You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ-ਰੂਸ ਜੰਗ : ਪੁਤਿਨ ਦੀ ਸੰਸਾਰ ਨੂੰ ਚੇਤਾਵਨੀ, ਜੇਕਰ ਅਜਿਹਾ ਕੀਤਾ ਤਾਂ ਜੰਗ ਵਿਚ ਸ਼ਾਮਲ ਮੰਨਾਂਗੇ

ਯੂਕਰੇਨ ਤੇ ਰੂਸ ਵਿਚਾਲੇ ਜੰਗ ਦਾ ਅੱਜ ਦਸਵਾਂ ਦਿਨ ਹੈ। ਯੂਕਰੇਨ ਦੇ ਰਾਸ਼ਟਰਪਤੀ ਨੇ ਨਾਟੋ ਦੇ ਫੈਸਲੇ ਦੀ ਆਲੋਚਨਾ ਕੀਤੀ ਹੈ

ਲਾਈਵ ਕਵਰੇਜ

  1. ਲਾਇਵ ਪੰਨੇ ਨੂੰ ਵਿਰਾਮ, ਧੰਨਵਾਦ!

    ਯੂਕਰੇਨ-ਰੂਸ ਜੰਗ ਨਾਲ ਸਬੰਧਤ ਬੀਬੀਸੀ ਪੰਜਾਬੀ ਦਾ ਇਸ ਲਾਇਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਐਤਵਾਰ ਸਵੇਰੇ ਲਾਇਵ ਅਪਡੇਟਸ ਨਾਲ ਮੁੜ ਹਾਜ਼ਰ ਹੋਵਾਂਗੇ, ਉਦੋਂ ਤੱਕ ਦਿਓ ਇਜਾਜ਼ਤ, ਧੰਨਵਾਦ।

    ਰੂਸ-ਯੂਕਰੇਨ ਜੰਗ ਦਾ ਅੱਜ ਦਸਵਾਂ ਦਿਨ ਸੀ। ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਰਾਹੀਂ ਤੁਹਾਨੂੰ ਜੰਗ ਨਾਲ ਜੁੜੀਆਂ ਪ੍ਰਮੁੱਖ ਘਟਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ।

    ਅੱਜ ਦੇ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਰੂਸ-ਯੂਕਰੇਨ ਬਾਰੇ ਜਾਣਕਾਰੀ ਭਰਭੂਰ ਵਿਸ਼ਲੇਸ਼ਣ ਪੜ੍ਹਨ ਅਤੇ ਵੀਡੀਓ ਦੇਖਣ ਲਈ ਤੁਸੀਂ ਸਾਡੀ ਵੈਬਸਾਈਟ ਉੱਪਰ ਵੀ ਆ ਸਕਦੇ ਹੋ।

    ਵੀਡੀਓ ਸਮੱਗਰੀ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਉੱਪਰ ਬਣੀ ਰੂਸ-ਯੂਕਰੇਨ ਜੰਗ ਬਾਰੇ ਪਲੇਲਿਸਟ ਵੀ ਦੇਖ ਸਕਦੇ ਹੋ।

    ਪੇਸ਼ ਹੈ ਪ੍ਰਮੁੱਖ ਘਟਨਾਕ੍ਰਮ ਦਾ ਸਾਰ-

    • ਦੁਨੀਆਂ ਦੇ ਵੱਖੋ-ਵੱਖ ਸ਼ਹਿਰਾਂ ਵਿੱਚ ਰੂਸ ਦੇ ਯੂਕਰੇਨ ਉੱਪਰ ਹਮਲੇ ਦੇ ਵਿਰੋਧ ਵਿੱਚ ਮੁਜਾਹਰੇ ਜਾਰੀ ਰਹੇ।
    • ਰੂਸ ਦੇ ਲਗਾਤਾਰ ਬੰਬਾਰੀ ਕਾਰਨ ਦੱਖਣੀ ਸ਼ਹਿਰ ਮਾਰੀਓਪੋਲ ਵਿਚੋਂ ਲੋਕਾਂ ਨੂੰ ਬਾਹਰ ਨਹੀਂ ਲਿਆਂਦਾ ਜਾ ਸਕਿਆ
    • ਨੇੜਲੇ ਸ਼ਹਿਰ ਵੋਲਨੋਵਾਖਾ ਤੋਂ ਵੀ ਆਮ ਲੋਕਾਂ ਦਾ ਬਾਹਰ ਨਿਕਲਣਾ ਸੰਭਵ ਨਹੀਂ ਹੋ ਸਕਿਆ
    • ਭਾਰਤ ਆਪਰੇਸ਼ਨ ਗੰਗਾ ਤਹਿਤ 15 ਹੋਰ ਜਹਾਜਾਂ ਰਾਹੀ ਆਪਣੇ ਨਾਗਰਿਕਾਂ ਨੂੰ ਅੱਜ ਵਤਨ ਲਿਆ ਰਿਹਾ ਹੈ।
    • ਯੂਕਰੇਨ ਅਧਿਕਾਰੀਆਂ ਮੁਤਾਬਕ ਲੋਕਾਂ ਨੂੰ ਬਾਹਰ ਕੱਢਣ ਲਈ ਦੋ ਸ਼ਹਿਰਾਂ ਵਿਚ ਬੁੱਧਬੰਦੀ ਦੇ ਐਲਾਨ ਦੇ ਬਾਵਜੂਦ ਬੰਬਾਰੀ ਜਾਰੀ ਰਹੀ
    • ਰੂਸ ਦੇ ਰਾਸ਼ਟਰਪਤੀ ਪੁਤਿਨ ਨੇ ਕਿਹਾ ਹੈ ਕਿ ਯੂਕਰੇਨ ਨੂੰ ਨੋ-ਫਲਾਈ ਜੋਨ ਐਲਾਨਣ ਵਾਲੇ ਦੇਸ ਨੂੰ ਲੜਾਈ ਵਿੱਚ ਸ਼ਾਮਲ ਸਮਝਿਆ ਜਾਵੇਗਾ।
    • ਪੁਤਿਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੁਲਕ ਵਿਚ ਮਾਰਸ਼ਲ ਲਾਅ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ।
    • ਰੂਸ ਦੇ ਸਰਕਾਰੀ ਬੁਲਾਰੇ ਦਮਿੱਤਰੀ ਪੇਸਕੋਵ ਨੇ ਮੁਲਕ ਦੇ ਨਵੇਂ ਫੇਕ ਨਿਊਜ਼ ਕਾਨੂੰਨ ਨੂੰ ਜਾਇਜ਼ ਕਰਾਰ ਦਿੱਤਾ ਹੈ।
    • ਰੂਸ ਵਿੱਚੋਂ ਬੀਬੀਸੀ ਨੇ ਆਪਣਾ ਕੰਮਕਾਜ ਆਰਜੀ ਤੌਰ 'ਤੇ ਬੰਦ ਕਰ ਦਿੱਤਾ ਹੈ।
    • ਰੂਸ ਦੇ ਫਾਰਮੂਲਾ ਵਨ ਡਰਾਈਵਰ ਨਿਕਿਤਾ ਮੇਜ਼ਪਿਨ ਦੇ ਨਾਲ ਅਮਰੀਕੀ ਕੰਪਨੀ ਹਾਸ ਨੇ ਆਪਣਾ ਕਰਾਰ ਖਤਮ ਕਰ ਦਿੱਤਾ ਹੈ।
    • ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਨਾਗਰਿਕਾਂ ਨੂੰ ਨਿਕਲਣ ਲਈ ਦਿੱਤੇ ਗਏ ਲਾਂਘੇ ਉੱਪਰ ਵੀ ਰੂਸੀ ਗੋਲੀਬੰਦੀ ਦੇ ਬਾਵਜੂਦ ਗੋਲੀਬਾਰੀ ਜਾਰੀ ਹੈ।
  2. ਪੋਲੈਂਡ-ਯੂਕਰੇਨ ਸਰਹੱਦ ਤੋਂ ਬੀਬੀਸੀ ਦੀ ਗਰਾਊਂਡ ਰਿਪੋਰਟ

