ਨਾਭਾ ਦੇ ਹੀਰਾ ਮਹਿਲ 'ਚ ਹੋਈ ਦਸਤਾਰਬੰਦੀ ਕਿਉਂ ਬਣੀ ਚਰਚਾ ਦਾ ਵਿਸ਼ਾ, ਜਾਣੋ ਨਾਭਾ ਰਿਆਸਤ ਦਾ ਇਤਿਹਾਸ ਤੇ ਮਹਾਰਾਜਾ ਰਿਪੁਦਮਨ ਸਿੰਘ ਬਾਰੇ

ਨਾਭਾ ਰਿਆਸਤ

ਤਸਵੀਰ ਸਰੋਤ, Preeti Singh

ਤਸਵੀਰ ਕੈਪਸ਼ਨ, ਪਰਿਵਾਰ ਮੁਤਾਬਕ ਅਭੀਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਦੀ ਰਸਮ ਕੀਤੀ ਗਈ ਹੈ
    • ਲੇਖਕ, ਚਰਨਜੀਤ ਕੌਰ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਨਾਭਾ ਦੇ ਹੀਰਾ ਮਹਿਲ ਵਿੱਚ ਸੋਮਵਾਰ ਨੂੰ ਅਭੀਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਦੀ ਰਸਮ ਕੀਤੀ ਗਈ, ਜਿਸ ਦੀ ਸੋਸ਼ਲ ਮੀਡੀਆ ਉੱਤੇ ਖੂਬ ਚਰਚਾ ਹੋ ਰਹੀ ਹੈ।

13 ਸਾਲਾ ਅਭੀਉਦੈ ਪ੍ਰਤਾਪ ਸਿੰਘ ਨਾਭਾ ਰਿਆਸਤ ਦੇ ਮਹਾਰਾਜਾ ਰਹੇ ਰਿਪੁਦਮਨ ਸਿੰਘ ਦੇ ਪੜਪੋਤੇ ਦੇ ਪੁੱਤਰ ਹਨ। ਇਸ ਰਸਮ ਦੌਰਾਨ ਪਰਿਵਾਰ ਅਤੇ ਸਮਾਜ ਦੇ ਕਈ ਲੋਕ ਮੌਜੂਦ ਰਹੇ।

ਅਭੀਉਦੈ ਪ੍ਰਤਾਪ ਸਿੰਘ ਦੇ ਮਾਤਾ ਪ੍ਰੀਤੀ ਸਿੰਘ ਦੱਸਦੇ ਹਨ,"ਰਾਜੇ-ਮਹਾਰਾਜੇ ਹੀ ਨਹੀਂ ਸਗੋਂ ਸਿੱਖ ਪਰਿਵਾਰਾਂ ਵਿੱਚ ਗੁਰੂ ਗ੍ਰੰਥ ਸਾਹਿਬ ਸਾਹਮਣੇ ਪਹਿਲੀ ਵਾਰ ਬੱਚੇ ਦੀ ਦਸਤਾਰਬੰਦੀ ਕੀਤੀ ਜਾਂਦੀ ਹੈ। 124 ਸਾਲ ਪਹਿਲਾਂ ਭਾਈ ਨਰਾਇਣ ਸਿੰਘ ਨੇ ਇੱਕ ਚੌਕੜੇ ਉੱਤੇ ਅਖੰਡ ਪਾਠ ਕੀਤਾ ਸੀ ਅਤੇ ਉਹ ਦੋਬਾਰਾ ਇਸ ਮਹਿਲ ਵਿੱਚ ਉਹੀ ਰਸਮ ਦੋਹਰਾਈ ਗਈ।"

ਜਾਣਦੇ ਹਾਂ ਕਿ ਨਾਭਾ ਰਿਆਸਤ ਨਾਲ ਸਬੰਧਤ ਇਸ ਮਹਿਲ ਵਿੱਚ ਹੋਈ ਇਹ ਰਸਮ ਕੀ ਹੈ, ਇਸ ਰਿਆਸਤ ਦੇ ਬਹੁਚਰਚਿਤ ਰਾਜਾ ਰਿਪੁਦਮਨ ਸਿੰਘ ਕੌਣ ਸਨ ਅਤੇ ਉਨ੍ਹਾਂ ਨੂੰ ਗੱਦੀ ਤੋਂ ਲਾਹੇ ਜਾਣ ਬਾਅਦ ਕੀ-ਕੀ ਹੋਇਆ ਅਤੇ ਹੁਣ ਉਨ੍ਹਾਂ ਦੀ ਮੌਜੂਦਾ ਪੀੜੀ ਨੇ ਪੰਜਾਬ ਵਾਪਸੀ ਪਿੱਛੇ ਕੀ ਕਾਰਨ ਦੱਸਿਆ ਹੈ।

ਸਮਾਗਮ ਵਿੱਚ ਕੌਣ-ਕੌਣ ਪਹੁੰਚਿਆ?

