You’re viewing a text-only version of this website that uses less data. View the main version of the website including all images and videos.

Take me to the main website

ਅਫ਼ਗਾਨਿਸਤਾਨ: ਤਾਲਿਬਾਨ ਨੇ ਪੰਜਸ਼ੀਰ ਘਾਟੀ ਦੀ ਘੇਰਾਬੰਦੀ ਦਾ ਕੀਤਾ ਦਾਅਵਾ

ਤਾਲਿਬਾਨ ਨੇ ਅਫ਼ਗਾਨ ਰਾਜਧਾਨੀ ਕਾਬੁਲ ਦੇ ਉੱਤਰ ਵਿੱਚ ਤਾਲਿਬਾਨ ਵਿਰੋਧੀ ਤਾਕਤਾਂ ਦੇ ਆਖ਼ਰੀ ਅਹਿਮ ਗੜ੍ਹ ਪੰਜਸ਼ੀਰ ਘਾਟੀ ਦੀ ਘੇਰਾਬੰਦੀ ਦਾ ਦਾਅਵਾ ਕੀਤਾ ਹੈ।

ਲਾਈਵ ਕਵਰੇਜ

  1. ਅਸੀਂ ਆਪਣਾ ਅੱਜ ਦਾ Live page ਇੱਥੇ ਹੀ ਖ਼ਤਮ ਕਰਦੇ ਹਾਂ, ਸਾਡੇ ਨਾਲ ਜੁੜਨ ਲਈ ਧੰਨਵਾਦ।

  2. ਅਫਗਾਨਿਸਤਾਨ: 23 ਅਗਸਤ ਦਾ ਮੁੱਖ ਘਟਨਾਕ੍ਰਮ

    • ਤਾਲਿਬਾਨ ਨੇ ਅਫ਼ਗਾਨ ਰਾਜਧਾਨੀ ਕਾਬੁਲ ਦੇ ਉੱਤਰ ਵਿੱਚ ਤਾਲਿਬਾਨ ਵਿਰੋਧੀ ਤਾਕਤਾਂ ਦੇ ਆਖ਼ਰੀ ਅਹਿਮ ਗੜ੍ਹ ਪੰਜਸ਼ੀਰ ਘਾਟੀ ਦੀ ਘੇਰਾਬੰਦੀ ਦਾ ਦਾਅਵਾ ਕੀਤਾ ਹੈ।
    • ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫ਼ੈਸਲਾ, ਅਫਗਾਨਿਸਤਾਨ ਤੋਂ ਆਉਣ ਵਾਲੇ ਸਿੱਖਾਂ ਦੇ ਰਹਿਣ ਅਤੇ ਰੁਜ਼ਗਾਰ ਦਾ ਪ੍ਰਬੰਧ ਕੀਤਾ ਜਾਵੇਗਾ।
    • ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਾਬੁਲ ਵਿੱਚ ਇੱਕ ਮੀਟਿੰਗ ਦੌਰਾਨ ਕਿਹਾ ਹੈ ਕਿ ਅਫ਼ਗਾਨਿਸਤਾਨ ਛੱਡਣ ਵਾਲੇ ਲੋਕ ਜੇ ਵਾਪਸ ਪਰਤਦੇ ਹਨ ਤਾਂ ਉਨ੍ਹਾਂ ਉੱਤੇ ਕੋਈ ਖ਼ਤਰਾ ਨਹੀਂ ਹੈ।
    • ਬ੍ਰਿਟੇਨ 'ਚ ਆਰਮਡ ਫੋਰਸ ਦੇ ਮੰਤਰੀ ਜੇਮਸ ਹਿਪੇ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦਾ ਮਿਸ਼ਨ ਅਮਰੀਕੀ ਫੌਜੀਆਂ ਦੇ ਉੱਥੋਂ ਹਟਦੇ ਹੀ ਖ਼ਤਮ ਹੋਵੇਗਾ।
    • ਪੰਜਸ਼ੀਰ 'ਚ ਤਾਲਿਬਾਨ ਵਿਰੋਧੀ ਤਾਕਤਾਂ ਦਾ ਐਲਾਨ, ਜੰਗ ਲਈ ਤਿਆਰ ਹਾਂ ਅਸੀਂ'।
    • ਅਮਰੀਕਾ ਦੀ ਤਾਲਿਬਾਨ ਨੂੰ ਵਾਰਨਿੰਗ, 31 ਅਗਸਤ ਤੱਕ ਅਫਗਾਨਿਸਤਾਨ ਖਾਲੀ ਕਰੋ।
    • ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਭਾਰਤ ਆ ਰਹੇ ਹਨ ਅਫ਼ਗਾਨ ਸਿੱਖ।
  3. ਅਫ਼ਗਾਨਿਸਤਾਨ: ਤਾਲਿਬਾਨ ਨੇ ਪੰਜਸ਼ੀਰ ਘਾਟੀ ਦੀ ਘੇਰਾਬੰਦੀ ਦਾ ਕੀਤਾ ਦਾਅਵਾ

    ਤਾਲਿਬਾਨ ਨੇ ਅਫ਼ਗਾਨ ਰਾਜਧਾਨੀ ਕਾਬੁਲ ਦੇ ਉੱਤਰ ਵਿੱਚ ਤਾਲਿਬਾਨ ਵਿਰੋਧੀ ਤਾਕਤਾਂ ਦੇ ਆਖ਼ਰੀ ਅਹਿਮ ਗੜ੍ਹ ਪੰਜਸ਼ੀਰ ਘਾਟੀ ਦੀ ਘੇਰਾਬੰਦੀ ਦਾ ਦਾਅਵਾ ਕੀਤਾ ਹੈ।

    ਤਾਲਿਬਾਨ ਦੇ ਬੁਲਾਰੇ ਜਬੀਹੁੱਲਾ ਮੁਜਾਹਿਦ ਨੇ ਦਾਅਵਾ ਕੀਤਾ ਕਿ ਬਾਗਲਾਨ ਸੂਬੇ ਦੇ ਬਨੂ, ਪੁਲ-ਏ-ਹਿਸਾਰ ਅਤੇ ਦੇਹ-ਏ-ਸਲਾਹ ਦੇ ਤਿੰਨ ਜ਼ਿਲ੍ਹਿਆਂ ਨੂੰ ਦੁਸ਼ਮਣ ਨੇ ਪੂਰੀ ਤਰ੍ਹਾਂ ਮੁਕਤ ਕਰ ਦਿੱਤਾ ਹੈ।

    ਉਨ੍ਹਾਂ ਨੇ ਟਵਿੱਟਰ ਉੱਤੇ ਇੱਕ ਟਵੀਟ ਵਿੱਚ ਕਿਹਾ ਕਿ ਸਾਲੰਗ ਹਾਈਵੇਅ ਖੁੱਲ੍ਹਿਆ ਹੈ ਅਤੇ ਦੁਸ਼ਮਣ ਪੰਜਸ਼ੀਰ ਤੱਕ ਹੀ ਸਿਮਟ ਕੇ ਰਹੇ ਗਿਆ ਹੈ।

