ਅਸੀਂ ਆਪਣਾ ਲਾਈਵ ਪੇਜ ਇੱਥੇ ਹੀ ਖ਼ਤਮ ਕਰਦੇ ਹਾਂ। ਸਾਡੇ ਨਾਲ ਜੁੜਨ ਲਈ ਧੰਨਵਾਦ।
You’re viewing a text-only version of this website that uses less data. View the main version of the website including all images and videos.
ਅਫ਼ਗਾਨਿਸਤਾਨ 'ਚ ਤਾਲਿਬਾਨ: ਭਾਰਤ ਪਹੁੰਚੇ ਅਫ਼ਗਾਨ ਲੋਕਾਂ ਨੇ ਕੀ ਕਿਹਾ
ਗਾਜ਼ੀਆਬਾਦ ਦੇ ਹਿੰਡਨ ਏਅਰਬੇਸ 'ਤੇ ਪਹੁੰਚੇ ਲੋਕਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਤੇ ਉੱਥੋਂ ਵਾਪਰੀਆਂ ਗੱਲਾਂ ਦੱਸਿਆ।
ਲਾਈਵ ਕਵਰੇਜ
ਅਫ਼ਗਾਨਿਸਤਾਨ: ਪ੍ਰਮੁੱਖ ਘਟਨਾਕ੍ਰਮ
- ਅਫ਼ਗਾਨਿਸਤਾਨ ਵਿੱਚੋਂ ਲੋਕ ਇੱਕ ਸੂਟਕੇਸ ਅਤੇ ਕੁਝ ਕੱਪੜਿਆਂ ਨਾਲ਼ ਦੇਸ਼ ਛੱਡਣ ਲਈ ਕਾਬੁਲ ਹਵਾਈ ਅੱਡੇ ’ਤੇ ਪਹੁੰਚ ਰਹੇ ਹਨ।
- ਪੱਤਰਕਾਰਾਂ ਮੁਤਾਬਕ ਕਾਬੁਲ ਹਵਾਈ ਅੱਡੇ ਦੇ ਬਾਹਰ ਹੁਣ ਸਥਿਤੀ ਸਧਾਰਣ ਅਤੇ ਸ਼ਾਂਤ ਹੁੰਦੀ ਜਾ ਰਹੀ ਹੈ।
- ਸੰਯੁਕਤ ਰਾਸ਼ਟਰ ਨੇ ਮੁਲਕਾਂ ਨੂੰ ਅਪੀਲ ਕੀਤੀ ਹੈ ਕਿ ਕਾਬੁਲ ਤੋਂ ਬਾਹਰ ਵਸਦੇ ਲੱਖਾਂ ਅਫ਼ਗਾਨਾਂ ਦਾ ਵੀ ਖ਼ਿਆਲ ਰੱਖਿਆ ਜਾਵੇ।
- ਅੱਜ ਅਫ਼ਗਾਨਿਸਤਾਨ ਤੋਂ ਹਿੰਦੂ-ਸਿੱਖਾਂ ਅਤੇ ਹੋਰ ਭਾਰਤੀਆਂ ਨੂੰ ਲੈ ਕੇ ਇੱਕ ਭਾਰਤੀ ਹਵਾਈ ਫ਼ੌਜ ਦਾ ਸੀ-17 ਜਹਾਜ਼ ਭਾਰਤ ਪਹੁੰਚਿਆ।
- ਅਮਰੀਕਾ ਲੋਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਕੱਢਣ ਲਈ ਵਪਾਰਕ ਏਅਰਲਾਈਨਜ਼ ਸ਼ਾਮਲ ਹੋਣਗੇ।
- ਤਾਲਿਬਾਨ ਨੇ ਇਵੈਕੁਏਸ਼ਨ ਨੂੰ ਡਰਾਮਾ ਦੱਸਿਆ ਹੈ ਅਤੇ ਇਸ ਲਈ ਅਮਰੀਕਾ ਨੂੰ ਜ਼ਿੰਮੇਵਾਰ ਦੱਸਿਆ ਹੈ।
- ਤਾਲਿਬਾਨ ਨੇ ਕਿਹਾ ਹੈ ਕਿ ਉਹ ਪੰਜ ਸ਼ੀਰ ਘਾਟੀ ਦੇ ਮਸਲੇ ਦਾ ਤਾਕਤ ਜਾਂ ਗੱਲਬਾਤ ਨਾਲ ਹੱਲ ਕਰ ਲੈਣਗੇ।
- ਮਰਹੂਮ ਅਫ਼ਗਾਨ ਨੇਤਾ ਅਹਿਮਦ ਸ਼ਾਹ ਮਸੂਦ ਦੇ ਪੁੱਤਰ ਅਹਿਮਦ ਮਸੂਦ ਨੇ ਕਿਹਾ ਹੈ ਕਿ ਉਹ ਦੋਵਾਂ ਤਰੀਕਿਆਂ ਲਈ ਤਿਆਰ ਹਨ।
- ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੂਤਿਨ ਨੇ ਅਫ਼ਗਾਨ ਰਫਿਊਜੀਆਂ ਨੂੰ ਸਵੀਕਾਰ ਕਰਨ ਦੀ ਪੱਛਮੀ ਮੁਲਕਾਂ ਦੀ ਨੀਤੀ ਦੀ ਆਲੋਚਨਾ ਕੀਤੀ ਹੈ।
- ਉਨ੍ਹਾਂ ਨੇ ਕਿਹਾ ਕਿ ਪੱਛਮੀ ਦੇਸ਼ ਕੇਂਦਰੀ ਏਸ਼ੀਆ ਦੇ ਮੁਲਕਾਂ ਨੂੰ ਅਫ਼ਗਾਨ ਰਫ਼ਿਊਜੀਆਂ ਨੂੰ ਆਪਣੇ ਇੱਥੇ ਰੱਖਣ ਲਈ ਕਹਿ ਰਹੇ ਹਨ ਜਦੋਂ ਤੱਕ ਉਨ੍ਹਾਂ ਦੇ ਵੀਜ਼ੇ ਨਹੀਂ ਲੱਗ ਜਾਂਦੇ ਪਰ ਉਹ ਖ਼ੁਦ ਬਿਨਾਂ ਵੀਜ਼ੇ ਦੇ ਉਨ੍ਹਾਂ ਨੂੰ ਲੈਣ ਲਈ ਤਿਆਰ ਨਹੀਂ ਹਨ।
- ਵ੍ਹਾਈਟ ਹਾਊਸ ਦੇ ਕੌਮੀ ਸੁਰੱਖਿਆ ਸਲਹਾਕਾਰ ਜੈਕ ਸਲੀਵਨ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਵਿੱਚ ਅਜੇ ਵੀ ਕਈ ਹਜ਼ਾਰ ਅਮਰੀਕੀ ਫ਼ਸੇ ਹੋਏ ਹਨ।
- ਅਮਰੀਕਾ ਦੇ ਰਾਸ਼ਟਰਪਤੀ ਨੇ ਇੱਕ ਵੱਖਰੇ ਬਿਆਨ ਵਿੱਚ ਕਿਹਾ ਸੀ ਕਿ ਕੋਈ ਵੀ ਦੇਸ਼ ਆਪਣੇ ਸਾਰੇ ਨਾਗਰਿਕਾਂ ਨੂੰ ਅਫ਼ਗਾਨਿਸਤਾਨ ਵਿੱਚੋਂ ਨਹੀਂ ਕੱਢ ਸਕਦਾ।
