You’re viewing a text-only version of this website that uses less data. View the main version of the website including all images and videos.

Take me to the main website

ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਅਹੁਦਾ ਸਾਂਭਿਆ

ਯੂਕਰੇਨ ਰੂਸ ਜੰਗ ਦੇ 21ਵੇਂ ਦਿਨ ਹਾਲ ਅਤੇ ਪੰਜਾਬ ਵਿਚ ਨਵੀਂ ਸਰਕਾਰ ਦੇ ਸਹੁੰ ਚੁੱਕ ਸਮਾਗਮ ਤੇ ਹੋਰ ਅਹਿਮ ਘਟਨਾਕ੍ਰਮਾਂ ਦੀਆਂ ਤਾਜ਼ਾ ਰਿਪੋਰਟਾਂ

ਲਾਈਵ ਕਵਰੇਜ

  1. ਭਗਵੰਤ ਮਾਨ ਦੀ ਸਹੁੰ ਅਤੇ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਸਮੇਤ ਇਹ ਰਿਹਾ ਅੱਜ ਖ਼ਾਸ

    ਪੰਜਾਬ ਦੇ ਮੁੱਖ ਮੰਤਰੀ ਵਜੋਂ ਭਗਵੰਤ ਮਾਨ ਨੇ ਅੱਜ ਅਹੁਦਾ ਸੰਭਾਲ ਲਿਆ ਹੈ। ਪੰਜਾਬ ਦੀ ਸਿਆਸੀ ਸਰਗਰਮੀਆਂ ਨਾਲ ਜੁੜੇ ਇਸ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਪੇਸ਼ ਹਨ ਅੱਜ ਦੇ ਖ਼ਾਸ ਘਟਨਾਕ੍ਰਮ:

    • ਭਗਵੰਤ ਮਾਨ ਨੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਅਹੁਦਾ ਸੰਭਾਲਿਆ।
    • ਡਾ ਇੰਦਰਬੀਰ ਸਿੰਘ ਨਿੱਝਰ ਨੇ ਪੰਜਾਬ ਵਿਧਾਨ ਸਭਾ ਦੇ ਪ੍ਰੋਟਮ ਸਪੀਕਰ ਵਜੋਂ ਸਹੁੰ ਚੁੱਕੀ।
    • ਵੀਰਵਾਰ ਨੂੰ ਸਭਾ ਇਜਲਾਸ ਦੌਰਾਨ ਪੰਜਾਬ ਦੇ ਨਵੇਂ ਚੁਣੇ ਗਏ ਵਿਧਾਇਕ ਸਹੁੰ ਚੁੱਕਣਗੇ।
    • ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ।
    • ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਪੰਜਾਬ ਦੇ ਕਾਂਗਰਸੀ ਸੰਸਦ ਮੈਂਬਰਾਂ ਨਾਲ ਬੈਠਕ ਕੀਤੀ ਗਈ ਹੈ।
    • ਗੁਲਾਮ ਨਬੀ ਅਜ਼ਾਦ ਦੇ ਘਰ ਸੀਨੀਅਰ ਕਾਂਗਰਸੀ ਆਗੂਆਂ ਦੀ ਮੀਟਿੰਗ ਹੋਈ ਜਿਸ ਵਿੱਚ ਪਰਨੀਤ ਕੌਰ ਵੀ ਸ਼ਾਮਿਲ ਹੋਏ।
    • ਕਾਂਗਰਸ ਪ੍ਰਧਾਨ ਵੱਲੋਂ ਪੰਜ ਸੂਬਿਆਂ ਵਿੱਚ ਕਾਂਗਰਸ ਦੀ ਕਾਰਗੁਜ਼ਾਰੀ ਦੇ ਮੰਥਨ ਅਤੇ ਪੁਨਰਗਠਨ ਸਬੰਧੀ ਪੰਜ ਆਗੂਆਂ ਦੀ ਜ਼ਿੰਮੇਵਾਰੀ ਲਗਾਈ ਹੈ। ਪੰਜਾਬ ਲਈ ਅਜੇ ਮਾਕਨ ਦੀ ਚੋਣ ਹੋਈ ਹੈ।
    • ਸ਼੍ਰੋਮਣੀ ਅਕਾਲੀ ਦਲ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਬਰਖਾਸਤ ਕੀਤਾ ਗਿਆ ਹੈ।
    • ਹਰਮੀਤ ਸਿੰਘ ਕਾਲਕਾ ਵੱਲੋਂ ਵੀਰਵਾਰ ਸਵੇਰੇ ਅਕਾਲੀ ਦਲ ਤੋਂ ਅਲੱਗ ਹੋ ਕੇ ਇੱਕ ਧਾਰਮਿਕ ਪਾਰਟੀ ਦੇ ਗਠਨ ਕਰਨ ਦੀ ਗੱਲ ਆਖੀ ਗਈ ਸੀ।
  2. ਪਰਨੀਤ ਕੌਰ ਸਣੇ ਸੀਨੀਅਰ ਕਾਂਗਰਸੀਆਂ ਨੇ ਕੀਤੀ ਮੀਟਿੰਗ

