You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ ਰੂਸ ਜੰਗ : ਅਮਰੀਕਾ ਦਾ ਦਾਅਵਾ- ਰੂਸੀ ਫੌਜਾਂ ਤੋਂ ਆਪਣੀ ਜ਼ਮੀਨ ਦਾ ਕਬਜ਼ਾ ਮੁੜ ਲੈਣ ਲਈ ਲੜ ਰਹੀ ਹੈ ਯੂਕਰੇਨੀ ਫੌਜ

ਯੂਕਰੇਨ-ਰੂਸ ਜੰਗ ਸਣੇ ਪੰਜਾਬ ਅਤੇ ਦੁਨੀਆਂ ਭਰ ਦੀਆਂ ਅਹਿਮ ਖ਼ਬਰਾਂ ਇਸ ਲਾਈਵ ਪੰਨੇ ਰਾਹੀਂ ਜਾਣੋ

ਲਾਈਵ ਕਵਰੇਜ

  1. ਲਾਈਵ ਪੰਨੇ ਨੂੰ ਵਿਰਾਮ! ਧੰਨਵਾਦ

    ਯੂਕਰੇਨ ਰੂਸ ਜੰਗ, ਪੰਜਾਬ ਦੇ ਸਿਆਸੀ ਘਟਨਾਕ੍ਰਮ ਅਤੇ ਦੁਨੀਆਂ ਭਰ ਦੀਆਂ ਹੋਰ ਅਹਿਮ ਖ਼ਬਰਾਂ ਬਾਬਤ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਵੀਰਵਾਰ ਸਵੇਰੇ ਨਵੀਆਂ ਤੇ ਤਾਜ਼ਾ ਖ਼ਬਰਾਂ ਨਾਲ ਮੁੜ ਹਾਜ਼ਰ ਹੋਵਾਂਗੇ। ਉਦੋਂ ਤੱਕ ਦਿਓ ਆਗਿਆ. ਧੰਨਵਾਦ

  2. ਅੱਜ ਇਹ ਰਿਹਾ ਅਹਿਮ

    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ।ਇਸ ਹੈਲਪਲਾਈਨ ਨੰਬਰ ਰਾਹੀਂ ਲੋਕ ਰਿਸ਼ਵਤਖੋਰੀ ਸਬੰਧੀ ਆਡੀਓ ਜਾਂ ਵੀਡੀਓ ਭੇਜ ਕੇ ਸ਼ਿਕਾਇਤ ਦਰਜ ਕਰਾ ਸਕਦੇ ਹਨ।
    • ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਨੂੰ ਵੀਰਵਾਰ ਨੂੰ ਇਕ ਮਹੀਨਾ ਹੋ ਜਾਵੇਗਾ। ਪੈਂਟਾਗਨ ਦੇ ਬੁਲਾਰੇ ਵੱਲੋਂ ਆਖਿਆ ਕਿ ਯੂਕਰੇਨ ਦੀ ਫ਼ੌਜ ਬਹੁਤ ਹੁਸ਼ਿਆਰੀ ਨਾਲ ਰੂਸ ਦਾ ਸਾਹਮਣਾ ਕਰ ਰਹੀ ਹੈ।
    • ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਵਿਚ ਗੈਰ ਸਹਿਯੋਗੀ ਮੁਲਕਾਂ ਨੂੰ ਰੂਸ ਤੋਂ ਗੈਸ ਲੈਣ ਲਈ ਰੂਬਲ ਵਿੱਚ ਹੀ ਅਦਾਇਗੀ ਕਰਨੀ ਪੈ ਸਕਦੀ ਹੈ।
    • ਪੋਲੈਂਡ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਹੈ ਕਿ 45 ਰੂਸੀ ਕੂਟਨੀਤਕਾਂ ਨੂੰ ਜਾਸੂਸੀ ਦੇ ਸ਼ੱਕ ਕਰਕੇ ਕੱਢਿਆ ਜਾ ਰਿਹਾ ਹੈ।
  3. ਰੂਸ ਯੂਕਰੇਨ ਵਿੱਚ ਰੂਸੀ ਵਿਰਾਸਤ ਦੀ ਰੱਖਿਆ ਕਰੇਗਾ-ਰੂਸੀ ਵਿਦੇਸ਼ ਮੰਤਰੀ

    ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਟੀਵੀ ਦੇ ਆਪਣੇ ਇਕ ਭਾਸ਼ਣ ਦੌਰਾਨ ਆਖਿਆ ਕਿ ਰੂਸ ਯੂਕਰੇਨ ਵਿੱਚ ਰੂਸੀ ਵਿਰਾਸਤ ਦੀ ਰੱਖਿਆ ਕਰੇਗਾ।

    ਉਨ੍ਹਾਂ ਨੇ ਆਖਿਆ ਕਿ ਦੋਹਾਂ ਦੇਸ਼ਾਂ ਵਿਚਕਾਰ ਗੱਲਬਾਤ ਔਖੀ ਹੈ ਕਿਉਂਕਿ ਯੂਕਰੇਨ ਵਾਰ- ਵਾਰ ਆਪਣੀ ਸਥਿਤੀ ਅਤੇ ਬਿਆਨ ਬਦਲਦਾ ਹੈ।