  3. ਪੁਤਿਨ ਦੀ ਰੂਸ ਦੀ ਸਰਕਾਰੀ ਏਅਰਲਾਈਨ ਦੇ ਸਟਾਫ਼ ਨਾਲ ਮੁਲਾਕਾਤ

    ਯੂਕਰੇਨ ਨਾਲ ਜਾਰੀ ਜੰਗ ਦੇ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਰੂਸ ਦੀ ਸਰਕਾਰੀ ਏਅਰਲਾਈਨ ਏਰੋਫਲੋਟ ਦੇ ਸਟਾਫ਼ ਨਾਲ ਮੁਲਾਕਾਤ ਕੀਤੀ।

    ਇਸ ਬੈਠਕ ਦਾ ਸਰਕਾਰੀ ਟੀਵੀ ਚੈਨਲ ਉੱਪਰ ਪ੍ਰਸਾਰਣ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪੁਤਿਨ ਨੇ ਕਿਹਾ ਕਿ ਯੂਕਰੇਨ ਨੂੰ ਨੋ-ਫਲਾਈ ਜ਼ੋਨ ਐਲਾਨਣ ਵਾਲੇ ਦੇਸ ਨੂੰ ਲੜਾਈ ਵਿੱਚ ਸ਼ਾਮਲ ਸਮਝਾਂਗੇ।

    ਬੈਠਕ ਵਿੱਚ ਪੁਤਿਨ ਇੱਕ ਟੇਬਲ 'ਤੇ ਏਅਰਲਾਈਨ ਦੀਆਂ ਵੀਹ ਦੇ ਕਰੀਬ ਮਹਿਲਾ ਕਰਮਚਾਰੀਆਂ ਨਾਲ ਬੇਠੇ ਹਨ।

    ਰੂਸ ਦੀ ਏਅਰਲਾਈਨ ਦੀਆਂ ਉਡਾਣਾ ਹੁਣ ਬੇਲਾਰੂਸ ਤੋਂ ਰੂਸ ਦਰਮਿਆਨ ਹੀ ਸੀਮਤ ਹੋ ਗਈਆਂ ਹਨ।

    ਰੂਸੀ ਏਅਰਲਾਈਨ ਕੰਪਨੀਆਂ ਉੱਪਰ ਪੱਛਮੀ ਦੇਸਾਂ ਜਿਨ੍ਹਾਂ ਵਿੱਚ, ਬ੍ਰਿਟੇਨ, ਯੂਰਪੀ ਯੂਨੀਅਨ ਅਤੇ ਅਮਰੀਕਾ ਸ਼ਾਮਲ ਹਨ ਨੇ ਆਪਣੇ ਉੱਪਰੋਂ ਉੱਡਣ ਤੇ ਰੋਕ ਲਗਾ ਦਿੱਤੀ ਹੋਈ ਹੈ।

  4. ਦੁਨੀਆਂ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜੰਗ ਵਿਰੋਧੀ ਮਾਰਚ ਤੇ ਮੁਜਾਹਰੇ

  5. ਰੂਸ - ਯੂਕਰੇਨ ਸੰਕਟ: ਕੌਣ ਹਨ ਯੂਕਰੇਨ ਦੇ ਬਾਗੀ ਅਤੇ ਰੂਸ ਉਨ੍ਹਾਂ ਦੀ ਹਮਾਇਤ ਕਿਉਂ ਕਰਦਾ ਹੈ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕਰੇਨ ਉੱਪਰ ਹਮਲਾ ਕਰ ਦਿੱਤਾ ਹੈ। ਉਨ੍ਹਾਂ ਦੇ ਇਸ ਫ਼ੈਸਲੇ ਦਾ ਅਸਰ ਨਾ ਸਿਰਫ਼ ਯੂਕਰੇਨ ਉੱਪਰ ਪੈਣ ਵਾਲਾ ਹੈ ਸਗੋਂ ਪੂਰੀ ਦੁਨੀਆਂ ਹੀ ਇਸ ਦੇ ਅਸਰ ਹੇਠ ਹੋਵੇਗੀ।

    ਰੂਸ ਦਾ ਦਾਅਵਾ ਹੈ ਕਿ ਇਹ ਕਾਰਵਾਈ ਪੂਰਬੀ ਯੂਕਰੇਨ ਵਿੱਚ ਵਸਦੇ ਰੂਸੀ-ਭਾਸ਼ੀਆਂ ਦੀ ਰਾਖੀ ਲਈ ਕੀਤੀ ਜਾ ਰਹੀ ਹੈ।

    ਪਿਛਲੇ ਮਹੀਨਿਆਂ ਦੌਰਾਨ ਰੂਸ ਨੇ ਇਨ੍ਹਾਂ ਇਲਾਕਿਆਂ ਵਿੱਚੋਂ ਲਗਭਗ ਸੱਤ ਲੱਖ ਲੋਕਾਂ ਨੂੰ ਆਪਣੇ ਪਾਸਪੋਰਟ ਜਾਰੀ ਕੀਤੇ ਹਨ। ਇਸ ਤਰ੍ਹਾਂ ਰੂਸ ਨੇ ਇਨ੍ਹਾਂ ਨੂੰ ਆਪਣਾ ਨਾਗਰਿਕ ਬਣਾਇਆ ਹੈ।

    ਯੂਕਰੇਨ ਉੱਪਰ ਹਮਲੇ ਤੋਂ ਪਹਿਲਾਂ ਰੂਸ ਨੇ ਪੂਰਬੀ ਯੂਕਰੇਨ ਦੇ ਦੋ ਇਲਾਕਿਆਂ- ਡੋਨੇਤਸਕ ਤੇ ਲੁਹਾਂਸਕ ਨੂੰ ਅਜ਼ਾਦ ਮੁਲਕਾਂ ਵਜੋਂ ਮਾਨਤਾ ਵੀ ਦਿੱਤੀ।

