You’re viewing a text-only version of this website that uses less data. View the main version of the website including all images and videos.

Take me to the main website

ਯੂਕਰੇਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਰੂਸ ਛੱਡਣ ਲਈ ਕਿਹਾ, ਇਮਾਨਦਾਰ ਗੱਲਬਾਤ ਲਈ ਤਿਆਰ ਹਾਂ -ਪੁਤਿਨ

ਪੁਤਿਨ ਨੇ ਐਲਾਨ ਕੀਤਾ ਸੀ ਕਿ ਰੂਸੀ ਫ਼ੌਜਾਂ ਪੂਰਬੀ ਯੂਕਰੇਨ ਵਿੱਚ ਦਾਖਲ ਹੋਣਗੀਆਂ ਅਤੇ ਵੱਖਵਾਦੀ ਇਲਾਕਿਆਂ ਵਿੱਚ 'ਸ਼ਾਂਤੀ ਕਾਇਮ ਕਰਨ ਦੀ ਦਿਸ਼ਾ ਵੱਲ ਕੰਮ ਕਰਨਗੀਆਂ'

ਲਾਈਵ ਕਵਰੇਜ

  1. ਲਾਇਵ ਪੰਨੇ ਨੂੰ ਵਿਰਾਮ! ਧੰਨਵਾਦ

    ਯੂਕਰੇਨ-ਰੂਸ ਵਿਵਾਦ ਬਾਰੇ ਬੀਬੀਸੀ ਪੰਜਾਬੀ ਦੇ ਇਸ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦੇ ਰਹੇ ਹਾਂ। ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਭ ਦਾ ਧੰਨਵਾਦ।

    ਅਹਿਮ ਘਟਨਾਕ੍ਰਮਾਂ ਦੀ ਅਪਡੇਟ

    • ਰੂਸ ਈਮਾਨਦਾਰ ਗੱਲਬਾਤ ਲਈ ਤਿਆਰ ਹੈ ਪਰ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਹੋਵੇਗਾ-ਵਲਾਦੀਮੀਰ ਪੁਤਿਨ
    • ਯੂਕਰੇਨ ਨੇ ਆਪਣੇ ਸਾਰੇ ਨਾਗਰਿਕਾਂ ਨੂੰ ਰੂਸ ਛੱਡ ਕੇ ਤੁਰੰਤ ਵਤਨ ਪਤਰਣ ਲਈ ਕਿਹਾ ਹੈ।
    • ਭਾਰਤੀ ਦੂਤਾਵਾਸ ਨੇ ਵੀ ਆਪਣੇ ਨਾਗਰਿਕਾਂ ਨੂੰ ਕਿਹਾ ਹੈ ਕਿ ਜੇਕਰ ਜਿਆਦਾ ਜਰੂਰੀ ਨਹੀਂ ਤਾਂ ਉਨ੍ਹਾਂ ਨੂੰ ਵਤਨ ਮੁੜ ਆਉਣਾ ਚਾਹੀਦਾ ਹੈ।
    • ਅਮਰੀਕਾ ਦੀ ਪੁਲਾੜ ਤਕਨਾਲੋਜੀ ਕੰਪਨੀ ਮੈਕਸਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨ ਰੂਸ ਦੇ ਨਜ਼ਦੀਕ ਸਰਹੱਦ ਕੋਲ ਕਈ ਫ਼ੌਜੀ ਟੁਕੜੀਆਂ ਲਗਾਈਆਂ ਗਈਆਂ ਹਨ।
    • ਯੂਕਰੇਨ ਨੇ ਦਾਅਵਾ ਕੀਤਾ ਹੈ ਕਿ ਉਸ ਦੀਆਂ ਕਈ ਸਰਕਾਰੀ ਵੈੱਬਸਾਈਟ ਉੱਤੇ ਸਾਈਬਰ ਹਮਲੇ
    • ਯੂਕਰੇਨ ਨਾਲ ਵਿਵਾਦ ਮਾਮਲੇ ਉੱਤੇ ਰੋਸ ਜਾਹਰ ਕਰਨ ਲਈ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਕੀਤੇ ਰੂਸੀ ਰਾਜਦੂਤ ਤਲਬ
    • ਅਮਰੀਕਾ ,ਯੂਕੇ ਸਮੇਤ ਕਈ ਦੇਸ਼ਾਂ ਨੇ ਰੂਸ ਉਤੇ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ
    • ਰੂਸ ਦੇ ਕੂਟਨੀਤਕਾਂ ਨੇ ਯੂਕਰੇਨ ਤੋਂ ਵਤਨ ਵਾਪਸੀ ਕੀਤੀ ਸ਼ੁਰੂ
  2. ਯੂਕਰੇਨ ਦੀਆਂ ਕਈ ਸਰਕਾਰੀ ਵੈੱਬਸਾਈਟ ਉੱਤੇ ਸਾਈਬਰ ਹਮਲੇ

    ਯੂਕਰੇਨ ਸਰਕਾਰ ਨਾਲ ਸਬੰਧਿਤ ਕਈ ਵੈੱਬਸਾਈਟ ਉੱਤੇ ਸਾਈਬਰ ਹਮਲੇ ਹੋਏ ਹਨ।

    ਇਸ ਸਾਈਬਰ ਹਮਲੇ ਵਿੱਚ ਯੂਕਰੇਨ ਦੀ ਸੰਸਦ,ਵਿਦੇਸ਼ ਮੰਤਰਾਲੇ ਅਤੇ ਸੁਰੱਖਿਆ ਨਾਲ ਸੰਬੰਧਿਤ ਕਈ ਵੈੱਬਸਾਈਟ ਪ੍ਰਭਾਵਿਤ ਹੋਈਆਂ ਹਨ।

