You’re viewing a text-only version of this website that uses less data. View the main version of the website including all images and videos.

Take me to the main website

ਭਗਵੰਤ ਮਾਨ ਨੇ ਭ੍ਰਿਸ਼ਟਾਚਾਰ ਖ਼ਿਲਾਫ਼ ਹੈੱਲਪਲਾਈਨ ਜਾਰੀ ਕਰਨ ਦਾ ਐਲਾਨ ਕੀਤਾ, ਸੁਖਬੀਰ ਬਾਦਲ ਨੇ ਕੀਤੀ ਅਸਤੀਫ਼ੇ ਦੀ ਪੇਸ਼ਕਸ਼

ਪੰਜਾਬ ਵਿਧਾਨ ਸਭਾ ਵਿੱਚ ਚੁਣ ਕੇ ਆਏ ਵਿਧਾਇਕਾਂ ਨੂੰ ਪ੍ਰੋਟੇਮ ਸਪੀਕਰ ਨੇ ਸਹੁੰ ਚੁਕਾਈ

ਲਾਈਵ ਕਵਰੇਜ

  1. 16ਵੀਂ ਪੰਜਾਬ ਵਿਧਾਨ ਸਭਾ ਦਾ ਪਹਿਲਾ ਦਿਨ- ਇਹ ਰਿਹਾ ਖਾਸ

    ਪੰਜਾਬ ਦੀ ਸਿਆਸਤ ਤੇ ਯੂਕਰੇਨ - ਰੂਸ ਜੰਗ ਬਾਰੇ ਬੀਬੀਸੀ ਪੰਜਾਬੀ ਦੇ ਲਾਈਵ ਪੇਜ ਨੂੰ ਅਸੀਂ ਨੂੰ ਇੱਥੇ ਹੀ ਸਮਾਪਤ ਕਰ ਰਹੇ ਹਾਂ।

    ਵੀਰਵਾਰ ਦਾ ਦਿਨ ਵੀ ਪੰਜਾਬ ਦੀ ਰਾਜਨੀਤੀ ਵਿੱਚ ਹਲਚਲ ਭਰਿਆ ਰਿਹਾ ਅਤੇ ਇਸ ਨਾਲ ਹੀ ਰੂਸ ਦੇਵ ਯੂਕਰੇਨ ਉਪਰ ਹਮਲੇ ਜਾਰੀ ਹਨ। ਇਸ ਤੋਂ ਇਲਾਵਾ ਅੱਜ ਇਹ ਰਿਹਾ ਅਹਿਮ:

    • ਪੰਜਾਬ ਦੀ ਸੋਲ੍ਹਵੀਂ ਵਿਧਾਨ ਸਭਾ ਲਈ ਨਵੇਂ ਚੁਣੇ ਗਏ ਵਿਧਾਇਕਾਂ ਨੇ ਸਹੁੰ ਚੁੱਕੀ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਕਿ 23 ਮਾਰਚ ਨੂੰ ਉਹ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਲਾਂਚ ਕਰਨਗੇ।
    • ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ ਕਾਰਗੁਜ਼ਾਰੀ ਤੋਂ ਬਾਅਦ ਅਸਤੀਫਾ ਪੇਸ਼ ਕੀਤਾ ਗਿਆ ਜਿਸ ਨੂੰ ਪਾਰਟੀ ਦੇ ਆਗੂਆਂ ਨੇ ਰੱਦ ਕਰ ਦਿੱਤਾ।
    • ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਨੂੰ ਪਾਰਟੀ ਨੇ ਵਿਧਾਨ ਸਭਾ ਵਿਧਾਨਕਾਰ ਪਾਰਟੀ ਦਾ ਨੇਤਾ ਨਿਯੁਕਤ ਕੀਤਾ।
    • ਰੂਸ ਦੇ ਯੂਕਰੇਨ ਉਪਰ ਹਮਲੇ ਜਾਰੀ ਹਨ। ਵੀਰਵਾਰ ਨੂੰ ਮਾਰੀਪੋਲ ਸ਼ਹਿਰ ਵਿੱਚ ਸ਼ਰਨ ਲੈ ਕੇ ਬੈਠੇ ਨਾਗਰਿਕਾਂ ਵਾਲੇ ਥੀਏਟਰ ਉਪਰ ਹਮਲਾ ਹੋਇਆ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਨੇ ਜਰਮਨੀ ਦੀ ਸੰਸਦ ਨੂੰ ਸੰਬੋਧਨ ਕੀਤਾ ਹੈ ਤੇ ਉਸ ਉਪਰ ਪਾਬੰਦੀਆਂ ਲਈ ਸ਼ਲਾਘਾ ਕੀਤੀ ਹੈ।ਉਨ੍ਹਾਂ ਨੇ ਇਹ ਵੀ ਆਖਿਆ ਕਿ ਹੁਣ ਵੀ ਜਰਮਨੀ ਦੇ ਕੁਝ ਵਪਾਰ ਰੂਸ ਨਾਲ ਚੱਲ ਰਹੇ ਹਨ।
    • ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡੇਨ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਜੰਗੀ ਅਪਰਾਧੀ ਆਖਿਆ ਹੈ।
  2. ਹੁਣ ਪੰਜਾਬ ਐੱਸਵਾਈਐੱਲ ਦੇ ਮੁੱਦੇ ’ਤੇ ਜ਼ਿੰਮੇਵਾਰੀ ਨਿਭਾਏ - ਮਨੋਹਰ ਲਾਲ

