ਅਕਾਲ ਤਖਤ ਜਥੇਦਾਰ ਨੇ ਸਰਕਾਰ ਨੂੰ ਕੀ ਨਸੀਹਤ ਦਿੱਤੀ ਤੇ ਐੱਸਜੀਪੀਸੀ ਨੂੰ ਕੀ ਹੁਕਮ ਦਿੱਤਾ
ਅਕਾਲ ਤਖਤ ਦੇ ਜਥੇਦਾਰ ਨੇ ਦਮਦਮਾ ਸਾਹਿਬ 'ਚ ਪੱਤਰਕਾਰਾਂ ਦਾ ਇੱਕ ਇੱਕਠ ਸੱਦਿਆ ਹੋਇਆ ਹੈ। ਪੜ੍ਹੋ ਦੇਸ਼-ਵਿਦੇਸ਼ ਦੀਆਂ ਅਹਿਮ ਖ਼ਬਰਾਂ
ਲਾਈਵ ਕਵਰੇਜ
ਅੱਜ ਦਾ ਮੁੱਖ ਘਟਨਾਕ੍ਰਮ
ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ, ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਇਹ ਰਹੀਆਂ ਅੱਜ ਦਿਨ ਭਰ ਦੀਆਂ ਅਹਿਮ ਖ਼ਬਰਾਂ
- ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮੌਤ ਤੋਂ ਬਾਅਦ ਤੀਜਾ ਗਾਣਾ ‘ਮੇਰਾ ਨਾਂ’ ਹੋਇਆ ਰੀਲੀਜ਼
- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਿਤ ਹੁੰਦਿਆ ਕਿਹਾ ਕਿ ਪੰਜਾਬ ਸਰਕਾਰ ਨੇ ਕਰਜ਼ੇ ਲਾਹੁਣ ਦੇ ਨਾਲ ਨਾਲ ਲੋਕਾਂ ਨੂੰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਹਨ। ਉਨ੍ਹਾਂ ਮੁਤਾਬਕ ਸੂਬੇ ਦੀ ਕੁੱਲ ਆਮਦਨ 8841 ਕਰੋੜ ਰੁਪੱਈਆ ਹੈ। ਬੀਤੇ ਵਰ੍ਹੇ ਦੇ ਮੁਕਾਬਲੇ 2587 ਕਰੋੜ ਰੁਪਏ ਜ਼ਿਆਦਾ ਹੈ ਜੋ ਕਿ ਬੀਤੇ ਸਾਲ ਦੇ ਮੁਕਾਬਲੇ 41.40 ਫ਼ੀਸਦ ਵੱਧ ਹੈ।
- ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ 28042 ਨੌਕਰੀਆਂ ਦਿੱਤੀਆਂ ਗਈਆਂ। 594 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। 150 ਤੋਂ ਵੱਧ ਜਨਤਕ ਮਾਈਨਜ਼ ਖੋਲ੍ਹੀਆਂ ਗਈਆਂ ਹਨ, ਜਿਥੋਂ 5 ਰੁਪਏ ਪ੍ਰਤੀ ਕਿੱਲੋ ਰੇਤਾ ਮਿਲਦਾ ਹੈ। ਨੌਜਵਾਨਾਂ ਨੂੰ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਵਿਆਜ ਤੋਂ ਬਿਨ੍ਹਾਂ ਕਰਜ਼ਾ ਦਿੱਤਾ ਜਾਵੇਗਾ।
- ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਲਈ ਸੱਦੀ ਇਕੱਤਰਤਾ ਦੌਰਾਨ ਦਮਦਮਾ ਸਾਹਿਬ ਵਿਖੇ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਸਿੱਖਾਂ ਨਾਲ 75 ਵਾਅਦੇ ਕੀਤੇ ਪਰ ਇੱਕ ਵੀ ਪੂਰਾ ਨਹੀਂ ਕੀਤਾ।
- ਹਰਪ੍ਰੀਤ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਸਿੱਖਾਂ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ, ਜੇਕਰ ਪੰਜਾਬ ਤੋਂ ਅਵਾਜ਼ ਦਬਾਈ ਗਈ ਤਾਂ ਅਸੀਂ ਹਰਿਆਣਵੀ ਬਣਕੇ ਬੋਲਾਂਗੇ, ਬੰਗਾਲੀ ਬਣ ਕੇ ਬੋਲਾਂਗੇ, ਅਮਰੀਕਾ, ਇੰਗਲੈਂਡ ਅਤੇ ਦੁਨੀਆਂ ਵਿਚੋਂ ਹਰ ਥਾਂ ਬੋਲਾਂਗੇ।
- ਜਥੇਦਾਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਖ਼ਾਸ ਕਰਕੇ ਅਪੀਲ ਕਰਦੇ ਹਨ ਕਿ ਅਜਿਹੇ ਮਾਹੌਲ ਵਿੱਚ ਸਰਕਾਰ ਦਾ ਵੀ ਵੱਕਾਰ ਖ਼ਰਾਬ ਹੁੰਦਾ ਹੈ। ਜਥੇਦਾਰ ਨੇ ਕਿਹਾ ਕਿ ਜਿਹੜੇ ਚੈਨਲ ਬੰਦ ਕੀਤੇ ਗਏ ਹਨ, ਉਨ੍ਹਾਂ ਨੂੰ ਚਾਲੂ ਕਰਵਾਉਣ ਦੇ ਯਤਨ ਕੀਤੇ ਜਾਣਗੇ। ਇਸ ਬਾਬਤ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ।
- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਕਈ ਸ਼ਬਦੀ ਹਮਲੇ ਕੀਤੇ। ਸ਼ਰਾਬ ਨੀਤੀ ਨੂੰ ਲੈ ਕੇ ਵੀ ਮਜੀਠੀਆ ਨੇ ‘ਆਪ’ ਉੱਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਮੀਡੀਆ ਅਦਾਰਿਆਂ ਉੱਤੇ ਪਾਬੰਦੀ ਲਗਾਉਣਾ ਵੀ ਮੰਦਭਾਗਾ ਹੈ।
- ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਕਈ ਸ਼ਬਦੀ ਹਮਲੇ ਕੀਤੇ ਤਾਂ ਉਧਰ ‘ਆਪ’ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੇ ਮਜੀਠੀਆ ਦੀ ਭਾਸ਼ਾ ਨੂੰ ਸਹੀ ਨਾ ਦੱਸਦਿਆਂ ਕਿਹਾ ਕਿ ਇਨ੍ਹਾਂ ਦੇ ਆਗੂਆਂ ਉੱਤੇ ਸਾਡੇ ਨਾਲੋ ਵੱਧ ਇਲਜ਼ਾਮ ਲੱਗੇ ਹਨ। ਕੰਗ ਨੇ ਕਿਹਾ ਕਿ ਮੀਡੀਆ ਦੀ ਆਜ਼ਾਦੀ ਦੇ ਘਾਣ ਦੀ ਗੱਲ ਕਰਨ ਵਾਲੇ ਖ਼ੁਦ ਮੀਡੀਆ ਨਾਲ ਕੀ ਕਰਦੇ ਰਹੇ ਹਨ।
ਬੰਗਲਾਦੇਸ਼ ’ਚ ਦੋ ਵਿਰੋਧੀ ਗੁਟਾਂ ਵਿਚਾਲੇ ਗੋਲੀਬਾਰੀ, 8 ਦੀ ਮੌਤ

ਤਸਵੀਰ ਸਰੋਤ, SANJOY KUMAR BARUA
ਬੰਗਲਾਦੇਸ਼ ਦੀ ਪੁਲਿਸ ਨੇ ਦੱਸਿਆ ਕਿ ਦੋ ਵਿਰੋਧੀ ਗੁਟਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਹੈ।
ਇਹ ਘਟਨਾ ਦੇਸ਼ ਦੇ ਦੱਖਣੀ ਇਲਾਕੇ ਵਿੱਚ ਸਥਿਤ ਬੰਦਰਬਨ ਜ਼ਿਲ੍ਹੇ ਦੇ ਰਵਾਂਗਚਾਰੀ ਪਿੰਡ ਵਿੱਚ ਵੀਰਵਾਰ ਦੇਰ ਸ਼ਾਮ ਨੂੰ ਹੋਈ।
ਪੁਲਿਸ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਦੇ ਸਰੀਰ ਉੱਤੇ ਵਰਦੀ ਸੀ। ਘਟਨਾ ਵਾਲੀ ਥਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਗਏ ਹਨ।
ਅਜਿਹੀਆਂ ਰਿਪੋਰਟਾਂ ਹਨ ਕਿ ਇਸ ਘਟਨਾ ਵਿੱਚ ਸ਼ਾਮਲ ਲੋਕ ਇੱਕ ਵੱਖਵਾਦੀ ਗੁੱਟ ਕੁਕੀ - ਚਿਨ ਨੈਸ਼ਨਲ ਫਰੰਟ ਦੇ ਵਿਰੋਧੀਆਂ ਧੜਿਆਂ ਨਾਲ ਜੁੜੇ ਸਨ।
ਬੰਗਲਾਦੇਸ਼ ਦੀ ਸਰਕਾਰ ਨੇ ਅਕਤੂਬਰ ਵਿੱਚ ਗੁੱਟ ਖ਼ਿਲਾਫ਼ ਕਾਰਵਾਈ ਸ਼ੁਰੂ ਕੀਤੀ ਸੀ।
ਚੀਨ: ਕੋਰੋਨਾਵਾਇਰਸ ਨਾਲ ਜੁੜੀ ਰਿਸਰਚ ਦਾ ਡਾਟਾ ਜਾਰੀ, ਇਹ ਨਵੀਂ ਜਾਣਕਾਰੀ ਮਿਲੀ

ਤਸਵੀਰ ਸਰੋਤ, Getty Images
ਚੀਨ ਵਿੱਚ ਇੱਕ ਰਿਸਰਚ ਟੀਮ ਨੇ ਤਿੰਨ ਸਾਲ ਤੋਂ ਕੋਵਿਡ-19 ਨਾਲ ਜੁੜੀ ਇੱਕ ਰਿਸਰਚ ਜਾਰੀ ਕੀਤੀ ਹੈ। ਇਸ ਦੇ ਸੈਂਪਲ ਤਿੰਨ ਸਾਲ ਪਹਿਲਾਂ ਉਸ ਮਾਰਕਿਟ ਤੋਂ ਲਏ ਗਏ ਸਨ ਜਿੱਥੋਂ ਕੋਰੋਨਾ ਦੀ ਸ਼ੁਰੂਆਤ ਹੋਈ।
ਵੁਹਾਨ ਦਾ ਸੀ ਫ਼ੂਡ ਅਤੇ ਵਾਈਲਡ ਲਾਈਫ਼ ਮਾਰਕਿਟ ਕੋਰੋਨਾਵਾਇਰਸ ਦੀ ਖੋਜ ਦਾ ਮੁੱਖ ਕੇਂਦਰ ਰਿਹਾ ਹੈ।
ਇਸ ਖੋਜ ਦੀ ਅੰਤਰਰਾਸ਼ਟਰੀ ਵਿਗਿਆਨੀਆਂ ਨੇ ਤਸਦੀਕ ਕੀਤੀ ਹੈ।
ਪਤਾ ਲੱਗਿਆ ਹੈ ਕਿ ਪੌਜ਼ੀਟਿਵ ਪਾਏ ਗਏ ਸਵੈਬ ਵਿੱਚ ਜੰਗਲੀ ਜਾਨਵਰਾਂ ਦੇ ਜੇਨੇਟਿਕ ਮਟੀਰੀਅਲ ਵੀ ਮਿਲੇ, ਜੋ ਉੱਥੇ ਬਾਜ਼ਾਰ ਵਿੱਚ ਵੇਚੇ ਜਾ ਰਹੇ ਸਨ।
ਪਰ ਵਿਗਿਆਨੀ ਮੰਨਦੇ ਹਨ ਕਿ ਇਹ ਵਾਇਰਸ ਕਿਸੇ ਜਾਨਵਰ ਦੀ ਥਾਂ ਕਿਸੇ ਲਾਗ ਲੱਗੇ ਵਿਅਕਤੀ ਵੱਲੋਂ ਬਾਜ਼ਾਰ ਵਿੱਚ ਲਿਆਇਆ ਜਾ ਸਕਦਾ ਹੈ।
ਚੀਨੀ ਸਰਕਾਰ ਨੇ ਸਖ਼ਤੀ ਨਾਲ ਇਸ ਨੂੰ ਰੱਦ ਕੀਤਾ ਹੈ ਕਿ ਵਾਇਰਸ ਵੁਹਾਨ ਦੀ ਸਾਈਂਟਿਫਿਕ ਫ਼ੈਸਿਲੀਟੀ ਤੋਂ ਨਿਕਲਿਆ, ਪਰ ਅਮਰੀਕੀ ਐਫ਼ਬੀਆਈ ਨੇ ਕਿਹਾ ਕਿ ਉਹ ਇਹ ਮੰਨਦੇ ਹਨ ਕਿ ਇਸ ਦੀ ਸੰਭਾਵਨਾ ‘‘ਬਹੁਤ ਜ਼ਿਆਦਾ ਹੈ।’’
ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਨਵੇਂ ਇਨਫੋਰਮੇਸ਼ਨ ਟੈਕਨੌਲਿਜੀ ਨਿਯਮਾਂ ’ਤੇ ਜਤਾਇਆ ਇਤਰਾਜ਼