    ਕਪਿਲ ਸਿੱਬਲ ਵੱਲੋਂ ਸੋਨੀਆ – ਰਾਹੁਲ ਉੱਤੇ ਹਮਲੇ ਤੋਂ ਬਾਅਦ ਕਾਂਗਰਸ ਵਿੱਚ ਅਸੰਤੁਸ਼ਟ ਗਰੁੱਪ ਦੀਆਂ ਗਤੀਵਿਧੀਆਂ ਤੇਜ਼ ਹੋ ਗਈਆਂ ਹਨ।

    ਜੀ-23 ਕਹੇ ਜਾਣ ਵਾਲੇ ਗਰੁੱਪ ਦੇ ਨੇਤਾ ਪਾਰਟੀ ਵਿੱਚ ਅਗਵਾਈ ਦੇ ਸਵਾਲ ਨੂੰ ਲੈ ਕੇ ਮੀਟਿੰਗ ਕਰ ਰਹੇ ਹਨ।

    ਜੀ-23 ਕਾਂਗਰਸ ਦੇ ਉਨ੍ਹਾਂ ਆਗੂਆਂ ਦੇ ਗਰੁੱਪ ਨੂੰ ਕਿਹਾ ਜਾਂਦਾ ਹੈ ਜੋ ਪਾਰਟੀ ਦੀ ਲੀਡਰਸ਼ਿਪ ਤੋਂ ਖੁਸ਼ ਨਹੀਂ ਹਨ।

    ਬੁੱਧਵਾਰ ਨੂੰ ਮੀਟਿੰਗ ਲਈ ਕਪਿਤ ਸਿੱਬਲ, ਭੁਪਿੰਦਰ ਹੁੱਡਾ, ਮਨੀਸ਼ ਤਿਵਾੜੀ ਸਣੇ ਕਈ ਹੋਰ ਆਗੂ ਗੁਲਾਮ ਨਬੀ ਅਜ਼ਾਦ ਦੇ ਦਿੱਲੀ ਸਥਿਤ ਘਰ ਵਿੱਚ ਪਹੁੰਚੇ।

    ਇਨ੍ਹਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਰਾਜ ਸਭਾ ਆਗੂ ਪਰਨੀਤ ਕੌਰ ਵੀ ਸ਼ਾਮਿਲ ਸਨ।

    ਮੰਗਲਵਾਰ ਨੂੰ ‘ਇੰਡੀਅਨ ਐੱਕਸਪ੍ਰੈੱਸ’ ਵਿੱਚ ਛਪੇ ਇੱਕ ਇੰਟਰਵਿਊ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਕਪਿਲ ਸਿੱਬਲ ਨੇ ਕਿਹਾ ਸੀ ਕਿ ਗਾਂਧੀ ਪਰਿਵਾਰ ਨੂੰ ਕਾਂਗਰਸ ਦੀ ਅਗਵਾਈ ਛੱਡ ਦੇਣੀ ਚਾਹੀਦੀ ਹੈ ਤੇ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ।

  3. ਹਰਮੀਤ ਸਿੰਘ ਕਾਲਕਾ ਸ਼੍ਰੋਮਣੀ ਅਕਾਲੀ ਦਲ ਤੋਂ ਬਰਖ਼ਾਸਤ,ਪਾਰਟੀ ਦੀ ਦਿੱਲੀ ਇਕਾਈ ਭੰਗ

    ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਤੋਂ ਅਕਾਲੀ ਦਲ ਨੁੰ ਨਿਖੇੜਨ ਦੇ ਫੈਸਲੇ ਨੁੰ ਡੂੰਘੀ ਸਾਜ਼ਿਸ਼ ਕਰਾਰ ਦਿੱਤਾ।

    ਅਕਾਲੀ ਦਲ ਨੇ ਹਰਮੀਤ ਸਿੰਘ ਕਾਲਕਾ ਨੁੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰਨ ਅਤੇ ਪਾਰਟੀ ਦੀ ਦਿੱਲੀ ਇਕਾਈ ਭੰਗ ਕਰਨ ਦਾ ਐਲਾਨ ਕੀਤਾ।

    ਹਰਮੀਤ ਸਿੰਘ ਕਾਲਕਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਤੋਂ ਅਲੱਗ ਹੋ ਕੇ ਇਕ ਧਾਰਮਿਕ ਪਾਰਟੀ ਦਾ ਗਠਨ ਕਰਨ ਦੀ ਗੱਲ ਆਖੀ ਗਈ ਸੀ।

