੈ ਕਿ ਉਹ (ਉਸਮਾਨ) ਚੰਗੇ ਤੋਂ ਚੰਗੇ ਅਤੇ ਟਾਪ ਆਰਡਰ ਦੇ ਬੱਲੇਬਾਜ਼ਾਂ ਨੂੰ ਵੀ ਆਉਟ ਕਰਨ ਵਿੱਚ ਕਾਮਯਾਬ ਰਹੇ ਹਨ। ਉਨ੍ਹਾਂ ਦਾ ਅਨੋਖਾ ਐਕਸ਼ਨ ਇਸ ਵਰਲਡ ਕੱਪ ਵਿੱਚ ਪਾਕਿਸਤਾਨ ਲਈ ਬਹੁਤ ਨਿਰਣਾਇਕ ਸਾਬਤ ਹੋ ਸਕਦਾ ਹੈ।"

ਕੀ ਹਨ ਨਿਯਮ?

ਉਸਮਾਨ ਤਾਰਿਕ

ਤਸਵੀਰ ਸਰੋਤ, MB Media/Getty Images

ਤਸਵੀਰ ਕੈਪਸ਼ਨ, ਉਸਮਾਨ ਤਾਰਿਕ ਨੇ ਨਵੰਬਰ 2023 ਵਿੱਚ ਪਾਕਿਸਤਾਨ ਦੇ ਨੈਸ਼ਨਲ ਟੀ-20 ਕਪ ਨਾਲ ਆਪਣਾ ਡੈਬਿਊ ਕੀਤਾ ਸੀ

ਬੀਬੀਸੀ ਉਰਦੂ ਨੇ ਲਾਹੌਰ ਯੂਨੀਵਰਸਿਟੀ ਆਫ਼ ਮੈਨੇਜਮੈਂਟ ਸਾਇੰਸਜ਼ ਦੇ ਬਾਇਓਮਕੈਨਿਕਸ ਐਕਸਪਰਟ ਪ੍ਰੋਫ਼ੈਸਰ ਮੁਹੰਮਦ ਓਵੈਸ ਤੋਂ ਇਸ ਮਾਮਲੇ ਦੇ ਤਕਨੀਕੀ ਪੱਖ ਜਾਣੇ। ਅਤੀਤ ਵਿੱਚ ਪਾਕਿਸਤਾਨ ਕ੍ਰਿਕਟ ਬੋਰਡ ਗੇਂਦਬਾਜ਼ਾਂ ਦੇ ਐਕਸ਼ਨ ਟੈਸਟ ਲਈ ਪ੍ਰੋਫ਼ੈਸਰ ਓਵੈਸ ਨੂੰ ਵੀ ਨਿਯੁਕਤ ਕਰ ਚੁੱਕਾ ਹੈ।

ਉਨ੍ਹਾਂ ਬੀਬੀਸੀ ਉਰਦੂ ਦੇ ਅਸਦ ਸੋਹੈਬ ਨੂੰ ਦੱਸਿਆ, "ਗੇਂਦਬਾਜ਼ੀ ਕਰਦੇ ਸਮੇਂ ਰੁਕਣ ਦੀ ਗੱਲ ਕਰੀਏ ਤਾਂ ਇਸ ਵਿੱਚ ਕੋਈ ਸਮੱਸਿਆ ਨਹੀਂ ਹੈ, ਬਸ਼ਰਤੇ (ਗੇਂਦ ਸੁੱਟਦੇ ਸਮੇਂ) ਕੂਹਣੀ ਦੇ ਕੋਣ ਵਿੱਚ ਤਬਦੀਲੀ 15 ਡਿਗਰੀ ਤੋਂ ਵੱਧ ਨਾ ਹੋਵੇ। ਜੇ ਕੂਹਣੀ ਵਿੱਚ ਤਬਦੀਲੀ 15 ਡਿਗਰੀ ਜਾਂ ਇਸ ਤੋਂ ਘੱਟ ਹੈ, ਤਾਂ ਗੇਂਦ ਵੈਧ ਮੰਨੀ ਜਾਵੇਗੀ।"