    ਇਸ ਦੇ ਨਾਲ ਹੀ ਯੂਕੇ ਦੀ ਗ੍ਰਹਿ ਸਕੱਤਰ ਪ੍ਰੀਤੀ ਪਟੇਲ ਨੇ ਵੀ ਦੇਸ਼ ਵਿੱਚ ਸਾਈਬਰ ਹਮਲੇ ਹੋਣ ਦੀ ਅਸ਼ੰਕਾ ਜ਼ਾਹਿਰ ਕੀਤੀ ਹੈ।

  3. ਆਸਟ੍ਰੇਲੀਆ ਤੇ ਨਿਊਜ਼ੀਲੈਂਡ ਨੇ ਕੀਤੇ ਰੂਸੀ ਰਾਜਦੂਤ ਤਲਬ

    ਯੂਕਰੇਨ ਅਤੇ ਰੂਸ ਦਰਮਿਆਨ ਪੈਦਾ ਹੋਈ ਹੈ ਰਾਤ ਤੋਂ ਬਾਅਦ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨੇ ਰੂਸ ਦੇ ਰਾਜਦੂਤਾਂ ਨੂੰ ਤਲਬ ਕੀਤਾ ਹੈ।

    ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮਾਰਿਸਨ ਨੇ ਇੱਕ ਬਿਆਨ ਵਿੱਚ ਆਖਿਆ ਕਿ ਉਨ੍ਹਾਂ ਦੀ ਸਰਕਾਰ ਫ਼ਿਲਹਾਲ ਰੂਸ ਦੇ ਰਾਜਦੂਤ ਨੂੰ ਦੇਸ਼ ਵਿੱਚ ਵਾਪਸ ਭੇਜਣ ਬਾਰੇ ਕੋਈ ਕਦਮ ਨਹੀਂ ਚੁੱਕ ਰਹੀ ਪਰ ਇਸ ਮਸਲੇ ਬਾਰੇ ਦੂਜੇ ਦੇਸ਼ਾਂ ਨਾਲ ਚਰਚਾ ਕੀਤੀ ਜਾਵੇਗੀ।

    ਜ਼ਿਕਰਯੋਗ ਹੈ ਕਿ ਕਿਸੇ ਵੀ ਦੇਸ਼ ਦੇ ਰਾਜਦੂਤ ਨੂੰ ਵਾਪਸ ਭੇਜਣਾ ਕੂਟਨੀਤਿਕ ਕਾਰਵਾਈ ਵਿੱਚ ਇਕ ਸਖ਼ਤ ਕਦਮ ਦੇ ਤੌਰ 'ਤੇ ਵੇਖਿਆ ਜਾਂਦਾ ਹੈ।

  4. 'ਯੂਕਰੇਨ 'ਚ ਫਸੇ ਪੰਜਾਬੀ ਮੁੰਡੇ ਦੀ ਮਾਂ ਦਾ ਦੁੱਖ, 'ਸਾਨੂੰ ਰਾਤਾਂ ਨੂੰ ਨੀਂਦ ਨਹੀਂ ਆਉਂਦੀ'

    ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਬਹੁਤ ਸਾਰੇ ਪੰਜਾਬੀ ਵੀ ਪ੍ਰਭਾਵਿਤ ਹੋਏ ਹਨ। ਪੰਜਾਬ ਤੋਂ ਜਿਹੜੇ ਵਿਦਿਆਰਥੀ ਪੜ੍ਹਨ ਯੂਕਰੇਨ ਗਏ ਹਨ, ਉਨ੍ਹਾਂ ਦੇ ਮਾਪੇ ਇੱਥੇ ਪਰੇਸ਼ਾਨ ਹਨ।

    ਬੀਬੀਸੀ ਵੱਲੋਂ ਕੁਝ ਮਾਪਿਆਂ ਨਾਲ ਗੱਲ ਕੀਤੀ ਗਈ ਜਿਨ੍ਹਾਂ ਨੇ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ।

    ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਮਾਛੀਵਾੜਾ ਦਾ ਆਯੂਸ਼ ਗਰਗ ਵੀ ਉੱਥੇ ਪੜ੍ਹਾਈ ਲਈ ਗਿਆ ਹੈ, ਉਨ੍ਹਾਂ ਦੇ ਮਾਪੇ ਵੀ ਚਿੰਤਤ ਹਨ।

