ਚੰਦਰ ਸਿੰਘ ਗੜ੍ਹਵਾਲੀ, ਜਿਨ੍ਹਾਂ ਨੇ ਬ੍ਰਿਟਿਸ਼ ਹੁਕਮਾਂ 'ਤੇ ਭਾਰਤੀਆਂ 'ਤੇ ਗੋਲੀ ਚਲਾਉਣ ਤੋਂ ਕਰ ਦਿੱਤਾ ਸੀ ਇਨਕਾਰ

ਚੰਦਰ ਸਿੰਘ ਗੜ੍ਹਵਾਲੀ

ਤਸਵੀਰ ਸਰੋਤ, National Book Trust

ਤਸਵੀਰ ਕੈਪਸ਼ਨ, ਚੰਦਰ ਸਿੰਘ ਗੜ੍ਹਵਾਲੀ
    • ਲੇਖਕ, ਰੇਹਾਨ ਫਜ਼ਲ
    • ਰੋਲ, ਬੀਬੀਸੀ ਹਿੰਦੀ ਲਈ
  • ਪੜ੍ਹਨ ਦਾ ਸਮਾਂ: 11 ਮਿੰਟ

ਸਾਲ 1930 ਵਿੱਚ ਮਹਾਤਮਾ ਗਾਂਧੀ ਦੇ ਨਮਕ ਸੱਤਿਆਗ੍ਰਹਿ ਦਾ ਸਭ ਤੋਂ ਵੱਧ ਪ੍ਰਭਾਵ ਸੀਮਾਂਤ ਪ੍ਰਾਂਤ ਵਿੱਚ ਨਜ਼ਰ ਆ ਰਿਹਾ ਸੀ।

"ਸੀਮਾਂਤ ਗਾਂਧੀ" ਦੇ ਨਾਮ ਨਾਲ ਮਸ਼ਹੂਰ ਹੋ ਚੁੱਕੇ ਖਾਨ ਅਬਦੁਲ ਗੱਫਾਰ ਖਾਨ ਦੇ ਵਧਦੇ ਪ੍ਰਭਾਵ ਨੂੰ ਦੇਖਦਿਆਂ ਬ੍ਰਿਟਿਸ਼ ਸਰਕਾਰ ਨੇ 23 ਅਪ੍ਰੈਲ ਦੀ ਸਵੇਰ ਉਨ੍ਹਾਂ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ।

ਖਾਨ ਉਸ ਵੇਲੇ ਉਤਮਾਨਜ਼ਈ ਤੋਂ ਪੇਸ਼ਾਵਰ ਜਾ ਰਹੇ ਸਨ। ਸੀਮਾਂਤ ਗਾਂਧੀ ਦੀ ਗ੍ਰਿਫਤਾਰੀ ਦੀ ਖ਼ਬਰ ਸੁਣ ਕੇ ਹਜ਼ਾਰਾਂ ਲੋਕਾਂ ਨੇ ਚਰਸੱਦਾ ਜੇਲ੍ਹ ਨੂੰ ਘੇਰ ਲਿਆ ਸੀ, ਜਿੱਥੇ ਉਨ੍ਹਾਂ ਨੂੰ ਰੱਖਿਆ ਗਿਆ ਸੀ।

ਪੇਸ਼ਾਵਰ ਸ਼ਹਿਰ ਵਿੱਚ ਹਜ਼ਾਰਾਂ ਲੋਕ ਇਕੱਠੇ ਹੋ ਚੁੱਕੇ ਸਨ। ਉੱਥੋਂ ਦੇ ਪਠਾਣ ਕਿੱਸਾਖਵਾਨੀ ਬਾਜ਼ਾਰ ਵਿੱਚ "ਇਨਕਲਾਬ ਜ਼ਿੰਦਾਬਾਦ" ਦੇ ਨਾਅਰੇ ਲਗਾ ਰਹੇ ਸਨ।

ਇਸੇ ਦੌਰਾਨ ਇੱਕ ਬ੍ਰਿਟਿਸ਼ ਅਫਸਰ ਮੋਟਰਸਾਈਕਲ 'ਤੇ ਤੇਜ਼ੀ ਨਾਮ ਜਲੂਸ ਦੇ ਵਿਚਕਾਰੋਂ ਲੰਘਿਆ, ਜਿਸ ਨਾਲ ਬਹੁਤ ਸਾਰੇ ਲੋਕ ਕੁਚਲੇ ਅਤੇ ਭਗਦੜ ਵਰਗੀ ਸਥਿਤੀ ਪੈਦਾ ਹੋ ਗਈ।

ਗੁੱਸੇ ਵਿੱਚ ਆਈ ਭੀੜ ਨੇ ਮੋਟਰਸਾਈਕਲ ਨੂੰ ਅੱਗ ਲਗਾ ਦਿੱਤੀ। ਬ੍ਰਿਟਿਸ਼ ਅਫਸਰ ਦੀ ਸੜ ਕੇ ਮੌਤ ਹੋ ਗਈ। ਉੱਥੇ ਹਥਿਆਰਬੰਦ ਪੁਲਿਸ ਦੀ ਮੌਜੂਦਗੀ ਦੇ ਬਾਵਜੂਦ ਪ੍ਰਸ਼ਾਸਨ ਨੇ ਫੌਜ ਨੂੰ ਬੁਲਾਉਣ ਦਾ ਹੁਕਮ ਦੇ ਦਿੱਤਾ। ਕੁਝ ਹੀ ਦੇਰ ਵਿੱਚ ਫੌਜ ਦੀਆਂ ਚਾਰ ਬਟਾਲੀਅਨਾਂ ਉੱਥੇ ਆ ਪਹੁੰਚੀਆਂ ਅਤੇ ਹਥਿਆਰਬੰਦ ਫੌਜੀ ਪੂਰੇ ਸ਼ਹਿਰ ਵਿੱਚ ਫੈਲ ਗਏ।

ਗੜ੍ਹਵਾਲੀ 'ਸੀਜ਼ਫਾਇਰ'

ਮਹਾਤਮਾ ਗਾਂਧੀ (ਖੱਬੇ) ਦੇ ਨਾਲ ਸੀਮਾਂਤ ਗਾਂਧੀ (ਸੱਜੇ)

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਤਮਾ ਗਾਂਧੀ (ਖੱਬੇ) ਦੇ ਨਾਲ ਸੀਮਾਂਤ ਗਾਂਧੀ (ਸੱਜੇ), ਜਿਨ੍ਹਾਂ ਦੀ ਗ੍ਰਿਫ਼ਤਾਰੀ ਦਾ ਪਠਾਣਾਂ ਨੇ ਵਿਰੋਧ ਕੀਤਾ ਸੀ

ਕਾਬੁਲ ਫਾਟਕ ਦੇ ਸਾਹਮਣੇ ਹਜ਼ਾਰਾਂ ਪਠਾਣਾਂ ਦੀ ਭੀੜ ਖੜ੍ਹੀ ਸੀ। ਉਨ੍ਹਾਂ ਦੇ ਠੀਕ ਸਾਹਮਣੇ ਰਾਇਲ ਗੜ੍ਹਵਾਲ ਰਾਈਫਲਜ਼ ਦੀ ਇੱਕ ਕੰਪਨੀ ਬਿਲਕੁਲ ਖੜ੍ਹੀ ਸੀ। ਭੀੜ ਦੇ ਰਵੱਈਏ ਨੂੰ ਦੇਖਦੇ ਹੋਏ ਕੰਪਨੀ ਕਮਾਂਡਰ ਨੇ ਹੁਕਮ ਦਿੱਤਾ, ਜਲੂਸ ਦੇ ਸੱਜੇ-ਖੱਬੇ ਕਵਰ ਲੈ ਲਓ। ਹਰੇਕ ਸਿਪਾਹੀ ਦੀ ਰਾਈਫਲ ਵਿੱਚ ਪੰਜ ਕਾਰਤੂਸ ਭਰੇ ਹੋਏ ਸਨ।

