ਅਕਾਲ ਤਖ਼ਤ ਉੱਤੇ ਝੂਲਦਾ ਕੇਸਰੀ ਨਿਸ਼ਾਨ ਸਾਹਿਬ ਏਕੇ ਦਾ ਹੈ ਵੰਡੀਆਂ ਪਾਉਣ ਵਾਲਾ ਨਹੀਂ - ਅਮਰੀਕਾ 'ਚ ਭਾਰਤੀ ਰਾਜਦੂਤ

ਪੰਜਾਬ ਵਿੱਚ ਬੇਮੌਸਮ ਮੀਂਹ ਕਾਰਨ ਫਸਲਾਂ ਦੇ ਨੁਕਸਾਨ ਤੋਂ ਬਾਅਦ ਪੰਜਾਬ ਕੈਬਨਿਟ ਨੇ ਕੇਂਦਰ ਸਰਕਾਰ ਨੂੰ ਕੁਝ ਮੰਗਾਂ ਕੀਤੀਆਂ ਹਨ।

ਲਾਈਵ ਕਵਰੇਜ

  1. ਤੁਹਾਡਾ ਧੰਨਵਾਦ

    ਬੀਬੀਸੀ ਪੰਜਾਬੀ ਦੇ ਇਸ ਲਾਈਵ ਪੰਨੇ ਨੂੰ ਅਸੀਂ ਇੱਥੇ ਹੀ ਵਿਰਾਮ ਦਿੰਦੇ ਹਾਂ। ਨਵੀਂਆਂ ਤੇ ਤਾਜ਼ਾ ਖ਼ਬਰਾਂ ਨਾਲ ਕੱਲ ਸਵੇਰੇ ਮੁੜ ਹਾਜ਼ਰ ਹੋਵੇਗਾ। ਉਦੋਂ ਤੱਕ ਦਿਓ ਆਗਿਆ।

    ਜਾਂਦੇ-ਜਾਂਦੇ ਇੱਕ ਨਜ਼ਰ ਹੁਣ ਤੱਕ ਦੀਆਂ ਅਹਿਮ ਖ਼ਬਰਾਂ ਉੱਤੇ

    • ਸਰਬੱਤ ਖਾਲਸਾ ਬੁਲਾਉਣ ਦਾ ਹੱਕ ਸਿਰਫ਼ ਜਗਤਾਰ ਹਵਾਰਾ ਨੂੰ ਹੈ – ਕੌਮੀ ਇਨਸਾਫ਼ ਮੋਰਚਾ
    • ਅਮ੍ਰਿਤਪਾਲ ਦੇ ਆਤਮ ਸਰਮਪਣ ਬਾਰੇ ਪਪਲਪ੍ਰੀਤ ਸਿੰਘ ਨੇ ਕਿਹਾ ਕਿ ਉਹ 28 ਮਾਰਚ ਨੂੰ ਵੱਖ ਹੋ ਗਏ ਸਨ
    • ਅਕਾਲ ਤਖ਼ਤ ਸਾਹਿਬ ਉੱਤੇ ਝੂਲਦਾ ਨਿਸ਼ਾਨ ਸਾਹਿਬ ਏਕੇ ਦਾ ਪ੍ਰਤੀਕ ਵੰਡੀਆਂ ਪਾਉਣ ਵਾਲਾ ਨਹੀਂ: ਭਾਰਤੀ ਰਾਜਦੂਤ
    • ਕੇਂਦਰ ਵਿੱਚ ਜਿਵੇਂ ਈਡੀ ਤੇ ਸੀਬੀਆਈ ਦੀ ਦੁਰਵਰਤੋਂ ਹੋ ਰਹੀ ਹੈ, ਉਵੇਂ ਪੰਜਾਬ ਵਿੱਚ ਵਿਜੀਲੈਂਸ ਦੀ ਹੋ ਰਹੀ – ਬਾਜਵਾ
    • ਨਨਕਾਣਾ ਸਾਹਿਬ ਵਿੱਚ ਪੰਜਾਬ ਦੇ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਸਿੱਖ ਸ਼ਰਧਾਲੂ ਦੀ ਹੋਈ ਮੌਤ, ਜਿਸ ਦੀ ਮ੍ਰਿਤਕ ਦੇਹ ਅਟਾਰੀ ਬਾਰਡਰ ਰਾਹੀ ਵਾਪਸ ਲਿਆਂਦੀ ਗਈ
    • ਜਲੰਧਰ ਜ਼ਿਮਨੀ ਚੋਣ: ਡਾ. ਸੁਖਵਿੰਦਰ ਸੁੱਖੀ ਹੋਣਗੇ ਅਕਾਲੀ-ਬਸਪਾ ਦੇ ਸਾਂਝੇ ਉਮਦੀਵਾਰ
    • ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਬਿਊਰੋ ਵੱਲੋਂ ਸੰਮਨ ਜਾਰੀ
    • ਅਕਾਲੀ ਦਲ ਮਾਨ ਨੇ ਗੁਰਜੰਟ ਸਿੰਘ ਕੱਟੂ ਨੂੰ ਜਲੰਧਰ ਚੋਣ ਮੈਦਾਨ ਵਿੱਚ ਉਤਾਰਿਆ ਹੈ
    • ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਅਨੰਦਪੁਰ ਸਾਹਿਬ ਦਾ ਕੀਤਾ ਦੌਰਾ, ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਮਿਲੇ
    • ਜਥੇਦਾਰ ਰਘਬੀਰ ਸਿੰਘ ਨੇ ਅਨੰਦਪੁਰ ਸਾਹਿਬ ਵਿੱਚ ਪੁਲਿਸ ਤੇ ਪੈਰਾਮਿਲਟਰੀ ਫੋਰਸ ਦੀ ਤੈਨਾਤੀ ਘਟਾਉਣ ਲਈ ਕਿਹਾ
  2. ਡੀਜੀਪੀ ਪੰਜਾਬ ਨੇ ਤਿੰਨਾਂ ਤਖ਼ਤਾਂ ਉੱਤੇ ਖੁਦ ਪਹੁੰਚ ਕੇ ਸੁਰੱਖਿਆ ਦਾ ਜਾਇਜ਼ਾ ਲਿਆ

