ਬਲਾਗ: ਬਿਕਨੀ ਰਾਊਂਡ ਬਿਨਾਂ ਖੂਬਸੂਰਤੀ ਮੁਕਾਬਲਾ ਦੇਖੋਗੇ?

ਤਸਵੀਰ ਸਰੋਤ, Getty Images
- ਲੇਖਕ, ਦਿਵਿਆ ਆਰਿਆ
- ਰੋਲ, ਪੱਤਰਕਾਰ, ਬੀਬੀਸੀ
ਅਮਰੀਕਾ ਦੀ ਸਭ ਤੋਂ ਖੂਬਸੂਰਤ ਔਰਤ ਚੁਣਨ ਦੇ ਮੁਕਾਬਲੇ 'ਮਿਸ ਅਮਰੀਕਾ' ਵਿੱਚ ਹੁਣ 'ਬਿਕਨੀ ' ਨਹੀਂ ਹੋਵੇਗਾ। ਪ੍ਰਬੰਧਕਾਂ ਨੇ ਕਿਹਾ ਹੈ ਕਿ ਹੁਣ ਹਿੱਸਾ ਲੈਣ ਵਾਲੀਆਂ ਮਾਡਲਜ਼ ਨੂੰ ਸ਼ਰੀਰਕ ਖੂਬਸੀਰਤੀ ਦੇ ਪੈਮਾਨੇ 'ਤੇ ਨਹੀਂ ਮਾਪਿਆ ਜਾਵੇਗਾ।
ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਔਰਤਾਂ 'ਬਿਕਨੀ ਰਾਊਂਡ' ਵਿੱਚ ਕੱਪੜਿਆਂ ਦੇ ਦੋ ਹਿੱਸਿਆਂ ਦੀ ਬਣੀ 'ਟੂ-ਪੀਸ ਬਿਕਨੀ' ਪਾ ਕੇ ਰੈਂਪ 'ਤੇ ਚੱਲਦੀਆਂ ਹਨ ਅਤੇ ਉਸ 'ਤੇ ਉਨ੍ਹਾਂ ਨੂੰ ਆਂਕਿਆ ਜਾਂਦਾ ਹੈ।
ਪਿਛਲੇ ਸਾਲ 'ਮਿਸ ਅਮਰੀਕਾ' ਦੇ ਬੋਰਡ ਦੇ ਮਰਦ ਮੈਂਬਰਾਂ ਦੀਆਂ ਕੁਝ ਈ-ਮੇਲਜ਼ ਲੀਕ ਹੋ ਗਈਆਂ ਸਨ। ਉਸ ਤੋਂ ਪਤਾ ਲੱਗਿਆ ਕਿ ਮੈਂਬਰਾਂ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੀਆਂ ਮਾਡਲਜ਼ ਬਾਰੇ ਭੱਦੀਆਂ ਟਿੱਪਣੀਆਂ ਕੀਤੀਆਂ ਸਨ। ਇਸ ਤੋਂ ਬਾਅਦ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਪਿਆ ਸੀ।
'ਮਿਸ ਅਮਰੀਕਾ' ਦੇ ਬੋਰਡ ਵਿੱਚ ਹੁਣ ਸਿਰਫ਼ ਔਰਤਾਂ ਹਨ। ਬੋਰਡ ਦੀ ਪ੍ਰਧਾਨ 1989 ਦੀ ਜੇਤੂ ਗ੍ਰੇਚਨ ਕਾਰਲਸਨ ਨੇ ਇਹ ਐਲਾਨ ਕਰਦੇ ਹੋਇਆਂ ਕਿਹਾ ਕਿ ਹੁਣ ਮੁਕਾਬਲੇ ਨੂੰ ਸੂਝਬੂਝ, ਪਸੰਦ ਅਤੇ ਜੁਨੂੰਨ ਦੇ ਆਧਾਰ 'ਤੇ ਜਾਂਚਿਆ ਜਾਵੇਗਾ।
'ਬਿਕਨੀ ਰਾਉਂਡ' 'ਤੇ ਅਸਹਿਜਤਾ ਕਿਉਂ?