  6. ਰੂਸੀ ਨੌਜਵਾਨਾਂ ਕੋਲ ਫੈਸ਼ਨ ਤੇ ਤਕਨੀਕੀ ਵਿਕਲਪ ਘਟੇ

    ਕਈ ਪੱਛਮੀ ਕੰਪਨੀਆਂ ਵੱਲੋਂ ਰੂਸ ਵਿੱਚ ਆਪਣਾ ਕਾਰੋਬਾਰ ਬੰਦ ਕਰਨ ਦੇ ਐਲਾਨ ਤੋਂ ਬਾਅਦ ਰੂਸ ਦੇ ਨੌਜਵਾਨਾਂ ਕੋਲ ਤਕਨੀਕ ਅਤੇ ਫ਼ੈਸ਼ਨ ਨਾਲ ਜੁੜੇ ਜ਼ਿਆਦਾ ਵਿਕਲਪ ਨਹੀਂ ਬਚੇ ਹਨ।

    ਸੈਮਸੰਗ ਦੇ ਸਮਾਰਟ ਫੋਨ ਰੂਸ ਵਿੱਚ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ ਪਰ ਹੁਣ ਕੰਪਨੀ ਨੇ ਇੱਥੋਂ ਆਪਣਾ ਕੰਮ ਬੰਦ ਕਰਨਾ ਐਲਾਨ ਕੀਤਾ ਹੈ।

    ਇਸ ਤੋਂ ਇਲਾਵਾ ਫੈਸ਼ਨ ਬਰਾਂਡ ਜ਼ਾਰਾ ਨੇ ਵੀ ਅਜਿਹਾ ਹੀ ਐਲਾਨ ਕੀਤਾ ਹੈ।

    ਦੇਖਦੇ ਹਾਂ ਹੁਣ ਤੱਕ ਕਿਹੜੇ ਵੱਡੇ ਬਰਾਂਡ ਰੂਸ ਵਿੱਚ ਆਪਣਾ ਕਾਰੋਬਾਰ ਬੰਦ ਕਰਨ ਦਾ ਐਲਾਨ ਕਰ ਚੁੱਕੇ ਹਨ-

    • ਐਪਲ
    • ਇਕੀਆ
    • H&M
    • ਬੂਹ
    • ਰੌਲਸ ਰੌਇਸ
    • ਬਰਬਰੀ
    • ਜੈਗੁਆਰ ਲੈਂਡ ਰੋਵਰ (JLR)
    • ਜਨਰਲ ਮੋਟਰਜ਼
    • ਐਸਨ ਮਾਰਟਿਨ
    • ਨੈਟਫਲਿਕਸ
    • ਨੋਕੀਆ
  7. ਜੇ ਕਿਸੇ ਨੇ ਯੂਕਰੇਨ ਨੂੰ ਨੋ-ਫਲਾਈ ਜ਼ੋਨ ਐਲਾਨਿਆ ਤਾਂ ਜੰਗ 'ਚ ਸ਼ਾਮਲ ਸਮਝਾਂਗੇ-ਪੁਤਿਨ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਪਣੇ ਟੈਲੀਵਿਜ਼ਨ ਸੰਬੋਧਨ ਦੌਰਾਨ ਕਿਹਾ ਹੈ ਕਿ ਜੇ ਕਿਸੇ ਦੇਸ ਨੇ ਯੂਕਰੇਨ ਦੇ ਅਕਾਸ਼ ਨੂੰ ਨੋਫਲਾਈ ਜ਼ੋਨ ਐਲਾਨਿਆ ਤਾਂ ਸਮਝਿਆ ਜਾਵੇਗਾ ਕਿ ਉਹ ਜੰਗ ਵਿੱਚ ਸ਼ਾਮਲ ਹੋ ਗਿਆ ਹੈ।

    ਉਨ੍ਹਾਂ ਨੇ ਕਿਹਾ, ''ਇਸ ਦਿਸ਼ਾ ਵਿੱਚ ਕੋਈ ਵੀ ਕਦਮ ਨੂੰ ਅਸੀਂ ਉਸ ਦੇਸ਼ ਵੱਲੋਂ ਹਥਿਆਰਬੰਦ ਸੰਘਰਸ਼ ਵਿੱਚ ਸ਼ਮੂਲੀਅਤ ਸਮਝਾਂਗੇ।''

    ਫ਼ੌਜੀ ਨਜ਼ਰੀਏ ਤੋਂ ਨੋ-ਫਲਾਈ ਜ਼ੋਨ ਉਹ ਖੇਤਰ ਹੁੰਦਾ ਹੈ ਜਿਸ ਵਿੱਚ ਜਹਾਜ਼ਾਂ ਦੇ ਉੱਡਣ ਤੇ ਰੋਕ ਹੁੰਦੀ ਹੈ। ਅਜਿਹਾ ਕਿਸੇ ਸੰਭਾਵੀ ਹਮਲੇ ਨੂੰ ਰੋਕਣ ਲਈ ਕੀਤਾ ਜਾਂਦਾ ਹੈ।

    ਹਾਲਾਂਕਿ ਇਸ ਲਈ ਜ਼ਰੂਰੀ ਹੁੰਦਾ ਹੈ ਕਿ ਦਾਖਲ ਹੋਣ ਵਾਲੇ ਕਿਸੇ ਵੀ ਜਹਾਜ਼ ਨੂੰ ਫ਼ੌਜੀ ਤਾਕਤ ਰਾਹੀਂ ਮਾਰ ਡੇਗਿਆ ਜਾਵੇ।

    ਯੂਕਰੇਨ ਦੇ ਰਾਸ਼ਟਰਪਤੀ ਵੋਲਦੀਮੀਰ ਜ਼ੇਲੇਂਸਕੀ ਨਾਟੋ ਵੱਲੋਂ ਯੂਕਰੇਨ ਨੂੰ ਨੋ-ਫਲਾਈ ਜ਼ੋਨ ਨਾ ਐਲਾਨੇ ਜਾਣ ਨੂੰ ਸੰਗਠਨ ਦੀ ''ਕਮਜ਼ੋਰੀ'' ਕਹਿ ਚੁੱਕੇ ਹਨ।

    ਨਾਟੋ ਨੇ ਕਿਹਾ ਹੈ ਕਿ ਅਜਿਹੇ ਕਿਸੇ ਵੀ ਕਦਮ ਨਾਲ ਜੰਗ ਖਤਰਨਾਕ ਪੱਧਰ ਤੱਕ ਵਧਕੇ ਹੋਰ ਦੇਸਾਂ ਤੱਕ ਵੀ ਫੈਲ ਸਕਦੀ ਹੈ।

  8. ਜੰਗ ਦੌਰਾਨ ਪਤੀ ਦੇ ਨਾਲ ਖੜ੍ਹੀ ਯੂਕਰੇਨ ਦੇ ਰਾਸ਼ਟਰਪਤੀ ਦੀ ਪਤਨੀ ਓਲੇਨਾ ਜ਼ੇਲੇਂਸਕਾ ਬਾਰੇ ਜਾਣੋ