ਤਸਵੀਰ ਸਰੋਤ, Constantine Johnny/Getty Images
ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਇਨਫੋਰਮੇਸ਼ਨ ਟੈਕਨੌਲਿਜੀ ਨਿਯਮਾਂ ਵਿੱਚ ਕੀਤੇ ਗਏ ਸੋਧ ’ਤੇ ਇਤਰਾਜ਼ ਜਤਾਇਆ ਹੈ।
ਗਿਲਡ ਨੇ ਬਿਆਨ ਜਾਰੀ ਕਰਕੇ ਇਨ੍ਹਾਂ ਨਿਯਮਾਂ ਵਿੱਚ ਕੀਤੇ ਗਏ ਬਦਲਾਵਾਂ ਨੂੰ ‘ਬੇਰਹਿਮ’ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਇਸ ਨਾਲ ‘ਬੁਰੀ ਤਰ੍ਹਾਂ ਤੰਗ’ ਹਨ।
ਗਿਲਡ ਦਾ ਕਹਿਣਾ ਹੈ ਕਿ ਇਨ੍ਹਾਂ ਸੋਧਾਂ ਨਾਲ ਸਰਕਾਰ ਨੂੰ ਫੇਕ ਨਿਊਜ਼ ਉੱਤੇ ਫ਼ੈਸਲਾ ਲੈਣ ਦਾ ‘ਬੇਲਗਾਮ ਅਧਿਕਾਰ’ ਮਿਲ ਜਾਂਦਾ ਹੈ।
ਗਿਲਡ ਨੇ ਆਪਣੇ ਬਿਆਨ ਵਿੱਚ ਸਰਕਾਰ ਤੋਂ ਇਫੋਰਮੇਸ਼ਨ ਟੈਕਨੌਲਿਜੀ (ਇੰਟਰਮੀਡੀਅਰੀ ਗਾਇਡਲਾਈਨਜ਼ ਐਂਡ ਡਿਜੀਟਲ ਮੀਡੀਆ ਐਥੀਕਸ ਕੋਡ) ਅਮੈਂਡਮੈਂਟ ਰੂਲਜ਼ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਐਡੀਟਰਜ਼ ਗਿਲਡ ਆਫ਼ ਇੰਡੀਆ ਨੇ ਕਿਹਾ ਹੈ ਕਿ ਸਰਕਾਰ ਨੂੰ ਆਪਣੇ ਪਹਿਲੇ ਵਾਅਦੇ ਮੁਤਾਬਕ ਇਸ ਦੇ ਲਈ ਮੀਡੀਆ ਅਤੇ ਪ੍ਰੈੱਸ ਸੰਗਠਨਾ ਨਾਲ ਸਲਾਹ-ਮਸ਼ਵਰਾ ਕਰਨਾ ਚਾਹੀਦਾ ਹੈ।
ਗਿਲਡ ਦਾ ਕਹਿਣਾ ਹੈ ਕਿ ਨਵੇਂ ਨਿਯਮਾਂ ਤਹਿਤ ਸੂਚਨਾ-ਤਕਨੀਕ ਮੰਤਰਾਲੇ ਨੇ ਖ਼ੁਦ ਨੂੰ ‘ਫ਼ੈਕਟ ਚੈਕਿੰਗ ਯੂਨਿਟ’ ਦੇ ਗਠਨ ਦੀ ਸ਼ਕਤੀ ਦੇ ਦਿੱਤੀ ਹੈ। ਜਿਸ ਕੋਲ ਸਰਕਾਰ ਦੇ ਕੰਮ ਕਾਜ ਨਾਲ ਜੁੜੇ ਮਾਮਲਿਆਂ ਵਿੱਚ ਇਹ ਤੈਅ ਕਰਨ ਦਾ ਅਧਿਕਾਰ ਹੋਵੇਗਾ ਕਿ ਕੀ ਫੇਕ ਹੈ ਜਾਂ ਕੀ ਗ਼ਲਤ ਹੈ ਜਾਂ ਭ੍ਰਮ ਫੈਲਾਉਣ ਵਾਲਾ ਹੈ।
ਇਸ ਦੇ ਨਾਲ ਹੀ ਆਈਟੀ ਮੰਤਰਾਲੇ ਨੇ ਖ਼ੁਦ ਨੂੰ ਇਹ ਅਧਿਕਾਰ ਵੀ ਦਿੱਤਾ ਹੈ ਕਿ ਉਹ ਸੋਸ਼ਲ ਮੀਡੀਆ ਪਲੇਟਫਾਰਮਜ਼, ਇੰਟਰਨੈੱਟ ਸਰਵਿਸ ਪ੍ਰੋਵਾਈਡਰਜ਼ ਅਤੇ ਹੋਰ ਸਰਵਿਸ ਦੇਣ ਵਾਲੀਆਂ ਇੰਟਰਮੀਡੀਅਰੀਜ਼ ਨੂੰ ਅਜਿਹੇ ਕੰਟੈਂਟ ਨੂੰ ਹਟਾਉਣ ਦਾ ਨਿਰਦੇਸ਼ ਦੇ ਸਕੇਗੀ।
ਕੋਵਿਡ ਮਹਾਂਮਾਰੀ: ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਨਵੇਂ ਮਾਮਲਿਆਂ ਦੀ ਗਿਣਤੀ 6000 ਤੋਂ ਵੱਧੀ

ਤਸਵੀਰ ਸਰੋਤ, Getty Images
ਭਾਰਤ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਪੀੜਤਾਂ ਦੀ ਗਿਣਤੀ 6000 ਤੋਂ ਵੱਧ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ ਵਧ ਕੇ 28,303 ਹੋ ਗਈ ਹੈ।
ਪਿਛਲੇ ਸਾਲ 16 ਸਤੰਬਰ ਨੂੰ ਕੋਰੋਨਾਵਾਇਰਸ ਦੇ 6298 ਮਾਮਲੇ ਸਾਹਮਣੇ ਆਏ ਸਨ।
ਪਿਛਲੇ 24 ਘੰਟਿਆਂ 'ਚ ਦੇਸ਼ 'ਚ 14 ਲੋਕਾਂ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਈ ਹੈ। ਜਿਨ੍ਹਾਂ ਵਿੱਚੋਂ ਤਿੰਨ ਮੌਤਾਂ ਮਹਾਰਾਸ਼ਟਰ ਵਿੱਚ ਹੋਈਆਂ ਹਨ।
ਦਮਦਮਾ ਸਾਹਿਬ ਦੀ ਇਕੱਤਰਤਾ ਵਿੱਚ ਕੀ-ਕੀ ਹੋਇਆ
ਵੀਡੀਓ ਕੈਪਸ਼ਨ, ਵੀਡੀਓ : ਦਮਦਮਾ ਸਾਹਿਬ ਬੈਠਕ ਵਿੱਚ ਜਥੇਦਾਰ ਅਕਾਲ ਤਖ਼ਤ ਨੇ ਕਿਹੜੇ ਮੁੱਦੇ ਚੁੱਕੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਵਿਸ਼ੇਸ਼ ਇਕੱਤਰਤਾ ਸੱਦੀ, ਜਿਸ ਵਿੱਚ ਪੱਤਰਕਾਰਾਂ ਨੂੰ ਵੀ ਸੱਦਿਆ ਗਿਆ। ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਮੀਡੀਆ ਚੈਨਲਾਂ ਨੂੰ ਲੈ ਕੇ ਇਸ ਵਿੱਚ ਚਰਚਾ ਕੀਤੀ ਗਈ।