ਪਰ ਖੂਬਸੂਰਤੀ ਦੇ ਮੁਕਾਬਲੇ ਦਾ ਮਕਸਦ ਤਾਂ ਖੂਬਸੂਰਤੀ ਮਾਪਣਾ ਹੁੰਦਾ ਹੈ ਤਾਂ 'ਬਿਕਨੀ ਰਾਉਂਡ' 'ਤੇ ਇੰਨੀ ਅਸਹਿਜਤਾ ਕਿਉਂ? ਭਾਰਤ ਵਿੱਚ ਵੀ ਇਸ ਦਾ ਤਜ਼ੁਰਬਾ ਪੁਰਾਣਾ ਹੈ।
ਜਦੋਂ 'ਫੈਮੀਨਾ' ਪੱਤਰਿਕਾ ਨੇ 1964 ਵਿੱਚ ਪਹਿਲਾ 'ਮਿਸ ਇੰਡੀਆ' ਮੁਕਾਬਲਾ ਕਰਵਾਇਆ ਤਾਂ ਵੀ 'ਸਵਿੱਮਸੂਟ ਰਾਉਂਡ' ਸੀ।
ਫਰਕ ਇੰਨਾ ਹੈ ਕਿ ਉਦੋਂ 'ਸਵਿੱਮਸੂਟ' ਟੂ-ਪੀਸ ਦੀ ਥਾਂ ਇੱਕ ਕੱਪੜੇ ਦੇ ਹੁੰਦੇ ਸਨ ਅਤੇ ਸਰੀਰ ਨੂੰ ਵਧੇਰੇ ਢੱਕਦੇ ਸਨ।

ਤਸਵੀਰ ਸਰੋਤ, Getty Images
ਜਦੋਂ ਸੁਸ਼ਮਿਤਾ ਸੇਨ ਅਤੇ ਐਸ਼ਵਰਿਆ ਰਾਏ ਨੇ 1994 ਵਿੱਚ ਇਹ ਮੁਕਾਬਲਾ ਜਿੱਤਿਆ ਤਾਂ ਵੀ ਭਾਰਤ ਵਿੱਚ 'ਸਵਿੱਮਸੂਟ' ਦਾ ਰੂਪ ਨਹੀਂ ਬਦਲਿਆ ਸੀ।
ਪਰ ਉਦੋਂ ਇੰਨਾ ਹੀ ਕ੍ਰਾਂਤੀਕਾਰੀ ਸੀ। ਸੁੰਦਰਤਾ ਮੁਕਾਬਲਿਆਂ ਨੂੰ ਦੇਖਣ ਦੀ ਵੱਡੀ ਵਜ੍ਹਾ ਵੀ ਸੀ।
ਮਾਡਲਡਜ਼ ਨੂੰ ਛੋਟੇ ਕੱਪੜਿਆਂ ਵਿੱਚ ਅਜਿਹੇ ਪ੍ਰੋਗਰਾਮਾਂ ਵਿੱਚ ਦੇਖਣਾ ਅੱਜ ਆਮ ਜਿਹਾ ਹੋ ਸਕਦਾ ਹੈ ਪਰ 1980-90 ਦੇ ਦਹਾਕੇ ਵਿੱਚ ਜਦੋਂ ਟੈਲੀਵਿਜ਼ਨ ਸਾਡੇ ਡਰਾਈਂਗ ਰੂਮ ਵਿੱਚ ਦਾਖਿਲ ਨਹੀਂ ਹੋਇਆ ਸੀ ਇਹ ਕਾਫ਼ੀ ਖਾਸ ਸੀ।
ਮੁੰਡਿਆਂ ਲਈ ਹੀ ਨਹੀਂ, ਕੁੜੀਆਂ ਲਈ ਇਹ ਇੱਕ ਅਜਿਹੀ ਦੁਨੀਆਂ ਦੀ ਖਿੜਕੀ ਸੀ ਜੋ ਆਮ ਤੌਰ 'ਤੇ ਬੰਦ ਰਹਿੰਦੀ ਸੀ।

ਤਸਵੀਰ ਸਰੋਤ, Getty Images