    ਉਧਰ ਨਾਟੋ ਦੇ ਮੁਖੀ ਜੇਨਸ ਸਟੋਲਟਨਬਰਗ ਨੇ ਆਖਿਆ ਹੈ ਕਿ ਯੂਕਰੇਨ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਭਿਆਨਕ ਹੈ ਅਤੇ ਆਮ ਲੋਕ ਪ੍ਰਭਾਵਿਤ ਹੋ ਰਹੇ ਹਨ।

    ਉਨ੍ਹਾਂ ਨੇ ਆਖਿਆ ਕਿ ਅਸੀਂ ਯੂਕਰੇਨ ਦੀ ਸਹਾਇਤਾ ਕਰਨ ਲਈ ਵਚਨਬੱਧ ਹਾਂ ਪਰ ਇਸ ਨਾਲ ਹੀ ਨਾਟੋ ਉੱਪਰ ਇਹ ਜ਼ਿੰਮੇਵਾਰੀ ਵੀ ਹੈ ਕਿ ਇਹ ਜੰਗ ਯੂਕਰੇਨ ਤੋਂ ਅੱਗੇ ਨਾ ਵਧੇ।

  4. ਰੂਸ ਦੀ ਗੈਸ ਦੀ ਅਦਾਇਗੀ ਲਈ ਪੁਤਿਨ ਦੇਣਗੇ ਰੂਬਲ ਉੱਪਰ ਜ਼ੋਰ

    ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਖਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ 'ਗੈਰ ਸਹਿਯੋਗੀ' ਮੁਲਕਾਂ ਨੂੰ ਰੂਸ ਤੋਂ ਗੈਸ ਲੈਣ ਲਈ ਰੂਬਲ ਵਿੱਚ ਅਦਾਇਗੀ ਕਰਨੀ ਪੈ ਸਕਦੀ ਹੈ।

    ਰੂਬਲ ਰੂਸ ਦੀ ਮੁਦਰਾ ਹੈ ਅਤੇ ਯੂਕਰੇਨ ਉਪਰ ਹਮਲੇ ਤੋਂ ਬਾਅਦ ਕਈ ਦੇਸ਼ਾਂ ਨੇ ਰੂਸ ਉਪਰ ਪਾਬੰਦੀਆਂ ਲਗਾਈਆਂ ਹਨ ਜਿਨ੍ਹਾਂ ਵਿੱਚ ਰੂਸ ਦੀ ਸੈਂਟਰਲ ਬੈਂਕ ਉਪਰ ਪਾਬੰਦੀ ਵੀ ਸ਼ਾਮਲ ਹੈ।

    ਪੁਤਿਨ ਨੇ ਆਖਿਆ ਹੈ ਕਿ ਪਾਬੰਦੀਆਂ ਲਗਾ ਕੇ ਪੱਛਮੀ ਦੇਸ਼ਾਂ ਨੇ ਭਰੋਸੇ ਨੂੰ ਸੱਟ ਮਾਰੀ ਹੈ ਅਤੇ ਉਨ੍ਹਾਂ ਦੇ ਦੇਸ਼ ਦੇ ਆਰਥਿਕ ਹਲਾਤਾਂ ਉਪਰ ਇਸ ਦਾ ਵੱਡਾ ਅਸਰ ਪਿਆ ਹੈ।

  5. ਪੰਜਾਬ 'ਚ 'ਆਪ' ਦੀ ਜਿੱਤ, ਪੁਰਾਣੇ ਸਮੀਕਰਨ ਕਿਉਂ ਫੇਲ੍ਹ ਹੋ ਗਏ -ਨਜ਼ਰੀਆ

    ਪੰਜਾਬ ਦੀਆਂ ਤਾਜ਼ਾ ਚੋਣਾਂ ਦੇ ਨਤੀਜੇ ਨੂੰ ਜੇ ਸਿਰਫ ਦੋ ਪੁਰਾਣੀਆਂ ਪਾਰਟੀਆਂ ਦੀ ਹਾਰ ਅਤੇ ਤੀਜੀ ਪਾਰਟੀ ਦੀ ਜਿੱਤ ਦੇ ਰੂਪ ਵਿਚ ਹੀ ਦੇਖੀਏ ਤਾਂ ਕਈ ਬਹੁਤ ਅਹਿਮ ਪੱਖ ਅਣਡਿੱਠ ਹੋ ਜਾਣਗੇ। ਬਦਲਦੇ ਸਮੀਕਰਨਾਂ ਪਿੱਛੇ ਕੀ ਕਾਰਨ ਹਨ,ਜਾਣਨ ਲਈ ਪੜ੍ਹੋ ਇਹ ਰਿਪੋਰਟ

  6. ਵੋਲੋਦੀਮੀਰ ਜ਼ੇਲੇਂਸਕੀ: ਕਾਮੇਡੀਅਨ ਤੋਂ ਯੂਕਰੇਨ ਦੇ ਰਾਸ਼ਟਰਪਤੀ ਬਣਨ ਵਾਲੇ ਵੋਲੋਦੀਮੀਰ ਜ਼ੇਲੇਂਸਕੀ ਨੂੰ ਜਾਣੋ ਜੋ ਰੂਸ ਨਾਲ ਟੱਕਰ ਲੈ ਰਹੇ ਹਨ