    ਕੋਟਕਪੁਰਾ ਤੋਂ ਵੀਜ਼ਾ ਸਲਾਹਕਾਰ ਗਗਨਦੀਪ ਜਿੰਦਲ ਨੇ ਕਈ ਵਿਦਿਆਰਥੀ ਯੂਕਰੇਨ ਭੇਜੇ ਹਨ।

    ਉਨ੍ਹਾਂ ਨੇ ਨੌਜਵਾਨਾਂ ਦਾ ਉੱਥੇ ਜਾਣ ਦਾ ਕਾਰਨ ਅਤੇ ਉੱਥੋਂ ਦੇ ਮਾਹੌਲ ਬਾਰੇ ਦੱਸਿਆ।

    ਰਿਪੋਰਟ- ਗੁਰਮਿੰਦਰ ਗਰੇਵਾਲ ਅਤੇ ਭਰਤ ਭੂਸ਼ਣ ਐਡਿਟ- ਸਦਫ਼ ਖ਼ਾਨ

  5. ਰੂਸ ਦੇ ਕੂਟਨੀਤਕਾਂ ਨੇ ਯੂਕਰੇਨ ਤੋਂ ਵਤਨ ਵਾਪਸੀ ਕੀਤੀ ਸ਼ੁਰੂ

    ਰੂਸ ਅਤੇ ਯੂਕਰੇਨ ਦਰਮਿਆਨ ਵਧਦੀ ਤਲਖ਼ੀ ਤੋਂ ਬਾਅਦ ਰੂਸ ਦੇ ਕੂਟਨੀਤਕਾਂ ਨੇ ਯੂਕਰੇਨ ਦੀ ਰਾਜਧਾਨੀ ਕੀਵ ਵਿਖੇ ਰੂਸੀ ਦੂਤਾਵਾਸ ਤੋਂ ਨਿਕਲਣਾ ਸ਼ੁਰੂ ਕਰ ਦਿੱਤਾ ਹੈ।

    ਖਬਰ ਏਜੰਸੀ ਏਐਫਪੀ ਅਤੇ ਟਾਸ ਨੇ ਇਸ ਦੀ ਪੁਸ਼ਟੀ ਕੀਤੀ ਹੈ।

    ਰੂਸ ਦੇ ਵਿਦੇਸ਼ ਮੰਤਰਾਲੇ ਨੇ ਕੱਲ੍ਹ ਇਸ ਇਸ ਦਾ ਐਲਾਨ ਕੀਤਾ ਸੀ।

    ਵਿਦੇਸ਼ ਮੰਤਰਾਲੇ ਮੁਤਾਬਕ ਯੂਕਰੇਨ ਵਿੱਚ ਰੂਸ ਦੇ ਦੂਤਾਵਾਸ ਉੱਤੇ 'ਕਈ ਹਮਲਿਆਂ' ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ।

    ਜ਼ਿਕਰਯੋਗ ਹੈ ਕਿ ਰੂਸ ਦੇ ਐਲਾਨ ਤੋਂ ਬਾਅਦ ਦੁਨੀਆਂ ਭਰ ਵਿੱਚ ਯੂਕਰੇਨ ਦੇ ਨਾਗਰਿਕਾਂ ਵੱਲੋਂ ਰੂਸ ਦੇ ਸਰਾਫਤਖਾਨਿਆਂ ਬਾਹਰ ਪ੍ਰਦਰਸ਼ਨ ਕੀਤਾ ਗਿਆ ਹੈ।

    ਟਾਸ ਮੁਤਾਬਕ ਯੂਕਰੇਨ ਤੋਂ ਰੂਸ ਲਈ ਵਾਪਸੀ ਅੱਜ ਹੀ ਸ਼ੁਰੂ ਹੋ ਗਈ ਸੀ।

  6. ਯੂਕਰੇਨ ਰੂਸ ਸੰਕਟ-ਵੇਖੋ ਇਨ੍ਹਾਂ ਤਸਵੀਰਾਂ ਰਾਹੀਂ

    ਭਾਰਤ,ਯੂਕਰੇਨ ਤੇ ਦੁਨੀਆਂ ਦੇ ਹੋਰ ਹਿੱਸਿਆਂ ਤੋਂ ਇਹ ਤਸਵੀਰਾਂ ਯੂਕਰੇਨ ਅਤੇ ਰੂਸ ਦਰਮਿਆਨ ਹੋਈ ਤਲਖ਼ੀ ਤੋਂ ਬਾਅਦ ਦੇ ਹਾਲਾਤਾਂ ਨੂੰ ਦੱਸ ਰਹੀਆਂ ਹਨ।

  7. ਰੂਸ ਈਮਾਨਦਾਰ ਗੱਲਬਾਤ ਲਈ ਤਿਆਰ -ਵਲਾਦੀਮੀਰ ਪੁਤਿਨ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਆਖਿਆ ਕਿ ਰੂਸ ਹੁਣ ਵੀ ਯੂਕਰੇਨ ਦੇ ਮਾਮਲੇ ਵਿੱਚ ਪੱਛਮੀ ਦੇਸ਼ਾਂ ਦੇ ਨਾਲ ਮਿਲ ਕੇ ਹੱਲ ਲੱਭਣ ਲਈ ਤਿਆਰ ਹੈ।

    ਪੁਤਿਨ ਨੇ ਇਹ ਵੀ ਸਾਫ ਕੀਤਾ ਕਿ ਇਸ ਦੌਰਾਨ ਰੂਸ ਦੇ ਹਿੱਤ ਅਤੇ ਉਸ ਦੇ ਨਾਗਰਿਕਾਂ ਦੀ ਸੁਰੱਖਿਆ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।

    ਇਕ ਵੀਡੀਓ ਸੁਨੇਹੇ ਰਾਹੀਂ ਰੂਸੀ ਨੇਤਾ ਨੇ ਆਖਿਆ ਕਿ ਸ਼ੁਰੂ ਤੋਂ ਲੈ ਕੇ ਹੁਣ ਤਕ ਉਹ ਇੱਕ ਇਮਾਨਦਾਰ ਗੱਲਬਾਤ ਲਈ ਤਿਆਰ ਹਨ।