    ਕਾਬੁਲ ਦੇ ਉੱਤਰ ਵਿੱਚ ਹਿੰਦੁਕੁਸ਼ ਪਹਾੜੀਆਂ ਤੋਂ ਘਿਰੀ ਪੰਜਸ਼ੀਰ ਘਾਟੀ ਲੰਬੇ ਸਮੇਂ ਤੋਂ ਤਾਲਿਬਾਨ ਵਿਰੋਧੀ ਤਾਕਤਾਂ ਦਾ ਕੇਂਦਰ ਰਹੀ ਹੈ।

    ਜਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਸਮੱਸਿਆ ਦਾ ਸ਼ਾਤਮਈ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ।

  4. ‘ਰੱਬ ਅਜਿਹੀ ਘੜੀ ਕਿਸੇ ਨੂੰ ਨਾ ਵਖਾਵੇ’, ਕਾਬੁਲ ਤੋਂ ਵਤਨ ਪਰਤੇ ਹੁਸ਼ਿਆਰਪੁਰ ਦੇ ਮੁੰਡੇ ਨੇ ਕੀ-ਕੀ ਦੱਸਿਆ

  5. ਅਫ਼ਗਾਨ ਸਿੱਖਾਂ ਲਈ ਜਗੀਰ ਕੌਰ ਦੀ ਕੇਂਦਰ ਨੂੰ ਅਪੀਲ

    ਸ਼੍ਰੋਮਣੀ ਗੁਰਦੁਆਰਾ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਅਫ਼ਗਾਨਿਸਤਾਨ ਵਿੱਚ ਮੌਜੂਦਾ ਹਾਲਾਤਾਂ ਕਰਕੇ ਸਿੱਖਾਂ ਨੂੰ ਭਾਰਤ ਲਿਆਉਣ ਲਈ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ।

    ਉਨ੍ਹਾਂ ਕਿਹਾ ਕਿ ਜਿਹੜੇ ਵੀ ਸਿੱਖ ਭਾਰਤ ਆਉਣਗੇ ਉਨ੍ਹਾਂ ਦੇ ਰਹਿਣ ਅਤੇ ਰੁਜ਼ਗਾਰ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕਰਨ ਦਾ ਫੈਸਲਾ ਕੀਤਾ ਗਿਆ ਹੈ।

  6. ਅਫ਼ਗਾਨਿਸਤਾਨ ਛੱਡਣ ਵਾਲੇ ਲੋਕ ਜੇ ਵਾਪਸ ਪਰਤਦੇ ਹਨ ਤਾਂ ਉਨ੍ਹਾਂ 'ਤੇ ਕੋਈ ਖ਼ਤਰਾ ਨਹੀਂ - ਤਾਲਿਬਾਨ

    ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਾਬੁਲ ਵਿੱਚ ਇੱਕ ਮੀਟਿੰਗ ਦੌਰਾਨ ਕਿਹਾ ਹੈ ਕਿ ਅਫ਼ਗਾਨਿਸਤਾਨ ਛੱਡਣ ਵਾਲੇ ਲੋਕ ਜੇ ਵਾਪਸ ਪਰਤਦੇ ਹਨ ਤਾਂ ਉਨ੍ਹਾਂ ਉੱਤੇ ਕੋਈ ਖ਼ਤਰਾ ਨਹੀਂ ਹੈ।

    ਰਾਜਧਾਨੀ ਕਾਬੁਲ ਵਿੱਚ ਲੋਯਾ ਜਿਰਗਾ (ਸਨਮਾਨਿਤ ਲੋਕਾਂ ਦੀ ਸਭਾ) ਦੀ ਇੱਕ ਬੈਠਕ ਦੌਰਾਨ ਉਨ੍ਹਾਂ ਨੇ ਇਹ ਗੱਲ ਕਹੀ।

    ਉਨ੍ਹਾਂ ਨੇ ਕਿਹਾ ਕਿ ਅਗਲਾ ਟੀਚਾ ਅਫ਼ਗਾਨਿਸਤਾਨ ਦਾ ਨਿਰਮਾਣ ਹੈ।

    ''ਪਿਛਲੀ ਸਰਕਾਰ ਦੇ ਮਾਹਰਾਂ ਅਤੇ ਕਰਮਚਾਰੀਆਂ ਨੂੰ ਆਪਣੀ ਸੁਰੱਖਿਆ ਦੀ ਚਿੰਤਾ ਨਹੀਂ ਕਰਨੀ ਚਾਹੀਦੀ। ਸਾਡਾ ਮਕਸਦ ਅਫ਼ਗਾਨਿਸਤਾਨ ਦਾ ਨਿਰਮਾਣ ਕਰਨਾ ਹੈ।''

    ਉਨ੍ਹਾਂ ਨੇ ਦੇਸ਼ ਦੇ ਵਿਦਵਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਮ ਲੋਕਾਂ ਅਤੇ ਮਾਹਰਾਂ ਨੂੰ ਇਹ ਭਰੋਸਾ ਦਿਵਾਉਣ ਕਿ ਮੁਲਕ ਨੂੰ ਉਨ੍ਹਾਂ ਦੀ ਲੋੜ ਹੈ।

    ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਕਿਹਾ ਕਿ ਤਾਲਿਬਾਨ ਦੀ ਸਰਕਾਰ ਆਰਥਿਕ ਤਰੱਕੀ ਲਈ ਕੰਮ ਕਰੇਗੀ।

    ਉਨ੍ਹਾਂ ਨੇ ਇਹ ਵੀ ਕਿਹਾ ਕਿ ਅਗਲੀ ਸਰਕਾਰ ਇਸ ਤਰ੍ਹਾਂ ਦੀ ਹੋਵੇਗੀ ਕਿ ਉਸ ਵਿੱਚ ਭਾਵੇਂ ਕਿਸੇ ਵੀ ਗੁੱਟ ਜਾਂ ਦਲ ਦੇ ਲੋਕ ਹੋਣ ਜਾਂ ਨਸਲ ਦੇ, ਉਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ।

  7. ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਤੇ ਬ੍ਰਿਟੇਨ ਦੇ ਮੰਤਰੀ ਕਹਿੰਦੇ, ''ਅਸੀਂ ਉੱਥੇ ਇਕੱਲੇ ਨਹੀਂ ਰਹਿ ਸਕਦੇ''

    ਬ੍ਰਿਟੇੇਨ 'ਚ ਆਰਮਡ ਫੋਰਸ ਦੇ ਮੰਤਰੀ ਜੇਮਸ ਹਿਪੇ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦਾ ਮਿਸ਼ਨ ਅਮਰੀਕੀ ਫੌਜੀਆਂ ਦੇ ਉੱਥੋਂ ਹਟਦੇ ਹੀ ਖ਼ਤਮ ਹੋਵੇਗਾ।

    ਉਨ੍ਹਾਂ ਨੇ ਕਿਹਾ ਕਿ ਬ੍ਰਿਟੇਨ 31 ਅਗਸਤ ਦੀ ਪਹਿਲਾਂ ਤੋਂ ਤੈਅ ਡੈੱਡਲਾਈਨ 'ਤੇ ਕੰਮ ਕਰ ਰਿਹਾ ਸੀ। ਇਸੇ ਤਾਰੀਕ ਨੂੰ ਅਮਰੀਕਾ ਨੇ ਵੀ ਅਫ਼ਗਾਨਿਸਤਾਨ ਛੱਡਣਾ ਹੈ। ਹਾਲਾਂਕਿ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੇ ਅਮਰੀਕੀ ਰਾਸ਼ਟਰਪਤੀ ਜੋੋਅ ਬਾਇਡਨ ਤੋਂ ਹੋਰ ਸਮਾਂ ਮੰਗੇ ਜਾਣ ਦੀ ਉਮੀਦ ਹੈ।