ਉਨ੍ਹਾਂ ਕਿਹਾ, "ਇਹ ਨਿਸ਼ਚਿਤ ਹੈ ਕਿ ਜੇ ਕੋਈ ਗੇਂਦਬਾਜ਼ ਰੁਕ-ਰੁਕ ਕੇ ਗੇਂਦਬਾਜ਼ੀ ਕਰਦਾ ਹੈ, ਤਾਂ ਉਸ ਦੌਰਾਨ ਵੀ ਉਹੀ ਨਿਯਮ ਲਾਗੂ ਰਹਿੰਦਾ ਹੈ। ਆਈਸੀਸੀ ਦੇ ਨਿਯਮਾਂ ਵਿੱਚ ਰੁਕ-ਰੁਕ ਕੇ ਗੇਂਦਬਾਜ਼ੀ ਕਰਨ ਸਬੰਧੀ ਕੋਈ ਵਿਵਸਥਾ ਨਹੀਂ ਹੈ, ਨਿਯਮ ਸਿਰਫ਼ 15 ਡਿਗਰੀ ਦੇ ਝੁਕਾਅ ਦੀ ਗੱਲ ਕਰਦਾ ਹੈ।"

ਪ੍ਰੋਫ਼ੈਸਰ ਓਵੈਸ ਨੇ ਸਮਝਾਇਆ, "ਕਈ ਵਾਰ ਗੇਂਦਬਾਜ਼ ਦੇ ਹੱਥ ਦੀ ਬਣਾਵਟ ਵਿੱਚ ਕੁਦਰਤੀ ਤੌਰ 'ਤੇ ਕਾਫ਼ੀ ਜ਼ਿਆਦਾ ਲਚਕ ਹੁੰਦੀ ਹੈ। ਇਸ ਲਈ ਜੇ ਨੰਗੀ ਅੱਖ ਨਾਲ ਵੇਖਿਆ ਜਾਵੇ ਤਾਂ ਅਜਿਹਾ ਲੱਗ ਸਕਦਾ ਹੈ ਕਿ ਗੇਂਦਬਾਜ਼ ਚਕਿੰਗ, ਭਾਵ ਗਲਤ ਐਕਸ਼ਨ 'ਚ ਗੇਂਦਬਾਜ਼ੀ ਕਰ ਰਿਹਾ ਹੈ। ਪਰ ਆਈਸੀਸੀ ਦੇ ਕੈਮਰਿਆਂ ਨਾਲ ਮਾਪਣ ਅਤੇ ਜਾਂਚਣ 'ਤੇ ਇਹ ਚਕਿੰਗ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਇਹ ਪੂਰੀ ਤਰ੍ਹਾਂ ਸੰਭਵ ਹੈ ਕਿ ਟੈਸਟ ਵਿੱਚ ਗੇਂਦਬਾਜ਼ ਦਾ ਚਕਿੰਗ ਕਰਨਾ ਸਾਬਤ ਨਾ ਹੋਵੇ।"

ਉਨ੍ਹਾਂ ਦੱਸਿਆ ਕਿ ਆਈਸੀਸੀ ਦੇ ਨਿਯਮਾਂ ਅਨੁਸਾਰ ਕਿਸੇ ਵੀ ਗੇਂਦਬਾਜ਼ ਦੇ ਆਰਮ ਐਕਸ਼ਨ ਦੀ ਜਾਂਚ ਲਈ ਵੱਖ-ਵੱਖ ਕੋਣਾਂ 'ਤੇ 12 ਇੰਫ਼ਰਾਰੈੱਡ ਆਈਆਰ ਕੈਮਰੇ ਅਤੇ ਦੋ ਹਾਈ-ਸਪੀਡ ਕੈਮਰੇ ਲਗਾਏ ਜਾਂਦੇ ਹਨ, ਜਿਨ੍ਹਾਂ ਦੇ ਨਤੀਜਿਆਂ ਨੂੰ ਬਾਅਦ ਵਿੱਚ ਆਈਸੀਸੀ ਸਾਫਟਵੇਅਰ ਨਾਲ ਪ੍ਰੋਸੈਸ ਕੀਤਾ ਜਾਂਦਾ ਹੈ ਅਤੇ ਫ਼ੈਸਲਾ ਕੀਤਾ ਜਾਂਦਾ ਹੈ ਕਿ ਐਕਸ਼ਨ ਕਾਨੂੰਨੀ ਹੈ ਜਾਂ ਗੈਰਕਾਨੂੰਨੀ।

ਕੌਣ ਹਨ ਉਸਮਾਨ ਤਾਰਿਕ?