(ਰਿਪੋਰਟ- ਸੁਰਿੰਦਰ ਮਾਨ, ਸ਼ੂਟ-ਇਕਬਾਲ ਸਿੰਘ ਖਹਿਰਾ, ਐਡਿਟ- ਰਾਜਨ ਪਪਨੇਜਾ)
ਮਜੀਠੀਆ ਨੂੰ 'ਆਪ' ਨੇ ਦਿੱਤਾ ਜਵਾਬ, ਮਜੀਠੀਆ ਨੇ ਘੇਰੀ ਸੀ ਸਰਕਾਰ

ਤਸਵੀਰ ਸਰੋਤ, Facebook
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਕਈ ਸ਼ਬਦੀ ਹਮਲੇ ਕੀਤੇ ਤਾਂ ਉਧਰ ‘ਆਪ’ ਦੇ ਮੁੱਖ ਬੁਲਾਰੇ ਮਾਲਵਿੰਦਰ ਕੰਗ ਨੇ ਮਜੀਠੀਆ ਦੀ ਭਾਸ਼ਾ ਨੂੰ ਸਹੀ ਨਾ ਦੱਸਦਿਆਂ ਕਿਹਾ ਕਿ ਇਨ੍ਹਾਂ ਦੇ ਆਗੂਆਂ ਉੱਤੇ ਸਾਡੇ ਨਾਲੋ ਵੱਧ ਇਲਜ਼ਾਮ ਲੱਗੇ ਹਨ।
ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕੰਗ ਨੇ ਮਜੀਠੀਆ ਉੱਤੇ ਜਵਾਬੀ ਹਮਲੇ ਦੌਰਾਨ ਇਹ ਗੱਲਾਂ ਕਹੀਆਂ:-
- ਮੀਡੀਆ ਦੀ ਆਜ਼ਾਦੀ ਦੇ ਘਾਣ ਦੀ ਗੱਲ ਕਰਨ ਵਾਲੇ ਖ਼ੁਦ ਮੀਡੀਆ ਨਾਲ ਕੀ ਕਰਦੇ ਰਹੇ
- ਅਕਾਲੀ ਦਲ ਬਾਦਲ ਦੇ ਦੌਰ ਵਿੱਚ ਮੀਡੀਆ ਨੇ ਕਾਲਾ ਸਮਾਂ ਦੇਖਿਆ
- ਮਜੀਠੀਆ ਦੀ ਭਾਸ਼ਾ ਦੀ ਚੋਣ ਸਹੀ ਨਹੀਂ ਸੀ
ਇਸ ਤੋਂ ਇਲਾਵਾ ਕੰਗ ਨੇ ਹਾਲ ਹੀ ਵਿੱਚ ਕਾਂਗਰਸ ਤੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸੁਸ਼ੀਲ ਕੁਮਾਰ ਰਿੰਕੂ ਉੱਤੇ ਪ੍ਰਤਿਕਿਰਿਆ ਦਿੰਦਿਆਂ ਕਿਹਾ ਕਿ ਉਹ ਪਾਰਟੀ ਦੇ ਕੰਮ ਦੇਖ ਕੇ ਆਏ ਹਨ।
ਅਮ੍ਰਿਤਪਾਲ ਦੇ ਆਤਮ-ਸਮਰਪਣ ਦੀਆਂ ਰਿਪੋਰਟਾਂ ਨੂੰ ਜਥੇਦਾਰ ਨੇ ਦੱਸਿਆ 'ਫੇਕ ਨਿਊਜ਼'

ਅਮ੍ਰਿਤਪਾਲ ਸਿੰਘ ਵੱਲੋਂ ਦਮਦਮਾ ਸਾਹਿਬ ਵਿੱਚ ‘ਆਤਮ-ਸਮਰਪਣ’ ਕਰਨ ਦੀਆਂ ਮੀਡੀਆ ਰਿਪੋਰਟਾਂ ਨੂੰ ਜਥੇਦਾਰ ਅਕਾਲ ਤਖ਼ਤ ਸਾਹਿਬ ਨੇ ਵੀ ਫੇਕ ਨਿਊਜ਼ ਕਰਾਰ ਦਿੱਤਾ ਹੈ।
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਵੀ ਇੱਕ ਟਵੀਟ ਰਾਹੀ ਅਜਿਹੀਆਂ ਖ਼ਬਰਾਂ ਨੂੰ ਝੂਠਾ ਕਰਾਰ ਦੇ ਚੁੱਕੀ ਹੈ।
ਤਖ਼ਤ ਦਮਦਮਾ ਸਾਹਿਬ ਵਿੱਚ ਪੱਤਰਕਾਰਾਂ ਦੀ ਬੁਲਾਈ ਇਕੱਰਤਤਾ ਤੋਂ ਬਾਅਦ ਟੀਵੀ ਚੈਨਲਾਂ ਨਾਲ ਗੱਲ ਕਰਦਿਆਂ ਜਥੇਦਾਰ ਨੇ ਕਿਹਾ ਕਿ ਮੀਡੀਆ ਦੇ ਇੱਕ ਹਿੱਸੇ ਵਲੋਂ ਫੈਲਾਈਆਂ ਜਾ ਰਹੀਆਂ ਇਹ ਰਿਪੋਰਟਾਂ ਪੂਰੀ ਤਰ੍ਹਾਂ ਅਧਾਰਹੀਣ ਹਨ।
ਇੱਕ ਸਵਾਲ ਦੇ ਜਵਾਬ ਵਿੱਚ ਜਥੇਦਾਰ ਨੇ ਕਿਹਾ ਕਿ ਉਨ੍ਹਾਂ ਪਹਿਲਾਂ ਵੀ ਅਮ੍ਰਿਤਪਾਲ ਨੂੰ ‘ਆਤਮ-ਸਮਰਪਣ’ ਕਰਨ ਲਈ ਕਿਹਾ ਸੀ ਅਤੇ ਹੁਣ ਵੀ ਕਹਿਦੇ ਹਾਂ ਕਿ ਉਸ ਨੂੰ ‘ਆਤਮ-ਸਮਰਪਣ’ ਕਰਨਾ ਚਾਹੀਦਾ ਹੈ।
ਮਜੀਠੀਆ ਦੇ ‘ਆਪ’ ਉੱਤੇ ਸ਼ਬਦੀ ਹਮਲੇ

ਤਸਵੀਰ ਸਰੋਤ, FB/Bikram Singh Majithia
ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਉੱਤੇ ਕਈ ਸ਼ਬਦੀ ਹਮਲੇ ਕੀਤੇ। ਸ਼ਰਾਬ ਨੀਤੀ ਨੂੰ ਲੈ ਕੇ ਵੀ ਮਜੀਠੀਆ ਨੇ ‘ਆਪ’ ਉੱਤੇ ਨਿਸ਼ਾਨਾ ਸਾਧਿਆ।
ਚੰਡੀਗੜ੍ਹ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਮਜੀਠੀਆ ਨੇ ਕਿਹਾ:-
- ਪੰਜਾਬ ਦੇ ਪੱਤਰਕਾਰਾਂ ਅਤੇ ਕਲਾਕਾਰਾਂ ਦੇ ਸੋਸ਼ਲ ਮੀਡੀਆ ਅਕਾਊਂਟ ਬੰਦ ਕਰਨਾ ਮੰਦਭਾਗਾ ਹੈ