ਇਹ ਸਮਾਗਮ ਨਾਭਾ ਵਿੱਚ ਆਯੋਜਿਤ ਹੋਇਆ। ਇਸ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ, ਨਾਇਬ ਸਿੰਘ ਸੈਣੀ, ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਣੇ ਹੋਰ ਖਿੱਤਿਆਂ ਨਾਲ ਜੁੜੇ ਲੋਕ ਮੌਜੂਦ ਰਹੇ।

ਇਸ ਮੌਕੇ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ, "ਮਹਾਰਾਜਾ ਹੀਰਾ ਸਿੰਘ ਦੀ ਪੰਥ ਲਈ ਸੇਵਾ ਬਹੁਤ ਵੱਡੀ ਹੈ ਅਤੇ ਮਹਾਰਾਜਾ ਰਿਪੁਦਮਨ ਸਿੰਘ ਸਣੇ ਇਨ੍ਹਾਂ ਦਾ ਪੂਰਾ ਪਰਿਵਾਰ ਹੀ ਗੁਰੂ ,ਮਨੁੱਖਤਾ ਅਤੇ ਪੰਥ ਪ੍ਰੇਮ ਨਾਲ ਲਬਰੇਜ਼ ਸੀ ਅਤੇ ਜਿਸ ਤਰ੍ਹਾਂ ਇਨ੍ਹਾਂ ਦੇ ਵਡੇਰਿਆਂ ਨੇ ਪੰਥ ਦੀ ਸੇਵਾ ਕੀਤੀ ਇਹ ਬੱਚਾ ਵੀ ਇਓਂ ਹੀ ਕਰੇ।"

ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੀ ਪਰਿਵਾਰ ਨੂੰ ਮਿਲਣ ਪਹੁੰਚੇ ਸਨ, ਉਨ੍ਹਾਂ ਨੇ ਕਿਹਾ, "ਮਹਾਰਾਜਾ ਨਾਭਾ ਨੇ ਗੋਰਿਆਂ ਦੀ ਹਕੂਮਤ ਵਿੱਚ ਰਾਜਗੱਦੀ ਉੱਤੇ ਬੈਠਣ ਲੱਗਿਆਂ ਗੁਰੂ ਮਰਿਆਦਾ ਦਾ ਪਾਲਣ ਕੀਤਾ। ਉਨ੍ਹਾਂ ਦਾ ਬਹੁਤ ਵੱਡਾ ਇਤਿਹਾਸ ਹੈ। ਹੁਣ ਬੇਟੇ ਅਭਿ ਉਦੈ ਪ੍ਰਤਾਪ ਸਿੰਘ ਦੀ ਦਸਤਾਰਬੰਦੀ ਹੋਈ ਹੈ ਅਤੇ ਸਿੱਖੀ ਵਿੱਚ ਦਸਤਾਰਬੰਦੀ ਅਹਿਮ ਸੰਸਕਾਰਾਂ ਵਿੱਚੋਂ ਪਰਮ ਸੰਸਕਾਰ ਹੈ, ਇਸ ਲਈ ਪਰਿਵਾਰ ਨੂੰ ਵਧਾਈ ਦਿੰਦੇ ਹਾਂ।"

'ਬਰਤਾਨੀਆ ਵਿੱਚ ਪ੍ਰਤਾਪ ਸਿੰਘ ਤੇ ਉਨ੍ਹਾਂ ਦੇ ਭੈਣ-ਭਰਾਵਾਂ ਨੂੰ ਸਿੱਖੀ ਤੋਂ ਦੂਰ ਕਰਕੇ, ਇਸਾਈ ਧਰਮ ਵੱਲ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।'