ਅਫ਼ਗਾਨਿਸਤਾਨ: ਜੇਲ੍ਹ ਵਿੱਚ ਬੰਦ ਧੀ ਦੀ ਨਹੀ ਖ਼ਬਰ, ਭਾਰਤ ਵਿੱਚ ਮਾਂ ਚਿੰਤਿਤ
ਬਿੰਦੂ ਸੰਪਤ ਦੀ ਬੇਟੀ ਨਿਮਿਸ਼ਾ ਅਫਗਾਨਿਸਤਾਨ ਦੀ ਜੇਲ੍ਹ ਵਿੱਚ ਕੈਦ ਸੀ ਪਰ ਤਾਲਿਬਾਨ ਦੀ ਵਾਪਸੀ ਤੋਂ ਬਾਅਦ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ।
ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ।
ਭਾਰਤ ਲਿਆਂਦੇ ਗਏ ਅਫ਼ਗਾਨ ਲੋਕਾਂ ਨੇ ਕੀਤਾ ਭਾਰਤ ਦਾ ਧੰਨਵਾਦ
ਭਾਰਤੀ ਹਵਾਈ ਫੌਜ ਦੇ ਜਹਾਜ਼ ਰਾਹੀਂ ਅਫ਼ਗਾਨਿਸਤਾਨ ਤੋਂ ਭਾਰਤ ਪਹੁੰਚੇ ਅਫ਼ਗਾਨ ਲੋਕਾਂ ਨੇ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ।
ਇਨ੍ਹਾਂ ਵਿੱਚ ਅਫ਼ਗਾਨਿਸਤਾਨ ਦੇ ਹਿੰਦੂ, ਸਿੱਖ ਭਾਈਚਾਰੇ ਦੇ ਲੋਕ ਅਤੇ ਉੱਥੇ ਕੰਮ ਕਰਨ ਵਾਲੇ ਕੁਝ ਭਾਰਤੀ ਵੀ ਹਨ।
ਅਫ਼ਗਾਨਿਸਤਾਨ: ਫੀਫਾ ਨੇ ਫੁੱਟਬਾਲ ਖਿਡਾਰਨਾਂ ਦੀ ਸੁਰੱਖਿਆ ਸਬੰਧੀ ਕੀਤੀ ਅਪੀਲ
ਅਫ਼ਗਾਨਿਸਤਾਨ ਵਿੱਚ ਬਦਲੇ ਹਾਲਾਤਾਂ ਤੋਂ ਬਾਅਦ ਫੀਫਾ ਨੇ ਦੁਨੀਆਂ ਭਰ ਵਿੱਚ ਵੱਖ-ਵੱਖ ਸਰਕਾਰਾਂ ਨੂੰ ਅਫ਼ਗਾਨਿਸਤਾਨ ਦੀਆਂ ਫੁੱਟਬਾਲ ਖਿਡਾਰਨਾਂ ਨੂੰ ਦੇਸ਼ 'ਚੋਂ ਸੁਰੱਖਿਅਤ ਕੱਢਣ ਲਈ ਲਿਖਿਆ ਹੈ।
ਖਿਡਾਰੀਆਂ ਦੀ ਜਥੇਬੰਦੀ ਫਿਫਪਰੋ ਨੇ ਵੀ ਮਦਦ ਲਈ ਅਪੀਲ ਕੀਤੀ ਹੈ।
2007 ਵਿੱਚ ਪਹਿਲੀ ਵਾਰ ਅਫ਼ਗਾਨਿਸਤਾਨ ਦੀ ਮਹਿਲਾ ਫੁਟਬਾਲ ਟੀਮ ਦਾ ਗਠਨ ਹੋਇਆ ਸੀ।
ਕਾਬੁਲ ਵਿੱਚ ਤਾਲਿਬਾਨ ਦੇ ਦਾਖ਼ਲ ਹੋਣ ਤੋਂ ਬਾਅਦ ਬਹੁਤ ਸਾਰੀਆਂ ਖਿਡਾਰਨਾਂ ਅਗਿਆਤ ਜਗ੍ਹਾ 'ਤੇ ਚਲੀਆਂ ਗਈਆਂ ਹਨ।
90 ਦੇ ਦਹਾਕੇ ਵਿੱਚ ਦੇਸ਼ ਵਿੱਚ ਤਾਲਿਬਾਨ ਦੇ ਰਾਜ ਸਮੇਂ ਔਰਤਾਂ ਅਤੇ ਬੱਚਿਆਂ ਨੂੰ ਸਿੱਖਿਆ ਤੋਂ ਵੀ ਵਾਂਝਾ ਕਰ ਦਿੱਤਾ ਗਿਆ ਸੀ ਅਤੇ ਹੋਰ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਗਈਆਂ ਸਨ।
ਅਫ਼ਗਾਨਿਸਤਾਨ ਦੀ ਫੁਟਬਾਲ ਟੀਮ ਦੀ ਸਾਬਕਾ ਕੈਪਟਨ ਖਾਲਿਦਾ ਪੋਪਲ ਨੇ ਇਸ ਹਫ਼ਤੇ ਖੇਡ ਜਥੇਬੰਦੀਆਂ ਕੋਲ ਸੁਰੱਖਿਆ ਲਈ ਗੁਹਾਰ ਲਗਾਈ ਸੀ ਅਤੇ ਆਖਿਆ ਸੀ ਕਿ ਖਿਡਾਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ।
ਫੀਫਾ ਦੇ ਬੁਲਾਰੇ ਵੱਲੋਂ ਇੱਕ ਬਿਆਨ ਵਿੱਚ ਆਖਿਆ ਗਿਆ ਹੈ ਕਿ ਉਹ ਅਫ਼ਗਾਨਿਸਤਾਨ ਫੁਟਬਾਲ ਫੈਡਰੇਸ਼ਨ ਨਾਲ ਸੰਪਰਕ ਵਿੱਚ ਹਨ ਅਤੇ ਦੇਸ਼ ਵਿੱਚ ਖਿਡਾਰੀਆਂ ਬਾਰੇ ਲਗਾਤਾਰ ਜਾਣਕਾਰੀ ਪ੍ਰਾਪਤ ਕਰ ਰਹੇ ਹਨ।
ਅਫ਼ਗਾਨਿਸਤਾਨ : ਜਦੋਂ ਅਫ਼ਗਾਨ ਔਰਤ ਨੂੰ ਉਡਾਣ ਦੌਰਾਨ ਸ਼ੁਰੂ ਹੋਈ ਪ੍ਰਸਵ ਪੀੜਾ
ਅਫ਼ਗਾਨਿਸਤਾਨ ਦੇ ਹਾਲਾਤ ਬਦਲਣ ਤੋਂ ਬਾਅਦ ਲੋਕ ਦੇਸ਼ ਛੱਡ ਕੇ ਜਾ ਰਹੇ ਹਨ।
ਲੋਕਾਂ ਨੂੰ ਦੇਸ਼ ਵਿੱਚੋਂ ਕੱਢਣ ਲਈ ਵਿਸ਼ੇਸ਼ ਉਡਾਣਾਂ ਚਲਾਈਆਂ ਜਾ ਰਹੀਆਂ ਹਨ ਅਤੇ ਅਮਰੀਕੀ ਫੌਜ ਦੀ ਅਜਿਹੀ ਹੀ ਉਡਾਣ ਵਿੱਚ ਇੱਕ ਅਫ਼ਗਾਨ ਗਰਭਵਤੀ ਔਰਤ ਨੂੰ ਪ੍ਰਸਵ ਪੀੜਾ ਸ਼ੁਰੂ ਹੋਈ।