    ਪੰਜਾਬ ਵਿੱਚ ਨਵੀਂ ਸਰਕਾਰ ਬਣਨ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨਹਿਰ ਨੇ ਐੱਸਵਾਈਐੱਲ ਦਾ ਮੁੱਦਾ ਇੱਕ ਵਾਰ ਫ਼ਿਰ ਚੁੱਕਿਆ ਹੈ।

    ਹਰਿਆਣਾ ਦੇ ਮੁੱਖ ਮੰਤਰੀ ਨੇ ਅੱਗੇ ਆਖਿਆ ਕਿ ਪੰਜਾਬ ਤੋਂ ਪਾਣੀ ਲੈ ਕੇ ਹਰਿਆਣਾ ਨੇ ਦਿੱਲੀ ਨੂੰ ਪਾਣੀ ਦੇਣਾ ਹੈ।

    ਚੰਡੀਗੜ੍ਹ ਵਿਖੇ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਆਖਿਆ ਕਿ ਹੁਣ ਦਿੱਲੀ ਅਤੇ ਪੰਜਾਬ ਦੋਵਾਂ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਇਸ ਲਈ ਹੁਣ ਪੰਜਾਬ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

    ਜ਼ਿਕਰਯੋਗ ਹੈ ਕਿ ਪੰਜਾਬ ਅਤੇ ਹਰਿਆਣਾ ਦਰਮਿਆਨ ਸਤਲੁਜ ਅਤੇ ਯਮੁਨਾ ਦੇ ਪਾਣੀ ਦਾ ਵਿਵਾਦ ਅਦਾਲਤ ਵਿੱਚ ਹੈ।

  3. ਜਰਮਨੀ ਦੇ ਸਾਂਸਦਾਂ ਨੂੰ ਜ਼ੇਲੇਂਸਕੀ ਨੇ ਕੀਤਾ ਸੰਬੋਧਨ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਵੀਡੀਓ ਕਾਨਫਰੰਸ ਰਾਹੀਂ ਜਰਮਨੀ ਨੇ ਸਾਂਸਦਾਂ ਨੂੰ ਸੰਬੋਧਨ ਕੀਤਾ ਹੈ।

    ਉਨ੍ਹਾਂ ਨੇ ਜਰਮਨੀ ਦੇ ਰੂਸ ਨਾਲ ਗੈਸ ਪਾਈਪ ਲਾਈਨ ਸਮਝੌਤੇ ਨੂੰ ਰੋਕਣ ਦੇ ਫ਼ੈਸਲੇ ਦੀ ਸ਼ਲਾਘਾ ਵੀ ਕੀਤੀ।

    ਉਨ੍ਹਾਂ ਨੇ ਆਖਿਆ ਕਿ ਰੂਸ ਦੇ ਯੂਕਰੇਨ ਉਪਰ ਹਮਲੇ ਤੋਂ ਬਾਅਦ ਵੀ ਜਰਮਨੀ ਦੇ ਕਈ ਵਪਾਰਕ ਅਦਾਰੇ ਰੂਸ ਵਿਚ ਕੰਮ ਕਰ ਰਹੇ ਹਨ।

    ਉਨ੍ਹਾਂ ਦੇ ਭਾਵੁਕ ਭਾਸ਼ਣ ਤੋਂ ਬਾਅਦ ਜਰਮਨੀ ਦੀ ਸੰਸਦ ਨੇ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ।

  4. ਭਗਵੰਤ ਮਾਨ ਨੇ ਕੀਤੀ ਹਰਿਆਣਾ ਦੇ ਰਾਜਪਾਲ ਨਾਲ ਮੁਲਾਕਾਤ,ਖੇਡੀ ਹੋਲੀ - ਵੇਖੋ ਤਸਵੀਰਾਂ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਹਰਿਆਣਾ ਦੇ ਰਾਜ ਭਵਨ ਵਿਖੇ ਹਰਿਆਣਾ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ।

    ਹਰਿਆਣਾ ਦੇ ਰਾਜਪਾਲ ਨੇ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ 'ਤੇ ਵਧਾਈ ਦਿੱਤੀ। ਹੋਲੀ ਦੇ ਤਿਉਹਾਰ ਦੀ ਵਧਾਈ ਵੀ ਰਾਜਪਾਲ ਨੇ ਦਿੱਤੀ।

    ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਮੌਜੂਦ ਸਨ ਅਤੇ ਉਨ੍ਹਾਂ ਨੇ ਹੋਲੀ ਮਿਲਣ ਸਮਾਗਮ ਵਿੱਚ ਫੁੱਲਾਂ ਦੀ ਹੋਲੀ ਖੇਡੀ।

  5. ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫੇ ਦੀ ਪੇਸ਼ਕਸ਼, ਪਾਰਟੀ ਆਗੂਆਂ ਨੇ ਜਤਾਇਆ ਅਗਵਾਈ ਵਿੱਚ ਭਰੋਸਾ

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਨੈਤਿਕ ਆਧਾਰ 'ਤੇ ਅਸਤੀਫੇ ਦੀ ਪੇਸ਼ਕਸ਼ ਨੂੰ ਪਾਰਟੀ ਦੇ ਜ਼ਿਲ੍ਹਾ ਪ੍ਰਧਾਨਾਂ ਵੱਲੋਂ ਠੁਕਰਾ ਦਿੱਤਾ ਗਿਆ ਹੈ।