ਰਮੇਸ਼ ਪੋਖਰਿਆਲ 'ਨਿਸ਼ੰਕ' ਆਪਣੀ ਕਿਤਾਬ, 'ਪਿਸ਼ਾਵਰ ਦੇ ਮਹਾਨਾਇਕ, ਵੀਰ ਚੰਦਰ ਸਿੰਘ ਗੜ੍ਹਵਾਲੀ' ਵਿੱਚ ਲਿਖਦੇ ਹਨ, "ਉਨ੍ਹਾਂ ਦੀਆਂ ਰਾਈਫਲਾਂ 'ਤੇ ਸੰਗੀਨਾਂ ਚੜ੍ਹੀਆਂ ਹੋਈਆਂ ਸਨ। ਕੈਪਟਨ ਰਿਕੇਟ ਨੇ ਜ਼ੋਰ ਨਾਲ ਚੀਕ ਕੇ ਕਿਹਾ, 'ਭੱਜ ਜਾਓ ਨਹੀਂ ਤਾਂ ਗੋਲ਼ੀ ਨਾਲ ਮਾਰੇ ਜਾਓਂਗੇ'।" ਪਰ ਪਠਾਣ ਟਸ ਤੋਂ ਮਸ ਨਹੀਂ ਹੋਏ।''

''ਰਿਕੇਟ ਨੇ ਹੁਕਮ ਦਿੱਤਾ, 'ਗੜ੍ਹਵਾਲੀ, ਥ੍ਰੀ ਰਾਊਂਡ ਫਾਇਰ।' ਹਵਲਦਾਰ ਮੇਜਰ ਚੰਦਰ ਸਿੰਘ ਗੜ੍ਹਵਾਲੀ ਕੈਪਟਨ ਰਿਕੇਟ ਦੇ ਖੱਬੇ ਪਾਸੇ ਖੜ੍ਹੇ ਸਨ। ਉਨ੍ਹਾਂ ਨੇ ਚੀਕ ਕੇ ਹੁਕਮ ਦਿੱਤਾ, "ਗੜ੍ਹਵਾਲੀ, ਸੀਜ਼ ਫਾਇਰ।" ਹੁਕਮ ਸੁਣਦਿਆਂ ਹੀ ਗੜ੍ਹਵਾਲੀ ਕੰਪਨੀ ਨੇ ਆਪਣੀਆਂ ਬੰਦੂਕਾਂ ਜ਼ਮੀਨ 'ਤੇ ਹੇਠਾਂ ਟਿਕਾ ਦਿੱਤੀਆਂ। ਇਹ ਦੇਖ ਕੇ ਕੈਪਟਨ ਰਿਕੇਟ ਭੜਕ ਗਿਆ। ਉਸਨੇ ਲਾਲ ਅੱਖਾਂ ਨਾਲ ਚੰਦਰ ਸਿੰਘ ਵੱਲ ਦੇਖਿਆ ਅਤੇ ਕਿਹਾ, "ਕੀ ਗੱਲ ਹੈ?" ਚੰਦਰ ਸਿੰਘ ਗੜ੍ਹਵਾਲੀ ਨੇ ਜਵਾਬ ਦਿੱਤਾ, "ਇਹ ਸਾਰੇ ਲੋਕ ਨਿਹੱਥੇ ਹਨ। ਅਸੀਂ ਇਨ੍ਹਾਂ 'ਤੇ ਗੋਲ਼ੀ ਕਿਵੇਂ ਚਲਾਈਏ?"

ਅੰਗਰੇਜ਼ਾਂ ਨੇ ਚਲਾਈਆਂ ਗੋਲ਼ੀਆਂ

ਰਮੇਸ਼ ਪੋਖਰਿਆਲ 'ਨਿਸ਼ੰਕ' ਦੀ ਕਿਤਾਬ

ਤਸਵੀਰ ਸਰੋਤ, National Book Trust

ਤਸਵੀਰ ਕੈਪਸ਼ਨ, ਰਮੇਸ਼ ਪੋਖਰਿਆਲ 'ਨਿਸ਼ੰਕ' ਦੀ ਕਿਤਾਬ - 'ਪਿਸ਼ਾਵਰ ਦੇ ਮਹਾਨਾਇਕ, ਵੀਰ ਚੰਦਰ ਸਿੰਘ ਗੜ੍ਹਵਾਲੀ'

ਇਸ ਘਟਨਾ ਤੋਂ ਖਿਝੇ ਕੈਪਟਨ ਰਿਕੇਟ ਨੇ ਤੁਰੰਤ ਆਪਣੇ ਅਰਦਲੀ ਰਾਹੀਂ ਕਾਬੁਲੀ ਗੇਟ 'ਤੇ ਤਾਇਨਾਤ ਅਧਿਕਾਰੀਆਂ ਨੂੰ ਇੱਕ ਚਿਟ ਭੇਜੀ, ਤੁਰੰਤ 30 ਅੰਗਰੇਜ਼ਾਂ ਦੀ ਇੱਕ ਪਲਟਨਆ ਗਈ। ਉਨ੍ਹਾਂ ਨੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰਦਾ ਦਿੱਤੀਆਂ। ਉੱਥੇ ਭਗਦੜ ਮਚ ਗਈ ਅਤੇ ਸੈਂਕੜੇ ਲੋਕ ਮਾਰੇ ਗਏ।

ਇਸ ਤੋਂ ਬਾਅਦ ਲੋਕ ਆਪਣੇ ਘਰਾਂ ਦੀਆਂ ਛੱਤਾਂ 'ਤੇ ਚੜ੍ਹ ਗਏ ਅਤੇ ਦੋਵਾਂ ਪਾਸਿਓਂ ਪੱਥਰ, ਬੋਤਲਾਂ, ਕੁਹਾੜੀਆਂ ਅਤੇ ਜੋ ਕੁਝ ਵੀ ਹੱਥ ਆਇਆ ਉਸ ਨੂੰ ਫੌਜੀਆਂ 'ਤੇ ਸੁੱਟਣ ਲੱਗ ਪਏ। ਇਸ ਨਾਲ ਕਈ ਪੁਲਿਸਕਰਮੀ ਅਤੇ ਪਲਟਨ ਸਿਪਾਹੀ ਜ਼ਖਮੀ ਹੋ ਗਏ।

ਚੰਦਰ ਸਿੰਘ ਗੜ੍ਹਵਾਲੀ ਖੁਦ ਅਤੇ ਉਨ੍ਹਾਂ ਦੇ ਕਈ ਸਾਥੀ ਵੀ ਜ਼ਖਮੀ ਹੋ ਗਏ। ਪੂਰੇ ਸ਼ਹਿਰ ਵਿੱਚ ਮਾਰਸ਼ਲ ਲਾਅ ਲਾਗੂ ਕਰ ਦਿੱਤਾ ਗਿਆ।