ਯੂਐਸ ਏਅਰ ਮੋਬਿਲਿਟੀ ਕਮਾਂਡ ਦੁਆਰਾ ਸਾਂਝੀ ਕੀਤੀ ਜਾਣਕਾਰੀ ਮੁਤਾਬਕ ਇਹ ਔਰਤ ਆਪਣੇ ਪਰਿਵਾਰ ਸਮੇਤ ਮੱਧ ਪੂਰਬੀ ਏਸ਼ੀਆ ਤੋਂ ਜਰਮਨੀ ਦੇ ਰੈਮਸਟੀਨ ਏਅਰਬੇਸ ਲਈ ਅਮਰੀਕੀ ਏਅਰ ਫੋਰਸ ਦੀ ਉਡਾਣ ਵਿੱਚ ਬੈਠੀ ਸੀ।
ਦਰਦ ਸ਼ੁਰੂ ਹੋਣ ਤੋਂ ਬਾਅਦ ਏਅਰਕ੍ਰਾਫਟ ਕਮਾਂਡਰ ਨੇ ਜਹਾਜ਼ ਦੀ ਉਚਾਈ ਨੂੰ ਘਟਾਇਆ ਤਾਂ ਕਿ ਜਹਾਜ਼ ਵਿੱਚ ਹਵਾ ਦੇ ਦਬਾਅ ਨੂੰ ਵਧਾਇਆ ਜਾ ਸਕੇ ਅਤੇ ਮਾਂ ਅਤੇ ਬੱਚੇ ਦੀ ਜ਼ਿੰਦਗੀ ਬਚਾਈ ਜਾ ਸਕੇ।
ਜਹਾਜ਼ ਦੇ ਲੈਂਡ ਕਰਨ ਤੋਂ ਬਾਅਦ ਅਮਰੀਕੀ ਮਿਲਟਰੀ ਦੇ ਡਾਕਟਰਾਂ ਦੀ ਸਹਾਇਤਾ ਨਾਲ ਬੱਚੇ ਦਾ ਜਨਮ ਹੋਇਆ।
ਟਵਿੱਟਰ ਰਾਹੀਂ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਹੈ ਕਿ ਮਾਂ ਅਤੇ ਬੱਚਾ ਦੋਨੋਂ ਸੁਰੱਖਿਅਤ ਹਨ।
ਫ਼ੌਜਾਂ ਦੀ ਵਾਪਸੀ ਦੀ ਤਰੀਕ ਵਿੱਚ ਜੇਕਰ ਵਧਾਈ ਜਾਂਦੀ ਹੈ ਤਾਂ ਯੂਕੇ ਦੇਵੇਗਾ ਪੂਰਾ ਸਹਿਯੋਗ:ਰੱਖਿਆ ਸਕੱਤਰ
ਯੂਕੇ ਦੇ ਰੱਖਿਆ ਸਕੱਤਰ ਬੇਨ ਵੈਲੇਸ ਨੇ 'ਦਿ ਮੇਲ' ਅਖ਼ਬਾਰ ਨਾਲ ਗੱਲਬਾਤ ਦੌਰਾਨ ਆਖਿਆ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਦੀ ਆਖਰੀ ਤਾਰੀਕ ਵਿੱਚ ਵਾਧਾ ਕਰਦੇ ਹਨ ਤਾਂ ਯੂਕੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇਵੇਗਾ।
ਅਮਰੀਕਾ ਵੱਲੋਂ ਆਪਣੀਆਂ ਫ਼ੌਜਾਂ 31 ਅਗਸਤ ਤੱਕ ਵਾਪਸ ਬੁਲਾਉਣ ਦੀ ਤਾਰੀਕ ਤੈਅ ਕੀਤੀ ਗਈ ਹੈ।
ਵੈਲੇਸ ਨੇ ਕਿਹਾ ਕਿ ਕੋਈ ਵੀ ਦੇਸ਼ ਪੂਰੀ ਤਰ੍ਹਾਂ ਸਭ ਨੂੰ ਬਾਹਰ ਨਹੀਂ ਕੱਢ ਸਕਦਾ ਅਤੇ ਆਖ਼ਰੀ ਤਰੀਕ ਤੈਅ ਹੋਣ ਨਾਲ ਇਹ ਸਮਾਂ ਹੋਰ ਵੀ ਘਟ ਗਿਆ ਹੈ। ਜੇਕਰ ਅਮਰੀਕਾ ਦੀ ਤੈਅ ਕੀਤੀ ਤਾਰੀਖ਼ ਵਿੱਚ ਬਦਲਾਅ ਨਹੀਂ ਹੁੰਦਾ ਤਾਂ ਸਾਨੂੰ ਬਿਨਾਂ ਸਮਾਂ ਗੁਆਏ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਕੱਢਣਾ ਪਵੇਗਾ।
ਉਨ੍ਹਾਂ ਨੇ ਕਿਹਾ ਕਿ ਕੋਈ ਵੀ ਬ੍ਰਿਟਿਸ਼ ਜਹਾਜ਼ ਖਾਲੀ ਨਹੀਂ ਆ ਰਿਹਾ। ਜੇਕਰ ਕਿਸੇ ਜਹਾਜ਼ ਵਿੱਚ ਜਗ੍ਹਾ ਹੁੰਦੀ ਹੈ ਤਾਂ ਉਹ ਹੋਰ ਦੇਸ਼ਾਂ ਦੇ ਨਾਗਰਿਕਾਂ ਦੀ ਸਹਾਇਤਾ ਲਈ ਉਸ ਦੀ ਵਰਤੋਂ ਕਰਦੇ ਹਨ। 115 ਲੋਕ ਉਡਾਣ ਰਾਹੀਂ ਵਾਪਸ ਆ ਚੁੱਕੇ ਹਨ ਅਤੇ 138 ਹੋਰ ਅਗਲੀ ਉਡਾਣ ਰਾਹੀਂ ਵਾਪਿਸ ਆ ਰਹੇ ਹਨ।
ਤਾਲਿਬਾਨ ਦੇ ਕਾਬੁਲ ਵਿੱਚ ਦਾਖ਼ਲੇ ਤੋਂ ਬਾਅਦ ਇਸ ਸਮੇਂ ਲਗਭਗ 900 ਬ੍ਰਿਟਿਸ਼ ਸੈਨਿਕ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਲਈ ਮੌਜੂਦ ਹਨ ਅਤੇ ਵੱਖ ਵੱਖ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਆਪਣੇ ਦੇਸ਼ ਭੇਜਣ ਵਿੱਚ ਮਦਦ ਕਰ ਰਹੇ ਹਨ।