ਸਮੇਂ ਦੇ ਨਾਲ ਬਾਜ਼ਾਰ ਤਾਕਤਵਰ ਹੁੰਦਾ ਗਿਆ। ਔਰਤਾਂ ਦੀ ਖੂਬਸੂਰਤੀ ਦਾ ਪੈਮਾਨਾ ਚਹਿਰੇ ਤੋਂ ਉਨ੍ਹਾਂ ਦੇ ਸਰੀਰ ਦੇ ਆਕਾਰ ਤੱਕ ਜੁੜ ਗਿਆ ਅਤੇ ਖੂਬਸੂਰਤੀ ਮੁਕਾਬਲੇ ਉਸ ਬਦਲਾਅ ਦਾ ਪ੍ਰਤੀਕ ਬਣ ਗਏ।
ਮੰਚ 'ਤੇ ਸੈਂਕੜੇ ਲੋਕਾਂ ਦੀ ਭੀੜ ਵਿਚਾਲੇ ਅਤੇ ਟੈਲੀਵਿਜ਼ਨ ਸਕ੍ਰੀਨ ਦੇ ਦੂਜੇ ਪਾਸੇ ਬੈਠੇ ਕਰੋੜਾਂ ਦਰਸ਼ਕਾਂ ਸਾਹਮਣੇ 'ਸਵਿੱਮਸੂਟ' ਵਿੱਚ ਕੀਤਾ ਜਾਣ ਵਾਲਾ ਇਹ 'ਵਾਕ' ਖੂਬਸੂਰਤ ਸਰੀਰ ਦਾ ਮਾਪਦੰਡ ਤੈਅ ਕਰਨ ਲੱਗਾ।
'ਸਵਿੱਮਸੂਟ' ਖੁਦ ਇੱਕ ਕੱਪੜੇ ਤੋਂ ਫੱਟ ਕੇ ਦੋ ਕੱਪੜਿਆਂ ਦਾ ਹੋ ਗਿਆ। ਬਹਿਸ ਛਿੜੀ ਕਿ ਔਰਤ ਦੇ ਸਰੀਰ ਦੀ ਇਹ 'ਨੁਮਾਇਸ਼' ਉਸ ਨੂੰ ਇੱਕ ਚੀਜ਼ ਦੀ ਤਰ੍ਹਾਂ ਦੇਖਣ ਦੇ ਚਲਨ ਨੂੰ ਉਤਸ਼ਾਹਤ ਕਰਦੀ ਹੈ।
ਇਹ ਬਦਲਾਅ 2000 ਦੇ ਦਹਾਕੇ ਤੋਂ ਖੂਬਸਰਤੀ ਮੁਕਾਬਲੇ ਵਿੱਚ ਹੀ ਨਹੀਂ ਮੁੱਖ ਧਾਰਾ ਦੇ ਮੀਡੀਆ ਵਿੱਚ ਆਮ ਹੋ ਗਿਆ ਹੈ।
ਖਾਸ ਤਰ੍ਹਾਂ ਦੇ ਸਰੀਰ ਦੇ ਆਕਾਰ ਵਾਲੀਆਂ ਔਰਤਾਂ ਬਣੀਆਂ ਪਸੰਦ
ਹੁਣ ਘੱਟ ਕੱਪੜਿਆਂ ਵਿੱਚ ਖਾਸ ਤਰ੍ਹਾਂ ਦੇ ਸਰੀਰ ਦੇ ਆਕਾਰ ਵਾਲੀਆਂ ਔਰਤਾਂ ਆਮ ਤੌਰ 'ਤੇ ਫਿਲਮਾਂ ਅਤੇ ਮਿਊਜ਼ਿਕ ਵੀਡੀਓ ਵਿੱਚ ਦਿਖਾਈ ਜਾਣ ਲੱਗੀਆਂ।
'ਮਿਸ ਇੰਡੀਆ' ਵੀ ਆਮ ਹੋ ਗਿਆ। ਕਈ ਹੋਰ ਖੂਬਸੂਰਤੀ ਮੁਕਾਬਲੇ ਜਿਵੇਂ 'ਮਿਸੇਜ਼ ਇੰਡੀਆ', 'ਮਿਸ ਡੀਵਾ', 'ਮਿਸ ਸੁਪਰਮਾਡਲ' ਵਰਗੇ ਮੁਕਾਬਲੇ ਹੋਣ ਲੱਗੇ।