    ਵਿਧਾਨ ਸਭਾ ਚੋਣਾਂ ਵਿਚ ਪਾਰਟੀ ਦੀ ਮਾੜੀ ਕਾਰਗੁਜ਼ਾਰੀ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਵੱਲੋਂ ਅਸਤੀਫੇ ਦੀ ਪੇਸ਼ਕਸ਼ ਕੀਤੀ ਗਈ ਸੀ।

    ਪਾਰਟੀ ਵੱਲੋਂ ਜਾਰੀ ਬਿਆਨ ਮੁਤਾਬਕ ਜ਼ਿਲ੍ਹਾ ਪ੍ਰਧਾਨਾਂ ਨੇ ਸੁਖਬੀਰ ਬਾਦਲ ਦੀ ਅਗਵਾਈ ਉੱਤੇ ਭਰੋਸਾ ਜਤਾਇਆ ਹੈ।

    ਬੁੱਧਵਾਰ ਅਤੇ ਵੀਰਵਾਰ ਨੂੰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਨੁਮਾਇੰਦਿਆਂ ਨਾਲ ਬੈਠਕ ਕਰਕੇ ਨਤੀਜਿਆਂ 'ਤੇ ਚਿੰਤਨ ਕੀਤਾ। ਉਸੇ ਵਿੱਚ ਸੁਖਬੀਰ ਨੇ ਆਪਣੇ ਅਸਤੀਫੇ ਦੀ ਪੇਸ਼ਕਸ਼ ਕੀਤੀ।

    ਜ਼ਿਕਰਯੋਗ ਹੈ ਕਿ ਪਾਰਟੀ ਇਨ੍ਹਾਂ ਚੋਣਾਂ ਵਿੱਚ ਕੇਵਲ ਤਿੰਨ ਸੀਟਾਂ ਉਪਰ ਸਿਮਟ ਗਈ ਅਤੇ ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ,ਬਿਕਰਮ ਸਿੰਘ ਮਜੀਠੀਆ,ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਮੇਤ ਕਈ ਵੱਡੇ ਚਿਹਰੇ ਹਾਰ ਗਏ।

  6. ਹਮਲੇ ਤੋਂ ਬਾਅਦ ਮਿਜ਼ਾਈਲ ਦੇ ਮਲਬੇ ਨਾਲ ਕੀਵ ਦੀ ਰਿਹਾਇਸ਼ੀ ਇਮਾਰਤ 'ਚ ਨੁਕਸਾਨ, ਇੱਕ ਦੀ ਮੌਤ

    ਕੀਵ ਵਿੱਚ ਮਿਜ਼ਾਈਲ ਹਮਲੇ ਦੇ ਮਲਬੇ ਕਾਰਨ ਇੱਕ ਰਿਹਾਇਸ਼ੀ ਇਮਾਰਤ ਨੂੰ ਹੋਏ ਨੁਕਸਾਨ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਹਨ।

    ਇਮਾਰਤ ਤੋਂ ਦਰਜਨਾਂ ਲੋਕਾਂ ਨੂੰ ਬਾਹਰ ਕੱਢਿਆ ਗਿਆ ਹੈ। ਦੇਖੋ ਇਮਾਰਤ ਅਤੇ ਆਲੇ-ਦੁਆਲੇ ਦੀਆਂ ਕੁਝ ਤਸਵੀਰਾਂ

  7. ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਜਾਰੀ ਹੋਵੇਗੀ ਹੈੱਲਪਲਾਈਨ - ਭਗਵੰਤ ਮਾਨ

    ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਆ ਹੈ ਕਿ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਜਾਰੀ ਕੀਤੀ ਜਾਵੇਗੀ।

    ਖ਼ਬਰ ਏਜੰਸੀ ਏਐਨਆਈ ਮੁਤਾਬਕ ਇਸ ਹੈਲਪਲਾਈਨ 'ਤੇ ਵ੍ਹਟਸਐਪ ਰਾਹੀਂ ਲੋਕ ਆਪਣੀਆਂ ਸ਼ਿਕਾਇਤਾਂ ਦਰਜ ਕਰਵਾ ਸਕਦੇ ਹਨ।

    ਜੇਕਰ ਇਹ ਸ਼ਿਕਾਇਤਾਂ ਸਹੀ ਪਾਈਆਂ ਗਈਆਂ ਤਾਂ ਸਬੰਧਤ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

    ਭਗਵੰਤ ਮਾਨ ਵੱਲੋਂ ਜਾਰੀ ਵੀਡੀਓ ਵਿੱਚ ਆਖਿਆ ਗਿਆ ਹੈ ਕਿ ਪੰਜਾਬ ਦੇ99 ਫ਼ੀਸਦ ਲੋਕ ਇਮਾਨਦਾਰ ਹਨ 1 ਫ਼ੀਸਦ ਭ੍ਰਿਸ਼ਟ ਲੋਕਾਂ ਕਰਕੇ ਇਕ ਸਿਸਟਮ ਵਿਗੜਦਾ ਹੈ।

    ਭਗਵੰਤ ਮਾਨ ਨੇ ਅੱਗੇ ਆਖਿਆ ਕਿ ਪੰਜਾਬ ਵਿੱਚ ਹੁਣ ਹਫਤਾ ਵਸੂਲੀ ਬੰਦ ਹੋਵੇਗੀ ਅਤੇ ਕੋਈ ਵੀ ਨੇਤਾ ਕਿਸੇ ਅਧਿਕਾਰੀ ਨੂੰ ਤੰਗ ਪ੍ਰੇਸ਼ਾਨ ਨਹੀਂ ਕਰੇਗਾ।