- ਮੀਡੀਆ ਅਦਾਰਿਆਂ ਉੱਤੇ ਪਾਬੰਦੀ ਲਗਾਉਣਾ ਵੀ ਮੰਦਭਾਗਾ ਹੈ
- ਲੋਕਤੰਤਰ ਦਾ ਘਾਣ ਕੀਤਾ ਜਾ ਰਿਹਾ ਹੈ ਅਤੇ ਮੌਜੂਦਾ ਸਮਾਂ ਐਮਰਜੈਂਸੀ ਦੇ ਦੌਰ ਨੂੰ ਯਾਦ ਕਰਵਾਉਂਦਾ ਹੈ
- ਦਿੱਲੀ ਵਿੱਚ ਸ਼ਰਾਬ ਨੀਤੀ ਨੂੰ ਲੈ ਕੇ ਮਨੀਸ਼ ਸਿਸੋਦੀਆ ਉੱਤੇ ਤਾਂ ਐਕਸ਼ਨ ਹੋਇਆ ਪਰ ਪੰਜਾਬ ਵਿੱਚ ਇਸ ਨੀਤੀ ਬਾਰੇ ਕਿਸੇ ਉੱਤੇ ਐਕਸ਼ਨ ਨਹੀਂ
- ਸਰਕਾਰ ਨੇ ਐਨੇ ਸਕੂਲ ਨਹੀਂ ਖੋਲ੍ਹੇ ਹੋਣੇ ਜਿੰਨੇ ਠੇਕੇ ਖੋਲ੍ਹ ਦਿੱਤੇ
ਪੰਜਾਬ ਸਰਕਾਰ ਨੂੰ ਜਥੇਦਾਰ ਅਕਾਲ ਤਖ਼ਤ ਦੀ ਨਸੀਹਤ

ਤਸਵੀਰ ਕੈਪਸ਼ਨ, ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਦੀ ਇਕੱਤਰਤਾ ਸੱਦੀ ਸੀ ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਮ੍ਰਿਤਪਾਲ ਸਿੰਘ ਦੇ ਆਤਮ ਸਮਰਪਣ ਦੇ ਨਾਂ ਉੱਤੇ ਪੰਜਾਬ ਵਿੱਚ ਡਰ ਅਤੇ ਭੈਅ ਦਾ ਮਾਹੌਲ ਸਿਰਜਿਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਹਿਲਾਂ ਕਿਹਾ ਜਾ ਰਿਹਾ ਸੀ ਅੱਜ ਇੱਥੋਂ ਅਮ੍ਰਿਤਪਾਲ ਆਤਮ-ਸਮਰਪਣ ਕਰੇਗਾ, ਫੇਰ ਕਿਹਾ ਜਾਣ ਲੱਗਿਆ ਵਿਸਾਖੀ ਵਾਲੇ ਦਿਨ ਕਰੇਗਾ।
ਜਥੇਦਾਰ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਨੂੰ ਖ਼ਾਸ ਕਰਕੇ ਅਪੀਲ ਕਰਦੇ ਹਨ ਕਿ ਅਜਿਹੇ ਮਾਹੌਲ ਵਿੱਚ ਸਰਕਾਰ ਦਾ ਵੀ ਵੱਕਾਰ ਖ਼ਰਾਬ ਹੁੰਦਾ ਹੈ
ਜਥੇਦਾਰ ਨੇ ਕਿਹਾ ਕਿ ਜਿਹੜੇ ਚੈਨਲ ਬੰਦ ਕੀਤੇ ਗਏ ਹਨ, ਉਨ੍ਹਾਂ ਨੂੰ ਚਾਲੂ ਕਰਵਾਉਣ ਦੇ ਯਤਨ ਕੀਤੇ ਜਾਣਗੇ। ਇਸ ਬਾਬਤ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ।
ਅਸੀਂ ਸਿੱਖ-ਵਿਰੋਧੀ ਤੇ ਪੰਜਾਬ ਵਿਰੋਧੀ ਬਿਰਤਾਂਤ ਦੇ ਵਿਰੁੱਧ ਆਪਣਾ ਪੱਖ ਰੱਖਣ ਲਈ ਇਕੱਠੇ ਹੋਵਾਂਗੇ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ: 75 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਸਿੱਖਾਂ ਨਾਲ 75 ਵਾਅਦੇ ਕੀਤੇ ਪਰ ਇੱਕ ਵੀ ਪੂਰਾ ਨਹੀਂ ਕੀਤਾ

ਤਸਵੀਰ ਕੈਪਸ਼ਨ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਲਈ ਸੱਦੀ ਇਕੱਤਰਤਾ ਦੌਰਾਨ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਕੇਂਦਰ ਸਰਕਾਰ ਨੇ ਸਿੱਖਾਂ ਨਾਲ 75 ਵਾਅਦੇ ਕੀਤੇ ਪਰ ਇੱਕ ਵੀ ਪੂਰਾ ਨਹੀਂ ਕੀਤਾ।
ਉਨ੍ਹਾਂ ਕਿਹਾ ਕਿ ਅਸੀਂ ਵਿਵਾਦ ਨਹੀਂ ਸੰਵਾਦ ਕਰਨਾ ਚਾਹੁੰਦੇ ਹਾਂ। ਜੇਕਰ ਕੇਂਦਰ ਸਰਕਾਰ ਕਸ਼ਮੀਰੀਆਂ, ਨਾਗਿਆਂ ਅਤੇ ਹੋਰਾਂ ਨਾਲ ਗੱਲ ਕਰ ਸਕਦੀ ਹੈ ਤਾਂ ਸਿੱਖਾਂ ਨਾਲ ਕਿਉਂ ਨਹੀਂ।
ਉਨ੍ਹਾਂ ਕਿਹਾ ਕਿ ਪੰਜਾਬ ਅਤੇ ਸਿੱਖਾਂ ਦੀ ਅਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ, ਜੇਕਰ ਪੰਜਾਬ ਤੋਂ ਅਵਾਜ਼ ਦਬਾਈ ਗਈ ਤਾਂ ਅਸੀਂ ਹਰਿਆਣਵੀ ਬਣਕੇ ਬੋਲਾਂਗੇ, ਬੰਗਾਲੀ ਬਣ ਕੇ ਬੋਲਾਂਗੇ, ਅਮਰੀਕਾ, ਇੰਗਲੈਂਡ ਅਤੇ ਦੁਨੀਆਂ ਵਿਚੋਂ ਹਰ ਥਾਂ ਬੋਲਾਂਗੇ।
ਜਥੇਦਾਰ ਨੇ ਇਲਜਾਮ ਲਾਇਆ ਕਿ ਪੰਜਾਬ ਅਤੇ ਸਿੱਖਾਂ ਦੇ ਖਿਲਾਫ਼ ਜੋ ਬਿਰਤਾਂਤ ਸਿਰਜਿਆ ਜਾ ਰਿਹਾ ਹੈ, ਉਸ ਨੂੰ ਤੋੜਨ ਲਈ ਪੱਤਰਕਾਰਾਂ ਦਾ ਇੱਕ ਗਰੁੱਪ ਬਣਾਇਆ ਜਾਵੇਗਾ।