ਤਸਵੀਰ ਸਰੋਤ, Preeti Singh

ਰਿਪੁਦਮਨ ਸਿੰਘ ਦੀ ਕਿਹੜੀ ਪੀੜੀ ਦਾ ਹਿੱਸਾ ਹਨ ਅਭੀਉਦੈ ਪ੍ਰਤਾਪ ਸਿੰਘ

16 ਸਾਲਾ ਅਭੀਉਦੈ ਪ੍ਰਤਾਪ ਸਿੰਘ ਨਾਭਾ ਰਿਆਸਤ ਦੇ ਮਹਾਰਾਜਾ ਰਹੇ ਰਿਪੁਦਮਨ ਸਿੰਘ ਦੇ ਪੜਪੋਤੇ ਦੇ ਪੁੱਤਰ ਹਨ।ਉਹ ਭਾਨੂੰ ਪ੍ਰਤਾਪ ਸਿੰਘ ਅਤੇ ਪ੍ਰੀਤੀ ਸਿੰਘ ਦੇ ਪੁੱਤਰ ਹਨ। ਪ੍ਰੀਤੀ ਸਿੰਘ ਮਹਾਰਾਜਾ ਪ੍ਰਤਾਪ ਸਿੰਘ ਦੇ ਪੋਤੇ ਦੀ ਪਤਨੀ ਹੈ ਤੇ ਅੱਜ-ਕੱਲ੍ਹ ਆਪਣੇ ਬੇਟੇ ਅਭੀਉਦੈ ਸਿੰਘ ਨਾਲ ਨਾਭਾ ਦੇ ਆਪਣੇ ਵਿਰਾਸਤੀ ਮਹਿਲ ਵਿੱਚ ਰਹਿ ਰਹੇ ਹਨ।

ਅਭੀਉਦੈ ਪ੍ਰਤਾਪ ਸਿੰਘ ਰਿਪੁਦਮਨ ਸਿੰਘ ਦੇ ਪੁੱਤਰ ਪ੍ਰਤਾਪ ਸਿੰਘ ਦੇ ਪੋਤੇ ਭਾਨੂੰ ਪ੍ਰਤਾਪ ਸਿੰਘ ਦੇ ਪੁੱਤਰ ਹਨ ਭਾਵ ਉਨ੍ਹਾਂ ਦੇ ਪੜਪੋਤੇ ਦੇ ਪੁੱਤਰ।

ਦੋ ਪੀੜੀਆਂ ਬਾਅਦ ਦਸਤਾਰਬੰਦੀ ਦਾ ਫੈਸਲਾ ਕਿਵੇਂ ਲਿਆ?

ਅਭੀਉਦੈ ਪ੍ਰਤਾਪ ਸਿੰਘ ਦੇ ਮਾਤਾ ਪ੍ਰੀਤੀ ਸਿੰਘ ਦੱਸਦੇ ਹਨ,"ਮਹਾਰਾਜਾ ਪ੍ਰਤਾਪ ਸਿੰਘ ਤੋਂ ਬਾਅਦ ਦੋ ਪੀੜੀਆਂ ਨੇ ਕੇਸ ਨਹੀਂ ਰੱਖੇ ਸਨ ਅਤੇ ਇਸ ਬੱਚੇ ਨੇ ਆਪਣੀ ਮਰਜ਼ੀ ਨਾਲ ਇਹ ਫੈਸਲਾ ਲਿਆ ਕਿ ਕੇਸ ਰੱਖਣੇ ਹਨ ਤਾਂ ਅਸੀਂ ਸੋਚਿਆ ਕਿ ਕਿਉਂ ਨਾ ਦਸਤਾਰਬੰਦੀ ਦੀ ਰਸਮ ਵੀ ਕੀਤੀ ਜਾਵੇ। ਮਾਂ ਵਜੋਂ ਮੈਂ ਚਾਹੁੰਦੀ ਹਾਂ ਕਿ ਮੇਰਾ ਬੱਚਾ ਦਸਤਾਰ ਦੀ ਅਹਿਮੀਅਤ ਸਮਝੇ ਅਤੇ ਚੰਗਾ ਇਨਸਾਨ ਬਣੇ।"

ਪ੍ਰੀਤੀ ਸਿੰਘ ਆਪਣੇ ਪਰਿਵਾਰ ਬਾਰੇ ਦੱਸਦੇ ਹੋਏ ਕਹਿੰਦੇ ਹਨ,"ਮਹਾਰਾਜਾ ਰਿਪੁਦਮਨ ਸਿੰਘ ਨੂੰ ਅੰਗਰੇਜ਼ਾਂ ਨੇ ਨਜ਼ਰਬੰਦ ਕਰ ਦਿੱਤਾ ਸੀ ਅਤੇ ਉਨ੍ਹਾਂ ਦੇ 8 ਸਾਲ ਦੇ ਬੇਟੇ ਪ੍ਰਤਾਪ ਸਿੰਘ ਨੂੰ ਅੰਗਰੇਜ਼ ਆਪਣੇ ਨਾਲ ਇੰਗਲੈਂਡ ਲੈ ਗਏ ਸਨ। ਉੱਥੇ ਜਾ ਕੇ ਉਨ੍ਹਾਂ ਨੇ ਵੀ ਵਾਲ ਕਟਵਾ ਲਏ ਸਨ ਪਰ ਫਿਰ ਉਨ੍ਹਾਂ ਨੇ ਵਾਪਸ ਆ ਕੇ ਕੇਸ ਰੱਖੇ।''