    ਜੇਮਸ ਹਿਸੇ ਨੇ ਇਹ ਵੀ ਕਿਹਾ ਕਿ ਲੋਕਾਂ ਨੂੰ ਉੱਥੋਂ ਕੱਢਣਾ ਤਾਲਿਬਾਨ ਦੇ ਸਹਿਯੋਗ 'ਤੇ ਵੀ ਨਿਰਭਰ ਕਰਦਾ ਹੈ। ਨਾਲ ਹੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬ੍ਰਿਟੇਨ ਤਾਲਿਬਾਨ ਦੇ ਨਾਲ ਕੁਝ ਵੀ ''ਪਹਿਲਾਂ ਤੋਂ ਮੰਨ ਕੇ'' ਨਹੀਂ ਚੱਲ ਰਿਹਾ।

    ਪ੍ਰਧਾਨ ਮੰਤਰੀ ਬੋਰਿਸ ਜੌਨਸਨ ਮੰਗਲਵਾਰ ਨੂੰ ਜੀ7 ਦੇਸ਼ਾਂ ਦੀ ਇੱਕ ਐਮਰਜੈਂਸੀ ਬੈਠਕ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਲਿਆਉਣ ਦੀ ਡੈੱਡਲਾਈਨ ਵਧਾਉਣ ਲਈ ਕਹਿਣਗੇ ਤਾਂ ਜੋ ਲੋਕਾਂ ਨੂੰ ਉੱਥੋਂ ਕੱਢਣ ਦੀਆਂ ਉਡਾਨਾਂ ਜਾਰੀ ਰਹਿ ਸਕਣ।

    ਦੱਸਿਆ ਜਾ ਰਿਹਾ ਹੈ ਕਿ ਕਾਬੁਲ 'ਤੇ ਤਾਲਿਬਾਨ ਦੇ ਕਬਜ਼ੇ ਦੇ ਇੱਕ ਹਫ਼ਤੇ ਬਾਅਦ ਵੀ ਉੱਥੋਂ ਦੇਸ਼ ਤੋਂ ਬਾਹਰ ਕੱਢਣ ਲਈ ਹਵਾਈ ਅੱਡੇ ਉੱਤੇ ਲੋਕ ਹਜ਼ਾਰਾਂ ਦੀ ਗਿਣਤੀ ਵਿੱਚ ਇੰਤਜ਼ਾਰ 'ਚ ਹਨ।

    ਮੰਤਰੀ ਜੇਮਜ ਹਿਪੇ ਨੇ ਬੀਬੀਸੀ ਬ੍ਰੇਕਫ਼ਾਸਟ ਨੂੰ ਦੱਸਿਆ ਕਿ ਲੰਘੇ ਹਫ਼ਤੇ ਤੱਕ 6,631 ਲੋਕਾਂ ਨੂੰ ਉੱਥੋਂ ਕੱਢ ਕੇ ਬ੍ਰਿਟੇਨ ਲਿਾਆਇਆ ਗਿਆ ਹੈ ਅਤੇ ਅਗਲੇ 24 ਘੰਟਿਆਂ ਵਿੱਚ ਨੌਂ ਹੋਰ ਜਹਾਜ਼ ਉੱਥੋਂ ਨਿਕਲਣਗੇ।

    ਉਨ੍ਹਾਂ ਨੇ ਦੱਸਿਆ ਕਿ ਅਫ਼ਗਾਨਿਸਤਾਨ 'ਚ ਹੁਣ ਵੀ ਬ੍ਰਿਟਿਸ਼ ਪਾਸਪੋਰਟ ਵਾਲੇ ਲਗਭਗ 1,800 ਲੋਕ ਮੌਜੂਦ ਹਨ ਅਤੇ ਯੂਕੇ ਸਰਕਾਰ ਦੇ ਨਾਲ ਕੰਮ ਕਰਨ ਵਾਲੇ 2,275 ਅਫ਼ਗਾਨ ਲੋਕਾਂ ਦਾ ਵੀ ਇੱਥੇ ਪੁਨਰਵਾਸ ਕੀਤਾ ਜਾ ਸਕਦਾ ਹੈ। ਨਾਲ ਹੀ ਅਫ਼ਗਾਨ ਸਿਵਲ ਸੋਸਾਇਟੀ ਦੇ ਲੋਕਾਂ ਦੀ ਵੀ ਇੱਕ ਲਿਸਟ ਹੈ, ਜੇ ਅਸੀਂ ਸਮਰੱਥ ਹੋਏ ਤਾਂ ਉਨ੍ਹਾਂ ਨੂੰ ਬਾਹਰ ਕੱਢਣਾ ਚਾਹਾਂਗੇ।

    ਉਨ੍ਹਾਂ ਨੇ ਕਿਹਾ ਕਿ ਇਹ ਨਿਕਾਸੀ ਅਮਰੀਕਾ ਬਗੈਰ ਸੰਭਵ ਨਹੀਂ ਹੈ, ਜਿਸ ਨੇ ਹਵਾਈ ਅੱਡੇ 'ਤੇ ''ਪੂਰੇ ਆਪਰੇਸ਼ਨ ਨੂੰ ਵਧੀਆ ਤਰੀਕੇ ਨਾਲ'' ਸੰਭਾਲ ਲਿਆ ਹੈ।

    ਉਨ੍ਹਾਂ ਨੇ ਕਿਹਾ ਜੇ ਡੈੱਡਲਾਈਨ ਵਧਦੀ ਹੈ ਤਾਂ ਸਾਨੂੰ 31 ਅਗਸਤ ਤੱਕ ਆਪਣੀਆਂ ਯੋਜਨਾਵਾਂ ਦੇ ਮੁਤਾਬਕ ਕੰਮ ਕਰਨਾ ਹੋਵੇਗਾ ਅਤੇ ਜੇ ਅਜਿਹਾ ਹੈ ਤਾਂ ਉੱਥੋਂ ਵੱਧ ਤੋਂ ਵੱਧ ਲੋਕਾਂ ਨੂੰ ਕੱਢਣ ਲਈ ਹਰ ਮਿੰਟ ਮਾਅਨੇ ਰੱਖਦਾ ਹੈ।

  8. ਅਫ਼ਗਾਨਿਸਤਾਨ: ਪੰਜਸ਼ੀਰ 'ਚ ਤਾਲਿਬਾਨ ਵਿਰੋਧੀ ਤਾਕਤਾਂ ਦਾ ਐਲਾਨ, ਜੰਗ ਲਈ ਤਿਆਰ ਹਾਂ ਅਸੀਂ'