    ਉਨ੍ਹਾਂ ਮੁਤਾਬਕ ਇਸ ਪਾਰਟੀ ਦਾ ਮਕਸਦ ਦਿੱਲੀ ਵਿੱਚ ਸਿੱਖਾਂ ਦੇ ਧਾਰਮਿਕ ਮੁੱਦਿਆਂ ਅਤੇ ਹਿੱਤਾਂ ਦੀ ਰੱਖਿਆ ਕਰਨਾ ਹੋਵੇਗਾ ਤੇ ਉਹ ਜਥੇਬੰਦੀ ਨਿਰੋਲ ਧਾਰਮਿਕ ਹੋਵੇਗੀ।

    ਅਕਾਲੀ ਦਲ ਨੇ ਹਰਮੀਤ ਸਿੰਘ ਕਾਲਕਾ ਨੁੰ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰਨ ਅਤੇ ਪਾਰਟੀ ਦੀ ਦਿੱਲੀ ਇਕਾਈ ਭੰਗ ਕਰਨ ਦਾ ਐਲਾਨ ਕੀਤਾ।

    ਅਵਤਾਰ ਸਿੰਘ ਹਿੱਤ ਦੀ ਅਗਵਾਈ ਹੇਠ ਪੰਜ ਮੈਂਬਰੀ ਕਮੇਟੀ ਦਾ ਗਠਨ ਕਰਨ ਦਾ ਐਲਾਨ ਵੀ ਕੀਤਾ ਗਿਆ ਜਿਸ ਵਿੱਚ ਹਰਿੰਦਰ ਸਿੰਘ ਕੇ ਪੀ, ਭੁਪਿੰਦਰ ਸਿੰਘ ਆਨੰਦ, ਗੁਰਦੇਵ ਸਿੰਘ ਭੋਲਾ ਅਤੇ ਰਵਿੰਦਰ ਸਿੰਘ ਖੁਰਾਣਾ ਆਦਿ ਸ਼ਾਮਲ ਹਨ।

  4. ਪੰਜਾਬ ਦੇ ਨਵੇਂ ਮੁੱਖ ਮੰਤਰੀ ਦੀ ਨਿੱਜੀ ਜ਼ਿੰਦਗੀ ਦੀਆਂ ਕੁਝ ਰੋਚਕ ਗੱਲਾਂ

    ਭਗਵੰਤ ਮਾਨ ਨੂੰ ਬਤੌਰ ਕਾਮੇਡੀਅਨ ਅਤੇ ਸਿਆਸਤਦਾਨ ਕਾਫ਼ੀ ਲੋਕ ਜਾਣਦੇ ਹਨ। ਉਹ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਦੂਜੀ ਵਾਰ ਸੰਸਦ ਮੈਂਬਰ ਸਨ।

    2022 ਦੀਆਂ ਆਮ ਵਿਧਾਨ ਸਭਾ ਚੋਣਾਂ ਦੌਰਾਨ ਉਹ ਧੂਰੀ ਹਲਕੇ ਤੋਂ ਵਿਧਾਇਕ ਬਣੇ ਹਨ।

    ਕਾਮੇਡੀਅਨ ਤੋਂ ਸਿਆਸਤਦਾਨ ਬਣੇ ਭਗਵੰਤ ਮਾਨ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਵੀ ਹਨ।

    ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪੰਜਾਬ ਵਿੱਚ ਉਹੀ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੀ ਸ਼ਕਤੀ ਅਤੇ ਕਮਜ਼ੋਰੀ ਵਜੋਂ ਦੇਖੇ ਜਾਣ ਵਾਲੇ ਆਗੂ ਹਨ।

    ਭਗਵੰਤ ਮਾਨ ਦੀ ਕਲਾ, ਸਿਆਸਤ ਅਤੇ ਨਿੱਜੀ ਜ਼ਿੰਦਗੀ ਬਾਰੇ ਇੱਥੇ ਸੰਖ਼ੇਪ ਝਾਤ ਪਾਈ ਗਈ ਹੈ।

    ਪੂਰੀ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

  5. ਡਾ. ਇੰਦਰਬੀਰ ਸਿੰਘ ਨਿੱਝਰ ਬਣੇ ਪੰਜਾਬ ਵਿਧਾਨ ਸਭਾ ਦੇ ਪ੍ਰੋਟਮ ਸਪੀਕਰ

    ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਬੁੱਧਵਾਰ ਸ਼ਾਮੀਂ ਡਾ ਇੰਦਰਬੀਰ ਸਿੰਘ ਨਿੱਝਰ ਨੂੰ ਪ੍ਰੋਟਮ ਸਪੀਕਰ ਵਜੋਂ ਸਹੁੰ ਚੁਕਾਈ।