    ਗੌਰਵ ਯਾਦਵ

    ਤਸਵੀਰ ਸਰੋਤ, DGP Gaurav yadav

    ਤਸਵੀਰ ਕੈਪਸ਼ਨ, 10 ਅਪ੍ਰੈਲ ਨੂੰ ਸਵੇਰੇ ਸ੍ਰੀ ਸਾਹਿਬ ਅਮ੍ਰਿਤਸਰ ਵਿੱਚ ਨਤਮਸਕ ਹੋਣ ਸਮੇਂ ਡੀਜੀਪੀ ਗੌਰਵ ਯਾਦਵ, ਉਹ ਇੱਥੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਪਹੁੰਚੇ ਸਨ
    ਗੌਰਵ ਯਾਦਵ

    ਤਸਵੀਰ ਸਰੋਤ, DGP Gaurav yadav

    ਤਸਵੀਰ ਕੈਪਸ਼ਨ, 10 ਅਪ੍ਰੈਲ ਨੂੰ ਬਾਅਦ ਦੁਪਹਿਰ ਤਲਵੰਡੀ ਸਾਬੋ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਆਲੇ-ਦੁਆਲੇ ਤੁਰ ਫਿਰ ਕੇ ਜਾਇਜ਼ਾ ਲੈਂਦੇ ਹੋਏ ਡੀਜੀਪੀ ਗੌਰਵ ਯਾਦਵ
    ਗੌਰਵ ਯਾਦਵ

    ਤਸਵੀਰ ਸਰੋਤ, DGP Gaurav yadav

    ਤਸਵੀਰ ਕੈਪਸ਼ਨ, ਸ੍ਰੀ ਅਨੰਦਪੁਰ ਸਾਹਿਬ ਵਿੱਚ 11 ਅਪ੍ਰੈਲ ਨੂੰ ਪੁਲਿਸ ਅਧਿਕਾਰੀਆਂ ਤੋਂ ਤਖ਼ਤ ਕੇਸਗੜ੍ਹ ਸਾਹਿਬ ਅੱਗੇ ਸੁਰੱਖਿਆ ਬਾਰੇ ਜਾਣਕਾਰੀ ਲੈਂਦੇ ਡੀਜੀਪੀ ਗੌਰਵ ਯਾਦਵ
  3. ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਸਿਰਫ਼ ਜਥੇਦਾਰ ਹਵਾਰਾ ਨੂੰ - ਕੌਮੀ ਇਨਸਾਫ਼ ਮੋਰਚਾ

    ਕੌਮੀ ਇਨਸਾਫ਼ ਮੋਰਚੇ ਨਾਲ ਸਬੰਧਤ ਜੁੜੀਆਂ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ, ''ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਜਥੇਦਾਰ ਜਗਤਾਰ ਸਿੰਘ ਹਵਾਰਾ ਦਾ ਹੈ।''

    ਮੁਹਾਲੀ ਦੇ ਗੁਰਦੁਆਰਾ ਸੋਹਾਣਾ ਸਾਹਿਬ ਵਿੱਚ ਹੋਈ ਇੱਕ ਬੈਠਕ ਤੋਂ ਬਾਅਦ ਜਾਰੀ ਬਿਆਨ ਮੁਤਾਬਕ, ‘‘ਇੱਕ ਪਾਰਟੀ ਵਲੋਂ ਨਿਯੁਕਤ ਕੀਤੇ ਗਏ ਜਥੇਦਾਰ ਕੋਲ਼ ਸਰਬੱਤ ਖਾਲਸਾ ਬੁਲਾਉਣ ਦਾ ਹੱਕ ਹੀ ਨਹੀਂ ਹੈ।’’

    ਇਸ ਬਿਆਨ ਮੁਤਾਬਕ ਸਿੱਖ ਜਥੇਬੰਦੀਆਂ ਦੀ ਬੈਠਕ ਦੌਰਾਨ ਬੁਲਾਰਿਆਂ ਨੇ ਕਿਹਾ, ''ਚੱਬਾ ਸਰਬੱਤ ਖਾਲਸਾ ਵਲੋਂ ਥਾਪੇ ਹੋਏ ਜਥੇਦਾਰ, ਜਗਤਾਰ ਸਿੰਘ ਹਵਾਰਾ ਹੀ ਸਰਬੱਤ ਖਾਲਸਾ ਬੁਲਾ ਸਕਦੇ ਹਨ।''

  4. ਅਕਾਲ ਤਖ਼ਤ ਸਾਹਿਬ ਉੱਤੇ ਝੂਲਦਾ ਕੇਸਰੀ ਨਿਸ਼ਾਨ ਏਕਤਾ ਦਾ ਹੈ ਵੰਡੀਆਂ ਪਾਉਣ ਵਾਲਾ ਨਹੀਂ - ਰਾਜਦੂਤ

    ਤਨਰਜੀਤ ਸਿੰਘ ਸੰਧੂ

    ਤਸਵੀਰ ਸਰੋਤ, ANI

    ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਇੱਕ ਸੁਤੰਤਰ ਸੰਸਥਾ ਸਿੱਖਸ ਆਫ ਅਮਰੀਕਾ ਵੱਲੋਂ "ਸਿੱਖ ਹੀਰੋ ਐਵਾਰਡ" ਨਾਲ ਸਨਮਾਨਿਤ ਕੀਤਾ ਗਿਆ।

    ਖ਼ਬਰ ਏਜੰਸੀ ਏਐੱਨਆਈ ਮੁਤਾਬਕ, ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਨੂੰ ਇਹ ਪੁਰਸਕਾਰ ਖ਼ਾਲਿਸਤਾਨ ਪੱਖੀ ਇੱਕ ਛੋਟੇ ਸਮੂਹ ਵੱਲੋਂ ਅਮਰੀਕਾ ਵਿਚਲੇ ਭਾਰਤੀ ਮਿਸ਼ਨਾਂ ਅੱਗੇ ਕੀਤੀਆਂ ਗਈਆਂ ਹਿੰਸਕ ਘਟਨਾਵਾਂ ਤੋਂ ਕੁਝ ਦਿਨਾਂ ਬਾਅਦ ਦਿੱਤਾ ਗਿਆ ਹੈ।

    ਖ਼ਾਲਿਸਤਾਨ ਸਮਰਥਕਾਂ ਨੇ ਹਾਲ ਹੀ ਵਿੱਚ ਭਾਰਤੀ ਦੂਤਾਵਾਸ ਅੱਗੇ ਹਿੰਸਕ ਮੁੁਜ਼ਾਹਰੇ ਕੀਤੇ ਸਨ ਅਤੇ ਸੰਧੂ ਨੂੰ ਨਿੱਜੀ ਤੌਰ 'ਤੇ ਨਿਸ਼ਾਨਾ ਬਣਾਇਆ ਸੀ।