    ਪੰਜਸ਼ੀਰ ਘਾਟੀ ਹੁਣ ਅਫ਼ਗਾਨਿਸਤਾਨ 'ਚ ਤਾਲਿਬਾਨ ਖ਼ਿਲਾਫ਼ ਵਿਰੋਧ ਦਾ ਆਖਰੀ ਗੜ੍ਹ ਹੈ। ਇੱਥੇ ਅਹਿਮਦ ਮਸੂਦ ਦੀ ਅਗਵਾਈ ਵਿੱਚ ਤਾਲਿਬਾਨ ਵਿਰੋਧੀ ਤਾਕਤਾਂ ਦਾ ਇੱਕ ਮੋਰਚਾ ਉੱਭਰਦਾ ਦਿਖ ਰਿਹਾ ਹੈ।

    ਪੰਜਸ਼ੀਰ ਵਿੱਚ ਸੰਗਠਿਤ ਹੋ ਰਹੇ ਤਾਲਿਬਾਨ ਦੇ ਵਿਰੋਧੀ ਮੋਰਚੇ ਦੇ ਬੁਲਾਰੇ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਗਰੁੱਪ 'ਜੰਗ ਤੋਂ ਪਹਿਲਾਂ ਗੱਲਬਾਤ ਰਾਹੀਂ ਸ਼ਾਂਤੀ ਸਥਾਪਿਤ ਕਰਨਾ ਚਾਹੁੰਦਾ' ਹੈ।

    ਨੈਸ਼ਨਲ ਰੈਜ਼ੀਡੈਂਟਸ ਫਰੰਟ ਦੇ ਮੈਂਬਰ ਅਲੀ ਨਜ਼ਰੀ ਨੇ ਬੀਬੀਸੀ ਨੂੰ ਦੱਸਿਆ ਕਿ ਤਾਲਿਬਾਨ ਵਿਰੋਧੀ ਨੇਤਾ ਮਰਹੂਮ ਅਹਿਮਦ ਸ਼ਾਹ ਮਸੂਦ ਦੇ ਬੇਟੇ ਅਹਿਮਦ ਮਸੂਦ ਦੀ ਅਗਵਾਈ ਵਿੱਚ ਹਜ਼ਾਰਾਂ ਲੜਾਕੇ ਉੱਥੇ ਇਕੱਠੇ ਹੋਏ ਹਨ।

    ਨਜ਼ਰੀ ਨੇ ਤਾਲਿਬਾਨ ਦੇ ਨਾਲ ਸਾਰਥਕ ਗੱਲਬਾਤ ਦੇ ਮਹਤੱਵ ਉੱਤੇ ਜ਼ੋਰ ਦਿੰਦੇ ਕਿਹਾ ਕਿ ''ਅਹਿਮਦ ਮਸੂਦ ਦੇ ਸਾਥੀ ਜੰਗ ਲਈ ਵੀ ਤਿਆਰ ਹਨ।''

    ਉਨ੍ਹਾਂ ਨੇ ਕਿਹਾ, ''ਨੈਸ਼ਨਲ ਰੈਜ਼ੀਡੈਂਟਲਸ ਫਰੰਟ ਦਾ ਮੰਨਣਾ ਹੈ ਕਿ ਸਥਾਈ ਸ਼ਾਂਤੀ ਲਈ ਅਫ਼ਗਾਨਿਸਤਾਨ ਦੀਆਂ ਬੁਨਿਆਦੀ ਸਮੱਸਿਆਵਾਂ ਦਾ ਹੱਲ ਜ਼ਰੂਰ ਹੈ। ਮੁਲਕ ਵਿੱਚ ਅਸੀਂ 40 ਸਾਲ ਜਾਂ 100 ਸਾਲ ਜਾਂ 200 ਸਾਲ ਤੋਂ ਜਿਸ ਰਾਹ ਉੱਤੇ ਚੱਲ ਰਹੇ ਸੀ, ਅਸੀਂ ਉਸ ਰਾਹ 'ਤੇ ਹੁਣ ਨਹੀਂ ਚੱਲ ਸਕਦੇ।''

    ਉਨ੍ਹਾਂ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਕੇਂਦਰੀ ਰਾਜਨੀਤਿਕ ਵਿਵਸਥਾ ਹੈ।

    ''ਅਫ਼ਗਾਨਿਸਤਾਨ ਵੱਖ-ਵੱਖ ਜਾਤੀ ਦੇ ਘੱਟ ਗਿਣਤੀ ਲੋਕਾਂ ਦਾ ਦੇਸ਼ ਹੈ। ਇਹ ਕਈ ਸੱਭਿਆਚਾਰਾਂ ਦਾ ਘਰ ਹੈ। ਇੱਥੇ ਸੱਤਾ ਵਿੱਚ ਹਿੱਸੇਦਾਰੀ ਦੀ ਲੋੜ ਹੈ। ਸੱਤਾ ਦੀ ਅਜਿਹੀ ਹਿੱਸੇਦਾਰੀ ਜਿੱਥੇ ਹਰ ਕੋਈ ਖ਼ੁਦ ਨੂੰ ਸਰਕਾਰ ਵਿੱਚ ਦੇਖ ਸਕੇ। ਜੇ ਕੋਈ ਰਾਜਨੀਤਿਕ ਤਾਕਤ ਹਾਵੀ ਹੋਣਾ ਚਾਹੁੰਦੀ ਹੈ, ਤਾਂ ਉਹ ਭਾਵੇਂ ਕਿਤੇ ਵੀ ਹੋਵੇ, ਉੱਥੇ ਘਰ ਵਿੱਚ ਹੀ ਜੰਗ ਨੂੰ ਹਵਾ ਦੇਵੇਗੀ ਅਤੇ ਮੌਜੂਦਾ ਲੜਾਈ ਜਾਰੀ ਰਹੇਗੀ।''

  9. ਦਿੱਲੀ ਦੇ ਮੰਡੀ ਹਾਊਸ ਵਿੱਚ ਕੁਝ ਮਨੁੱਖੀ ਅਧਿਕਾਰ ਕਾਰਕੁਨ ਤਾਲਿਬਾਨ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਹਨ, ਵੇਖੋ ਤਸਵੀਰਾਂ

  10. ਅਮਰੀਕਾ ਦੀ ਤਾਲਿਬਾਨ ਨੂੰ ਵਾਰਨਿੰਗ, 31 ਅਗਸਤ ਤੱਕ ਅਫਗਾਨਿਸਤਾਨ ਖਾਲੀ ਕਰੋ

    ਤਾਲਿਬਾਨ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਅਫ਼ਗਾਨਿਸਤਾਨ ਨੂੰ ਛੱਡ ਕੇ ਜਾਣ ਦੀ ਪੱਛਮੀ ਮੁਲਕਾਂ ਨੂੰ ਦਿੱਤੀ ਗਈ 31 ਅਗਸਤ ਦੀ ਮੋਹਲਤ ਨਹੀਂ ਵਧਾਉਣਗੇ।

    ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਕਿ 31 ਤਾਰੀਕ ਲਾਲ ਲਕੀਰ (ਰੈੱਡ ਲਾਈਨ) ਸੀ।