    ਜਦੋਂ ਰੂਸ ਯੂਕਰੇਨ ਜੰਗ ਦੀ ਸ਼ੁਰੂਆਤ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੂੰ ਕਥਿਤ ਤੌਰ 'ਤੇ ਦੇਸ਼ ਛੱਡਣ ਦਾ ਵਿਕਲਪ ਮਿਲਿਆ ਸੀ ਤਾਂ ਉਹਨਾਂ ਨੇ ਸਪੱਸ਼ਟ ਤੌਰ ਤੇ ਆਖਿਆ ਸੀ ਕਿ ਉਨ੍ਹਾਂ ਨੂੰ ਹਥਿਆਰ ਚਾਹੀਦੇ ਹਨ ਨਾ ਕਿ ਬਾਹਰ ਨਿਕਲਣ ਲਈ ਰਾਹ।

    ਉਨ੍ਹਾਂ ਦੀ ਪਤਨੀ ਓਲੇਨਾ ਜ਼ੇਲੇਂਸਕਾ ਅਤੇ ਦੋ ਬੱਚੇ ਸਾਸ਼ਾ ਅਤੇ ਸੀਰਲ ਨੇ ਵੀ ਦੇਸ਼ ਵਿੱਚ ਹੀ ਰਹਿਣ ਦਾ ਫ਼ੈਸਲਾ ਕੀਤਾ ਸੀ।

    ਇਸ ਰਿਪੋਰਟ ਵਿੱਚ ਪੜ੍ਹੋ ਯੂਕਰੇਨ ਦੇ ਰਾਸ਼ਟਰਤੀ ਦੀ ਪਤਨੀ ਓਲੇਨਾ ਜ਼ੇਲੇਂਸਕਾ ਦੀ ਜ਼ਿੰਦਗੀ ਬਾਰੇ।

    ਇਸ ਦੇ ਨਾਲ ਹੀ ਤੁਸੀਂ ਇਸ ਲਿੰਕ ਉੱਪਰ ਕਲਿੱਕ ਕਰਕੇ ਤੁਸੀਂ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਬਾਰੇ ਵੀ ਹੋਰ ਦਿਲਚਸਪ ਗੱਲਾਂ ਜਾਣ ਸਕਦੇ ਹੋ।

  9. ਕਿਹੜੇ ਦੇਸ ਕੋਲ ਕਿੰਨਾ ਪਰਮਾਣੂ ਜ਼ਖੀਰਾ

    ਯੂਕਰੇਨ ਅਤੇ ਰੂਸ ਵਿਚਾਲੇ ਜੰਗ ਪੂਰੀ ਦੁਨੀਆਂ ਦੇਖ ਰਹੀ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬਿਆਨ ਨੇ ਦੁਨੀਆ 'ਚ ਪ੍ਰਮਾਣੂ ਹਥਿਆਰਾਂ ਬਾਰੇ ਚਰਚਾ ਛੇੜ ਦਿੱਤੀ ਹੈ।

    ਇਸ ਵੀਡੀਓ ਰਾਹੀਂ ਅਸੀਂ ਗੱਲ ਕਰਾਂਗੇ ਕੀ ਹੁੰਦੇ ਨੇ ਪਰਮਾਣੂ ਹਥਿਆਰ?

    ਇਨ੍ਹਾਂ ਹਥਿਆਰਾਂ ਦੀ ਵਰਤੋਂ ਕਦੋਂ ਕਦੋਂ ਹੋਈ, ਕਿਹੜੇ ਮੁਲਕਾਂ ਕੋਲ ਪਰਮਾਣੂ ਹਥਿਆਰ ਹਨ। ਇੱਕ ਗੱਲ ਹੋਰ ਭਾਰਤ ਨਾਲੋਂ ਪਾਕਿਸਤਾਨ ਕੋਲ ਪਰਮਾਣੂ ਹਥਿਆਰ ਜਿਆਦਾ ਹਨ।

    (ਸ਼ੂਟ- ਸਦਫ਼ ਖ਼ਾਨ, ਐਡਿਟ- ਰਾਜਨ ਪਪਨੇਜਾ, ਵੀਡੀਓ- ਦਲੀਪ ਸਿੰਘ)

  10. ਰੂਸ ਵਿਚ ਮਾਰਸ਼ਲ ਲਾਅ ਲਾਉਣ ਦਾ ਇਰਾਦਾ ਨਹੀਂ - ਪੁਤਿਨ

    ਰੂਸ ਵਿਚ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਮੁਲਕ ਵਿਚ ਮਾਰਸ਼ਲ ਲਾਅ ਲਗਾਉਣ ਦੀ ਕੋਈ ਯੋਜਨਾ ਨਹੀਂ ਹੈ।

    ਪੁਤਿਨ ਜੰਗ ਦੌਰਾਨ ਸਹਾਇਕ ਵਜੋਂ ਕੰਮ ਕਰਨ ਵਾਲਿਆਂ ਨਾਲ ਇੱਕ ਟੀਵੀ ਸ਼ੌਅ ਦੌਰਾਨ ਗੱਲਬਾਤ ਕਰ ਰਹੇ ਸਨ।

    ਉਨ੍ਹਾਂ ਕਿਹਾ ਕਿ ਬਾਹਰੀ ਫੌਜੀ ਹਮਲੇ ਦਾ ਜਵਾਬ ਦਿੱਤਾ ਜਾਵੇਗਾ ਅਤੇ ਤੈਅ ਖੇਤਰਾਂ ਵਿਚ ਫੌਜੀ ਕਾਰਵਾਈ ਹੋਵੇਗੀ।

    ਉਨ੍ਹਾਂ ਕਿਹਾ ਕਿ ਜਿਹੜੇ ਮੁਲਕ ਯੂਕਰੇਨ ਉੱਤੇ ਨੋ ਫਲਾਈ ਜੋਨ ਲਾਗੂ ਕਰਨ ਦਾ ਅਰਥ ਹੈ ਝਗੜੇ ਵਿਚ ਸ਼ਾਮਲ ਹੋਣਾ।

    ਪੁਤਿਨ ਨੇ ਕਿਹਾ ਕਿ ਜਿਹੜੇ ਮੁਲਕ ਯੂਕਰੇਨ ਉੱਤੇ ਨੋ ਫਲਾਈ ਜੋਨ ਲਾਗੂ ਕਰ ਰਹੇ ਹਨ, ਉਨ੍ਹਾਂ ਨੂੰ ਫੌਜੀ ਲੜਾਈ ਵਿਚ ਸ਼ਾਮਲ ਸਮਝਿਆ ਜਾਵੇਗਾ

