ਭਾਰਤ-ਪਾਕ ਵੰਡ : ਐੱਮਡੀਐੱਚ ਦੇ ਬਾਨੀ ਧਰਮਪਾਲ ਮਹਾਸ਼ਾ ਕਰੋਲ ਬਾਗ ਵਿੱਚ ਪੈਰੀਂ ਜੁੱਤੀ ਕਿਉਂ ਨਹੀਂ ਸੀ ਪਾਉਂਦੇ

ਤਸਵੀਰ ਸਰੋਤ, Getty Images
- ਲੇਖਕ, ਵਿਵੇਕ ਸ਼ੁਕਲਾ
- ਰੋਲ, ਸੀਨੀਅਰ ਪੱਤਰਕਾਰ, ਬੀਬੀਸੀ ਹਿੰਦੀ ਦੇ ਲਈ
ਦਿੱਲੀ ਵਿੱਚ ਗੁਜ਼ਰੇ 75 ਸਾਲਾਂ ਵਿੱਚ ਦਰਜਨਾਂ ਫਲਾਈਓਵਰ ਬਣੇ, ਮੈਟਰੋ ਰੇਲ਼ ਚੱਲਣ ਲੱਗੀ, ਥਾਂ-ਥਾਂ 'ਤੇ ਮੌਲਜ਼ ਖੁੱਲਦੇ ਰਹੇ, ਪਰ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਜਿਵੇਂ 1947 ਵਿੱਚ ਸੀ, ਅੱਜ ਵੀ ਕੁਝ ਉਸੇ ਤਰ੍ਹਾਂ ਦਾ ਹੈ।
ਸਟੇਸ਼ਨ ਦੇ ਮੇਨ ਗੇਟ 'ਤੇ ਲੱਗੀ ਘੜੀ ਗਵਾਹ ਹੈ, ਉਸ ਦੌਰ ਦੀ ਜਦੋਂ ਲੁੱਟਾਂ-ਖੋਹਾਂ ਮਗਰੋਂ ਪਾਕਿਸਤਾਨ ਤੋਂ ਰੋਜ਼ ਇੱਥੇ ਹਿੰਦੂ-ਸਿੱਖ ਸ਼ਰਨਾਰਥੀ ਆ ਰਹੇ ਸਨ।
ਦਿੱਲੀ ਵਿੱਚ ਤੁਹਾਨੂੰ ਅੱਜ ਵੀ ਝੁਕੀ ਹੋਈ ਪਿੱਠ ਵਾਲੇ ਬਜ਼ੁਰਗ ਮਿਲ ਜਾਣਗੇ, ਜੋ ਵੰਡ ਮਗਰੋਂ ਕਿਸੇ ਤਰੀਕੇ ਆਪਣੀ ਜਾਨ ਬਚਾ ਕੇ ਇਸੇ ਰੇਲਵੇ ਸਟੇਸ਼ਨ 'ਤੇ ਆਏ ਸੀ।
ਜਿੱਥੇ ਇੱਕ ਪਾਸੇ ਹਿੰਦੂ-ਸਿੱਖ ਪੁਰਾਣੀ ਦਿੱਲੀ ਅਤੇ ਅੰਮ੍ਰਿਤਸਰ ਸਟੇਸ਼ਨ 'ਤੇ ਉਤਰ ਰਹੇ ਸੀ, ਉੱਥੇ ਹੀ ਲੁੱਟੇ ਹੋਏ ਮੁਸਲਮਾਨ ਲੋਧੀ ਕਲੌਨੀ ਰੇਲਵੇ ਸਟੇਸ਼ਨ ਤੋਂ ਲਾਹੌਰ ਰਵਾਨਾ ਕੀਤੇ ਜਾ ਰਹੇ ਸੀ।
ਮਹਿਜ਼ 16 ਸਾਲ ਦੀ ਉਮਰ ਵਿੱਚ ਉਡਣੇ ਸਿੱਖ ਮਿਲਖਾ ਸਿੰਘ ਇਕੱਲੇ-ਅਨਾਥ ਦਿੱਲੀ ਜੰਕਸ਼ਨ 'ਤੇ ਉੱਤਰੇ ਸੀ।
ਮਿਲਖਾ ਸਿੰਘ ਦੇ ਪਰਿਵਾਰ ਦੇ ਕਈ ਮੈਂਬਰਾਂ ਦਾ ਕਤਲ ਕਰ ਦਿੱਤਾ ਗਿਆ ਸੀ। ਮਿਲਖਾ ਸਿੰਘ ਸਿੱਧੇ ਸਰਹੱਦ ਦੇ ਉਸ ਪਾਰੋਂ ਦਿੱਲੀ ਨਹੀਂ ਆਏ ਸੀ।

ਉਹ ਪਹਿਲਾਂ ਪੱਛਮੀ ਪੰਜਾਬ ਦੇ ਆਪਣੇ ਜੱਦੀ ਸ਼ਹਿਰ ਕੋਟ ਅੱਦੂ ਤੋਂ ਰੇਲ ਰਾਹੀਂ ਮੁਲਤਾਨ ਪਹੁੰਚੇ ਸੀ। ਉੱਥੋਂ ਉਹ ਟਰੱਕ 'ਤੇ ਫਿਰੋਜ਼ਪੁਰ ਆ ਗਏ ਸੀ।
ਵੰਡ ਨੂੰ ਲੈ ਕੇ ਉਨ੍ਹਾਂ ਦੀਆਂ ਦਿਲ ਨੂੰ ਝੰਜੋੜ ਕੇ ਰੱਖ ਦੇਣ ਵਾਲੀਆਂ ਯਾਦਾਂ ਸਨ। ਉਨ੍ਹਾਂ ਦੇ ਪਿਤਾ ਦਾ ਦੰਗਾਕਾਰੀਆਂ ਨੇ ਕਤਲ ਕਰ ਦਿੱਤਾ ਸੀ।
ਉਨ੍ਹਾਂ ਨੂੰ ਮਾਰਦੇ ਸਮੇਂ ਕਿਹਾ ਗਿਆ ਸੀ, 'ਭੱਜ ਮਿਲਖਾ ਭੱਜ।' ਫਿਰੋਜ਼ਪੁਰ ਤੋਂ ਉਹ ਦਿੱਲੀ ਆਏ ਸੀ। ਦਰਅਸਲ ਉਹ ਆਪਣੇ ਪਿੰਡ ਤੋਂ ਜਾਨ ਬਚਾ ਕੇ ਭੱਜਣ ਦੌਰਾਨ ਆਪਣੀ ਭੈਣ ਤੋਂ ਵਿੱਛੜ ਗਏ ਸਨ।
ਸਰੀਰ ਸੁੰਨ ਹੋਣ ਲੱਗਦਾ ਸੀ ਜਦੋਂ ਮਿਲਖਾ ਸਿੰਘ ਉਸ ਦੌਰ ਦੇ ਦਰਦਨਾਕ ਕਿੱਸੇ ਦੱਸਿਆ ਕਰਦੇ ਸਨ।
ਦਿੱਲੀ ਵਿੱਚ ਸ਼ਰਨਾਰਥੀਆਂ ਦੇ ਜਥੇ ਆ ਰਹੇ ਸਨ। ਹਰ ਪਾਸੇ ਹਫੜਾ-ਦਫੜੀ ਮੱਚ ਗਈ ਸੀ।