    ਉਨ੍ਹਾਂ ਅੱਗੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਇਸ ਤਾਰੀਕ ਤੱਕ ਅਮਰੀਕੀ ਫੌਜਾਂ ਅਫ਼ਗਾਨਿਸਤਾਨ ਤੋਂ ਚਲੇ ਜਾਣਗੀਆਂ ਅਤੇ ਇਸ ਤੋਂ ਬਾਅਦ ਇਨ੍ਹਾਂ ਫੌਜਾਂ ਦੇ ਰੁਕਣ ਨੂੰ ਅਫ਼ਗਾਨਿਸਤਾਨ ਉੱਤੇ ਕਬਜ਼ੇ ਦੇ ਤੌਰ 'ਤੇ ਦੇਖਿਆ ਜਾਵੇਗਾ।

    ਉਨ੍ਹਾਂ ਕਿਹਾ ਕਿ 31 ਅਗਸਤ ਤੋਂ ਬਾਅਦ ਦੇਸ਼ ਵਿੱਚ ਰੁਕਣ ਖ਼ਾਤਿਰ ਨਤੀਜੇ ਭੁਗਤਣੇ ਪੈਣਗੇ।

    ਉੱਧਰ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਮੰਗਲਵਾਰ ਨੂੰ ਗਰੁੱਪ-7 ਦੇਸ਼ਾਂ ਦੀ ਮੀਟਿੰਗ ਵਿੱਚ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੂੰ ਕਾਬੁਲ ਵਿੱਛ ਥੋੜ੍ਹਾ ਹੋਰ ਸਮਾਂ ਰੁਕਣ ਲਈ ਕਹਿ ਸਕਦੇ ਹਨ।

  11. ਅਫ਼ਗਾਨਿਸਤਾਨ: ਹੁਣ ਤੱਕ ਦੇ ਹਾਲਾਤਾਂ ਉਪਰ ਇੱਕ ਨਜ਼ਰ

    ਤਾਲਿਬਾਨ ਨੂੰ ਕਾਬੁਲ ਵਿੱਚ ਦਾਖਲ ਹੋਏ ਇੱਕ ਹਫ਼ਤਾ ਹੋ ਚੁੱਕਾ ਹੈ। ਇਸ ਦੌਰਾਨ ਦੇਸ਼ ਦੇ ਹਾਲਾਤ ਕਾਫ਼ੀ ਬਦਲ ਗਏ ਹਨ। ਵਿਦੇਸ਼ੀ ਅਤੇ ਅਫ਼ਗਾਨ ਨਾਗਰਿਕ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।

    • ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਖਿਆ ਹੈ ਕਿ ਪਿਛਲੇ ਹਫ਼ਤੇ ਦੌਰਾਨ 28000 ਲੋਕਾਂ ਨੂੰ ਹਵਾਈ ਅੱਡੇ ਰਾਹੀਂ ਦੇਸ਼ ਬਾਹਰ ਕੱਢਿਆ ਗਿਆ ਹੈ।
    • ਜਰਮਨੀ ਦੀ ਫ਼ੌਜ ਅਨੁਸਾਰ ਸੋਮਵਾਰ ਨੂੰ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇੱਕ ਅਫ਼ਗਾਨ ਗਾਰਡ ਦੀ ਲੜਾਈ ਤੋਂ ਬਾਅਦ ਮੌਤ ਹੋਈ ਹੈ। ਨਾਟੋ ਅਧਿਕਾਰੀ ਨੇ ਖ਼ਬਰ ਏਜੰਸੀ ਰੌਇਟਰਜ਼ ਨੂੰ ਦੱਸਿਆ ਸੀ ਕਿ ਪਿਛਲੇ ਐਤਵਾਰ ਤੋਂ ਹੁਣ ਤੱਕ ਕਾਬੁਲ ਦੇ ਹਵਾਈ ਅੱਡੇ 'ਤੇ ਵੀਹ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
    • ਮੰਗਲਵਾਰ ਨੂੰ ਹੋਣ ਵਾਲੀ ਜੀ-7 ਬੈਠਕ ਵਿੱਚ ਵੀ ਅਫਗਾਨਿਸਤਾਨ ਦਾ ਮੁੱਦਾ ਹੀ ਚਰਚਾ ਦਾ ਕੇਂਦਰ ਰਹੇਗਾ।
    • ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਸਿੰਗਾਪੁਰ ਵਿੱਚ ਅਮਰੀਕਾ ਦੀ ਫੌਜ ਦੀ ਤਾਰੀਫ਼ ਕਰਦਿਆਂ ਆਖਿਆ ਕਿ ਕਾਬੁਲ ਹਵਾਈ ਅੱਡੇ ਤੇ ਬਹੁਤ ਮੁਸ਼ਕਿਲ ਅਤੇ ਸੰਘਰਸ਼ ਨਾਲ ਭਰਿਆ ਕੰਮ ਫੌਜ ਕਰ ਰਹੀ ਹੈ।
    • ਇਸ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਅਮਰੀਕੀ ਨਾਗਰਿਕ, ਅਫ਼ਗਾਨ ਨਾਗਰਿਕ ਜਿਨ੍ਹਾਂ ਨੇ ਅਮਰੀਕਾ ਨਾਲ ਕੰਮ ਕੀਤਾ ਹੈ, ਮਹਿਲਾਵਾਂ ਅਤੇ ਬੱਚਿਆਂ ਨੂੰ ਸੁਰੱਖਿਅਤ ਕੱਢਣਾ ਸਭ ਤੋਂ ਮਹੱਤਵਪੂਰਨ ਹੈ।
  12. ਅਫ਼ਗਾਨਿਸਤਾਨ: ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਨਾਲ ਭਾਰਤ ਆ ਰਹੇ ਹਨ ਅਫ਼ਗਾਨ ਸਿੱਖ

    ਤਾਲਿਬਾਨ ਦੇ ਕਾਬੁਲ ਵਿੱਚ ਦਾਖ਼ਲ ਹੋਣ ਤੋਂ ਬਾਅਦ ਅਫ਼ਗਾਨ ਨਾਗਰਿਕ ਦੇਸ਼ ਛੱਡ ਰਹੇ ਹਨ। ਐਤਵਾਰ ਨੂੰ ਕਾਬੁਲ ਤੋਂ ਕਈ ਅਫ਼ਗਾਨ ਸਿੱਖ ਭਾਰਤ ਪੁੱਜੇ ਹਨ।

    ਖ਼ਬਰ ਏਜੰਸੀ ਏਐਨਆਈ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਦੱਸਿਆ ਗਿਆ ਹੈ ਕਿ ਮੰਗਲਵਾਰ ਨੂੰ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪਾਂ ਨਾਲ 46 ਅਫ਼ਗਾਨ ਸਿੱਖ ਅਤੇ ਹਿੰਦੂ ਨਾਗਰਿਕ ਭਾਰਤੀ ਹਵਾਈ ਸੈਨਾ ਦੇ ਜਹਾਜ਼ ਰਾਹੀਂ ਭਾਰਤ ਆਉਣ ਦੀ ਤਿਆਰੀ ਕਰ ਰਹੇ ਹਨ।