ਅਮ੍ਰਿਤਪਾਲ ਦੇ ਆਤਮ ਸਮਰਪਣ ਕਰਨ ਦੀਆਂ ਖ਼ਬਰਾਂ ਬਾਰੇ ਪੰਜਾਬ ਪੁਲਿਸ ਦਾ ਦਾਅਵਾ
Skip X postX ਸਮੱਗਰੀ ਦੀ ਇਜਾਜ਼ਤ?ਚਿਤਾਵਨੀ: ਬੀਬੀਸੀ ਦੂਜੀਆਂ ਵੈਬਸਾਈਟਸ ਦੀ ਸਮੱਗਰੀ ਲਈ ਜ਼ਿੰਮੇਵਾਰ ਨਹੀਂ ਹੈ।ਇਸ ਲੇਖ ਵਿੱਚ X ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ X ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।
End of X post
ਪੰਜਾਬ ਪੁਲਿਸ ਨੇ 18 ਮਾਰਚ ਤੋਂ ਫਰਾਰ ਦੱਸੇ ਜਾ ਰਹੇ ਖਾਲਿਸਤਾਨ ਸਮਰਥਕ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਵਲੋਂ ਅੱਜ ਆਤਮ-ਸਮਰਪਣ ਕੀਤੇ ਜਾਣ ਦੀਆਂ ਮੀਡੀਆ ਦੇ ਇੱਕ ਹਿੱਸੇ ਦੀਆਂ ਚਲਾਈਆਂ ਜਾ ਰਹੀਆਂ ਰਿਪੋਰਟਾਂ ਨੂੰ 'ਫੇਕ ਨਿਊਜ਼' ਕਰਾਰ ਦਿੱਤਾ ਹੈ।
ਪੁਲਿਸ ਵਲੋਂ ਕੀਤੇ ਗਏ ਇੱਕ ਟਵੀਟ ਮੁਤਾਬਕ ਸੂਤਰਾਂ ਦੇ ਹਵਾਲੇ ਨਾਲ ਆ ਰਹੀਆਂ ਇਹ ਖ਼ਬਰਾਂ ਕਿ 14 ਅਪ੍ਰੈਲ ਤੱਕ ਸਾਰੇ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕੀਤੀਆ ਗਈਆਂ ਹਨ, ਵਿੱਚ ਕੋਈ ਸੱਚਾਈ ਨਹੀਂ ਹੈ।
ਪੁਲਿਸ ਨੇ ਟਵੀਟ ਰਾਹੀਂ ਪੰਜਾਬ ਦੇ ਲੋਕਾਂ ਨੂੰ ਅਜਿਹੀਆਂ ਖ਼ਬਰਾਂ ਨੂੰ ਸਾਂਝਾ ਕਰਨ ਤੋਂ ਪਹਿਲਾਂ ਇਸ ਦੇ ਤੱਥਾਂ ਦੀ ਚੰਗੀ ਤਰ੍ਹਾਂ ਜਾਂਚ ਕਰ ਲੈਣ ਦੀ ਅਪੀਲ ਵੀ ਕੀਤੀ ਹੈ।
ਮੀਡੀਆ ਬੈਠਕ ਦੀ ਰਿਕਾਰਡਿੰਗ ਦੀ ਸ਼੍ਰੋਮਣੀ ਕਮੇਟੀ ਨੇ ਨਹੀਂ ਦਿੱਤੀ ਆਗਿਆ

ਤਸਵੀਰ ਸਰੋਤ, Iqbal Singh Khaira
ਤਸਵੀਰ ਕੈਪਸ਼ਨ, ਦਮਦਮਾ ਸਾਹਿਬ ਵਿੱਚ ਪੱਤਰਕਾਰਾਂ ਦੇ ਇਕੱਠ ਦੀ ਤਸਵੀਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਹਰਪ੍ਰੀਤ ਸਿੰਘ ਵਲੋਂ ਤਖ਼ਤ ਦਮਦਮਾ ਸਾਹਿਬ ਵਿੱਚ ਪੱਤਰਕਾਰਾਂ ਦੀ ਬੈਠਕ ਬੁਲਾਈ ਗਈ ਹੈ। ਇਸ ਵਿੱਚ ਪੰਜਾਬ ਭਰ ਤੋਂ ਵੱਖ ਵੱਖ ਅਦਾਰਿਆਂ ਅਤੇ ਸੁੰਤਤਰ ਤੌਰ ਉੱਤੇ ਪੱਤਰਕਾਰੀ ਕਰਨ ਵਾਲੇ ਪੱਤਰਕਾਰ ਪਹੁੰਚੇ ਹੋਏ ਹਨ।
ਦਮਦਮਾ ਸਾਹਿਬ ਵਿੱਚ ਜਥੇਦਾਰ ਦੀ ਪੱਤਰਕਾਰਾਂ ਨਾਲ ਚੱਲ ਰਹੀ ਬੈਠਕ ਦੌਰਾਨ ਬੁਲਾਰਿਆਂ ਨੇ 18 ਮਾਰਚ ਤੋਂ ਬਾਅਦ ਪੰਜਾਬ ਵਿੱਚ 80ਵੇਂ ਦਹਾਕੇ ਵਾਲੇ ਹਾਲਾਤ ਪੈਦਾ ਹੋਣ ਦਾ ਬਿਰਤਾਂਤ ਸਿਰਜਣ ਦੀ ਗੱਲ ਕਰਦਿਆਂ ਇਸ ਨੂੰ ਗਲਤ ਦੱਸਿਆ।
ਇਸ ਲਈ ਮੰਗ ਕੀਤੀ ਗਈ, "ਸ੍ਰੀ ਅਕਾਲ ਤਖਤ ਸਾਹਿਬ ਨੂੰ ਇੱਕ ਕਮੇਟੀ ਦਾ ਗਠਨ ਕਰਨਾ ਚਾਹੀਦਾ ਹੈ ਜੋ ਇਸ ਤਰ੍ਹਾਂ ਦੇ ਹਾਲਤ ਵੇਲ਼ੇ ਸਮੇਂ ਵਿੱਚ ਸਰਕਾਰ ਤੋਂ ਜਵਾਬ ਲੈ ਸਕੇ।’’
ਬੁਲਾਰਿਆਂ ਨੇ ਦਾਅਵਾ ਕੀਤਾ ਕਿ ਪੂਰੀ ਦੁਨੀਆ ਵਿੱਚ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾ ਕੇ ਰਾਜਨੀਤੀ ਕੀਤੀ ਜਾ ਰਹੀ।
ਬੁਲਾਰਿਆਂ ਨੇ ਅਮ੍ਰਿਤਪਾਲ ਸਿੰਘ ਤੇ ਸਾਥੀਆਂ ਖਿਲਾਫ਼ ਕਾਰਵਾਈ ਦੌਰਾਨ ਮੀਡੀਆ ਅਦਾਰਿਆਂ ਦੇ ਟਵਿੱਟਰ ਅਕਾਊਂਟਸ ਉੱਤੇ ਪਾਬੰਦੀ ਲਾਉਣ ਅਤੇ ਕਈ ਸੁੰਤਤਰ ਤੇ ਡਿਜੀਟਲ ਪੱਤਰਕਾਰਾਂ ਦੇ ਅਕਾਊਂਟ ਬੰਦ ਕਰਵਾਉਣ ਦੀ ਨਿਖੇਧੀ ਕੀਤੀ।
ਦਿਲਚਸਪ ਗੱਲ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਨੂੰ ਸਮਾਗਮ ਦੀ ਰਿਕਾਰਡਿੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ।