    ਰਾਸ਼ਟਰਪਤੀ ਦੇ ਜੀਵਨ ਤੇ ਚਾਨਣਾ ਪਾਉਂਦੀ ਇਹ ਰਿਪੋਰਟ ਪੜ੍ਹਨ ਲਈ ਇੱਥੇ ਕਲਿੱਕ ਕਰੋ।

  11. ਰੂਸੀ ਫੌਜ ਬਾਰੇ ਫੇਕ ਨਿਊਜ਼ ਛਾਪਣ ਵਾਲੇ ਨੂੰ 15 ਸਾਲ ਸਜ਼ਾ ਦਾ ਕਾਨੂੰਨ

    ਰੂਸ ਦੇ ਸਰਕਾਰੀ ਬੁਲਾਰੇ ਦਮਿੱਤਰੀ ਪੇਸਕੋਵ ਨੇ ਮੁਲਕ ਦੇ ਨਵੇਂ ਫੇਕ ਨਿਊਜ਼ ਕਾਨੂੰਨ ਨੂੰ ਜਾਇਜ਼ ਕਰਾਰ ਦਿੱਤਾ ਹੈ।

    ਇਸ ਕਾਨੂੰਨ ਤਹਿਤ ਰੂਸੀ ਫੌਜ ਖਿਲਾਫ਼ ਫੇਕ ਨਿਊਜ਼ ਛਾਪਣ ਵਾਲੇ ਵਿਅਕਤੀ ਨੂੰ 15 ਸਾਲ ਜੇਲ੍ਹ ਹੋ ਸਕਦੀ ਹੈ।

    ਇਸ ਕਾਨੂੰਨ ਨੂੰ ਰੂਸ ਵਿਚ ਅਜਾਦ ਪੱਤਰਕਾਰਿਤਾ ਉੱਤੇ ਰੋਕ ਲਾਉਣ ਵਜੋਂ ਦੇਖਿਆ ਜਾ ਰਿਹਾ ਹੈ।

    ਜਿਸ ਵਿਚ ਇਸ ਗੱਲ ਦੀ ਇਜਾਜ਼ਤ ਨਹੀਂ ਹੈ ਕਿ ਯੂਕਰੇਨ ਜੰਗ ਵਿਚ ਕੀ ਹੋ ਰਿਹਾ ਹੈ।

    ਬੀਬੀਸੀ, ਸੀਬੀਐੱਸ ਨਿਊਜ਼ ਅਤੇ ਏਬੀਸੀ ਨਿਊਜ਼ ਨੇ ਰੂਸ ਵਿਚ ਆਪਣੇ ਕੰਮ ਨੂੰ ਅਸਥਾਈ ਤੌਰ ਉੱਤੇ ਬੰਦ ਕਰ ਦਿੱਤਾ ਹੈ।

  12. ਯੂਕਰੇਨ - ਰੂਸ ਜੰਗ : 'ਧੀ ਮਿਲ ਗਈ ਸੀ, ਲੱਗ ਰਿਹਾ ਸੀ ਜਿਵੇਂ ਉਸ 'ਚ ਜਾਨ ਹੀ ਨਾ ਹੋਵੇ'

    ਜ਼ਾਇਟੋਮਰ ਸ਼ਹਿਰ ਵਿੱਚ, ਓਲੇਗ ਰੁਬੇਕ ਦਾ ਘਰ ਤਬਾਹ ਹੋ ਚੁੱਕਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਰੂਸੀ ਹਮਲੇ 'ਚ ਇੱਥੇ ਘਰ ਤਬਾਹ ਹੋਏ ਤਾਂ ਇਸ ਦੌਰਾਨ ਘੱਟੋ-ਘੱਟ ਦੋ ਹੋਰ ਲੋਕਾਂ ਦੀ ਮੌਤ ਹੋਈ ਹੈ।

    ਲੋਕ ਹੁਣ ਇਕੱਠੇ ਹੋ ਕੇ ਇਸ ਤਹਿਸ-ਨਹਿਸ ਹੋਏ ਸ਼ਹਿਰ ਨੂੰ ਸਾਫ਼ ਕਰਨ 'ਚ ਜੁਟੇ ਹਨ।

    ਯੂਕਰੇਨ ਦੇ ਸ਼ਹਿਰੀ ਇਲਾਕਿਆਂ 'ਚ ਹਮਲੇ ਤੇਜ਼ ਹੁੰਦੇ ਜਾ ਰਹੇ ਹਨ। ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ ਵਿੱਚ 14 ਲੱਖ ਲੋਕ ਰਹਿੰਦੇ ਹਨ।

    ਰੂਸੀ ਫੌਜ ਦੇ ਹਮਲਿਆਂ ਨਾਲ ਇਮਾਰਤਾਂ ਢਹਿ-ਢੇਰੀ ਹੋ ਰਹੀਆਂ ਹਨ। ਅੱਗ 'ਤੇ ਕਾਬੂ ਪਾਉਣ ਵਾਲੇ ਕਰਮਚਾਰੀ ਖਾਰਕੀਵ ਨੈਸ਼ਨਲ ਯੂਨੀਵਰਸਿਟੀ 'ਚ ਸਿਕਿਓਰਿਟੀ ਸਰਵਿਸ ਦੀ ਇਮਾਰਤ ਤੇ ਹੋਰ ਥਾਵਾਂ 'ਤੇ ਨੁਕਸਾਨ ਨੂੰ ਕਾਬੂ ਕਰਨ ਦੀ ਕੋਸ਼ਿਸ਼ 'ਚ ਹਨ।

    ਘਰ, ਦਫ਼ਤਰ ਅਤੇ ਜ਼ਿੰਦਗੀਆਂ..ਧੂੜ ਅਤੇ ਮਲਬੇ 'ਚ ਤਬਦੀਲ ਹੋ ਗਈਆਂ ਹਨ। ਇਹੀ ਹਾਲ ਯੂਕਰੇਨ ਦੇ ਹੋਰ ਸ਼ਹਿਰਾਂ ਅਤੇ ਕਸਬਿਆਂ ਦਾ ਵੀ ਹੈ।

  13. ਰੂਸ ਦੇ ਫਾਰਮੂਲਾ1 ਡਰਾਈਵਰ ਮੇਜ਼ਪਿਨ ਦਾ ਕਰਾਰ ਖ਼ਤਮ, ਐਂਡਰਿਊ ਬੇਨਸਨ, ਬੀਬੀਸੀ ਸਪੋਰਟਸ ਦੇ ਐਫ਼1 ਬਾਰੇ ਚੀਫ਼ ਲੇਖਕ

    ਰੂਸ ਦੇ ਫਾਰਮੂਲਾ ਵਨ ਡਰਾਈਵਰ ਨਿਕਿਤਾ ਮੇਜ਼ਪਿਨ ਦੇ ਨਾਲ ਅਮਰੀਕੀ ਕੰਪਨੀ ਹਾਸ ਨੇ ਆਪਣਾ ਕਰਾਰ ਖਤਮ ਕਰ ਦਿੱਤਾ ਹੈ।

    ਹਾਸ ਨੇ ਆਪਣੇ ਟਾਈਟਲ ਸਪਾਂਸਰ ਰੂਸ ਦੀ ਕੈਮੀਕਲ ਕੰਪਨੀ ਉਰਾਕਲੀ ਨਾਲ ਵੀ ਆਪਣਾ ਕਰਾਰ ਤੋੜ ਦਿੱਤਾ ਹੈ।