''ਪ੍ਰਤਾਪ ਸਿੰਘ ਦੇ ਬੱਚੇ ਇੰਗਲੈਂਡ ਵਿੱਚ ਹੀ ਪੈਦਾ ਹੋਏ ਅਤੇ ਉਨ੍ਹਾਂ ਤੌਰ ਤਰੀਕਿਆਂ ਨਾਲ ਹੀ ਉਨ੍ਹਾਂ ਦੀ ਪਰਵਰਿਸ਼ ਹੋਈ ਤਾਂ ਸੱਭਿਆਚਾਰ ਪੱਖੋਂ ਕਾਫੀ ਬਦਲਾਅ ਆ ਗਿਆ ਸੀ ਪਰ ਹੁਣ ਮੇਰੇ ਬੇਟੇ ਨੇ ਮੰਗ ਕੀਤੀ ਕਿ ਉਹ ਕੇਸ ਰੱਖਣਾ ਚਾਹੁੰਦਾ ਹੈ, ਇਸ ਲਈ ਅਸੀਂ ਦਸਤਾਰਬੰਦੀ ਕਰਨੀ ਚਾਹੀ ਅਤੇ ਬਹੁਤ ਖੁਸ਼ੀ ਹੋਈ ਕਿ ਇੰਨੀਆਂ ਸ਼ਖ਼ਸੀਅਤਾਂ ਆਈਆਂ।"

ਰਿਪੁਦਮਨ ਸਿੰਘ ਤੋਂ ਬਾਅਦ ਹੁਣ ਤੱਕ ਦੀਆਂ ਪੀੜੀਆਂ

ਅਭੀਉਦੈ

ਮਹਾਰਾਜਾ ਰਿਪੁਦਮਨ ਸਿੰਘ ਦੇ ਬੇਟੇ ਅਤੇ ਨਾਭਾ ਰਿਆਸਤ ਦੇ ਆਖਰੀ ਸ਼ਾਸਕ ਮਹਾਰਾਜਾ ਪ੍ਰਤਾਪ ਸਿੰਘ ਦੇ ਤਿੰਨ ਬੇਟੇ ਅਤੇ ਇੱਕ ਬੇਟੀ ਸੀ। ਇਨ੍ਹਾਂ ਵਿੱਚੋਂ ਇੱਕ ਬੇਟਾ ਧੌਲਪੁਰ ਭਾਵ ਆਪਣੇ ਨਾਨਕੇ ਚਲਾ ਗਿਆ ਸੀ, ਜਦਕਿ ਬਾਕੀ ਵਿਦੇਸ਼ ਵਿੱਚ ਰਹਿੰਦੇ ਸਨ।

ਪ੍ਰੀਤੀ ਸਿੰਘ ਦੱਸਦੇ ਹਨ ਕਿ ਬਰਤਾਨੀਆ ਵਿੱਚ ਪ੍ਰਤਾਪ ਸਿੰਘ ਤੇ ਉਨ੍ਹਾਂ ਦੇ ਭੈਣ-ਭਰਾਵਾਂ ਨੂੰ ਸਿੱਖੀ ਤੋਂ ਦੂਰ ਕਰਕੇ, ਇਸਾਈ ਧਰਮ ਵੱਲ ਪ੍ਰੇਰਿਤ ਕਰਨ ਦੀ ਕੋਸ਼ਿਸ਼ ਕੀਤੀ ਗਈ।

ਪ੍ਰੀਤੀ ਦੱਸਦੇ ਹਨ, "ਮਹਾਰਾਜਾ ਰਿਪੁਦਮਨ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਤਿੰਨ ਪੀੜੀਆਂ ਤੱਕ ਕੋਈ ਮੁਕੰਮਲ ਤੌਰ 'ਤੇ ਸਿੱਖ ਨਹੀਂ ਸਜ ਸਕਿਆ। ਪਰ ਹੁਣ ਅਭੀਉਦੈ ਨੇ ਕੇਸ ਰੱਖੇ ਹਨ ਤੇ ਉਹ ਆਪਣੀ ਵਿਰਾਸਤ ਨੂੰ ਬਚਾਉਣ ਦਾ ਇਛੁੱਕ ਹੈ।"