    ਇੱਕ ਸਮਾਂ ਸੀ ਜਦੋਂ ਵੋਲਦੀਮੀਰ ਜ਼ੇਲੇਂਸਕੀ ਯੂਕਰੇਨ ਦੀ ਇੱਕ ਮਸ਼ਹੂਰ ਕਾਮੇਡੀ ਸੀਰੀਜ਼ ਵਿੱਚ ਰਾਸ਼ਟਰਪਤੀ ਦੀ ਭੂਮਿਕਾ ਵਿੱਚ ਦੇਸ ਦੇ ਲੋਕਾਂ ਦੇ ਸਾਹਮਣੇ ਆਏ ਸਨ।

    ਫਿਰ ਅਪ੍ਰੈਲ 2019 ਵਿੱਚ ਉਹ ਸਮਾਂ ਆਇਆ ਜਦੋਂ ਉਹ ਸੱਚ ਵਿੱਚ ਹੀ ਯੂਕਰੇਨ ਦੇ ਰਾਸ਼ਟਰਪਤੀ ਚੁਣੇ ਗਏ। ਹੁਣ ਉਹ 4.4 ਕਰੋੜ ਲੋਕਾਂ ਦੀ ਰੂਸੀ ਹਮਲੇ ਦੇ ਸਾਹਮਣੇ ਅਗਵਾਈ ਕਰ ਰਹੇ ਹਨ। ਉਨ੍ਹਾਂ ਬਾਰੇ ਹੋਰ ਜਾਣਕਾਰੀ ਵਾਸਤੇ ਪੜ੍ਹੋ ਇਹ ਰਿਪੋਰਟ

  7. ਜਾਸੂਸੀ ਦੇ ਇਲਜ਼ਾਮਾਂ ਵਿੱਚ ਪੋਲੈਂਡ ਨੇ 45 ਰੂਸੀ ਕੂਟਨੀਤਕਾਂ ਨੂੰ ਕੱਢਿਆ

    ਪੋਲੈਂਡ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਦੱਸਿਆ ਹੈ ਕਿ 45 ਰੂਸੀ ਕੂਟਨੀਤਕਾਂ ਨੂੰ ਜਾਸੂਸੀ ਦੇ ਸ਼ੱਕ ਕਰਕੇ ਕੱਢਿਆ ਜਾ ਰਿਹਾ ਹੈ।

    ਪੋਲੈਂਡ ਦੇ ਬੁਲਾਰੇ ਮੁਤਾਬਕ ਇਹ ਰੂਸੀ ਜਾਂ ਤਾਂ ਆਪ ਜਾਸੂਸ ਰਹੇ ਹਨ ਜਾਂ ਇਨ੍ਹਾਂ ਵੱਲੋਂ ਜਾਸੂਸਾਂ ਦੀ ਸਹਾਇਤਾ ਕੀਤੀ ਗਈ ਹੈ।

    ਪੋਲੈਂਡ ਵਿੱਚ ਰੂਸ ਦੇ ਰਾਜਦੂਤ ਸਰਗੇਈ ਐਨਰਿਕ ਨੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਿਆ ਹੈ। ਪੋਲੈਂਡ ਸਰਕਾਰ ਵੱਲੋਂ ਬੁੱਧਵਾਰ ਨੂੰ ਉਨ੍ਹਾਂ ਨੂੰ ਸੰਮਨ ਵੀ ਕੀਤਾ ਗਿਆ ਸੀ।

    ਰੂਸ ਦੇ ਯੂਕਰੇਨ ਉਪਰ ਹਮਲੇ ਤੋਂ ਬਾਅਦ ਵੱਡੀ ਗਿਣਤੀ ਵਿੱਚ ਯੂਕਰੇਨੀ ਨਾਗਰਿਕਾਂ ਨੇ ਪੋਲੈਂਡ 'ਚ ਸ਼ਰਨ ਲਈ ਹੈ।

  8. ਲਾਹੌਰ ਸੈਂਟਰਲ ਜੇਲ੍ਹ ਨੇੜੇ ਸ਼ਾਦਮਾਨ ਚੌਂਕ ਤੋਂ ਭਗਤ ਸਿੰਘ ਬਾਰੇ ਲੋਕਾਂ ਨਾਲ ਗੱਲਬਾਤ-LIVE

    ਲਾਹੌਰ ਸੈਂਟਰਲ ਜੇਲ੍ਹ ਨੇੜੇ ਸ਼ਾਦਮਾਨ ਚੌਂਕ ਤੋਂ ਭਗਤ ਸਿੰਘ ਬਾਰੇ ਲੋਕਾਂ ਨਾਲ ਗੱਲਬਾਤ ਕਰ ਰਹੇ ਹਨ ਪਾਕਿਸਤਾਨ ਤੋਂ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ

  9. ਯੂਕਰੇਨ ਨੇ ਪ੍ਰਗਟਾਇਆ ਰਸਾਇਣਕ ਹਮਲਿਆਂ ਦਾ ਖਦਸ਼ਾ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਜਪਾਨ ਨੂੰ ਅਪੀਲ ਕੀਤੀ ਹੈ ਕਿ ਰੂਸ ਉੱਪਰ ਹੋਰ ਵਪਾਰਕ ਪਾਬੰਦੀਆਂ ਲਗਾਈਆਂ ਜਾਣ।

