ਕੀ ਮੈਚ ਵੇਲੇ 'ਹੱਥ ਮਿਲਾਉਣਗੇ' ਭਾਰਤੀ ਅਤੇ ਪਾਕਿਸਤਾਨੀ ਖਿਡਾਰੀ, ਕਪਤਾਨਾਂ ਨੇ ਕੀ ਦਿੱਤਾ ਸੰਕੇਤ, ਜਾਣੋ ਅਭਿਸ਼ੇਕ ਬਾਰੇ ਸਲਮਾਨ ਆਗਾ ਕੀ ਬੋਲੇ

ਤਸਵੀਰ ਸਰੋਤ, Getty Images
ਆਈਸੀਸੀ ਟੀ 20 ਵਿਸ਼ਵ ਕੱਪ ਦੇ ਕੋਲੰਬੋ ਵਿੱਚ ਹੋਣ ਵਾਲੇ ਮੈਚ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੇ ਕਪਤਾਨਾਂ ਨੇ ਵੱਖ-ਵੱਖ ਪ੍ਰੈਸ ਕਾਨਫਰੰਸਾਂ ਕੀਤੀਆਂ ਹਨ।
ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਹੈਂਡਸ਼ੇਕ ਭਾਵ ਹੱਥ ਮਿਲਾਉਣ ਅਤੇ ਅਭਿਸ਼ੇਕ ਸ਼ਰਮਾ ਨਾਲ ਜੁੜੇ ਸਵਾਲਾਂ ਦੇ ਜਵਾਬ ਦਿੱਤੇ।
ਉਧਰ ਪਾਕਿਸਤਾਨ ਦੇ ਕਪਤਾਨ ਸਲਮਾਨ ਆਗ਼ਾ ਤੋਂ ਵੀ ਉਸਮਾਨ ਤਾਰਿਕ ਅਤੇ ਹੈਂਡਸ਼ੇਕ ਬਾਰੇ ਸਵਾਲ ਪੁੱਛੇ ਗਏ।
ਸੂਰਿਆਕੁਮਾਰ ਯਾਦਵ ਨੇ ਹੈਂਡਸ਼ੇਕ ਬਾਰੇ ਕਿਹਾ, "ਅਸੀਂ ਹੈਂਡਸ਼ੇਕ ਨੂੰ ਟੌਸ ਦੇ ਸਮੇਂ ਵੇਖਾਂਗੇ। 24 ਘੰਟਿਆਂ ਦਾ ਇੰਤਜ਼ਾਰ ਕਰੋ।"
ਭਾਰਤ ਦੇ ਖਿਡਾਰੀਆਂ ਨਾਲ ਹੱਥ ਮਿਲਾਉਣ ਦੇ ਸਵਾਲ ਤੇ ਸਲਮਾਨ ਆਗ਼ਾ ਨੇ ਕਿਹਾ, "ਅਸੀਂ ਇਸ ਬਾਰੇ ਐਤਵਾਰ ਨੂੰ ਵੇਖਾਂਗੇ।"
ਇਸ ਤੋਂ ਇਲਾਵਾ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਬਾਰੇ ਸੂਰਿਆਕੁਮਾਰ ਨੇ ਕਿਹਾ ਕਿ ਉਹ ਪਾਕਿਸਤਾਨ ਦੇ ਖ਼ਿਲਾਫ਼ ਮੈਚ ਵਿੱਚ ਖੇਡਣਗੇ।
ਆਪਣੇ ਕਿਹੜੇ ਖਿਡਾਰੀ ਨੂੰ ਟਰੰਪ ਕਾਰਡ ਕਹਿ ਰਹੇ ਹਨ ਆਗਾ
