ਅੰਮ੍ਰਿਤਸਰ ਕਿਵੇਂ ਖਾਣ-ਪੀਣ ਦੇ ਸ਼ੌਕੀਨਾਂ ਲਈ ਜੰਨਤ ਹੈ

ਅੰਮ੍ਰਿਤਸਰ, ਪੰਜਾਬ ਦੀ ਪੰਥਕ ਰਾਜਧਾਨੀ ਹੀ ਨਹੀਂ ਹੈ, ਬਲਕਿ ਖਾਣ-ਪੀਣ ਦੇ ਸ਼ੌਕੀਨਾਂ ਲਈ ਜੰਨਤ ਵਰਗਾ ਹੈ।
ਅੰਮ੍ਰਿਤਸਰ ਦੇ ਮਸ਼ਹੂਰ ਕੁਲਚੇ ਛੋਲਿਆਂ ਤੋਂ ਲੈ ਕੇ ਲੱਸੀ ਤੱਕ....ਰੋਸਟਿਡ ਮਟਨ ਤੋਂ ਲੈ ਕੇ ਅੰਮ੍ਰਿਤਸਰ ਮੱਛੀ ਤੱਕ...ਇੱਕ ਲੰਬੀ ਲਿਸਟ ਹੈ ਜਿਸ ਨੂੰ ਹਰ ਸੈਲਾਨੀ ਅੰਮ੍ਰਿਤਸਰ ਆਉਣ ਵੇਲੇ ਨਾਲ ਲੈ ਕੇ ਆਉਂਦਾ ਹੈ।
ਸ਼ੁਰੂਆਤ ਸ਼ਹਿਰ ਦੀ ਗਿਆਨੀ ਟੀ ਸਟਾਲ ਤੋਂ ਕਰਦੇ ਹਾਂ, ਜਿੱਥੇ ਚਾਹ ਦੀ ਚੁਸਕੀਆਂ ਦੇ ਨਾਲ ਸ਼ਹਿਰ ਵਾਸੀ ਦੁਨੀਆ ਭਰ ਦੀ ਚਰਚਾ ਮਿੰਟਾਂ ਸੈਕਿੰਡਾਂ ਚ ਕਰ ਦਿੰਦੇ ਹਨ।

ਗਿਆਨੀ ਦੀ ਦੁਕਾਨ ’ਤੇ ਮਿਲਦੀ ਕੜਾਹ ਕਚੌਰੀ ਅਤੇ ਚਾਹ ਦੇ ਨਾਲ ਬਹੁਤ ਛੇਤੀ ਹੀ ਹਜ਼ਮ ਹੋ ਜਾਂਦੀ ਹੈ... ਤੇ ਵਾਰੀ ਆ ਜਾਂਦੀ ਹੈ ਅੰਮ੍ਰਿਤਸਰ ਹੀ ਕੁਲਚੇ ਛੋਲਿਆਂ ਦੀ ਜਿਹੜੇ ਕਿ ਅੰਮ੍ਰਿਤਸਰ ਦੇ ਹਰ ਇਲਾਕੇ ਵਿੱਚ ਮਿਲ ਜਾਂਦੇ ਹਨ।
ਇਹਨਾਂ ਨੂੰ ਬਣਾਉਣ ਵਾਲੇ ਮੰਨਦੇ ਹਨ ਕਿ ਇਹ ਅੰਮ੍ਰਿਤਸਰ ਦਾ ਪਾਣੀ ਹੈ, ਜਿਹੜਾ ਇਸ ਨੂੰ ਆਪਣਾ ਹੀ ਵਿਲੱਖਣ ਸਵਾਦ ਦਿੰਦਾ ਹੈ।

ਕੋਈ ਸਮਾਂ ਸੀ, ਜਦੋਂ ਪੂਰੀ ਛੋਲੇ ਖਾਣ ਲਈ ਅੰਦਰੂਨੀ ਸ਼ਹਿਰ ਵਿੱਚ ਜਾਣਾ ਪੈਂਦਾ ਸੀ, ਜਿਆਦਾਤਰ ਦੁਕਾਨਾਂ ਹੁਣ ਬਾਹਰ ਆ ਗਈਆਂ ਹਨ।
ਪਰ ਅੰਦਰੂਨੀ ਸ਼ਹਿਰ ਦੇ ਅੰਦਰ ਜਾ ਕੇ ਪੂਰੀ ਛੋਲੇ ਖਾਣ ਦਾ ਮਜ਼ਾ ਆਪਣਾ ਹੀ ਹੈ। ਇੰਨਾ ਕੁਝ ਖਾਣ ਤੋਂ ਬਾਅਦ ਅੰਮ੍ਰਿਤਸਰ ਦੀ ਲੱਸੀ ਕਿਵੇਂ ਛੱਡੀ ਜਾ ਸਕਦੀ ਹੈ ?