    ਐਵਾਰਡ ਹਾਸਿਲ ਕਰ ਤੋਂ ਬਾਅਦ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ, "ਅਕਾਲ ਤਖ਼ਤ 'ਤੇ ਲਹਿਰਾਉਂਦਾ ਨਿਸ਼ਾਨ ਸਾਹਿਬ, ਏਕਤਾ, ਸ਼ਾਂਤੀ ਅਤੇ ਸਰਬ-ਵਿਆਪਕ ਪਿਆਰ ਦਾ ਝੰਡਾ ਹੈ, ਇਸ ਪ੍ਰਤੀਕ ਦੀ ਵਰਤੋਂ ਕਰੋ ਪਰ ਇਸ ਦਾ ਅਪਮਾਨ ਨਾ ਕਰੋ।"

    ਉਨ੍ਹਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਵਿਸਾਖੀ ਵਾਲੇ ਦਿਨ ਸਾਜਿਆ ਗਿਆ, ''ਖਾਲਸਾ ਏਕਤਾ ਹੈ ਨਾ ਕਿ ਵੰਡੀਆਂ ਪਾਉਣ ਵਾਲਾ।''

  5. ਚੰਨੀ ਨੂੰ ਨੋਟਿਸ ਮਿਲਣ 'ਤੇ ਪ੍ਰਤਾਪ ਬਾਜਵਾ ਨੇ ਸਾਧਿਆ 'ਆਪ' 'ਤੇ ਨਿਸ਼ਾਨਾ

    ਪ੍ਰਤਾਪ ਸਿੰਘ ਬਾਜਵਾ

    ਤਸਵੀਰ ਸਰੋਤ, Pradeep Sharma/bbc

    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਭੇਜੇ ਨੋਟਿਸ ਨੂੰ ਲੈ ਕੇ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ।

    ਜਲੰਧਰ ਤੋਂ ਬੀਬੀਸੀ ਸਹਿਯੋਗੀ ਪ੍ਰਦੀਪ ਸ਼ਰਮਾ ਦੀ ਰਿਪੋਰਟ ਮੁਤਾਬਕ ਪੰਜਾਬ ਅਸੰਬਲੀ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ, "ਜਿਵੇਂ ਕੇਂਦਰ 'ਚ ਬੀਜੇਪੀ ਈਡੀ ਅਤੇ ਸੀਬੀਆਈ ਦੀ ਦੁਰਵਰਤੋਂ ਕਰ ਰਹੀ ਹੈ, ਉਸੇ ਤਰ੍ਹਾਂ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵਿਜੀਲੈਂਸ ਦੀ ਦੂਰ ਵਰਤੋਂ ਕਰ ਰਹੀ ਹੈ।"

    ਉਨ੍ਹਾਂ ਨੇ ਅੱਗੇ ਕਿਹਾ, "ਇਨ੍ਹਾਂ ਨੂੰ ਪਤਾ ਸੀ ਕਿ ਜਲੰਧਰ ਜ਼ਿਮਨੀ ਚੋਣ 'ਚ ਹੁਣ ਆਉਣ ਵਾਲੇ ਦਿਨਾਂ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਲੋ ਕਾਗਜ਼ ਭਰੇ ਜਾਣੇ ਹਨ ਤੇ ਉਨ੍ਹਾਂ ਨੇ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਨੋਟਿਸ ਭੇਜ ਦਿੱਤਾ ਹੈ।"

    ਬਾਜਵਾ ਨੇ ਕਿਹਾ ਕਿ ਇਸੇ ਤਰ੍ਹਾਂ ਕੌਂਸਲਰਾਂ, ਪਿੰਡ ਦੇ ਸਰਪੰਚਾਂ ਆਦਿ 'ਤੇ ਵੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਇਨ੍ਹਾਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਇਹ ਵੀ ਇੱਕ ਤਰ੍ਹਾਂ ਦਾ ਭ੍ਰਿਸ਼ਟਾਚਾਰ ਹੈ।

  6. ਸਰਬੱਤ ਖਾਲਸਾ ਕੀ ਹੈ, ਕੌਣ ਤੇ ਕਿਵੇਂ ਸਰਬੱਤ ਖਾਲਸਾ ਸੱਦ ਸਕਦਾ ਹੈ

    ਸਰਬੱਤ ਖਾਲਸਾ

    ਖਾਲਿਸਤਾਨ ਹਮਾਇਤੀ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੋ ਵਾਰ ਵੀਡੀਓ ਜਾਰੀ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਵਿਸਾਖੀ ਮੌਕੇ ਸਰਬੱਤ ਖਾਲਸਾ ਦਾ ਇਕੱਠ ਸੱਦੇ ਜਾਣ ਦੀ ਅਪੀਲ ਕਰ ਚੁੱਕੇ ਹਨ।

    ਅਮ੍ਰਿਤਪਾਲ 18 ਮਾਰਚ ਤੋਂ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰ ਰਹੀ ਹੈ।

    23 ਫਰਵਰੀ ਨੂੰ ਅਜਨਾਲਾ ਥਾਣੇ ਦੇ ਘਿਰਾਓ ਵੇਲੇ ਹੋਈ ਹਿੰਸਾ ਨਾਲ ਜੁੜੇ ਵੱਖ-ਵੱਖ ਮਾਮਲਿਆਂ ਤਹਿਤ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਗਈ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੀ।

    ਅਮ੍ਰਿਤਪਾਲ ਸਰਬੱਤ ਖਾਲਸਾ ਦਾ ਇਕੱਠ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੱਦਣ ਦੀ ਮੰਗ ਕਰ ਰਹੇ ਹਨ।

    ਹੁਣ ਅਸੀਂ ਜਾਣਦੇ ਹਾਂ ਕਿ ਸਰਬੱਤ ਖਾਲਸਾ ਦਾ ਸਿਧਾਂਤ ਕੀ ਹੈ, ਕੌਣ ਸਰਬੱਤ ਖਾਲਸਾ ਨੂੰ ਸੱਦ ਸਕਦਾ ਹੈ ਤੇ ਕਦੋਂ-ਕਦੋਂ ਸਰਬੱਤ ਖਾਲਸਾ ਸੱਦਿਆ ਗਿਆ ਸੀ

