ਅੱਜ ਦਾ ਮੁੱਖ ਘਟਨਾਕ੍ਰਮ
ਅੱਜ ਦੇ ਲਾਈਵ ਪੇਜ ਨਾਲ ਜੁੜਨ ਲਈ ਤੁਹਾਡਾ ਧੰਨਵਾਦ। ਹੁਣ ਤੱਕ ਦੀਆਂ ਦੀਆਂ ਅਹਿਮ ਖ਼ਬਰਾਂ ਇਹ ਹਨ....
- ਕਾਂਗਰਸੀ ਆਗੂ ਨਵਜੋਤ ਸਿੱਧੂ ਜਲੰਧਰ ਵਿੱਚ ਮਰਹੂਮ ਕਾਂਗਰਸੀ ਆਗੂ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨੂੰ ਮਿਲਣ ਗਏ। ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਜਲੰਧਰ ਜ਼ਿਮਨੀ ਚੋਣਾਂ ਲਈ ਕਾਂਗਰਸ ਦੀ ਉਮੀਦਵਾਰ ਤੇ ਚੌਧਰੀ ਸੰਤੋਖ ਸਿੰਘ ਦੀ ਪਤਨੀ ਪਰਮਜੀਤ ਕੌਰ ਬਾਰੇ ਕਿਹਾ ਕਿ ਉਹ ਆਮ ਲੋਕਾਂ ਵਿੱਚ ਵਿਚਰਦੇ ਹਨ ਤੇ ਲੋਕਤੰਤਰ ਪੱਖੀ ਹਨ।
- ਨਵਜੋਤ ਸਿੱਧੂ ਨੇ ਇਸ ਮੌਕੇ ਪੰਜਾਬ ਦੇ ਵਿੱਤੀ ਹਾਲਾਤ ਬਾਰੇ ਕੁਝ ਦਾਅਵੇ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਨੂੰ ਔਰਤਾਂ ਨੂੰ ਪੈਸੇ ਦੇਣ ਤੇ ਰੇਤ ਮਾਫ਼ੀਆ ਸਣੇ ਕਈ ਸਵਾਲ ਪੁੱਛੇ
- ਨੈਸ਼ਨਲ ਕਾਉਂਸਲ ਆਫ਼ ਐਜੂਕੇਸ਼ਨਲ ਰਿਸਰਚ ਐਂਡ ਟ੍ਰੇਨਿੰਗ (ਐੱਨਸੀਈਆਰਟੀ) ਨੇ 12ਵੀਂ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਅਨੰਦਪੁਰ ਮਤੇ ਬਾਰੇ ਦਿੱਤੇ ਵੇਰਵਿਆਂ ਉੱਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੇ ਇਤਰਾਜ਼ ਪ੍ਰਗਟਾਉਂਦਿਆਂ ਇਨ੍ਹਾਂ ਹਵਾਲਿਆਂ ਨੂੰ ਗ਼ਲਤ ਦੱਸਿਆ ਹੈ। ਐੱਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਤਾਬ ਵਿੱਚ ਫ਼ੌਰੀ ਤੌਰ ’ਤੇ ਸੋਧ ਕਰਨ ਦੀ ਸਲਾਹ ਦਿੱਤੀ ਹੈ।
- ਕੈਨੇਡਾ ਦੇ ਕਈ ਇਲਾਕਿਆਂ ਵਿੱਚ ਬਰਫ਼ੀਲੇ ਤੂਫ਼ਾਨ ਨੇ ਕਹਿਰ ਮਚਾਇਆ ਹੈ। ਇਸ ਕਹਿਰ ਕਾਰਨ ਬਿਜਲੀ ਠੱਪ ਹੋ ਗਈ ਹੈ ਅਤੇ ਲੱਖਾਂ ਘਰ ਹਨੇਰੇ ਵਿੱਚ ਹਨ। ਖ਼ਬਰ ਏਜੰਸੀ ਏਐਫ਼ਪੀ ਮੁਤਾਬਕ ਪੂਰਬੀ ਕੈਨੇਡਾ ਵਿੱਚ ਲੱਖਾਂ ਘਰਾਂ ਵਿੱਚ ਸ਼ੁੱਕਰਵਾਰ ਨੂੰ ਵੀ ਬਿਜਲੀ ਨਹੀਂ ਸੀ।
- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐੱਨਸੀਈਆਰਟੀ ਵੱਲੋਂ 12ਵੀਂ ਜਮਾਤ ਦੀ ਕਿਤਾਬ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਦੇ ‘ਵੱਖਰੇ ਰਾਸ਼ਟਰ ਦੀ ਅਪੀਲ’ ਵਜੋਂ ਦੱਸਣ ਦੀ ਨਿਖੇਧੀ ਕਰਦਿਆਂ ਕਿਤਾਬ ਨੂੰ ਤੁਰੰਤ ਵਾਪਸ ਲੈਣ ਦੀ ਗੱਲ ਕਹੀ ਹੈ।
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁਤਾਬਕ 2 ਮਈ ਤੋਂ ਸਰਕਾਰੀ ਦਫ਼ਤਰ ਸਵੇਰੇ ਸਾਢੇ 7 ਵਜੇ ਤੋਂ ਦੁਪਹਿਰ 2 ਵਜੇ ਤੱਕ ਖੁੱਲ੍ਹਣਗੇ। ਮਾਨ ਨੇ ਦੱਸਿਆ ਕਿ ਇਹ ਫ਼ੈਸਲਾ 15 ਜੁਲਾਈ ਤੱਕ ਲਾਗੂ ਰਹੇਗਾ।