ਮਿਲਖਾ ਸਿੰਘ ਆਪਣੀ ਵਿੱਛੜ ਗਈ ਭੈਣ ਹੁੰਡੀ ਨੂੰ ਲੱਭਣ ਦਿੱਲੀ ਆਏ ਸੀ। ਉਹ ਦਿੱਲੀ ਵਿੱਚ ਆਪਣੀ ਭੈਣ ਨੂੰ ਲੱਭਣ ਵਿੱਚ ਸਫਲ ਰਹੇ ਸਨ।
ਉਜਾੜ ਥਾਵਾਂ 'ਤੇ ਕਤਲ

ਤਸਵੀਰ ਸਰੋਤ, KEYSTONE/GETTY IMAGES
ਦਿੱਲੀ ਆਉਣ ਵਾਲੇ ਬਹੁਤੇ ਸ਼ਰਨਾਰਥੀਆਂ ਦਾ ਇੱਥੇ ਕੋਈ ਘਰ ਨਹੀਂ ਸੀ। ਇਹ ਸਭ ਰੱਬ ਦਾ ਨਾਮ ਲੈ ਕੇ ਭਾਰਤ ਦੀ ਸਰਹੱਦ 'ਤੇ ਪਹੁੰਚ ਜਾਣਾ ਚਾਹੁੰਦੇ ਸਨ।
ਉਸ ਤੋਂ ਪਹਿਲਾਂ ਖ਼ਤਰਾ ਸੀ। ਦਿੱਲੀ ਵੱਲ ਆ ਰਹੀਆਂ ਰੇਲਾਂ 'ਤੇ ਸੁੰਨਸਾਨ ਥਾਵਾਂ 'ਤੇ ਹਮਲੇ ਹੋ ਰਹੇ ਸਨ।
ਰੇਲਵੇ ਬੋਰਡ ਦੇ ਚੇਅਰਮੈਨ ਰਹੇ ਵਾਈਪੀ ਆਨੰਦ ਆਪਣੇ ਪਰਿਵਾਰ ਦੇ ਨਾਲ ਸਿਆਲਕੋਟ ਤੋਂ ਜੰਮੂ ਦਾ 21 ਕਿੱਲੋਮੀਟਰ ਦਾ ਸਫ਼ਰ ਤੈਅ ਕਰ ਰਹੇ ਸਨ। ਸਿਆਲਕੋਟ ਵਿੱਚ ਦੰਗੇ ਭੜਕਣ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਲਈ ਉੱਥੇ ਰਹਿਣਾ ਸੰਭਵ ਨਹੀਂ ਸੀ।
ਉਹ ਉਸ ਸਮੇਂ 13 ਸਾਲ ਦੇ ਸਨ। ਉਨ੍ਹਾਂ ਨੂੰ ਯਾਦ ਹੈ ਕਿ ਕਿਸੇ ਅਣਜਾਣ ਥਾਂ 'ਤੇ ਰੇਲ ਨੂੰ ਰੋਕ ਦਿੱਤਾ ਗਿਆ ਸੀ।
ਦੇਖਦੇ ਹੀ ਦੇਖਦੇ ਹਥਿਆਰਾਂ ਨਾਲ ਲੈਸ ਦੰਗਾਕਾਰੀ ਉਸ ਵਿੱਚ ਦਾਖਲ ਹੋ ਗਏ ਸੀ। ਉਨ੍ਹਾਂ ਨੇ ਉਸ ਰੇਲਗੱਡੀ ਵਿੱਚ ਸਵਾਰ ਦਰਜਨਾਂ ਯਾਤਰੀਆਂ ਦਾ ਕਤਲ ਕਰ ਦਿੱਤਾ ਸੀ।
ਵਾਈਪੀ ਆਨੰਦ ਦੇ ਸਾਹਮਣੇ ਉਨ੍ਹਾਂ ਦੇ ਪਰਿਵਾਰ ਦੇ ਅੱਧੇ ਮੈਂਬਰ ਮਾਰ ਦਿੱਤੇ ਗਏ ਸਨ। ਉਹ ਉਨ੍ਹਾਂ ਭਿਆਨਕ ਪਲਾਂ ਨੂੰ ਯਾਦ ਕਰਦੇ ਹੋਏ ਰੋ ਪੈਂਦੇ ਹਨ।
ਖ਼ੂਨ ਨਾਲ ਲੱਥਪੱਥ ਉਨ੍ਹਾਂ ਦੀ ਰੇਲਗੱਡੀ ਜੰਮੂ ਪਹੁੰਚੀ। ਉੱਥੋਂ ਕੁਝ ਦਿਨਾਂ ਬਾਅਦ ਉਹ ਪਰਿਵਾਰ ਦੇ ਬਚੇ ਹੋਏ ਮੈਂਬਰਾਂ ਨਾਲ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਆਏ। ਇੱਥੇ ਸਟੇਸ਼ਨ ਦੇ ਕੋਲ ਹਜ਼ਾਰਾਂ ਸ਼ਰਨਾਰਥੀ ਟੈਂਟਾਂ ਵਿੱਚ ਡੇਰਾ ਲਾ ਕੇ ਬੈਠੇ ਹੋਏ ਸਨ।

ਤਸਵੀਰ ਸਰੋਤ, Getty Images
'ਅੰਮ੍ਰਿਤਸਰ ਆ ਗਿਆ ਹੈ'
ਇਸ ਡਰਾਉਣੇ ਸਫ਼ਰ ਨੂੰ ਕਹਾਣੀਕਾਰ ਭੀਸ਼ਮ ਸਾਹਨੀ ਨੇ ਵੰਡ ਦੇ ਪਿਛੋਕੜ 'ਤੇ ਲਿਖੀ ਆਪਣੀ ਅਮਰ ਕਹਾਣੀ 'ਅੰਮ੍ਰਿਤਸਰ ਆ ਗਿਆ' ਵਿੱਚ ਜਿਉਂਦਾ ਕੀਤਾ ਹੈ।
'ਅੰਮ੍ਰਿਤਸਰ ਆ ਗਿਆ' ਵਿਚ, ਇਕ ਸਰਦਾਰ ਜੀ ਰੇਲਗੱਡੀ ਵਿਚ ਬੈਠੇ ਸਭ ਨੂੰ ਪੁੱਛ ਰਹੇ ਸਨ ਕਿ "ਪਾਕਿਸਤਾਨ ਬਣਨ ਤੋਂ ਬਾਅਦ, ਜਿਨਾਹ ਸਾਹਿਬ ਬੰਬਈ ਵਿਚ ਰਹਿਣਗੇ ਜਾਂ ਉਹ ਪਾਕਿਸਤਾਨ ਵਿਚ ਜਾ ਕੇ ਵੱਸ ਜਾਣਗੇ?"