ਅਫ਼ਗਾਨਿਸਤਾਨ : ਹੁਣ ਤੱਕ ਦੇ ਹਾਲਾਤਾਂ ਉੱਪਰ ਇੱਕ ਨਜ਼ਰ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਤਾਲਿਬਾਨ ਦੇ ਦਾਖ਼ਲ ਹੋਣ ਤੋਂ ਬਾਅਦ ਦੇਸ਼ ਦੇ ਹਾਲਾਤ ਬਦਲ ਗਏ ਹਨ। ਰਾਸ਼ਟਰਪਤੀ ਅਸ਼ਰਫ਼ ਗਨੀ ਦੇਸ਼ ਛੱਡ ਕੇ ਜਾ ਚੁੱਕੇ ਹਨ ਅਤੇ ਨਾਗਰਿਕ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ।
- ਤਾਲਿਬਾਨ ਪਿਛਲੇ ਐਤਵਾਰ ਕਾਬੁਲ ਵਿੱਚ ਦਾਖਲ ਹੋਇਆ ਸੀ ਅਤੇ ਇੱਕ ਹਫ਼ਤੇ ਬਾਅਦ ਵੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਹਫੜਾ-ਦਫੜੀ ਦਾ ਮਾਹੌਲ ਹੈ।
- ਹਜ਼ਾਰਾਂ ਅਫ਼ਗਾਨ ਨਾਗਰਿਕ ਦੇਸ਼ ਤੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਯੂਕੇ ਦੇ ਰੱਖਿਆ ਮੰਤਰਾਲੇ ਅਨੁਸਾਰ ਇਸ ਦੌਰਾਨ ਸੱਤ ਅਫ਼ਗਾਨ ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ।
- ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਹਵਾਈ ਅੱਡੇ ਤੋਂ ਬਾਹਰ ਨਾ ਜਾਣ ਦੀ ਹਦਾਇਤ ਦਿੱਤੀ ਹੈ। ਕਾਬੁਲ ਵਿੱਚ ਸਰਕਾਰੀ ਦਫ਼ਤਰ ਅਤੇ ਬੈਂਕ ਹੁਣ ਵੀ ਬੰਦ ਹਨ।
- ਭਾਰਤ ਸਰਕਾਰ ਕਈ ਵਿਸ਼ੇਸ਼ ਉਡਾਣਾਂ ਰਾਹੀਂ ਭਾਰਤੀ ਅਤੇ ਅਫ਼ਗਾਨ ਨਾਗਰਿਕਾਂ ਨੂੰ ਸੁਰੱਖਿਅਤ ਭਾਰਤ ਲੈ ਕੇ ਆ ਰਹੀ ਹੈ। ਦੂਤਾਵਾਸ ਦੇ ਕਰਮਚਾਰੀ ਵੀ ਭਾਰਤ ਆ ਗਏ ਹਨ।
- ਐਤਵਾਰ ਸਵੇਰੇ ਵੀ ਕਾਬੁਲ, ਤਜਾਕਿਸਤਾਨ ਅਤੇ ਕਤਰ ਰਾਹੀਂ ਉਡਾਣਾਂ ਭਾਰਤ ਪੁੱਜੀਆਂ ਹਨ। ਇਨ੍ਹਾਂ ਵਿੱਚ ਤਕਰੀਬਨ ਦੋ ਦਰਜਨ ਅਫ਼ਗਾਨ ਸਿੱਖ ਅਤੇ ਦੋ ਸਿੱਖ ਸਾਂਸਦ ਵੀ ਆਏ ਹਨ।
ਤਾਲਿਬਾਨ ਨੇ ਕਿਹਾ, ਮੀਡੀਆ ਨਾਲ ਬਿਹਤਰ ਰਿਸ਼ਤਿਆਂ ਲਈ ਬਣਾਉਣਗੇ ਕਮੇਟੀ
ਤਾਲਿਬਾਨ ਨੇ ਕਿਹਾ ਹੈ ਕਿ ਉਹ ਮੀਡੀਆ ਨਾਲ ਸਬੰਧ ਬਿਹਤਰ ਬਣਾਉਣ ਲਈ ਇੱਕ ਕਮੇਟੀ ਦਾ ਗਠਨ ਕਰ ਰਿਹਾ ਹੈ।
ਤਾਲਿਬਾਨ ਨੇ ਬੁਲਾਰੇ ਜ਼ੁਬੀਉੱਲਾਹ ਮੁਜਾਹਿਦ ਨੇ ਦੱਸਿਆ ਕਿ ਇਹ ਇੱਕ ਤਿੰਨ-ਪੱਖੀ ਕਮੇਟੀ ਹੋਵੇਗੀ।
ਇਸ ਵਿੱਚ ਤਾਲਿਬਾਨ ਦਾ ਇੱਕ ਪ੍ਰਤੀਨਿਧੀ, ਮੀਡੀਆ ਪ੍ਰੋਟੈਕਸ਼ਨ ਐਸੋਸੀਏਸ਼ਨ ਦਾ ਮੁਖੀ ਅਤੇ ਕਾਬੁਲ ਪੁਲਿਸ ਦਾ ਇੱਕ ਅਧਿਕਾਰੀ ਹੋਵੇਗਾ।
ਇਸ ਤੋਂ ਪਹਿਲਾਂ ਇੰਟਰਨੈਸ਼ਨਲ ਫੈਡਰੇਸ਼ਨ ਆਫ ਜਰਨਾਲਿਸਟ ਦੇ ਉੱਪ ਜਨਰਲ ਸਕੱਤਰ ਜੈਰੇਮੀ ਡੀਅਰ ਨੇ ਕਿਹਾ ਸੀ ਕਿ ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਪੱਤਰਕਾਰਾਂ ਲਈ ਕੰਮ ਕਰਨਾ ‘ਬੇਹੱਦ ਚੁਣੌਤੀ ਭਰਪੂਰ’ ਹੋ ਗਿਆ ਹੈ।
ਉਨ੍ਹਾਂ ਨੇ ਕਿਹਾ ਹੈ ਕਿ ਅਫ਼ਗਾਨਿਸਤਾਨ ਦੇ ਪੱਤਰਕਾਰਾਂ ਨੂੰ ਧਮਕੀਆਂ ਮਿਲ ਰਹੀਆਂ ਹਨ ਅਤੇ ਔਰਤ ਰਿਪੋਰਟਰਾਂ ਨੂੰ ਕੰਮ ਕਰਨ ਤੋਂ ਰੋਕਿਆ ਜਾ ਰਿਹਾ ਹੈ।
ਅਫ਼ਗਾਨਿਸਤਾਨ ਤੋਂ ਕਿਵੇਂ ਭਾਰਤ ਲਿਆਂਦੇ ਗਏ ਇਹ ਲੋਕ
ਅਫ਼ਗਾਨਿਸਤਾਨ: ਭਾਰਤ ਪੁੱਜੇ ਅਫ਼ਗਾਨ ਸਿੱਖਾਂ ਨੇ ਕੀਤਾ ਭਾਰਤ ਸਰਕਾਰ ਦਾ ਧੰਨਵਾਦ
ਅਫ਼ਗਾਨਿਸਤਾਨ ਤੋਂ ਐਤਵਾਰ ਸਵੇਰੇ ਸੀ-17 ਰਾਹੀਂ ਭਾਰਤ ਪੁੱਜੇ ਅਫ਼ਗਾਨ ਨਾਗਰਿਕਾਂ ਵਿੱਚ 20 ਤੋਂ ਵੱਧ ਸਿੱਖ ਵੀ ਮੌਜੂਦ ਹਨ।