    ਉਨ੍ਹਾਂ ਨੇ ਇੱਕ ਵੀਡੀਓ ਰਾਹੀਂ ਜਪਾਨ ਦੀ ਸੰਸਦ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਜਪਾਨ ਏਸ਼ੀਆ ਵਿੱਚ ਰੂਸ ਦੇ ਖ਼ਿਲਾਫ਼ ਯੂਕਰੇਨ ਦੀ ਸਹਾਇਤਾ ਕਰ ਰਿਹਾ ਹੈ।

    ਹਾਲਾਂਕਿ ਉਨ੍ਹਾਂ ਨੇ ਕੋਈ ਸਬੂਤ ਨਹੀਂ ਦਿੱਤਾ ਪਰ ਆਖਿਆ ਕਿ ਰੂਸ ਦੀਆਂ ਫੌਜਾਂ ਯੂਕਰੇਨ ਉਪਰ ਹੋਰ ਹਮਲਿਆਂ ਦੀ ਤਿਆਰੀ ਕਰ ਰਹੀਆਂ ਹਨ।

    ਇਨ੍ਹਾਂ ਵਿੱਚ ਇੱਕ ਪੁਰਾਣਾ ਪ੍ਰਮਾਣੂ ਪਾਵਰ ਸਟੇਸ਼ਨ ਵੀ ਸ਼ਾਮਲ ਹੈ। ਉਨ੍ਹਾਂ ਨੇ ਆਖਿਆ ਕਿ ਰੂਸ ਯੂਕਰੇਨ ਉਪਰ ਰਸਾਇਣਕ ਹਥਿਆਰਾਂ ਨਾਲ ਹਮਲਾ ਕਰ ਸਕਦਾ ਹੈ।

  10. ਯੂਕਰੇਨੀ ਫੌਜਾਂ ਹੁਸ਼ਿਆਰੀ ਨਾਲ ਲੜ ਰਹੀਆਂ ਹਨ- ਪੈਂਟਾਗਨ

    ਰੂਸ ਅਤੇ ਯੂਕਰੇਨ ਦਰਮਿਆਨ ਜਾਰੀ ਜੰਗ ਨੂੰ ਤਕਰੀਬਨ ਇੱਕ ਮਹੀਨਾ ਹੋ ਗਿਆ ਹੈ।

    ਇਸ ਦੌਰਾਨ ਅਮਰੀਕਾ ਦੇ ਰੱਖਿਆ ਵਿਭਾਗ ਦੇ ਬੁਲਾਰੇ ਜੌਨ ਕਿਰਬੀ ਨੇ ਆਖਿਆ ਹੈ ਕਿ ਯੂਕਰੇਨੀ ਫ਼ੌਜਾਂ ਬਹੁਤ ਹੁਸ਼ਿਆਰੀ ਨਾਲ ਰੂਸ ਦਾ ਸਾਹਮਣਾ ਕਰ ਰਹੀਆਂ ਹਨ।

    "ਸਾਨੂੰ ਜਾਣਕਾਰੀ ਮਿਲੀ ਹੈ ਕਿ ਯੂਕਰੇਨੀ ਹੁਣ ਹਮਲਾਵਰ ਰੁਖ ਅਪਣਾ ਰਹੇ ਹਨ।"

    ਉਨ੍ਹਾਂ ਨੇ ਅੱਗੇ ਆਖਿਆ,"ਅਸੀਂ ਉਨ੍ਹਾਂ ਨੂੰ ਦੱਖਣੀ ਇਲਾਕੇ ਖ਼ਾਸ ਕਰ ਕੇ ਖੇਰਸਨ ਵਿੱਚ ਲੜਦੇ ਦੇਖਿਆ ਹੈ ਜਿੱਥੇ ਉਨ੍ਹਾਂ ਨੇ ਆਪਣੇ ਇਲਾਕੇ ਨੂੰ ਮੁੜ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ।"

    ਕਿਰਬੀ ਮੁਤਾਬਕ ਰੂਸ ਨੇ ਆਪਣੇ ਰਣਨੀਤਕ ਮੰਤਵਾਂ ਨੂੰ ਹਾਸਲ ਨਹੀਂ ਕੀਤਾ ਅਤੇ ਜੇਕਰ ਕੀਤਾ ਵੀ ਹੈ ਉਸ ਵਿੱਚ ਉਨ੍ਹਾਂ ਨੇ ਭਾਰੀ ਨੁਕਸਾਨ ਝੱਲਿਆ ਹੈ।

  11. ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਹੀ ਸੂਬੇ ਨੂੰ ਬਚਾਉਣ ਦਾ ਤਰੀਕਾ-ਭਾਜਪਾ

    ਪੱਛਮੀ ਬੰਗਾਲ ਦੇ ਰਾਮਪੁਰਹਾਟ ਵਿੱਚ ਟੀਐਮਸੀ ਨੇਤਾ ਭਾਦੁ ਸ਼ੇਖ ਦੀ ਮੌਤ ਤੋਂ ਬਾਅਦ ਅੱਠ ਲੋਕਾਂ ਦੀ ਮੌਤ ਨੇ ਬੰਗਾਲ ਵਿੱਚ ਸਿਆਸਤ ਗਰਮਾ ਦਿੱਤਾ ਹੈ।

