ਪਪਲਪ੍ਰੀਤ ਸਿੰਘ ਦੀ ਗ੍ਰਿਫ਼ਤਾਰੀ ਤੋਂ ਉਨ੍ਹਾਂ ਦੀ ਮਾਤਾ ਮਨਧੀਰ ਕੌਰ ਨੇਬੀਬੀਸੀ ਸਹਿਯੋਗੀ ਰਵਿੰਦਰ ਸਿੰਘ ਰੌਬਿਨ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਟੀਵੀ ਚੈਨਲ ਤੋਂ ਪਤਾ ਲੱਗਾ ਹੈ ਕਿ ਉਹ ਗ੍ਰਿਫ਼ਤਾਰ ਹੋ ਗਿਆ ਹੈ।
ਉਨ੍ਹਾਂ ਨੇ ਅੱਗੇ ਕਿਹਾ, "ਉਸ ਨੂੰ ਘਰ ਆਏ ਨੂੰ ਕਰੀਬ ਮਹੀਨਾ ਹੀ ਹੋ ਚੱਲਿਆ ਹੈ। ਜਦੋਂ ਪੁਲਿਸ ਨੇ ਅਜਨਾਲੇ ਵਾਲਾ ਕੇਸ ਪਾ ਦਿੱਤਾ ਸੀ ਤਾਂ ਉਸੇ ਦਿਨ ਤੋਂ ਹੀ ਸਾਡੇ ਘਰ ਪੁਲਿਸ ਆਉਣੀ ਸ਼ੁਰੂ ਹੋ ਗਈ। ਉਸ ਤੋਂ ਬਾਅਦ ਉਹ ਇੱਕ-ਅੱਧੀ ਵਾਰ ਹੀ ਘਰ ਆਇਆ।"
"ਆਖ਼ਰੀ ਗੱਲ ਕੋਈ 18 ਤਰੀਕ ਨੂੰ ਹੋਈ ਸੀ। ਉਸ ਤੋਂ ਬਾਅਦ ਕਾਰਵਾਈ ਸ਼ੁਰੂ ਹੋ ਗਈ ਤੇ ਉਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ।"
ਮਨਧੀਰ ਕੌਰ ਨੇ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ, "ਸਾਨੂੰ ਪਤਾ ਸਾਡੇ ਬੱਚੇ ਵਿੱਚ ਕੋਈ ਕਸੂਰ ਨਹੀਂ, ਨਾ ਉਹ ਗ਼ਲਤ ਹੈ ਅਤੇ ਨਾ ਹੀ ਉਨ੍ਹਾਂ ਨੇ ਹਥਿਆਰ ਚੁੱਕਿਆ ਹੈ।"
"ਅਮ੍ਰਿਤਪਾਲ ਨੇ ਵੀ ਕੁਝ ਗ਼ਲਤ ਨਹੀਂ ਕੀਤਾ। ਉਹ ਅਮ੍ਰਿਤ ਛਕਾ ਰਿਹਾ ਸੀ ਤੇ ਲੋਕਾਂ ਨੂੰ ਸਿੱਧੇ ਰਾਹ ਪਾ ਰਿਹਾ ਸੀ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਬੱਚੇ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਨਾ ਹੀ ਕੋਈ ਤਸ਼ੱਦਦ ਹੋਣਾ ਚਾਹੀਦਾ ਹੈ। ਜੇ ਕੋਈ ਤਸ਼ੱਦਦ ਹੁੰਦਾ ਹੈ ਤਾਂ ਸਰਕਾਰ ਆਪ ਜ਼ਿੰਮੇਵਾਰ ਹੋਵੇਗੀ।"