    ਡਾਕਟਰ ਅੰਮ੍ਰਿਤਸਰ ਦੱਖਣੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਨ।

    ਬੁੱਧਵਾਰ ਦੁਪਹਿਰੇ ਭਗਵੰਤ ਮਾਨ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਆਪਣਾ ਅਹੁਦਾ ਸੰਭਾਲਿਆ।

  6. ਭਗਵੰਤ ਮਾਨ ਨੇ ਸੰਭਾਲਿਆ ਪੰਜਾਬ ਦੇ ਮੁੱਖ ਮੰਤਰੀ ਦਾ ਅਹੁਦਾ

    ਬੁੱਧਵਾਰ ਨੂੰ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਭਗਵੰਤ ਮਾਨ ਨੇ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਵਜੋਂ ਅਹੁਦਾ ਸਾਂਭ ਲਿਆ ਹੈ।

    ਉਨ੍ਹਾਂ ਦੇ ਅਹੁਦਾ ਸੰਭਾਲਣ ਮੌਕੇ ਸੀਨੀਅਰ ਆਈਏਐਸ ਅਧਿਕਾਰੀ ਵੇਨੂੰ ਪ੍ਰਸਾਦ ਵੀ ਮੌਜੂਦ ਸਨ।

    ਇਸ ਤੋਂ ਪਹਿਲਾਂ ਉਨ੍ਹਾਂ ਨੂੰ 'ਗਾਰਡ ਆਫ ਆਨਰ' ਵੀ ਦਿੱਤਾ ਗਿਆ।

  7. ਪੰਜਾਬ ਦੀ ਭਲਾਈ ਲਈ ਮਿਲਜੁਲ ਕੇ ਕੰਮ ਕਰਾਂਗੇ-ਨਰਿੰਦਰ ਮੋਦੀ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਸਹੁੰ ਚੁੱਕਣ 'ਤੇ ਵਧਾਈ ਦਿੱਤੀ ਹੈ।

    ਪ੍ਰਧਾਨ ਮੰਤਰੀ ਨੇ ਟਵੀਟ ਕਰਦੇ ਹੋਏ ਆਖਿਆ ਹੈ ਕਿ ਭਗਵੰਤ ਮਾਨ ਅਤੇ ਪ੍ਰਧਾਨ ਮੰਤਰੀ ਵਿਕਾਸ ਅਤੇ ਲੋਕਾਂ ਦੀ ਭਲਾਈ ਲਈ ਇਕੱਠੇ ਮਿਲਜੁਲ ਕੇ ਕੰਮ ਕਰਨਗੇ।

  8. ਭਗਵੰਤ ਮਾਨ ਸਹੁੰ ਚੁੱਕ ਸਮਾਗਮ-ਵੇਖੋ ਤਸਵੀਰਾਂ

    ਪੰਜਾਬ ਦੇ ਮੁੱਖ ਵਜੋਂ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਲਈ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ ਲੋਕ ਪਹੁੰਚੇ। ਵੇਖੋ ਤਸਵੀਰਾਂ ਵਿੱਚ ਲੋਕਾਂ ਦਾ ਉਤਸ਼ਾਹ।