ਕਿਸੇ ਨੇ ਜਵਾਬ ਦਿੱਤਾ ਸੀ, ਬੰਬਈ ਛੱਡਣਗੇ, ਪਾਕਿਸਤਾਨ ਆਉਂਦੇ ਜਾਂਦੇ ਰਹਿਣਗੇ- ਬੰਬਈ ਛੱਡਣ ਦਾ ਕੀ ਮਤਲਬ ਹੈ! ਲਾਹੌਰ ਅਤੇ ਗੁਰਦਸਪੁਰ ਬਾਰੇ ਵੀ ਕਿਆਸ ਲਗਾਏ ਜਾ ਰਹੇ ਸੀ ਕਿ ਕਿਹੜਾ ਸ਼ਹਿਰ ਕਿਸ ਪਾਸੇ ਜਾਵੇਗਾ।
ਭੀਸ਼ਮ ਸਾਹਨੀ ਆਪਣੇ ਪਰਿਵਾਰ ਨਾਲ ਰਾਵਲਪਿੰਡੀ ਤੋਂ ਰੇਲ ਗੱਡੀ ਰਾਹੀਂ ਦਿੱਲੀ ਆਏ ਸਨ।
ਭੀਸ਼ਮ ਸਾਹਨੀ ਦੱਸਦੇ ਸਨ ਕਿ ਰਾਵਲਪਿੰਡੀ ਅਤੇ ਲਾਹੌਰ ਦੇ ਵਿਚਕਾਰ ਕਈ ਥਾਵਾਂ 'ਤੇ ਕਤਲੇਆਮ ਦੀਆਂ ਖਬਰਾਂ ਆਈਆਂ ਸਨ।
ਲਾਹੌਰ ਦੇ ਨੇੜੇ ਸ਼ੇਖੂਪੁਰਾ ਸ਼ਹਿਰ ਵਿੱਚ ਸੈਂਕੜੇ ਲੋਕ ਮਾਰੇ ਗਏ ਸਨ। ਕਈ ਥਾਵਾਂ 'ਤੇ ਰੇਲਗੱਡੀਆਂ 'ਤੇ ਪਥਰਾਅ ਕੀਤਾ ਗਿਆ।
ਜਦੋਂ ਰੇਲਗੱਡੀ ਅੰਮ੍ਰਿਤਸਰ ਪਹੁੰਚਦੀ ਸੀ ਤਾਂ ਕਈ ਸਵਾਰੀਆਂ ਉਤਰ ਜਾਂਦੀਆਂ ਸਨ। ਉੱਥੇ ਰੇਲਵੇ ਵਿਭਾਗ ਵੱਲੋਂ ਰੇਲ ਗੱਡੀਆਂ ਦਾ ਨਿਰੀਖਣ ਵੀ ਕੀਤਾ ਜਾਂਦਾ ਸੀ। ਕੁਝ ਡਾਕਟਰ ਵੀ ਮੌਜੂਦ ਰਹਿੰਦੇ ਸਨ ਤਾਂ ਜੋ ਗੰਭੀਰ ਰੂਪ ਵਿੱਚ ਬਿਮਾਰ ਅਤੇ ਜ਼ਖਮੀ ਲੋਕਾਂ ਦਾ ਤੁਰੰਤ ਇਲਾਜ ਕੀਤਾ ਜਾ ਸਕੇ।

ਤਸਵੀਰ ਸਰੋਤ, KEYSTONE FEATURES/GETTY IMAGES
ਸ਼ਰਨਾਰਥੀਆਂ ਵਿਚ ਕੁਝ ਗਰਭਵਤੀ ਔਰਤਾਂ ਵੀ ਹੁੰਦੀਆਂ ਸਨ। ਕਹਾਣੀਕਾਰ ਭੀਸ਼ਮ ਸਾਹਨੀ ਲਈ ਅਗਸਤ ਦਾ ਮਹੀਨਾ ਦੋ ਕਾਰਨਾਂ ਕਰਕੇ ਵਿਸ਼ੇਸ਼ ਸੀ। ਪਹਿਲਾ, ਉਨ੍ਹਾਂ ਦਾ ਜਨਮ ਅਗਸਤ ਮਹੀਨੇ ਦੀ 8 ਤਰੀਕ ਨੂੰ ਹੋਇਆ ਸੀ।
ਦੂਜਾ, ਅਗਸਤ ਦਾ ਮਹੀਨਾ ਆਉਂਦਿਆਂ ਹੀ ਉਹ ਆਪਣੀ ਜਨਮ ਭੂਮੀ ਰਾਵਲਪਿੰਡੀ ਦੀਆਂ ਯਾਦਾਂ ਵਿੱਚ ਚਲੇ ਜਾਂਦੇ ਸਨ। ਮੁਲਕ ਦੀ ਵੰਡ ਕਾਰਨ ਉਨ੍ਹਾਂ ਨੂੰ ਆਪਣਾ ਸ਼ਹਿਰ ਛੱਡ ਕੇ ਦਿੱਲੀ ਆਉਣਾ ਪਿਆ ਸੀ।
ਮੁਲਕ ਦੀ ਵੰਡ ਤੋਂ ਬਾਅਦ ਜਦੋਂ ਭੀਸ਼ਮ ਸਾਹਨੀ ਦਿੱਲੀ ਆਏ ਤਾਂ ਪੂਰਬੀ ਪਟੇਲ ਨਗਰ ਵਿਚ ਰਹਿਣ ਲੱਗ ਪਏ।
ਫਿਰ ਉਹ ਉਥੇ ਹੀ ਰਹੇ। ਉਹ ਦਿੱਲੀ ਯੂਨੀਵਰਸਿਟੀ ਵਿੱਚ ਲੰਮਾ ਸਮਾਂ ਅੰਗਰੇਜ਼ੀ ਪੜਾਉਂਦੇ ਰਹੇ।
ਪਾਕਿਸਤਾਨੀ ਰਾਸ਼ਟਰੀ ਗੀਤ ਦੇ ਲੇਖਕ ਵੀ ਆਏ

ਤਸਵੀਰ ਸਰੋਤ, THE PARTITION MUSEUM, TOWN HALL, AMRITSAR
ਧਰਮ ਦੇ ਆਧਾਰ 'ਤੇ ਭਾਰਤ ਦੀ ਵੰਡ ਹੋਈ ਅਤੇ ਪਾਕਿਸਤਾਨ ਬਣਿਆ। ਜਿਨਾਹ ਨੇ ਪਾਕਿਸਤਾਨ ਦਾ ਪਹਿਲਾ ਰਾਸ਼ਟਰੀ ਗੀਤ ਉਰਦੂ ਕਵੀ ਜਗਨਨਾਥ ਆਜ਼ਾਦ ਤੋਂ ਲਿਖਵਾਇਆ ਸੀ।
ਜਿਨਾਹ ਦੇ ਕਹਿਣ 'ਤੇ ਜਗਨਨਾਥ ਆਜ਼ਾਦ ਨੇ ਬਹੁਤ ਹੀ ਥੋੜ੍ਹੇ ਸਮੇਂ ਵਿੱਚ ਰਾਸ਼ਟਰੀ ਗੀਤ ਲਿਖਿਆ - "ਏ ਸਰ ਜ਼ਮੀਨ ਪਾਕ..."।