ਉਸਮਾਨ ਤਾਰਿਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਲਗਭਗ ਇੱਕ ਸਾਲ ਪਹਿਲਾਂ ਉਸਮਾਨ ਤਾਰਿਕ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਉਨ੍ਹਾਂ ਦਾ ਬੌਲਿੰਗ ਐਕਸ਼ਨ ਇਸ ਲਈ ਆਮ ਨਹੀਂ ਲੱਗਦਾ ਕਿਉਂਕਿ ਉਨ੍ਹਾਂ ਦੀਆਂ 'ਦੋ ਕੂਹਣੀਆਂ' ਹਨ

ਈਐਸਪੀਐਨ ਕ੍ਰਿਕਇਨਫੋ ਦੇ ਮੁਤਾਬਕ, ਉਸਮਾਨ ਤਾਰਿਕ ਨੇ ਨਵੰਬਰ 2023 ਵਿੱਚ ਪਾਕਿਸਤਾਨ ਦੇ ਨੇਸ਼ਨਲ ਟੀ-20 ਕੱਪ ਨਾਲ ਆਪਣਾ ਡੈਬਿਊ ਕੀਤਾ। ਉਨ੍ਹਾਂ ਨੇ 2024 ਵਿੱਚ ਪੀਐਸਐਲ ਵਿੱਚ ਵੀ ਹਿੱਸਾ ਲਿਆ ਪਰ ਕੋਈ ਖ਼ਾਸ ਛਾਪ ਨਹੀਂ ਛੱਡ ਸਕੇ।

ਪਰ 2024-25 ਦੌਰਾਨ ਘਰੇਲੂ ਕ੍ਰਿਕਟ ਵਿੱਚ ਉਨ੍ਹਾਂ ਨੇ ਸ਼ਾਨਦਾਰ ਵਾਪਸੀ ਕਰਦੇ ਹੋਏ 15 ਮੁਕਾਬਲਿਆਂ ਵਿੱਚ 22 ਵਿਕਟਾਂ ਲਈਆਂ।

ਹਾਲਾਂਕਿ, ਇਸ ਦੌਰਾਨ ਦੋ ਵਾਰ ਉਨ੍ਹਾਂ ਦੇ ਬੌਲਿੰਗ ਐਕਸ਼ਨ ਦੀ ਸ਼ਿਕਾਇਤ ਵੀ ਹੋਈ। ਪਹਿਲੀ ਵਾਰ ਸਾਲ 2024 ਦੇ ਪੀਐਸਐਲ ਦੌਰਾਨ ਉਨ੍ਹਾਂ 'ਤੇ ਸਵਾਲ ਉਠੇ।

ਪਰ ਲਾਹੌਰ ਨੈਸ਼ਨਲ ਕ੍ਰਿਕਟ ਅਕੈਡਮੀ ਵਿੱਚ ਟੈਸਟਿੰਗ ਤੋਂ ਬਾਅਦ ਉਨ੍ਹਾਂ ਨੂੰ ਪਾਸ ਕਰ ਦਿੱਤਾ ਗਿਆ ਅਤੇ ਉਨ੍ਹਾਂ ਦੀ ਗੇਂਦਬਾਜ਼ੀ ਜਾਰੀ ਰਹੀ।

ਪਰ ਅਗਲੇ ਪੀਐਸਐਲ ਵਿੱਚ ਦੁਬਾਰਾ ਉਨ੍ਹਾਂ ਦੀ ਸ਼ਿਕਾਇਤ ਹੋਈ, ਪਰ ਉਨ੍ਹਾਂ ਨੇ ਉਸ ਤੋਂ ਬਾਅਦ ਹੋਈ ਜਾਂਚ ਨੂੰ ਵੀ ਪਾਸ ਕਰ ਲਿਆ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)