    ਉਰਾਕਲੀ ਵਿੱਚ ਮੇਜ਼ਪਿਨ ਦੇ ਪਿਤਾ ਅਤੇ ਖਰਬਪਤੀ ਦਾਮਿੱਤਰੀ ਦੀ ਵੀ ਹਿੱਸੇਦਾਰੀ ਹੈ, ਜੋ ਕਿ ਪੁਤਿਨ ਦੇ ਕਰੀਬੀ ਹਨ।

    ਦਮਿੱਤਰੀ ਰੂਸ ਦੇ ਉਨ੍ਹਾਂ ਕਾਰੋਬਾਰੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਪੁਤਿਨ ਵੱਲੋਂ ਯੂਕਰੇਨ ਉੱਪਰ ਹਮਲਾ ਕਰਨ ਤੋਂ ਕੁਝ ਘੰਟੇ ਪਹਿਲਾਂ ਮਿਲਣ ਲਈ ਬੁਲਾਇਆ ਗਿਆ ਸੀ।

  14. ਪੈਰਾਓਲੰਪਿਕ ਵਿੱਚ ਪਹਿਲਾ ਦਿਨ; ਯੂਕਰੇਨ ਦੇ ਖਿਡਾਰੀਆਂ ਦੇ ਜਲਵੇ

    ਦੁਨੀਆਂ ਦਾ ਧਿਆਨ ਹੁਣ ਯੂਕਰੇਨ ਦੇ ਪੈਰਾ ਖਿਡਾਰੀਆਂ ਨੇ ਖਿੱਚਿਆ ਹੈ। ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਜਾਰੀ ਵਿੰਟਰ ਪੈਰਾਓਲੰਪਿਕ ਖੇਡਾਂ ਦੇ ਪਹਿਲੇ ਦਿਨ ਯੂਕਰੇਨ ਦੇ ਖਿਡਾਰੀਆਂ ਨੇ ਤਿੰਨ ਗੋਲਡ ਅਤੇ ਕੁੱਲ ਸੱਤ ਮੈਡਲ ਆਪਣੇ ਨਾਮ ਕੀਤੇ ਹਨ।

    ਰੂਸੀ ਹਮਲੇ ਦੇ ਬਾਵਜੂਦ ਯੂਕਰੇਨ ਦੇ 20 ਖਿਡਾਰੀਆਂ ਦਾ ਗਰੁੱਪ ਪੈਰਾ ਓਲੰਪਿਕ ਵਿੱਚ ਹਿੱਸਾ ਲੈਣ ਲਈ ਬੀਜਿੰਗ ਪਹੁੰਚਿਆ ਹੋਇਆ ਹੈ।

    ਬਾਇਅਥਲੀਟ ਗਰਈਗੋਰਜੀ ਵੋਚਿਨਸਕੀ ਨੇ ਯੂਕਰੇਨ ਲਈ ਪਹਿਲਾ ਮੈਡਲ ਪੁਰਸ਼ਾਂ ਦੀ ਸਪਰਿੰਟ ਵਿੱਚ ਜਿੱਤਿਆ। ਉਨ੍ਹਾਂ ਨੇ ਆਪਣੀ ਦੌੜ ਨੂੰ ਯੂਕਰੇਨ ਵਿੱਚ ਸ਼ਾਂਤੀ ਦੇ ਨਾਮ ਸਮਰਪਿਤ ਕੀਤਾ।

    ਰੂਸ ਅਤੇ ਬੇਲਾਰੂਸ ਦੇ ਖਿਡਾਰੀਆਂ ਉੱਪਰ ਖੇਡਾਂ ਵਿੱਚ ਸ਼ਾਮਲ ਹੋਣ ਤੋਂ ਪਾਬੰਦੀ ਹੈ।

  15. ਯੂਕਰੇਨ ਰੂਸ ਜੰਗ : 3 ਗੋਲੀਆਂ ਲੱਗਣ ਨਾਲ ਗੰਭੀਰ ਜ਼ਖ਼ਮੀ ਹੋਏ ਪੰਜਾਬੀ ਮੁੰਡੇ ਦੀ ਕਿਵੇਂ ਬਚੀ ਜਾਨ

    27 ਫਰਵਰੀ ਨੂੰ ਕੀਵ ਛੱਡ ਕੇ ਆ ਰਹੇ ਹਰਜੋਤ ਸਿੰਘ ਨੂੰ ਗੋਲੀ ਲੱਗੀ ਸੀ। ਦਿੱਲੀ ਦੇ ਹਰਜੋਤ ਸਿੰਘ ਯੂਕਰੇਨ ਵਿੱਚ ਪੜ੍ਹਾਈ ਕਰਨ ਲਈ ਗਏ ਸਨ। ਕੀਵ ਵਿੱਚ ਉਨ੍ਹਾਂ ਦੀ ਕੈਬ ਉੱਤੇ ਗੋਲੀਆਂ ਨਾਲ ਹਮਲਾ ਕੀਤਾ ਗਿਆ।

  16. ਰੂਸ-ਯੂਕਰੇਨ ਜੰਗ ਅੱਜ ਦਾ ਅਹਿਮ ਘਟਨਾਕ੍ਰਮ

    ਅੱਜ ਰੂਸ ਦੇ ਯੂਕਰੇਨ ਉੱਪਰ ਹਮਲੇ ਤੋਂ ਬਾਅਦ ਜਾਰੀ ਜੰਗ ਦਾ 10ਵਾਂ ਦਿਨ ਹੈ। ਇਸ ਲਾਈਵ ਪੇਜ ਰਾਹੀਂ ਅਸੀਂ ਤੁਹਾਨੂੰ ਇਸ ਜੰਗ ਨਾਲ ਜੁੜੀਆਂ ਅਹਿਮ ਘਟਨਾਵਾਂ ਬਾਰੇ ਦੱਸ ਰਹੇ ਹਾਂ।