ਨਾਭਾ ਰਿਆਸਤ ਦੀ ਸਥਾਪਨਾ ਕਦੋਂ ਹੋਈ ਸੀ

ਅਭੀਉਦੈ ਪ੍ਰਤਾਪ ਸਿੰਘ

ਤਸਵੀਰ ਸਰੋਤ, Preeti Singh

ਤਸਵੀਰ ਕੈਪਸ਼ਨ, 13 ਸਾਲਾ ਅਭੀਉਦੈ ਪ੍ਰਤਾਪ ਸਿੰਘ ਨਾਭਾ ਰਿਆਸਤ ਦੇ ਮਹਾਰਾਜਾ ਰਹੇ ਰਿਪੁਦਮਨ ਸਿੰਘ ਦੇ ਪੜਪੋਤੇ ਦੇ ਪੁੱਤਰ ਹਨ

ਨਾਭਾ ਰਿਆਸਤ ਦੀ ਸਥਾਪਨਾ ਰਾਜਾ ਹਮੀਰ ਸਿੰਘ ਨੇ 1755 ਈਸਵੀ ਵਿੱਚ ਕੀਤੀ ਸੀ। ਇਹ ਰਿਆਸਤ ਫੂਲਕੀਆ ਮਿਸਲ ਦੀਆਂ ਤਿੰਨ ਰਿਆਸਤਾਂ ਵਿੱਚੋਂ ਇੱਕ ਸੀ। ਪਟਿਆਲਾ ਤੇ ਜੀਂਦ ਰਿਆਸਤਾਂ ਵੀ ਫੂਲਕੀਆ ਮਿਸਲ ਦਾ ਹਿੱਸਾ ਸਨ।

ਇਤਿਹਾਸਕਾਰ ਮੁਹੰਮਦ ਇਦਰੀਸ ਮੁਤਾਬਕ ਨਾਭਾ ਰਿਆਸਤ ਉੱਤਰੀ-ਪੱਛਮੀ ਭਾਰਤ ਦੀ ਇੱਕ ਪੂਰੀ ਤਰ੍ਹਾਂ ਸਥਾਪਿਤ ਰਿਆਸਤ ਸੀ। ਇਸ ਰਿਆਸਤ ਕੋਲ ਫੌਜੀ ਤਾਕਤ ਵੀ ਸੀ। ਸਰਦਾਰ ਭਰਪੂਰ ਸਿੰਘ ਨੇ ਅੰਗਰੇਜ਼ ਹਕੂਮਤ ਦੀ 1857 ਵਿੱਚ ਸਪੋਰਟ ਵੀ ਕੀਤੀ ਸੀ।

ਸੱਭਿਆਚਾਰ ਪੱਖੋਂ ਇਸ ਰਿਆਸਤ ਦਾ ਜੋ ਆਰਕੀਟੈਕਟ ਖ਼ਾਸ ਯੋਗਦਾਨ ਹੈ। ਇੱਕ ਸਮਾਂ ਸੀ ਜਦੋਂ ਇਸ ਰਿਆਸਤ ਦਾ ਸ਼ਾਨਦਾਰ ਇਤਿਹਾਸ ਸੀ।

1783 ਵਿੱਚ ਹਮੀਰ ਸਿੰਘ ਦੀ ਮੌਤ ਮਗਰੋਂ ਗੱਦੀ ਦੀ ਜ਼ਿੰਮੇਵਾਰੀ ਉਨ੍ਹਾਂ ਦੇ 8 ਸਾਲਾ ਪੁੱਤ ਜਸਵੰਤ ਨੂੰ ਮਿਲੀ। ਇਸ ਤੋਂ ਬਾਅਦ 1846 ਈਸਵੀ ਵਿੱਚ ਦੇਵਿੰਦਰ ਸਿੰਘ ਗੱਦੀ 'ਤੇ ਬੈਠੇ ਸਨ। 1871 ਨੂੰ ਨਾਭਾ ਰਿਆਸਤ ਦੀ ਵਾਗਡੋਰ ਮਹਾਰਾਜਾ ਹੀਰਾ ਸਿੰਘ ਦੇ ਹੱਥਾਂ ਵਿੱਚ ਆਈ।