ਵਾਰਿਸ ਪੰਜਾਬ ਦੇ ਜਥੇਬੰਦੀ ਵਿੱਚ ਪਪਲਪ੍ਰੀਤ ਸਿੰਘ ਦੇ ਕੰਮ ਬਾਰੇ ਬੋਲਦਿਆਂ ਉਨ੍ਹਾਂ ਨੇ ਕਿਹਾ, "ਉਹ ਇਹ ਸਲਾਹ ਦਿੰਦਾ ਸੀ ਕਿ ਕਿਸ ਨਾਲ ਇੰਟਰਵਿਊ ਕਰਨੀ ਹੈ ਤੇ ਕਿਸ ਨਾਲ ਨਹੀਂ ਕਰਨੀ ਹੈ।"
ਉਨ੍ਹਾਂ ਨੇ ਅੱਗੇ ਦੱਸਿਆ, "ਇਸ ਤੋਂ ਇਲਾਵਾ ਗਰੀਬ ਬੱਚਿਆਂ ਨੂੰ ਪੜਾਉਣਾ, ਕਿਸੇ ਗਰੀਬ ਦਾ ਘਰ ਬਣਾਉਣਾ, ਫਰੀ ਇਲਾਜ ਕਰਨਾ ਆਦਿ ਅਜਿਹੇ ਕੰਮ ਕਰਦਾ ਸੀ।"

ਤਸਵੀਰ ਸਰੋਤ, Ravinder Singh Robin
ਤਸਵੀਰ ਕੈਪਸ਼ਨ, ਪਪਲਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰਪਪਲਪ੍ਰੀਤ ਸਿੰਘ ਦੀ ਪਤਨੀ ਰਾਜਵਿੰਦਰ ਕੌਰ ਕਿਹਾ, "ਉਨ੍ਹਾਂ ਦਾ ਅਕਸ ਸਾਫ-ਸੁਥਰਾ ਸੀ, ਉਸ ਨੂੰ ਖ਼ਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਦੇ ਵੀ ਕੋਈ ਹਥਿਆਰ ਦੀ ਗੱਲ ਨਹੀਂ ਕੀਤੀ।"
ਰਾਜਵਿੰਦਰ ਕੌਰ ਨੇ ਸਰਕਾਰ ਅਪੀਲ ਕਰਦਿਆਂ ਕਿਹਾ, "ਜੋ ਸਹੀ ਹੈ ਉਹ ਕੀਤਾ ਜਾਵੇ ਪਰ ਨਾਜਾਇਜ਼ ਕੁਝ ਨਾ ਕੀਤਾ ਜਾਵੇ। ਐੱਨਐੱਸਏ ਲਗਾ ਦੇਣਾ ਜਾਂ ਹੋਰ। ਜਦੋਂ ਕੋਈ ਗੁਰੂਘਰ ਵਿੱਚ ਜਾਂਦਾ ਹੈ ਤਾਂ ਉਸ 'ਤੇ ਐਵੇਂ ਕੇਸ ਨਹੀਂ ਪਾਏ ਜਾਂਦੇ।"
ਅਜਨਾਲਾ ਹਿੰਸਾ ਬਾਰੇ ਗੱਲ ਕਰਦਿਆਂ ਉਨ੍ਹਾਂ ਨੇ ਦੱਸਿਆ ਪਪਲਪ੍ਰੀਤ ਸਿੰਘ ਥਾਣੇ ਦੇ ਘੇਰਾਓ ਵੇਲੇ ਉੱਥੇ ਨਹੀਂ ਸਨ। ਉਹ ਸ਼ਾਮ ਨੂੰ ਰਹਿਰਾਸ ਵੇਲੇ ਉੱਥੇ ਗਏ ਸੀ।
ਉਨ੍ਹਾਂ ਨੇ ਕਿਹਾ, "ਉਹ ਵੀ ਅਮ੍ਰਿਤਪਾਲ ਦੇ ਚਾਚੇ ਨੇ ਕਿਹਾ ਸੀ ਕਿ ਤੁਸੀਂ ਆਓ, ਤੁਹਾਡੀ ਲੋੜ ਹੈ, ਤਾਂ ਗਏ ਸੀ। ਜੇ ਇਨ੍ਹਾਂ ਨੂੰ ਲੱਗਦਾ ਹੈ ਕਿ ਉਹ ਉਸ ਵੇਲੇ ਉੱਥੇ ਸੀ ਤਾਂ ਸਬੂਤ ਦੇਣ।"