    ਬੁੱਧਵਾਰ ਸ਼ਾਮੀ ਭਾਰਤੀ ਜਨਤਾ ਪਾਰਟੀ ਦੇ ਆਗੂ ਵਿਰੋਧੀ ਧਿਰ ਦੇ ਨੇਤਾ ਸੁਵੇਂਦੂ ਅਧਿਕਾਰੀ ਰਾਮਪੁਰਹਾਟ ਪੁੱਜੇ।

    ਉਨ੍ਹਾਂ ਨੇ ਘਟਨਾ ਸਥਲ ਦਾ ਜਾਇਜ਼ਾ ਲਿਆ ਅਤੇ ਆਖਿਆ ਕਿ ਇਸ ਸਾਰੇ ਮਾਮਲੇ ਦੀ ਜਾਂਚ ਸੀਬੀਆਈ ਜਾਂ ਐਨਆਈਏ ਨੂੰ ਸੌਂਪਣੀ ਚਾਹੀਦੀ ਹੈ।

    ਖ਼ਬਰ ਏਜੰਸੀ ਏਐਨਆਈ ਨੂੰ ਦਿੱਤੇ ਬਿਆਨ ਮੁਤਾਬਕ ਉਨ੍ਹਾਂ ਨੇ ਕਿਹਾ, "ਇਹ ਇੱਕ ਦੁਖਦਾਈ ਘਟਨਾ ਹੈ ਅਤੇ ਇਸ ਦੀ ਨਿਖੇਧੀ ਲਈ ਕੋਈ ਸ਼ਬਦ ਨਹੀਂ ਹਨ। ਸੂਬਾ ਸਰਕਾਰ ਵੱਲੋਂ ਐਸਆਈਟੀ ਦਾ ਗਠਨ ਕੀਤਾ ਗਿਆ ਹੈ ਪਰ ਸੂਬਾ ਪੁਲਿਸ ਸੂਬਾ ਸਰਕਾਰ ਦੇ ਅਧੀਨ ਹੀ ਹੈ। ਪੱਛਮੀ ਬੰਗਾਲ ਵਿੱਚ ਰਾਸ਼ਟਰਪਤੀ ਸ਼ਾਸਨ ਹੀ ਸੂਬੇ ਨੂੰ ਬਚਾਉਣ ਦਾ ਇੱਕੋ ਇੱਕ ਤਰੀਕਾ ਹੈ।"

    ਪਿੰਡ ਦੀ ਪੰਚਾਇਤ ਦੇ ਉਪ ਪ੍ਰਧਾਨ ਅਤੇ ਟੀਐਮਸੀ ਨੇਤਾ ਭਾਦੁ ਸ਼ੇਖ ਨੂੰ ਸੋਮਵਾਰ ਸ਼ਾਮ ਨੂੰ ਕੁਝ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਹਲ਼ਾਕ ਕਰ ਦਿੱਤਾ। ਮੰਗਲਵਾਰ ਸਵੇਰੇ ਉਨ੍ਹਾਂ ਦੇ ਮ੍ਰਿਤਕ ਦੇਹ ਪਿੰਡ ਪੁੱਜੀ ਸੀ ।

  12. ਪੈਟਰੋਲ -ਡੀਜ਼ਲ ਦੇ ਵਧਦੇ ਭਾਅ

  13. ਭਗਤ ਸਿੰਘ ਨਾਲ ਜੁੜੇ ਕਈ ਅਹਿਮ ਸਵਾਲਾਂ ਦੇ ਜਵਾਬ ਦੇ ਰਹੇ ਹਨ ਪ੍ਰੋ. ਚਮਨ ਲਾਲ। ਵੇਖੋ LIVE

  14. ਯੂਕਰੇਨ ਵਰਗੇ ਜੰਗੀ ਹਾਲਾਤ ਦਾ ਸਾਹਮਣਾ ਕਰਨ ਵਾਲੇ 6 ਮੁਲਕ

    ਰੂਸ ਦੇ ਯੂਕਰੇਨ ਉੱਪਰ ਹਮਲੇ ਤੋਂ ਬਾਅਦ ਇਹ ਇੱਕ ਅੰਤਰਰਾਸ਼ਟਰੀ ਮੁੱਦਾ ਬਣ ਗਿਆ ਹੈ।

    ਯੂਕਰੇਨ ਵਿੱਚ ਭਾਵੇਂ ਕਿ ਕਿਸੇ ਹੋਰ ਦੇਸ਼ ਨੇ ਆਪਣੀਆਂ ਫੌਜਾਂ ਨਹੀਂ ਭੇਜੀਆਂ ਪਰ ਫੇਰ ਵੀ ਕਈ ਦੇਸ਼ਾਂ ਦੀ ਫ਼ੌਜ ਵੱਲੋਂ ਸਹਾਇਤਾ ਅਤੇ ਹਥਿਆਰ ਪਹੁੰਚ ਰਹੇ ਹਨ।

    ਇਸ ਤੋਂ ਇਲਾਵਾ ਯੂਕਰੇਨ ਨੂੰ ਸਮਰਥਨ ਅਤੇ ਆਰਥਿਕ ਮਦਦ ਨਹੀਂ ਮਿਲ ਰਹੀ ਹੈ।

    ਹਮਲੇ ਤੋਂ ਕੁਝ ਦਿਨਾਂ ਬਾਅਦ ਹੀ ਅਮਰੀਕਾ ਅਤੇ ਯੂਰਪ ਨੇ ਰੂਸ ਉੱਪਰ ਪਾਬੰਦੀਆਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਤਿਹਾਸ ਵਿੱਚ ਕਿਸੇ ਵਿਦੇਸ਼ ਉਪਰ ਲੱਗੀਆਂ ਇਹ ਸਭ ਤੋਂ ਵੱਡੀਆਂ ਪਾਬੰਦੀਆਂ ਵਿਚ ਸ਼ਾਮਿਲ ਹਨ ।