ਮਹਾਰਾਜਾ ਹੀਰਾ ਸਿੰਘ ਦੇ ਦੇਹਾਂਤ ਮਗਰੋਂ ਰਿਪੁਦਮਨ ਸਿੰਘ ਗੱਦੀ 'ਤੇ ਬੈਠੇ। ਪਰ ਬਰਤਾਨਵੀ ਸਰਕਾਰ ਵੱਲੋਂ 1923 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨੂੰ ਜ਼ਬਰਦਸਤੀ ਰਾਜ ਗੱਦੀ ਤੋਂ ਲਾਹਿਆ ਗਿਆ ਸੀ। ਉਸ ਵੇਲੇ ਗੱਦੀ ਦੇ ਵਾਰਸ ਪ੍ਰਤਾਪ ਸਿੰਘ 8 ਸਾਲਾਂ ਦੇ ਸਨ ਤੇ ਅੰਗਰੇਜ਼ ਸਾਸ਼ਕ ਉਨ੍ਹਾਂ ਨੂੰ ਆਪਣੇ ਨਾਲ ਬਰਤਾਨੀਆ ਲੈ ਗਏ ਸਨ।

ਮਹਾਰਾਜਾ ਰਿਪੁਦਮਨ ਸਿੰਘ ਦੇ ਰਾਜ ਦੀ ਕੀ ਸਿਫ਼ਤ ਸੀ?

ਅਭੀਉਦੈ

ਤਸਵੀਰ ਸਰੋਤ, Preeti Singh

ਨਾਭਾ ਰਿਆਸਤ ਦੇ ਮਹਾਰਾਜਾ ਰਿਪੁਦਮਨ ਸਿੰਘ ਨੂੰ ਹੋਰ ਰਿਆਸਤਾਂ ਦੇ ਉਲਟ ਜਾ ਕੇ ਸਿੱਖ ਸਿਧਾਂਤ ਦੀ ਪੈਰਵੀ ਕਰਨ ਵਾਲਾ ਰਾਜਾ ਮੰਨਿਆ ਜਾਂਦਾ ਹੈ।

ਰਿਪੁਦਮਨ ਸਿੰਘ ਦਾ ਜਨਮ 4 ਮਾਰਚ 1883 ਈਸਵੀ ਨੂੰ ਹੋਇਆ ਸੀ। ਉਹ ਮਹਾਰਾਜਾ ਹੀਰਾ ਸਿੰਘ ਤੇ ਮਹਾਰਾਣੀ ਜਸਮੇਰ ਕੌਰ ਦੇ ਪੁੱਤ ਸਨ।

ਪਿਤਾ ਦੀ ਮੌਤ ਤੋਂ ਬਾਅਦ ਉਹ 28 ਸਾਲ ਦੀ ਉਮਰ ਵਿੱਚ ਸਾਲ 1912 ਨੂੰ ਰਾਜ ਗੱਦੀ ਉੱਤੇ ਬੈਠੇ। ਪਰ ਬਰਤਾਨਵੀ ਸਰਕਾਰ ਵੱਲੋਂ 1923 ਵਿੱਚ ਮਹਾਰਾਜਾ ਰਿਪੁਦਮਨ ਸਿੰਘ ਨੂੰ ਜ਼ਬਰਦਸਤੀ ਰਾਜ ਗੱਦੀ ਤੋਂ ਲਾਹਿਆ ਗਿਆ ਸੀ।

ਇਤਿਹਾਸਕਾਰ ਡਾ. ਮੁਹੰਮਦ ਇਦਰੀਸ ਮੁਤਾਬਕ,"ਨਾਭਾ ਰਿਆਸਤ ਵਿੱਚ ਰਿਪੁਦਮਨ ਸਿੰਘ ਨੇ ਅਹਿਮ ਭੂਮਿਕਾ ਅਦਾ ਕੀਤੀ ਸੀ। ਉਹ 1883 ਤੋਂ 1942 ਤੱਕ ਸਰਗਰਮ ਰਹੇ ਸਨ। ਇਸ ਸਮੇਂ ਦੌਰਾਨ ਭਾਰਤ ਦੀ ਅਜ਼ਾਦੀ ਦੀ ਲੜਾਈ ਵੀ ਲੜੀ ਜਾ ਰਹੀ ਸੀ।"

ਡਾ. ਇਦਰੀਸ ਦੱਸਦੇ ਹਨ ਕਿ ਮਹਾਰਾਜਾ ਰਿਪੁਦਮਨ ਸਿੰਘ ਨੇ ਨਾ ਸਿਰਫ ਅਜ਼ਾਦੀ ਲੜਾਈ ਸਗੋਂ ਗੁਰਦੁਆਰਾ ਸੁਧਾਰ ਲਹਿਰ ਵਿੱਚ ਵੀ ਯੋਗਦਾਨ ਦਿੱਤਾ। ਉਨ੍ਹਾਂ ਨੇ ਆਪਣੀ ਤਾਜਪੋਸ਼ੀ ਅੰਗਰੇਜ਼ ਸਰਕਾਰ ਦੇ ਅਧਿਕਾਰੀਆਂ ਤੋਂ ਕਰਵਾਉਣ ਦੀ ਬਜਾਇ ਸਿੱਖ ਮਰਿਆਦਾ ਮੁਤਾਬਕ ਕਰਵਾਈ ਸੀ।।