    ਰੂਸ ਅਤੇ ਯੂਕਰੇਨ ਦਰਮਿਆਨ ਵਧਦੀ ਤਲਖ਼ੀ ਤੋਂ ਬਾਅਦ ਉਪਗ੍ਰਹਿ ਤਸਵੀਰਾਂ ਰਾਹੀਂ ਸੈਨਾ ਦੀ ਗਤੀਵਿਧੀ ਵਿੱਚ ਵਾਧਾ ਵੀ ਦੇਖਿਆ ਗਿਆ ਹੈ।

  8. ਯੂਕਰੇਨ-ਰੂਸ ਝਗੜੇ ਦਾ ਕਾਰਨ ਕੀ ਹੈ ਅਤੇ ਇਹ ਹੈ ਇਤਿਹਾਸ

    ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਲੰਘੀ ਕਿਹਾ ਕਿ ਰੂਸੀ ਫ਼ੌਜਾਂ ਪੂਰਬੀ ਯੂਕਰੇਨ ਵਿੱਚ ਦਾਖਲ ਹੋਣਗੀਆਂ ਅਤੇ ਵੱਖਵਾਦੀ ਇਲਾਕਿਆਂ ਵਿੱਚ ਸ਼ਾਂਤੀ ਕਾਇਮ ਕਰਨ ਦੀ ਦਿਸ਼ਾ ਵੱਲ ਕੰਮ ਕਰਨਗੀਆਂ।

    ਹਾਲਾਂਕਿ ਉੱਧਰ ਯੂਕੇ ਦੇ ਸਿਹਤ ਸਕੱਤਰ ਸਾਜਿਦ ਜਾਵਿਦ ਨੇ ਸਕਾਈ ਨਿਊਜ਼ ਨੂੰ ਕਿਹਾ ਹੈ ਕਿ ਰੂਸ ਯੂਕਰੇਨ ਤੇ ਚੜ੍ਹਾਈ ਕਰ ਚੁੱਕਿਆ ਹੈ ਇਸ ਲਈ ਬ੍ਰਿਟੇਨ ਰੂਸ ’ਤੇ ਪਾਬੰਦੀਆਂ ਲਗਾਵੇਗਾ। ਸਮਝੋ ਇਸ ਪੂਰੇ ਵਿਵਾਦ ਦੀ ਜੜ੍ਹ ਹੈ ਕੀ।

  9. ਯੂਕਰੇਨ ਕਰੇਗਾ ਐਮਰਜੈਂਸੀ ਦਾ ਐਲਾਨ- ਸੀਨੀਅਰ ਸੁਰੱਖਿਆ ਅਧਿਕਾਰੀ

    ਯੂਕਰੇਨ ਵਿੱਚ ਐਮਰਜੈਂਸੀ ਐਲਾਨੀ ਜਾਏਗੀ ਅੱਜ ਇਸ ਦਾ ਫ਼ੈਸਲਾ ਦੇਸ਼ ਦੀ ਕੌਮੀ ਸੁਰੱਖਿਆ ਕੌਂਸਲ ਵੱਲੋਂ ਲਿਆ ਗਿਆ ਹੈ।

    ਫਿਲਹਾਲ ਇਸ ਫ਼ੈਸਲੇ ਨੂੰ ਲਾਗੂ ਹੋਣ ਲਈ ਯੂਕਰੇਨ ਦੇ ਸੰਸਦ ਦਾ ਸਮਰਥਨ ਵੀ ਜ਼ਰੂਰੀ ਹੈ।

    ਕੌਮੀ ਸੁਰੱਖਿਆ ਕੌਂਸਲ ਦੀ ਬੈਠਕ ਤੋਂ ਬਾਅਦ ਸੀਨੀਅਰ ਸੁਰੱਖਿਆ ਅਧਿਕਾਰੀ ਅਲੈਕਸੀ ਦਾਨੀਲੋਵ ਨੇ ਆਖਿਆ ਕਿ ਸਾਰੇ ਦੇਸ਼ ਵਿੱਚ ਐਮਰਜੈਂਸੀ ਲੱਗੇਗੀ।

    ਦੋਨੇਤਸਕ ਅਤੇ ਲੁਹਾਂਸਕ ਇਲਾਕੇ ਐਮਰਜੈਂਸੀ ਤੋਂ ਬਾਹਰ ਰਹਿਣਗੇ ਕਿਉਂਕਿ ਇੱਥੇ ਬਾਗੀਆਂ ਅਤੇ ਯੂਕਰੇਨ ਦੀਆਂ ਫੌਜਾਂ ਦਰਮਿਆਨ ਪਹਿਲਾਂ ਹੀ ਜੰਗ ਵਰਗੇ ਹਾਲਾਤ ਹਨ।

    ਉਨ੍ਹਾਂ ਨੇ ਕਿਹਾ ਕਿ ਐਮਰਜੈਂਸੀ ਸ਼ੁਰੂਆਤੀ ਦੌਰ ਵਿੱਚ 30 ਦਿਨ ਲਈ ਜਾਰੀ ਰਹੇਗੀ।

  10. ਨਾਟੋ ਕੀ ਹੈ ਅਤੇ ਰੂਸ ਇਸ ਉੱਤੇ ਭਰੋਸਾ ਕਿਉਂ ਨਹੀਂ ਕਰ ਰਿਹਾ

    ਨਾਟੋ - ਨੌਰਥ ਐਟਲਾਂਟਿਕ ਟਰੀਟੀ ਆਰਗੇਨਾਈਜ਼ੇਸ਼ਨ, ਇੱਕ ਮਿਲਟਰੀ ਗਠਜੋੜ ਹੈ, ਜਿਸ ਦੀ ਸਥਾਪਨਾ 12 ਦੇਸ਼ਾਂ ਨੇ 1949 ਵਿੱਚ ਕੀਤੀ ਸੀ, ਇਨ੍ਹਾ ਦੇਸ਼ਾਂ ਵਿੱਚ ਅਮਰੀਕਾ, ਕੈਨੇਡਾ, ਯੂਕੇ ਅਤੇ ਫਰਾਂਸ ਵੀ ਸਾਮਲ ਹਨ।