  15. ਰੂਸ ਦੇ ਹਮਲਿਆਂ ਤੋਂ ਬਾਅਦ ਬੱਚਿਆਂ ਦੀ ਹੋਈ ਮੌਤ-ਯੂਕਰੇਨ

    ਯੂਕਰੇਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਰੂਸ ਦੇ ਸ਼ਹਿਰੀ ਖੇਤਰਾਂ ਉੱਤੇ ਤਾਜ਼ਾ ਹਮਲਿਆਂ ਤੋਂ ਬਾਅਦ ਤਿੰਨ ਲੋਕ ਜਿਨ੍ਹਾਂ ਵਿੱਚ ਦੋ ਬੱਚੇ ਸਨ, ਦੀ ਮੌਤ ਹੋ ਗਈ ਹੈ।

    ਸਿਰਹੀ ਹਦਾਈ, ਜੋ ਕਿ ਲੁਹਾਂਸਕ ਵਿਖੇ ਮਿਲਟਰੀ ਅਥਾਰਿਟੀ ਦੇ ਮੁਖੀ ਹਨ, ਨੇ ਦੱਸਿਆ ਕਿ ਦੇਰ ਸ਼ਾਮ ਰੂਸ ਵੱਲੋਂ ਹਮਲੇ ਕੀਤੇ ਗਏ ।

    ਜਿਨ੍ਹਾਂ ਨਾਲ ਇਮਾਰਤ ਦੀ ਪੰਜਵੀਂ ਮੰਜ਼ਿਲ ਨੂੰ ਨੁਕਸਾਨ ਪਹੁੰਚਿਆ।

    ਉਨ੍ਹਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਇਲਾਕੇ ਵਿੱਚ ਜੰਗ ਦੀ ਸ਼ੁਰੂਆਤ ਤੋਂ ਬਾਅਦ 60 ਨਾਗਰਿਕਾਂ ਦੀ ਮੌਤ ਹੋ ਗਈ ਹੈ।

  16. ਖਟਕੜ ਕਲਾਂ ਪਹੁੰਚੇ ਭਗਵੰਤ ਮਾਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਅੱਜ ਖਟਕੜ ਕਲਾਂ ਪਹੁੰਚੇ ਅਤੇ ਸ਼ਹੀਦ ਭਗਤ ਸਿੰਘ ਦੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕੀਤੀ।

    ਉਹ ਖਟਕੜ ਕਲਾਂ ਵਿਖੇ ਮੌਜੂਦ ਭਗਤ ਸਿੰਘ ਨਾਲ ਸਬੰਧਿਤ ਮਿਊਜ਼ੀਅਮ ਵਿਖੇ ਵੀ ਗਏ।

    ਉਨ੍ਹਾਂ ਨੇ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਦੀ ਸਮਾਧੀ 'ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।

    ਜ਼ਿਕਰਯੋਗ ਹੈ ਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਵੀ ਖਟਕੜ ਕਲਾਂ ਵਿਖੇ ਹੀ ਚੁੱਕੀ ਸੀ।

    ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਿਨ ਰਾਤ ਭਗਤ ਸਿੰਘ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੰਮ ਕਰੇਗੀ।

  17. ਮੁੱਖ ਮੰਤਰੀ ਭਗਵੰਤ ਮਾਨ ਨੇ ਜਾਰੀ ਕੀਤਾ 'ਐਂਟੀ ਕਰਪਸ਼ਨ ਐਕਸ਼ਨ ਲਾਈਨ' ਫੋਨ ਨੰਬਰ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੀਡੀਓ ਜਾਰੀ ਕਰਕੇ ਕਿਹਾ ਕਿ ''ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ 23 ਮਾਰਚ ਨੂੰ ਇੱਕ ਫ਼ੋਨ ਨੰਬਰ ਜਾਰੀ ਕਰਾਂਗਾ, ਜਿਸਨੂੰ ਅਸੀਂ 'ਐਂਟੀ ਕਰਪਸ਼ਨ ਐਕਸ਼ਨ ਲਾਈਨ' ਕਹਾਂਗੇ, ਭਾਵ ਇਹ ਨੰਬਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਲਈ ਜਾਰੀ ਹੋਵੇਗਾ।''

    ''ਇਸ ਨੰਬਰ ਨੂੰ ਅੱਜ ਦੇ ਦਿਨ ਜਾਰੀ ਕਰਨ ਤੋਂ ਵੱਡੀ ਸ਼ਹੀਦਾਂ ਨੂੰ ਕੋਈ ਸ਼ਰਧਾਂਜਲੀ ਨਹੀਂ ਹੋ ਸਕਦੀ ਕਿਉਂਕਿ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ, ਸੁਪਨਿਆਂ ਦਾ ਪੰਜਾਬ ਬਣਾਉਣ ਦੀ ਸ਼ੁਰੂਆਤ ਹੋਵੇਗੀ।''