  7. ਨਨਕਾਣਾ ਸਾਹਿਬ ਵਿੱਚ ਇੱਕ ਭਾਰਤੀ ਸਿੱਖ ਸ਼ਰਧਾਲੂ ਦੀ ਹੋਈ ਮੌਤ

    ਵਿਸਾਖੀ ਮੌਕੇ ਨਨਕਾਣਾ ਸਾਹਿਬ ਪਹੁੰਚੇ ਭਾਰਤੀ ਜਥੇ ਦੇ ਇੱਕ ਸ਼ਰਧਾਲੂ ਦੀ ਮੌਤ ਹੋ ਗਈ ਹੈ।

    ਪਾਕਿਸਤਾਨ ਤੋਂ ਬੀਬੀਸੀ ਪੱਤਰਕਾਰ ਅਲੀ ਕਾਜ਼ਮੀ ਦੀ ਰਿਪੋਰਟ ਮੁਤਾਬਕ, ਮ੍ਰਿਤਕ ਭਾਰਤੀ ਪੰਜਾਬ ਦੇ ਜਲੰਧਰ ਨਾਲ ਸਬੰਧਤ ਸਨ।

    ਉਹ 9 ਅਪ੍ਰੈਲ ਨੂੰ ਵਾਹਗਾ ਸਰਹੱਦ ਰਾਹੀਂ ਗੁਰੂਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਗਏ ਸਨ।

    ਨਨਕਾਣਾ ਸਾਹਿਬ ਦੇ ਜ਼ਿਲ੍ਹਾ ਹਸਪਤਾਲ ਵੱਲੋਂ ਜਾਰੀ ਕੀਤੇ ਡੈਥ ਸਰਟੀਫਿਕੇਟ ਮੁਤਾਬਕ ਉਨ੍ਹਾਂ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਦੱਸੀ ਗਈ ਹੈ।

    ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜੇ ਜਾਣ ਲਈ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ।

  8. ਜਲੰਧਰ ਜ਼ਿਮਨੀ ਚੋਣ: ਡਾ. ਸੁਖਵਿੰਦਰ ਸੁੱਖੀ ਹੋਣਗੇ ਅਕਾਲੀ-ਬਸਪਾ ਦੇ ਸਾਂਝੇ ਉਮਦੀਵਾਰ

    ਅਕਾਲੀ ਦਲ

    ਤਸਵੀਰ ਸਰੋਤ, Pradeep Sharma

    ਜਲੰਧਰ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਨੇ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ।

    ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਸਾਂਝੇ ਉਮੀਦਵਾਰ ਹੋਣਗੇ।"

    ਪੇਸ਼ੇ ਤੋਂ ਈਐੱਨਟੀ ਡਾਕਟਰ ਸੁੱਖੀ ਸਾਲ 2017 ਵਿੱਚ ਬਸਪਾ ਤੋਂ ਅਕਾਲੀ ਵਿੱਚ ਸ਼ਾਮਿਲ ਹੋ ਗਏ ਸਨ।

    ਉਨ੍ਹਾਂ ਨੇ ਬੰਗਾ ਤੋਂ ਸਾਲ 2017 ਅਤੇ 2022 ਵਿੱਚ ਵਿਧਾਇਕ ਵਜੋਂ ਜਿੱਤ ਦਰਜ ਕਰਵਾਈ ਹੈ।

    ਡਾ. ਸੁੱਖੀ ਨੇ ਪੰਜਾਬ ਵਿੱਚ ਵਿਧਾਨ ਸਭਾ ਵਿੱਚ ਵਿਧਾਇਕਾਂ ਦੀ ਤਨਖਾਹ ਵਧਾਉਣ ਦਾ ਮੁੱਦਾ ਚੁੱਕਿਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਇੰਨੀ ਕੁ ਤਨਖਾਹ ਤਾਂ ਸ਼ਗਨ ਪਾਉਣ ਵਿੱਚ ਚਲੀ ਜਾਂਦੀ ਹੈ।

  9. ਅਮ੍ਰਿਤਪਾਲ ਦੇ ਆਤਮ-ਸਮਰਪਣ ਬਾਰੇ ਕੀ ਬੋਲੇ ਪਪਲਪ੍ਰੀਤ ਸਿੰਘ

    ਪਪਲਪ੍ਰੀਤ ਸਿੰਘ

    ਤਸਵੀਰ ਸਰੋਤ, ANI

    ਤਸਵੀਰ ਕੈਪਸ਼ਨ, ਪਪਲਪ੍ਰੀਤ ਸਿੰਘ ਨੂੰ ਪੁਲਿਸ ਨੇ ਸੋਮਵਾਰ ਨੂੰ ਅਮ੍ਰਿਤਸਰ ਦੇ ਕੱਥੂਨੰਗਲ ਵਿੱਚੋਂ ਹਿਰਾਸਤ ਵਿੱਚ ਲਿਆ ਸੀ

    ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਅਤੇ ਖ਼ਾਲਿਸਤਾਨ ਹਮਾਇਤੀ ਅਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਵੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਪਹੁੰਚਾਇਆ ਗਿਆ।

    ਡਿਬਰੂਗੜ੍ਹ ਪਹੁੰਚੇ ਪਪਲਪ੍ਰੀਤ ਸਿੰਘ ਨੇ ਮੀਡੀਆ ਨਾਲ ਸੰਖੇਪ ਜਿਹੀ ਗੱਲਬਾਤ ਵਿੱਚ ਕਿਹਾ ਅਮ੍ਰਿਤਪਾਲ ਸਿੰਘ ਬਾਰੇ ਕਿਹਾ, "ਅਸੀਂ 28 ਮਾਰਚ ਦੀ ਰਾਤ ਨੂੰ ਵੱਖ-ਵੱਖ ਹੋ ਗਏ ਸੀ। ਉਸ ਤੋਂ ਬਾਅਦ ਗੱਲ ਨਹੀਂ ਹੋਈ।"