ਰਾਜਮੋਹਨ ਗਾਂਧੀ ਖਾਨ ਅਬਦੁਲ ਗੱਫ਼ਾਰ ਖਾਨ ਦੀ ਜੀਵਨੀ, "ਗੱਫ਼ਾਰ ਖਾਂ, ਨਾਨ ਵਾਇਲੈਂਟ ਬਾਦਸ਼ਾਹ ਆਫ਼ ਪਖਤੂਨਸ" ਵਿੱਚ ਲਿਖਦੇ ਹਨ, "ਉਂਝ ਤਾਂ ਅਧਿਕਾਰਤ ਤੌਰ 'ਤੇ ਸਿਰਫ 20 ਲੋਕਾਂ ਦੀ ਗੋਲੀ ਲੱਗਣ ਨਾਲ ਮੌਤ ਹੋਈ ਸੀ, ਪਰ ਪ੍ਰਦਰਸ਼ਨਕਾਰੀਆਂ ਅਨੁਸਾਰ, ਉਸ ਦਿਨ ਪੇਸ਼ਾਵਰ ਅਤੇ ਸੀਮਾਂਤ ਪ੍ਰਾਂਤ ਦੀਆਂ ਹੋਰ ਥਾਵਾਂ 'ਤੇ ਅੰਗਰੇਜ਼ਾਂ ਦੀਆਂ ਗੋਲ਼ੀਆਂ ਨਾਲ 200 ਤੋਂ 300 ਲੋਕ ਮਾਰੇ ਗਏ ਸਨ। ਆਖਿਰਕਾਰ ਅੰਗਰੇਜ਼ ਫੌਜ ਨੇ ਲੜਾਕੂ ਜਹਾਜ਼ਾਂ ਦੀ ਮਦਦ ਨਾਲ ਪੇਸ਼ਾਵਰ 'ਤੇ ਦੁਬਾਰਾ ਕੰਟਰੋਲ ਕਰ ਲਿਆ ਸੀ। ਬਾਅਦ ਵਿੱਚ ਸਰਕਾਰੀ ਹੁਕਮਾਂ ਨੂੰ ਨਾ ਮੰਨਣ ਵਾਲੇ ਗੜ੍ਹਵਾਲ ਰਾਈਫਲਜ਼ ਦੇ ਜਵਾਨਾਂ ਦਾ ਕੋਰਟ ਮਾਰਸ਼ਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਲੰਬੀ ਕੈਦ ਦੀ ਸਜ਼ਾਵਾਂ ਸੁਣਾਈਆਂ ਗਈਆਂ।''

ਗੜ੍ਹਵਾਲੀ ਦਾ ਫੌਜੀ ਜੀਵਨ

ਚੰਦਰ ਸਿੰਘ ਗੜ੍ਹਵਾਲੀ

ਤਸਵੀਰ ਸਰੋਤ, National Book Trust

ਤਸਵੀਰ ਕੈਪਸ਼ਨ, ਸਨ 1891 ਵਿੱਚ ਰੌਣੀਸੇਰਾ ਮਾਸੋ, ਗੜ੍ਹਵਾਲ ਵਿੱਚ ਜਨਮੇ ਚੰਦਰ ਸਿੰਘ ਗੜ੍ਹਵਾਲੀ 3 ਸਤੰਬਰ, 1914 ਨੂੰ ਭਾਰਤੀ ਫੌਜ ਵਿੱਚ ਸ਼ਾਮਲ ਹੋਏ ਸਨ

ਸਨ 1891 ਵਿੱਚ ਰੌਣੀਸੇਰਾ ਮਾਸੋ, ਗੜ੍ਹਵਾਲ ਵਿੱਚ ਜਨਮੇ ਚੰਦਰ ਸਿੰਘ ਗੜ੍ਹਵਾਲੀ 3 ਸਤੰਬਰ, 1914 ਨੂੰ ਭਾਰਤੀ ਫੌਜ ਵਿੱਚ ਸ਼ਾਮਲ ਹੋਏ ਸਨ। ਪਹਿਲੇ ਵਿਸ਼ਵ ਯੁੱਧ ਦੌਰਾਨ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਫ੍ਰਾਂਸ ਭੇਜਿਆ ਗਿਆ ਸੀ।

ਫਿਰ ਉਨ੍ਹਾਂ ਨੇ ਅੰਗਰੇਜ਼ਾਂ ਵੱਲੋਂ ਮੇਸੋਪੋਟਾਮਿਆ ਦੀ ਲੜਾਈ ਵਿੱਚ ਹਿੱਸਾ ਲਿਆ, ਜਿਸ ਵਿੱਚ ਉਨ੍ਹਾਂ ਦੀ ਜਿੱਤ ਹੋਈ। ਉਸ ਤੋਂ ਬਾਅਦ ਉਨ੍ਹਾਂ ਨੂੰ ਸਨ 1918 ਵਿੱਚ ਬਗਦਾਦ ਦੀ ਲੜਾਈ ਵਿੱਚ ਹਿੱਸਾ ਲੈਣ ਲਈ ਭੇਜਿਆ ਗਿਆ।

ਦੂਜੇ ਵਿਸ਼ਵ ਯੁੱਧ ਤੋਂ ਵਾਪਸ ਆਉਣ ਤੋਂ ਬਾਅਦ, ਸਨ 1920 ਵਿੱਚ ਉਨ੍ਹਾਂ ਨੂੰ ਵਜ਼ੀਰਿਸਤਾਨ ਭੇਜਿਆ ਗਿਆ। ਜਦੋਂ ਪੇਸ਼ਾਵਰ ਤੋਂ ਬ੍ਰਿਟਿਸ਼ ਸਰਕਾਰ ਵਿਰੁੱਧ ਅੰਦੋਲਨ ਦੀਆਂ ਖ਼ਬਰਾਂ ਆਉਣ ਲੱਗੀਆਂ ਤਾਂ ਉਸਨੂੰ ਉੱਥੇ ਭੇਜਿਆ ਗਿਆ।

ਇਸ ਫੌਜੀ ਬਗਾਵਤ ਦੀ ਖ਼ਬਰ ਪੂਰੇ ਭਾਰਤ ਵਿੱਚ ਜੰਗਲ ਦੀ ਅੱਗ ਵਾਂਗ ਫੈਲ ਗਈ। 24 ਅਪ੍ਰੈਲ ਨੂੰ ਸਵੇਰੇ 8 ਵਜੇ, ਗੜ੍ਹਵਾਲੀ ਫੌਜੀਆਂ ਨੂੰ ਮੁੜ ਤੋਂ ਸ਼ਹਿਰ ਵਾਪਸ ਜਾਣ ਦਾ ਹੁਕਮ ਦਿੱਤਾ ਗਿਆ, ਪਰ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ।

ਕੰਪਨੀ ਦੇ ਕੈਪਟਨ ਚੈਪਲ ਗੁੱਸੇ 'ਚ ਬੋਲੇ, "ਤੁਹਾਨੂੰ ਪਤਾ ਹੈ ਕਿ ਟ੍ਰੇਨਿੰਗ ਸਮੇਂ ਤੁਸੀਂ ਸਹੁੰ ਚੁੱਕੀ ਸੀ ਕਿ ਹਰ ਹੁਕਮ ਦੀ ਪਾਲਣਾ ਕਰਾਂਗੇ। ਚੰਦਰ ਸਿੰਘ ਗੜ੍ਹਵਾਲੀ ਨੇ ਜਵਾਬ ਦਿੱਤਾ, "ਜੇ ਲੜਾਈ ਦੁਸ਼ਮਣ ਦੀ ਫੌਜ ਨਾਲ ਹੁੰਦੀ, ਤਾਂ ਅਸੀਂ ਆਪਣੀ ਜਾਨ ਵੀ ਦੇ ਦਿੰਦੇ, ਪਰ ਅਸੀਂ ਆਪਣੇ ਨਿਹੱਥੇ ਦੇਸ਼ ਵਾਸੀਆਂ 'ਤੇ ਗੋਲ਼ੀ ਨਹੀਂ ਚਲਾਂਵਾਂਗੇ।"

ਚੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ 12 ਕਿਲੋਮੀਟਰ ਪੈਦਲ ਚਲਾ ਕੇ ਸਟੇਸ਼ਨ 'ਤੇ ਲਿਆਂਦਾ ਗਿਆ। ਉੱਥੋਂ ਸਾਰੇ ਬਾਗ਼ੀ ਫੌਜੀਆਂ ਨੂੰ ਰੇਲਗੱਡੀ ਰਾਹੀਂ ਐਬਟਾਬਾਦ ਪਹੁੰਚਾਇਆ ਗਿਆ।