ਸਲਮਾਨ ਆਗਾ ਨੇ ਕੋਲੰਬੋ ਵਿੱਚ ਐਤਵਾਰ ਨੂੰ ਹੋਣ ਵਾਲੇ ਮੈਚ ਤੋਂ ਪਹਿਲਾਂ ਸ਼ਨੀਵਾਰ ਨੂੰ ਹੋਈ ਪ੍ਰੀ-ਮੈਚ ਪ੍ਰੈਸ ਕਾਨਫਰੰਸ ਵਿੱਚ ਉਸਮਾਨ ਤਾਰਿਕ ਦੇ ਬੌਲਿੰਗ ਐਕਸ਼ਨ, ਭਾਰਤੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ ਫਿਟਨੈੱਸ ਬਾਰੇ ਜਵਾਬ ਦਿੱਤੇ।
ਪਾਕਿਸਤਾਨੀ ਕਪਤਾਨ ਨੇ ਕਿਹਾ ਕਿ ਉਸਮਾਨ ਤਾਰਿਕ ਟੀਮ ਦੇ ਟਰੰਪ ਕਾਰਡ ਹਨ। ਉਨ੍ਹਾਂ ਦੇ ਬੌਲਿੰਗ ਐਕਸ਼ਨ ਬਾਰੇ ਗੱਲ ਕੀਤੀ ਜਾ ਰਹੀ ਹੈ ਪਰ ਪਾਕਿਸਤਾਨੀ ਟੀਮ ਨੂੰ ਇਸ ਦੀ ਪਰਵਾਹ ਨਹੀਂ।
ਪਹਿਲਾਂ ਪਾਕਿਸਤਾਨ ਨੇ ਬੰਗਲਾਦੇਸ਼ ਦੇ ਸਮਰਥਨ ਵਿੱਚ ਭਾਰਤ ਨਾਲ ਮੈਚ ਨਾ ਖੇਡਣ ਦਾ ਐਲਾਨ ਕੀਤਾ ਸੀ। ਪਰ ਆਈਸੀਸੀ ਅਤੇ ਪੀਸੀਬੀ ਦੀ ਮੀਟਿੰਗ ਤੋਂ ਬਾਅਦ ਪਾਕਿਸਤਾਨ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਅਤੇ 15 ਫਰਵਰੀ ਨੂੰ ਕੋਲੰਬੋ ਵਿੱਚ ਭਾਰਤ ਨਾਲ ਆਪਣਾ ਪਹਿਲਾ ਮੈਚ ਖੇਡਣ ਲਈ ਤਿਆਰ ਹੋ ਗਿਆ।
ਆਈਪੀਐਲ ਦੀ ਟੀਮ ਕੇਕੇਆਰ ਤੋਂ ਬੰਗਲਾਦੇਸ਼ੀ ਗੇਂਦਬਾਜ਼ ਮੁਸਤਫਿਜ਼ੁਰ ਰਹਮਾਨ ਨੂੰ ਹਟਾਏ ਜਾਣ ਤੋਂ ਬਾਅਦ ਬੰਗਲਾਦੇਸ਼ ਨੇ ਆਪਣੇ ਖਿਡਾਰੀਆਂ ਦੀ ਸੁਰੱਖਿਆ ਤੇ ਚਿੰਤਾ ਜਤਾਉਂਦੇ ਹੋਏ ਭਾਰਤ ਆ ਕੇ ਮੈਚ ਖੇਡਣ ਤੋਂ ਇਨਕਾਰ ਕਰ ਦਿੱਤਾ ਸੀ।
ਇਸ ਤੋਂ ਬਾਅਦ ਆਈਸੀਸੀ ਨੇ ਟੂਰਨਾਮੈਂਟ ਤੋਂ ਬੰਗਲਾਦੇਸ਼ ਨੂੰ ਹਟਾ ਕੇ ਸਕਾਟਲੈਂਡ ਨੂੰ ਸ਼ਾਮਲ ਕਰ ਲਿਆ ਸੀ।
ਬੰਗਲਾਦੇਸ਼ ਨੂੰ ਹਟਾਉਣ ਦੇ ਫੈਸਲੇ ਦੇ ਖ਼ਿਲਾਫ਼ ਹੀ ਪਾਕਿਸਤਾਨ ਨੇ ਭਾਰਤ ਨਾਲ ਮੈਚ ਖੇਡਣ ਤੋਂ ਇਨਕਾਰ ਕੀਤਾ ਸੀ।
ਉਸਮਾਨ ਤਾਰਿਕ ਬਾਰੇ ਕੀ ਬੋਲੇ ਪਾਕਿਸਤਾਨੀ ਕਪਤਾਨ