ਹਿੰਡਨ ਏਅਰਬੇਸ 'ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਅਫਗਾਨਿਸਤਾਨ ਦੇ ਹਾਲਾਤ ਅਤੇ ਅਤੇ ਯਾਤਰਾ ਬਾਰੇ ਦੱਸਿਆ।
ਅਫ਼ਗਾਨਿਸਤਾਨ ਤੋਂ ਆਏ ਹਰਦਿੱਤ ਸਿੰਘ ਨੇ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ,"ਅਸੀਂ ਗੁਰਦੁਆਰੇ ਵਿੱਚ ਮੌਜੂਦ ਸੀ ਅਤੇ ਤਾਲਿਬਾਨ ਉੱਥੇ ਨਹੀਂ ਆਏ। ਮੁਸ਼ਕਿਲ ਤਾਂ ਕਾਫ਼ੀ ਜ਼ਿਆਦਾ ਸੀ ਪਰ ਗੁਰਦੁਆਰੇ ਕਰਕੇ ਅਸੀਂ ਸੁਰੱਖਿਅਤ ਹਾਂ। ਭਾਰਤ ਸਰਕਾਰ ਨੂੰ ਅਸੀਂ ਧੰਨਵਾਦ ਕਰਦੇ ਹਾਂ।"
ਉੱਥੇ ਹੀ ਮੌਜੂਦ ਇਕ ਹੋਰ ਸਿੱਖ ਅਫ਼ਗਾਨ ਨੇ ਭਾਰਤ ਸਰਕਾਰ ਦਾ ਸਹਾਇਤਾ ਲਈ ਧੰਨਵਾਦ ਕੀਤਾ।
ਅਫ਼ਗਾਨਿਸਤਾਨ ਤੋਂ ਦੋ ਸਿੱਖ ਸਾਂਸਦ ਅਨਾਰਕਲੀ ਕੌਰ ਅਤੇ ਨਰਿੰਦਰ ਸਿੰਘ ਖਾਲਸਾ ਵੀ ਇਸ ਉਡਾਣ ਵਿੱਚ ਭਾਰਤ ਆਏ ਹਨ।
ਨਰਿੰਦਰ ਸਿੰਘ ਖ਼ਾਲਸਾ ਮੀਡੀਆ ਨਾਲ ਗੱਲਬਾਤ ਦੌਰਾਨ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ," ਜੋ ਅਸੀਂ ਉੱਥੇ ਹੁਣ ਦੇਖ ਰਹੇ ਹਾਂ ਉਹ ਕਦੇ ਨਹੀਂ ਦੇਖਿਆ। ਸਭ ਕੁਝ ਖ਼ਤਮ ਹੋ ਗਿਆ ਹੈ।"
ਇੱਕ ਅਫ਼ਗਾਨ ਮਹਿਲਾ ਨੇ ਵੀ ਖ਼ਬਰ ਏਜੰਸੀ ਏਐਨਆਈ ਨੂੰ ਦੱਸਿਆ ਕਿ ਅਫ਼ਗ਼ਾਨਿਸਤਾਨ ਵਿੱਚ ਹਾਲਾਤ ਵਿਗੜ ਰਹੇ ਸਨ ਅਤੇ ਉਹ ਆਪਣੀ ਬੇਟੀ ਅਤੇ ਦੋ ਪੋਤੇ ਪੋਤੀਆਂ ਨਾਲ ਭਾਰਤ ਆਏ ਹਨ।
ਉਨ੍ਹਾਂ ਨੇ ਕਿਹਾ,"ਤਾਲਿਬਾਨ ਨੇ ਮੇਰਾ ਘਰ ਸਾੜ ਦਿੱਤਾ ਭਾਰਤੀ ਭੈਣ ਭਰਾ ਸਾਡੇ ਬਚਾਅ ਵਾਸਤੇ ਅੱਗੇ ਆਏ ਹਨ ।ਮੈਂ ਭਾਰਤ ਨੂੰ ਸਹਾਇਤਾ ਕਰਨ ਲਈ ਧੰਨਵਾਦ ਕਰਦੀ ਹਾਂ।
ਕਾਬੁਲ ਹਵਾਈ ਅੱਡੇ ਬਾਹਰ ਸੱਤ ਅਫਗਾਨ ਨਾਗਰਿਕਾਂ ਦੀ ਮੌਤ: ਯੂਕੇ ਰੱਖਿਆ ਮੰਤਰਾਲਾ
ਕਾਬੁਲ ਦੇ ਹਾਮਿਦ ਕਰਜ਼ਾਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਸੱਤ ਅਫਗਾਨ ਨਾਗਰਿਕਾਂ ਦੀ ਮੌਤ ਹੋ ਗਈ।
ਇਹ ਜਾਣਕਾਰੀ ਯੂਕੇ ਦੇ ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਸਾਂਝੀ ਕੀਤੀ ਗਈ ਹੈ।
ਇਸ ਬਿਆਨ ਵਿੱਚ ਦੱਸਿਆ ਗਿਆ ਕਿ ਵੱਡੀ ਗਿਣਤੀ ਵਿੱਚ ਅਫ਼ਗਾਨ ਨਾਗਰਿਕ ਦੇਸ਼ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਜਾਣਾ ਚਾਹੁੰਦੇ ਹਨ।
ਰੱਖਿਆ ਮੰਤਰਾਲੇ ਦੇ ਬੁਲਾਰੇ ਨੇ ਬਿਆਨ ਵਿੱਚ ਕਿਹਾ ਹੈ,"ਹਾਲਾਤ ਕਾਫ਼ੀ ਚੁਣੌਤੀਪੂਰਨ ਬਣੇ ਹੋਏ ਹਨ ਪਰ ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ ਕਿ ਹਾਲਾਤ ਸੁਰੱਖਿਅਤ ਰਹਿਣ।"
ਲਗਭਗ 4500 ਅਮਰੀਕੀ ਅਤੇ 900 ਬ੍ਰਿਟਿਸ਼ ਸੈਨਿਕ ਇਸ ਵੇਲੇ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਲਈ ਮੌਜੂਦ ਹਨ ਅਤੇ ਵੱਖ ਵੱਖ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਆਪਣੇ ਦੇਸ਼ ਭੇਜਣ ਦੀ ਕੋਸ਼ਿਸ਼ ਕਰ ਰਹੇ ਹਨ।