ਚੰਦਰ ਸਿੰਘ ਗੜ੍ਹਵਾਲੀ ਦੀ ਗ੍ਰਿਫਤਾਰੀ

ਰਾਹੁਲ ਸਾਂਕ੍ਰਿਤਿਆਇਨ ਦੀ ਕਿਤਾਬ

ਤਸਵੀਰ ਸਰੋਤ, Gyan Publishing House

ਤਸਵੀਰ ਕੈਪਸ਼ਨ, ਰਾਹੁਲ ਸਾਂਕ੍ਰਿਤਿਆਇਨ ਦੀ ਕਿਤਾਬ 'ਵੀਰ ਚੰਦਰ ਸਿੰਘ ਗੜ੍ਹਵਾਲੀ'

26 ਅਪ੍ਰੈਲ ਦੀ ਸ਼ਾਮ ਨੂੰ ਇੱਕ ਅਰਦਲੀ ਨੇ ਆ ਕੇ ਚੰਦਰ ਸਿੰਘ ਨੂੰ ਕਿਹਾ ਕਿ ਕਰਨਲ ਸਾਬ੍ਹ ਉਨ੍ਹਾਂ ਨੂੰ ਬੁਲਾ ਰਹੇ ਹਨ।

ਰਾਹੁਲ ਸਾਂਕ੍ਰਿਤਿਆਇਨ ਆਪਣੀ ਕਿਤਾਬ 'ਵੀਰ ਚੰਦਰ ਸਿੰਘ ਗੜ੍ਹਵਾਲੀ' ਵਿੱਚ ਲਿਖਦੇ ਹਨ, "ਚੰਦਰ ਸਿੰਘ ਨੇ ਅਰਦਲੀ ਨੂੰ ਪੁੱਛਿਆ ਕਿ ਕਰਨਲ ਸਾਹਿਬ ਇਕੱਲੇ ਹਨ ਜਾਂ ਉਨ੍ਹਾਂ ਦੇ ਨਾਲ ਹੋਰ ਵੀ ਕੋਈ ਹੈ? ਅਰਦਲੀ ਨੇ ਜਵਾਬ ਦਿੱਤਾ ਕਿ ਉੱਥੇ ਬਹੁਤ ਸਾਰੇ ਲੋਕ ਹਨ, ਜਨਰਲ ਸਾਬ੍ਹ, ਐਬਟਾਬਾਦ ਦੇ ਡਿਪਟੀ ਕਮਿਸ਼ਨਰ ਅਤੇ ਉੱਥੇ ਦੇ ਪੁਲਿਸ ਸੁਪਰਿਟੈਂਡੈਂਟ। ਇਹ ਸੁਣਦੇ ਹੀ ਚੰਦਰ ਸਿੰਘ ਸਮਝ ਗਏ ਕਿ ਉਨ੍ਹਾਂ ਨੇ ਉੱਥੋਂ ਵਾਪਸ ਨਹੀਂ ਆਉਣਾ। ਉਹ ਤੁਰੰਤ ਆਪਣਾ ਸਮਾਨ ਸੰਭਾਲ ਕੇ, ਵਰਦੀ, ਬੂਟ, ਓਵਰਕੋਟ ਪਹਿਨ ਕੇ ਅਤੇ ਗੋਰਖਾ ਟੋਪੀ ਸਿਰ 'ਤੇ ਲਗਾ ਕੇ ਪਲਟਨ ਦੇ ਸਾਰੇ ਸਿਪਾਹੀਆਂ ਨੂੰ ਮਿਲਣ ਲਈ ਨਿਕਲ ਪਏ। ਉਨ੍ਹਾਂ ਨੇ ਉਨ੍ਹਾਂ ਨੂੰ ਕਿਹਾ, 'ਭਰਾਓ, ਤੁਹਾਡੇ ਨਾਲ ਇਹ ਮੇਰੀ ਆਖ਼ਰੀ ਮੁਲਾਕਾਤ ਹੈ'।"

ਜਦੋਂ ਚੰਦਰ ਸਿੰਘ ਅਫ਼ਸਰਾਂ ਨੂੰ ਮਿਲਣ ਪਹੁੰਚੇ ਤਾਂ ਉਹ ਬਾਹਰ ਨਿਕਲ ਆਏ। ਮੇਜਰ ਬ੍ਰੋਨਸਕਿਲ ਨੇ ਕਿਹਾ, "ਚੰਦਰ ਸਿੰਘ ਹੁਣ ਤੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈਂ।" ਉਸੇ ਸਮੇਂ ਕੈਮਰੇ ਨਾਲ ਚੰਦਰ ਸਿੰਘ ਦੀ ਤਸਵੀਰ ਖਿੱਚੀ ਗਈ। ਉਨ੍ਹਾਂ ਨੂੰ ਮੋਟਰ ਵਿੱਚ ਬਿਠਾ ਦਿੱਤਾ ਗਿਆ। ਮੇਜਰ ਬ੍ਰੋਨਸਕਿਲ ਨੇ ਖੁਦ ਮੋਟਰ ਚਲਾਈ। ਉਹ ਉਨ੍ਹਾਂ ਨੂੰ ਕਾਕੁਲ ਲੈ ਗਏ, ਜਿੱਥੇ ਉਨ੍ਹਾਂ ਨੂੰ ਇੱਕ ਕੋਠੜੀ ਵਿੱਚ ਬੰਦ ਕਰ ਦਿੱਤਾ ਗਿਆ ਅਤੇ ਉਨ੍ਹਾਂ 'ਤੇ ਡਬਲ ਗਾਰਦ ਦਾ ਪਹਿਰਾ ਬਿਠਾ ਦਿੱਤਾ ਗਿਆ।

ਉਮਰ ਕੈਦ ਦੀ ਸਜ਼ਾ

ਚੰਦਰ ਸਿੰਘ ਗੜ੍ਹਵਾਲੀ

ਤਸਵੀਰ ਸਰੋਤ, National Book Trust

ਤਸਵੀਰ ਕੈਪਸ਼ਨ, ਨਿਹੱਥੇ ਲੋਕਾਂ 'ਤੇ ਗੋਲ਼ੀ ਚਲਾਉਣ ਦਾ ਹੁਕਮ ਨਾ ਮੰਨਣ ਕਾਰਨ ਚੰਦਰ ਸਿੰਘ ਗੜ੍ਹਵਾਲੀ ਨੂੰ ਉਨ੍ਹਾਂ ਦੇ ਸਾਥੀਆਂ ਸਣੇ ਗ੍ਰਿਫਤਾਰ ਕਰ ਲਿਆ ਗਿਆ ਸੀ

ਗੜ੍ਹਵਾਲੀ ਸਿਪਾਹੀਆਂ 'ਤੇ 2 ਜੂਨ, 1930 ਤੋਂ ਫੌਜੀ ਅਦਾਲਤ ਵਿੱਚ ਮੁਕੱਦਮਾ ਚੱਲਣਾ ਸ਼ੁਰੂ ਹੋਇਆ। ਹਿਰਾਸਤ ਵਿੱਚ ਲਏ ਗਏ ਸਿਪਾਹੀਆਂ ਨੂੰ ਸਖ਼ਤ ਪਹਿਰੇ ਹੇਠ ਰੱਖਿਆ ਗਿਆ ਸੀ। ਇਨ੍ਹਾਂ ਵਿੱਚ ਵੀ ਚੰਦਰ ਸਿੰਘ 'ਤੇ ਖ਼ਾਸ ਨਜ਼ਰ ਰੱਖੀ ਜਾ ਰਹੀ ਸੀ। ਉਹ ਇਕੱਲੇ ਸ਼ਖਸ ਸਨ ਜਿਨ੍ਹਾਂ ਨੂੰ ਹਥਕੜੀਆਂ ਪਾ ਕੇ ਅਦਾਲਤ ਵਿੱਚ ਲਿਆਂਦਾ ਗਿਆ ਸੀ।