    ਨਾਟੋ ਮੈਂਬਰ ਕਿਸੇ ਇੱਕ ਦੇਸ਼ ਵਿਰੁੱਧ ਹਥਿਆਰਬੰਦ ਹਮਲੇ ਦੀ ਸਥਿਤੀ ਵਿੱਚ ਇੱਕ-ਦੂਜੇ ਦੀ ਸਹਾਇਤਾ ਲਈ ਅੱਗੇ ਆਉਣ ਲਈ ਸਹਿਮਤ ਹੁੰਦੇ ਹਨ।

    ਅਸਲ ਵਿੱਚ ਨਾਟੋ ਦਾ ਅਸਲ ਮਕਸਦ ਯੂਰਪ ਵਿੱਚ ਯੁੱਧ ਤੋਂ ਬਾਅਦ ਦੇ ਰੂਸੀ ਵਿਸਤਾਰ ਦੇ ਖ਼ਤਰੇ ਦਾ ਮੁਕਾਬਲਾ ਕਰਨਾ ਸੀ।

    ਵਧੇਰੇ ਜਾਣਕਾਰੀ ਲਈ ਪੜ੍ਹੋ ਇਹ ਰਿਪੋਰਟ

  11. ਨਵੀਂਆਂ ਫ਼ੌਜੀ ਟੁਕੜੀਆਂ ਸਰਹੱਦ ਕੋਲ ਪੁੱਜੀਆਂ-ਮੈਕਸਰ

    ਅਮਰੀਕਾ ਦੀ ਪੁਲਾੜ ਤਕਨਾਲੋਜੀ ਕੰਪਨੀ ਮੈਕਸਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਯੂਕਰੇਨ ਰੂਸ ਦੇ ਨਜ਼ਦੀਕ ਸਰਹੱਦ ਕੋਲ ਕਈ ਫ਼ੌਜੀ ਟੁਕੜੀਆਂ ਲਗਾਈਆਂ ਗਈਆਂ ਹਨ।

    ਮੈਕਸਰ ਵੱਲੋਂ ਉਪਗ੍ਰਹਿ ਰਾਹੀਂ ਲਈਆਂ ਗਈਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ।

    ਇਹ ਦਾਅਵਾ ਕੀਤਾ ਗਿਆ ਹੈ ਕਿ ਸੌ ਤੋਂ ਵੱਧ ਵਾਹਨ ਦੱਖਣੀ ਬੈਲਾਰੂਸ ਅਤੇ ਦੱਖਣੀ ਰੂਸ ਕੋਲ ਦੇਖੇ ਗਏ ਹਨ। ਇਹ ਇਲਾਕੇ ਯੂਕਰੇਨ ਦੀ ਸਰਹੱਦ ਦੇ ਨਜ਼ਦੀਕ ਹਨ।

  12. ਯੂਕਰੇਨ: ਇਹ ਨਾਗਰਿਕ ਫ਼ੌਜੀ ਸਿਖਲਾਈ ਲੈ ਕੇ ਕੀ ਕਰਨਾ ਚਾਹੁੰਦੇ ਹਨ

    ਯੂਕਰੇਨ ਨੇ ਇੱਕ ਕਾਨੂੰਨੀ ਸੋਧ ਰਾਹੀਂ ਆਪਣੇ ਨਾਗਿਰਕਾਂ ਨੂੰ ਯੁੱਧ ਦਾ ਹਿੱਸਾ ਬਣਨ ਦੀ ਖੁੱਲ੍ਹ ਦਿੱਤੀ ਹੈ।

    ਲੋਕ ਸਵੈ-ਇੱਛਾ ਨਾਲ ਫ਼ੌਜੀ ਸਿਖਲਾਈ ਲੈ ਰਹੇ ਹਨ। ਯੂਕਰੇਨ ਦੇ ਇਹ ਨਾਗਰਿਕ ਸਿਪਾਹੀ, ਫ਼ੌਜੀ ਵੀ ਹਨ ਅਤੇ ਵਿਹਲ ਦੌਰਾਨ ਫ਼ੌਜੀ ਸਿਖਲਾਈ ਵੀ ਲੈ ਰਹੇ ਹਨ।