    ਮੁੱਖ ਮੰਤਰੀ ਵੱਲੋਂ ਸਵੇਰੇ ਟਵੀਟ ਕਰ ਕੇ ਆਖਿਆ ਗਿਆ ਸੀ ਕਿ ਅੱਜ ਉਹ ਇਕ ਵੱਡਾ ਐਲਾਨ ਕਰਨਗੇ ਜੋ ਪੰਜਾਬ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ।

  8. ਮੇਰੀ ਪੈਨਸ਼ਨ ਲੋਕ ਭਲਾਈ ਦੇ ਕਾਰਜਾਂ ਵਿੱਚ ਲੱਗੇ - ਪ੍ਰਕਾਸ਼ ਸਿੰਘ ਬਾਦਲ

  9. ਮੇਰੇਫ਼ਾ ਵਿੱਚ ਵਿੱਦਿਅਕ ਇਮਾਰਤ 'ਤੇ ਗੋਲਾਬਾਰੀ - ਯੂਕਰੇਨ ਐਮਰਜੈਂਸੀ ਸਰਵਿਸ

    ਯੂਕਰੇਨ ਦੀ ਸਟੇਟ ਐਮਰਜੈਂਸੀ ਸਰਵਿਸਿਜ਼ ਨੇ ਕਿਹਾ ਹੈ ਕਿ ਇੱਕ ਰੂਸੀ ਮਿਜ਼ਾਈਲ ਰਾਤ ਨੂੰ ਲਗਭਗ 03:30 ਵਜੇ ਇੱਕ ਵਿੱਦਿਅਕ ਇਮਾਰਤ 'ਚ ਟਕਰਾ ਗਈ।

    ਅਧਿਕਾਰੀਆਂ ਨੇ ਦੱਸਿਆ ਕਿ ਉੱਤਰ-ਪੱਛਮ ਵਿੱਚ ਖਾਰਕਿਵ ਖੇਤਰ ਦੇ ਮੇਰੇਫ਼ਾ ਵਿੱਚ ਇਹ ਇਮਾਰਤ ਅੰਸ਼ਕ ਤੌਰ 'ਤੇ ਤਬਾਹ ਹੋ ਗਈ ਹੈ।

    ਫਾਇਰ ਬ੍ਰਿਗੇਡ ਅਜੇ ਵੀ ਅੱਗ ਬੁਝਾਉਣ ਵਿੱਚ ਲੱਗੀ ਹੋਈ ਹੈ।

    ਸਥਾਨਕ ਮੀਡੀਆ ਨੇ ਦੱਸਿਆ ਕਿ ਇੱਕ ਸਕੂਲ ਅਤੇ ਇੱਕ ਕਮਿਊਨਿਟੀ ਸੈਂਟਰ ਨੂੰ ਨੁਕਸਾਨ ਪਹੁੰਚਿਆ ਹੈ।

    ਅਜੇ ਤੱਕ ਪੀੜਤਾਂ ਦੀ ਕੋਈ ਰਿਪੋਰਟ ਨਹੀਂ ਹੈ।

  10. ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਕੀਤਾ ਟਵੀਟ

    ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ 'ਤੇ ਵਧਾਈ ਦਿੱਤੀ ਹੈ।

    ਸਿੱਧੂ ਨੇ ਟਵੀਟ ਕਰਦਿਆਂ ਲਿਖਿਆ, "ਬਹੁਤ ਸਾਰੀਆਂ ਉਮੀਦਾਂ ਦੇ ਨਾਲ, ਭਗਵੰਤ ਮਾਨ ਪੰਜਾਬ ਵਿੱਚ ਮਾਫੀਆ ਵਿਰੋਧੀ ਨਵੇਂ ਦੌਰ ਦੀ ਨਵੀਂ ਸ਼ੁਰੂਆਤ ਹਨ।''

    ਉਨ੍ਹਾਂ ਅੱਗੇ ਲਿਖਿਆ, ''ਉਮੀਦ ਹੈ ਕਿ ਉਹ ਇਸ ਮੌਕੇ ਦਾ ਵਧੀਆ ਇਸਤੇਮਾਲ ਕਰਨਗੇ ਅਤੇ ਲੋਕਾਂ ਲਈ ਚੰਗੀਆਂ ਨੀਤੀਆਂ ਨਾਲ ਪੰਜਾਬ ਨੂੰ ਫਿਰ ਤੋਂ ਖੁਸ਼ਹਾਲੀ ਦੀ ਰਾਹ 'ਤੇ ਲਿਆਉਣਗੇ।''

    ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਹਾਰ ਤੋਂ ਬਾਅਦ ਸੋਨੀਆ ਗਾਂਧੀ ਨੇ ਸਾਰੇ 5 ਸੂਬਾ ਪ੍ਰਧਾਨਾਂ ਤੋਂ ਅਸਤੀਫਾ ਮੰਗਿਆ ਸੀ, ਜਿਸ ਤੋਂ ਬਾਅਦ ਬੁੱਧਵਾਰ ਨੂੰ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਪ੍ਰਦੇਸ਼ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