  9. ਭਗਵੰਤ ਮਾਨ ਦੇ ਪਹਿਲੇ ਭਾਸ਼ਣ ਦੇ ਮੁੱਖ ਨੁਕਤੇ

    • ਜਿਨ੍ਹਾਂ ਨੇ ਸਾਨੂੰ ਮੁਲਕ ਲੈ ਕੇ ਦਿੱਤਾ ਹੈ। ਉਨ੍ਹਾਂ ਨੂੰ ਯਾਦ ਤਾਂ ਕਰੀਏ। ਸਾਡੇ ਦਿਲ ਵਿੱਚ ਵਸਦੇ ਨੇ ਭਗਤ ਸਿੰਘ ਹੁਰੀਂ ਤਾਂ।
    • ਭਗਤ ਸਿੰਘ ਹੁਰਾਂ ਨੇ ਜਿਹੜੀ ਅਜ਼ਾਦੀ ਦੇ ਸੁਪਨੇ ਲਏ ਸਨ। ਉਹ ਅਜ਼ਾਦੀ ਆਮ ਘਰਾਂ ਤੱਕ ਪਹੁੰਚਾਉਣ ਦੀ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਹੈ।
    • ਤੁਹਾਡੇ ਇਸ ਪਿਆਰ ਦਾ ਕਰਜ਼ਾ ਉਤਾਰਨ ਲਈ ਕਈ ਜਨਮ ਲੈਣੇ ਪੈਣਗੇ।
    • ਹੰਕਾਰ ਨਹੀਂ ਕਰਨਾ। ਕਿਸੇ ਦੇ ਘਰ ਮੂਹਰੇ ਜਾ ਕੇ ਲਲਕਾਰਾ ਨਹੀਂ ਮਾਰਨਾ। ਜਿਨ੍ਹਾਂ ਨੇ ਸਾਨੂੰ ਵੋਟਾਂ ਨਹੀਂ ਪਾਈਆਂ ਇਹ ਉਨ੍ਹਾਂ ਦੀ ਵੀ ਸਰਕਾਰ ਹਾਂ।
    • ਭਗਤ ਸਿੰਘ ਹੁਰਾਂ ਨੂੰ ਇਹ ਫ਼ਿਕਰ ਨਹੀਂ ਸੀ ਕਿ ਦੇਸ ਅਜ਼ਾਦ ਕਿਵੇਂ ਹੋਵੇਗਾ। ਸਗੋਂ ਉਨ੍ਹਾਂ ਨੂੰ ਫਿਕਰ ਸੀ ਕਿ ਅਜ਼ਾਦੀ ਤੋਂ ਬਾਅਦ ਦੇਸ ਕਿਹੜੇ ਹੱਥਾਂ ਵਿੱਚ ਜਾਵੇਗਾ।
    • ਅਸੀਂ ਤਾਂ ਵੀਜ਼ੇ ਲਗਵਾ-ਲਗਵਾ ਕੇ ਉਨ੍ਹਾਂ ਕੋਲ ਹੀ ਜਾਈ ਜਾ ਰਹੇ ਹਾਂ ਜਿਨ੍ਹਾਂ ਨੂੰ ਕੱਢਣ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਯੋਧਿਆਂ ਨੇ ਫ਼ਾਸੀ ਦੇ ਰੱਸੇ ਚੁੰਮੇ।
    • ਤੁਹਾਡੇ ਨਾਲ ਦੇ ਹਾਂ। ਤੁਹਾਡੇ ਵਰਗੇ ਹਾਂ। ਅਈਂ ਰਹਾਂਗੇ।
    • ਉਲਝੀ ਤਾਣੀ ਦਾ ਸਿਰਾ ਲੱਭ ਕੇ ਸੁਲਝਾਵਾਂਗੇ।
    • ਉਨ੍ਹਾਂ ਨੇ ਇਸ ਮੌਕੇ ਭਗਤ ਸਿੰਘ ਦਾ ਸ਼ੇਅਰ ਵੀ ਸੁਣਾਇਆ- ''ਇਸ਼ਕ ਕਰਨਾ ਸਭ ਕਾ ਪੈਦਾਇਸ਼ੀ ਹੱਕ ਹੈ। ਕਿਉਂ ਨਾ ਇਸ ਵਾਰ ਵਤਨ ਕੀ ਸਰ ਜ਼ਮੀਨ ਕੋ ਮਹਿਬੂਬ ਬਣਾ ਲੀਆ ਜਾਏ।''
    • ਗੁਰੂ ਨਾਨਕ ਵੱਲੋਂ ਦਿੱਤਾ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਾ ਦਰਜਾ ਬਰਕਰਾਰ ਰੱਖਣਾ ਹੈ।
  10. ਭਗਵੰਤ ਮਾਨ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

    ਭਗਵੰਤ ਮਾਨ ਨੇ ਆਪਣੀ ਸਹੁੰ ਪੰਜਾਬੀ ਵਿੱਚ ਚੁੱਕੀ। ਉਸ ਤੋਂ ਬਾਅਦ ਉਨ੍ਹਾਂ ਨੇ ਇਨਕਲਾਬ ਜ਼ਿੰਦਾਬਾਦ ਨਾ ਨਾਅਰਾ ਲਗਾਇਆ।

    ਫਿਰ ਦਰਸ਼ਕਾਂ ਵੱਲੋਂ ਵੀ ਬੋਲੇ ਸੋ ਨਿਹਾਨ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ

  11. ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲਾ ਭਾਸ਼ਣ -Live

  12. ਭਗਵੰਤ ਮਾਨ ਸਮਾਗਮ ਵਾਲੀ ਥਾਂ ਪਹੁੰਚੇ

    ਭਗਵੰਤ ਮਾਨ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਪਹੁੰਚ ਚੁੱਕੇ ਹਨ।

    ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਵੀ ਪਹੁੰਚੀ ਹੈ।

    ਦੱਸ ਦੇਈਏ ਕਿ ਤਿੰਨ ਸਟੇਜਾ ਲਗਾਈਆਂ ਗਈਆਂ ਹਨ। ਪਹਿਲੀ ਸਟੇਜ ਉੱਪਰ ਆਮ ਆਦਮੀ ਦੇ ਸਾਰੇ 91 ਵਿਧਾਇਕ ਬੈਠੇ ਹੋਏ ਹਨ। ਇਨ੍ਹਾਂ 91 ਵਿੱਚ 80 ਤੋਂ ਜ਼ਿਆਦਾ ਵਿਧਾਇਕ ਪਹਿਲੀ ਵਾਰ ਚੁਣੇ ਗਏ ਹਨ।