ਪੰਜਾਬ ਦੀ ਆਰਥਿਕਤਾ ਪਟੜੀ ’ਤੇ ਚੜ੍ਹ ਗਈ ਹੈ-ਭਗਵੰਤ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ:-
- ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਕਾਰਜਕਾਲ ਦੌਰਾਨ 28042 ਨੌਕਰੀਆਂ ਦਿੱਤੀਆਂ
- 594 ਆਮ ਆਦਮੀ ਕਲੀਨਿਕ ਖੋਲ੍ਹੇ ਹਨ, ਜਿਨ੍ਹਾਂ ਦੀ ਮਦਦ ਨਾਲ ਪੰਜਾਬ ਦੇ ਸਿਹਤ ਅੰਕੜੇ ਵੀ ਇਕੱਠੇ ਹੋਏ ਹਨ
- 150 ਤੋਂ ਵੱਧ ਜਨਤਕ ਮਾਈਨਜ਼ ਖੋਲ੍ਹੀਆਂ ਗਈਆਂ ਹਨ, ਜਿਥੋਂ 5 ਰੁਪਏ ਪ੍ਰਤੀ ਕਿਲੋ ਰੇਤਾ ਮਿਲਦਾ ਹੈ।
- ਬਿਜਲੀ ਸੰਕਟ ਨਹੀਂ ਹੋਵੇਗਾ। ਕੋਲੇ ਦੀ ਘਾਟ ਨਹੀਂ। ਝਾੜਖੰਡ ਦੀ ਮਾਈਨ ਤੋਂ ਸਾਨੂੰ ਲੋੜੀਂਦੇ ਕੋਲੇ ਦੀ ਸਪਲਾਈ ਹੋ ਰਹੀ ਹੈ।
- ਨੌਜਵਾਨਾਂ ਨੂੰ ਨਵਾਂ ਕਾਰੋਬਾਰ ਸ਼ੁਰੂ ਕਰਨ ਲਈ ਵਿਆਜ ਤੋਂ ਬਿਨ੍ਹਾਂ ਕਰਜ਼ਾ ਦਿੱਤਾ ਜਾਵੇਗਾ।
- ਪੰਜਾਬ ਵਿੱਚ ਯੂਪੀਐੱਸਸੀ ਦਾ ਪੇਪਰ ਦੇਣ ਲਈ ਟਰੇਨਿੰਗ ਸੈਂਟਰ ਖੋਲ੍ਹਾਂਗੇ, ਜਿਥੇ ਟੈਸਟ ਦੀ ਤਿਆਰੀ ਮੁਫ਼ਤ ਕਰਵਾਈ ਜਾਵੇਗੀ।
ਭਗਵੰਤ ਮਾਨ: ਪੰਜਾਬ ਦੀ ਆਮਦਨ ਵਿੱਚ 41.40 ਫ਼ੀਸਦੀ ਵਾਧਾ ਹੋਇਆ ਹੈ

ਤਸਵੀਰ ਸਰੋਤ, Govt. Of Punjab
ਤਸਵੀਰ ਕੈਪਸ਼ਨ, ਪੰਜਾਬ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਵਿੱਤੀ ਹਾਲਾਤ ਬਾਰੇ ਪ੍ਰੈਸ ਕਾਂਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਹੁੰਦਿਆ ਕਿਹਾ, ਪੰਜਾਬ ਸਰਕਾਰ ਨੇ ਕਰਜ਼ੇ ਲਾਉਣ ਦੇ ਨਾਲ ਨਾਲ ਲੋਕਾਂ ਨੂੰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਹਨ।
- ਸੂਬੇ ਦੇ ਵਿੱਤੀ ਹਾਲਾਤ ਬਾਰੇ ਉਨ੍ਹਾਂ ਕਿਹਾ, 8841 ਕਰੋੜ ਰੁਪਿਆ ਸਾਡੀ ਕੁੱਲ ਆਮਦਨ ਹੈ।
- ਬੀਤੇ ਵਰ੍ਹੇ ਦੇ ਮੁਕਾਬਲੇ 2587 ਕਰੋੜ ਰੁਪਏ ਜ਼ਿਆਦਾ ਹੈ ਜੋ ਕਿ ਬੀਤੇ ਸਾਲ ਦੇ ਮੁਕਾਬਲੇ 41.40 ਫ਼ੀਸਦ ਵੱਧ ਹੈ।
- ਵਿੱਤੀ ਵਰ੍ਹੇ 2022-23 ਦੀ ਜੀਐੱਸਟੀ ਕੁਲੈਕਸ਼ਨ 18126 ਕਰੋੜ ਰੁਪਏ ਹੋਈ ਹੈ ਜੋ ਕਿ ਬੀਤੇ ਵਿੱਤੀ ਵਰ੍ਹੇ ਦੇ ਮੁਕਾਬਲੇ 16 ਫ਼ੀਸਦੀ ਵੱਧ ਹੈ।
- ਰਿਜ਼ਸਟਰੀਆਂ ਤੋਂ ਹੋਣ ਵਾਲੀ ਆਮਦਨ ਵਿੱਚ ਵੀ ਵਾਧਾ ਹੋਇਆ ਹੈ।
- 2022-23 ਲਈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਨੂੰ ਸਬਸਿਡੀ ਲਈ 20 ਕਰੋੜ ਰੁਪਏ ਦਿੱਤੇ ਹਨ।
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮੌਤ ਤੋਂ ਬਾਅਦ ਤੀਜਾ ਗਾਣਾ ਹੋਇਆ ਰੀਲੀਜ਼

ਤਸਵੀਰ ਸਰੋਤ, Getty Images
ਤਸਵੀਰ ਕੈਪਸ਼ਨ, ਸਿੱਧੂ ਮੂਸੇਵਾਲਾ ਦੇ ਨਵੇਂ ਗਾਣੇ ‘ਮੇਰਾ ਨਾ’ ਦਾ ਕੁਝ ਹਿੱਸਾ ਬਰਨਾ ਬੁਆਏ ਨੇ ਲਿਖਿਆ ਤੇ ਗਾਇਆ ਹੈ ਮਰਹੂਮ ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦਾ ਨਵਾਂ ‘ਮੇਰਾ ਨਾ’ 7 ਅਪ੍ਰੈਲ ਨੂੰ ਯੂਟਿਊਬ ’ਤੇ ਰੀਲੀਜ਼ ਹੋਇਆ ਹੈ।