    ਜਦੋਂ ਪੱਤਰਕਾਰ ਨੇ ਉਸ ਨੂੰ ਇਹ ਪੁੱਛਿਆ ਕਿ ਅਮ੍ਰਿਤਪਾਲ ਸਿੰਘ ਕੀ ਆਤਮ ਸਮਰਪਣ ਕਰਨਗੇ, ਤਾਂ ਉਨ੍ਹਾਂ ਕਿਹਾ ਮੈਂ ਨਹੀਂ ਜਾਣਦਾ, ਉਹੀ ਜਾਣਦੇ ਹਨ, ਮੈਂ ਨਹੀਂ ਜਾਣਦਾ ਕਿ ਉਹ ਕਿੱਥੇ ਹੈ।''

    ਇਸ ਤੋਂ ਪਹਿਲਾਂ ਪੰਜਾਬ ਵਿੱਚ ਏਅਰਪੋਰਟ ਉੱਤੇ ਉਸ ਨੇ ਪੁਲਿਸ ਨਾਲ ਜਾਂਦੇ ਜਾਂਦੇ ਮੀਡੀਆ ਨੂੰ ਕਿਹ, "ਮੈਂ ਚੜ੍ਹਦੀਕਲਾ ਵਿੱਚ ਹਾਂ ਅਤੇ ਜੋ ਪੰਜਾਬ ਪੁਲਿਸ ਕਹਿ ਰਹੀ ਹੈ ਠੀਕ ਕਹਿ ਰਹੀ ਹੈ। ਮੇਰੀ ਗ੍ਰਿਫਤਾਰੀ ਕੱਲ੍ਹ (ਸੋਮਵਾਰ) ਨੂੰ ਹੀ ਹੋਈ ਹੈ।"

    ਪਪਲਪ੍ਰੀਤ ਸਿੰਘ ਦੀ ਬੀਤੇ ਦਿਨੀਂ ਪੰਜਾਬ ਦੇ ਕੱਥੂਨੰਗਲ ਤੋਂ ਗ੍ਰਿਫ਼ਤਾਰੀ ਹੋਈ ਸੀ। ਅਮ੍ਰਿਤਪਾਲ ਸਿੰਘ ਦੇ ਨਾਲ ਪਪਲਪ੍ਰੀਤ ਦੀ ਵੀ 18 ਮਾਰਚ ਤੋਂ ਹੀ ਭਾਲ ਜਾਰੀ ਸੀ।

    ਜ਼ਿਕਰਯੋਗ ਹੈ ਅਮ੍ਰਿਤਪਾਲ ਸਿੰਘ ਅਜੇ ਵੀ ਪੰਜਾਬ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ ਅਤੇ ਉਸ ਦੀ ਭਾਲ ਜਾਰੀ ਹੈ।

  10. ਬਠਿੰਡਾ ਜੇਲ੍ਹ ਤੋਂ ਵਾਇਰਲ ਹੋਏ ਕੈਦੀਆਂ ਦੇ ਵੀਡੀਓ ਬਾਰੇ ਪ੍ਰਸ਼ਾਸਨ ਕੀ ਕਹਿ ਰਿਹਾ

    ਜੇਲ੍ਹ (ਸੰਕੇਤਕ ਤਸਵੀਰ)

    ਤਸਵੀਰ ਸਰੋਤ, Getty Images

    ਗਗਨਦੀਪ ਸਿੰਘ

    ਬੀਬੀਸੀ ਪੱਤਰਕਾਰ

    ਹਾਲ ਹੀ ਵਿੱਚ ਬਠਿੰਡਾ ਦੀ ਕੇਂਦਰੀ ਜੇਲ੍ਹ ਤੋਂ 12-13 ਕੈਦੀਆਂ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਉਹ ਕੈਦੀ ਜੇਲ੍ਹ ਦੀਆਂ ਮਾੜੀਆਂ ਸਹੂਲਤਾਂ ਅਤੇ ਤਸ਼ੱਦਦ ਸਣੇ ਅਧਿਕਾਰੀਆਂ 'ਤੇ ਹੋਰ ਕਈ ਇਲਜ਼ਾਮ ਲਗਾ ਰਹੇ ਸਨ।

    ਕੈਦੀਆਂ ਨੇ ਦਾਅਵਾ ਕੀਤਾ ਸੀ ਕਿ ਜੇਲ੍ਹ ਦੇ ਸੀਨੀਅਰ ਅਧਿਕਾਰੀ ਹੀ ਜੇਲ੍ਹ ਅੰਦਰ ਮੋਬਾਈਲ ਅਤੇ ਹੋਰ ਵਰਜਿਤ ਚੀਜ਼ਾਂ ਪਹੁੰਚਾਉਂਦੇ ਹਨ। ਵੀਡੀਓ ਵਿੱਚ ਕੈਦੀਆਂ ਵੱਲੋਂ ਕੁਝ ਮੋਬਾਈਲ ਦਿਖਾਏ ਵੀ ਗਏ।

    ਬਠਿੰਡਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਆਮ ਤੌਰ 'ਤੇ ਜੇਲ੍ਹ ਸਟਾਫ਼ ਨਾਲ ਮਿਲੀਭੁਗਤ ਕਰਕੇ ਜੇਲ੍ਹ 'ਚ ਬੰਦ ਵਿਅਕਤੀ ਮੋਬਾਇਲ ਅੰਦਰ ਮੰਗਵਾ ਲੈਂਦੇ ਹਨ।

    ਇਸ ਪੂਰੇ ਮਾਮਲੇ ਵਿੱਚ ਬਠਿੰਡਾ ਜੇਲ੍ਹ ਦੇ ਸਹਾਇਕ ਸੁਪਰਡੈਂਟ ਸ਼ਿਵ ਕੁਮਾਰ ਦੀ ਸ਼ਿਕਾਇਤ ’ਤੇ ਬਠਿੰਡਾ ਪੁਲਿਸ ਨੇ ਵੀਡੀਓ ਵਾਲੇ ਕੈਦੀਆਂ ਖ਼ਿਲਾਫ਼ ਅਪਰਾਧਿਕ ਧਮਕੀਆਂ ਦੇਣ ਦੇ ਇਲਜ਼ਾਮ ਹੇਠ ਕੇਸ ਦਰਜ ਕੀਤਾ ਹੈ।

    ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਸਹਾਇਕ ਜੇਲ੍ਹ ਸੁਪਰਡੈਂਟ ਸ਼ਿਵ ਕੁਮਾਰ ਨੇ ਦੱਸਿਆ ਕਿ ਜਦੋਂ ਅਸੀਂ ਸਾਰੇ ਮੁਲਜ਼ਮ ਕੈਦੀਆਂ ਨੂੰ ਦੂਜੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਜੇਲ੍ਹ ਅਧਿਕਾਰੀਆਂ ਨਾਲ ਧਮਕੀਆਂ ਅਤੇ ਦੁਰਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ।