    ਬੀਬੀਸੀ ਨੇ ਅਜਿਹੇ ਹੀ ਇੱਕ ਫ਼ੌਜੀ ਨਾਲ ਗੱਲਬਾਤ ਕੀਤੀ।

  13. ਸੰਯੁਕਤ ਰਾਸ਼ਟਰ ਵਿੱਚ ਯੂਕਰੇਨ ਉਪਰ ਚਰਚਾ ਅੱਜ,ਨਜ਼ਰਾਂ ਚੀਨ ਉੱਪਰ

    ਸੰਯੁਕਤ ਰਾਸ਼ਟਰ ਮਹਾਂ ਸਭਾ ਵਿੱਚ ਯੂਕਰੇਨ ਦੀ ਸਥਿਤੀ ਉੱਪਰ ਅੱਜ ਚਰਚਾ ਕੀਤੀ ਜਾਵੇਗੀ।

    ਨਿਊਯਾਰਕ ਵਿੱਚ ਹੋਣ ਵਾਲੀ ਇਸ ਚਰਚਾ ਦੌਰਾਨ ਸਭ ਦੀਆਂ ਨਜ਼ਰਾਂ ਚੀਨ ਉੱਤੇ ਰਹਿਣਗੀਆਂ।

    ਚੀਨ ਦੇ ਨੁਮਾਇੰਦੇ ਨੇ ਕੱਲ੍ਹ ਰੂਸ ਦੀ ਗਤੀਵਿਧੀ ਦੀ ਕੋਈ ਨਿੰਦਿਆ ਨਹੀਂ ਕੀਤੀ ਸੀ।

    ਜ਼ਿਆਦਾਤਰ ਪੱਛਮੀ ਦੇਸ਼ਾਂ ਨੇ ਯੂਕਰੇਨ ਦਾ ਸਾਥ ਦਿੱਤਾ ਹੈ।

    ਪੱਛਮੀ ਦੇਸ਼ਾਂ ਵੱਲੋਂ ਰੂਸ ਉੱਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਵੀ ਲਗਾਈਆਂ ਗਈਆਂ ਹਨ ਪਰ ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਆਖਿਆ ਗਿਆ ਸੀ ਕਿ ਪਾਬੰਦੀਆਂ ਹਾਲਾਤਾਂ ਦੇ ਹੱਲ ਕੱਢਣ ਦਾ ਕੋਈ ਵਧੀਆ ਤਰੀਕਾ ਨਹੀਂ ਹੈ।

  14. ਯੂਕਰੇਨ ਨੇ ਰੂਸ ਉਤੇ ਹੋਰ ਪਾਬੰਦੀਆਂ ਦੀ ਕੀਤੀ ਮੰਗ

    ਰੂਸ ਅਤੇ ਯੂਕਰੇਨ ਦਰਮਿਆਨ ਵਿਗੜੇ ਹਾਲਾਤਾਂ ਤੋਂ ਬਾਅਦ ਅਮਰੀਕਾ ,ਯੂਕੇ ਸਮੇਤ ਕਈ ਦੇਸ਼ਾਂ ਨੇ ਰੂਸ ਉਤੇ ਵੱਖ ਵੱਖ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਹਨ।

    ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਟਵੀਟ ਕਰਦਿਆਂ ਆਖਿਆ ਹੈ ਕਿ ਰੂਸ ਉੱਪਰ ਹੋਰ ਸਖ਼ਤ ਪਾਬੰਦੀਆਂ ਲਗਾਈਆਂ ਜਾਣ।

    ਰੂਸ ਉੱਤੇ ਦਬਾਅ ਵਧਾਇਆ ਜਾਵੇ ਅਤੇ ਆਰਥਿਕ ਸਥਿਤੀ ਨੂੰ ਪ੍ਰਭਾਵਿਤ ਕੀਤਾ ਜਾਵੇ।

    ਵਿਦੇਸ਼ ਮੰਤਰੀ ਨੇ ਆਖਿਆ ਕਿ ਰੂਸ ਦੀ ਆਰਥਿਕਤਾ ਨੂੰ ਹੋਰ ਤਿੱਖੀ ਅਤੇ ਡੂੰਘੀ ਸੱਟ ਮਾਰੀ ਜਾਣੀ ਚਾਹੀਦੀ ਹੈ।

  15. ਯੂਕਰੇਨ-ਰੂਸ ਤਣਾਅ: ਨਾਟੋ ਕੀ ਹੈ ਤੇ ਇਸ ਨੇ ਯੂਕਰੇਨ ਨੂੰ ਕਿਹੜੇ ਵਚਨ ਦਿੱਤੇ ਹਨ

    ਨਾਟੋ ਦੇ ਮੈਂਬਰ ਦੇਸ਼ ਇਸ ਗੱਲ 'ਤੇ ਵਿਚਾਰ ਕਰ ਰਹੇ ਹਨ ਕਿ ਰੂਸ ਵੱਲੋਂ ਯੂਕਰੇਨ 'ਤੇ ਹਮਲਾ ਕਰਨ ਦੀ ਹਾਲਤ ਵਿੱਚ ਉਨ੍ਹਾਂ ਨੂੰ ਕੀ ਕਰਨਾ ਚਾਹੀਦਾ ਹੈ।

    ਅਮਰੀਕਾ, ਯੂਕੇ, ਫਰਾਂਸ ਅਤੇ ਜਰਮਨੀ ਵਾਲੇ ਗਠਜੋੜ ਦੇਸ਼ਾਂ ਨੇ ਰੂਸ ਦੀ ਸਰਹੱਦ 'ਤੇ ਫੌਜਾਂ ਨੂੰ ਭੇਜਿਆ ਹੈ ਅਤੇ ਕੁਝ ਦੇਸ਼ਾਂ ਨੇ ਯੂਕਰੇਨ ਨੂੰ ਫੌਜੀ ਮਦਦ ਦਿੱਤੀ ਹੈ।