ਰਮੇਸ਼ ਪੋਖਰਿਆਲ ਲਿਖਦੇ ਹਨ, "ਉਨ੍ਹਾਂ ਨੇ ਬੈਂਚ ਦੇ ਮੁਖੀ ਨੂੰ ਸਵਾਲ ਵੀ ਕੀਤਾ, ਜਨਰਲ ਸਾਬ੍ਹ, 60 ਮੁਲਜ਼ਮਾਂ ਵਿੱਚੋਂ ਮੈਂ ਵੀ ਇੱਕ ਮੁਲਜ਼ਮ ਹਾਂ, ਪਰ ਸਿਰਫ਼ ਮੇਰੇ ਨਾਲ ਹੀ ਇੰਨੀ ਸਖ਼ਤੀ ਕਿਉਂ? ਜਨਰਲ ਨੇ ਜਵਾਬ ਦਿੱਤਾ, ਤੂੰ ਖ਼ਤਰਨਾਕ ਆਦਮੀ ਹੈਂ। ਤੇਰੇ ਖ਼ਿਲਾਫ਼ ਖੁਫ਼ੀਆ ਪੁਲਿਸ ਦੀ ਰਿਪੋਰਟ ਹੈ ਕਿ ਤੂੰ ਹੀ ਬਗਾਵਤ ਕਰਵਾਈ ਹੈ, ਇਸ ਲਈ ਤੈਨੂੰ ਨੰਬਰ ਇੱਕ ਮੁਲਜ਼ਮ ਬਣਾਇਆ ਗਿਆ ਹੈ।"

ਬੈਰਿਸਟਰ ਮੁਕੁੰਦੀ ਲਾਲ ਨੇ ਚੰਦਰ ਸਿੰਘ ਵੱਲੋਂ ਜਿਰਹ ਕੀਤੀ। ਉਨ੍ਹਾਂ ਦੇ ਤਰਕ ਸੁਣ ਕੇ ਬੈਂਚ ਨੇ ਰੌਇਲ ਗੜ੍ਹਵਾਲ ਰਾਈਫ਼ਲ ਨੂੰ ਤੋੜਨ ਦਾ ਸਰਕਾਰ ਦਾ ਫੈਸਲਾ ਖਾਰਿਜ ਕਰ ਦਿੱਤਾ। ਅਦਾਲਤ ਨੇ ਚੰਦਰ ਸਿੰਘ ਨੂੰ ਮੌਤ ਦੀ ਸਜ਼ਾ ਦੇਣ ਦੀ ਸਰਕਾਰ ਦੀ ਮੰਗ ਵੀ ਨਹੀਂ ਮੰਨੀ। ਉਨ੍ਹਾਂ ਨੂੰ ਆਜੀਵਨ ਕੈਦ ਦੀ ਸਜ਼ਾ ਸੁਣਾਈ ਗਈ।

ਉਨ੍ਹਾਂ ਦੇ ਹੋਰ ਸਾਥੀਆਂ ਨੂੰ ਇੱਕ ਸਾਲ ਤੋਂ ਲੈ ਕੇ ਪੰਦਰਾਂ ਸਾਲ ਤੱਕ ਦੀ ਸਜ਼ਾ ਸੁਣਾਈ ਗਈ।

ਪੈਰਾਂ ਵਿੱਚ ਬੇੜੀਆਂ

ਚੰਦਰ ਸਿੰਘ ਗੜ੍ਹਵਾਲੀ

ਤਸਵੀਰ ਸਰੋਤ, Uttarakhand Government

ਤਸਵੀਰ ਕੈਪਸ਼ਨ, ਸਰਕਾਰੀ ਹੁਕਮ ਨਾ ਮੰਨਣ ਦੇ ਜ਼ੁਰਮ 'ਚ ਚੰਦਰ ਸਿੰਘ ਗੜ੍ਹਵਾਲੀ ਲਈ ਮੌਤ ਦੀ ਸਜ਼ਾ ਦੀ ਮਗ ਕੀਤੀ ਗਈ ਸੀ, ਪਰ ਅਦਾਤਲ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ

ਚੰਦਰ ਸਿੰਘ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਗਈ ਅਤੇ ਉਨ੍ਹਾਂ ਨੂੰ ਫੌਜ ਤੋਂ ਬਰਖ਼ਾਸਤ ਕਰ ਦਿੱਤਾ ਗਿਆ।

ਰਮੇਸ਼ ਪੋਖਰਿਆਲ ਲਿਖਦੇ ਹਨ, "ਅਦਾਲਤ ਦਾ ਹੁਕਮ ਹੁੰਦਿਆਂ ਹੀ ਸਾਰੀ ਬਟਾਲੀਅਨ ਦੇ ਸਾਹਮਣੇ ਚੰਦਰ ਸਿੰਘ ਨੂੰ ਬੇਇਜ਼ਜ਼ਤ ਕੀਤਾ ਗਿਆ। ਉਨ੍ਹਾਂ ਦੇ ਬਿੱਲੇ, ਬੈਜ ਸਭ ਨੋਚ ਲਏ ਗਏ। ਉਨ੍ਹਾਂ ਦੀ ਵਰਦੀ ਨੂੰ ਕੈਂਚੀ ਨਾਲ ਕੱਟ ਦਿੱਤਾ ਗਿਆ। ਸਾਰੀ ਜਨਤਾ ਇਹ ਤਮਾਸ਼ਾ ਦੇਖ ਰਹੀ ਸੀ।"

ਛੇ ਸਾਲ ਤੱਕ ਚੰਦਰ ਸਿੰਘ ਨੂੰ ਐਬਟਾਬਾਦ ਦੀ ਜੇਲ੍ਹ ਵਿੱਚ ਰੱਖਿਆ ਗਿਆ।

ਰਾਹੁਲ ਸਾਂਕ੍ਰਿਤਿਆਇਨ ਲਿਖਦੇ ਹਨ, "ਚੰਦਰ ਸਿੰਘ ਨੂੰ ਇੱਕ ਅਜਿਹੀ ਕੋਠੜੀ ਵਿੱਚ ਲੈ ਕੇ ਜਾਇਆ ਗਿਆ, ਜਿਸ ਵਿੱਚ ਸਾਢੇ ਛੇ ਫੁੱਟ ਲੰਮਾ ਅਤੇ ਡੇਢ ਫੁੱਟ ਚੌੜਾ ਇੱਕ ਚਬੂਤਰਾ ਸੀ, ਜਿਸ ਦੇ ਕੋਲ ਆਟਾ ਪੀਹਣ ਦੀ ਇੱਕ ਚੱਕੀ ਰੱਖੀ ਹੋਈ ਸੀ। ਉੱਥੇ ਪਾਣੀ ਦਾ ਇੱਕ ਘੜਾ, ਦੋ ਫਟੇ ਪੁਰਾਣੇ ਕੰਬਲ, ਇੱਕ ਗੋਡਿਆਂ ਤੱਕ ਦਾ ਕਛਿਹਰਾ, ਅੱਧੀ ਬਾਂਹ ਦੀਆਂ ਕੂਹਣੀ ਤੱਕ ਦੀਆਂ ਦੋ ਕਮੀਜ਼ਾਂ, ਇੱਕ ਲਾਲ ਟੋਪੀ, ਇੱਕ ਲੋਹੇ ਦਾ ਬੱਠਲ, ਇੱਕ ਕਟੋਰਾ ਅਤੇ ਇੱਕ ਲੰਗੋਟ ਰੱਖੇ ਹੋਏ ਸਨ। ਚੰਦਰ ਸਿੰਘ ਸਰੀਰ ਨੂੰ ਚੁੱਭਣ ਵਾਲੇ ਕੰਬਲ ਨੂੰ ਵਿਛਾ ਕੇ ਜਿਵੇਂ ਹੀ ਲੇਟੇ, ਉਨ੍ਹਾਂ 'ਤੇ ਖਟਮਲ, ਪਿਸੂ, ਮੱਛਰ, ਕੀੜੀਆਂ ਅਤੇ ਤਰ੍ਹਾਂ-ਤਰ੍ਹਾਂ ਦੇ ਕੀੜੇ ਟੁੱਟ ਪਏ। ਫਿਰ ਉਨ੍ਹਾਂ ਦੇ ਪੈਰਾਂ ਵਿੱਚ ਬੇੜੀਆਂ ਪਾ ਦਿੱਤੀਆਂ ਗਈਆਂ।"