ਪ੍ਰੈੱਸ ਕਾਨਫਰੰਸ ਵਿੱਚ ਸਪਿਨਰ ਉਸਮਾਨ ਤਾਰਿਕ ਦੇ ਬੌਲਿੰਗ ਐਕਸ਼ਨ ਬਾਰੇ ਪੁੱਛਣ ਤੇ ਸਲਮਾਨ ਆਗ਼ਾ ਨੇ ਕਿਹਾ , "ਤਾਰਿਕ ਸਾਡੇ ਟਰੰਪ ਕਾਰਡ ਹਨ। ਉਨ੍ਹਾਂ ਦੇ ਬੌਲਿੰਗ ਐਕਸ਼ਨ ਬਾਰੇ ਗੱਲ ਹੋ ਰਹੀ ਹੈ ਪਰ ਸਾਨੂੰ ਇਸ ਦੀ ਪਰਵਾਹ ਨਹੀਂ। ਉਸਮਾਨ ਦੇ ਐਕਸ਼ਨ ਨੂੰ ਦੋ ਵਾਰ ਕਲੀਨ ਚਿਟ ਮਿਲ ਚੁੱਕੀ ਹੈ ਅਤੇ ਮੈਨੂੰ ਸਮਝ ਨਹੀਂ ਆਉਂਦਾ ਕਿ ਇਸ ਤੇ ਵਾਰ-ਵਾਰ ਚਰਚਾ ਕਿਉਂ ਹੋ ਰਹੀ ਹੈ।"
ਉਨ੍ਹਾਂ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਖੇਡ ਉਸੇ ਭਾਵਨਾ ਨਾਲ ਖੇਡੀ ਜਾਵੇਗੀ, ਜਿਸ ਭਾਵਨਾ ਨਾਲ ਇਹ ਸ਼ੁਰੂ ਤੋਂ ਖੇਡੀ ਜਾਂਦੀ ਰਹੀ ਹੈ।"
ਭਾਰਤ ਦੇ ਖਿਡਾਰੀਆਂ ਨਾਲ ਹੱਥ ਮਿਲਾਉਣ ਦੇ ਸਵਾਲ ਤੇ ਸਲਮਾਨ ਆਗ਼ਾ ਨੇ ਕਿਹਾ, "ਅਸੀਂ ਇਸ ਬਾਰੇ ਐਤਵਾਰ ਨੂੰ ਵੇਖਾਂਗੇ।"
ਸਲਮਾਨ ਆਗ਼ਾ ਨੇ ਕਿਹਾ, "ਵਰਲਡ ਕੱਪ ਵਿੱਚ ਭਾਰਤ ਦੇ ਖ਼ਿਲਾਫ਼ ਸਾਡਾ ਰਿਕਾਰਡ ਚੰਗਾ ਨਹੀਂ ਹੈ, ਪਰ ਅਸੀਂ ਇਤਿਹਾਸ ਤਾਂ ਨਹੀਂ ਬਦਲ ਸਕਦੇ।"
ਆਗਾ ਨੇ ਕਿਹਾ ਕਿ ਸਟਾਰ ਬੱਲੇਬਾਜ਼ ਬਾਬਰ ਆਜ਼ਮ ਦੀ ਫਾਰਮ ਨੂੰ ਲੈ ਕੇ ਟੀਮ ਵਿੱਚ ਕੋਈ ਚਿੰਤਾ ਨਹੀਂ ਹੈ, ਖਾਸ ਕਰਕੇ ਭਾਰਤ ਦੇ ਖ਼ਿਲਾਫ਼ ਮੈਚ ਤੋਂ ਪਹਿਲਾਂ।
ਉਨ੍ਹਾਂ ਨੇ ਕਿਹਾ, "ਬਾਬਰ ਆਜ਼ਮ ਸਾਡੇ ਲਈ ਚਿੰਤਾ ਦਾ ਵਿਸ਼ਾ ਨਹੀਂ ਹਨ। ਉਹ ਰਨ ਬਣਾ ਰਹੇ ਹਨ। ਉਮੀਦ ਹੈ ਕਿ ਉਹ ਐਤਵਾਰ ਵੀ ਰਨ ਬਣਾਉਣਗੇ ਅਤੇ ਟੀਮ ਦੀ ਮਦਦ ਕਰਨਗੇ। ਅਸੀਂ ਬੱਲੇਬਾਜ਼ੀ ਕ੍ਰਮ ਵਿੱਚ ਜ਼ਿਆਦਾ ਬਦਲਾਅ ਨਹੀਂ ਕਰਨਾ ਚਾਹੁੰਦੇ।"
ਸਲਮਾਨ ਆਗ਼ਾ ਨੇ ਪੰਜਾਬੀ ਮੁੰਡੇ ਅਭਿਸ਼ੇਕ ਬਾਰੇ ਕੀ ਕਿਹਾ?

