'ਕਿਸਾਨ ਅੰਦੋਲਨ 'ਚ ਹਿੱਸਾ ਲੈਣ ਨਾਲ ਅਸੀਂ ਬੁੱਢੇ ਨਹੀਂ ਸਗੋਂ ਜਵਾਨ ਹੋ ਗਏ, ਚਿਹਰਾ ਤਾਹੀਂ ਚਮਕਦਾ'
ਦਿੱਲੀ ਦੇ ਬਾਰਡਰਾਂ 'ਤੇ ਤਿੰਨੋ ਖੇਤੀ ਕਾਨੂੰਨਾਂ ਦੇ ਖਿਲਾਫ਼ ਚੱਲੇ ਕਿਸਾਨ ਅੰਦੋਲਨ ਨੂੰ ਮੁਲਤਵੀ ਕੀਤਿਆਂ ਇੱਕ ਸਾਲ ਹੋ ਗਿਆ ਹੈ।
ਕਿਸਾਨ ਅੰਦੋਲਨ ਦਾ ਹਿੱਸਾ ਬਣੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਉੱਤੇ ਇਸਦੀ ਛਾਪ ਰਹੀ ਹੈ।
ਮੁਹਾਲੀ ਦੀ ਇੱਕ ਬੀਬੀ ਕੁਲਵੰਤ ਕੌਰ ਖਾਲਸਾ ਵੀ ਕਈ ਮਹੀਨੇ ਇਸ ਅੰਦੋਲਨ ਦਾ ਦਿੱਲੀ ਬਾਰਡਰਾਂ ਉੱਤੇ ਹਿੱਸਾ ਬਣੇ ਸਨ। ਉਨ੍ਹਾਂ ਦੀ ਜ਼ਿੰਦਗੀ ਇਸ ਅੰਦੋਲਨ ਨੇ ਕਿਵੇਂ ਬਦਲੀ ਸੁਣੋ ਉਨ੍ਹਾਂ ਦੀ ਜ਼ੁਬਾਨੀ।
ਕਿਸਾਨਾਂ ਦੇ ਦਿੱਲੀ ਅੰਦੋਲਨ ਦੇ ਕਰੀਬ ਇੱਕ ਸਾਲ ਬਾਅਦ 19 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਵੇਰੇ ਅਚਾਨਕ ਟੀਵੀ ਉੱਤੇ ਆਏ ਅਤੇ ਖੇਤੀ ਕਾਨੂੰਨ ਵਾਪਸ ਲੈਣ ਦਾ ਐਲਾਨ ਕਰ ਦਿੱਤਾ।
ਪ੍ਰਧਾਨ ਮੰਤਰੀ ਮੋਦੀ ਦੇ ਇਸ ਐਲਾਨ ਦਾ ਕਿਸਾਨਾਂ ਨੇ ਸਵਾਗਤ ਕੀਤਾ ਅਤੇ ਪੰਜਾਬ ਤੇ ਦਿੱਲੀ ਬਾਰਡਰਾਂ ਉੱਤੇ ਮਿਠਾਈਆਂ ਵੰਡੀਆਂ ਗਈਆਂ ਤੇ ਜਸ਼ਨ ਮਨਾਇਆ ਗਿਆ।
ਅਖੀਰ 11 ਦਸੰਬਰ ਨੂੰ ਕਿਸਾਨਾਂ ਨੇ ਦਿੱਲੀ ਬਾਰਡਰ ਖਾਲੀ ਕਰ ਦਿੱਤੇ ਤੇ ਆਪਣੇ ਘਰਾਂ ਨੂੰ ਵਾਪਿਸ ਪਰਤ ਗਏ।
ਪੀਐੱਮ ਮੋਦੀ ਨੇ ਕਾਨੂੰਨ ਭਾਵੇਂ 19 ਨਵੰਬਰ ਨੂੰ ਵਾਪਿਸ ਲੈਣ ਦਾ ਐਲਾਨ ਕਰ ਦਿੱਤਾ ਪਰ ਬਾਰਡਰ ਕਿਸਾਨਾਂ ਨੇ ਉਦੋਂ ਖਾਲੀ ਕੀਤੇ ਜਦੋਂ ਉਨ੍ਹਾਂ ਨੂੰ ਸਰਕਾਰ ਨੇ ਲਿਖਤ ਵਿੱਚ ਮੰਗਾਂ ਮੰਨੇ ਜਾਣ ਦਾ ਭਰੋਸਾ ਦਵਾਇਆ।
ਸਰਕਾਰ ਨੇ ਕਿਸਾਨਾਂ ਦੀਆਂ ਜਿਹੜੀਆਂ 5 ਮੰਗਾਂ ਮੰਨੀਆਂ ਉਸਦੇ ਵਿੱਚ ਐੱਮਐੱਸਪੀ ਉੱਤੇ ਕਮੇਟੀ ਬਣਾਉਣ, ਅੰਦੋਲਨ ਦੌਰਾਨ ਕਿਸਾਨਾਂ ਉੱਤੇ ਹੋਏ ਕੇਸਾਂ ਨੂੰ ਵਾਪਿਸ ਲੈਣ ਦੀ ਸਹਿਮਤੀ, ਮ੍ਰਿਤਕ ਕਿਸਾਨਾਂ ਲਈ ਮੁਆਵਜੇ ਉੱਤੇ ਹਰਿਆਣਾ ਤੇ ਯੂਪੀ ਸਰਕਾਰ ਦੀ ਸਿਧਾਂਤਕ ਸਹਿਮਤੀ, ਬਿਜਲੀ ਬਿੱਲ ਉੱਤੇ ਚਰਚਾ ਕਰਨ ਅਤੇ ਪਰਾਲੀ ਦੇ ਮੁੱਦੇ ਉੱਤੇ ਧਾਰਾ 14 ਅਤੇ 15 ਵਿੱਚ ਕ੍ਰਿਮੀਨਲ ਲਾਇਬਿਲਿਟੀ ਤੋਂ ਕਿਸਾਨ ਨੂੰ ਮੁਕਤੀ ਦੇਣਾ ਸ਼ਾਮਲ ਹੈ।
(ਰਿਪੋਰਟ- ਸਰਬਜੀਤ ਸਿੰਘ ਧਾਲੀਵਾਲ ਐਡਿਟ- ਰਾਜਨ ਪਪਨੇਜਾ)