ਗਿਆਰਾਂ ਸਾਲ ਬਾਅਦ ਰਿਹਾਈ

ਰਾਹੁਲ ਸਾਂਕ੍ਰਿਤਿਆਇਨ ਦੀ ਕਿਤਾਬ 'ਵੀਰ ਚੰਦਰ ਸਿੰਘ ਗੜ੍ਹਵਾਲੀ'

ਇਹ ਬੇੜੀਆਂ ਉਨ੍ਹਾਂ ਦੇ ਪੈਰਾਂ ਵਿੱਚ ਪੂਰੇ ਛੇ ਸਾਲ ਰਹੀਆਂ ਅਤੇ ਉਦੋਂ ਉਤਾਰੀਆਂ ਗਈਆਂ ਜਦੋਂ 20 ਅਪ੍ਰੈਲ, 1936 ਨੂੰ ਉਨ੍ਹਾਂ ਨੂੰ ਬਰੇਲੀ ਜੇਲ੍ਹ ਭੇਜਿਆ ਗਿਆ।

ਇੱਥੇ ਹੀ ਉਹ ਕਮਿਊਨਿਸਟ ਕ੍ਰਾਂਤੀਕਾਰੀਆਂ ਯਸ਼ਪਾਲ, ਸ਼ਿਵ ਵਰਮਾ ਅਤੇ ਵਿਜੇ ਕੁਮਾਰ ਸਿੰਘ ਦੇ ਸੰਪਰਕ ਵਿੱਚ ਆਏ।

ਦੇਵਿੰਦਰ ਸਿੰਘ ਅਸਵਾਲ ਆਪਣੇ ਲੇਖ 'ਵੀਰ ਚੰਦਰ ਸਿੰਘ ਗੜ੍ਹਵਾਲੀ: ਦਿ ਸੌਲਜਰ ਹੂ ਰਿਫ਼ਿਊਜ਼ਡ ਟੂ ਫ਼ਾਇਰ ਆਨ ਅਨਆਰਮਡ ਸਿਵਿਲੀਅਨਜ਼' ਵਿੱਚ ਲਿਖਦੇ ਹਨ, "ਬਰੇਲੀ ਜੇਲ੍ਹ ਦੇ ਕੈਦੀ ਉਨ੍ਹਾਂ ਨੂੰ 'ਹਵਲਦਾਰ' ਜਾਂ 'ਗੜ੍ਹਵਾਲੀ' ਕਹਿ ਕੇ ਬੁਲਾਉਂਦੇ ਸਨ, ਜੋ ਚੰਦਰ ਸਿੰਘ ਨੂੰ ਪਸੰਦ ਨਹੀਂ ਸੀ।''

ਉਸ ਵੇਲੇ ਯਸ਼ਪਾਲ ਨੇ ਉਨ੍ਹਾਂ ਨੂੰ 'ਬੜੇ ਭਾਈ' (ਵੱਡਾ ਭਰਾ) ਕਹਿਣਾ ਸ਼ੁਰੂ ਕੀਤਾ। ਉਸ ਤੋਂ ਬਾਅਦ ਨੇਹਰੂ, ਸੁਭਾਸ਼ ਚੰਦਰ ਬੋਸ ਅਤੇ ਗੋਵਿੰਦ ਵੱਲਭ ਪੰਤ ਵੀ ਉਨ੍ਹਾਂ ਨੂੰ 'ਬੜੇ ਭਾਈ' ਕਹਿ ਕੇ ਹੀ ਪੁਕਾਰਿਆ। ਇਸੇ ਜੇਲ੍ਹ ਵਿੱਚ ਪੰਡਿਤ ਨੇਹਰੂ ਨਾਲ ਉਨ੍ਹਾਂ ਦੀ ਪਹਿਲੀ ਮੁਲਾਕਾਤ ਹੋਈ।"

ਉੱਥੇ ਹੀ ਸਰਕਾਰ ਦਾ ਹੁਕਮ ਆਇਆ ਕਿ ਚੰਦਰ ਸਿੰਘ ਨੂੰ ਛੱਡ ਕੇ ਪੇਸ਼ਾਵਰ ਵਿਦਰੋਹ ਦੇ ਬਾਕੀ ਕੈਦੀਆਂ ਦੀ ਸਜ਼ਾ ਅੱਧੀ ਕਰ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੂੰ ਲਖਨਊ ਜੇਲ੍ਹ ਭੇਜ ਦਿੱਤਾ ਗਿਆ।

ਉੱਥੇ ਸੁਭਾਸ਼ ਚੰਦਰ ਬੋਸ ਉਨ੍ਹਾਂ ਨੂੰ ਮਿਲਣ ਆਏ। ਉੱਥੇ ਹੀ ਜਵਾਹਰਲਾਲ ਨੇਹਰੂ ਵੀ ਗ੍ਰਿਫ਼ਤਾਰ ਹੋਣ ਤੋਂ ਬਾਅਦ ਭੇਜੇ ਗਏ। ਦੋਹਾਂ ਨੇ ਇਕੱਠੇ ਜੇਲ੍ਹ ਵਿੱਚ 42 ਦਿਨ ਬਿਤਾਏ। ਕਈ ਜੇਲ੍ਹਾਂ ਵਿੱਚ ਰਹਿਣ ਤੋਂ ਬਾਅਦ ਆਖ਼ਿਰਕਾਰ 20 ਸਤੰਬਰ, 1941 ਨੂੰ 11 ਸਾਲ, ਤਿੰਨ ਮਹੀਨੇ, 18 ਦਿਨ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਚੰਦਰ ਸਿੰਘ ਗੜ੍ਹਵਾਲੀ ਨੂੰ ਰਿਹਾਅ ਕਰ ਦਿੱਤਾ ਗਿਆ।

ਸਤੰਬਰ 1942 ਵਿੱਚ ਹੀ ਰੌਇਲ ਗੜ੍ਹਵਾਲ ਰਾਈਫ਼ਲਜ਼ ਦੀਆਂ ਦੋ ਬਟਾਲੀਅਨੀਆਂ ਸੁਭਾਸ਼ ਚੰਦਰ ਬੋਸ ਦੀ 'ਆਜ਼ਾਦ ਹਿੰਦ ਫੌਜ' ਵਿੱਚ ਸ਼ਾਮਲ ਹੋ ਗਈਆਂ। ਬ੍ਰਿਟਿਸ਼ ਰੱਖਿਆ ਮੰਤਰੀ ਫ਼ਿਲਿਪ ਮੇਸਨ ਨੇ ਮੰਨਿਆ ਕਿ ਗੜ੍ਹਵਾਲੀ ਸਿਪਾਹੀ ਰਾਸ਼ਟਰਵਾਦ ਦੀ ਭਾਵਨਾ ਨਾਲ ਲਬਰੇਜ਼ ਸਨ। ਉਨ੍ਹਾਂ ਨੇ ਬੋਸ ਦੇ ਨਾਲ ਮਿਲ ਕੇ ਭਾਰਤ ਦੀ ਆਜ਼ਾਦੀ ਦੀ ਲੜਾਈ ਲੜੀ।

ਗਾਂਧੀ ਦੇ ਵਰਧਾ ਆਸ਼ਰਮ ਪਹੁੰਚੇ ਚੰਦਰ ਸਿੰਘ

ਪੰਡਿਤ ਜਵਾਹਰ ਲਾਲ ਨਹਿਰੂ

ਤਸਵੀਰ ਸਰੋਤ, Hulton Archive/Getty Images

ਤਸਵੀਰ ਕੈਪਸ਼ਨ, ਚੰਦਰ ਸਿੰਘ ਗੜ੍ਹਵਾਲੀ ਲਖਨਊ ਜੇਲ੍ਹ ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਨਾਲ 42 ਦਿਨ ਰਹੇ