    ਕੇਂਦਰੀ ਸਟੇਜ ਉੱਪਰ ਭਗਵੰਤ ਮਾਨ ਹਨ। ਇਸੇ ਸਟੇਜ ਉੱਪਰ ਪੰਜਾਬ ਦੇ ਰਾਜਪਾਲ ਉਨ੍ਹਾਂ ਨੂੰ ਸਹੁੰ ਚੁਕਾਉਣਗੇ।

    ਜਦਕਿ ਤੀਜੇ ਸਟੇਜ ਵਿੱਚ ਆਮ ਆਦਮੀ ਪਾਰਟੀ ਦੀ ਦਿੱਲੀ ਲੀਡਰਸ਼ਿਪ ਨੂੰ ਥਾਂ ਦਿੱਤੀ ਗਈ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਨਾਲ ਹੋਰ ਆਗੂ ਵੀ ਇਸੇ ਸਟੇਜ ਉੱਪਰ ਬੈਠੇ ਹਨ।

    ਇਨ੍ਹਾਂ ਸਟੇਜਾਂ ਦੇ ਸਾਹਮਣੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਤੋਂ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗ ਵਿੱਚ ਸ਼ਾਮਲ ਹੋਣ ਪਹੁੰਚੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਹਨ।

  13. ਭਗਵੰਤ ਮਾਨ ਦਾ ਸਹੁੰ ਚੁੱਕ ਸਮਾਗਮ - Live

  14. ਤਾਮਿਲਨਾਡੂ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਨੂੰ ਦਿੱਤੀ ਵਧਾਈ

    ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਭਗਵੰਤ ਮਾਨ ਨੂੰ ਅੱਜ ਦੇ ਸਹੁੰ ਚੁੱਕ ਸਮਾਗਮ ਲਈ ਵਧਾਈ ਦਿੱਤੀ ਹੈ।

    ਇੱਕ ਟਵੀਟ ਕਰਦਿਆਂ ਉਨ੍ਹਾਂ ਲਿਖਿਆ, ''ਭਗਵੰਤ ਮਾਨ, ਜੋ ਅੱਜ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ, ਉਨ੍ਹਾਂ ਨੂੰ ਮੇਰੀਆਂ ਸ਼ੁਭਕਾਮਨਾਵਾਂ।''

    ਸਟਾਲਿਨ ਨੇ ਅੱਗੇ ਲਿਖਿਆ, ''ਤਾਮਿਲਨਾਡੂ ਅਤੇ ਪੰਜਾਬ ਭਾਰਤੀ ਸੰਘ ਵਿੱਚ ਸੂਬੇ ਦੇ ਭਾਸ਼ਾਈ ਅਧਿਕਾਰਾਂ ਅਤੇ ਹੱਕਾਂ ਬਾਰੇ ਬੋਲਣ ਦਾ ਇੱਕ ਲੰਮਾ ਇਤਿਹਾਸ ਸਾਂਝਾ ਕਰਦੇ ਹਨ। ਪੰਜਾਬ ਦੀ ਨਵੀਂ ਸਰਕਾਰ ਦੇ ਸਫਲ ਕਾਰਜਕਾਲ ਦੀ ਕਾਮਨਾ ਕਰਦੇ ਹਾਂ।''

  15. ਭਗਵੰਤ ਮਾਨ ਦੀ ਧੀ ਤੇ ਪੁੱਤਰ ਵੀ ਖਟਕੜ ਕਲਾਂ ਪੁੱਜੇ

  16. ਪੰਜਾਬ ਚੋਣ ਨਤੀਜੇ: ਭਗਵੰਤ ਮਾਨ ਦੇ ਸਾਹਮਣੇ ਮੁੱਖ ਮੰਤਰੀ ਬਣਦਿਆਂ ਹੀ ਇਹ 5 ਚੁਣੌਤੀਆਂ ਹੋਣਗੀਆਂ

    ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਹੂੰਝਾਫੇਰ ਜਿੱਤ ਹਾਸਲ ਕੀਤੀ ਹੈ। ਪਾਰਟੀ ਨੇ ਸੂਬੇ ਦੀਆਂ ਕੁੱਲ 117 ਵਿਧਾਨ ਸਭਾ ਸੀਟਾਂ ਵਿੱਚੋਂ 92 ਸੀਟਾਂ ਉੱਤੇ ਜਿੱਤ ਹਾਸਲ ਕੀਤੀ ਹੈ।

    ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿੰਨਾ ਵੱਡਾ ਫ਼ਤਵਾ ਦਿੱਤਾ ਹੈ, ਉਸ ਤੋਂ ਸਾਫ਼ ਹੈ ਕਿ ਲੋਕਾਂ ਦੀਆਂ ਆਸਾਂ ਤੇ ਉਮੀਦਾਂ ਕਿੰਨੀਆਂ ਵੱਡੀਆਂ ਹਨ।