    ਖ਼ਬਰ ਏਜੰਸੀ ਏਐਨਆਈ ਨੇ ਕਾਬੁਲ ਦੇ ਹਾਮਿਦ ਕਰਜ਼ਾਈ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਕੁਝ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ ਅਤੇ ਦੱਸਿਆ ਹੈ ਕਿ ਇਹ ਸਰੂਪ ਭਾਰਤੀ ਹਵਾਈ ਸੈਨਾ ਦੇ ਜਹਾਜ਼ ਵੱਲ ਲਿਜਾਏ ਜਾ ਰਹੇ ਹਨ।

    ਐਤਵਾਰ ਨੂੰ ਭਾਰਤ ਪੁੱਜੇ ਦੋ ਦਰਜਨ ਦੇ ਕਰੀਬ ਸਿੱਖਾਂ ਵਿੱਚ ਬੱਚੇ ਅਤੇ ਮਹਿਲਾਵਾਂ ਵੀ ਸ਼ਾਮਲ ਸਨ।

  13. ਅਫ਼ਗਾਨਿਸਤਾਨ ਵਿੱਚ ਤਾਲਿਬਾਨ: ਉਡਾਣਾਂ ਰਾਹੀਂ ਭਾਰਤੀ ਨਾਗਰਿਕਾਂ ਨੂੰ ਦੇਸ਼ ਲੈ ਕੇ ਆਉਣ ਦਾ ਸਿਲਸਿਲਾ ਜਾਰੀ

    ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਬਦਲੇ ਰਾਜਨੀਤਿਕ ਹਾਲਾਤਾਂ ਕਾਰਨ ਅਫ਼ਗਾਨ ਨਾਗਰਿਕ ਅਤੇ ਦੂਸਰੇ ਦੇਸ਼ਾਂ ਦੇ ਨਾਗਰਿਕ ਦੇਸ਼ ਛੱਡ ਰਹੇ ਹਨ।

    ਭਾਰਤ ਵੀ ਮਿਲਟਰੀ ਅਤੇ ਤੀਸਰੇ ਦੇਸ਼ ਤੋਂ ਕਮਰਸ਼ੀਅਲ ਉਡਾਣਾਂ ਰਾਹੀਂ ਆਪਣੇ ਨਾਗਰਿਕਾਂ ਨੂੰ ਵਾਪਿਸ ਲੈ ਰਿਹਾ ਹੈ।ਸੋਮਵਾਰ ਨੂੰ ਕਤਰ ਤੋਂ 146 ਭਾਰਤੀ ਨਾਗਰਿਕ ਵਾਪਿਸ ਆਏ ਹਨ ਜਿਨ੍ਹਾਂ ਨੂੰ ਪਹਿਲਾਂ ਕਾਬੁਲ ਤੋਂ ਕਤਰ ਭੇਜਿਆ ਗਿਆ ਸੀ।

    ਖ਼ਬਰ ਏਜੰਸੀ ਏਐਨਆਈ ਨੂੰ ਭਾਰਤ ਪੁੱਜੇ ਯਾਤਰੀ ਨੇ ਦੱਸਿਆ ਕਿ ਉਹ ਅਮਰੀਕੀ ਅੰਬੈਸੀ ਦੇ ਜਹਾਜ਼ ਦੀ ਸਹਾਇਤਾ ਨਾਲ ਕਤਰ ਪੁੱਜੇ ਸਨ ਜਿੱਥੇ ਭਾਰਤੀ ਅੰਬੈਸੀ ਨੇ ਉਨ੍ਹਾਂ ਨਾਲ ਰਾਬਤਾ ਕਾਇਮ ਕਰਕੇ ਭਾਰਤ ਪੁੱਜਣ ਵਿੱਚ ਸਹਾਇਤਾ ਕੀਤੀ।

    15 ਅਗਸਤ ਨੂੰ ਕਾਬੁਲ ਵਿੱਚ ਤਾਲਿਬਾਨ ਦੇ ਦਾਖ਼ਲੇ ਤੋਂ ਬਾਅਦ ਭਾਰਤ ਨੇ ਕਾਬੁਲ ਵਿੱਚ ਆਪਣਾ ਦੂਤਾਵਾਸ ਬੰਦ ਕੀਤਾ ਹੈ ਅਤੇ ਸੰਬੰਧਿਤ ਕਰਮਚਾਰੀ ਸੀ-17 ਜਹਾਜ਼ ਜਾਮਨਗਰ ਪੁੱਜੇ ਸਨ। ਪਿਛਲੇ ਇਕ ਹਫ਼ਤੇ ਵਿੱਚ ਲਗਪਗ 400 ਭਾਰਤੀ ਅਫ਼ਗਾਨਿਸਤਾਨ ਤੋਂ ਵਾਪਿਸ ਆਏ ਹਨ।

    ਭਾਰਤ ਸਰਕਾਰ ਅਫ਼ਗਾਨ ਨਾਗਰਿਕਾਂ ਨੂੰ ਵੀ ਭਾਰਤ ਲੈ ਕੇ ਆਈ ਹੈ। ਇਨ੍ਹਾਂ ਵਿੱਚ ਸਾਂਸਦ ,ਛੋਟੇ ਬੱਚੇ,ਬਜ਼ੁਰਗ ਮਹਿਲਾਵਾਂ ਅਤੇ ਘੱਟ ਗਿਣਤੀ ਨਾਲ ਸਬੰਧਿਤ ਲੋਕ ਵੀ ਸ਼ਾਮਲ ਹਨ। ਭਾਰਤ ਸਰਕਾਰ ਦੀ ਮਦਦ ਨਾਲ ਦੋ ਨੇਪਾਲੀ ਨਾਗਰਿਕ ਵੀ ਐਤਵਾਰ ਨੂੰ ਭਾਰਤ ਪੁੱਜੇ ਹਨ।

  14. ਅਫ਼ਗਾਨਿਸਤਾਨ ਵਿੱਚ ਤਾਲਿਬਾਨ: 'ਅਸੀਂ ਤਾਲਿਬਾਨ ਤੋਂ ਡਰ ਕੇ ਨਹੀਂ ਆਏ ਹਾਂ'

    ਅਫ਼ਗਾਨਿਸਤਾਨ ਦੇ ਸਿੱਖ ਸਾਂਸਦ ਨਰਿੰਦਰ ਸਿੰਘ ਖਾਲਸਾ ਐਤਵਾਰ ਨੂੰ ਕਾਬੁਲ ਤੋਂ ਭਾਰਤ ਪਹੁੰਚੇ ਹਨ। ਬੀਬੀਸੀ ਨਾਲ ਖ਼ਾਸ ਗੱਲਬਾਤ ਦੌਰਾਨ ਉਨ੍ਹਾਂ ਨੇ ਅਫਗਾਨਿਸਤਾਨ ਦੇ ਮਾਹੌਲ,ਹਿੰਦੂ-ਸਿੱਖਾਂ ਦਾ ਭਵਿੱਖ ਅਤੇ ਵਤਨ ਵਾਪਸੀ ਦੀ ਆਪਣੀ ਇੱਛਾ ਬਾਰੇ ਦੱਸਿਆ।