ਇਹ ਧੁਨ ਸਿਰਫ 18 ਮਹੀਨਿਆਂ ਲਈ ਪਾਕਿਸਤਾਨ ਦਾ ਰਾਸ਼ਟਰੀ ਗੀਤ ਬਣਿਆ ਰਿਹਾ ਅਤੇ 11 ਸਤੰਬਰ 1948 ਨੂੰ ਜਿਨਾਹ ਦੀ ਮੌਤ ਤੋਂ ਬਾਅਦ ਇਸ ਨੂੰ ਹਟਾ ਦਿੱਤਾ ਗਿਆ।
ਇਹ ਰਾਸ਼ਟਰੀ ਗੀਤ ਚੌਦਾਂ ਮਹੀਨੇ ਰੇਡੀਓ ਪਾਕਿਸਤਾਨ 'ਤੇ 'ਤਰਾਨਾ-ਏ-ਪਾਕਿਸਤਾਨ' ਵਜੋਂ ਗਾਇਆ ਜਾਂਦਾ ਰਿਹਾ।
ਜਿਨਾਹ ਦੀ ਮੌਤ ਤੋਂ ਬਾਅਦ ਜਗਨਨਾਥ ਆਜ਼ਾਦ ਦਿੱਲੀ ਆ ਗਏ। ਉਹ ਆਪਣੇ ਪਰਿਵਾਰ ਨਾਲ ਦਿੱਲੀ ਜੰਕਸ਼ਨ 'ਤੇ ਆਏ ਸਨ। ਉਹ ਦਿੱਲੀ ਜੰਕਸ਼ਨ ਨੇੜੇ ਪੁਲ ਬੰਗਸ਼ ਇਲਾਕੇ ਵਿੱਚ ਰਹਿੰਦੇ ਸਨ।
ਪੁਲ ਬੰਗਸ਼ ਦੇ ਘਰ ਵਿੱਚ ਹੀ ਫ਼ਿਰਾਕ ਗੋਰਖਪੁਰੀ ਅਤੇ ਹੋਰ ਪ੍ਰਸਿੱਧ ਉਰਦੂ ਸ਼ਾਇਰ ਆਜ਼ਾਦ ਸਾਹਬ ਕੋਲ ਆਇਆ ਕਰਦੇ ਸਨ।
ਆਜ਼ਾਦ ਸਾਹਬ ਦੇ ਦੋ ਪੁੱਤਰ ਦਿੱਲੀ ਰਹਿੰਦੇ ਸਨ, ਜਿਨ੍ਹਾਂ ਵਿੱਚੋਂ ਇੱਕ ਦੂਰਦਰਸ਼ਨ ਵਿੱਚ ਸੀ। ਉਹ ਮਾਲਵੀਆ ਨਗਰ ਵਿੱਚ ਰਹਿੰਦਾ ਸੀ।
ਦਿੱਲੀ ਆ ਕੇ ਸ਼ਰਨਾਰਥੀਆਂ ਨੂੰ ਸਿਰ ਲੁਕਾਉਣ ਤੋਂ ਲੈ ਕੇ ਢਿੱਡ ਭਰਨ ਦੀ ਚੁਣੌਤੀ ਦਾ ਸਾਹਮਣਾ ਕਰਨਾ ਪਿਆ। ਸ਼ਰਨਾਰਥੀ ਧੱਕੇ ਖਾ ਰਹੇ ਸੀ।
ਸਟੇਸ਼ਨ 'ਤੇ ਉਤਰ ਕੇ ਕੁਝ ਲੋਕ ਆਪਣੇ ਪਰਿਵਾਰਾਂ ਨਾਲ ਸਬਜ਼ੀ ਮੰਡੀ, ਕਰੋਲ ਬਾਗ, ਦਰਿਆਗੰਜ ਆਦਿ 'ਚ ਕੁਝ ਕੁਆਰਟਰਾਂ 'ਚ ਰਹਿਣ ਲੱਗੇ।
ਜਿਨ੍ਹਾਂ ਦਾ ਇਸ ਸ਼ਹਿਰ ਵਿੱਚ ਕੋਈ ਨਹੀਂ ਸੀ, ਉਹ ਫਤਿਹਪੁਰੀ, ਕਸ਼ਮੀਰੀ ਗੇਟ, ਚਾਂਦਨੀ ਚੌਕ ਆਦਿ ਵਿੱਚ ਦੁਕਾਨਾਂ ਅੱਗੇ ਹੀ ਸੌਣ ਲੱਗੇ।
ਗੁਰਦੁਆਰਾ ਸੀਸਗੰਜ, ਗੌਰੀ ਸ਼ੰਕਰ ਮੰਦਿਰ ਅਤੇ ਹੋਰ ਸਵੈ-ਸੇਵੀ ਸੰਸਥਾਵਾਂ ਵੱਲੋਂ ਸਵੇਰੇ-ਸ਼ਾਮ ਭੋਜਨ ਉਪਲੱਬਧ ਕਰਵਾਇਆ ਜਾਂਦਾ ਸੀ।
ਇੱਥੇ ਆ ਕੇ ਉਹ ਕਈ ਹਫ਼ਤਿਆਂ ਤੱਕ ਛੱਤ ਲੱਭਣ ਲਈ ਦਰ-ਦਰ ਘੁੰਮਦੇ ਰਹੇ। ਫਿਰ ਕੁਝ ਸਕੂਲਾਂ ਵਿੱਚ ਉਨ੍ਹਾਂ ਨੂੰ ਰਾਤ ਨੂੰ ਸੌਣ ਲਈ ਛੱਤ ਮਿਲ ਗਈ।
ਕੁਝ ਸ਼ਰਨਾਰਥੀ ਪਰਿਵਾਰ ਪੰਚਕੁਈਆ ਰੋਡ 'ਤੇ ਵਾਲਮੀਕਿ ਮੰਦਰ 'ਚ ਵੀ ਰਹਿਣ ਲੱਗੇ।
ਉਨ੍ਹਾਂ ਦਾ ਰੋਜ਼ਾਨਾ ਦਾ ਇੱਕ ਕੰਮ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਜਾਣਾ ਸੀ। ਉਹ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਦਾ ਹਾਲ-ਚਾਲ ਪੁੱਛਣ ਲਈ ਉੱਥੇ ਜਾਂਦੇ ਸੀ।
ਅਕਸਰ ਉਨ੍ਹਾਂ ਨੂੰ ਕੋਈ ਮਿਲ ਜਾਂਦਾ ਸੀ ਜਿਸ ਨੂੰ ਉਹ ਰੋਂਦੇ ਹੋਏ ਗਲ ਨਾਲ ਲਗਾ ਲੈਂਦੇ ਸਨ।
ਸਬਜ਼ੀ ਮੰਡੀ ਰੇਲਵੇ ਸਟੇਸ਼ਨ 'ਤੇ ਕੌਣ ਉਤਰਦਾ ਸੀ

ਤਸਵੀਰ ਸਰੋਤ, Keystone-France
ਦਿੱਲੀ ਆਉਣ ਵਾਲੇ ਕੁਝ ਸ਼ਰਨਾਰਥੀ ਸਬਜ਼ੀ ਮੰਡੀ ਰੇਲਵੇ ਸਟੇਸ਼ਨ 'ਤੇ ਵੀ ਉਤਰ ਜਾਂਦੇ ਸੀ। ਉਹ ਉਥੋਂ ਆਪਣੇ ਠਿਕਾਣੇ ਦੀ ਤਲਾਸ਼ ਵਿੱਚ ਇਧਰ-ਉਧਰ ਭਟਕਦੇ ਰਹਿੰਦੇ ਸਨ।