    ਪੇਸ਼ ਹੈ ਅੱਜ ਦਾ ਮੁੱਖ ਘਟਨਾਕ੍ਰਮ-

    • ਚੀਨ ਦੀ ਰਾਜਧਾਨੀ ਬੀਜਿੰਗ ਵਿੱਚ ਜਾਰੀ ਵਿੰਟਰ ਪੈਰਾਓਲੰਪਿਕ ਦੇ ਪਹਿਲੇ ਦਿਨ ਯੂਕਰੇਨ ਦੇ ਖਿਡਾਰੀਆਂ ਨੇ ਆਪਣੇ ਦੇਸ ਲਈ ਤਿੰਨ ਗੋਲਡ ਅਤੇ ਕੁੱਲ ਸੱਤ ਮੈਡਲ ਜਿੱਤੇ ਹਨ।
    • ਜਪਾਨ ਦੀ ਰਾਜਧਾਨੀ ਟੋਕੀਓ ਵਿੱਚ ਯੂਕਰੇਨ ਹਮਲੇ ਦੇ ਵਿਰੋਧ ਵਜੋਂ ਮਾਰਚ ਕੱਢਿਆ ਗਿਆ ਅਤੇ ਹਮਲੇ ਵਿੱਚ ਮਾਰੇ ਗਏ ਲੋਕਾ ਨੂੰ ਸ਼ਰਧਾਂਜਲੀ ਦਿੱਤੀ ਗਈ।
    • ਯੂਕਰੇਨ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਨਾਗਰਿਕਾਂ ਨੂੰ ਨਿਕਲਣ ਲਈ ਦਿੱਤੇ ਗਏ ਲਾਂਘੇ ਉੱਪਰ ਵੀ ਰੂਸੀ ਗੋਲੀਬੰਦੀ ਦੇ ਬਾਵਜੂਦ ਗੋਲੀਬਾਰੀ ਜਾਰੀ ਹੈ।
    • ਇਸ ਤੋਂ ਪਹਿਲਾਂ ਰੂਸ ਦੇ ਰੱਖਿਆ ਮੰਤਰਾਲੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਰੂਸੀ ਫੌਜ ਮਾਸਕੋ ਦੇ ਸਮੇਂ ਮੁਤਾਬਕ ਸਵੇਰੇ ਦੱਸ ਵਜੇ ਹਮਲੇ ਰੋਕ ਦੇਵੇਗੀ ਤਾਂ ਕਿ ਲੋਕਾਂ ਦੀ ਸਹਾਇਤਾ ਲਈ ਲਾਂਘੇ ਖੋਲ੍ਹੇ ਜਾ ਸਕਣ।
    • ਮਾਰਸ਼ਲ ਲਾਅ ਲੱਗਣ ਦੀਆਂ ਅਫ਼ਵਾਹਾਂ ਦੇ ਚਲਦਿਆਂ ਰੂਸੀ ਫਿਨਲੈਂਡ ਵੱਲ ਪਰਵਾਸ ਕਰ ਰਹੇ ਹਨ।
    • ਸੰਯੁਕਤ ਰਾਸ਼ਟਰ ਮੁਤਾਬਕ ਹੁਣ ਤੱਕ 12 ਲੱਖ ਲੋਕ ਯੂਕਰੇਨ ਛੱਡ ਕੇ ਜਾ ਚੁੱਕੇ ਹਨ।

    ਰੂਸ-ਯੂਕਰੇਨ ਜੰਗ ਬਾਰੇ ਹੋਰ ਜਾਣਕਾਰੀ ਭਰਪੂਰ ਵਿਸ਼ਲੇਸ਼ਣ ਅਤੇ ਰਿਪੋਰਟਾਂ ਪੜ੍ਹਨ ਲਈ ਤੁਸੀਂ ਸਾਡੀ ਵੈਬਸਾਈਟ ਉੱਪਰ ਆ ਸਕਦੇ ਹੋ।

    ਵੀਡੀਓ ਸਮੱਗਰੀ ਲਈ ਤੁਸੀਂ ਸਾਡੇ ਯੂਟਿਊਬ ਚੈਨਲ ਉੱਪਰ ਬਣੀ ਰੂਸ-ਯੂਕਰੇਨ ਜੰਗ ਬਾਰੇ ਪਲੇਲਿਸਟ ਵੀ ਦੇਖ ਸਕਦੇ ਹੋ।

  17. ਯੂਕਰੇਨ ਰੂਸ ਤੋਂ ਜਿੱਤ ਸਕਦਾ ਹੈ- ਬਲਿੰਕਿਨ

    ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਿਨ ਨੇ ਬੀਬੀਸੀ ਨੂੰ ਦੱਸਿਆ ਹੈ ਉਨ੍ਹਾਂ ਨੂੰ ਯਕੀਨ ਹੈ ਕਿ ਯੂਕਰੇਨ ਰੂਸ ਨਾਲ ਆਪਣੀ ਲੜਾਈ ਜਿੱਤ ਸਕਦਾ ਹੈ।

    ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਉਹ ਨਹੀਂ ਦੱਸ ਸਕਦੇ ਕਿ ਇਸ ਵਿੱਚ ਕਿੰਨਾ ਸਮਾਂ ਲੱਗੇਗਾ ਪਰ ਰੂਸ ਹੱਥੋਂ ਯੂਕਰੇਨ ਦੀ ਹਾਰ ਅਟੱਲ ਨਹੀਂ ਹੈ।

    ਉਨ੍ਹਾਂ ਨੇ ਯੂਕਰੇਨ ਦੇ ਲੋਕਾਂ ਵੱਲੋਂ ਦਿਖਾਏ ਜਾ ਰਹੇ ਹੌਂਸਲੇ ਦੀ ਪ੍ਰਸ਼ੰਸਾ ਕੀਤੀ।

    ਅਮਰੀਕਾ ਵੱਲੋਂ ਰੂਸ ਵਿੱਚ ਸਰਕਾਰ ਬਦਲਣ ਦੀ ਇੱਛਾ ਰੱਖਣ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਰੂਸ ਦੇ ਲੋਕਾਂ ਨੇ ਤੈਅ ਕਰਨਾ ਹੈ।

  18. ਮਾਰਸ਼ਲ ਲਾਅ ਦੇ ਡਰੋਂ ਰੂਸੀਆਂ ਦਾ ਫਿਨਲੈਂਡ ਵੱਲ ਪਰਵਾਸ

    ਰੂਸ ਵਿੱਚ ਅਜਿਹੀਆਂ ਅਫ਼ਵਾਹਾਂ ਨਿਰੰਤਰ ਫੈਲ ਰਹੀਆਂ ਹਨ ਕਿ ਰਾਸ਼ਟਰਪਤੀ ਪੁਤਿਨ ਦੇਸ ਵਿੱਚ ਯੂਕਰੇਨ ਹਮਲੇ ਖਿਲਾਫ਼ ਹੋ ਰਹੇ ਮੁਜ਼ਾਹਰਿਆਂ ਨਾਲ ਨਜਿੱਠਣ ਲਈ ਮਾਰਸ਼ਲ ਲਾਅ ਲਾਗੂ ਕਰ ਸਕਦੇ ਹਨ।

    ਅਜਿਹੇ ਵਿੱਚ ਰੂਸ ਵਾਸੀਆਂ ਲਈ ਦੇਸ ਛੱਡ ਕੇ ਜਾਣ ਦਾ ਇੱਕੋ-ਇੱਕ ਤਰੀਕਾ ਸੜਕੀ ਜਾਂ ਰੇਲ ਮਾਰਗ ਹੀ ਰਹਿ ਗਿਆ ਹੈ ਕਿਉਂਕਿ ਰੂਸ ਤੋਂ ਬਾਕੀ ਯੂਰਪ ਨੂੰ ਜਾਣ ਵਾਲੀਆਂ ਉਡਣਾਂ ਬੰਦ ਹਨ।