    ਅੱਜ ਭਗਵੰਤ ਮਾਨ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ।

    ਫਿਲਹਾਲ ਦੇਖਦੇ ਹਾਂ ਕਿ ਪੰਜਾਬ ਦੇ ਨਵੇਂ ਮੁੱਖ ਮੰਤਰੀ ਬਣਨ ਜਾ ਰਹੇ ਭਗਵੰਤ ਮਾਨ ਅੱਗੇ ਮੁੱਖ ਮੰਤਰੀ ਬਣਦਿਆਂ ਸਾਰ ਕਿਹੜੀਆਂ 5 ਮੁੱਖ ਚੁਣੌਤੀਆਂ ਹਨ। ਪੜ੍ਹੋ ਇਹ ਖਾਸ ਰਿਪੋਰਟ

  17. ਇਹ ਸਿਰਫ਼ ਇੱਕ ਸ਼ੁਰੂਆਤ ਹੈ - ਗੁਰਦਾਸ ਮਾਨ

    ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਵੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਿਲ ਹੋਏ ਹਨ।

    ਖ਼ਬਰ ਏਜੰਸੀ ਐਐੱਨਆਈ ਨਾਲ ਗੱਲਬਾਤ ਵਿਚ ਉਨ੍ਹਾਂ ਕਿਹਾ ਕਿ ਇਹ ('ਆਪ' ਦੁਆਰਾ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ 92 ਸੀਟਾਂ ਜਿੱਤਣਾ) ਸਿਰਫ਼ ਇੱਕ ਸ਼ੁਰੂਆਤ ਹੈ। ਉਨ੍ਹਾਂ (ਆਪ) ਦੀ ਵਿਚਾਰਧਾਰਾ ਖਾਸ ਹੈ।

    ਗੁਰਦਾਸ ਮਾਨ ਨੇ ਕਿਹਾ ਕਿ ਉਹ ਅਰਦਾਸ ਕਰਦੇ ਹਨ ਕਿ ਪਰਮਾਤਮਾ ਉਨ੍ਹਾਂ (ਆਪ) ਨੂੰ ਖੁਸ਼ਹਾਲ ਪੰਜਾਬ ਬਣਾਉਣ ਦੀ ਹਿੰਮਤ ਬਖ਼ਸ਼ੇ।

  18. ਅਖਿਲੇਸ਼ ਯਾਦਵ ਨੇ ਭਗਵੰਤ ਮਾਨ ਨੂੰ ਦਿੱਤੀ ਵਧਾਈ

    ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਭਗਵੰਤ ਮਾਨ ਨੂੰ ਅੱਜ ਮੁੱਖ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਗਮ ਲਈ ਟਵੀਟ ਕਰਕੇ ਵਧਾਈ ਦਿੱਤੀ ਹੈ।

    ਉਨ੍ਹਾਂ ਲਿਖਿਆ, ''ਪੰਜਾਬ ਦੇ ਨਵੇਂ ਚੁਣੇ ਗਏ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਜੀ ਨੂੰ ਸਹੁੰ ਚੁੱਕ ਸਮਾਗਮ ਲਈ ਬੇਅੰਤ ਵਧਾਈਆਂ ਅਤੇ ਸ਼ੁਭਕਾਮਨਾਵਾਂ!''

    ਅਖਿਲੇਸ਼ ਨੇ ਕਿਹਾ, ''ਆਸ ਹੈ ਕਿ ਉਨ੍ਹਾਂ ਦੀ ਯੋਗ ਅਗਵਾਈ ਵਿੱਚ ਪੰਜਾਬ ਵਿੱਚ ਤਰੱਕੀ, ਭਾਈਚਾਰਕ ਸਾਂਝ ਅਤੇ ਨਵੇਂ ਨਜ਼ਰੀਏ ਦੀਆਂ ਫ਼ਸਲਾਂ ਲਹਿਰਾਉਣਗੀਆਂ।

  19. 'ਅੱਜ ਸਾਰਾ ਪੰਜਾਬ ਇਕੱਠਾ ਹੋ ਕੇ ਇੱਕ ਖੁਸ਼ਹਾਲ ਪੰਜਾਬ ਬਣਾਉਣ ਦਾ ਸਹੁੰ ਚੁੱਕੇਗਾ' - ਕੇਜਰੀਵਾਲ

    ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਅੱਜ ਭਗਵੰਤ ਮਾਨ ਦੇ ਮੁੱਖ ਮੰਤਰੀ ਅਹੁਦੇ ਦੇ ਸਹੁੰ ਚੁੱਕ ਸਮਾਗਮ 'ਚ ਸ਼ਾਮਲ ਹੋਣ ਲਈ ਪੰਜਾਬ ਪਹੁੰਚ ਰਹੇ ਹਨ।