ਕਈ ਸ਼ਰਨਾਰਥੀ ਕਈ-ਕਈ ਦਿਨਾਂ ਤੱਕ ਸਬਜ਼ੀ ਮੰਡੀ ਰੇਲਵੇ ਸਟੇਸ਼ਨ 'ਤੇ ਹੀ ਰਹੇ। ਉਨ੍ਹਾਂ ਨੂੰ ਸਬਜ਼ੀ ਮੰਡੀ ਕਲੌਨੀ ਵਿੱਚ ਰਹਿਣ ਵਾਲੇ ਸਵੇਰੇ-ਸ਼ਾਮ ਭੋਜਨ ਦਿੰਦੇ ਸਨ।
ਸਬਜ਼ੀ ਮੰਡੀ ਰੇਲਵੇ ਕਲੋਨੀ ਸਾਲ 1930 ਵਿੱਚ ਬਣੀ ਸੀ। ਤੀਸ ਹਜ਼ਾਰੀ ਕੋਰਟ ਦੇ ਵਕੀਲ ਪਦਮ ਕੁਮਾਰ ਦੇ ਪਰਿਵਾਰ ਦਾ ਇਸ ਨਾਲ ਲਗਭਗ ਅੱਧੀ ਸਦੀ ਪੁਰਾਣਾ ਸਬੰਧ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਤੋਂ ਆਏ ਸ਼ਰਨਾਰਥੀ ਸਬਜ਼ੀ ਮੰਡੀ ਦੇ ਕੋਲ ਘੰਟਾਘਰ, ਸਦਰ ਬਾਜ਼ਾਰ, ਚਾਂਦਨੀ ਚੌਕ, ਪੁਲ ਮਿਠਾਈ, ਕਿਸ਼ਨ ਗੰਜ, ਵੱਡਾ ਹਿੰਦੂਰਾਓ, ਕੂਚਾ ਹਬਸ਼ ਖਾਂ ਵਰਗੇ ਇਲਾਕਿਆਂ ਵਿੱਚ ਰਹਿਣ ਲੱਗ ਪਏ।
ਦਿੱਲੀ ਦੇ ਸਾਬਕਾ ਚੀਫ ਐਗਜ਼ੀਕਿਊਟਿਵ ਕੌਂਸਲਰ ਜਗਪ੍ਰਵੇਸ਼ ਚੰਦਰ ਨੇ ਕਿਸ਼ਨ ਗੰਜ ਵਿੱਚ ਇਕ ਛੋਟੇ ਜਿਹੇ ਕਮਰੇ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੇ ਮਾਤਾ-ਪਿਤਾ ਅਤੇ ਭੈਣ ਉਨ੍ਹਾਂ ਦੇ ਨਾਲ ਰਹਿੰਦੇ ਸਨ।
ਉਨ੍ਹਾਂ ਨੇ ਜਲਦ ਹੀ ਇੱਥੇ ਸ਼ਰਨਾਰਥੀਆਂ ਵਿਚਕਾਰ ਸਮਾਜ ਸੇਵਾ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਦਿੱਲੀ ਵਿੱਚ ਪਹਿਲੀ ਵਿਧਾਨ ਸਭਾ ਚੋਣਾਂ 1951 ਵਿੱਚ ਹੋਈਆਂ ਸਨ। ਉਨ੍ਹਾਂ ਨੇ ਕਿਸ਼ਨ ਗੰਜ ਤੋਂ ਕਾਂਗਰਸ ਦੀ ਟਿਕਟ 'ਤੇ ਚੋਣ ਲੜੀ ਅਤੇ ਜਿੱਤੇ, ਯਾਨੀ ਦਿੱਲੀ ਆਉਣ ਤੋਂ ਚਾਰ ਸਾਲ ਬਾਅਦ ਉਹ ਇੱਥੋਂ ਦੇ ਵਿਧਾਇਕ ਬਣੇ।
ਛੋਲੇ ਕੁਲਚਿਆਂ ਤੋਂ ਬਟਰ ਚਿਕਨ ਤੱਕ

ਤਸਵੀਰ ਸਰੋਤ, Keystone Feature
ਦਰਅਸਲ ਸ਼ਰਨਾਰਥੀ ਦਿੱਲੀ ਆਉਣ ਦੇ ਕੁਝ ਕੁ ਦਿਨਾਂ ਬਾਅਦ ਸੜਕਾਂ 'ਤੇ ਕੰਘੀ, ਰੁਮਾਲ, ਛੋਲੇ-ਕੁਲਚੇ ਵੇਚਣ ਲੱਗੇ। ਅਖ਼ੀਰ ਕੁਝ ਤਾਂ ਕਰਨਾ ਸੀ।
ਦਿੱਲੀ ਵਿੱਚ ਲੰਬੇ ਸਮੇ ਤੋਂ ਰਹਿਣ ਵਾਲੇ ਪੰਜਾਹ ਸਾਲਾਂ ਤੋਂ ਵੱਧ ਉਮਰ ਦੇ ਲੋਕਾਂ ਨੂੰ ਦਰਿਆਗੰਜ ਵਿੱਚ ਆਉਣ ਜਾਣ ਸਮੇਂ ਮੋਤੀ ਮਹਿਲ ਰੈਸਟੋਰੈਂਟ ਨੂੰ ਦੇਖ ਕੇ ਲੰਘਿਆ ਜ਼ਮਾਨਾ ਯਾਦ ਜ਼ਰੂਰ ਆਉਂਦਾ ਹੋਵੇਗਾ। ਇਸ ਨੂੰ ਗੁੰਜਨਲਾਲ ਗੁਜਰਾਲ, ਠਾਕੁਰ ਦਾਸ ਅਤੇ ਕੁੰਦਨ ਲਾਲ ਨੇ ਖੋਲਿਆ ਸੀ।
ਇਹ ਸਾਰੇ 1947 ਵਿੱਚ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ 'ਤੇ ਆਏ ਸਨ। ਇਹ ਤਿੰਨੋ ਪੇਸ਼ਾਵਰ ਦੇ ਇੱਕ ਰੈਸਟੋਰੈਂਟ ਵਿੱਚ ਕੰਮ ਕਰਦੇ ਸਨ। ਇੱਕ ਦਿੱਲੀ ਵਿੱਚ ਮਿਲੇ।