''ਉਸ ਸਮੇਂ ਇਹ ਰਿਵਾਜ਼ ਸੀ ਕਿ ਸਿਆਸੀ ਏਜੰਟ ਆ ਕੇ ਤਾਜਪੋਸ਼ੀ ਕਰਦੇ ਸਨ। ਪਰ ਉਨ੍ਹਾਂ ਨੇ ਆਪਣੀ ਤਾਜਪੋਸ਼ੀ ਲਈ ਸੰਤ ਅਤਰ ਸਿੰਘ ਮਸਤੂਆਣਾ ਨੂੰ ਬੇਨਤੀ ਕੀਤੀ ਸੀ ਅਤੇ ਉਨ੍ਹਾਂ ਦੀ ਦਸਤਾਰਬੰਦੀ ਅਤਰ ਸਿੰਘ ਮਸਤੂਆਣਾ ਨੇ ਕੀਤੀ ਸੀ।''

ਦੂਜਾ ਪੱਖ ਇਹ ਸੀ ਕਿ ਮਹਾਰਾਜਾ ਰਿਪੁਦਮਨ ਸਿੰਘ ਨੇ 1906 ਤੋਂ ਲੈ ਕੇ 1908 ਤੱਕ ਭਾਰਤੀ ਰਿਆਸਤਾਂ ਨੂੰ ਦੇਖਣ ਵਾਲੀ ਕਾਊਂਸਲ ਦੇ ਮੈਂਬਰ ਰਹੇ। ਉਸ ਸਮੇਂ ਉਨ੍ਹਾਂ ਨੇ ਅਨੰਦ ਮੈਰਿਜ ਐਕਟ ਪਾਸ ਕਰਵਾਉਣ ਲਈ ਰੋਲ ਅਦਾ ਕੀਤਾ। ਇਹ ਐਕਟ 1909 ਵਿੱਚ ਪਾਸ ਹੋਇਆ ਸੀ। ਇਸ ਐਕਟ ਦੀ ਵਿਸ਼ੇਸ਼ਤਾ ਇਹ ਸੀ ਕਿ ਸਿੱਖ ਵਿਆਹਾਂ ਨੂੰ ਹਿੰਦੂ ਵਿਆਹਾਂ ਤੋਂ ਵੱਖਰਾ ਪੇਸ਼ ਕੀਤਾ ਜਾਵੇ।

ਗੁਰਦੁਆਰਾ ਸੁਧਾਰ ਲਹਿਰ ਦੌਰਾਨ ਉਨ੍ਹਾਂ ਨੇ ਜੈਤੋ ਮੋਰਚੇ ਵੇਲੇ ਮਦਦ ਮੁਹੱਈਆ ਕਰਵਾਈ ਜਿਵੇਂ ਕਿ ਰਸਦ ਪਹੁੰਚਾਉਣੀ, ਸੰਗਤਾਂ ਨੂੰ ਸੇਧ ਦੇਣੀ।

ਇਸ ਤੋਂ ਇਲਾਵਾ ਹਰਿਮੰਦਰ ਸਿੰਘ ਵਿੱਚ ਮੂਰਤੀਆਂ ਲਗਾਉਣ ਦੀ ਵੀ ਉਨ੍ਹਾਂ ਨੇ ਇਹ ਕਹਿੰਦੇ ਹੋਏ ਅਲੋਚਨਾ ਕੀਤੀ ਸੀ ਕਿ ਇਹ ਸਿੱਖ ਮਰਿਆਦਾ ਦੇ ਉਲਟ ਹੈ।

ਰਿਪੁਦਮਨ ਸਿੰਘ ਦੇ ਪੰਥ ਪ੍ਰਤੀ ਯੋਗਦਾਨਾਂ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੈਂਟਰਲ ਸਿੱਖ ਮਿਊਜ਼ੀਅਮ ਵਿੱਚ ਉਨ੍ਹਾਂ ਦੀ ਤਸਵੀਰ ਲਗਾਈ ਹੋਈ ਹੈ।