    ਸਥਿਤੀ ਨੂੰ ਦੇਖਦਿਆਂ ਵੱਡੀ ਗਿਣਤੀ ਵਿੱਚ ਰੂਸੀ ਨਾਗਰਿਕ ਸਰਹੱਦ ਪਾਰ ਕਰਕੇ ਫਿਨਲੈਂਡ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਰੂਸ-ਫਿਨਲੈਂਡ ਬਾਰਡਰ ਉੱਪਰ ਕਾਰਾਂ ਦਾ ਲੰਬੀ ਲਾਈਨ ਲੱਗ ਗਈ ਹੈ।

  19. ਗੋਲੀਬੰਦੀ ਦੀ ਸਹੀ ਪਾਲਣਾ ਨਹੀਂ ਹੋ ਰਹੀ-ਯੂਕਰੇਨ

    ਯੂਕਰੇਨ ਦੇ ਸ਼ਹਿਰ ਮਾਰੀਉਪੋਲ ਦੀ ਕਾਊਂਸਲ ਦਾ ਕਹਿਣਾ ਹੈ ਕਿ ਰੂਸ ਵੱਲੋਂ ਗੋਲੀਬੰਦੀ ਦੀ ਸਹੀ ਪਾਲਣਾ ਨਹੀਂ ਹੋ ਰਹੀ ਹੈ।

    ਦੋਵਾਂ ਦੇਸਾਂ ਵੱਲੋਂ ਆਮ ਲੋਕਾਂ ਨੂੰ ਨਿਕਲ ਜਾਣ ਦੇਣ ਦਾ ਮੌਕਾ ਦੇਣ ਲਈ ਦੋ ਦਿਨਾਂ ਦੀ ਗੋਲੀਬੰਦੀ ਉੱਪਰ ਸਹਿਮਤੀ ਬਣੀ ਹੈ।

    ਟੈਲੀਗ੍ਰਾਮ ਉੱਪਰ ਆਪਣੇ ਇਕ ਸੁਨੇਹੇ ਵਿੱਚ ਕਾਊਂਸਲ ਨੇ ਕਿਹਾ ਹੈ ਕਿ ਜ਼ਪੋਰੀਜ਼੍ਹਾਜੀਆ ਵਿੱਚ ਜਿੱਥੇ ਮਨੁੱਖਤਵਾਦੀ ਲਾਂਘਾ ਖਤਮ ਹੁੰਦਾ ਹੈ, ਲੜਾਈ ਹੋ ਰਹੀ ਹੈ।

    ਸੁਨੇਹੇ ਵਿੱਚ ਕਿਹਾ ਗਿਆ ਹੈ ਕਿ ਯੂਕਰੇਨ ਦੇ ਅਧਿਕਾਰੀ ਰੂਸੀ ਪੱਖ ਨਾਲ ਗੱਲਬਾਤ ਕਰ ਰਹੇ ਹਨ ਕਿ ਲੋਕਾਂ ਨੂੰ ਨਿਕਲਣ ਲਈ ਦਿੱਤੇ ਗਏ ਲਾਂਘੇ ਉੱਪਰ ਗੋਲੀਬੰਦੀ ਦੀ ਪਾਲਣਾ ਕੀਤੀ ਜਾਵੇ।

    ਯੂਕਰੇਨ ਤੋਂ ਬੀਬੀਸੀ ਪੱਤਰਕਾਰ ਜੋਲ ਗੁੰਟੇਰ ਨੇ ਦੱਸਿਆ ਹੈ ਕਿ ਸ਼ਹਿਰ ਦੇ ਉੱਪਰ ਵੀ ਗੋਲੀਬਾਰੀ ਹੋ ਰਹੀ ਹੈ।

    ਮਾਰੀਉਪੋਲ ਸ਼ਹਿਰ ਦੇ ਡਿਪਟੀ ਮੇਅਰ ਨੇ ਬੀਬੀਸੀ ਨੂੰ ਦੱਸਿਆ,''ਰੂਸੀਆਂ ਵੱਲੋਂ ਸਾਡੇ ਉੱਪਰ ਬੰਬ ਵਰ੍ਹਾਉਣੇ ਅਤੇ ਤੋਪਖਾਨੇ ਦੀ ਵਰਤੋਂ ਜਾਰੀ ਹੈ।''

    ਉਨ੍ਹਾਂ ਨੇ ਕਿਹਾ ਮਾਰੀਉਪੋਲ ਵਿੱਚ ਪੂਰੇ ਲਾਂਘੇ ਦੇ ਨਾਲ ਕੋਈ ਗੋਲੀਬੰਦੀ ਨਹੀਂ ਹੈ। ਸਾਡੇ ਸ਼ਹਿਰੀ ਨਿਕਲਣ ਲਈ ਤਿਆਰ ਹਨ ਪਰ ਉਹ ਸ਼ੈਲਿੰਗ ਦੇ ਅੰਦਰ ਤਾਂ ਨਹੀਂ ਨਾ ਜਾ ਸਕਦੇ।''

  20. ਯੂਕਰੇਨ - ਰੂਸ ਜੰਗ : ‘ਯੂਕਰੇਨ ਬਚਿਆ ਤਾਂ ਸਾਡੀ ਡਿਗਰੀ ਵੀ ਬਚ ਜਾਵੇਗੀ’

    ਯੂਕਰੇਨ ਤੋਂ ਵਿਦਿਆਰਥੀਆਂ ਦਾ ਆਉਣਾ ਜਾਰੀ ਹੈ। ਪੰਜਾਬ ਦੇ ਲੁਧਿਆਣਾ ਤੇ ਬਟਾਲਾ ਦੀਆਂ ਮੈਡੀਕਲ ਵਿਦਿਆਰਥਣਾਂ ਹਾਲ ਹੀ ’ਚ ਦੇਸ਼ ਪਰਤੀਆਂ ਹਨ।

    ਯੂਕਰੇਨ ’ਚ ਜੰਗ ਦੇ ਦਿਨਾਂ ਵਿੱਚ ਆਪਣੇ ਤਜਰਬੇ ਇਨ੍ਹਾਂ ਵਿਦਿਆਰਥਣਾਂ ਨੇ ਬੀਬੀਸੀ ਪੰਜਾਬੀ ਨਾਲ ਸਾਂਝੇ ਕੀਤੇ ਹਨ।

    ਰੂਸ ਅਤੇ ਯੂਕਰੇਨ ਵਿਚਾਲੇ ਜੰਗ ਦਾ ਅੱਜ 10ਵਾਂ ਦਿਨ ਹੈ।

    ਭਾਰਤ ਸਰਕਾਰ ਵੱਲੋਂ ਯੂਕਰੇਨ ਵਿੱਚ ਫਸੇ ਭਾਰਤੀਆਂ ਨੂੰ ਮੁਲਕ ਲਿਆਉਣ ਲਈ ‘ਆਪਰੇਸ਼ਨ ਗੰਗਾ’ ਜਾਰੀ ਹੈ।

    (ਰਿਪੋਰਟ – ਗੁਰਪ੍ਰੀਤ ਚਾਵਲਾ ਤੇ ਗੁਰਮਿੰਦਰ ਗਰੇਵਾਲ, ਐਡਿਟ – ਸਦਫ਼ ਖ਼ਾਨ)