ਹਲਦਵਾਨੀ: ਮਦਰੱਸੇ ਨੂੰ ਹਟਾਉਣ ਤੋਂ ਭੜਕੀ ਹਿੰਸਾ ਬਾਅਦ ਹੁਣ ਤੱਕ ਕੀ-ਕੀ ਹੋਇਆ ?

ਤਸਵੀਰ ਸਰੋਤ, ANI
ਉੱਤਰਾਖੰਡ ਦੇ ਹਲਦਵਾਨੀ ਦੇ ਬਨਭੁਲਪੁਰਾ ਵਿੱਚ ਵੀਰਵਾਰ ਸ਼ਾਮ ਨੂੰ ਹਿੰਸਾ ਭੜਕ ਗਈ।
ਨੈਨੀਤਾਲ ਪੁਲਿਸ ਦਾ ਕਹਿਣਾ ਹੈ ਕਿ ਹਲਦਵਾਨੀ ਥਾਣੇ ਦੇ ਇਲਾਕੇ ਅਧੀਨ ਪੈਂਦੇ ਬਨਭੁਲਪੁਰਾ ਵਿੱਚ ਪਹਿਲਾਂ ਤੋਂ ਨਿਸ਼ਾਨਦੇਹ ਜਗ੍ਹਾ ਤੋਂ ਕਬਜ਼ੇ ਹਟਾਉਣ ਦਾ ਕੰਮ ਚੱਲ ਰਿਹਾ ਸੀ, ਜਦੋਂ ਪੱਥਰਬਾਜ਼ੀ ਸ਼ੁਰੂ ਹੋ ਗਈ।
ਪੁਲਿਸ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਇੱਕ ਵਿਸ਼ੇਸ਼ ਭਾਈਚਾਰੇ ਵੱਲੋਂ ਪਥਰਾਅ ਅਤੇ ਅੱਗਜ਼ਨੀ ਕਾਰਨ ਅਮਨ-ਕਾਨੂੰਨ ਦੀ ਸਥਿਤੀ ਵਿਗੜ ਗਈ ਅਤੇ ਆਮ ਲੋਕਾਂ ਦੇ ਨਾਲ-ਨਾਲ ਸਰਕਾਰੀ ਜਾਇਦਾਦ ਦਾ ਵੀ ਨੁਕਸਾਨ ਹੋਇਆ।
ਸੂਬੇ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਹੈ ਕਿ ਦੰਗਾਕਾਰੀਆਂ ਨੂੰ ਦੇਖਦੇ ਹੀ ਗੋਲੀ ਮਾਰਨ ਦੇ ਹੁਕਮ ਦਿੱਤੇ ਗਏ ਹਨ।
ਮਦਰੱਸੇ ਨੂੰ ਢਾਹੁਣ ਦੇ ਕੰਮ ਵਿੱਚ ਨਗਰ ਨਿਗਮ ਅਤੇ ਪੁਲਿਸ ਮੁਲਾਜ਼ਮ ਲੱਗੇ ਹੋਏ ਸਨ।
ਪੀਟੀਆਈ ਮੁਤਾਬਕ ਬਨਭੁਲਪੁਰਾ ਇਲਾਕੇ ਵਿੱਚ ਭੜਕੀ ਹਿੰਸਾ ਵਿੱਚ ਘੱਟੋ-ਘੱਟ 60 ਲੋਕ ਜ਼ਖ਼ਮੀ ਹੋਏ ਹਨ।
ਨੈਨੀਤਾਲ ਦੀ ਡੀਐਮ ਵੰਦਨਾ ਸਿੰਘ ਨੇ ਦੱਸਿਆ ਕਿ ਹਿੰਸਾ ਵਿੱਚ ਦੋ ਜਣਿਆਂ ਦੀ ਜਾਨ ਗਈ ਹੈੈ। ਉਨ੍ਹਾਂ ਨੇ ਕਿਹਾ ਕਿ ਹਲਦਵਾਨੀ ਵਿੱਚ ਕਰਫਿਊ ਲਗਾ ਦਿੱਤਾ ਗਿਆ ਹੈ, ਜੋ ਅਗਲੇ ਹੁਕਮਾਂ ਤੱਕ ਜਾਰੀ ਰਹੇਗਾ।
ਉਨ੍ਹਾਂ ਨੇ ਕਿਹਾ ਕਿ ਹਿੰਸਕ ਭੀੜ ਨੇ ਕਈ ਵਾਹਨਾਂ ਨੂੰ ਸਾੜ ਦਿੱਤਾ ਹੈ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੋਪਹੀਆ ਵਾਹਨ ਸਨ। ਫਿਲਹਾਲ ਉਨ੍ਹਾਂ ਦੀ ਗਿਣਤੀ ਬਾਰੇ ਸਪੱਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਜਾ ਸਕਦਾ।
ਹਿੰਸਾ ਵਿੱਚ ਦਰਜਨ ਭਰ ਪੱਤਰਕਾਰਾਂ ਸਮੇਤ ਕਈ ਪੁਲਿਸ ਮੁਲਾਜ਼ਮ ਅਤੇ ਸਿਵਲ ਪ੍ਰਸ਼ਾਸਨ ਦੇ ਲੋਕ ਵੀ ਜ਼ਖ਼ਮੀ ਹੋਏ ਹਨ।
ਸੁਰੱਖਿਆ ਸਥਿਤੀ ਦੇ ਮੱਦੇਨਜ਼ਰ, ਕੇਂਦਰੀ ਸੁਰੱਖਿਆ ਬਲਾਂ ਦੀਆਂ ਚਾਰ ਬਟਾਲੀਅਨਾਂ ਸਮੇਤ ਨੇੜਲੇ ਜ਼ਿਲ੍ਹਿਆਂ ਦੇ ਪੁਲਿਸ ਦਸਤਿਆਂਂ ਨੂੰ ਵੀਰਵਾਰ ਸ਼ਾਮ ਨੂੰ ਹੀ ਹਲਦਵਾਨੀ ਬੁਲਾਇਆ ਗਿਆ ਸੀ।
ਇਲਾਕੇ ਦੇ ਐੱਸਐੱਸਪੀ ਪ੍ਰਹਿਲਾਦ ਮੀਨਾ ਨੇ ਕਿਹਾ ਹੈ ਕਿ ਮਦਰੱਸਾ ਸਰਕਾਰੀ ਜ਼ਮੀਨ ’ਤੇ ਗ਼ੈਰਕਾਨੂੰਨੀ ਢੰਗ ਨਾਲ ਬਣਾਇਆ ਗਿਆ ਸੀ ਅਤੇ ਇਸ ਨੂੰ ਢਾਹੁਣ ਦਾ ਨੋਟਿਸ ਪਹਿਲਾਂ ਹੀ ਦਿੱਤਾ ਜਾ ਚੁੱਕਾ ਸੀ।
ਐਡਿਟ- ਰਾਜਨ ਪਪਨੇਜਾ