    ਉਨ੍ਹਾਂ ਕਿਹਾ ਕਿ ਉਹ ਨੰਬਰ ਅੱਜ ਜਾਰੀ ਕੀਤਾ ਜਾ ਰਿਹਾ ਹੈ, ਜਿਸਨੂੰ ਸਾਰੇ ਨੋਟ ਕਰ ਲੈਣ। ਇਹ ਨੰਬਰ ਹੈ: 9501200200

    ਉਨ੍ਹਾਂ ਕਿਹਾ, ਜੇ ਤੁਹਾਡੇ ਕੋਲ ਰਿਸ਼ਵਤ ਮੰਗਣ ਦੀ ਵੀਡੀਓ ਜਾਂ ਜੇ ਕੋਈ ਤੁਹਾਡੇ ਤੋਂ ਕੰਮ ਕਰਾਉਣ ਲਈ ਪੈਸੇ ਮੰਗਦਾ ਹੈ, ਉਸ ਸਬੰਧੀ ਵੀਡੀਓ ਇਸ ਨੰਬਰ 'ਤੇ ਭੇਜੀ ਜਾਵੀ। ਵੀਡੀਓ ਦੀ ਜਾਂਚ ਕਰਨ ਤੋਂ ਬਾਅਦ ਉਕਤ ਮੁਲਾਜ਼ਮ, ਮੰਤਰੀ ਜਾਂ ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

    ਮੁੱਖ ਮੰਤਰੀ ਮਾਨ ਨੇ ਕਿਹਾ ਕਿ ਇਸ ਮੁਹਿੰਮ 'ਚ ਉਨ੍ਹਾਂ ਨੂੰ ਤਿੰਨ ਕਰੋੜ ਪੰਜਾਬੀਆਂ ਦਾ ਸਾਥ ਚਾਹੀਦਾ ਹੈ ਅਤੇ ਜੇ ਉਹ ਸਾਥ ਮਿਲਿਆ ਤਾਂ ''1 ਮਹੀਨੇ ਦੇ ਅੰਦਰ-ਅੰਦਰ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾ ਦੇਵਾਂਗੇ''।

  18. ਭਗਤ ਸਿੰਘ ਦੇ ਪਿੰਡ ਪੁਹੰਚੇ ਮੁੱਖ ਮੰਤਰੀ ਭਗਵੰਤ ਮਾਨ, ਸ਼ਰਧਾ ਫੁੱਲ ਭੇਟ ਕੀਤੇ

    ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਰਾਜਗੁਰੂ 'ਤੇ ਸੁਖਦੇਵ ਨੂੰ ਮਿਤੀ 23 ਮਾਰਚ ਨੂੰ ਅੰਗਰੇਜ਼ ਹਕੂਮਤ ਵੱਲੋਂ ਫਾਂਸੀ ਦਿੱਤੀ ਗਈ ਸੀ।

    ਅੱਜ ਉਨ੍ਹਾਂ ਦੀ ਯਾਦ ਵਿੱਚ, ਪੰਜਾਬ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਖਟਕੜ ਕਲਾਂ ਪਹੁੰਚੇ ਹਨ। ਦੇਖੋ ਤਸਵੀਰਾਂ

  19. ਰੂਸੀ ਫੌਜ ਨੇ ਚਰਨੋਬਲ ਲੈਬ ਨੂੰ ਤਬਾਹ ਕਰ ਦਿੱਤਾ ਹੈ - ਯੂਕਰੇਨ

    ਯੂਕਰੇਨ ਦੇ ਅਧਿਕਾਰੀਆਂ ਦਾ ਦਾਅਵਾ ਹੈ ਕਿ ਚਰਨੋਬਿਲ ਪਰਮਾਣੂ ਪਾਵਰ ਪਲਾਂਟ 'ਤੇ ਕਬਜ਼ਾ ਕਰਨ ਵਾਲੇ ਰੂਸੀ ਸੈਨਿਕਾਂ ਨੇ ਸਾਈਟ 'ਤੇ ਇੱਕ ਪ੍ਰਯੋਗਸ਼ਾਲਾ ਨੂੰ "ਲੁਟਿਆ ਅਤੇ ਤਬਾਹ" ਕਰ ਦਿੱਤਾ ਹੈ।

    ਐਕਸਕਲੂਜ਼ਨ ਜ਼ੋਨ ਮੈਨੇਜਮੈਂਟ ਲਈ ਯੂਕਰੇਨ ਦੀ ਸਟੇਟ ਏਜੰਸੀ ਨੇ ਕਿਹਾ ਕਿ ਰੂਸੀਆਂ ਨੇ ਉਨ੍ਹਾਂ ਦੀ ਕੇਂਦਰੀ ਵਿਸ਼ਲੇਸ਼ਣ ਪ੍ਰਯੋਗਸ਼ਾਲਾ ਨੂੰ ਨੁਕਸਾਨ ਪਹੁੰਚਾਇਆ ਸੀ। ਇਸ ਪ੍ਰਯੋਗਸ਼ਾਲਾ ਵਿੱਚ ਬਹੁਤ ਸਾਰੇ ਰੇਡੀਓ ਐਕਟਿਵ ਰਹਿੰਦ-ਖੂੰਹਦ ਨੂੰ ਪ੍ਰੌਸੈਸ ਕੀਤਾ ਜਾਂਦਾ ਹੈ।