ਇੱਕ ਤਰ੍ਹਾਂ ਦਾ ਸਰੀਰ ਹੋਰ ਪਸੰਦੀਦਾ ਹੋ ਗਿਆ ਅਤੇ ਔਰਤਾਂ ਨੂੰ ਉਨ੍ਹਾਂ ਦੇ ਸਰੀਰ ਦੇ ਚਸ਼ਮੇ ਤੋਂ ਦੇਖਣਾ ਹੋਰ ਆਮ ਹੋ ਗਿਆ।

ਤਸਵੀਰ ਸਰੋਤ, Getty Images
ਇਸ ਨਵੇਂ 'ਨਾਰਮਲ' ਯਾਨਿ ਕਿ ਆਮ 'ਤੇ ਕਈ ਵਾਰੀ ਬਹਿਸ ਛਿੜੀ ਅਤੇ ਮੰਗ ਉੱਠੀ ਕਿ 'ਬਿਕਨੀ ਰਾਉਂਡ' ਨੂੰ ਬੰਦ ਕੀਤਾ ਜਾਵੇ।
ਸਾਲ 2014 ਵਿੱਚ 'ਮਿਸ ਵਰਲਡ' ਵਿੱਚ ਇਹ ਰਾਉਂਡ ਹਟਾਇਆ ਗਿਆ ਅਤੇ ਉਸ ਦੇ ਦੋ ਸਾਲ ਬਾਅਦ ' ਮਿਸ ਇੰਡੀਆ' ਮੁਕਾਬਲੇ ਵਿੱਚ ਵੀ ਹਟਾ ਦਿੱਤਾ ਗਿਆ।
ਹੁਣ ਇਸ ਸਾਲ 'ਮੀ-ਟੂ' ਮੁਹਿੰਮ ਤੋਂ ਬਾਅਦ ਅਮਰੀਕਾ ਵਿੱਚ ਛਿੜੀ ਤਾਜ਼ਾ ਬਹਿਸ ਤੋਂ ਬਾਅਦ 'ਮਿਸ ਅਮਰੀਕਾ' ਵਿੱਚ ਬਦਲਾਅ ਵੀ ਕਰਨ ਦਾ ਫੈਸਲਾ ਹੋਇਆ ਹੈ।
ਪਰ ਕੀ ਫਰਕ ਪੈਂਦਾ ਹੈ? ਸਵਿੱਮਸੂਟ ਰਾਉਂਡ ਦੀ ਉਹ ਖਿੜਕੀ ਹੁਣ ਵੱਡੀ ਹੋ ਕੇ ਦਰਵਾਜ਼ਾ ਹੋ ਗਈ ਹੈ।
ਇੱਕ ਦਰਵਾਜ਼ਾ ਨਹੀਂ ਕਈ ਦਰਵਾਜ਼ੇ ਹੋ ਗਏ ਹਨ। ਔਰਤਾਂ ਦੀ ਖੂਬਸੂਰਤੀ ਨੂੰ ਖੂਬਸੂਰਤੀ ਮੁਕਾਬਲੇ ਵਿੱਚ ਚਾਹੇ ਉਨ੍ਹਾਂ ਦੇ ਸਰੀਰ ਦੇ ਆਕਾਰ ਨਾਲ ਨਾ ਆਂਕਿਆ ਜਾਵੇ ਪਰ ਆਮ ਜ਼ਿੰਦਗੀ ਵਿੱਚ ਉਹ ਪੈਮਾਨਾ ਹੋਰ ਜ਼ਰੂਰੀ ਬਣਦਾ ਜਾ ਰਿਹਾ ਹੈ।
ਸਵਾਲ ਦੀ ਸੁਈ ਤਾਂ ਘੁੰਮ-ਫਿਰ ਕੇ ਸਾਡੇ-ਤੁਹਾਡੇ 'ਤੇ ਹੀ ਟਿਕਦੀ ਹੈ। ਕੀ ਬਿਕਨੀ ਰਾਉਂਡ ਦੇ ਬਿਨਾਂ ਬਿਊਟੀ ਕਾਂਟੈਸਟ ਦੇਖੋਗੇ? ਔਰਤ ਦੀ ਖੂਬਸੂਰਤੀ ਨੂੰ ਉਸ ਦੇ ਸਰੀਰ ਦੇ ਆਕਾਰ ਤੋਂ ਮਾਪਣਾ ਬੰਦ ਕਰੋਗੇ?