ਤਾਲਿਬਾਨ ਲੜਾਕਿਆਂ ਨੇ ਹਵਾਈ ਅੱਡੇ ਦੇ ਆਸ-ਪਾਸ ਆਪਣੇ ਚੈੱਕ ਪੁਆਇੰਟ ਬਣਾਏ ਹੋਏ ਹਨ ਅਤੇ ਉਹ ਬਿਨਾਂ ਦਸਤਾਵੇਜ਼ਾਂ ਵਾਲੇ ਅਫ਼ਗਾਨ ਨਾਗਰਿਕਾਂ ਨੂੰ ਹਵਾਈ ਅੱਡੇ 'ਤੇ ਜਾਣ ਤੋਂ ਰੋਕ ਰਹੇ ਹਨ।
ਅਫ਼ਗਾਨਿਸਤਾਨ:ਦੇਖੋ ਭਾਰਤ ਪੁੱਜੇ ਛੋਟੇ ਬੱਚਿਆਂ ਦੀਆਂ ਭਾਵੁਕ ਕਰਨ ਵਾਲੀਆਂ ਤਸਵੀਰਾਂ
ਅਫ਼ਗਾਨਿਸਤਾਨ ਤੋਂ ਭਾਰਤੀ ਹਵਾਈ ਸੈਨਾ ਦੀ ਵਿਸ਼ੇਸ਼ ਉਡਾਣ ਰਾਹੀਂ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਪੁੱਜੇ ਅਫ਼ਗਾਨ ਨਾਗਰਿਕਾਂ ਵਿੱਚ ਛੋਟੇ ਬੱਚੇ ਵੀ ਸ਼ਾਮਿਲ ਹਨ।
ਇਨ੍ਹਾਂ ਵਿੱਚੋਂ ਇੱਕ ਬੱਚੇ ਦੀ ਉਮਰ ਕੁਝ ਹੀ ਮਹੀਨਿਆਂ ਦੀ ਹੈ ਅਤੇ ਉਸ ਨੂੰ ਬਿਨਾਂ ਪਾਸਪੋਰਟ ਤੋਂ ਭਾਰਤ ਸੁਰੱਖਿਅਤ ਲਿਆਂਦਾ ਗਿਆ ਹੈ।
ਭਾਰਤ ਪੁੱਜੇ ਇਨ੍ਹਾਂ ਅਫ਼ਗਾਨ ਨਾਗਰਿਕਾਂ ਦੀਆਂ ਭਾਵੁਕ ਤਸਵੀਰਾਂ ਅਤੇ ਵੀਡੀਓ ਸਾਹਮਣੇ ਆ ਰਹੀਆਂ ਹਨ ਜਿਨ੍ਹਾਂ ਵਿਚ ਇੱਕ ਛੋਟੀ ਬੱਚੀ ਛੋਟੇ ਬੱਚੇ ਨਾਲ ਖੇਡਦੀ ਨਜ਼ਰ ਆ ਰਹੀ ਹੈ।
ਅਫ਼ਗਾਨਿਸਤਾਨ: ਬਿਨਾਂ ਪਾਸਪੋਰਟ ਤੋਂ ਛੋਟੇ ਬੱਚੇ ਨੂੰ ਵੀ ਸੁਰੱਖਿਅਤ ਭਾਰਤ ਲਿਆਂਦਾ ਗਿਆ
ਕਾਬੁਲ ਤੋਂ ਭਾਰਤੀ ਹਵਾਈ ਸੈਨਾ ਦੀ ਵਿਸ਼ੇਸ਼ ਉਡਾਣ ਰਾਹੀਂ ਅਫ਼ਗਾਨ ਅਤੇ ਭਾਰਤੀ ਨਾਗਰਿਕ ਭਾਰਤ ਪਹੁੰਚੇ ਹਨ।
ਇਨ੍ਹਾਂ ਵਿੱਚ ਅਫ਼ਗਾਨਿਸਤਾਨ ਦੇ ਦੋ ਸਾਂਸਦ ਨਰਿੰਦਰ ਸਿੰਘ ਖ਼ਾਲਸਾ ਅਤੇ ਅਨਾਰਕਲੀ ਕੌਰ ਵੀ ਸ਼ਾਮਿਲ ਹਨ।
ਖ਼ਬਰ ਏਜੰਸੀ ਏਐਨਆਈ ਮੁਤਾਬਿਕ ਮਹਿਲਾਵਾਂ, ਬੱਚੇ, ਬਜ਼ੁਰਗ ਸਮੇਤ ਇੱਕ ਛੋਟੇ ਬੱਚੇ ਨੂੰ ਬਿਨਾਂ ਪਾਸਪੋਰਟ ਵੀ ਭਾਰਤ ਸੁਰੱਖਿਅਤ ਲਿਆਂਦਾ ਗਿਆ ਹੈ।
ਜਦੋਂ ਭਾਰਤ ਪਹੁੰਚ ਕੇ ਅਫ਼ਗਾਨ ਐੱਮਪੀ ਨਰਿੰਦਰ ਸਿੰਘ ਖਾਲਸਾ ਰੋਣ ਲੱਗੇ
ਅਫ਼ਗਾਨਿਸਤਾਨ: ਭਾਰਤ ਪੁੱਜੇ ਯਾਤਰੀਆਂ ਦਾ ਹੋ ਰਿਹਾ ਹੈ ਕੋਵਿਡ ਟੈਸਟ, ਪੋਲੀਓ ਵੈਕਸੀਨ ਵੀ ਲਗਾਏਗੀ ਭਾਰਤ ਸਰਕਾਰ
ਅਫ਼ਗਾਨਿਸਤਾਨ: ਭਾਰਤ ਪੁੱਜੇ ਯਾਤਰੀਆਂ ਦਾ ਹੋ ਰਿਹਾ ਹੈ ਆਰ ਟੀ ਪੀਸੀਆਰ ਟੈਸਟ, ਪੋਲੀਓ ਵੈਕਸੀਨ ਵੀ ਲਗਾਏਗੀ ਭਾਰਤ ਸਰਕਾਰ
ਅਫ਼ਗਾਨਿਸਤਾਨ ਤੋਂ ਭਾਰਤੀ ਹਵਾਈ ਫ਼ੌਜ ਦੀ ਵਿਸ਼ੇਸ਼ ਉਡਾਣ ਰਾਹੀਂ ਭਾਰਤ ਪੁੱਜੇ 168 ਯਾਤਰੀਆਂ ਦਾ ਗਾਜ਼ੀਆਬਾਦ ਦੇ ਹਿੰਡਨ ਏਅਰ ਬੇਸ 'ਤੇ ਕੋਵਿਡ ਸਬੰਧੀ ਆਰਟੀਪੀਸੀਆਰ ਟੈਸਟ ਹੋ ਰਿਹਾ ਹੈ। ਇਨ੍ਹਾਂ ਵਿੱਚ ਮਹਿਲਾਵਾਂ ਅਤੇ ਬੱਚੇ ਵੀ ਸ਼ਾਮਿਲ ਹਨ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਜਾਣਕਾਰੀ ਦਿੱਤੀ ਕਿ ਅਫ਼ਗ਼ਾਨਿਸਤਾਨ ਤੋਂ ਭਾਰਤ ਪੁੱਜੇ ਯਾਤਰੀਆਂ ਦੀ ਸੁਰੱਖਿਆ ਲਈ ਪੋਲੀਓ ਵੈਕਸੀਨ ਵੀ ਲਗਾਏ ਜਾ ਰਹੇ ਹਨ। ਦਿੱਲੀ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਇਹ ਵੈਕਸੀਨ ਲਗਾਈ ਜਾ ਰਹੀ ਹੈ।