    ਸਮਝੋ ਨਾਟੋ ਹੈ ਕੀ, ਇਸਦਾ ਰੂਸ ਅਤੇ ਯੂਕਰਨੇ ਨਾਲ ਅਤੀਤ ਕੀ ਰਿਹਾ ਹੈ ਅਤੇ ਇਸ ਨੇ ਯੂਕਰੇਨ ਨੂੰ ਕਿਹੜੇ ਵਚਨ ਦਿੱਤੇ ਹਨ।

  16. ਯੂਕਰੇਨ ਨੇ ਆਪਣੇ ਨਾਗਰਿਕਾਂ ਨੂੰ ਸੱਦਿਆ ਵਾਪਿਸ

    ਰੂਸ ਅਤੇ ਯੂਕਰੇਨ ਦਰਮਿਆਨ ਵਧਦੀ ਤਲਖ਼ੀ ਤੋਂ ਬਾਅਦ ਯੂਕਰੇਨ ਨੇ ਆਪਣੇ ਨਾਗਰਿਕਾਂ ਨੂੰ ਰੂਸ ਤੋਂ ਵਾਪਸ ਬੁਲਾ ਲਿਆ ਹੈ।

    ਇਸ ਦੇ ਨਾਲ ਆਪਣੇ ਨਾਗਰਿਕਾਂ ਨੂੰ ਰੂਸ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ।

    ਯੂਕਰੇਨ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਆਖਿਆ ਗਿਆ ਹੈ ਕਿ ਜੋ ਨਾਗਰਿਕ ਰੂਸ ਵਿ$ਚ ਹਨ ਉਹ ਛੇਤੀ ਤੋਂ ਛੇਤੀ ਇਲਾਕੇ ਨੂੰ ਛੱਡ ਕੇ ਵਾਪਸ ਆ ਜਾਣ।

    ਯੂਕਰੇਨ ਦੇ ਇਸ ਕਦਮ ਨਾਲ ਰੂਸ ਵਿੱਚ ਰਹਿੰਦੇ ਲੱਖਾਂ ਨਾਗਰਿਕ ਪ੍ਰਭਾਵਿਤ ਹੋ ਸਕਦੇ ਹਨ।

    ਜ਼ਿਕਰਯੋਗ ਹੈ ਕਿ ਮੰਗਲਵਾਰ ਰਾਤ ਤਕਰੀਬਨ 242 ਭਾਰਤੀ ਨਾਗਰਿਕ ਵੀ ਵਿਸ਼ੇਸ਼ ਉਡਾਨ ਰਾਹੀਂ ਯੂਕਰੇਨ ਤੋਂ ਦਿੱਲੀ ਪੁੱਜੇ ਹਨ।

  17. ਯੂਕਰੇਨ ਵਾਸੀ ਜੰਗ ਦੇ ਸਾਏ ਹੇਠ 'ਚੜ੍ਹਦੀ ਕਲਾ' ਵਿੱਚ ਰਹਿਣ ਲਈ ਕੀ ਕਰ ਰਹੇ ਹਨ

    ਪਿਛਲੇ ਕੁਝ ਹਫ਼ਤਿਆਂ ਤੋਂ ਯੂਕਰੇਨ ਦੀ ਸਰਹੱਦ ਉੱਪਰ ਰੂਸੀ ਫ਼ੌਜ ਦੀ ਤੈਨਾਤੀ ਵਧਣ ਨਾਲ ਦੇਸ਼ ਦੇ ਬਾਕੀ ਹਿੱਸੇ ਉੱਪਰ ਵੀ ਸੰਕਟ ਦੇ ਬੱਦਲ ਘਿਰ ਆਏ ਹਨ।

    ਯੂਕਰੇਨ ਵਾਸੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਉਹ ਕਿਵੇਂ ਜੰਗ ਦੇ ਸਾਏ ਨਾਲ ਜੂਝ ਰਹੇ ਸਨ।

    ਪੜ੍ਹੋ ਇਸ ਰਿਪੋਰਟ ਵਿੱਚ।

  18. ਰੂਸ - ਯੂਕਰੇਨ ਸੰਕਟ: ਸੈਟੇਲਾਈਟ ਤਸਵੀਰਾਂ 'ਚ ਦਿਖਾਈ ਦਿੱਤੀਆਂ ਸਰਹੱਦ ਨੇੜੇ ਫੌਜਾਂ - ਮੈਕਸਰ

    ਯੂਐੱਸ ਸਪੇਸ ਟੈਕਨਾਲੋਜੀ ਕੰਪਨੀ, ਮੈਕਸਰ ਨੇ ਕਈ ਸੈਟੇਲਾਈਟ ਚਿੱਤਰ ਪ੍ਰਕਾਸ਼ਿਤ ਕੀਤੇ ਹਨ, ਜੋ ਦਿਖਾਉਂਦੇ ਹਨ ਕਿ ਇਹ ਪੱਛਮੀ ਰੂਸ ਵਿੱਚ ਨਵੀਆਂ ਫੌਜੀ ਟੁਕੜੀਆਂ ਅਤੇ ਯੰਤਰ ਤੈਨਾਤ ਕੀਤੇ ਗਏ ਹਨ।

    ਇਨ੍ਹਾਂ ਤਸਵੀਰਾਂ ਮੁਤਾਬਕ, ਦੱਖਣੀ ਬੇਲਾਰੂਸ ਵਿੱਚ 100 ਤੋਂ ਵੱਧ ਵਾਹਨ - ਸਾਰੇ ਯੂਕਰੇਨ ਦੀਆਂ ਸਰਹੱਦਾਂ ਦੇ ਨੇੜੇ ਦਿਖਾਈ ਦਿੱਤੇ ਹਨ।