    ਸ਼ਿਵ ਕੁਮਾਰ ਨੇ ਦਾਅਵਾ ਹੈ ਕਿ ਕੈਦੀਆਂ ਦਾ ਕਹਿਣਾ ਸੀ ਕਿ ਅਧਿਆਕਰੀ ਉਨ੍ਹਾਂ ਦੀ ਗੱਲ ਮੰਨ ਲੈਣ ਨਹੀਂ ਤਾ ਉਹ ਵੀਡੀਓ ਨੂੰ ਨਿਊਜ਼ ਚੈਨਲਾਂ ਨੂੰ ਭੇਜ ਦੇਣਗੇ।

  11. ਪਪਲਪ੍ਰੀਤ ਸਿੰਘ ਦਾ ਕੀ ਹੈ ਪਿਛੋਕੜ

    ਪਪਲਪ੍ਰੀਤ ਸਿੰਘ

    ਤਸਵੀਰ ਸਰੋਤ, Papalpreet/YT

    ਪੰਜਾਬ ਪੁਲਿਸ ਨੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਤੇ ਖ਼ਾਲਿਸਤਾਨੀ ਸਮਰਥਕ ਅਮ੍ਰਿਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

    18 ਮਾਰਚ ਜਦੋਂ ਤੋਂ ਅਮ੍ਰਿਤਪਾਲ ਸਿੰਘ ਅਤੇ ਸਾਥੀਆਂ ਖ਼ਿਲਾਫ਼ ਪੰਜਾਬ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਸੀ, ਉਦੋਂ ਤੋਂ ਹੀ ਅਜਿਹੇ ਦਾਅਵੇ ਕੀਤੇ ਜਾ ਰਹੇ ਸਨ ਕਿ ਪਪਲਪ੍ਰੀਤ ਸਿੰਘ ਵੀ ਉਨ੍ਹਾਂ ਦੇ ਨਾਲ ਹੀ ਸਨ।

    ਕਈ ਮੀਡੀਆ ਅਦਾਰਿਆਂ ਅਤੇ ਸੋਸ਼ਲ ਮੀਡੀਆ ਉੱਤੇ ਇਨ੍ਹਾਂ ਦੋਵਾਂ ਦੀਆਂ ਵੀਡੀਓਜ਼ ਅਤੇ ਤਸਵੀਰਾਂ ਵੀ ਵਾਇਰਲ ਹੁੰਦੀਆਂ ਰਹੀਆਂ, ਭਾਵੇਂ ਕਿ ਪੁਲਿਸ ਨੇ ਇਨ੍ਹਾਂ ਦੀ ਪੁਸ਼ਟੀ ਨਹੀਂ ਕੀਤੀ ਸੀ।

    ਪਰ ਪੰਜਾਬ ਪੁਲਿਸ ਨੇ ਇਹ ਦਾਅਵਾ ਜਰੂਰ ਕੀਤਾ ਸੀ ਕਿ ਅਮ੍ਰਿਤਪਾਲ ਸਿੰਘ ਦੇ ਫਰਾਰ ਹੋਣ ਦੌਰਾਨ ਉਸ ਲਈ ਠਹਿਰਨ ਦਾ ਪ੍ਰਬੰਧ ਪਪਲਪ੍ਰੀਤ ਸਿੰਘ ਹੀ ਕਰਦਾ ਰਿਹਾ ਹੈ।

    ਪੁਲਿਸ ਵਲੋਂ ਅਮ੍ਰਿਤਪਾਲ ਦੇ ਨਾਲ ਨਾਲ ਪਪਲਪ੍ਰੀਤ ਸਿੰਘ ਦੀ ਵੀ ਕਾਫ਼ੀ ਸਰਗਰਮੀ ਨਾਲ ਭਾਲ਼ ਕੀਤੀ ਜਾ ਰਹੀ ਸੀ।

    ਪੂਰੀ ਖ਼ਬਰ ਪੜ੍ਹਨ ਲਈ ਕਲਿੱਕ ਕਰੋ

  12. ਪੰਜਾਬ ਦੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਨੂੰ ਵਿਜੀਲੈਂਸ ਬਿਊਰੋ ਵੱਲੋਂ ਸਮਨ ਜਾਰੀ

    ਚਰਨਜੀਤ ਸਿੰਘ ਚੰਨੀ

    ਤਸਵੀਰ ਸਰੋਤ, CHARANJIT SINGH CHANNI/FB

    ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਆਗੂ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸਮਨ ਜਾਰੀ ਕੀਤੇ ਗਏ ਹਨ।

    ਬੀਬੀਸੀ ਸਹਿਯੋਗੀ ਗੁਰਮਿੰਦਰ ਗਰੇਵਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਆਉਂਦੀ 12 ਅਪ੍ਰੈਲ ਨੂੰ ਪੰਜਾਬ ਵਿਜੀਲੈਂਸ ਦਫ਼ਤਰ, ਮੋਹਾਲੀ ਵਿੱਚ ਪੇਸ਼ ਹੋਣ ਲਈ ਆਖਿਆ ਗਿਆ ਹੈ।

    ਇਹ ਸਮਨ ਚਰਨਜੀਤ ਸਿੰਘ ਚੰਨੀ 'ਤੇ ਕਥਿਤ ਤੌਰ 'ਤੇ ਆਮਦਨ ਦੇ ਸਪਸ਼ਟ ਸਰੋਤਾਂ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ 'ਚ ਜਾਰੀ ਕੀਤੇ ਗਏ ਹਨ।

    ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਪੰਜਾਬ ਵਿਜੀਲੈਂਸ ਬਿਓਰੋ ਨੇ ਇਸੇ ਮਾਮਲੇ ਵਿੱਚ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਲੁਕ ਆਉਟ ਨੋਟਿਸ ਜਾਰੀ ਕੀਤਾ ਸੀ, ਜਿਸ ਦਾ ਕਾਂਗਰਸ ਵੱਲੋਂ ਸਖ਼ਤ ਵਿਰੋਧ ਕੀਤਾ ਗਿਆ ਸੀ।