ਤਿੰਨਾਂ ਨੇ ਦਿੱਲੀ ਵਿੱਚ ਕੋਈ ਨਾ ਕੋਈ ਕਾਰੋਬਾਰ ਸਥਾਪਤ ਕਰਨ ਦੀ ਯੋਜਨਾ ਬਣਾਈ। ਉਨ੍ਹਾਂ ਨੇ ਦਰਿਆਗੰਜ ਵਿੱਚ ਸ਼ਾਕਾਹਾਰੀ ਅਤੇ ਮਾਸਾਹਾਰੀ ਪਕਵਾਨ ਬਣਾਉਣ ਅਤੇ ਵੇਚਣ ਲਈ ਇੱਕ ਛੋਟੀ ਜਿਹੀ ਥਾਂ ਕਿਰਾਏ 'ਤੇ ਲੈ ਲਈ ਸੀ।
ਉਨ੍ਹਾਂ ਦਿਨਾਂ ਵਿੱਚ ਫਰਿੱਜ ਨਹੀਂ ਸਨ। ਰਾਤ ਨੂੰ ਜੋ ਵੀ ਚਿਕਨ ਬਚਦਾ ਸੀ, ਉਹ ਉਸ ਨੂੰ ਟਮਾਟਰ, ਕਰੀਮ ਅਤੇ ਮੱਖਣ ਦੀ ਬਣੀ ਗ੍ਰੇਵੀ ਵਿਚ ਰੱਖ ਦਿੰਦੇ ਸਨ ਤਾਂ ਕਿ ਇਹ ਨਰਮ ਰਹੇ ਅਤੇ ਖਰਾਬ ਨਾ ਹੋਵੇ।
ਉਸੇ ਗਰੇਵੀ ਵਿੱਚ ਗਰਮ ਮਸਾਲਾ ਮਿਲਾ ਕੇ ਇੱਕ ਨਵੀਂ ਪੰਜਾਬੀ ਡਿਸ਼ ਬਣਾਈ ਗਈ ਜਿਸਦਾ ਨਾਮ ਸੀ- ਬਟਰ ਚਿਕਨ। ਅੱਜ ਦੁਨੀਆ ਭਰ 'ਚ ਬਟਰ ਚਿਕਨ ਵਿਕਦਾ ਹੈ, ਜਿਸ ਦੀ ਸ਼ੁਰੂਆਤ ਦਰਿਆਗੰਜ ਦੇ 'ਮੋਤੀ ਮਹਿਲ' ਤੋਂ ਹੋਈ ਸੀ।

ਤਸਵੀਰ ਸਰੋਤ, Sondeep Shankar
ਸੀਨੀਅਰ ਲੇਖਕ ਅਤੇ ਪੱਤਰਕਾਰ ਤ੍ਰਿਲੋਕ ਦੀਪ 1947 ਦੀ ਵੰਡ ਬਾਰੇ ਗੱਲ ਕਰਨ ਤੋਂ ਬਚਦੇ ਹਨ।
ਉਹ ਕਹਿੰਦੇ ਹਨ, 'ਬਟਵਾਰੇ ਨੇ ਮੈਨੂੰ ਬਹੁਤ ਡੂੰਘੇ ਜ਼ਖ਼ਮ ਦਿੱਤੇ ਸਨ। ਹੁਣ ਉਨ੍ਹਾਂ ਨੂੰ ਦੁਬਾਰਾ ਯਾਦ ਨਹੀਂ ਕਰਨਾ ਚਾਹੁੰਦਾ। ਪਰ ਜ਼ੋਰ ਦੇਣ 'ਤੇ ਉਹ ਦੱਸਣਾ ਸ਼ੁਰੂ ਕਰ ਦਿੰਦੇ ਹਨ ਕਿ ਮੈਂ ਉਸ ਸਮੇਂ ਦਸ ਸਾਲ ਦਾ ਸੀ ਅਤੇ ਅਗਸਤ 1947 ਤੋਂ ਪਹਿਲਾਂ ਰਾਵਲਪਿੰਡੀ ਤੋਂ ਲਾਹੌਰ ਹੁੰਦਾ ਹੋਇਆ ਆਪਣੇ ਮਾਤਾ-ਪਿਤਾ ਨਾਲ ਲਖਨਊ ਪਹੁੰਚਿਆ ਸੀ।"
"ਰਾਵਲਪਿੰਡੀ ਵਿੱਚ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਸਨ, ਇਸ ਲਈ ਅਸੀਂ ਇੰਤਜ਼ਾਰ ਕਰਨਾ ਉਚਿਤ ਨਹੀਂ ਸਮਝਿਆ।"
"ਪਰ ਮੇਰੇ ਨਾਨਾ ਅਮੀਚੰਦ ਜੀ ਅਤੇ ਨਾਨੀ ਭਾਗਿਆਵਤੀ ਜੀ ਨੂੰ ਮਾਰ ਦਿੱਤਾ ਗਿਆ ਸੀ ਜਦੋਂ ਉਹ ਆਪਣੇ ਪਿੰਡ ਤੋਂ ਲਾਹੌਰ ਲਈ ਜਾ ਰਹੇ ਸਨ। ਉਹ ਗੱਡੀ ਦੀ ਉਡੀਕ ਕਰ ਰਹੇ ਸਨ ਤਾਂ ਕਿ ਕਿਸੇ ਤਰ੍ਹਾਂ ਉਹ ਲਾਹੌਰ ਪਹੁੰਚ ਸਕਣ, ਪਰ ਕਦੇ ਨਹੀਂ ਪਹੁੰਚ ਸਕੇ।"
ਸ਼ਰਨਾਰਥੀਆਂ ਦੇ ਦਿੱਲੀ ਆਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ ਸੀ। ਹੁਣ ਸਤੰਬਰ ਦਾ ਮਹੀਨਾ ਚੱਲ ਰਿਹਾ ਸੀ। ਜ਼ਿਆਦਾਤਰ ਸ਼ਰਨਾਰਥੀ ਲਾਹੌਰ, ਰਾਵਲਪਿੰਡੀ, ਸਿਆਲਕੋਟ ਅਤੇ ਮੁਲਤਾਨ ਤੋਂ ਆ ਰਹੇ ਸਨ।
ਜਿੱਥੇ ਵੀ ਉਹਨਾਂ ਨੂੰ ਖਾਲੀ ਘਰ ਮਿਲੇ, ਉਹਨਾਂ ਵਿੱਚ ਰਹਿਣ ਲੱਗ ਪਏ, ਇਹਨਾਂ ਘਰਾਂ ਵਿੱਚੋਂ ਬਹੁਤੇ ਘਰ ਮੁਸਲਮਾਨਾਂ ਦੇ ਸਨ ਜਿਹੜੇ ਦੰਗਿਆਂ ਤੋਂ ਬਾਅਦ ਪਾਕਿਸਤਾਨ ਜਾਣ ਲਈ ਮਜਬੂਰ ਹੋ ਗਏ ਸੀ।
ਕਰੋਲ ਬਾਗ ਤੋਂ ਹਜ਼ਾਰਾਂ ਮੁਸਲਮਾਨ ਪਾਕਿਸਤਾਨ ਚਲੇ ਗਏ ਸਨ। ਪਾਕਿਸਤਾਨ ਦੇ ਸਾਬਕਾ ਟੈਸਟ ਕ੍ਰਿਕਟਰ ਸਿਕੰਦਰ ਬਖਤ ਦਾ ਪਰਿਵਾਰ ਵੀ ਆਜ਼ਾਦੀ ਤੋਂ ਪਹਿਲਾਂ ਕਰੋਲ ਬਾਗ 'ਚ ਰਹਿੰਦਾ ਸੀ।