ਅਫ਼ਗਾਨਿਸਤਾਨ ਤੋਂ ਆਏ ਨਾਗਰਿਕ ਕਾਫ਼ੀ ਭਾਵੁਕ ਹੋ ਗਏ। ਹਿੰਡਨ ਏਅਰ ਫੋਰਸ ਤੇ ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਇਕ ਅਫ਼ਗਾਨ ਔਰਤ ਨੇ ਦੱਸਿਆ ਕਿਤਾਲਿਬਾਨ ਨੇ ਉਨ੍ਹਾਂ ਦਾ ਘਰ ਅੱਗ ਦੇ ਹਵਾਲੇ ਕਰ ਦਿੱਤਾ ਹੈ ਅਤੇ ਉਹ ਬੇਟੀ ਅਤੇ ਉਸ ਦੇ ਬੱਚਿਆਂ ਸਮੇਤ ਭਾਰਤ ਆਏ ਹਨ। ਉਨ੍ਹਾਂ ਨੇ ਭਾਰਤ ਦਾ ਧੰਨਵਾਦ ਵੀ ਕੀਤਾ।
ਅਫ਼ਗਾਨਿਸਤਾਨ: 'ਸਭ ਕੁਝ ਖ਼ਤਮ ਹੋ ਗਿਆ,ਸਭ ਕੁਝ ਹੁਣ ਜ਼ੀਰੋ ਹੈ'
ਅਫ਼ਗਾਨਿਸਤਾਨ ਤੋਂ ਭਾਰਤੀ ਹਵਾਈ ਫੌਜ ਦੀ ਵਿਸ਼ੇਸ਼ ਉਡਾਣ ਰਾਹੀਂ ਭਾਰਤ ਪੁੱਜੇ 168 ਯਾਤਰੀਆਂ ਵਿੱਚ ਅਫ਼ਗ਼ਾਨਿਸਤਾਨ ਦੇ ਸਾਂਸਦ ਨਰਿੰਦਰ ਸਿੰਘ ਖ਼ਾਲਸਾ ਵੀ ਸ਼ਾਮਿਲ ਹਨ।
ਹਿੰਡਨ ਏਅਰਬੇਸ 'ਤੇ ਪਹੁੰਚ ਕੇ ਪੱਤਰਕਾਰਾਂ ਨਾਲ ਗੱਲ ਕਰਦੇ ਸਮੇਂ ਨਰਿੰਦਰ ਕਾਫੀ ਭਾਵੁਕ ਹੋ ਗਏ ਅਤੇ ਕਿਹਾ ਕਿ ਪੀੜ੍ਹੀਆਂ ਤੋਂ ਉਨ੍ਹਾਂ ਦੇ ਪਰਿਵਾਰ ਅਫ਼ਗਾਨਿਸਤਾਨ ਵਿਖੇ ਰਹਿੰਦੇ ਸਨ।
ਭਾਵੁਕ ਹੁੰਦੇ ਹੋਏ ਉਨ੍ਹਾਂ ਨੇ ਕਿਹਾ ,"20 ਸਾਲ ਵਿੱਚ ਜੋ ਸਰਕਾਰ ਬਣੀ ਸੀ, ਜੋ ਕੁਝ ਬਣਿਆ ਸੀ ਉਹ ਸਭ ਖ਼ਤਮ ਹੈ,ਜ਼ੀਰੋ ਹੋ ਗਿਆ ਹੈ ਜੋ ਕੁਝ ਅਸੀਂ ਉੱਥੇ ਹੁਣ ਦੇਖ ਰਹੇ ਹਾਂ, ਉਹ ਕਦੇ ਨਹੀਂ ਦੇਖਿਆ।"
ਸਾਬਕਾ ਮਹਿਲਾ ਸਾਂਸਦ ਅਨਾਰਕਲੀ ਕੌਰ ਵੀ ਪੱਤਰਕਾਰਾਂ ਨਾਲ ਗੱਲ ਕਰਦੇ ਸਮੇਂ ਕਾਫੀ ਭਾਵੁਕ ਹੋ ਗਏ ਸਨ।
ਭਾਰਤ ਪੁੱਜੇ 168 ਯਾਤਰੀਆਂ ਵਿੱਚੋਂ 107 ਭਾਰਤੀ ਹਨ। ਅਫ਼ਗਾਨਿਸਤਾਨ ਤੋਂ ਦੋ ਸਾਂਸਦ,ਕੁਝ ਮਹਿਲਾਵਾਂ ਅਤੇ ਬੱਚੇ ਵੀ ਇਸ ਵਿਸ਼ੇਸ਼ ਉਡਾਣ ਰਾਹੀਂ ਭਾਰਤ ਪਹੁੰਚੇ ਹਨ।
ਅਫ਼ਗਾਨਿਸਤਾਨ: ਭਾਰਤੀ ਹਵਾਈ ਫੌਜ ਦਾ ਜਹਾਜ਼ 168 ਯਾਤਰੀਆਂ ਨਾਲ ਪੁੱਜਾ ਭਾਰਤ
ਭਾਰਤੀ ਹਵਾਈ ਫ਼ੌਜ ਦਾ ਸੀ-17 ਜਹਾਜ਼ ਜਿਸ ਨੇ ਅੱਜ ਸਵੇਰੇ ਕਾਬੁਲ ਤੋਂ ਉਡਾਣ ਭਰੀ ਸੀ, ਗਾਜ਼ੀਆਬਾਦ ਦੇ ਹਿੰਡਨ ਏਅਰ ਫੋਰਸ ਬੇਸ 'ਤੇ ਪਹੁੰਚ ਗਿਆ ਹੈ।
ਖ਼ਬਰ ਏਜੰਸੀ ਏਐਨਆਈ ਮੁਤਾਬਕ ਇਸ ਜਹਾਜ਼ ਵਿੱਚ 168 ਯਾਤਰੀ ਵਾਪਸ ਆਏ ਹਨ ਜਿਨ੍ਹਾਂ ਵਿੱਚੋਂ 107 ਭਾਰਤੀ ਹਨ।
ਅਫ਼ਗਾਨਿਸਤਾਨ ਤੋਂ ਕਈ ਉਡਾਣਾਂ ਵੱਖ-ਵੱਖ ਰਸਤਿਆਂ ਰਾਹੀਂ ਭਾਰਤ ਆ ਰਹੀਆਂ ਹਨ।
ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਸੋਸ਼ਲ ਮੀਡੀਆ ਰਾਹੀਂ ਇਸ ਉਡਾਣ ਦੇ ਭਾਰਤ ਆਉਣ ਦੀ ਜਾਣਕਾਰੀ ਦਿੱਤੀ ਸੀ ਅਤੇ ਕਿਹਾ ਸੀ ਕਿ ਬਚਾਅ ਮੁਹਿੰਮ ਜਾਰੀ ਹੈ।
ਇਸ ਉਡਾਣ ਤੋਂ ਇਲਾਵਾ ਏਅਰ ਇੰਡੀਆ ਦੀਆਂ ਦੋ ਉਡਾਣਾਂ ਵੀ ਭਾਰਤੀ ਨਾਗਰਿਕਾਂ ਨੂੰ ਲੈ ਕੇ ਆ ਰਹੀਆਂ ਹਨ।ਇਨ੍ਹਾਂ ਵਿੱਚੋਂ ਇੱਕ ਉਡਾਣ ਦੋਹਾ ਅਤੇ ਦੂਸਰੀ ਕਜ਼ਾਕਿਸਤਾਨ ਰਾਹੀਂ ਭਾਰਤ ਪਹੁੰਚੇਗੀ।
ਕਾਬੁਲ ਏਅਰੋਰਟ ਉੱਤੇ ਆਈਐੱਸ ਦੇ ਹਮਲੇ ਦਾ ਡਰ, ਅਮਰੀਕਾ ਨੇ ਦਿੱਤੀ ਚਿਤਾਵਨੀ
ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਜਾਰੀ ਕਰਦਿਆਂ ਹੋਇਆ ਕਿਹਾ ਹੈ ਕਿ ਉਹ ਕਾਬੁਲ ਏਅਰਪੋਰਟ ਦਾ ਰੁਖ਼ ਨਾ ਕਰ ਕਿਉਂਕਿ ਇਸ ਗੱਲ ਦੀ ਚਿੰਤਾ ਹੈ ਕਿ ਅਫ਼ਗਾਨਿਸਤਾਨ ਵਿੱਚ ਇਸਲਾਮਿਕ ਸਟੇਟ (ਆਈਐੱਸ) ਦੀ ਬਰਾਂਚ ਹਮਲਾ ਕਰ ਸਕਦੀ ਹੈ।
ਸ਼ਨੀਵਾਰ ਨੂੰ ਜਾਰੀ ਕੀਤੇ ਗਏ ਸੁਰੱਖਿਆ ਅਲਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕ ‘ਦਰਵਾਜ਼ਿਆਂ ਤੋਂ ਬਾਹਰ ਸੁਰੱਖਿਆ ਖ਼ਤਰੇ’ ਤੋਂ ਖ਼ੁਦ ਨੂੰ ਦੂਰ ਰੱਖਣ।
ਅਮਰੀਕੀ ਸਰਕਾਰ ਦੇ ਪ੍ਰਤੀਨਿਧੀ ਨਾਲ ਮੌਜੂਦ ਰਹਿਣ ਵਾਲੇ ਇਕੱਲੇ ਵਿਅਕਤੀ ਨੂੰ ਸਿਰਫ਼ ਯਾਤਰਾ ਨੂੰ ਕਿਹਾ ਗਿਆ ਹੈ।
ਅਮਰੀਕੀ ਰੱਖਿਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਹਾਲਾਤ ਉੱਤੇ ਨਜ਼ਰ ਟਿਕਾਏ ਹੋਏ ਹਨ ਅਤੇ ਦੂਜੇ ਰਸਤੇ ਭਾਲ ਰਹੇ ਹਨ।
ਆਈਐੱਸ ਰਾਹੀਂ ਸੰਭਾਵਿਤ ਹਮਲੇ ਦੀ ਕੋਈ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਆਈਐੱਸ ਦੇ ਸਮੂਹ ਨੇ ਕਾਬੁਲ ਵਿੱਚ ਹਮਲੇ ਦੀ ਕੋਈ ਜਨਤਕ ਧਮਕੀ ਦਿੱਤੀ ਹੈ।
ਅਮਰੀਕਾ ਨੇ ਭਾਰਤ ਨੂੰ ਕਾਬੁਲ ਤੋਂ ਰੋਜ਼ਾਨਾ ਦੋ ਫਲਾਈਟਸ ਉਡਾਉਣ ਦੀ ਦਿੱਤੀ ਇਜਾਜ਼ਤ
ਅਮਰੀਕਾ ਅਤੇ ਨਾਟੋ ਫੌਜਾਂ ਨੇ ਭਾਰਤ ਨੂੰ ਹਰ ਰੋਜ਼ ਕਾਬੁਲ ਤੋਂ ਦੋ ਉਡਾਣਾਂ ਚਲਾਉਣ ਦੀ ਇਜਾਜ਼ਤ ਦਿੱਤੀ ਹੈ।
ਇਸ ਸਮੇਂ ਅਮਰੀਕਾ ਅਤੇ ਨਾਟੋ ਫੌਜਾਂ ਕਾਬੁਲ ਏਅਰਪੋਰਟ ਦੀ ਸੁਰੱਖਿਆ ਕਰ ਰਹੀਆਂ ਹਨ। ਹਾਲਾਂਕਿ ਕਾਬੁਲ ਏਅਰਪੋਰਟ ਬਾਹਰ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ।
ਏਅਰਪੋਰਟ ਦੇ ਬਾਹਰ ਹਜ਼ਾਰਾਂ ਲੋਕ ਕਿਸੇ ਤਰ੍ਹਾਂ ਅੰਦਰ ਜਾਣ ਦੀ ਗੁੰਜਾਇਸ਼ ਭਾਲ ਰਹੇ ਹਨ। ਇਸ ਤਰ੍ਹਾਂ ਹਾਲਾਤ ਲਗਾਤਾਰ ਜੋਖ਼ਮਾਂ ਵਾਲੇ ਹੁੰਦੇ ਜਾ ਰਹੇ ਹਨ।
ਸਮਾਚਾਰ ਏਜੰਸੀ ਏਐੱਨਆਈ ਮੁਤਾਬਕ, ਭਾਰਤ ਸਰਕਾਰ ਨਾਲ ਜੁੜੇ ਇੱਕ ਸੂਤਰ ਨੇ ਦੱਸਿਆ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਭਾਰਤ ਤੋਂ ਰੋਜ਼ਾਨਾ ਕਾਬੁਲ ਲਈ ਫਲਾਇਟਾਂ ਚਲਾਈਆਂ ਜਾਣਗੀਆਂ।
ਇਸ ਵੇਲੇ ਕਾਬੁਲ ਏਅਰਪੋਰਟ ਤੋਂ ਇੱਕ ਦਿਨ ਵਿੱਚ ਕੁੱਲ 25 ਉਡਾਣਾਂ ਦਾ ਕੀਤਾ ਜਾ ਰਿਹਾ ਹੈ।
ਇਸ ਵੇਲੇ ਕਾਬੁਲ ਵਿੱਚ 300 ਤੋਂ ਜ਼ਿਆਦਾ ਲੋਕ ਮੌਜੂਦ ਹਨ, ਜਿਨ੍ਹਾਂ ਨੂੰ ਭਾਰਤ ਸਰਕਾਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰ ਇਨ੍ਹਾਂ ਨਾਗਰਿਕਾਂ ਨੂੰ ਕਤਰ ਅਤੇ ਤਜਾਕਿਸਤਾਨ ਦੇ ਰਸਤਿਓਂ ਏਅਰ ਲਿਫਟ ਕਰ ਰਹੀ ਹੈ।
ਦੱਸ ਦਈਏ ਕਿ ਭਾਰਤੀ ਐੱਨਐੱਸਏ ਅਜੀਤ ਡੋਵਾਲ ਨੇ ਅਮਰੀਕੀ ਸੁਰੱਖਿਆ ਘੇਰੇ ਵਿੱਚ ਭਾਰਤੀ ਅਧਿਕਾਰੀਆਂ ਨੂੰ ਕੰਮ ਕਰਨ ਦੀ ਇਜਾਜ਼ਤ ਦਵਾਉਣ ਲਈ ਆਪਣੇ ਅਮਰੀਕੀ ਹਮਰੁਤਬਾ ਜੈਕ ਸਲਾਵੀਨ ਨਾਲ ਕੀਤੀ ਸੀ।
ਉਸ ਤੋਂ ਬਾਅਦ ਭਾਰਤ ਦੇ ਪਹਿਲੇ ਜਹਾਜ਼ ਨੂੰ ਕਾਬੁਲ ਵਿੱਚ ਉਤਰਨ ਦੀ ਇਜਾਜ਼ਤ ਮਿਲੀ ਸੀ।
ਭਾਰਤੀ ਹਵਾਈ ਫੌਜ ਹੁਣ ਤੱਕ ਕੁੱਲ 180 ਭਾਰਤੀਆਂ ਨੂੰ ਕਾਬੁਲ ਤੋਂ ਵਾਪਸ ਲੈ ਆਈ ਹੈ, ਜਿਨ੍ਹਾਂ ਵਿੱਚ ਅਫ਼ਗਾਨਿਸਤਾਨ ਦੇ ਰਾਜਦੂਤ ਸਣੇ ਹੋਰ ਰਾਜਦੂਤ ਸ਼ਾਮਿਲ ਹਨ।