ਨਾਭਾ ਰਿਆਸਤ ਦੇ ਇਸ ਪਰਿਵਾਰ ਦੀਆਂ ਸਰਗਰਮੀਆਂ ਨੂੰ ਕਿਵੇਂ ਦੇਖ ਰਹੇ ਹਨ ਮਾਹਰ

ਅਭੀਉਦੈ ਪ੍ਰਤਾਪ ਸਿੰਘ ਦਸਤਾਰਬੰਦੀ

ਤਸਵੀਰ ਸਰੋਤ, Preeti Singh

ਸਿੱਖ ਅਤੇ ਧਾਰਮਿਕ ਮਾਮਲਿਆਂ ਦੇ ਜਾਣਕਾਰੀ ਰੱਖਣ ਵਾਲੇ ਰਾਜਨੀਤੀ ਸ਼ਾਸਤਰ ਦੇ ਸਾਬਕਾ ਪ੍ਰੋਫੈਸਰ ਜਗਰੂਪ ਸਿੰਘ ਸੇਖੋਂ ਮੁਤਾਬਕ ਲੰਘੇ ਦਿਨੀ ਹੋਏ ਇਸ ਘਟਨਾਕ੍ਰਮ ਦੇ ਕਈ ਮਾਅਨੇ ਹੋ ਜਾਂਦੇ ਹਨ।

ਉਹ ਕਹਿੰਦੇ ਹਨ,"ਸਾਕਰਤਮ ਤੌਰ ਉੱਤੇ ਦੇਖੀਏ ਤਾਂ ਅਜਿਹੀਆਂ ਘਟਨਾਵਾਂ ਦੀ ਸੰਕੇਤਕ ਰੂਪ ਵਿੱਚ ਕਾਫੀ ਮਹੱਤਤਾ ਹੋ ਜਾਂਦੀ ਹੈ, ਜੇਕਰ ਰਿਆਸਤ ਨਾਲ ਜੁੜਿਆ ਪਰਿਵਾਰ ਕਈ ਦਹਾਕਿਆਂ ਬਾਅਦ ਵਾਪਸ ਪੰਜਾਬ ਆ ਕੇ ਵਸਿਆ ਹੈ ਤਾਂ ਹੋਰ ਜੋ ਲੋਕ ਪਰਵਾਸ ਕਰਨ ਬਾਅਦ ਵਾਪਿਸ ਮੁੜੇ ਹਨ ਉਨ੍ਹਾਂ ਤੱਕ ਸੁਨੇਹਾ ਵੀ ਚੰਗਾ ਜਾਂਦਾ ਹੈ।

ਇਲਾਕੇ ਵਿੱਚ ਰਿਆਸਤ ਦੇ ਮੌਜੂਦਾ ਪ੍ਰਭਾਵ ਦੀ ਗੱਲ ਕਰਦਿਆਂ ਉਹ ਕਹਿੰਦੇ ਹਨ,"ਬੇਸ਼ੱਕ ਸ਼ੁਰੂ ਤੋਂ ਨਾਭਾ ਰਿਆਸਤ ਦਾ ਲੋਕਾਂ ਪ੍ਰਤੀ ਸੰਵੇਦਨਸ਼ੀਲ ਰਵੱਈਆ ਰਿਹਾ ਹੈ ਪਰ ਸਿਆਸੀ ਪੱਖੋਂ ਦੇਖੀਏ ਤਾਂ ਅਜ਼ਾਦੀ ਤੋਂ ਬਾਅਦ ਹੁਣ ਸਮੀਕਰਨ ਕਾਫੀ ਬਦਲ ਗਏ ਹਨ। ਪੰਜਾਬ, ਹਿਮਾਚਲ ਅਤੇ ਰਾਜਥਾਨ ਵਿੱਚ ਵੀ ਕਈ ਰਾਜ ਘਰਾਣੇ ਅਜਿਹੇ ਹਨ ਜਿਨ੍ਹਾਂ ਨੂੰ ਮੌਜੂਦਾ ਵੇਲੇ ਵਿੱਚ ਸਿਆਸੀ ਧਰਾਤਲ ਉੱਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

"ਬੱਚੇ ਦੀ ਦਸਤਾਰਬੰਦੀ ਸੀ ਤਾਂ ਕਾਫੀ ਲੋਕ ਉੱਤੇ ਗਏ, ਜਿਸ ਦੀ ਚਰਚਾ ਵੀ ਹੋਈ ਪਰ ਇਸ ਤੋਂ ਬਾਅਦ ਉਹ ਪਰਿਵਾਰ ਕੀ ਸਿਆਸੀ ਤੌਰ ਉੱਤੇ ਨਿਰਪੱਖ ਰਹੇਗਾ ਜਾਂ ਕਿਸੇ ਧਿਰ ਪ੍ਰਤੀ ਝੁਕਾਅ ਪੇਸ਼ ਕਰੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)