  15. ਅਫ਼ਗਾਨਿਸਤਾਨ: ਹੁਣ ਤੱਕ ਦੇ ਹਾਲਾਤ ਉਪਰ ਇੱਕ ਨਜ਼ਰ

    ਅਫ਼ਗਾਨਿਸਤਾਨ ਵਿੱਚ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਬਦਲੇ ਹਾਲਾਤਾਂ ਕਾਰਨ ਲੋਕ ਦੇਸ਼ ਛੱਡ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਨ। ਦੁਨੀਆਂ ਦੇ ਕਈ ਦੇਸ਼ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਅਮਰੀਕੀ ਰਾਸ਼ਟਰਪਤੀ ਨੇ ਵੀ ਅਫ਼ਗਾਨਿਸਤਾਨ ਉਪਰ ਬਿਆਨ ਦਿੱਤਾ ਹੈ।

    • ਕਤਰ ਵਿੱਚ ਭਾਰਤੀ ਦੂਤਾਵਾਸ ਨੇ ਜਾਣਕਾਰੀ ਦਿੱਤੀ ਕਿ ਅਫ਼ਗਾਨਿਸਤਾਨ ਤੋਂ 146 ਹੋਰ ਭਾਰਤੀਆਂ ਨੂੰ ਸੁਰੱਖਿਅਤ ਦੋਹਾ ਲਿਆਂਦਾ ਗਿਆ ਹੈ । ਸੋਮਵਾਰ ਸਵੇਰੇ ਉਹ ਭਾਰਤ ਪੁੱਜੇ ਹਨ। ਐਤਵਾਰ ਨੂੰ ਵੀ ਤਿੰਨ ਉਡਾਣਾਂ ਰਾਹੀਂ ਭਾਰਤੀ ਅਤੇ ਅਫ਼ਗਾਨ ਨਾਗਰਿਕ ਭਾਰਤ ਪੁੱਜੇ ਸਨ।
    • ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਆਖਿਆ ਹੈ ਕਿ ਤਾਲਿਬਾਨ ਅਮਰੀਕੀ ਫ਼ੌਜਾਂ ਤੇ ਅਫ਼ਗਾਨ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਸਕਦਾ ਹੈ, ਇਸ ਕਰਕੇ ਉਹ ਪੂਰੀ ਤਰ੍ਹਾਂ ਚੌਕਸ ਹਨ।
    • ਅਮਰੀਕੀ ਰਾਸ਼ਟਰਪਤੀ ਅਨੁਸਾਰ ਫ਼ੌਜ ਨੂੰ ਕੱਢਣ ਦੀ ਆਖ਼ਰੀ ਮਿਤੀ ਵਿੱਚ ਵਾਧੇ ਬਾਰੇ ਚਰਚਾ ਚੱਲ ਰਹੀ ਹੈ। ਅਮਰੀਕਾ ਨੇ ਇਹ ਤਰੀਕ 31 ਅਗਸਤ ਤਕ ਤੈਅ ਕੀਤੀ ਹੋਈ ਹੈ।
    • ਵ੍ਹਾਈਟ ਹਾਊਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਆਖਿਆ ਗਿਆ ਹੈ ਕਿ ਜੁਲਾਈ ਦੇ ਅਖੀਰ ਤਕ 35 ਹਜ਼ਾਰ ਲੋਕਾਂ ਨੂੰ ਅਫ਼ਗਾਨਿਸਤਾਨ 'ਚੋਂ ਸੁਰੱਖਿਅਤ ਕੱਢਿਆ ਗਿਆ ਹੈ।
    • ਅਫ਼ਗਾਨ ਔਰਤ ਨੇ ਅਮਰੀਕੀ ਜਹਾਜ਼ ਅੰਦਰ ਹੀ ਬੱਚੀ ਨੂੰ ਜਨਮ ਦਿੱਤਾ
  16. ਅਫਗਾਨਿਸਤਾਨ ਦੀ 'ਤਿੰਨ ਲੱਖ ਦੀ ਫੌਜ' ਤਾਲਿਬਾਨ ਸਾਹਮਣੇ ਕਿਉਂ ਨਹੀਂ ਟਿਕ ਸਕੀ

    9 ਜੁਲਾਈ ਅਤੇ 15 ਅਗਸਤ ਵਿਚਾਲੇ ਵਕਫ਼ੇ ਨੂੰ ਕਰੀਬ ਨਾਲ ਦੇਖਣ 'ਤੇ ਪਤਾ ਲੱਗਦਾ ਹੈ ਕਿ ਤਾਲਿਬਾਨ ਕਿੰਨੀ ਤੇਜ਼ੀ ਨਾਲ ਅਫ਼ਗਾਨਿਸਤਾਨ ਵਿੱਚ ਇਲਾਕਿਆਂ 'ਤੇ ਕਬਜ਼ਾ ਕਰਨ ਲਈ ਅੱਗੇ ਵਧਿਆ।

    ਅਫ਼ਗਾਨ ਸੈਨਾ ਦੀ ਵਫ਼ਾਦਾਰੀ 'ਤੇ ਸਵਾਲ ਵੀ ਚੁੱਕੇ ਗਏ।

    ਪੂਰੀ ਕਹਾਣੀ ਪੜ੍ਹਨ ਲਈ ਇੱਥੇ ਕਲਿੱਕ ਕਰੋ।

  17. ਅਫ਼ਗਾਨਿਸਤਾਨ: ਅਮਰੀਕਾ ਦੀਆਂ ਕਮਰਸ਼ੀਅਲ ਉਡਾਣਾਂ ਲੋਕਾਂ ਨੂੰ ਕੱਢਣ ਵਿੱਚ ਕਰਨੀਆਂ ਮਦਦ

    ਪੈਂਟਾਗਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਅਮਰੀਕਾ ਦੀਆਂ ਕਮਰਸ਼ੀਲ ਉਡਾਣਾਂ ਅਫ਼ਗਾਨਿਸਤਾਨ ਤੋਂ ਕੱਢੇ ਗਏ ਲੋਕਾਂ ਨੂੰ ਅੱਗੇ ਪਹੁੰਚਾਉਣ ਵਿਚ ਮਦਦ ਕਰਨਗੀਆਂ।

    ਅਮਰੀਕਾ ਦੇ ਡਿਫੈਂਸ ਡਿਪਾਰਟਮੈਂਟ ਵੱਲੋਂ ਆਖਿਆ ਗਿਆ ਹੈ ਕਿ 18 ਏਅਰਲਾਈਨ ਕੰਪਨੀਆਂ ਜਿਨ੍ਹਾਂ ਵਿੱਚ ਯੂਨਾਈਟਿਡ ਅਮੈਰੀਕਨ ਏਅਰਲਾਈਨ ਅਤੇ ਡੈਲਟਾ ਸ਼ਾਮਿਲ ਹਨ, ਇਸ ਲਈ ਵਰਤੀਆਂ ਜਾਣਗੀਆਂ।

    ਪੈਂਟਾਗਨ ਨੇ ਇਹ ਵੀ ਸਾਫ ਕੀਤਾ ਹੈ ਕਿ ਇਹ ਉਡਾਣਾਂ ਸਿੱਧੀਆਂ ਅਫਗਾਨਿਸਤਾਨ ਨਹੀਂ ਜਾਣਗੀਆਂ ਬਲਕਿ ਤੀਸਰੇ ਦੇਸ਼ ਵਿਚ ਜਾਣਗੀਆਂ।ਅਫ਼ਗਾਨਿਸਤਾਨ ਤੋਂ ਲੋਕਾਂ ਨੂੰ ਉਨ੍ਹਾਂ ਤੀਸਰੇ ਦੇਸ਼ਾਂ ਤੋਂ ਅੱਗੇ ਪਹੁੰਚਾਇਆ ਜਾਵੇਗਾ।