ਕਰੋਲ ਬਾਗ ਛੱਡਣ ਵਾਲੇ ਆਪਣੇ ਘਰਾਂ ਨੂੰ ਤਾਲੇ ਲਗਾ ਰਹੇ ਸਨ। ਉਮੀਦ ਸੀ ਕਿ ਉਨ੍ਹਾਂ ਦੇ ਘਰਾਂ 'ਤੇ ਤਾਲਾ ਲੱਗਾ ਰਹੇਗਾ ਪਰ ਲੋਕ ਉਨ੍ਹਾਂ ਬੰਦ ਪਏ ਘਰਾਂ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਗਏ |
ਸਿਆਲਕੋਟ ਦੇ ਧਰਮਪਾਲ ਗੁਲਾਟੀ ਕਰੋਲ ਬਾਗ ਵਿੱਚ

ਤਸਵੀਰ ਸਰੋਤ, MDH SPICES
ਇਹੀ ਹਾਲ ਸਰਹੱਦ ਦੇ ਦੂਜੇ ਪਾਸੇ ਸੀ, ਹਿੰਦੂ-ਸਿੱਖਾਂ ਦੇ ਖਾਲੀ ਪਏ ਘਰ ਮੁਸਲਮਾਨਾਂ ਨੇ ਆਪਣੇ ਕਬਜ਼ੇ ਵਿਚ ਲੈ ਲਏ, ਜਦੋਂ ਕਿ ਦਿੱਲੀ ਅਤੇ ਅੰਮ੍ਰਿਤਸਰ ਵਰਗੇ ਸ਼ਹਿਰਾਂ ਵਿਚ ਮੁਸਲਮਾਨਾਂ ਦੇ ਖਾਲੀ ਪਏ ਘਰ ਸ਼ਰਨਾਰਥੀ ਹਿੰਦੂ-ਸਿੱਖਾਂ ਦੀ ਰਿਹਾਇਸ਼ ਬਣ ਗਏ।
ਦਿੱਲੀ ਯੂਨੀਵਰਸਿਟੀ ਦੇ ਅਰਥ ਸ਼ਾਸਤਰ ਦੇ ਪ੍ਰੋਫੈਸਰ ਰਹੇ ਵਰਿੰਦਰ ਲਾਲ ਵਧਵਾ ਦਾ ਕਹਿਣਾ ਹੈ ਕਿ ਕਰੋਲ ਬਾਗ ਦੇ ਫੈਜ਼ ਰੋਡ ਅਤੇ ਆਰੀਆ ਸਮਾਜ ਰੋਡ 'ਤੇ ਸ਼ਰਨਾਰਥੀ ਲਗਾਤਾਰ ਆ ਰਹੇ ਸਨ।
ਸਿਆਲਕੋਟ ਦੇ ਚੁੰਨੀਲਾਲ ਗੁਲਾਟੀ ਦਾ ਪਰਿਵਾਰ ਵੀ ਇਨ੍ਹਾਂ ਵਿੱਚ ਸ਼ਾਮਲ ਸੀ। ਉਹ ਸਿਆਲਕੋਟ ਵਿੱਚ ਮਸਾਲੇ ਵੇਚਦੇ ਸਨ।
ਉਸ ਪਰਿਵਾਰ ਦਾ ਇੱਕ ਨੌਜਵਾਨ, ਧਰਮਪਾਲ ਗੁਲਾਟੀ, ਬਾਅਦ ਵਿੱਚ ਮਹਾਸ਼ਾ ਧਰਮਪਾਲ ਗੁਲਾਟੀ ਬਣਿਆ ਅਤੇ ਉਸਨੇ ਐੱਮਡੀਐੱਚ ਸਪਾਈਸਜ਼ ਨਾਮ ਦੀ ਇੱਕ ਵੱਡੀ ਮਸਾਲੇ ਦੀ ਕੰਪਨੀ ਦੀ ਸਥਾਪਨਾ ਕੀਤੀ।
ਮਹਾਸ਼ਾ ਧਰਮਪਾਲ ਗੁਲਾਟੀ ਕਦੇ ਕਰੋਲ ਬਾਗ ਵਿੱਚ ਚੱਪਲਾਂ ਅਤੇ ਜੁੱਤੀਆਂ ਪਾ ਕੇ ਨਹੀਂ ਘੁੰਮਦੇ ਸਨ।
ਉਹ ਕਹਿੰਦੇ ਸੀ, 'ਕਰੋਲ ਬਾਗ ਦੀ ਧਰਤੀ ਮੇਰੇ ਲਈ ਮੰਦਿਰ ਵਰਗੀ ਹੈ। ਇਸ ਨੇ ਮੈਨੂੰ ਸਭ ਕੁਝ ਦਿੱਤਾ ਹੈ। ਮੈਂ ਇੱਥੇ ਚੱਪਲਾਂ ਅਤੇ ਜੁੱਤੀਆਂ ਨਹੀਂ ਪਾ ਸਕਦਾ।'
ਦਰਅਸਲ, ਲਾਹੌਰ ਅਤੇ ਰਾਵਲਪਿੰਡੀ ਤੋਂ ਰੇਲ ਗੱਡੀਆਂ ਲਗਾਤਾਰ ਦਿੱਲੀ ਆ ਰਹੀਆਂ ਸਨ। ਇਨ੍ਹਾਂ ਵਿਚ ਕੁਝ ਸੁਰੱਖਿਆ ਮੁਲਾਜ਼ਮ ਵੀ ਹੁੰਦੇ ਸਨ। ਪਾਕਿਸਤਾਨ ਦੀ ਸਰਹੱਦ ਤੱਕ ਉਨ੍ਹਾਂ ਲਈ ਹਮੇਸ਼ਾ ਖਤਰਾ ਬਣਿਆ ਰਹਿੰਦਾ ਸੀ।
ਲੇਖਕ ਅਤੇ ਦਿੱਲੀ ਸਰਕਾਰ ਦੇ ਮੰਤਰੀ ਰਮਾਕਾਂਤ ਗੋਸਵਾਮੀ ਦੋ ਸਾਲ ਦੇ ਸਨ ਜਦੋਂ ਉਹ ਆਪਣੇ ਪਿਤਾ ਅਤੇ ਸਨਾਤਨ ਧਰਮ ਸਭਾ ਦੇ ਗੋਸਵਾਮੀ ਗਿਰਧਾਰੀ ਲਾਲ ਨਾਲ ਪੁਰਾਣੀ ਦਿੱਲੀ ਆਏ।
ਗੋਸਵਾਮੀ ਗਿਰਧਾਰੀ ਲਾਲ ਨੇ ਲਾਹੌਰ ਵਿੱਚ ਬੱਚਿਆਂ ਨੂੰ ਹਿੰਦੀ ਅਤੇ ਸੰਸਕ੍ਰਿਤ ਵੀ ਸਿਖਾਈ।
ਉਹ ਕੰਮ ਲਈ ਹਰ ਦੂਜੇ-ਤੀਜੇ ਦਿਨ ਸਾਈਕਲ ਰਾਹੀਂ ਲਾਹੌਰ ਤੋਂ ਅੰਮ੍ਰਿਤਸਰ ਜਾਂਦੇ ਸੀ।