  13. ਅਮ੍ਰਿਤਪਾਲ ਸਿੰਘ ਮਾਮਲਾ: ਪਪਲਪ੍ਰੀਤ ਸਿੰਘ ਨੂੰ ਭੇਜਿਆ ਗਿਆ ਡਿਬਰੂਗੜ੍ਹ ਜੇਲ੍ਹ

    ਪਪਲਪ੍ਰੀਤ ਸਿੰਘ

    ਤਸਵੀਰ ਸਰੋਤ, PAPALPREET/YOUTUBE

    ਖਾਲਿਸਤਾਨ ਸਮਰਥਕ ਅਤੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੇ ਕਰੀਬੀ ਮੰਨੇ ਜਾਂਦੇ ਪਪਲਪ੍ਰੀਤ ਸਿੰਘ ਨੂੰ ਕੱਲ੍ਹ ਪੰਜਾਬ ਤੋਂ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹੁਣ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਹੈ।

    ਪੰਜਾਬ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਹੈ।

    ਲੰਘੇ ਦਿਨੀਂ ਪੰਜਾਬ ਪੁਲਿਸ ਨੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਪਪਲਪ੍ਰੀਤ ਦੀ ਗ੍ਰਿਫ਼ਤਾਰੀ ਅਮ੍ਰਿਤਸਰ ਦੇਹਾਤੀ ਦੇ ਕੱਥੂਨੰਗਲ ਤੋਂ ਕੀਤੀ ਗਈ ਹੈ।

    ਪਪਲਪ੍ਰੀਤ ਨੂੰ ਐੱਨਐੱਸਏ (ਰਾਸ਼ਟਰੀ ਸੁਰੱਖਿਆ ਕਾਨੂੰਨ) ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਤੇ ਡਿਬਰੂਗੜ੍ਹ ਜੇਲ੍ਹ ਭੇਜਿਆ ਗਿਆ ਹੈ।

    ਦੱਸ ਦੇਈਏ ਕਿ ਅਮ੍ਰਿਤਪਾਲ ਦੇ ਚਾਚੇ ਸਣੇ, ਉਨ੍ਹਾਂ ਦੇ ਸਾਥੀ ਮੰਨੇ ਜਾਂਦੇ ਕੁੱਲ 8 ਵਿਅਕਤੀ ਪਹਿਲਾਂ ਤੋਂ ਹੀ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ ਅਤੇ ਉਨ੍ਹਾਂ ਉੱਤੇ ਵੀ ਐੱਨਐੱਸਏ ਲਗਾਇਆ ਹੋਇਆ ਹੈ।

  14. ਨਵਜੋਤ ਸਿੰਘ ਸਿੱਧੂ ਦੀ ਪਤਨੀ ਨੇ ਉਨ੍ਹਾਂ ਦੀ ਸੁਰੱਖਿਆ ਕਟੌਤੀ ਨੂੰ ਲੈ ਕੇ ਚੁੱਕੇ ਸਵਾਲ

    ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, NAVJOT SIDHU/FB

    ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਨੇ ਆਪਣੇ ਪਤੀ ਦੀ ਸੁਰੱਖਿਆ ਕਟੌਤੀ ਦੇ ਮੁੱਦੇ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਵੀਟ ਕੀਤਾ ਹੈ।

    ਉਨ੍ਹਾਂ ਆਪਣੇ ਟਵੀਟ 'ਚ ਲਿਖਿਆ, ''ਮਾਨਯੋਗ ਮੁੱਖ ਮੰਤਰੀ ਪੰਜਾਬ। ਮੇਰੇ ਪਤੀ ਆਗੂ ਹਨ ਜਿਨ੍ਹਾਂ ਨੂੰ ਬਹੁਤ ਲੋਕ ਫਾਲੋ ਕਰਦੇ ਹਨ। ਪੰਜਾਬ ਪ੍ਰਤੀ ਆਪਣੇ ਪਿਆਰ ਕਾਰਨ ਉਹ ਦਿਨ-ਰਾਤ ਯਾਤਰਾ ਕਰ ਰਹੇ ਹਨ। ਲਾਰੇਂਸ ਬਿਸ਼ਨੋਈ ਦੀ ਗੱਲ ਵਿੱਚ ਉਨ੍ਹਾਂ (ਸਿੱਧੂ) ਦਾ ਜ਼ਿਕਰ ਹੋਣ ਦੇ ਬਾਵਜੂਦ ਤੁਸੀਂ ਉਸ ਦੀ ਸੁਰੱਖਿਆ ਵਿੱਚ ਕਟੌਤੀ ਕੀਤੀ ਹੈ। ਕਿਸੇ ਵੀ ਨੁਕਸਾਨ ਲਈ ਸਿੱਧੇ ਤੌਰ 'ਤੇ ਤੁਸੀਂ ਜ਼ਿੰਮੇਵਾਰ ਹੋਵੋਗੇ।''

    ਉਨ੍ਹਾਂ ਨੇ ਅੱਗੇ ਕਿਹਾ, ''ਤੁਸੀਂ ਆਪਣੇ ਅਜ਼ੀਜ਼ਾਂ ਦੀ ਸੁਰੱਖਿਆ ਵਧਾ ਦਿੱਤੀ ਹੈ ਪਰ ਤੁਸੀਂ ਦੂਜਿਆਂ ਪ੍ਰਤੀ ਵੀ ਜ਼ਿੰਮੇਵਾਰ ਹੋ, ਜੋ ਸਿਆਸੀ ਤੌਰ 'ਤੇ ਸਰਗਰਮ ਹਨ ਅਤੇ ਸੱਚ ਦੇ ਮਾਰਗ 'ਤੇ ਚੱਲਦੇ ਹਨ।''

    ''ਆਪਣੀ ਹਉਮੈ ਨੂੰ ਤੁਹਾਡੇ ਦਿਮਾਗ 'ਤੇ ਹਾਵੀ ਨਾ ਹੋਣ ਦਿਓ, ਜੋ ਗਲਤ ਕੰਮ ਕਰਨ ਲਈ ਮਜਬੂਰ ਕਰੇ। ਮੌਜੂਦਾ ਸਥਿਤੀ ਉਨ੍ਹਾਂ ਲਈ ਅਨੁਕੂਲ ਨਹੀਂ ਹੈ।''

    ਨਵਜੋਤ ਸਿੰਘ ਸਿੱਧੂ 'ਰੋਡ ਰੇਜ' ਦੇ ਮਾਮਲੇ 'ਚ ਲਗਭਗ 10 ਮਹੀਨਿਆਂ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਹਾਲ ਹੀ ਵਿੱਚ ਜੇਲ੍ਹ ਤੋਂ ਬਾਹਰ ਆਏ ਹਨ।

  15. ਪੰਜਾਬ ਸਰਕਾਰ ਨੇ ਕੇਂਦਰ ਨੂੰ ਕੀਤੀ ਅਪੀਲ, 'ਫਸਲਾਂ ਖਰਾਬ ਹੋਣ ਕਾਰਨ ਕਣਕ ਖਰੀਦ ਦੇ ਮਾਪਦੰਡਾਂ 'ਚ ਮਿਲੇ ਛੋਟ'

    ਭਗਵੰਤ ਮਾਨ

    ਤਸਵੀਰ ਸਰੋਤ, BHAGWANT MANN/FACEBOOK

    ਬਰਸਾਤ ਅਤੇ ਗੜੇਮਾਰੀ ਕਾਰਨ ਖ਼ਰਾਬ ਹੋਈਆਂ ਫਸਲਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਕੇਂਦਰ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਖਰੀਦ ਲਈ ਮਾਪਦੰਡਾਂ 'ਚ ਛੋਟ ਦੇਵੇ ਤਾਂ ਜੋ ਕਿਸਾਨਾਂ ਨੂੰ ਹੋਰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।

    ਇਸ ਦੇ ਨਾਲ ਹੀ ਪਾਣੀ ਕਾਰਨ ਬਦਰੰਗ ਹੋਏ, ਸੁੰਗੜੇ ਤੇ ਨਮੀ ਵਾਲੇ ਦਾਣਿਆਂ ਲਈ ਵੀ ਮਾਪਦੰਡਾਂ 'ਚ ਢਿੱਲ ਦੀ ਮੰਗ ਕੀਤੀ ਗਈ ਹੈ।

    ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਕੁਦਰਤੀ ਆਫ਼ਤਾਂ ਕਾਰਨ ਹੋਏ ਫਸਲੀ ਨੁਕਸਾਨ ਬਦਲੇ ਮਿਲਦੇ ਮੁਆਵਜ਼ੇ 'ਚ ਕੇਂਦਰ ਸਰਕਾਰ ਦਾ ਹਿੱਸਾ ਕਾਫ਼ੀ ਘੱਟ ਹੈ।

    ਕੌਮੀ ਖੁਰਾਕ ਸੁਰੱਖਿਆ ਵਿੱਚ ਪੰਜਾਬ ਦੇ ਕਿਸਾਨਾਂ ਦਾ ਵੱਡਾ ਯੋਗਦਾਨ ਚੇਤੇ ਕਰਵਾਉਂਦੇ ਹੋਏ ਸੂਬਾ ਸਰਕਾਰ ਨੇ ਕੇਂਦਰ ਨੂੰ ਮੁਆਵਜ਼ੇ 'ਚ ਆਪਣਾ ਹਿੱਸਾ ਵਧਾਉਣ ਦੀ ਅਪੀਲ ਕੀਤੀ ਗਈ ਹੈ।

  16. 10 ਅਪ੍ਰੈਲ ਦਾ ਮੁੱਖ ਘਟਨਾਕ੍ਰਮ

    ਪਪਲਪ੍ਰੀਤ ਸਿੰਘ

    ਤਸਵੀਰ ਸਰੋਤ, Ravinder Singh Robin/BBC

    • ਪੰਜਾਬ ਪੁਲਿਸ ਨੇ ਅਮ੍ਰਿਤਪਾਲ ਦੇ ਸਾਥੀ ਪਪਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
    • ਪੁਲਿਸ ਮੁਤਾਬਕ ਉਸ ਨੂੰ ਅਮ੍ਰਿਤਸਰ ਦੇ ਕੱਥੂਨੰਗਲ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
    • ਪਪਲਪ੍ਰੀਤ ਦੀ ਮਾਂ ਮੁਤਾਬਕ ਉਹ ਇੱਕ ਮਹੀਨੇ ਤੋਂ ਘਰ ਨਹੀਂ ਆਇਆ ਸੀ।
    • ‘ਆਪ’ ਨੂੰ ਕੌਮੀ ਪਾਰਟੀ ਦਾ ਦਰਜਾ ਮਿਲ ਗਿਆ ਹੈ, ਜਦਕਿ ਸੀਪੀਆਈ ਤੇ ਐੱਨਸੀਪੀ ਦਾ ਖੁਸ ਗਿਆ ਹੈ।
    • ਭਾਰਤ ਨੇ ਸਾਫ਼ ਕੀਤਾ ਹੈ ਕਿ ਲੰਡਨ ਮੁਜ਼ਾਹਰੇ ਤੋਂ ਬਾਅਦ ਵੀ ਦੁਵੱਲੀ ਵਪਾਰ ਵਾਰਤਾ ਰੋਕੀ ਨਹੀਂ ਗਈ ਹੈ।
    • ਭਾਰਤ 'ਚ ਮੁੜ ਵਧ ਰਹੇ ਕੋਰੋਨਾਵਾਇਰਸ ਦੇ ਮਾਮਲੇ, ਦੇਸ਼ ਭਰ 'ਚ ਹੋਈ ਮੌਕ ਡ੍ਰਿਲ।
    • ਸਚਿਨ ਪਾਇਲਟ ਦਾ ਆਪਣੀ ਹੀ ਸਰਕਾਰ ਖ਼ਿਲਾਫ਼ ਭੁੱਖ ਹੜਤਾਲ ਦਾ ਐਲਾਨ।
  17. ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਾਗਤ ਹੈ। ਸਾਡੇ ਇਸ ਲਾਈਵ ਪੰਨੇ ਰਾਹੀਂ ਅਸੀਂ ਤੁਹਾਨੂੰ ਪੰਜਾਬ ਦੇ ਨਾਲ-ਨਾਲ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਅਹਿਮ ਖ਼ਬਰਾਂ ਬਾਰੇ ਜਾਣਕਾਰੀ ਦੇਵਾਂਗੇ।

    10 ਅਪ੍ਰੈਲ ਦੇ ਲਾਈਵ ਪੇਜ ਲਈ ਇੱਥੇ ਕਲਿੱਕ ਕਰੋ