    ਇਹ ਵੀ ਆਖਿਆ ਗਿਆ ਹੈ ਕਿ ਇਸ ਦਾ ਕਮਰਸ਼ੀਅਲ ਉਡਾਣਾਂ ਉੱਭਰ ਬਹੁਤ ਵੱਡਾ ਅਸਰ ਨਹੀਂ ਪਵੇਗਾ।

    ਭਾਰਤ ਸਰਕਾਰ ਵੱਲੋਂ ਵੀ ਆਪਣੇ ਏਅਰ ਇੰਡੀਆ ਦੇ ਜਹਾਜ਼ਾਂ ਰਾਹੀਂ ਨਾਗਰਿਕਾਂ ਨੂੰ ਇਸੇ ਤਰ੍ਹਾਂ ਕੱਢਿਆ ਗਿਆ ਹੈ।

    ਭਾਰਤੀ ਹਵਾਈ ਸੈਨਾ ਦੁਆਰਾ ਕਾਬੁਲ ਤੋਂ ਭਾਰਤੀ ਅਤੇ ਅਫ਼ਗਾਨ ਨਾਗਰਿਕ ਤਜਾਕਿਸਤਾਨ ਅਤੇ ਕਤਰ ਪਹੁੰਚਾਏ ਗਏ ਹਨ ਜਿਸ ਤੋਂ ਬਾਅਦ ਏਅਰ ਇੰਡੀਆ ਦੀਆਂ ਉਡਾਣਾਂ ਰਾਹੀਂ ਉਹ ਦਿੱਲੀ ਪਹੁੰਚੇ ਹਨ।

    ਅਮਰੀਕੀ ਸਰਕਾਰ ਨੇ ਕਿਹਾ ਹੈ ਕਿ ਹੁਣ ਤੱਕ ਦਰਜਨ ਤੋਂ ਵੱਧ ਦੇਸ਼ ਅਮਰੀਕਾ ਦੀਆਂ ਅਫ਼ਗ਼ਾਨਿਸਤਾਨ ਸੰਬੰਧੀ ਉਡਾਣਾਂ ਲਈ ਮਦਦ ਕਰਨ ਨੂੰ ਤਿਆਰ ਹੋ ਗਿਆ ਹੈ।

  18. ਤਾਲਿਬਾਨ ਦੇ ਸੈਂਕੜੇ ਲੜਾਕੇ 'ਪੰਜਸ਼ੀਰ 'ਤੇ ਕਬਜ਼ੇ ਲਈ ਨਿਕਲੇ'

    ਤਾਲਿਬਾਨ ਨੇ ਐਤਵਾਰ ਰਾਤ ਨੂੰ ਦੱਸਿਆ ਕਿ ਉਸਦੇ ਸੈਂਕੜੇ ਲੜਾਕੇ ਪੰਜਸ਼ੀਰ ਘਾਟੀ ਵੱਲ ਨਿੱਕਲ ਚੁੱਕੇ ਹਨ।

    ਇਹ ਅਫ਼ਗਾਨਿਸਤਾਨ ਦੇ ਉਨ੍ਹਾਂ ਇਲਾਕਿਆਂ ਵਿੱਚੋਂ ਹੈ ਜਿਸ ’ਤੇ ਤਾਲਿਬਾਨ ਹਜੇ ਕਬਜ਼ਾ ਨਹੀਂ ਕਰ ਸਕਿਆ ਹੈ ।

    ਕਾਬੁਲ ਦੇ ਉੱਤਰ ਵੱਲ ਮੌਜੂਦ ਪੰਜਸ਼ੀਰ ਤਾਲਿਬਾਨ ਵਿਰੋਧੀਆਂ ਦਾ ਗੜ੍ਹ ਰਿਹਾ ਹੈ ਜਿਸਦੀ ਕਮਾਨ ਹੁਣ ਸਾਬਕਾ ਮੁਜਾਹਿਦੀਨ ਕਮਾਂਡਰ ਅਹਿਮਦ ਸ਼ਾਹ ਮਸੂਦੀ ਦੇ ਪੁੱਤਰ ਅਹਿਮਦ ਮਸੂਦ ਦੇ ਹੱਥਾਂ ਵਿੱਚ ਹੈ।

    ਅਲਕਾਇਦਾ ਨੇ 9/11 ਅਮਰੀਕੀ ਹਮਲੇ ਤੋਂ ਦੋ ਦਿਨ ਪਹਿਲਾਂ ਅਹਿਮਦ ਸ਼ਾਹ ਮਸੂਦੀ ਦਾ ਕਤਲ ਕਰ ਦਿੱਤਾ ਸੀ।

    ਤਾਲਿਬਾਨ ਨੇ ਆਪਣੇ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਹੈ ਕਿ ‘ਸਥਾਨਿਕ ਅਧਿਕਾਰੀਆਂ ਦੇ ਸ਼ਾਤੀਪੂਰਨ ਤਰੀਕੇ ਨਾਲ ਪੰਜਸ਼ੀਰ ਸੂਬੇ ਨੂੰ ਉਨ੍ਹਾਂ ਨੂੰ ਨਾ ਦੇਣ ਤੋਂ ਬਾਅਦ ਇਸਲਾਮੀ ਅਮੀਰਾਤ ਦੇ ਸੈਂਕੜੇ ਮੁਜਾਹਿਦੀਨ ਕਬਜ਼ੇ ਲਈ ਵੱਧ ਰਹੇ ਹਨ।’

  19. ਬੀਬੀਸੀ ਪੰਜਾਬੀ ਦੇ LIVE ਪੇਜ 'ਤੇ ਤੁਹਾਡਾ ਸਵਾਗਤ ਹੈ

    23 ਅਗਸਤ ਦੇ ਇਸ LIVE ਪੇਜ ਰਾਹੀਂ ਅਸੀਂ ਤੁਹਾਨੂੰ ਅਫ਼ਗਾਨਿਸਤਾਨ ਸੰਕਟ ਨਾਲ ਜੁੜੀ ਹਰ ਅਹਿਮ ਤੇ ਵੱਡੀ ਖ਼ਬਰ ਦੇਵਾਂਗੇ। ਤੁਸੀਂ ਜੇਕਰ 22 ਅਗਸਤ ਦੀਆਂ ਖ਼ਬਰਾਂ ਪੜ੍ਹਨ ਅਤੇ ਦੇਖਣ ਲਈ ਇਸ ਲਿੰਕ 'ਤੇ ਵੀ ਜਾ ਸਕਦੇ ਹੋ। ਸਾਡੇ ਨਾਲ ਤੁਸੀਂ ਸਾਡੀ ਵੈੱਬਸਾਈਟ bbc.com/Punjabi'ਤੇ ਜੁੜੋ ਅਤੇ Youtube,Facebook,Instagramਅਤੇ Twitter'ਤੇ ਵੀ ਜ਼ਰੂਰ ਜੁੜੋ