ਰਮਾਕਾਂਤ ਗੋਸਵਾਮੀ ਨੇ ਆਪਣੇ ਪਰਿਵਾਰ ਦੇ ਬਜ਼ੁਰਗਾਂ ਤੋਂ ਸੁਣਿਆ ਸੀ ਕਿ ਦਿੱਲੀ ਵਿੱਚ ਲਗਾਤਾਰ ਸ਼ਰਨਾਰਥੀਆਂ ਦੀ ਆਮਦ ਤੋਂ ਸਥਾਨਕ ਲੋਕ ਖੁਸ਼ ਨਹੀਂ ਸਨ।
ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਦੇ ਇੱਥੇ ਆਉਣ ਨਾਲ ਦਿੱਲੀ ਦੀ ਆਬਾਦੀ ਦਾ ਚਰਿੱਤਰ ਪੂਰੀ ਤਰ੍ਹਾਂ ਬਦਲ ਜਾਵੇਗਾ।
ਗੋਸਵਾਮੀ ਗਿਰਧਾਰੀ ਲਾਲ ਲੰਬੇ ਸਮੇਂ ਤੱਕ ਬਿਰਲਾ ਮੰਦਰ ਦੇ ਮੁੱਖ ਪੁਜਾਰੀ ਰਹੇ ਸਨ। ਪੰਡਿਤ ਨਹਿਰੂ ਦਾ ਅੰਤਿਮ ਸੰਸਕਾਰ ਉਨ੍ਹਾਂ ਦੀ ਨਿਗਰਾਨੀ ਹੇਠ ਹੋਇਆ।
ਗਾਂਧੀ ਅਤੇ ਇੰਤਜ਼ਾਰ ਕਰਦੇ ਸ਼ਰਨਾਰਥੀ

ਤਸਵੀਰ ਸਰੋਤ, Universal History Archiv
ਸਥਿਤੀ ਬਹੁਤ ਗੰਭੀਰ ਸੀ। ਉਸ ਸਮੇ ਬਹੁਤ ਸਾਰੇ ਪਰਿਵਾਰਾਂ ਦੇ ਮੈਂਬਰ ਇੱਕ ਦੂਸਰੇ ਤੋਂ ਵਿੱਛੜ ਗਏ ਸੀ, ਜਿਨ੍ਹਾਂ ਨੂੰ ਆਪਣਾ ਰਿਸ਼ਤੇਦਾਰ ਮਿਲ ਜਾਂਦਾ ਸੀ ਉਹ ਤਾਂ ਰੱਬ ਦਾ ਲੱਖ-ਲੱਖ ਸ਼ੁਕਰ ਕਰਦੇ ਸਨ, ਜਿਸ ਨੂੰ ਨਹੀਂ ਮਿਲਦਾ ਸੀ ਉਹ ਦੁਆ ਕਰਦੇ ਕਿ ਉਨ੍ਹਾਂ ਦਾ ਸੰਬੰਧੀ ਮਿਲ ਜਾਏ। ਉਹ ਫਿਰ ਅਗਲੇ ਦਿਨ ਸਟੇਸ਼ਨ ਜਾਂਦੇ ਸਨ।
ਇੱਕ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਕਿ ਦਿੱਲੀ ਆਉਣ ਵਾਲੇ ਸਾਰੇ ਲੋਕ ਰੇਲਾਂ ਰਾਹੀਂ ਨਹੀਂ ਆ ਰਹੇ ਸਨ। ਖੁਸ਼ਵੰਤ ਸਿੰਘ ਨੂੰ ਪੰਜਾਬ ਹਾਈ ਕੋਰਟ, ਲਾਹੌਰ ਵਿਚ ਪ੍ਰੈਕਟਿਸ ਸ਼ੁਰੂ ਕੀਤੇ ਨੂੰ ਬਹੁਤਾ ਸਮਾਂ ਨਹੀਂ ਹੋਇਆ ਸੀ। ਵੰਡ ਕਾਰਨ ਉਨ੍ਹਾਂ ਨੂੰ ਵੀ ਆਪਣਾ ਪਿਆਰਾ ਸ਼ਹਿਰ ਲਾਹੌਰ ਛੱਡਣਾ ਪਿਆ ਪਰ ਉਹ ਆਪਣੀ ਗੱਡੀ ਰਾਹੀਂ ਲਾਹੌਰ ਤੋਂ ਦਿੱਲੀ ਆਏ ਸਨ।
ਉਹ ਕਹਿੰਦੇ ਹਨ, "ਲਾਹੌਰ ਤੋਂ ਦਿੱਲੀ ਦੇ ਸਫ਼ਰ ਦੌਰਾਨ, ਪਰਿੰਦਾ ਵੀ ਮੁਸ਼ਕਿਲ ਨਾਲ ਦਿਖ ਰਿਹਾ ਸੀ। ਜਿਵੇਂ-ਜਿਵੇਂ ਮੈਂ ਦਿੱਲੀ ਦੇ ਨੇੜੇ ਆਇਆ, ਇਨਸਾਨ ਦਿਖਾਈ ਦੇਣ ਲੱਗੇ।"
ਖੁਸ਼ਵੰਤ ਸਿੰਘ ਦਾ ਭਰਾ ਮੋਹਨ ਸਿੰਘ ਵੀ ਆਪਣੇ ਪਰਿਵਾਰ ਨੂੰ ਰਾਵਲਪਿੰਡੀ ਤੋਂ ਕਾਰਾਂ ਵਿੱਚ ਦਿੱਲੀ ਲੈ ਆਏ ਸੀ।
ਭਾਈ ਮੋਹਨ ਸਿੰਘ ਦਾ ਰਾਵਲਪਿੰਡੀ ਵਿੱਚ ਉਸਾਰੀ ਦਾ ਸਫਲ ਕਾਰੋਬਾਰ ਸੀ। ਦਿੱਲੀ ਆ ਕੇ ਉਨ੍ਹਾਂ ਨੇ ਆਪਣੀ ਲਾਈਨ ਬਦਲ ਲਈ। ਉਹ ਫਾਰਮਾ ਸੈਕਟਰ ਵਿੱਚ ਆਏ ਅਤੇ ਰੈਨਬੈਕਸੀ ਫਾਰਮਾ ਦੇ ਚੇਅਰਮੈਨ ਬਣੇ ਅਤੇ ਅਰਬਪਤੀ ਬਣ ਗਏ। ਤਾਂ ਗੱਲ ਇਹ ਹੈ ਕਿ ਜਿਹੜੇ ਅਮੀਰ ਸਨ, ਉਹ ਆਪਣੀਆਂ ਕਾਰਾਂ ਵਿਚ ਸੁਰੱਖਿਅਤ ਦਿੱਲੀ ਪਹੁੰਚ ਰਹੇ ਸਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ












