You’re viewing a text-only version of this website that uses less data. View the main version of the website including all images and videos.

Take me to the main website

ਕਿਸਾਨ ਅੰਦੋਲਨ: ਖਨੌਰੀ ਬਾਰਡਰ ਉੱਤੇ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਕਾਰਵਾਈ ਬਾਰੇ ਭਗਵੰਤ ਮਾਨ ਨੇ ਕੀ ਕਿਹਾ

ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਦਾ ਕੋਈ ਸਾਰਥਕ ਨਤੀਜਾ ਨਾ ਨਿਲਕਣ ਤੋਂ ਬਾਅਦ ਕਿਸਾਨਾਂ ਨੇ ਮੁੜ ਦਿੱਲੀ ਕੂਚ ਕਰਨ ਦਾ ਐਲਾਨ ਕੀਤਾ ਹੈ।

ਲਾਈਵ ਕਵਰੇਜ

  1. ਕਿਸਾਨ ਅੰਦੋਲਨ- ਪੂਰੇ ਦਿਨ ਦਾ ਘਟਨਾਕ੍ਰਮ

    ਕਿਸਾਨ ਅੰਦੋਲਨ ਨਾਲ ਜੁੜੇ ਬੀਬੀਸੀ ਪੰਜਾਬੀ ਦੇ ਇਸ ਲਾਈਵ ਪੇਜ ਨੂੰ ਅਸੀਂ ਇੱਥੇ ਹੀ ਸਮਾਪਤ ਕਰ ਰਹੇ ਹਾਂ। ਤੁਹਾਡਾ ਬੀਬੀਸੀ ਪੰਜਾਬੀ ਨਾਲ ਜੁੜਨ ਲਈ ਧੰਨਵਾਦ, ਪੇਸ਼ ਹਨ ਅੱਜ ਦੀਆਂ ਸਰਗਰਮੀਆਂ:

    • ਖਨੌਰੀ ਸਰਹੱਦ 'ਤੇ ਇੱਕ ਨੌਜਵਾਨ ਦੀ ਕਥਿਤ ਤੌਰ ਉੱਤੇ 'ਗੋਲੀ ਲੱਗਣ ਨਾਲ ਮੌਤ' ਹੋ ਗਈ ਹੈ।
    • ਨੌਜਵਾਨ ਦੀ ਮੌਤ ਤੋਂ ਬਾਅਦ ਕਿਸਾਨਾਂ ਨੇ ਦੋ ਦਿਨਾਂ ਲਈ ਦਿੱਲੀ ਚਲੋ ਦਾ ਸੱਦਾ ਮੁਲਤਵੀ ਕੀਤਾ।
    • ਪੰਜਾਬ ਦੇ ਮੁੱਖ ਮੰਤਰੀ ਭਗਵੰਤ ਨੇ ਕਿਹਾ ਕਿ ਖਨੌਰੀ ਘਟਨਾ ਨੂੰ ਲੈ ਕੇ ਕੇਸ ਦਰਜ ਕੀਤਾ ਜਾਵੇਗਾ।
    • ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅਜਿਹੇ ਮਾਹੌਲ ਵਿੱਚ ਸਰਕਾਰ ਨਾਲ ਸੁਖਾਲੀ ਗੱਲਬਾਤ ਸੰਭਵ ਨਹੀਂ ਹੈ।
    • ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਕਿਸਾਨਾਂ ਨਾਲ ਚਰਚਾ ਕਰ ਕੇ ਅਗਲੀ ਰਣਨੀਤੀ 24 ਤਰੀਕ ਨੂੰ ਐਲਾਨੀ ਜਾਵੇਗੀ।
    • ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਕਿਸਾਨ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਇਸ ਤੋਂ ਵੱਡਾ ਜ਼ੁਲਮ ਕੋਈ ਨਹੀਂ ਹੋ ਸਕਦਾ।
  2. ਖਨੌਰੀ ’ਚ ਮਰੇ ਨੌਜਵਾਨ ਦੇ ਪਰਿਵਾਰ ਨੇ ਇਕੱਲਾ ਕਮਾਊ ਪੁੱਤ ਗੁਆ ਦਿੱਤਾ

  3. ਖਨੌਰੀ ਬਾਰਡਰ ਉੱਤੇ ਨੌਜਵਾਨ ਦੀ ਮੌਤ ਦੇ ਮਾਮਲੇ ’ਚ ਕਾਰਵਾਈ ਬਾਰੇ ਭਗਵੰਤ ਮਾਨ ਨੇ ਕੀ ਕਿਹਾ

    ਭਗਵੰਤ ਮਾਨ ਨੇ ਕਿਸਾਨਾਂ ਦੇ ਅੰਦੋਲਨ ਬਾਰੇ ਬੋਲਦਿਆਂ ਕਿਹਾ ਕਿ ਕਿਸਾਨ ਆਪਣੇ ਚਿਰਾਂ ਲਟਕਦੀਆਂ ਮੰਗਾਂ ਨੂੰ ਲੈ ਕੇ ਦਿੱਲੀ ਜਾਣਾ ਚਾਹੁੰਦਾ ਹੈ ਪਰ ਉਨ੍ਹਾਂ ਨੂੰ ਹਰਿਆਣਾ ਦੇ ਬਾਰਡਰ ਨੂੰ ਰੋਕ ਦਿੱਤਾ ਜਾਂਦਾ ਹੈ।

    "ਮੇਰਾ ਫਰਜ਼ ਬਸ ਇੰਨਾ ਹੈ ਕਿ ਮੈਂ ਕੇਂਦਰ ਅਤੇ ਕਿਸਾਨਾਂ ਵਿਚਾਲੇ ਪੁੱਲ਼ ਦਾ ਕੰਮ ਕਰਾਂ ਪਰ ਮੰਗਾਂ ਮੰਨਣੀਆਂ ਕੇਂਦਰ ਦੇ ਹੱਥ ਵਿੱਚ ਹੈ ਕਿਉਂਕਿ ਮੰਗਾਂ ਕੇਂਦਰ ਨਾਲ ਜੁੜੀਆਂ ਹੋਈਆਂ ਹਨ। ਇਸੇ ਤਰ੍ਹਾਂ ਕੇਂਦਰ ਦਾ ਪ੍ਰਸਤਾਵ ਮੰਨਣਾ ਕਿਸਾਨਾਂ ਉੱਤੇ ਹੈ।"

    ਖਨੌਰੀ ਘਟਨਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਮੈਨੂੰ ਦੁੱਖ ਹੈ ਕਿ ਮੇਰੇ ਸੂਬੇ ਦਾ 21 ਸਾਲਾ ਨੌਜਵਾਨ ਅੱਜ ਨਹੀਂ ਰਿਹਾ। ਮੈਂ ਪਰਿਵਾਰ ਨਾਲ ਹਮਦਰਦੀ ਰੱਖਦਾ ਹਾਂ, ਮੈਂ ਆਰਥਿਕ ਅਤੇ ਸਮਾਜਿਕ ਤੌਰ 'ਤੇ ਪਰਿਵਾਰ ਨਾਲ ਖੜ੍ਹਾਂਗਾ।"

    "ਪੋਸਟਮਾਰਟਮ ਤੋਂ ਬਾਅਦ ਪਰਚਾ ਵੀ ਦਰਜ ਹੋਵੇਗਾ ਅਤੇ ਉਸ ਤੋਂ ਬਾਅਦ ਅਧਿਕਾਰੀ ਇਸ ਜਾਂਚ ਦੇ ਘੇਰੇ ਵਿੱਚ ਆਉਣਗੇ ਤਾਂ ਉਨ੍ਹਾਂ ਖਿਲਾਫ ਸੰਭਾਵੀ ਕਾਰਵਾਈ ਵੀ ਕੀਤੀ ਜਾਵੇਗੀ।"

    ਮਾਨ ਨੇ ਅੱਗੇ ਕਿਹਾ, "ਜਿਹੜੀਆਂ ਰਬੜ ਦੀਆਂ ਗੋਲੀਆਂ, ਅੱਥਰੂ ਗੈਸ ਦੇ ਗੋਲੇ ਮੇਰੇ ਪੰਜਾਬ ਵਿੱਚ ਆਉਂਦੇ ਹਨ। ਮੈਂ ਅੱਜ ਹਾਈ ਕੋਰਟ ਵਿੱਚ ਇਹੀ ਦੱਸਿਆ ਕਿ ਅਸੀਂ ਉੱਥੇ ਕਿਸਾਨਾਂ ਨੂੰ ਇਕੱਠੇ ਨਹੀਂ ਕਰ ਬਲਕਿ ਹਰਿਆਣਾ ਇਕੱਠੇ ਹੋਣ ਦਾ ਮੌਕਾ ਦੇ ਰਿਹਾ ਹੈ।"

    "ਇਹ ਦਿੱਲੀ ਜਾਣਾ ਚਾਹੁੰਦੇ ਸੀ ਉਨ੍ਹਾਂ ਨੂੰ ਖਨੌਰੀ 'ਤੇ ਰੁਕਣਾ ਪਿਆ। ਹਰਿਆਣਾ ਨੇ ਕਿਉਂ ਰੋਕਿਆ, ਉਸ ਨਾਲ ਤਾਂ ਕੋਈ ਝਗੜਾ ਹੀ ਨਹੀਂ। ਜਦੋਂ ਉਹ ਬਿਨਾਂ ਕੋਈ ਨੁਕਸਾਨ ਕੀਤੇ ਸ਼ੰਭੂ ਬਾਰਡਰ ਤੱਕ ਪਹੁੰਚੇ ਤਾਂ ਹਰਿਆਣਾ ਨਾ ਰੋਕਦੀ ਤਾਂ ਉਹ ਅੱਗੇ ਦਿੱਲੀ ਪਹੁੰਚ ਜਾਂਦੇ ਅਤੇ ਉੱਥੇ ਜਾ ਕੇ ਆਪਣਾ ਸ਼ਾਂਤਮਈ ਪ੍ਰਦਰਸ਼ਨ ਕਰਦੇ।"

    ਉਨ੍ਹਾਂ ਨੇ ਕਿਹਾ, "ਮੈਂ ਆਪਣੇ ਮੰਤਰੀਆਂ ਦੀ ਡਿਊਟੀ ਕੁਝ ਹਸਪਤਾਲਾਂ ਵਿੱਚ ਲਗਾਈ ਹੈ ਕਿਉਂਕਿ ਉਹ ਅੱਖਾਂ ਦੇ ਵੀ ਡਾਕਟਰ ਹਨ।"

  4. ਪੰਧੇਰ ਨੇ ਆਪਣੀ ਅਗਲੀ ਰਣਨੀਤੀ ਬਾਰੇ ਕੀ ਕਿਹਾ

    ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਦੱਸਿਆ ਕਿ ਅਜਿਹੇ ਮਾਹੌਲ ਸਰਕਾਰ ਨਾਲ ਸੁਖਾਲੀ ਗੱਲਬਾਤ ਸੰਭਵ ਨਹੀਂ ਹੈ।

    ਉਨ੍ਹਾਂ ਨੇ ਕਿਹਾ, "ਅਸੀਂ ਕੇਂਦਰ ਸਰਕਾਰ ਨੂੰ ਐੱਮਐੱਸਪੀ ਗਾਰੰਟੀ ਕਾਨੂੰਨ 'ਤੇ ਟਵੀਟ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਨੇ ਨਹੀਂ ਕੀਤਾ। ਟਵੀਟ ਵਿੱਚ ਕਿਹਾ ਗਿਆ ਸੀ ਕਿ ਐੱਮਐੱਸਪੀ ਗਰੰਟੀ ਦੇ ਕਾਨੂੰਨ ਦੇ ਹੱਲ ਵਾਸਤੇ ਗੱਲ ਹੋਵੇਗੀ ਪਰ ਸਰਕਾਰ ਇਸ ਤੋਂ ਭੱਜਦੀ ਨਜ਼ਰ ਆਈ ਹੈ।"

    ਸਵਰਣ ਸਿੰਘ ਪੰਧੇਰ ਨੇ ਦੱਸਿਆ ਕਿ 3 ਗੰਭੀਰ ਤੌਰ 'ਤੇ ਜਖ਼ਮੀ ਹਨ।

    ਉਹ ਕਹਿੰਦੇ ਹਨ, "ਸਰਕਾਰ ਦੀ ਬਦਨੀਤੀ ਹੈ, ਸਰਕਾਰ ਸਿੱਧੀ ਗੋਲੀ ਚਲਾ ਰਹੀ ਹੈ। ਇੱਕ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋਈ ਹੈ। ਅਰਧ ਸੈਨਿਕ ਬਲ ਕਿਸਾਨਾਂ ਨਾਲ ਦੁਸ਼ਮਣਾਂ ਵਾਲਾ ਵਿਹਾਰ ਕਰ ਰਹੇ ਹਨ।"

    ਪੰਧੇਰ ਨੇ ਅੱਗੇ ਕਿਹਾ, "ਅਸੀਂ ਹਾਈਵੇਅ ਨਹੀਂ ਰੋਕਿਆ, ਉਹ ਸਰਕਾਰ ਨੇ ਰੋਕਿਆ ਹੈ। ਸਾਨੂੰ ਅੱਗੇ ਵੀ ਨਹੀਂ ਜਾਣ ਦਿੰਦੇ। ਅਸੀਂ ਆਰਜ਼ੀ ਤੌਰ 'ਤੇ ਫ਼ੈਸਲਾ ਲਿਆ ਹੈ ਕਿ ਅਗਲੇ ਦੋ ਦਿਨ ਸ਼ਾਂਤੀ ਰਹੇਗੀ। ਉਸ ਤੋਂ ਬਾਅਦ ਅਸੀੰ ਵਿਚਾਰ-ਚਰਚਾ ਕਰ ਕੇ 24 ਫਰਵਰੀ ਨੂੰ ਅਗਲੀ ਰਣੀਤੀ ਦੱਸੀ ਜਾਵੇਗਾ।"

  5. ਅੰਨਦਾਤਾ 'ਤੇ ਜ਼ੁਲਮ ਕੀਤਾ ਜਾ ਰਿਹਾ ਹੈ- ਬਲਬੀਰ ਸਿੰਘ

    ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਕਿ ਕਿਸਾਨ ਉੱਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ, ਇਸ ਤੋਂ ਵੱਡਾ ਜ਼ੁਲਮ ਕੋਈ ਨਹੀਂ ਹੋ ਸਕਦਾ।

    ਉਨ੍ਹਾਂ ਨੇ ਕਿਹਾ, "ਬਹੁਤ ਮਾੜੀ ਗੱਲ ਹੈ ਕਿ ਅੰਨਦਾਤਾ ਉੱਤੇ ਜ਼ੁਲਮ ਕੀਤਾ ਜਾ ਰਿਹਾ ਹੈ, ਉਨ੍ਹਾਂ ਦਾ ਕਤਲ ਕੀਤਾ ਜਾ ਰਿਹਾ ਹੈ। ਮੈਂ ਦੇਖ ਕੇ ਆਇਆ ਹਾਂ ਕਿ ਜਵਾਨ ਮੁੰਡਾ ਮਾਰ ਦਿੱਤਾ। ਮੈਂ ਦੂਜੇ ਨੂੰ ਵੀ ਮਿਲਿਆ ਹਾਂ ਉਸ ਦੀ ਕਿਸਮਤ ਚੰਗੀ ਸੀ ਕਿ ਗੋਲੀ ਛੂਹ ਤੇ ਨਿਕਲ ਗਈ।"

    "ਇਹ ਹੋਰ ਵੀ ਚਿੰਤਾ ਵਾਲੀ ਗੱਲ ਹੈ ਕਿ ਪੰਜਾਬ ਦੇ ਇਲਾਕੇ ਵਿੱਚ ਆ ਕੇ ਹਮਲਾ ਕੀਤਾ ਗਿਆ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਕੱਲ੍ਹ (ਵੀਰਵਾਰ) ਨੂੰ ਮੀਟਿੰਗ ਬੁਲਾਈ ਹੈ, ਉਸ ਵਿੱਚ ਜੋ ਵੀ ਸੰਭਵ ਹੋਵੇਗਾ ਉਸ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।"

    "ਹਰਿਆਣਾ ਕੋਲ ਕੋਈ ਹੱਕ ਨਹੀਂ ਹੈ ਕਿ ਕਿਸਾਨਾਂ ਨੂੰ ਰੋਕ ਉਨ੍ਹਾਂ 'ਤੇ ਜ਼ੁਲਮ ਕੀਤਾ ਜਾਵੇ। ਉਹ ਹਾਈਵੇਅ ਉੱਤੇ ਹਨ।"

  6. ਖਨੌਰੀ ਬਾਰਡਰ 'ਤੇ ਕਿਸਾਨ ਦੀ ਕਥਿਤ ਮੌਤ ਬਾਰੇ ਡੱਲੇਵਾਲ ਨੇ ਕੀ ਕਿਹਾ

    ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਤਸਦੀਕ ਕੀਤੀ ਹੈ ਕਿ ਪੰਜਾਬ-ਹਰਿਆਣਾ ਖਨੋਰੀ ਸਰਹੱਦ 'ਤੇ ਇੱਕ ਕਿਸਾਨ ਦੀ ਮੌਤ ਹੋ ਗਈ ਹੈ।

    ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ, ਉਨ੍ਹਾਂ ਨੇ ਕਿਹਾ, "ਸਾਡਾ ਇੱਕ ਕਿਸਾਨ, ਨੌਜਵਾਨ ਸ਼ਹੀਦ ਹੋ ਗਿਆ ਅਜਿਹੇ ਹਾਲਾਤ ਵਿੱਚ ਸਰਕਾਰ ਨਾਲ ਬੈਠਕ ਕਰਨਾ ਉਚਿਤ ਨਹੀਂ ਲੱਗਦਾ। ਦਿੱਲੀ ਜਾਣ ਬਾਰੇ ਅਸੀਂ ਬਾਅਦ ਵਿੱਚ ਫ਼ੈਸਲਾ ਲਵਾਂਗੇ, ਫਿਲਹਾਲ ਅਸੀਂ ਉਸ ਬੱਚੇ ਵੱਲ ਦੇਖਣਾ ਹੈ।"

    ਇਸ ਤੋਂ ਪਹਿਲਾਂ ਡੱਲੇਵਾਲ ਨੇ ਕਿਹਾ ਸੀ, "ਅਸੀਂ ਫ਼ੈਸਲਾ ਲਿਆ ਸੀ ਕਿ ਅਸੀਂ ਆਪਣੇ ਲੋਕਾਂ ਨੂੰ ਨਹੀਂ ਮਰਵਾਂਵਾਗੇ ਅਤੇ ਹੁਣ ਅਸੀਂ ਅੱਗੇ ਲੱਗਾਂਗੇ। ਇਸ ਵਿਚਾਲੇ ਸਰਕਾਰ ਨੇ ਗੱਲਬਾਤ ਦਾ ਸੱਦਾ ਵੀ ਦਿੱਤਾ ਹੈ। ਅਸੀਂ ਕਿਹਾ ਗੱਲਬਾਤ ਤਾਂ ਸੰਭਵ ਹੈ ਜੇ ਉਹ ਐੱਮਐੱਸਪੀ ਦੀ ਗਰੰਟੀ ਦੇ ਕਾਨੂੰਨ ਦੇ ਹਿਸਾਬ ਨਾਲ ਹੋਵੇ।"

    "ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ। ਅਸੀਂ ਅਜਿਹੀ ਕੋਈ ਵੀ ਗੁੰਜਾਇਸ਼ ਨਹੀਂ ਛੱਡਣਾ ਚਾਹੁੰਦੇ ਕਿ ਸਰਕਾਰ ਅੰਦੋਲਕਾਰੀਆਂ ਨੂੰ ਬਦਨਾਮ ਕਰੇ ਕਿ ਅਸੀਂ ਤਾਂ ਗੱਲਬਾਤ ਲਈ ਬੁਲਾ ਰਹੇ ਪਰ ਕਿਸਾਨ ਨਹੀਂ ਆ ਰਹੇ।"

  7. ਖਨੌਰੀ ਬਾਰਡਰ ਉੱਤੇ ਇੱਕ ਕਿਸਾਨ ਦੀ ਕਥਿਤ ਤੌਰ ’ਤੇ ਗੋਲੀ ਲਗਣ ਨਾਲ ਮੌਤ

    ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਹਰਨਾਮ ਸਿੰਘ ਰੇਖੀ ਨੇ ਪੁਸ਼ਟੀ ਕੀਤੀ ਕਿ ਕਿਸਾਨ ਅੰਦੋਲਨ ਦੌਰਾਨ ਖਨੌਰੀ ਸਰਹੱਦ 'ਤੇ ਕਥਿਤ ਤੌਰ 'ਤੇ ਗੋਲੀ ਵੱਜਣ ਕਾਰਨ 24 ਸਾਲਾ ਸ਼ੁਭ ਕਰਨ ਸਿੰਘ ਦੀ ਮੌਤ ਹੋ ਗਈ ਹੈ।

    ਉਨ੍ਹਾਂ ਨੇ ਦੱਸਿਆ, "ਮੌਤ ਦਾ ਮੁੱਢਲਾ ਕਾਰਨ ਸਿਰ ਦੇ ਪਿਛਲੇ ਪਾਸਿਓਂ ਗੋਲੀ ਕਾਰਨ ਲੱਗੀ ਸੱਟ ਸੀ। ਉਸ ਨੂੰ ਪਟਿਆਲਾ ਦੇ ਰਾਜਿੰਦਰਾ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮ੍ਰਿਤਕ ਵਜੋਂ ਲਿਆਂਦਾ ਗਿਆ।"

    ਉਨ੍ਹਾਂ ਕਿਹਾ ਕਿ ਪੋਸਟਮਾਰਟਮ ਤੋਂ ਬਾਅਦ ਹੀ ਵਿਸਥਾਰ ਨਾਲ ਜਾਣਕਾਰੀ ਸਾਹਮਣੇ ਆਵੇਗੀ। ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ ਗਿਆ ਹੈ।

    ਹਸਪਤਾਲ ਮੁਤਾਬਕ ਸ਼ੁਭ ਕਰਨ ਸਿੰਘ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਲੋਂ ਦਾ ਰਹਿਣ ਵਾਲਾ ਸੀ।

  8. ਕਿਸਾਨਾਂ 'ਤੇ ਇਵੇਂ ਹਮਲਾ ਹੋ ਰਿਹਾ ਜਿਵੇਂ ਭਾਰਤ-ਪਾਕ ਸਰਹੱਦ 'ਤੇ ਹੋਵੇ - ਰੰਧਾਵਾ

    ਸ਼ੰਬੂ ਬਾਰਡਰ 'ਤੇ ਕਿਸਾਨਾਂ ਤੇ ਦਾਗ਼ੇ ਜਾ ਰਹੇ ਹੰਝੂ ਗੈਸ ਦੇ ਗੋਲੇ ਅਤੇ ਪਲਾਸਟਿਕ ਗੋਲੀਆਂ ਨੂੰ ਲੈ ਕੇ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਕਿਸਾਨ ਆਪਣੀਆਂ ਜਾਇਜ਼ ਮੰਗਾਂ ਰੱਖ ਰਹੇ ਹਨ ਅਤੇ ਉਨ੍ਹਾਂ 'ਤੇ ਇਵੇਂ ਹਮਲਾ ਹੋ ਰਿਹਾ ਹੈ ਜਿਵੇਂ ਪਾਕਿਸਤਾਨ ਦੀ ਸਰਹੱਦ 'ਤੇ ਹੋ ਰਿਹਾ ਹੋਵੇ।

    ਗੁਰਪ੍ਰੀਤ ਚਾਵਲਾ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਅੱਗੇ ਕਿਹਾ, "ਪਹਿਲਾਂ ਭਾਰਤ-ਪਾਕਿਸਤਾਨ ਦੀ ਸਰਹੱਦ 'ਤੇ ਮਾਈਨਸ ਲੱਗਦੇ ਹੁੰਦੇ ਸੀ, ਇਨ੍ਹਾਂ ਦਾ ਵਸ ਨਹੀਂ ਚੱਲਦਾ ਨਹੀਂ ਤਾਂ ਉਹ ਵੀ ਲਗਾ ਦੇਣ। ਕਿਸਾਨ ਸ਼ਾਂਤੀਮਾਈ ਢੰਗ ਨਾਲ ਧਰਨੇ ਦੇ ਰਹੇ ਹਨ।"

    "ਅਜਿਹੇ 'ਚ ਪੰਜਾਬ ਸਰਕਾਰ ਨੂੰ ਕਿਸਾਨਾਂ ਦੇ ਹੱਕ ਵਿੱਚ ਸਟੈਂਡ ਲੈਣਾ ਚਾਹੀਦਾ ਹੈ ਅਤੇ ਹਰਿਆਣਾ ਸਰਕਾਰ ਨੂੰ ਠੋਕ ਕੇ ਜਵਾਬ ਦੇਣਾ ਚਾਹੀਦਾ ਹੈ। ਇਹ ਅੰਦੋਲਨ ਇਕੱਲਾ ਪੰਜਾਬ ਦਾ ਨਹੀਂ ਬਲਕਿ ਪੂਰੇ ਦੇਸ਼ ਦੇ ਕਿਸਾਨਾਂ ਦਾ ਹੈ ਅਤੇ ਪੰਜਾਬ ਇਸ ਅੰਦੋਲਨ ਨੂੰ ਦੇਸ਼ ਦੇ ਕਿਸਾਨਾਂ ਵੱਲੋਂ ਲੀਡ ਕਰ ਰਿਹਾ ਹੈ।"

  9. ਤਸਵੀਰਾਂ ਰਾਹੀਂ ਦੇਖੋ ਸ਼ੰਭੂ ਬਾਰਡਰ ਦਾ ਹਾਲ

    ਕਿਸਾਨਾਂ ਦੇ ਦਿੱਲੀ ਚੱਲੋ ਦੇ ਸੱਦੇ ਉੱਤੇ ਪੰਜਾਬ-ਹਰਿਆਣਾ ਬਾਰਡਰ ਉੱਤੇ ਕਿਸਾਨਾਂ ਦਾ ਭਾਰੀ ਇਕੱਠ, ਤਸਵੀਰਾਂ ਰਾਹੀਂ ਦੇਖੋ ਉੱਥੇ ਕੀ ਹੈ ਮਾਹੌਲ

  10. ਐੱਮਐੱਸਪੀ ਉੱਤੇ ਸਰਕਾਰੀ ਪ੍ਰਸਤਾਵ ਨੂੰ ਕਿਉਂ ਨਹੀਂ ਮੰਨ ਰਹੇ ਕਿਸਾਨ

    ਪੰਜਾਬ-ਹਰਿਆਣਾ ਦੇ ਬਾਰਡਰਾਂ ਉੱਤੇ ਚੱਲ ਰਹੇ ਕਿਸਾਨੀ ਅੰਦੋਲਨ ਦੇ ਹਫ਼ਤੇ ਤੋਂ ਵੱਧ ਸਮਾਂ ਬੀਤਣ ਦੇ ਬਾਵਜੂਦ ਕਿਸਾਨਾਂ ਤੇ ਸਰਕਾਰ ਵਿਚਾਲੇ ਗੱਲਬਾਤ ਦਾ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ ਹੈ।

    ਫ਼ਸਲਾਂ ਲਈ ਘੱਟੋ-ਘੱਟ ਸਮਰਥਨ ਦੀ ਕਾਨੂੰਨੀ ਗਾਰੰਟੀ, ਕਰਜ਼ ਮਾਫ਼ੀ ਅਤੇ ਕਿਸਾਨਾਂ ਲਈ ਪੈਨਸ਼ਨ ਸਕੀਮ ਲਾਗੂ ਕਰਵਾਉਣ ਤੇ 2020-21 ਦੇ ਕਿਸਾਨ ਅੰਦੋਲਨ ਦੀ ਬਕਾਇਆ ਮੰਗਾਂ ਪੂਰੀਆਂ ਕਰਵਾਉਣ ਲ਼ਈ ਪੰਜਾਬ ਤੇ ਹਰਿਆਣਾ ਦੇ ਕਿਸਾਨ ਦਿੱਲੀ ਕੂਚ ਕਰ ਰਹੇ ਹਨ।

    ਪਰ ਉਨ੍ਹਾਂ ਨੂੰ ਹਰਿਆਣਾ ਸਰਕਾਰ ਨੇ ਭਾਰੀ ਬੈਰੀਕੇਡਿੰਗ, ਪੁਲਿਸ ਦੀ ਪੈਰਾਮਿਲਟਰੀ ਫੋਰਸ ਦੀ ਮਦਦ ਨਾਲ ਜ਼ਬਰੀ ਰੋਕਿਆ ਹੋਇਆ ਹੈ।

    ਇਸ ਰਿਪੋਰਟ ਰਾਹੀਂ ਕੁਝ ਮਾਹਰਾਂ ਨਾਲ ਹੋਈ ਗੱਲਬਾਤ ਦੇ ਅਧਾਰ ਉੱਤੇ ਕਿਸਾਨਾਂ ਦੀਆਂ ਮੁੱਖ ਮੰਗਾਂ, ਇਸ ਦੇ ਆਰਥਿਕਤਾ ਉੱਤੇ ਅਸਰ ਅਤੇ ਕਿਸਾਨਾਂ ਵਲੋਂ ਸਰਕਾਰੀ ਪੇਸ਼ਕਸ਼ ਕਰਨ ਦਾ ਕਾਰਕਾਂ ਦੀ ਸ਼ਨਾਖ਼ਤ ਦੀ ਕੋਸ਼ਿਸ਼ ਕਰਾਂਗੇ।

  11. 'ਅਸੀਂ ਸ਼ਾਂਤਮਈ ਅੱਗੇ ਵਧਾਂਗੇ ਤੇ ਦੁਨੀਆਂ ਦੇਖੇਗੀਾ'

    ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਸੰਭੂ ਬਾਰਡਰ ਉੱਤੇ ਇਕੱਠ ਨੂੰ ਸੰਬੋੇਧਨ ਕੀਤਾ।

    ਉਨ੍ਹਾਂ ਨੇ ਕਿਹਾ ਇਹ ਫੈਸਲਾ ਹੈ ਕਿ ਕੋਈ ਵੀ ਅੱਗੇ ਨਹੀਂ ਜਾਵੇਗਾ। ਜਿੰਨੇ ਵੀ ਵੱਡੇ ਲੀਡਰ ਹਨ ਉਹ ਅੱਗੇ ਵਧਣਗੇ ਅਤੇ ਦੁਨੀਆਂ ਦੇਖੇਗੀ ਕਿ ਅਸੀਂ ਸ਼ਾਂਤਮਈ ਕਿਹਾ ਸੀ ਤੇ ਸ਼ਾਂਤਮਈ ਅੱਗੇ ਵਧੇ। ਜੇ ਸਰਕਾਰ ਨੂੰ ਲਗਦਾ ਹੈ ਕਿ ਜੇ ਕਿਸਾਨ ਲੀਡਰਾਂ ਦੀ ਜਾਨ ਲੈ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਤਾਂ ਉਹ ਕਰ ਲਵੇ।

    ਉਨ੍ਹਾਂ ਨੇ ਕਿਹਾ, "ਸਰਕਾਰ ਖ਼ੁਦ ਐਲਾਨ ਕਰੇ ਦਿੱਲੀ ਤੋਂ ਕਿ ਉਹ ਐੱਮਐੱਸਪੀ ਗਰੰਟੀ ਕਾਨੂੰਨ ਬਣਾਉਣ ਲਈ ਤਿਆਰ ਹੈ ਤਾਂ ਸਾਰੀ ਸਥਿਤੀ ਰੁਕ ਸਕਦੀ ਹੈ।"

    "ਸਾਡਾ ਫੈਸਲਾ ਸਰਕਾਰ ਨਾਲ ਟਕਰਾਉਣ ਵਾਲਾ ਨਹੀਂ ਹੈ। ਉਹ ਸ਼ਾਂਤਮਈ ਮੁਜ਼ਾਹਰਾ ਕਰਨ ਦਾ ਹੈ। ਜਾਂਂ ਸਰਕਾਰ ਖੁਦ ਇਨ੍ਹਾਂ ਬਾਰਡਰਾਂ ਨੂੰ ਖੋਲ੍ਹ ਦੇਵੇ ਅਤੇ ਸਾਨੂੰ ਅੱਗੇ ਵਧਣ ਦੇਵੇ।"

  12. ਸਰਕਾਰ ਚੌਥੇ ਤੋਂ ਬਾਅਦ ਪੰਜਵੇਂ ਗੇੜ ਦੀ ਗੱਲਬਾਤ ਲਈ ਤਿਆਰ- ਮੁੰਡਾ

    ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਨੇ ਟਵੀਟ ਕਰਕੇ ਕਿਹਾ ਹੈ, "ਚੌਥੇ ਗੇੜ ਤੋਂ ਬਾਅਦ, ਸਰਕਾਰ ਪੰਜਵੇਂ ਗੇੜ ਵਿੱਚ ਐਮਐਸਪੀ ਦੀ ਮੰਗ, ਫਸਲੀ ਵਿਭਿੰਨਤਾ, ਪਰਾਲੀ ਦਾ ਮੁੱਦਾ, ਐਫਆਈਆਰ ਵਰਗੇ ਸਾਰੇ ਮੁੱਦਿਆਂ 'ਤੇ ਚਰਚਾ ਕਰਨ ਲਈ ਤਿਆਰ ਹੈ।"

    "ਮੈਂ ਫਿਰ ਕਿਸਾਨ ਆਗੂਆਂ ਨੂੰ ਚਰਚਾ ਲਈ ਸੱਦਾ ਦਿੰਦਾ ਹਾਂ। ਸਾਡੇ ਲਈ ਸ਼ਾਂਤੀ ਬਣਾਈ ਰੱਖਣਾ ਜ਼ਰੂਰੀ ਹੈ।"

    ਸਰਕਾਰ ਤੇ ਕਿਸਾਨਾਂ ਵਿਚਕਾਰ ਬੈਠਕਾਂ ਹੋਣ ਦੇ ਬਾਵਜੂਦ ਕੋਈ ਸਹਿਮਤੀ ਨਹੀਂ ਬਣ ਸਕੀ ਹੈ। ਇਸ ਤੋਂ ਬਾਅਦ ਕਿਸਾਨਾਂ ਨੇ ਮੁੜ ਦਿੱਲੀ ਕੂਚ ਕਰਨ ਦਾ ਫੈਸਲਾ ਕੀਤਾ ਸੀ।

  13. ਸ਼ੰਭੂ ਉੱਤੇ ਹੰਝੂ ਗੈਸ ਦੀ ਵਰਤੋਂ ਦੀ ਖ਼ਬਰ

    ਖਬਰ ਏਜੰਸੀ ਪੀਟੀਆਈ ਮੁਤਾਬਕ ਸ਼ੰਭੂ ਬਾਰਡਰ ਉੱਤੇ ਸੁਰੱਖਿਆ ਦਸਤਿਆਂ ਨੇ ਹੰਝੂ ਗੈਸ ਦੇ ਗੋਲੇ ਦਾਗੇ।

    ਕਿਸਾਨ ਦਿੱਲੀ ਵੱਲ ਕੂਚ ਦੀਆਂ ਤਿਆਰੀਆਂ ਕਰ ਰਹੇ ਹਨ।

  14. ਜੀਂਦ ਸਿਹਤ ਵਿਭਾਗ ਦੀ ਤਿਆਰੀ

    ਬੀਬੀਸੀ ਸਹਿਯੋਗੀ ਸਤ ਸਿੰਘ ਮੁਤਾਬਕ ਦਿੱਲੀ ਮਾਰਚ ਦੇ ਮੱਦੇਨਜ਼ਰ 30 ਤੋਂ ਵੱਧ ਡਾਕਟਰ ਅਤੇ 14 ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ।

    ਸਿਵਲ ਸਰਜਨ ਜੀਂਦ ਨੇ ਉਨ੍ਹਾਂ ਨੂੰ ਦੱਸਿਆ ਕਿ ਜੀਂਦ ਦੇ ਆਸ ਪਾਸ ਤੋਂ ਵੀ ਸਾਰੇ ਡਾਕਟਰਾਂ ਨੂੰ ਜੀਂਦ ਦੇ ਸਰਕਰੀ ਹਸਪਤਾਲ ਵਿੱਚ ਬੁਲਾ ਲਿਆ ਗਿਆ ਹੈ।

    ਉਨ੍ਹਾਂ ਨੇ ਕਿਹਾ ਜੀਂਦ, ਨਰਵਾਣਾ, ਉਝਾਣਾ, ਉਚਾਣਾ ਇਨ੍ਹਾਂ ਸਾਰੇ ਇਲਾਕਿਆਂ ਵਿੱਚ ਸਿਹਤ ਵਿਭਾਗ ਨੇ ਪੂਰੀ ਤਿਆਰੀ ਕਰ ਲਈ ਹੈ।

    ਦਾਤਾ ਸਿੰਘ ਖਨੌਰੀ ਸਰਹੱਦ 'ਤੇ 7 ਐਂਬੂਲੈਂਸਾਂ ਤਾਇਨਾਤ ਹਨ। ਹਰ ਐਂਬੂਲੈਂਸ ਵਿੱਚ ਡਾਕਟਰ ਅਤੇ ਸਟਾਫ ਦੀ ਨਿਯੁਕਤੀ ਕੀਤੀ ਗਈ ਹੈ। ਦੋ ਡਾਕਟਰਾਂ ਦੀ ਸਵੇਰੇ ਅਤੇ ਦੋ ਦੀ ਸ਼ਾਮ ਨੂੰ ਡਿਊਟੀ ਲਗਾਈ ਗਈ ਹੈ ।

    ਉਨ੍ਹਾਂ ਨੇ ਦੱਸਿਆ ਕਿ ਨੇੜਲੇ ਜ਼ਿਲ੍ਹਿਆਂ ਤੋਂ ਐਂਬੂਲੈਂਸ ਵੀ ਮੰਗਵਾਈਆਂ ਗਈਆਂ ਹਨ ਅਤੇ ਨਾਲ ਲੱਗਦੇ ਜ਼ਿਲ੍ਹਿਆਂ ਨੂੰ ਅਲਰਟ ਮੋਡ 'ਤੇ ਰੱਖਿਆ ਗਿਆ ਹੈ। ਹਰ ਚੌਕੀ 'ਤੇ ਐਂਬੂਲੈਂਸਾਂ ਤਾਇਨਾਤ ਕੀਤੀਆਂ ਗਈਆਂ ਹਨ।

  15. ਸ਼ੰਭੂ ਬਾਰਡਰ 'ਤੇ ਕੀ ਹੈ ਮਾਹੌਲ

  16. ਕਿਸਾਨਾਂ ਵੱਲੋਂ ਇਸਤੇਮਾਲ ਕੀਤੇ ਉਪਕਰਣ ਪੰਜਾਬ ਪੁਲਿਸ ਜ਼ਬਤ ਕਰੇ: ਡੀਜੀਪੀ ਹਰਿਆਣਾ

    ਖ਼ਬਰ ਏਜੰਸੀ ਏਐਨਆਈ ਮੁਤਾਬਕ ਮੰਗਲਵਾਰ ਨੂੰ ਹਰਿਆਣਾ ਦੇ ਡੀਜੀਪੀ ਨੇ ਪੰਜਾਬ ਵਿੱਚ ਆਪਣੇ ਹਮ ਰੁਤਬਾ ਤੋਂ ਕਿਸਾਨਾਂ ਤੋਂ ਪੰਜਾਬ ਵਾਲੇ ਪਾਸੇ ਤੋਂ ਬੁਲਡੋਜ਼ਰ ਅਤੇ ਮਿੱਟੀ ਪੁੱਟਣ ਵਾਲੇ ਹੋਰ ਉਪਕਰਣ ਜ਼ਬਤ ਕਰਨ ਦੀ ਮੰਗ ਕੀਤੀ।

    ਡੀਜੀਪੀ ਨੇ ਕਿਹਾ ਕਿ ਇਨ੍ਹਾਂ ਉਪਕਰਣਾਂ ਦੀ ਵਰਤੋਂ ਕਿਸਾਨਾਂ ਵੱਲੋਂ ਬੁੱਧਵਾਰ ਨੂੰ ਦਿੱਲੀ ਕੂਚ ਦੌਰਾਨ ਬੈਰੀਕੇਡ ਤੋੜਨ ਲਈ ਕੀਤੀ ਜਾਵੇਗੀ।

    ਹਰਿਆਣਾ ਦੇ ਡੀਜੀਪੀ ਸ਼ਤਰੂਜੀਤ ਕਪੂਰ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਭੇਜੇ ਇੱਕ ਸੰਦੇਸ਼ ਵਿੱਚ ਕਿਹਾ ਕਿ ਇਨ੍ਹਾਂ ਉਪਕਰਣਾਂ ਕਾਰਨ ਪੰਜਾਬ-ਹਰਿਆਣਾ ਸਰਹੱਦ ਉੱਤੇ ਤੈਨਾਤ ਸੁਰੱਖਿਆ ਦਸਤਿਆਂ ਨੂੰ ਖ਼ਤਰਾ ਹੋ ਸਕਦਾ ਹੈ।

    ਪੰਜਾਬ ਦੇ ਡੀਜੀਪੀ ਨੇ ਪੰਜਾਬ ਪੁਲਿਸ ਦੇ ਸੀਨੀਅਰ ਅਫਸਰਾਂ ਨੂੰ ਭੇਜੇ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੋਈ ਜੇਸੀਬੀ ਅਤੇ ਕੋਈ ਹੋਰ ਮਿੱਟੀ ਪੁੱਟਣ ਵਾਲਾ ਭਾਰਾ ਉਪਕਰਣ ਖਨੌਰੀ ਜਾਂ ਸ਼ੰਭੂ ਨਹੀਂ ਪਹੁੰਚਣ ਦਿੱਤਾ ਜਾਣਾ ਚਾਹੀਦਾ।

  17. ਕਿਸਾਨਾਂ ਦੀ ਤਿਆਰੀ ਦੀਆਂ ਕੁਝ ਤਸਵੀਰਾਂ

  18. ਹਾਈਵੇ ਉੱਤੇ ਟਰੈਕਟਰ-ਟਰਾਲੀਆਂ ਨਹੀਂ ਚੱਲ ਸਕਦੀਆਂ- ਹਾਈ ਕੋਰਟ

    ਮੰਗਲਵਾਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਸਾਨ ਅੰਦੋਲਨ ਬਾਰੇ ਇੱਕ ਲੋਕ ਹਿੱਤ ਅਰਜੀ ਦੀ ਸੁਣਵਾਈ ਕੀਤੀ।

    ਅਦਾਲਤ ਨੇ ਕਿਹਾ ਕਿ ਮੋਟਰ ਵਹੀਕਲ ਐਕਟ ਮੁਤਾਬਕ ਹਾਈਵੇ ਉੱਪਰ ਟਰੈਕਟਰ-ਟਰਾਲੀਆਂ ਨਹੀਂ ਵਰਤੀਆਂ ਜਾ ਸਕਦੀਆਂ। ਤੁਸੀਂ ਟਰਾਲੀਆਂ ਉੱਤੇ ਅੰਮ੍ਰਿਤਸਰ ਤੋਂ ਦਿੱਲੀ ਜਾ ਰਹੇ ਹੋ।

    ਚੀਫ ਜਸਟਿਸ ਜੀਐਸ ਸੰਧਾਵਾਲੀਆ ਅਤੇ ਜਸਟਿਸ ਲਾਪਿਤਾ ਬੈਨਰਜੀ ਦੀ ਬੈਂਚ ਇਸ ਅਰਜੀ ਦੀ ਸੁਣਵਾਈ ਕਰ ਰਹੀ ਹੈ।

    ਬੈਂਚ ਨੇ ਸੁਣਵਾਈ ਦੌਰਾਨ ਟਿੱਪਣੀ ਕੀਤੀ ਕਿ ਸਾਰਿਆਂ ਨੂੰ ਆਪਣੇ ਹੱਕਾਂ ਦਾ ਪਤਾ ਹੈ ਪਰ ਸੰਵਿਧਾਨਿਕ ਫਰਜ਼ ਵੀ ਹਨ।

    ਅਦਾਲਤ ਨੇ ਪੰਜਾਬ ਸਰਕਾਰ ਉੱਪਰ ਵੀ ਸਵਾਲ ਚੁੱਕੇ ਜੋ ਕਿਸਨਾਂ ਨੂੰ ਇੰਨੀ ਵੱਡੀ ਗਿਣਤੀ ਵਿੱਚ ਇਕੱਠੇ ਹੋਣ ਦੇ ਰਹੀ ਹੈ।

    ਅਰਜ਼ੀ ਪੰਚਕੁਲਾ ਵਾਸੀ ਵਕੀਲ ਉਦੇ ਪ੍ਰਤਾਪ ਸਿੰਘ ਵੱਲੋਂ ਲਗਾਈ ਗਈ ਹੈ। ਅਰਜੀਕਾਰ ਦਾ ਕਹਿਣਾ ਹੈ ਕਿ 13 ਫਰਵਰੀ ਤੋਂ ਹੀ ਸੜਕਾਂ ਬੰਦ ਹੋਣ ਕਾਰਨ ਸਕੂਲ ਬੱਸਾਂ, ਐਂਬੂਲੈਂਸਾਂ ਅਤੇ ਪੈਦਲ ਜਾ ਰਹੇ ਮੁਸਾਫਰਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ।

    ਇਸੇ ਦੌਰਾਨ ਪੰਜਾਬ ਸਰਕਾਰ ਨੇ ਸੁਣਵਾਈ ਦੌਰਾਨ ਜ਼ਮੀਨੀ ਸਥਿਤੀ ਬਾਰੇ ਰਿਪੋਰਟ ਵੀ ਅਦਾਲਤ ਨੂੰ ਜਮਾਂ ਕਰਵਾਈ ਹੈ। ਉਦੇ ਪ੍ਰਤਾਪ ਸਿੰਘ ਨੇ ਭਾਰਤੀ ਦੰਡਾਵਲੀ ਦੀ ਦਫਾ 144 ਲਗਾਏ ਜਾਣ ਕਾਰਨ ਪੈ ਰਹੀਆਂ ਰੋਕਾਂ ਵੀ ਹਟਾਉਣ ਲਈ ਹਦਾਇਤਾਂ ਦੀ ਅਦਾਲਤ ਤੋਂ ਮੰਗ ਕੀਤੀ।

  19. ਦਿੱਲੀ ਮਾਰਚ ਤੋਂ ਪਹਿਲਾਂ ਕਿਸਾਨ ਆਗੂ ਦਾ ਪ੍ਰਧਾਨ ਮੰਤਰੀ ਮੋਦੀ ਨੂੰ ਸੁਨੇਹਾ

    ਕਿਸਾਨ ਸੰਗਠਨਾਂ ਅਤੇ ਮੋਦੀ ਸਰਕਾਰ ਵਿਚਾਲੇ ਚੌਥੇ ਗੇੜ ਦੀ ਬੈਠਕ ਤੋਂ ਬਾਅਦ ਵੀ ਕੋਈ ਸਮਝੌਤਾ ਨਹੀਂ ਹੋ ਸਕਿਆ। ਇਸ ਤੋਂ ਬਾਅਦ ਕਿਸਾਨਾਂ ਨੇ ਆਪਣਾ ਮਾਰਚ ਜਾਰੀ ਰੱਖਣ ਦਾ ਐਲਾਨ ਕੀਤਾ ਹੈ।

    ਕਿਸਾਨਾਂ ਦੀਆਂ ਮੁੱਖ ਮੰਗਾਂ ਹਨ ਕਿ ਘੱਟੋ-ਘੱਟ ਸਮਰਥਨ ਮੁੱਲ ਯਾਨੀ ਐਮਐਸਪੀ ਨੂੰ ਕਾਨੂੰਨੀ ਗਰੰਟੀ ਦਿੱਤੀ ਜਾਣੀ ਚਾਹੀਦੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਾਲ 2020-21 ਦੌਰਾਨ ਕਿਸਾਨਾਂ ਖਿਲਾਫ਼ ਕੀਤੇ ਗਏ ਮੁਕੱਦਮੇ ਵਾਪਸ ਲਏ ਜਾਣ।

    21 ਫਰਵਰੀ ਨੂੰ ਦਿੱਲੀ ਚਲੋ ਮਾਰਚ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਸਰਕਾਰ ਅਰਧ ਸੈਨਿਕ ਬਲਾਂ ਰਾਹੀਂ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਜ਼ੁਲਮ ਕਰ ਰਹੀ ਹੈ।

    ਦੇਸ ਦੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ, ਨਰਿੰਦਰ ਮੋਦੀ ਨੂੰ ਸੰਵਿਧਾਨ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਸ਼ਾਂਤੀਪੂਰਵਕ ਦਿੱਲੀ ਜਾਣਾ ਸਾਡਾ ਹੱਕ ਹੈ।

    ਪੰਧੇਰ ਨੇ ਕਿਹਾ, "ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ – ਗੈਰ-ਰਾਜਨੀਤਿਕ ਆਪਣੇ ਪ੍ਰਦਰਸ਼ਨ ਦੇ ਨੌਵਾਂ ਦਿਨ ਵਿੱਚ ਦਾਖਲ ਹੋ ਗਿਆ ਹੈ। ਅਸੀਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਸੀ ਅਤੇ ਕਿਹਾ ਕਿ ਇਹ ਸਰਕਾਰ ਨੂੰ ਮਜ਼ਦੂਰਾਂ ਅਤੇ ਕਿਸਾਨਾਂ ਦੇ ਖੂਨ ਦੀ ਪਿਆਸੀ ਨਹੀਂ ਹੋਣਾ ਚਾਹੀਦਾ, ਮੈਨੂੰ ਨਹੀਂ ਲਗਦਾ ਕਿ ਅਸੀਂ ਆਪਣੀ ਗੱਲ ਉਨ੍ਹਾਂ ਤੱਕ ਪਹੁੰਚਾਉਣ ਵਿੱਚ ਸਫਲ ਹੋਏ ਹਾਂ। ਅਸੀਂ ਸਰਕਾਰ ਨੂੰ ਕਹਿੰਦੇ ਹਾਂ ਕਿ ਜੇ ਤੁਸੀਂ ਸਾਨੂੰ ਮਾਰਨਾ ਚਾਹੁੰਦੇ ਹੋ ਤਾਂ ਮਾਰ ਦਿਓ। ਪਰ ਕਿਸਾਨ ਮਜ਼ਦੂਰਾਂ 'ਤੇ ਜ਼ੁਲਮ ਨਾ ਕਰੋ। ਅਸੀਂ ਅੱਜ ਵੀ ਪ੍ਰਧਾਨ ਮੰਤਰੀ ਨੂੰ ਪੁੱਛ ਰਹੇ ਹਾਂ। ਅੱਗੇ ਆਓ ਅਤੇ ਇਸ ਮੋਰਚੇ ਨੂੰ ਸ਼ਾਂਤੀਪੂਰਵਕ ਹੱਲ ਕਰੋ।

    "ਤੁਸੀਂ ਐਮਐਸਪੀ ਨੂੰ ਕਾਨੂੰਨੀ ਗਰੰਟੀ ਬਣਾਉਣ ਦੀ ਗੱਲ ਕਰੋ ਤਾਂ ਇਸ ਮੋਰਚੇ ਨੂੰ ਸ਼ਾਂਤੀਪੂਰਨ ਰੱਖਿਆ ਜਾ ਸਕਦਾ ਹੈ, ਲੋਕਾਂ ਦੀਆਂ ਭਾਵਨਾਵਾਂ ਕਾਬੂ ਕੀਤੀਆਂ ਜਾ ਸਕਦੀਆਂ ਹਨ।”

    ਉਨ੍ਹਾਂ ਨੇ ਕਿਹਾ, “ਦੇਸ ਅਤੇ ਦੁਨੀਆ ਜਾਣਦੀ ਹੈ ਕਿ ਪਿਛਲੇ ਸਮੇਂ ਦੌਰਾਨ ਜਿਸ ਤਰ੍ਹਾਂ ਦਾ ਜ਼ੁਲਮ ਕੇਂਦਰੀ ਨੀਮ ਫੌਜੀ ਬਲਾਂ ਨੇ ਕੀਤੇ ਹਨ, ਦੇਸ ਕਦੇ ਇਸ ਤਰ੍ਹਾਂ ਦੀ ਸਰਕਾਰ ਨੂੰ ਮਾਫ਼ ਨਹੀਂ ਕਰੇਗਾ।”

    "ਹਰਿਆਣਾ ਦੇ ਪਿੰਡਾਂ ਵਿੱਚ ਚੱਪੇ-ਚੱਪੇ ਉੱਤੇ ਪੈਰਾ ਮਿਲਟਰੀ ਲੱਗੀ ਹੋਈ ਹੈ।। ਅਸੀਂ ਕਿਹੜਾ ਜ਼ੁਲਮ ਕੀਤਾ ਹੈ? ਨਾਗਰਿਕ ਹਨ। ਨਾਗਰਿਕ ਹੋਣ ਦੇ ਨਾਤੇ ਅਸੀਂ ਤੁਹਾਡੀ ਪਾਰਟੀ ਨੂੰ ਵੋਟ ਦਿੱਤੀ ਹੋਵੇਗੀ, ਤੁਹਾਨੂੰ ਪ੍ਰਧਾਨ ਮੰਤਰੀ ਬਣਾਇਆ ਹੋਵੇਗਾ। ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਤੁਸੀਂ ਸਾਡੇ ਉੱਤੇ ਅਰਧ ਸੈਨਿਕ ਬਲ ਚੜ੍ਹਾ ਕੇ ਇਸ ਤਰ੍ਹਾਂ ਜ਼ੁਲਮ ਕਰੋਗੇ।

    "ਜੇ ਤੁਹਾਨੂੰ ਮੰਗ ਮੰਨਣ ਵਿੱਚ ਮੁਸ਼ਕਲ ਹੈ ਤਾਂ ਤੁਸੀਂ ਦੇਸ ਦੇ ਸੰਵਿਧਾਨ ਦੀ ਰਾਖੀ ਕਰੋ। ਸਾਨੂੰ ਸ਼ਾਂਤੀ ਪੂਰਵਕ ਦਿੱਲੀ ਜਾਣ ਦਿਓ। ਇਹ ਸਾਡਾ ਜਮਾਂਦਰੂ ਹੱਕ ਹੈ।"

  20. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਕਿਸਾਨ ਜਥੇਬੰਦੀਆਂ ਅੱਜ ਦਿੱਲੀ ਵੱਲ ਕੂਚ ਕਰਨ ਦੀ ਤਿਆਰੀ ਵਿੱਚ ਹਨ। ਇਸ ਪੇਜ ਰਹੀਂ ਅਸੀਂ ਤੁਹਾਨੂੰ ਕਿਸਾਨਾਂ ਦੇ ਮਾਰਚ ਬਾਰੇ ਤਾਜ਼ਾ ਜਾਣਕਾਰੀ ਦੇਵਾਂਗੇ।