ਗਾਣਾ ਰੀਲੀਜ਼ ਹੋਣ ਦੇ 10 ਮਿੰਟਾਂ ਅੰਧਰ ਹੀ ਇਸ ਗੀਤ ਨੂੰ ਲੱਖਾਂ ਲੋਕਾਂ ਨੇ ਸੁਣਿਆ ਹੈ। ਇਸ ਗਾਣੇ ਦਾ ਕੁਝ ਹਿੱਸਾ ਬਰਨਾ ਬੁਆਏ ਵਲੋਂ ਲਿਖਿਆ ਤੇ ਗਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਨਾਈਜੀਰੀਆ ਦੇ ਰੈਪਰ ਬਰਨਾ ਬੁਆਏ ਨੇ ਆਪਣੇ ਇੱਕ ਸ਼ੋਅ ਵਿੱਚ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦਿੰਦਿਆਂ ਸਿੱਧੂ ਮੂਸੇਵਾਲਾ ਦੇ ਅੰਦਾਜ਼ ਵਿੱਚ ਥਾਪੀ ਮਾਰ ਕੇ ਹੱਥ ਚੁੱਕਿਆ ਸੀ।
ਅਕਾਲ ਤਖ਼ਤ ਸਾਹਿਬ ਦੀ ਸਿੱਖ ਭਾਈਚਾਰੇ ਵਿੱਚ ਕੀ ਅਹਿਮੀਅਤ ਹੈ, ਜਥੇਦਾਰ ਦੇ ਕੀ ਅਧਿਕਾਰ ਹਨ

ਤਸਵੀਰ ਕੈਪਸ਼ਨ, ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਅਕਾਲ ਤਖ਼ਤ ਪ੍ਰਮੁੱਖ ਹੈ 27 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਉੱਤੇ ਹੋਏ ਪੰਥਕ ਇਕੱਠ ਦੌਰਾਨ ਜਥੇਦਾਰ ਹਰਪ੍ਰੀਤ ਸਿੰਘ ਨੇ ਪੰਜਾਬ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਦਿੱਤਾ ਸੀ, ਕਿ ਉਹ ਪੰਜਾਬ ਵਿੱਚ ਪਿਛਲੇ ਦਿਨੀਂ ਗ੍ਰਿਫ਼ਤਾਰ ਬੇਕਸੂਰ ਨੌਜਵਾਨਾਂ ਨੂੰ ਰਿਹਾਅ ਕਰੇ।
ਜਿਸ ਦੇ ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਕੇ ਸਖ਼ਤ ਸ਼ਬਦਾਂ ਵਿੱਚ ਜਥੇਦਾਰ ਦੀ ਮਨਸ਼ਾ ਉੱਤੇ ਹੀ ਸਵਾਲ ਖੜ੍ਹੇ ਕਰ ਦਿੱਤੇ ਜਿਸ ’ਤੇ ਮੁੜ ਜਥੇਦਾਰ ਦੀ ਪ੍ਰਤੀਕ੍ਰਿਆ ਨੇ ਸਿਆਸੀ ਬਹਿਸ ਛੇੜ ਦਿੱਤੀ ਸੀ।
ਪੰਜਾਬ ਵਿੱਚ ਅਮ੍ਰਿਤਪਾਲ ਸਿੰਘ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਕਾਰਕੁਨਾਂ ਖ਼ਿਲਾਫ਼ 18 ਮਾਰਚ ਤੋਂ ਪੁਲਿਸ ਕਾਰਵਾਈ ਚੱਲ ਰਹੀ ਹੈ।
ਸਮੇਂ ਸਮੇਂ ਸੰਸਥਾ ਦੇ ਸਿਆਸੀਕਰਨ ਦੇ ਇਲਜ਼ਾਮਾਂ ਵਿੱਚ ਘਿਰਣ ਵਾਲੇ ਅਕਾਲ ਤਖ਼ਤ ਦੀ ਸਿੱਖਾਂ ਲਈ ਧਾਰਮਿਕ ਤੇ ਸਿਆਸੀ ਅਹਿਮਤੀਅਤ ਬਾਰੇ ਜਾਣੋ।
ਅਕਾਲ ਤਖ਼ਤ ਦੀ ਵਿਸ਼ੇਸ਼ ਇਕੱਤਰਤਾ ਲਈ ਪੱਤਰਕਾਰਾਂ ਨੂੰ ਦਿੱਤਾ ਗਿਆ ਖੁੱਲ੍ਹਾ ਸੱਦਾ

ਤਸਵੀਰ ਕੈਪਸ਼ਨ, ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਅੱਜ, 7 ਅਪ੍ਰੈਲ ਨੂੰ ਤਖ਼ਤ ਸ਼੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਸੱਦੀ ਹੈ।
ਇਸ ਦਾ ਉਦੇਸ਼ ਉਨ੍ਹਾਂ ਨੇ ਮੌਜੂਦਾ ਸਮੇਂ ਵਿੱਚ ਸਰਕਾਰ ਵਲੋਂ ਕੁਝ ਮੀਡੀਆ ਅਦਾਰਿਆਂ ’ਤੇ ਪਾਬੰਦੀ ਲਗਾ ਕਿ ਵਿਰੋਧੀ ਆਵਾਜ਼ਾਂ ਬੰਦ ਕਰਨ ਦੀ ਕੋਸ਼ਿਸ਼ ਕੀਤੇ ਜਾਣ ਬਾਰੇ ਵਿਚਾਰ ਚਰਚਾ ਦੱਸਿਆ ਗਿਆ ਹੈ।
ਪੱਤਰਕਾਰਾਂ ਨੂੰ ਦਿੱਤੇ ਗਏ ਖੁੱਲ੍ਹੇ ਸੱਦੇ ਸਿੱਖ ਮੀਡੀਆ ਦਾ ਯੋਗਦਾਨ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੇ ਸਿੱਖ ਮੀਡੀਆ ਨੂੰ ਦਰਪੇਸ਼ ਚੁਣੌਤੀਆਂ ਤੇ ਭਵਿੱਖ ਦੀ ਰਣਨੀਤੀ ਬਾਰੇ ਵਿਚਾਰ ਚਰਚਾ ਕਰਨ ਦੀ ਗੱਲ ਆਖੀ ਗਈ ਹੈ।
ਬੀਬੀਸੀ ਪੰਜਾਬੀ ਦੇ LIVE ਪੇਜ 'ਤੇ ਤੁਹਾਡਾ ਸੁਆਗਤ ਹੈ
ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਪੰਜਾਬ, ਭਾਰਤ ਤੇ ਕੌਮਾਂਤਰੀ ਪੱਧਰ ਤੇ ਹੋ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਵਾਂਗੇ।
ਜੇਕਰ ਤੁਸੀਂ 6 ਅਪ੍ਰੈਲ ਦੀਆਂ ਅਪਡੇਟਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।