    ਹਾਲ ਹੀ ਦੇ ਦਿਨਾਂ 'ਚ ਰੂਸ ਅਤੇ ਬੇਲਾਰੂਸ ਵਿਚਕਾਰ ਬੇਲਾਰੂਸ ਦੀ ਜ਼ਮੀਨ 'ਤੇ ਵੱਡੇ ਅਭਿਆਸ ਕਰ ਰਹੇ ਹਨ।

    ਦੋਵਾਂ ਵਿੱਚੋਂ ਕਿਸੇ ਨੇ ਵੀ ਇਨ੍ਹਾਂ ਤਸਵੀਰਾਂ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਵੇਖੋ ਤਸਵੀਰਾਂ...

  19. ਯੂਕਰੇਨ ਦੇ ਵਿਦੇਸ਼ ਮੰਤਰੀ ਨੇ ਕਿਹਾ, ਅਮਰੀਕਾ ਨੇ ਹੋਰ ਜ਼ਿਆਦਾ ਹਥਿਆਰ ਦੇਣ ਦਾ ਵਾਅਦਾ ਕੀਤਾ ਹੈ

    ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨੇ ਰੂਸ ਦੇ ਖਿਲਾਫ ਅਮਰੀਕੀ ਪਾਬੰਦੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਇਸਨੂੰ ਪਹਿਲਾ ਮਹੱਤਵਪੂਰਨ ਅਤੇ 'ਮਜ਼ਬੂਤ' ਕਦਮ ਕਿਹਾ ਹੈ।

    ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨਾਲ ਮੰਗਲਵਾਰ ਨੂੰ ਹੋਈ ਬੈਠਕ ਤੋਂ ਬਾਅਦ ਫੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਕੁਲੇਬਾ ਨੇ ਕਿਹਾ ਕਿ ਅਮਰੀਕਾ ਨੇ ਹੋਰ ਵਧੇਰੇ ਹਥਿਆਰਾਂ ਦੀ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ।

    ਹਾਲਾਂਕਿ, ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਕਰੇਨ ਆਪਣੀ ਜ਼ਮੀਨ 'ਤੇ ਅਮਰੀਕੀ ਸੈਨਿਕਾਂ ਨੂੰ ਭੇਜਣ ਅਤੇ ਸਥਿਤੀ ਨੂੰ ਨਿਯੰਤਰਿਤ ਕਰਨ ਦੀ ਮੰਗ ਨਹੀਂ ਕਰ ਰਿਹਾ ਹੈ।

    ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਯੂਕਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬਾ ਨਾਲ ਮੁਲਾਕਾਤ ਕਰਕੇ ਯੂਕਰੇਨ ਦੀ ਪ੍ਰਭੂਸੱਤਾ ਅਤੇ ਅਖੰਡਤਾ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਇਆ।

  20. ਯੂਕਰੇਨ ਰੂਸ ਸੰਕਟ: ਪੰਜਾਬ ਹਰਿਆਣਾ ਦੇ ਵਿਦਿਆਰਥੀਆਂ ਦੇ ਮਾਪੇ ਚਿੰਤਾ ਵਿੱਚ, ਸਰਕਾਰ ਨੂੰ ਕਰ ਰਹੇ ਹਨ ਅਪੀਲ

    ਰੂਸ ਅਤੇ ਯੂਕਰੇਨ ਵਿਚਾਲੇ ਚੱਲ ਰਹੇ ਤਣਾਅ ਕਾਰਨ ਬਹੁਤ ਸਾਰੇ ਪੰਜਾਬੀ ਵੀ ਪ੍ਰਭਾਵਿਤ ਹੋਏ ਹਨ। ਪੰਜਾਬ ਤੋਂ ਜਿਹੜੇ ਵਿਦਿਆਰਥੀ ਪੜ੍ਹਨ ਯੂਕਰੇਨ ਗਏ ਹਨ, ਉਨ੍ਹਾਂ ਦੇ ਮਾਪੇ ਇੱਥੇ ਪਰੇਸ਼ਾਨ ਹਨ।

    ਲੁਧਿਆਣਾ ਜ਼ਿਲ੍ਹੇ ਵਿੱਚ ਪੈਂਦੇ ਮਾਛੀਵਾੜਾ ਦਾ ਆਯੂਸ਼ ਗਰਗ ਵੀ ਉੱਥੇ ਪੜ੍ਹਾਈ ਲਈ ਗਿਆ ਹੈ, ਉਨ੍ਹਾਂ ਦੇ ਮਾਪੇ ਵੀ ਚਿੰਤਤ ਹਨ। ਕੋਟਕਪੁਰਾ ਤੋਂ ਵੀਜ਼ਾ ਸਲਾਹਕਾਰ ਗਗਨਦੀਪ ਜਿੰਦਲ ਨੇ ਕਈ ਵਿਦਿਆਰਥੀ ਯੂਕਰੇਨ ਭੇਜੇ ਹਨ।

    ਉਨ੍ਹਾਂ ਨੇ ਨੌਜਵਾਨਾਂ ਦਾ ਉੱਥੇ ਜਾਣ ਦਾ ਕਾਰਨ ਅਤੇ ਉੱਥੋਂ ਦੇ ਮਾਹੌਲ ਬਾਰੇ ਦੱਸਿਆ।