ਦੁਪਹਿਰ ਹੁੰਦੇ ਹੀ ਕੇਸਰ ਦੇ ਢਾਬੇ ਦੇ ਪਰੌਂਠੇ ਅਤੇ ਦਾਲ ਆਵਾਜ਼ਾਂ ਮਾਰਨ ਲੱਗ ਪੈਂਦੇ ਹੈ। ਉੱਥੇ ਪਹੁੰਚਣ ਲਈ ਰਿਕਸ਼ੇ ਜਾਂ ਮੋਟਰਸਾਈਕਲ ਸਕੂਟਰ ਦਾ ਸਹਾਰਾ ਲੈਣਾ ਪੈਂਦਾ ਹੈ।
ਸ਼ਾਮ ਹੋਣ ਤੋਂ ਪਹਿਲਾਂ ਅੰਮ੍ਰਿਤਸਰ ਦੀ ਭਿੱਜਾ ਕੁਲਚਾ ਖਾਣਾ ’ਤੇ ਲਾਜ਼ਮੀ ਹੈ... ਸ਼ਾਮ ਦੀ ਚਾਹ ਬੀਰੇ ਦੇ ਸਮੋਸੇ ਤੋਂ ਬਿਨਾਂ ਕਿਵੇਂ ਪੀਤੀ ਜਾ ਸਕਦੀ ਹੈ।
ਹਨੇਰਾ ਪੈਂਦੇ ਹੀ ਨਾਨ ਵੈਜੀਟੇਰੀਅਨ ਦੇ ਸ਼ੌਕੀਨਾਂ ਦੀ ਲਿਸਟ ਨੂੰ ਟਿਕ ਮਾਰ ਕਰਨ ਦੀ ਵਾਰੀ ਆ ਜਾਂਦੀ ਹੈ
ਅੰਦਰੂਨੀ ਸ਼ਹਿਰ ਵਿਚਲੇ ਮੋਹਨ ਮੀਟ ਦੀਆਂ ਖਾਲਸ ਦੇਸੀ ਘਿਓ ਨਾਲ ਤਿਆਰ ਚਾਪਾਂ, ਮਗਜ ਟਿਕੇ ਦੀ ਖੁਸ਼ਬੂ ਚੌਂਕ ਚਬੂਤਰੇ ਤੱਕ ਆ ਰਹੀ ਹੁੰਦੀ ਹੈ।

ਬੀਬੀਸੀ ਲੈ ਕੇ ਆਇਆ ਹੈ ਤੁਹਾਡਾ ਲਈ ਖਾਸ ਹਫਤਾਵਰ ਲੜੀ ਪੰਜਾਬੀ ਵਿਰਸਾ ਤੇ ਵਿਰਾਸਤ। ਜਿਸਦੇ ਤਹਿਤ ਤੁਹਾਨੂੰ ਹਰ ਹਫਤੇ ਕੁਝ ਨਵਾਂ ਵੇਖਣ ਨੂੰ ਮਿਲੇਗਾ। ਇਸ ਵਾਰ ਦੇ ਪ੍ਰੋਗਰਾਮ ਵਿੱਚ ਵੇਖੋ ਅੰਮ੍ਰਿਤਸਰ ਦਾ ਖਾਸ ਖਾਣਾ-ਪੀਣਾ।
ਰਿਪੋਰਟ- ਰਵਿੰਦਰ ਸਿੰਘ ਰੌਬਿਨ ਸ਼ੂਟ- ਸਵਿੰਦਰ ਸਿੰਘ ਤੇ ਰਾਮਰਾਜ, ਐਡਿਟ- ਸੰਦੀਪ ਸਿੰਘ ਤੇ ਰਾਜਨ ਪਪਨੇਜਾ
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)