  11. ਪੰਜਾਬ ਚੋਣਾਂ: ਪਹਿਲੀ ਵਾਰ ਵਿਧਾਨ ਸਭਾ ਪਹੁੰਚਣ ਵਾਲੀਆਂ ਇਹ ਬੀਬੀਆਂ ਇੰਝ ਸਿਆਸਤ 'ਚ ਆਈਆਂ

    ਪੰਜਾਬ ਦੇ ਚੋਣ ਨਤੀਜਿਆਂ ਨੇ ਇਸ ਵਾਰ ਇੱਕ ਨਵਾਂ ਹੀ ਇਤਿਹਾਸ ਰਚਿਆ ਹੈ। ਰਵਾਇਤੀ ਪਾਰਟੀਆਂ ਤੇ ਵੱਡੇ ਆਗੂਆਂ ਨੂੰ ਪਛਾੜਦੇ ਹੋਏ ਆਮ ਆਦਮੀ ਪਾਰਟੀ ਨੇ 92 ਸੀਟਾਂ ਨਾਲ ਵੱਡੀ ਜਿੱਤ ਹਾਸਲ ਕੀਤੀ ਹੈ।

    ਇਨ੍ਹਾਂ ਵਿੱਚ ਔਰਤਾਂ ਦੀ ਹਿੱਸੇਦਾਰੀ ਵੀ ਚੰਗੀ ਹੈ। ਆਮ ਆਦਮੀ ਪਾਰਟੀ ਦੀਆਂ 11 ਔਰਤ ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਹੈ ਜਿਨ੍ਹਾਂ ਵਿੱਚੋਂ 9 ਅਜਿਹੀਆਂ ਬੀਬੀਆਂ ਹਨ ਜੋ ਪਹਿਲੀ ਵਾਰ ਵਿਧਾਨ ਸਭਾ ਵਿੱਚ ਬੈਠਣਗੀਆਂ। ਪੜ੍ਹੋ ਇਹ ਖਾਸ ਰਿਪੋਰਟ

  12. ਲਾਈਵ: ਚੰਡੀਗੜ੍ਹ ਵਿਧਾਨ ਸਭਾ ਵਿੱਚ ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾ ਰਹੀ ਹੈ

  13. ਨਵੇਂ ਵਿਧਾਇਕਾਂ ਸਹੁੰ ਚੁੱਕ ਸਮਾਗਮ, ਕਈ ਮੱਥਾ ਟੇਕ ਕੇ ਅੰਦਰ ਵੜੇ

    ਪੰਜਾਬ 'ਚ ਨਵੀਂ ਬਣੀ ਆਮ ਆਦਮੀ ਸੀ ਸਰਕਾਰ ਲਈ ਅੱਜਵਿਧਆਇਕਾਂ ਦਾ ਸਹੁੰ ਚੁੱਕ ਸਮਾਗਮ ਹੋ ਰਿਹਾ ਹੈ।

    ਪਾਰਟੀ ਦੀਆਂ ਟਿਕਟਾਂ 'ਤੇ ਜਿੱਤ ਕੇ ਵਿਧਾਨ ਸਭਾ ਮੈਂਬਰਾਂ ਦੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ।

    ਐੱਮਐੱਲਏ ਅਮਨ ਅਰੋੜਾ ਨੇ ਵਿਧਾਨ ਸਭਾ ਵਿੱਚ ਦਾਖਲ ਹੋਣ ਤੋਂ ਪਹਿਲਾਂ ਮੱਥਾ ਟੇਕਿਆ, ਦੇਖੋ ਤਸਵੀਰਾਂ

  14. 'ਪੰਜਾਬ ਦੇ ਹਿੱਤ 'ਚ ਅੱਜ ਇੱਕ ਬਹੁਤ ਵੱਡਾ ਫੈਸਲਾ ਲਿਆ ਜਾਵੇਗਾ'- ਭਗਵੰਤ ਮਾਨ

    ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਉਹ ਅਜਿਹਾ ਫੈਸਲਾ ਲੈਣ ਜਾ ਰਹੇ ਹਨ ਜੋ ਕਿਸੇ ਨੇ ਨਹੀਂ ਲਿਆ ਹੋਵੇਗਾ।

    ਇੱਕ ਟਵੀਟ ਵਿੱਚ ਉਨ੍ਹਾਂ ਲਿਖਿਆ, ''ਪੰਜਾਬ ਦੇ ਹਿੱਤ 'ਚ ਅੱਜ ਇੱਕ ਬਹੁਤ ਵੱਡਾ ਫੈਸਲਾ ਲਿਆ ਜਾਵੇਗਾ। ਪੰਜਾਬ ਦੇ ਇਤਿਹਾਸ ਵਿੱਚ ਅੱਜ ਤੱਕ ਕਿਸੇ ਨੇ ਵੀ ਅਜਿਹਾ ਫ਼ੈਸਲਾ ਨਹੀਂ ਲਿਆ ਹੋਵੇਗਾ।''

    ''ਕੁਝ ਹੀ ਦੇਰ ਤਕ ਐਲਾਨ ਕਰਾਂਗਾ...''

  15. ਨਾਗਰਿਕ ਖੇਤਰਾਂ 'ਤੇ ਗੋਲਾਬਾਰੀ 'ਚ ਵਾਧੇ ਤੋਂ ਬਾਅਦ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਵੀਰਵਾਰ ਨੂੰ ਐਮਰਜੈਂਸੀ ਬੈਠਕ

    ਯੂਕਰੇਨ ਵਿੱਚ ਵਧਦੇ ਮਨੁੱਖੀ ਸੰਕਟ ਨਾਲ ਨਜਿੱਠਣ ਲਈ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੀ ਇੱਕ ਐਮਰਜੈਂਸੀ ਬੈਠਕ ਹੋਵੇਗੀ।