ਉਹ ਰਿਹਾਅ ਤਾਂ ਕਰ ਦਿੱਤੇ ਗਏ ਸਨ ਪਰ ਉਨ੍ਹਾਂ ਦੇ ਗੜ੍ਹਵਾਲ ਜਾਣ 'ਤੇ ਪਾਬੰਦੀ ਲਗਾ ਦਿੱਤੀ ਗਈ ਸੀ। ਲਖਨਊ ਤੋਂ ਚੰਦਰ ਸਿੰਘ ਇਲਾਹਾਬਾਦ ਆ ਗਏ ਅਤੇ ਉੱਥੋਂ 1942 ਵਿੱਚ ਮਹਾਤਮਾ ਗਾਂਧੀ ਦੇ ਵਰਧਾ ਸੇਵਾਗ੍ਰਾਮ ਆਸ਼ਰਮ ਚਲੇ ਗਏ। ਉੱਥੇ ਉਹ ਬਾਪੂ ਦੇ ਆਚਾਰ-ਵਿਚਾਰ, ਨਿਯਮ-ਧਰਮ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉੱਥੇ ਹੀ ਰਹਿ ਕੇ ਕੰਮ ਕਰਨ ਦਾ ਮਨ ਬਣਾ ਲਿਆ।

ਸੇਵਾਗ੍ਰਾਮ ਵਿੱਚ ਰਹਿਣ ਦੌਰਾਨ ਹੀ ਮਹਾਤਮਾ ਗਾਂਧੀ ਦੇ ਜੀਵਨੀਕਾਰ ਅਤੇ ਅਮਰੀਕੀ ਪੱਤਰਕਾਰ ਲੂਈ ਫ਼ਿਸ਼ਰ ਉੱਥੇ ਆਏ। ਜਦੋਂ ਗਾਂਧੀ ਜੀ ਨੇ ਚੰਦਰ ਸਿੰਘ ਦਾ ਉਨ੍ਹਾਂ ਕੋਲ ਜ਼ਿਕਰ ਕੀਤਾ ਤਾਂ ਉਹ ਉਨ੍ਹਾਂ ਨੂੰ ਮਿਲਣ ਚਲੇ ਗਏ।

ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ ਜੀਵਨੀਕਾਰ ਤੇ ਅਮਰੀਕੀ ਪੱਤਰਕਾਰ ਲੂਈ ਫ਼ਿਸ਼ਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਮਹਾਤਮਾ ਗਾਂਧੀ ਅਤੇ ਉਨ੍ਹਾਂ ਦੇ ਜੀਵਨੀਕਾਰ ਤੇ ਅਮਰੀਕੀ ਪੱਤਰਕਾਰ ਲੂਈ ਫ਼ਿਸ਼ਰ

ਰਾਹੁਲ ਸਾਂਕ੍ਰਿਤਿਆਇਨ ਲਿਖਦੇ ਹਨ, "ਫ਼ਿਸ਼ਰ ਨੇ ਚੰਦਰ ਸਿੰਘ ਤੋਂ ਪੁੱਛਿਆ ਕਿ ਕੀ ਭਾਰਤੀ ਫੌਜ ਦੂਜੇ ਵਿਸ਼ਵ ਯੁੱਧ ਵਿੱਚ ਅੰਗਰੇਜ਼ਾਂ ਦੀ ਤਰਫ਼ੋਂ ਲੜੇਗੀ? ਚੰਦਰ ਸਿੰਘ ਨੇ ਜਵਾਬ ਦਿੱਤਾ, 'ਫੌਜ ਤਾਂ ਅਨੁਸ਼ਾਸਨ ਦੀ ਪਾਬੰਦ ਹੁੰਦੀ ਹੈ, ਇਸ ਲਈ ਹੁਕਮ ਹੋਣ 'ਤੇ ਉਹ ਜ਼ਰੂਰ ਜੰਗ ਵਿੱਚ ਹਿੱਸਾ ਲਵੇਗੀ, ਪਰ ਉਸ ਨੂੰ ਆਪਣੇ ਦੇਸ਼ ਦਾ ਵੀ ਖ਼ਿਆਲ ਹੈ। ਉਹ ਮਨ ਤੋਂ ਜੰਗ ਵਿੱਚ ਸ਼ਾਮਲ ਨਹੀਂ ਹੋਵੇਗੀ'।"

ਫ਼ਿਸ਼ਰ ਨੇ ਫਿਰ ਉਨ੍ਹਾਂ ਨੂੰ ਟਟੋਲਿਆ, "ਜੇ ਉਨ੍ਹਾਂ ਨੂੰ ਰਾਸ਼ਟਰੀ ਅੰਦੋਲਨ ਨੂੰ ਕੁਚਲਣ ਲਈ ਕਿਹਾ ਜਾਵੇਗਾ ਤਾਂ?"

ਚੰਦਰ ਸਿੰਘ ਨੇ ਜਵਾਬ ਦਿੱਤਾ, "ਉਹ ਕਦੇ ਆਪਣੇ ਭਰਾਵਾਂ 'ਤੇ ਗੋਲ਼ੀ ਨਹੀਂ ਚਲਾਵੇਗੀ। ਅੰਗਰੇਜ਼ ਉਸ ਨੂੰ ਸਾਡੇ ਖ਼ਿਲਾਫ਼ ਇਸਤੇਮਾਲ ਨਹੀਂ ਕਰ ਸਕਣਗੇ।"

ਫ਼ਿਸ਼ਰ ਨੇ ਇਸ ਗੱਲਬਾਤ ਨੂੰ ਅਮਰੀਕੀ ਪੱਤਰਾਂ ਵਿੱਚ ਛਪਵਾ ਦਿੱਤਾ। ਅੰਗਰੇਜ਼ਾਂ ਨੇ ਉਸ ਦੀਆਂ ਕਾਪੀਆਂ ਭਾਰਤ ਵਿੱਚ ਨਹੀਂ ਆਉਣ ਦਿੱਤੀਆਂ। ਉਨ੍ਹਾਂ ਨੂੰ ਡਰ ਸੀ ਕਿ ਕਿਤੇ ਇਸ ਨਾਲ ਫੌਜ 'ਤੇ ਮਾੜਾ ਅਸਰ ਨਾ ਪਵੇ।

ਚੋਣਾਂ ਵਿੱਚ ਨਹੀਂ ਮਿਲੀ ਕਾਮਯਾਬੀ

ਚੰਦਰ ਸਿੰਘ ਗੜ੍ਹਵਾਲੀ

ਤਸਵੀਰ ਸਰੋਤ, National Book Trust

ਤਸਵੀਰ ਕੈਪਸ਼ਨ, ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਚੰਦਰ ਸਿੰਘ ਗੜ੍ਹਵਾਲੀ ਦਾ ਜੇਲ੍ਹ ਤੋਂ ਨਾਤਾ ਨਹੀਂ ਟੁੱਟਿਆ। ਆਜ਼ਾਦ ਭਾਰਤ ਵਿੱਚ ਵੀ ਉਨ੍ਹਾਂ ਨੂੰ ਦੋ ਵਾਰ ਜੇਲ੍ਹ ਜਾਣਾ ਪਿਆ

ਭਾਰਤ ਛੱਡੋ ਅੰਦੋਲਨ ਵਿੱਚ ਹਿੱਸਾ ਲੈਣ ਕਾਰਨ ਚੰਦਰ ਸਿੰਘ ਗੜ੍ਹਵਾਲੀ ਨੂੰ ਇੱਕ ਵਾਰ ਫਿਰ ਹਿਰਾਸਤ ਵਿੱਚ ਲੈ ਲਿਆ ਗਿਆ। ਕਈ ਜੇਲ੍ਹਾਂ ਵਿੱਚ ਤਿੰਨ ਸਾਲ ਤੱਕ ਰਹਿਣ ਤੋਂ ਬਾਅਦ ਉਨ੍ਹਾਂ ਨੂੰ 1945 ਵਿੱਚ ਰਿਹਾਅ ਕਰ ਦਿੱਤਾ ਗਿਆ।