ਤਸਵੀਰ ਸਰੋਤ, Asanka Ratnayake/Getty Images
ਸਲਮਾਨ ਆਗਾ ਨੇ ਅਭਿਸ਼ੇਕ ਸ਼ਰਮਾ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਉਹ ਵੱਡੇ ਖਿਡਾਰੀ ਹਨ। ਪਾਕਿਸਤਾਨ ਚਾਹੁੰਦਾ ਹੈ ਕਿ ਉਹ ਫਿਟ ਹੋ ਕੇ ਮੈਚ ਖੇਡਣ। ਪਾਕਿਸਤਾਨ ਸਭ ਤੋਂ ਵਧੀਆ ਟੀਮ ਨਾਲ ਮੈਦਾਨ ਵਿੱਚ ਉਤਰਨਾ ਚਾਹੁੰਦਾ ਹੈ।
ਉਨ੍ਹਾਂ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਅਭਿਸ਼ੇਕ ਸ਼ਰਮਾ ਐਤਵਾਰ ਨੂੰ ਖੇਡਣਗੇ।"
ਹਾਲੀਆ ਦਿਨਾਂ ਵਿੱਚ ਸਭ ਤੋਂ ਵੱਡੀ ਚਰਚਾ ਭਾਰਤ ਦੇ ਸਟਾਰ ਬੱਲੇਬਾਜ਼ ਅਭਿਸ਼ੇਕ ਸ਼ਰਮਾ ਦੀ ਫਿਟਨੈੱਸ ਨੂੰ ਲੈ ਕੇ ਰਹੀ ਹੈ।
ਪੇਟ ਦੇ ਇਨਫੈਕਸ਼ਨ ਕਾਰਨ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਨਾ ਪਿਆ ਸੀ ਅਤੇ ਇਸੇ ਕਾਰਨ ਉਹ ਨਾਮੀਬੀਆ ਦੇ ਖ਼ਿਲਾਫ਼ ਪਿਛਲਾ ਮੈਚ ਨਹੀਂ ਖੇਡ ਸਕੇ ਸਨ।
ਕੌਣ ਹਨ ਉਸਮਾਨ ਤਾਰਿਕ ਜਿਨ੍ਹਾਂ ਦੇ ਐਕਸ਼ਨ ਦੀ ਹੋ ਰਹੀ ਹੈ ਚਰਚਾ

ਤਸਵੀਰ ਸਰੋਤ, Getty Images
ਪਾਕਿਸਤਾਨ ਅਤੇ ਅਮਰੀਕਾ ਦੇ ਵਿਚਕਾਰ ਟੀ-20 ਵਰਲਡ ਕੱਪ ਮੈਚ ਵਿੱਚ ਉਸਮਾਨ ਤਾਰਿਕ ਦੇ ਐਕਸ਼ਨ ਨੇ ਸਭ ਦਾ ਧਿਆਨ ਖਿੱਚਿਆ।
ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਐਕਸ਼ਨ ਦੀ ਚਰਚਾ ਹੋਣ ਲੱਗੀ।