    ਡਿਪਲੋਮੈਟਿਕ ਸੂਤਰਾਂ ਦੁਆਰਾ ਮਿਲੀ ਜਾਣਕਾਰੀ ਮੁਤਾਬਕ, ਹਾਲ ਹੀ ਦੇ ਦਿਨਾਂ ਵਿੱਚ ਨਾਗਰਿਕ ਖੇਤਰਾਂ 'ਤੇ ਗੋਲਾਬਾਰੀ ਵਿੱਚ ਵਾਧੇ ਤੋਂ ਬਾਅਦ ਅਮਰੀਕਾ, ਬ੍ਰਿਟੇਨ, ਫਰਾਂਸ, ਆਇਰਲੈਂਡ, ਨਾਰਵੇ ਅਤੇ ਅਲਬਾਨੀਆ ਨੇ ਇਹ ਬੈਠਕ ਬੁਲਾਈ ਹੈ।

    ਇਹ ਵੀ ਦੱਸਿਆ ਜਾ ਰਿਹਾ ਹੈ ਕਿ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਲਈ ਸੰਯੁਕਤ ਰਾਸ਼ਟਰ ਮਹਾਸਭਾ ਵਿੱਚ ਬੋਲਣ 'ਤੇ ਵੀ ਚਰਚਾ ਚੱਲ ਰਹੀ ਹੈ।

  16. ਮਾਰੇ ਗਏ ਰੂਸੀ ਸੈਨਿਕਾਂ ਬਾਰੇ ਯੂਕਰੇਨੀ ਰਾਸ਼ਟਰਪਤੀ ਜ਼ੇਲੇਂਸਕੀ ਦਾ ਦਾਅਵਾ

    ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਆਪਣੇ ਤਾਜ਼ਾ ਸੰਬੋਧਨ ਵਿੱਚ ਦਾਅਵਾ ਕੀਤਾ ਹੈ ਕਿ ਯੂਕਰੇਨ ਵਿੱਚ ਰੂਸ ਦਾ ਨੁਕਸਾਨ ਸੀਰੀਆ, ਚੇਚਨੀਆ ਅਤੇ ਅਫਗਾਨਿਸਤਾਨ ਦੀਆਂ ਲੜਾਈਆਂ ਨਾਲੋਂ ਵੱਧ ਸੀ।

    ਰੂਸੀ ਭਾਸ਼ਾ ਵਿੱਚ ਰੂਸੀਆਂ ਨੂੰ ਸੰਬੋਧਿਤ ਕਰਦੇ ਹੋਏ ਜ਼ੇਲੇਂਸਕੀ ਨੇ ਕਿਹਾ, "ਰੂਸੀ ਫੌਜਾਂ ਨੂੰ ਯੂਕਰੇਨ ਵਿੱਚ ਅਜਿਹਾ ਨੁਕਸਾਨ ਝੱਲਣਾ ਪਿਆ, ਜੋ ਨਾ ਤਾਂ ਸੀਰੀਆ ਵਿੱਚ ਅਤੇ ਨਾ ਹੀ ਚੇਚਨੀਆ ਵਿੱਚ ਹੋਇਆ ਹੈ। ਨਾ ਹੀ ਸੋਵੀਅਤ ਫੌਜਾਂ ਨੂੰ ਅਫਗਾਨਿਸਤਾਨ ਵਿੱਚ ਅਜਿਹਾ ਨੁਕਸਾਨ ਹੋਇਆ ਹੈ।"

    ਜ਼ੇਲੇਂਸਕੀ ਨੇ ਇਹ ਅਨੁਮਾਨ ਕਿਵੇਂ ਲਗਾਇਆ, ਇਹ ਸ਼ਪਸ਼ਟ ਨਹੀਂ ਹੋ ਸਕਿਆ ਹੈ।

    ਯੂਐਸ ਇੰਟੈਲੀਜੈਂਸ ਦਾ ਅੰਦਾਜ਼ਾ ਹੈ ਕਿ ਯੂਕਰੇਨ ਹਮਲੇ ਦੌਰਾਨ 7,000 ਤੋਂ ਵੱਧ ਰੂਸੀ ਸੈਨਿਕਾਂ ਦੀ ਮੌਤ ਹੋ ਚੁੱਕੀ ਹੈ।

    ਵੱਖ-ਵੱਖ ਅਨੁਮਾਨਾਂ ਅਨੁਸਾਰ, ਅਫਗਾਨ ਯੁੱਧ (1979-89) ਵਿੱਚ ਲਗਭਗ 15,000 ਸੋਵੀਅਤ ਫੌਜੀਆਂ ਦੀ ਮੌਤ ਹੋਈ ਸੀ, ਚੇਚਨ ਯੁੱਧਾਂ ਵਿੱਚ ਘੱਟੋ-ਘੱਟ 13,000 ਰੂਸੀ ਫੌਜੀ ਮਾਰੇ ਗਏ ਸਨ ਅਤੇ ਸੀਰੀਆ ਵਿੱਚ ਸੈਂਕੜੇ ਰੂਸੀ ਸੈਨਿਕ ਮਾਰੇ ਗਏ ਸਨ।

  17. ਰੂਸ ਨੇ ਮਾਰੀਓਪੋਲ 'ਚ ਥੀਏਟਰ 'ਤੇ ਸੁੱਟਿਆ ਬੰਬ, ਨਾਗਰਿਕਾਂ ਨੇ ਇਮਾਰਤ 'ਚ ਲਈ ਹੋਈ ਸੀ ਸ਼ਰਨ

    ਸਥਾਨਕ ਅਧਿਕਾਰੀਆਂ ਮੁਤਾਬਕ, ਮਾਰੀਓਪੋਲ ਸ਼ਹਿਰ ਵਿੱਚ ਰੂਸੀ ਬਲਾਂ ਨੇ ਇੱਕ ਥੀਏਟਰ 'ਤੇ ਬੰਬ ਸੁੱਟਿਆ ਜਿੱਥੇ ਨਾਗਰਿਕਾਂ ਨੇ ਪਨਾਹ ਲਈ ਹੋਈ ਸੀ।