ਉਸ ਵੇਲੇ ਵੀ ਗੜ੍ਹਵਾਲ ਵਿੱਚ ਦਾਖ਼ਲ ਨਾ ਹੋਣ ਦੀ ਪਾਬੰਦੀ ਉਨ੍ਹਾਂ 'ਤੇ ਜਾਰੀ ਰਹੀ। ਕਾਫ਼ੀ ਭੱਜ-ਦੌੜ ਤੋਂ ਬਾਅਦ 22 ਦਸੰਬਰ, 1946 ਨੂੰ ਉਨ੍ਹਾਂ ਨੂੰ ਗੜ੍ਹਵਾਲ ਵਿੱਚ ਦਾਖ਼ਲੇ ਦੀ ਇਜਾਜ਼ਤ ਮਿਲੀ।

ਸਨ 1950 ਵਿੱਚ ਉਹ ਆਪਣੇ ਪਰਿਵਾਰ ਨਾਲ ਕੋਟਦਵਾਰ ਦੇ ਧਰੁਵਪੁਰ ਵਿੱਚ ਆ ਕੇ ਵੱਸ ਗਏ। ਇਸ ਤੋਂ ਬਾਅਦ ਉਨ੍ਹਾਂ ਨੇ 1952, 1957 ਅਤੇ 1962 ਦੀਆਂ ਆਮ ਚੋਣਾਂ ਲੜੀਆਂ ਪਰ ਕਿਸੇ ਵੀ ਚੋਣ ਵਿੱਚ ਉਨ੍ਹਾਂ ਨੂੰ ਜਿੱਤ ਨਹੀਂ ਮਿਲ ਸਕੀ।

ਆਜ਼ਾਦ ਭਾਰਤ ਵਿੱਚ ਵੀ ਜੇਲ੍ਹ ਤੋਂ ਖਹਿੜਾ ਨਹੀਂ ਛੁੱਟਿਆ

ਚੰਦਰ ਸਿੰਘ ਗੜ੍ਹਵਾਲੀ ਦੀ ਯਾਦ ਵਿੱਚ ਜਾਰੀ ਡਾਕ ਟਿਕਟ

ਤਸਵੀਰ ਸਰੋਤ, Indian Post

ਤਸਵੀਰ ਕੈਪਸ਼ਨ, ਸਨ 1994 ਵਿੱਚ ਭਾਰਤ ਸਰਕਾਰ ਨੇ ਚੰਦਰ ਸਿੰਘ ਗੜ੍ਹਵਾਲੀ ਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ

ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਚੰਦਰ ਸਿੰਘ ਗੜ੍ਹਵਾਲੀ ਦਾ ਜੇਲ੍ਹ ਤੋਂ ਨਾਤਾ ਨਹੀਂ ਟੁੱਟਿਆ। ਆਜ਼ਾਦ ਭਾਰਤ ਵਿੱਚ ਵੀ ਉਨ੍ਹਾਂ ਨੂੰ ਦੋ ਵਾਰ ਜੇਲ੍ਹ ਜਾਣਾ ਪਿਆ। ਪਹਿਲਾਂ ਤਾਂ ਗ਼ਲਤ ਵਾਰੰਟ ਦੇ ਆਧਾਰ 'ਤੇ ਉਨ੍ਹਾਂ ਨੂੰ 1948 ਵਿੱਚ ਗ੍ਰਿਫ਼ਤਾਰ ਕੀਤਾ ਗਿਆ।

ਉੱਤਰ ਪ੍ਰਦੇਸ਼ ਦੇ ਤਤਕਾਲੀ ਮੁੱਖ ਮੰਤਰੀ ਗੋਵਿੰਦ ਵੱਲਭ ਪੰਤ ਦੇ ਦਖ਼ਲ ਅਤੇ ਲਿਖਤੀ ਤੌਰ 'ਤੇ ਅਫ਼ਸੋਸ ਜਤਾਉਣ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸਾਲ 1962 ਦੇ ਚੀਨ ਦੇ ਹਮਲੇ ਦੇ ਸਮੇਂ ਵੀ ਉਨ੍ਹਾਂ ਨੂੰ ਹਿਰਾਸਤ ਵਿੱਚ ਲਿਆ ਗਿਆ।

ਰਮੇਸ਼ ਪੋਖਰਿਆਲ ਲਿਖਦੇ ਹਨ, "ਸਰਕਾਰ ਨੂੰ ਸ਼ੱਕ ਸੀ ਕਿ ਉਸ ਸਮੇਂ ਦੇਸ਼ ਦੇ ਕਮਿਊਨਿਸਟ ਚੀਨ ਨਾਲ ਮਿਲੇ ਹੋਏ ਸਨ। ਕਮਿਊਨਿਸਟ ਪਾਰਟੀ ਵਿੱਚ ਵੰਡ ਪੈ ਗਈ ਸੀ। ਦੋ ਕਮਿਊਨਿਸਟ ਪਾਰਟੀਆਂ ਬਣੀਆਂ, ਇੱਕ ਭਾਰਤੀ ਕਮਿਊਨਿਸਟ ਪਾਰਟੀ ਅਤੇ ਦੂਜੀ ਮਾਰਕਸਵਾਦੀ ਕਮਿਊਨਿਸਟ ਪਾਰਟੀ। ਸਰਕਾਰ ਨੇ ਮਾਰਕਸਵਾਦੀ ਕਮਿਊਨਿਸਟ ਪਾਰਟੀ ਦੇ ਆਗੂਆਂ ਦੀ ਫੜ੍ਹੋ-ਫੜ੍ਹੀ ਸ਼ੁਰੂ ਕਰ ਦਿੱਤੀ। ਚੰਦਰ ਸਿੰਘ ਆਪਣੇ ਆਪ ਨੂੰ ਮਾਰਕਸਵਾਦੀ ਕਮਿਊਨਿਸਟ ਪਾਰਟੀ ਦਾ ਮੈਂਬਰ ਮੰਨਦੇ ਸਨ, ਇਸ ਲਈ ਉਨ੍ਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।"

ਬਾਅਦ ਵਿੱਚ ਪਤਨੀ ਦੇ ਇਲਾਜ ਲਈ ਸਰਕਾਰ ਨੂੰ ਭੇਜੇ ਗਏ ਪ੍ਰਾਰਥਨਾ-ਪੱਤਰ ਦੇ ਆਧਾਰ 'ਤੇ ਉਨ੍ਹਾਂ ਨੂੰ ਪੈਰੋਲ 'ਤੇ ਰਿਹਾਅ ਕੀਤਾ ਗਿਆ।

ਇੱਕ ਅਕਤੂਬਰ, 1979 ਨੂੰ ਆਜ਼ਾਦੀ ਦੀ ਲੜਾਈ ਦੇ ਇਸ ਨਾਇਕ ਨੇ ਲੰਬੀ ਬਿਮਾਰੀ ਤੋਂ ਬਾਅਦ ਸਦਾ ਲਈ ਅੱਖਾਂ ਮੀਚ ਲਈਆਂ। ਉਨ੍ਹਾਂ ਦੀ ਮੌਤ ਤੋਂ ਕੁਝ ਦਿਨਾਂ ਬਾਅਦ ਤਤਕਾਲੀ ਪ੍ਰਧਾਨ ਮੰਤਰੀ ਇੰਦਿਰਾ ਗਾਂਧੀ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਕੋਟਦਵਾਰ ਵਿੱਚ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਗਏ ਸਨ।

ਸਨ 1994 ਵਿੱਚ ਭਾਰਤ ਸਰਕਾਰ ਨੇ ਉਨ੍ਹਾਂ ਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)