    ਰਾਜ ਏਜੰਸੀ ਨੇ ਇੱਕ ਫੇਸਬੁੱਕ ਪੋਸਟ ਵਿੱਚ ਕਿਹਾ ਹੈ ਕਿ ਇਸ ਪ੍ਰਯੋਗਸ਼ਾਲਾ ਵਿੱਚ "ਬੇਹੱਦ ਐਕਟਿਵ ਨਮੂਨੇ ਅਤੇ ਰੇਡੀਉਨਕਲਾਈਡਜ਼ ਦੇ ਨਮੂਨੇ ਸਨ, ਜੋ ਅੱਜ ਦੁਸ਼ਮਣ ਦੇ ਹੱਥ ਵਿੱਚ ਹਨ"।

    ਏਜੰਸੀ ਨੇ ਇਹ ਵੀ ਕਿਹਾ ਹੈ ਇੱਥੇ "ਵਿਸ਼ਲੇਸ਼ਣ ਲਈ ਕੀਮਤੀ ਉਪਕਰਣ" ਵੀ ਸੀ ਜੋ ਯੂਰਪ ਵਿੱਚ ਹੋਰ ਕਿਤੇ ਵੀ ਉਪਲੱਬਧ ਨਹੀਂ ਸਨ।

  20. ਰੂਸ ਯੂਕਰੇਨ ਜੰਗ: ਹੁਣ ਤੱਕ ਦੇ ਅਹਿਮ ਘਟਨਾਕ੍ਰਮ

    ਬੀਬੀਸੀ ਪੰਜਾਬੀ ਨਾਲ ਹੁਣੇ-ਹੁਣੇ ਜੁੜੇ ਪਾਠਕਾਂ ਦਾ ਸਵਾਗਤ ਹੈ। ਰੂਸ ਅਤੇ ਯੂਕਰੇਨ ਵਿਚਕਾਰ ਅੱਜ ਵੀ ਜਾ ਵੀ ਜਾਰੀ ਹੈ।

    ਪੜ੍ਹੋ ਹੁਣ ਤੱਕ ਦੇ ਅਹਿਮ ਅਪਡੇਟਸ

    • ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਹੈ ਕਿ ਰੂਸ ਪਰਮਾਣੂ ਹਥਿਆਰਾਂ ਦੀ ਵਰਤੋਂ ਤਾਂ ਹੀ ਕਰੇਗਾ ਜੇਕਰ ਇਸ ਦੀ ਹੋਂਦ ਨੂੰ ਖਤਰਾ ਪੈਦਾ ਹੋਵੇਗਾ।
    • ਅਮਰੀਕੀ ਪੈਂਟਾਗਨ ਨੇ ਇਸ ਬਿਆਨ ਨੂੰ ਲਾਪਰਵਾਹੀ ਵਾਲਾ ਕਰਾਰ ਦਿੰਦੇ ਹੋਏ ਕਿਹਾ ਕਿ "ਇੱਕ ਜ਼ਿੰਮੇਵਾਰ ਪਰਮਾਣੂ ਸ਼ਕਤੀ ਨੂੰ ਇਸ ਤਰੀਕੇ ਨਾਲ ਕੰਮ ਨਹੀਂ ਕਰਨਾ ਚਾਹੀਦਾ"।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਹੈ ਕਿ ਮਾਰੀਉਪੋਲ 'ਚ ਅਜੇ ਵੀ ਲਗਭਗ ਇੱਕ ਲੱਖ ਲੋਕ ਫਸੇ ਹੋਏ ਹਨ, ਜਿਨ੍ਹਾਂ ਕੋਲ ਨਾ ਖਾਣਾ ਹੈ ਨਾ ਪਾਣੀ।
    • ਪੱਛਮੀ ਖੁਫੀਆ ਏਜੰਸੀਆਂ ਦੇ ਅਨੁਸਾਰ, ਰੂਸੀ ਫੌਜਾਂ ਵੱਡੇ ਯੂਕਰੇਨੀ ਸ਼ਹਿਰਾਂ ਨੂੰ ਘੇਰਨ ਲਈ ਰੱਖਿਆਤਮਕ ਸਥਿਤੀਆਂ ਲੈ ਰਹੀਆਂ ਹਨ।
    • ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਮੰਗਲਵਾਰ ਨੂੰ ਲਗਭਗ 7,000 ਮਾਰੀਉਪੋਲ ਨਿਵਾਸੀਆਂ ਨੂੰ ਬਚਾਇਆ ਗਿਆ।
    • ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੀਰਵਾਰ ਨੂੰ ਨਾਟੋ ਅਤੇ ਜੀ7 ਆਗੂਆਂ ਨਾਲ ਗੱਲਬਾਤ ਲਈ ਬ੍ਰਸੇਲਜ਼ ਦੀ ਯਾਤਰਾ ਕਰਨਗੇ। ਇਸ ਦੌਰਾਨ ਉਨ੍ਹਾਂ ਵੱਲੋਂ ਮਾਸਕੋ 'ਤੇ ਹੋਰ ਪਾਬੰਦੀਆਂ ਦਾ ਐਲਾਨ ਕਰਨ ਦਾ ਅਨੁਮਾਨ ਹੈ।