    ਡਿਪਟੀ ਮੇਅਰ ਸਰਗੇਈ ਓਰਲੋਵ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਇਮਾਰਤ ਵਿੱਚ 1,000 ਤੋਂ 1,200 ਲੋਕਾਂ ਨੇ ਸ਼ਰਨ ਲਈ ਸੀ। ਮਰਨ ਵਾਲਿਆਂ ਦੀ ਗਿਣਤੀ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।

    ਬੀਬੀਸੀ ਸੁਤੰਤਰ ਤੌਰ 'ਤੇ ਜਾਣਕਾਰੀ ਦੀ ਪੁਸ਼ਟੀ ਨਹੀਂ ਕਰ ਸਕਿਆ।

    ਮਾਰੀਉਪੋਲ ਦੀ ਸਿਟੀ ਕੌਂਸਲ ਨੇ ਇੱਕ ਬਿਆਨ ਵਿੱਚ ਕਿਹਾ ਕਿ ਰੂਸੀ ਬਲਾਂ ਨੇ ਥੀਏਟਰ ਨੂੰ "ਜਾਣ ਬੁੱਝ ਕੇ ਅਤੇ ਸਨਕੀ ਢੰਗ ਨਾਲ ਤਬਾਹ ਕੀਤਾ ਹੈ" ਅਤੇ ਕਿਹਾ ਕਿ "ਇੱਕ ਜਹਾਜ਼ ਨੇ ਇੱਕ ਇਮਾਰਤ 'ਤੇ ਬੰਬ ਸੁੱਟਿਆ ਜਿੱਥੇ ਸੈਂਕੜੇ ਸ਼ਾਂਤੀਪੂਰਨ ਮਾਰੀਓਪੋਲ ਨਿਵਾਸੀ ਲੁਕੇ ਹੋਏ ਸਨ"।

    ਬਿਆਨ ਵਿਚ ਕਿਹਾ ਗਿਆ ਹੈ ਕਿ ਹਮਲੇ ਦਾ ਪੈਮਾਨਾ ਅਜੇ ਵੀ ਸਪੱਸ਼ਟ ਨਹੀਂ ਹੈ ਕਿਉਂਕਿ ਸ਼ਹਿਰ ਵਿਚ ਗੋਲਾਬਾਰੀ ਜਾਰੀ ਹੈ।

    ਸਥਾਨਕ ਅਧਿਕਾਰੀਆਂ ਦਾ ਕਹਿਣਾ ਹੈ ਕਿ ਯੁੱਧ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮਾਰੀਓਪੋਲ ਵਿੱਚ ਘੱਟੋ-ਘੱਟ 2,400 ਲੋਕ ਮਾਰੇ ਜਾ ਚੁੱਕੇ ਹਨ, ਹਾਲਾਂਕਿ ਉਹ ਮੰਨਦੇ ਹਨ ਕਿ ਇਹ ਅੰਦਾਜ਼ਾ ਘੱਟ ਹੋਣ ਦੀ ਸੰਭਾਵਨਾ ਹੈ। ਬਹੁਤ ਸਾਰੇ ਮ੍ਰਿਤਕਾਂ ਨੂੰ ਸਮੂਹਿਕ ਕਬਰਾਂ ਵਿੱਚ ਦਫ਼ਨਾਇਆ ਜਾ ਰਿਹਾ ਹੈ।

    ਅਨੁਮਾਨ ਹੈ ਕਿ 300,000 ਲੋਕ ਸ਼ਹਿਰ 'ਚ ਫਸੇ ਹੋਏ ਹਨ, ਜਿੱਥੇ ਪਾਣੀ, ਬਿਜਲੀ ਅਤੇ ਗੈਸ ਦੀ ਸਪਲਾਈ ਵੀ ਨਹੀਂ ਹੈ।