ਕੁਝ ਯੂਜ਼ਰਾਂ ਨੇ ਉਸਮਾਨ ਤਾਰਿਕ ਦੇ ਬੋਲਿੰਗ ਐਕਸ਼ਨ 'ਤੇ ਸਵਾਲ ਉਠਾਏ ਅਤੇ ਕੁਝ ਨੇ ਇਹ ਵੀ ਪੁੱਛਿਆ ਕਿ ਉਸਮਾਨ ਜਿਸ ਤਰ੍ਹਾਂ ਗੇਂਦ ਸੁੱਟਣ ਤੋਂ ਪਹਿਲਾਂ ਥੋੜ੍ਹਾ ਰੁਕਦੇ ਹਨ, ਕੀ ਉਹ ਨਿਯਮਾਂ ਦੇ ਮੁਤਾਬਕ ਠੀਕ ਹੈ।
ਸ਼੍ਰੀਵਤਸ ਗੋਸਵਾਮੀ ਨੇ ਇਸ ਵੀਡੀਓ ਨਾਲ ਲਿਖਿਆ, "ਫੁੱਟਬਾਲ ਵਿੱਚ ਵੀ ਖਿਡਾਰੀਆਂ ਨੂੰ ਹੁਣ ਪੈਨਲਟੀ ਰਨ-ਅਪ ਦੇ ਦੌਰਾਨ ਪੌਜ਼ ਦੀ ਇਜਾਜ਼ਤ ਨਹੀਂ ਹੈ। ਇਹ ਕਿਵੇਂ ਓਕੇ ਹੈ? ਐਕਸ਼ਨ ਠੀਕ ਹੈ। ਪਰ ਪੌਜ਼? ਉਹ ਵੀ ਉਸ ਵੇਲੇ ਜਦੋਂ ਗੇਂਦ ਡਿਲੀਵਰ ਕੀਤੀ ਜਾਣੀ ਹੈ। ਇਹ ਨਹੀਂ ਚੱਲ ਸਕਦਾ।"
ਆਰ ਅਸ਼ਵਿਨ ਨੇ ਸ਼੍ਰੀਵਤਸ ਗੋਸਵਾਮੀ ਦੀ ਇਸ ਪੋਸਟ ਨੂੰ ਕੋਟ ਕਰਦੇ ਹੋਏ ਲਿਖਿਆ, "ਇਹ ਸੱਚ ਹੈ ਕਿ ਫੁੱਟਬਾਲ ਵਿੱਚ ਇਸ ਦੀ ਇਜਾਜ਼ਤ ਨਹੀਂ ਹੈ। ਪਰ ਜੇ ਕਿਸੇ ਬੱਲੇਬਾਜ਼ ਨੂੰ ਅੰਪਾਇਰ ਨੂੰ ਸੂਚਿਤ ਕੀਤੇ ਬਿਨਾਂ ਗੇਂਦ ਨੂੰ ਦੂਜੇ ਪਾਸੇ ਸਵਿੱਚ ਕਰਨ ਜਾਂ ਰਿਵਰਸ ਕਰਨ ਦੀ ਇਜਾਜ਼ਤ ਹੈ, ਤਾਂ ਸਾਰੀਆਂ ਪਾਬੰਦੀਆਂ ਸਿਰਫ਼ ਗੇਂਦਬਾਜ਼ ਲਈ ਹੀ ਕਿਉਂ ਹਨ? ਗੇਂਦਬਾਜ਼ ਨੂੰ ਤਾਂ ਅੰਪਾਇਰ ਨੂੰ ਸੂਚਿਤ ਕੀਤੇ ਬਿਨਾਂ ਦੂਜੇ ਹੱਥ ਨਾਲ ਗੇਂਦ ਸੁੱਟਣ ਤੱਕ ਦੀ ਵੀ ਇਜਾਜ਼ਤ ਨਹੀਂ ਹੈ। ਇਸ ਨਿਯਮ ਨੂੰ ਪਹਿਲਾਂ ਬਦਲਿਆ ਜਾਣਾ ਚਾਹੀਦਾ ਹੈ।"
ਉਧਰ ਸਾਬਕਾ ਭਾਰਤੀ ਕ੍ਰਿਕਟਰ ਅਤੇ ਕਮੈਂਟੇਟਰ ਆਕਾਸ਼ ਚੋਪੜਾ ਨੇ ਇੱਕ ਵੀਡੀਓ ਵਿੱਚ ਪਾਕਿਸਤਾਨੀ ਸਪਿਨ ਗੇਂਦਬਾਜ਼ੀ ਨੂੰ ਮਜ਼ਬੂਤ ਦੱਸਦੇ ਹੋਏ ਉਸਮਾਨ ਤਾਰਿਕ ਦੇ ਐਕਸ਼ਨ ਨੂੰ ਦਿਲਚਸਪ ਕਿਹਾ।
ਉਨ੍ਹਾਂ ਨੇ ਕਿਹਾ, "ਉਸਮਾਨ ਦਾ ਐਕਸ਼ਨ ਦਿਲਚਸਪ ਹੈ। ਅਜਿਹਾ ਲੱਗਦਾ ਹੈ ਜਿਵੇਂ ਤੁਸੀਂ ਟੀਵੀ ਦੇਖ ਰਹੇ ਹੋ ਅਤੇ ਅਚਾਨਕ ਕਿਸੇ ਨੇ ਪੌਜ਼ ਕਰ ਦਿੱਤਾ ਹੋਵੇ। ਉਹ ਰੁਕ ਜਾਂਦੇ ਹਨ ਅਤੇ ਫਿਰ ਗੇਂਦ ਸੁੱਟਦੇ ਹਨ। ਹੌਲੀ ਸੁੱਟਦੇ ਹਨ। ਮੈਨੂੰ ਨਹੀਂ ਲੱਗਦਾ ਕਿ ਇਸ ਵਿੱਚ ਕੋਈ ਵੀ ਦਿੱਕਤ ਹੈ। ਇਹ ਠੀਕ ਹੈ। ਤੁਸੀਂ ਖੜ੍ਹੇ ਹੋ ਕੇ ਪੌਜ਼ ਲੈ ਕੇ ਗੇਂਦਬਾਜ਼ੀ ਕਰ ਸਕਦੇ ਹੋ। ਇਸ ਦਾ ਕੋਈ ਨਿਯਮ ਨਹੀਂ ਹੈ ਅਤੇ ਹੌਲੀ ਜੋ ਸੁੱਟਦੇ ਹਨ, ਉਸ ਵਿੱਚ ਵੀ ਗੇਂਦ 'ਤੇ ਕੂਹਣੀ ਮੁੜਦੀ ਹੋਈ ਨਹੀਂ ਦਿਖਦੀ।"
ਹਾਲਾਂਕਿ, ਆਕਾਸ਼ ਚੋਪੜਾ ਨੇ ਇਹ ਜ਼ਰੂਰ ਪੁੱਛਿਆ ਕਿ ਕੀ ਬਾਂਹ ਮੋੜੇ ਬਿਨਾਂ ਗੇਂਦ ਦੀ ਰਫ਼ਤਾਰ ਨੂੰ 20 ਤੋਂ 25 ਕਿਲੋਮੀਟਰ ਤੱਕ ਵਧਾਇਆ ਜਾ ਸਕਦਾ ਹੈ।
ਬਹਿਸ ਇੰਨੀ ਵੱਧ ਗਈ ਕਿ ਆਰ ਅਸ਼ਵਿਨ ਨੇ ਐਕਸ 'ਤੇ ਇੱਕ ਹੋਰ ਲੰਬੀ ਪੋਸਟ ਲਿਖੀ। ਉਨ੍ਹਾਂ ਨੇ ਕਿਹਾ, "ਪਹਿਲੀ ਗੱਲ ਤਾਂ ਇਹ ਹੈ ਕਿ ਐਕਸ਼ਨ ਠੀਕ ਹੈ ਜਾਂ ਨਹੀਂ, ਇਸ ਦੀ ਜਾਂਚ ਤਾਂ ਆਈਸੀਸੀ ਦੇ ਬੋਲਿੰਗ ਐਕਸ਼ਨ ਟੈਸਟਿੰਗ ਸੈਂਟਰ 'ਤੇ ਹੀ ਹੋ ਸਕਦੀ ਹੈ।"
"ਦੂਜੀ ਗੱਲ ਇਹ ਹੈ ਕਿ ਇੱਕ 15 ਡਿਗਰੀ ਦਾ ਨਿਯਮ ਹੈ, ਜਿਸ ਦੇ ਤਹਿਤ ਗੇਂਦਬਾਜ਼ ਨੂੰ ਆਪਣੀ ਕੋਹਣੀ ਸਿੱਧੀ ਕਰਨੀ ਹੁੰਦੀ ਹੈ ਅਤੇ ਅੰਪਾਇਰ ਲਈ ਮੈਦਾਨ 'ਤੇ ਇਹ ਤੈਅ ਕਰਨਾ ਨਾਮੁਮਕਿਨ ਹੈ ਕਿ ਗੇਂਦਬਾਜ਼ 15 ਡਿਗਰੀ 'ਤੇ ਹੀ ਗੇਂਦ ਸੁੱਟ ਰਿਹਾ ਹੈ ਜਾਂ ਨਹੀਂ।"
ਉਸਮਾਨ ਦੀ ਗੇਂਦਬਾਜ਼ੀ ਦਾ ਸਾਹਮਣਾ ਕਰਨ ਲਈ ਅਸ਼ਵਿਨ ਦੇ ਟਿਪਸ

ਤਸਵੀਰ ਸਰੋਤ, Getty Images
ਆਰ ਅਸ਼ਵਿਨ ਨੇ ਆਪਣੇ ਯੂਟਿਊਬ ਸ਼ੋਅ ਵਿੱਚ ਕਿਹਾ ਹੈ ਕਿ ਉਸਮਾਨ ਤਾਰਿਕ ਦੀ ਬੋਲਿੰਗ ਦੇ ਦੌਰਾਨ ਉਨ੍ਹਾਂ ਦੇ ਐਕਸ਼ਨ ਨੂੰ ਲੈ ਕੇ ਜੇ ਬੱਲੇਬਾਜ਼ਾਂ ਨੂੰ ਕੋਈ ਸ਼ੱਕ ਹੁੰਦਾ ਹੈ ਤਾਂ ਉਨ੍ਹਾਂ ਨੂੰ ਕ੍ਰੀਜ਼ ਤੋਂ ਹਟਣ ਦਾ ਪੂਰਾ ਅਧਿਕਾਰ ਹੈ।
ਉਨ੍ਹਾਂ ਨੇ ਕਿਹਾ, "ਜੇ ਉਸਮਾਨ ਗੇਂਦ ਸੁੱਟਣ ਤੋਂ ਪਹਿਲਾਂ ਰੁਕ ਜਾਂਦੇ ਹਨ ਤਾਂ ਬੱਲੇਬਾਜ਼ ਕ੍ਰੀਜ਼ ਤੋਂ ਹਟ ਸਕਦੇ ਹਨ ਅਤੇ ਕਹਿ ਸਕਦੇ ਹਨ ਕਿ ਮੈਨੂੰ ਲੱਗਿਆ ਕਿ ਉਹ ਰੁਕ ਰਹੇ ਹਨ। ਇਹ ਇੱਕ ਦਿਲਚਸਪ ਮਾਮਲਾ ਹੋਵੇਗਾ ਅਤੇ ਅੰਪਾਇਰ ਲਈ ਮੁਸ਼ਕਲ ਖੜੀ ਕਰ ਦੇਵੇਗਾ। ਇਸ ਨਾਲ ਗੇਂਦਬਾਜ਼ 'ਤੇ ਵੀ ਮਾਨਸਿਕ ਦਬਾਅ ਪਵੇਗਾ।"
ਅਸ਼ਵਿਨ ਨੇ ਕਿਹਾ ਹੈ ਕਿ ਜੇ ਉਹ ਬੱਲੇਬਾਜ਼ੀ ਕਰ ਰਹੇ ਹੁੰਦੇ ਤਾਂ ਇਹੀ ਰਣਨੀਤੀ ਅਪਣਾਉਂਦੇ।
ਉਨ੍ਹਾਂ ਨੇ ਕਿਹਾ, "ਮੈਂ ਜੇ ਬੱਲੇਬਾਜ਼ੀ ਕਰ ਰਿਹਾ ਹੁੰਦਾ ਤਾਂ ਨਿਯਮਾਂ ਦੇ ਮੁਤਾਬਕ ਇਹੀ ਕਰਦਾ। ਮੈਂ ਇੰਨਾ ਕਹਿੰਦਾ ਕਿ ਬੌਲਰ ਕਦੋਂ ਸੁੱਟੇਗਾ ਅਤੇ ਉੱਥੋਂ ਹੱਟ ਜਾਂਦਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