    ਇੱਕ ਟਵੀਟ ਕਰਕੇ ਉਨ੍ਹਾਂ ਲਿਖਾਈ, ''ਅੱਜ ਪੰਜਾਬ ਲਈ ਬਹੁਤ ਵੱਡਾ ਦਿਨ ਹੈ। ਨਵੀਂ ਉਮੀਦ ਦੀ ਇਸ ਸੁਨਹਿਰੀ ਸਵੇਰ ਵਿੱਚ ਅੱਜ ਸਾਰਾ ਪੰਜਾਬ ਇਕੱਠਾ ਹੋ ਕੇ ਇੱਕ ਖੁਸ਼ਹਾਲ ਪੰਜਾਬ ਬਣਾਉਣ ਦਾ ਸਹੁੰ ਚੁੱਕੇਗਾ।''

    ''ਮੈਂ ਉਸ ਇਤਿਹਾਸਕ ਪਲ ਦਾ ਗਵਾਹ ਬਣਨ ਲਈ ਮੈਂ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਲਈ ਰਵਾਨਾ ਹੋ ਗਿਆ ਹਾਂ।''

  20. ਭਗਵੰਤ ਮਾਨ ਦੇ ਬੇਟਾ-ਬੇਟੀ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਹੋਣ ਅਮਰੀਕਾ ਤੋਂ ਆਏ

    ਇੰਡੀਅਨ ਐਕਸਪ੍ਰੈੱਸ ਦੀ ਖ਼ਬਰ ਮੁਤਾਬਕ ਮਾਨ ਅਤੇ ਉਨ੍ਹਾਂ ਦੀ ਪਤਨੀ ਇੰਦਰਪ੍ਰੀਤ ਕੌਰ ਦਾ ਸਾਲ 2015 ਵਿੱਚ ਤਲਾਕ ਹੋ ਗਿਆ ਸੀ। ਫਿਰ ਇੰਦਰਪ੍ਰੀਤ ਕੌਰ ਆਪਣੇ ਦੋਵਾਂ ਬੱਚਿਆਂ ਦਿਲਸ਼ਾਨ ਮਾਨ ਤੇ ਸੀਰਤ ਕੌਰ ਮਾਨ ਨਾਲ ਅਮਰੀਕਾ ਜਾ ਕੇ ਵਸ ਗਏ।

    ਜਦਕਿ ਮਾਨ ਨੇ ਪੰਜਾਬ ਵਿੱਚ ਆਪਣਾ ਸਿਆਸੀ ਸੰਘਰਸ਼ ਜਾਰੀ ਰੱਖਿਆ ਅਤੇ ਅੱਜ ਉਹ ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਰਹੇ ਹਨ।

    ਇੰਦਰਪ੍ਰੀਤ ਨੇ ਭਗਵੰਤ ਮਾਨ ਲਈ ਉਨ੍ਹਾਂ ਦੀਆਂ 2014 ਦੀਆਂ ਪਹਿਲੀਆਂ ਲੋਕ ਸਭਾ ਚੋਣਾਂ ਦੌਰਾਨ ਮੋਢੇ ਨਾਲ ਮੋਢਾ ਜੋੜ ਕੇ ਪ੍ਰਚਾਰ ਕੀਤਾ।

    ਹਾਲਾਂਕਿ ਸਾਲ 2015 ਵਿੱਚ ਦੋਵਾਂ ਨੇ ਤਲਾਕ ਲਈ ਅਰਜੀ ਦੇ ਦਿੱਤੀ।

    ਅਦਾਲਤ ਦੇ ਫ਼ੈਸਲੇ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ,''ਇੱਕ ਲੰਬੇ ਸਮੇਂ ਤੋਂ ਲਟਕਦਾ ਸਮਲਾ ਹੱਲ ਹੋ ਗਿਆ ਹੈ, ਅਦਾਲਤ ਨੇ ਫ਼ੈਸਲਾ ਕਰ ਦਿੱਤਾ ਹੈ। ਇੱਕ ਪਾਸੇ ਸੀ ਪਰਿਵਾਰ ਦੂਜੇ ਪਾਸੇ ਸੀ ਪਰਿਵਾਰ ਮੈਂ ਤਾਂ ਯਾਰੋ ਪੰਜਾਬ ਦੇ ਵੱਲ ਹੋ ਗਿਆ।''

    ਮਾਨ ਦੀ ਪਤਨੀ ਨੇ ਅਮਰੀਕਾ ਤੋਂ ਅਖ਼ਬਾਰ ਨੂੰ ਦੱਸਿਆ, ਭਗਵੰਤ ਮਾਨ ਹਮੇਸ਼ਾ ਉਨ੍ਹਾਂ ਦੀਆਂ ਅਰਦਾਸਾਂ ਵਿੱਚ ਰਹੇ ਹਨ ਅਤੇ ਰਹਿਣਗੇ।''