  18. ਰੂਸ - ਯੂਕਰੇਨ ਜੰਗ: ਹੁਣ ਤੱਕ ਦੇ ਅਹਿਮ ਘਟਨਾਕ੍ਰਮ

    • ਸਥਾਨਕ ਅਧਿਕਾਰੀਆਂ ਮੁਤਾਬਕ, ਮਾਰੀਓਪੋਲ ਸ਼ਹਿਰ ਵਿੱਚ ਰੂਸੀ ਬਲਾਂ ਨੇ ਇੱਕ ਥੀਏਟਰ 'ਤੇ ਬੰਬ ਸੁੱਟਿਆ ਜਿੱਥੇ ਨਾਗਰਿਕਾਂ ਨੇ ਪਨਾਹ ਲਈ ਹੋਈ ਸੀ।
    • ਡਿਪਟੀ ਮੇਅਰ ਸਰਗੇਈ ਓਰਲੋਵ ਨੇ ਬੀਬੀਸੀ ਨੂੰ ਦੱਸਿਆ ਕਿ ਇਸ ਇਮਾਰਤ ਵਿੱਚ 1,000 ਤੋਂ 1,200 ਲੋਕਾਂ ਨੇ ਸ਼ਰਨ ਲਈ ਸੀ। ਮਰਨ ਵਾਲਿਆਂ ਦੀ ਗਿਣਤੀ ਬਾਰੇ ਅਜੇ ਪਤਾ ਨਹੀਂ ਲੱਗ ਸਕਿਆ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਦਾਅਵਾ ਕੀਤਾ ਕਿ ਯੂਕਰੇਨ ਵਿੱਚ ਰੂਸ ਦਾ ਨੁਕਸਾਨ ਸੀਰੀਆ, ਚੇਚਨੀਆ ਅਤੇ ਅਫਗਾਨਿਸਤਾਨ ਦੀਆਂ ਜੰਗਾਂ ਨਾਲੋਂ ਵੱਧ ਹੈ।
    • ਮੇਲੀਟੋਪੋਲ ਦੇ ਮੇਅਰ, ਜਿਨ੍ਹਾਂ ਬਾਰੇ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਰੂਸੀ ਬਲਾਂ ਨੇ ਅਗਵਾ ਕਰ ਲਿਆ ਹੈ, ਨੂੰ ਨੌਂ ਰੂਸੀ ਕੈਦੀਆਂ ਬਦਲੇ ਰਿਹਾ ਕੀਤਾ ਗਿਆ - ਯੂਕਰੇਨ
    • ਜ਼ੇਲੇਂਸਕੀ ਨੇ ਕਿਹਾ ਕਿ ਦੁਨੀਆ ਨੂੰ ਅਧਿਕਾਰਤ ਤੌਰ 'ਤੇ ਇਹ ਮੰਨਣਾ ਚਾਹੀਦਾ ਹੈ ਕਿ ਰੂਸ ਇੱਕ ਅੱਤਵਾਦੀ ਦੇਸ਼ ਬਣ ਗਿਆ ਹੈ।
    • ਰਿਪੋਰਟਾਂ ਅਨੁਸਾਰ, ਅਮਰੀਕਾ ਯੂਕਰੇਨ ਨੂੰ 'ਕਿਲਰ ਡਰੋਨ' ਸਪਲਾਈ ਕਰੇਗਾ।
    • ਅਮਰੀਕਾ ਦਾ ਕਹਿਣਾ ਹੈ ਕਿ ਉਸਨੇ ਰੂਸ ਨੂੰ "ਯੂਕਰੇਨ ਵਿੱਚ ਰਸਾਇਣਕ ਜਾਂ ਜੈਵਿਕ ਹਥਿਆਰਾਂ ਦੀ ਵਰਤੋਂ ਕਰਨ ਦੇ ਕਿਸੇ ਵੀ ਸੰਭਾਵੀ ਰੂਸੀ ਫੈਸਲੇ ਦੇ ਨਤੀਜਿਆਂ ਅਤੇ ਪ੍ਰਭਾਵਾਂ" ਬਾਰੇ ਚੇਤਾਵਨੀ ਦਿੱਤੀ ਹੈ।
    • ਬ੍ਰਿਟੇਨ ਦੇ ਰੱਖਿਆ ਮੰਤਰਾਲੇ ਨੇ ਰੂਸ ਦੀ ਫੌਜ 'ਤੇ ਆਪਣੀ ਤਾਜ਼ਾ ਅਪਡੇਟ ਜਾਰੀ ਕਰਦਿਆਂ ਕਿਹਾ ਕਿ ਰੂਸ ਨੂੰ ਸ਼ਾਇਦ ਪੁਰਾਣੇ ਹਥਿਆਰਾਂ ਦੀ ਵਰਤੋਂ ਕਰਨੀ ਪਈ ਹੈ, ਜਿਸ ਨਾਲ ਜਾਨੀ ਨੁਕਸਾਨ ਦੀ ਸੰਭਾਵਨਾ ਜ਼ਿਆਦਾ ਹੈ।
    • ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ਾਂਤੀ ਵਾਰਤਾ ਬਾਰੇ ਕਿਹਾ ਕਿ ਹੁਣ ਅਜਿਹਾ ਲੱਗ ਰਿਹਾ ਹੈ ਕਿ ਰੂਸ ਨਾਲ 'ਅਸਲ ਗੱਲਬਾਤ' ਹੋ ਰਹੀ ਹੈ।
    • ਅਮਰੀਕੀ ਸੀਨੇਟ ਨੇ ਪੁਤਿਨ ਨੂੰ ਜੰਗੀ ਅਪਰਾਧੀ ਕਰਾਰ ਦਿੱਤਾ।
  19. ਯੂਕਰੇਨ ਰੂਸ ਜੰਗ ਅਤੇ ਪੰਜਾਬ ਵਿਚ ਨਵੀਂ ਸਰਕਾਰ ਦੇ ਸੱਤਾ ਸੰਭਾਲਣ ਨਾਲ ਜੁੜੇ ਅਹਿਮ ਘਟਨਾਕ੍ਰਮਾਂ ਬਾਰੇ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਉੱਤੇ ਤੁਹਾਡਾ ਸਵਾਗਤ ਹੈ।ਇਸ ਵੇਲੇ ਬੀਬੀਸੀ ਪੱਤਰਕਾਰ ਦਲੀਪ ਸਿੰਘ ਅਤੇ ਅਨੂਰੀਤ ਸ਼ਰਮਾ ਤੁਹਾਡੇ ਨਾਲ ਜਾਣਕਾਰੀਆਂ ਸਾਂਝਾ ਕਰ ਰਹੇ ਹਾਂ। ਬੁੱਧਵਾਰ ਦੇਰ ਸ਼ਾਮ ਤੱਕ ਦੇ ਅਪਡੇਟ ਦੇਖਣ ਲਈ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇਹੋ।