ਨਵਜੋਤ ਸਿੰਘ ਸਿੱਧੂ ਨੇ ਕੀਤੀ ਰਾਹੁਲ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ

ਭਾਜਪਾ ਦੇ 44ਵੇਂ ਸਥਾਪਨਾ ਦਿਹਾੜੇ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ।

ਲਾਈਵ ਕਵਰੇਜ

  1. ਅੱਜ ਦਾ ਮੁੱਖ ਘਟਨਾਕ੍ਰਮ

    ਅਸੀਂ ਆਪਣਾ ਅੱਜ ਦਾ ਲਾਈਵ ਪੇਜ ਇੱਥੇ ਹੀ ਬੰਦ ਕਰ ਰਹੇ ਹਾਂ, ਸਾਡੇ ਨਾਲ ਜੁੜਨ ਲਈ ਬਹੁਤ-ਬਹੁਤ ਧੰਨਵਾਦ। ਇਹ ਰਹੀਆਂ ਅੱਜ ਦਿਨ ਭਰ ਦੀਆਂ ਅਹਿਮ ਖ਼ਬਰਾਂ

    • ਕੌਮੀ ਇਨਸਾਫ਼ ਮੋਰਚੇ ਨੇ 10 ਅਪ੍ਰੈਲ ਨੂੰ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਤੇ ਮੌਜੂਦਾ ਹਾਲਤਾਂ 'ਤੇ ਖੁੱਲੀ ਚਰਚਾ ਲਈ ਸੰਤਾਂ, ਮਹਾਂਪੁਰਸ਼ਾਂ ਸਣੇ ਸਮੂਹ ਸਿੱਖ ਜਥੇਬੰਦੀਆਂ ਨੂੰ ਸਭਾਵਾਂ ਨੂੰ ਵਿੱਚ ਆਉਣ ਲਈ ਖੁੱਲਾ ਸੱਦਾ ਦਿੱਤਾ ਹੈ।
    • ਲਗਭਗ 10 ਮਹੀਨੇ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਰਿਹਾਅ ਹੋਏ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ।
    • ਅੱਜ ਸੁਸ਼ੀਲ ਕੁਮਾਰ ਰਿੰਕੂ ਨੂੰ 'ਆਪ' ਨੇ ਜਲੰਧਰ ਜ਼ਿਮਨੀ ਚੋਣ ਲਈ ਉਮੀਦਵਾਰ ਐਲਾਨਿਆ ਹੈ।
    • ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇਸ ਦੇ ਦੱਬੇਕੁਚਲੇ ਲੋਕਾਂ ਦੀ ਮਦਦ ਕਰਨ ਦਾ ਪ੍ਰਤੀਕ ਬਣਕੇ ਉੱਭਰੀ ਹੈ।
  2. ਕੌਮੀ ਇਨਸਾਫ਼ ਮੋਰਚੇ ਵੱਲੋਂ ਖੁੱਲ੍ਹੀ ਚਰਚਾ ਲਈ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਸੱਦਾ

    ਇਨਸਾਫ਼ ਮੋਰਚਾ

    ਤਸਵੀਰ ਸਰੋਤ, Kaumi insaaf morcha

    ਕੌਮੀ ਇਨਸਾਫ਼ ਮੋਰਚੇ ਨੇ 10 ਅਪ੍ਰੈਲ ਨੂੰ ਪੰਥ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਤੇ ਮੌਜੂਦਾ ਹਾਲਤਾਂ 'ਤੇ ਖੁੱਲੀ ਚਰਚਾ ਲਈ ਸੰਤਾਂ, ਮਹਾਂਪੁਰਸ਼ਾਂ, ਸਿੱਖ ਸੰਪਰਦਾਵਾਂ, ਰਾਗੀਆਂ, ਢਾਡੀਆਂ, ਪ੍ਰਚਾਰਕਾਂ, ਗ੍ਰੰਥੀ ਸਿੰਘ ਸਭਾਵਾਂ ਨੂੰ ਵਿੱਚ ਆਉਣ ਲਈ ਖੁੱਲਾ ਸੱਦਾ ਦਿੱਤਾ ਹੈ।

    ਮੋਰਚੇ ਨੇ ਪ੍ਰੈੱਸ ਕਾਨਫਰੰਸ ਵਿੱਚ ਜਾਣਕਾਰੀ ਦਿੱਤੀ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਨੇ ਕਿਹਾ ਹੈ ਕਿ ਸਾਰੀਆਂ ਹੀ ਸਿੱਖ ਜਥੇਬੰਦੀਆਂ ਇੱਥੇ ਪਹੁੰਚਣ।

    ਇਸ ਤੋਂ ਉਨ੍ਹਾਂ ਨੇ ਕਿਹਾ ਕਿ ਦੇਸ਼ਾਂ-ਵਿਦੇਸ਼ਾਂ ਵਿੱਚ ਰਹਿੰਦੀਆਂ ਸੰਗਤਾਂ ਵੀ ਆਪਣੇ ਵਿਚਾਰ ਈਮੇਲਾਂ ਤੇ ਵਟਸਅੱਪ ਰਾਹੀਂ ਸੰਦੇਸ਼ ਕੌਮੀ ਇਨਸਾਫ਼ ਮੋਰਚੇ ਤੱਕ ਪਹੁੰਚਾਉਣ।

    ਇਸ ਦੌਰਾਨ ਮੋਰਚੇ ਵਲੋਂ 13, 14 ਅਤੇ 15 ਤਰੀਕ ਨੂੰ ਵਿਸਾਖੀ ਦੇ ਪ੍ਰੋਗਰਾਮਾਂ ਦਾ ਐਲਾਨ ਵੀ ਕੀਤਾ ਗਿਆ। ਇਨਾ ਵਿਚ 13 ਨੂੰ ਢਾਡੀ ਜੱਥੇ, 14 ਨੂੰ ਨਿਹੰਗ ਸਿੰਘਾਂ ਦਾ ਮਹੱਲਾ ਅਤੇ ਕੱਬਡੀ ਮੈਚ ਕਰਵਾਇਆ ਜਾਵੇਗਾ।ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਵੀ ਰੱਖਿਆ ਗਿਆ ਹੈ।

  3. ਨਵਜੋਤ ਸਿੰਘ ਸਿੱਧੂ ਨੇ ਕੀਤੀ ਰਾਹੁਲ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ

    ਲਗਭਗ 10 ਮਹੀਨੇ ਜੇਲ੍ਹ ਵਿੱਚ ਕੱਟਣ ਤੋਂ ਬਾਅਦ, ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ 1 ਅਪ੍ਰੈਲ ਨੂੰ ਰਿਹਾ ਹੋ ਗਏ।

    ਉਨ੍ਹਾਂ ਨੇ ਅੱਜ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਨਾਲ ਮੁਲਾਕਾਤ ਕੀਤੀ।

    ਸੋਸ਼ਲ ਮੀਡੀਆ 'ਤੇ ਤਸਵੀਰ ਸਾਂਝੀ ਕਰਦਿਆਂ ਉਨ੍ਹਾਂ ਨੇ ਲਿਖਿਆ, "ਤੁਸੀਂ ਮੈਨੂੰ ਜੇਲ੍ਹ ਭੇਜ ਸਕਦੇ ਹੋ, ਡਰ ਸਕਦੇ ਹੋ, ਮੇਰੇ ਸਾਰੇ ਵਿੱਤੀ ਖਾਤੇ ਬਲਾਕ ਕਰ ਸਕਦੇ ਹੋ। ਪਰ ਪੰਜਾਬ ਲਈ ਤੇ ਮੇਰੇ ਨੇਤਾਵਾਂ ਲਈ ਮੇਰੀ ਵਚਨਬੱਧਤਾ ਨਾਂ ਤਾਂ ਝੁਕੇਗੀ ਅਤੇ ਨਾ ਹੀ ਇੱਕ ਇੰਚ ਵੀ ਪਿੱਛੇ ਹਟੇਗੀ।"

    ਨਵਜੋਤ ਸਿੰਘ ਸਿੱਧੂ

    ਤਸਵੀਰ ਸਰੋਤ, Twitter

  4. ਸਰਬੱਤ ਖਾਲਸਾ ਕੀ ਹੈ, ਕੌਣ ਤੇ ਕਿਵੇਂ ਸਰਬੱਤ ਖਾਲਸਾ ਸੱਦ ਸਕਦਾ ਹੈ

    ਅਮ੍ਰਿਤਪਾਲ ਸਿੰਘ ਤੇ ਅਕਾਲ ਤਖਤ ਜਥੇਦਾਰ

    ਤਸਵੀਰ ਸਰੋਤ, Getty Images

    ਖਾਲਿਸਤਾਨ ਹਮਾਇਤੀ ਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅਮ੍ਰਿਤਪਾਲ ਸਿੰਘ ਦੋ ਵਾਰ ਵੀਡੀਓ ਜਾਰੀ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਵਿਸਾਖੀ ਮੌਕੇ ਸਰਬੱਤ ਖਾਲਸਾ ਦਾ ਇਕੱਠ ਸੱਦੇ ਜਾਣ ਦੀ ਅਪੀਲ ਕਰ ਚੁੱਕੇ ਹਨ।

    ਅਮ੍ਰਿਤਪਾਲ 18 ਮਾਰਚ ਤੋਂ ਫਰਾਰ ਹਨ। ਪੁਲਿਸ ਉਨ੍ਹਾਂ ਦੀ ਭਾਲ ਵਿੱਚ ਵੱਖ-ਵੱਖ ਥਾਵਾਂ ਉੱਤੇ ਛਾਪੇਮਾਰੀ ਕਰ ਰਹੀ ਹੈ।

    23 ਫਰਵਰੀ ਨੂੰ ਅਜਨਾਲਾ ਥਾਣੇ ਦੇ ਘਿਰਾਓ ਵੇਲੇ ਹੋਈ ਹਿੰਸਾ ਨਾਲ ਜੁੜੇ ਵੱਖ-ਵੱਖ ਮਾਮਲਿਆਂ ਤਹਿਤ ਪੁਲਿਸ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਗਈ ਸੀ ਪਰ ਉਹ ਕਾਮਯਾਬ ਨਹੀਂ ਹੋ ਸਕੀ।

    ਅਮ੍ਰਿਤਪਾਲ ਸਰਬੱਤ ਖਾਲਸਾ ਦਾ ਇਕੱਠ ਵਿਸਾਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਸੱਦਣ ਦੀ ਮੰਗ ਕਰ ਰਹੇ ਹਨ।

    ਹੁਣ ਅਸੀਂ ਜਾਣਦੇ ਹਾਂ ਕਿ ਸਰਬੱਤ ਖਾਲਸਾ ਦਾ ਸਿਧਾਂਤ ਕੀ ਹੈ, ਕੌਣ ਸਰਬੱਤ ਖਾਲਸਾ ਨੂੰ ਸੱਦ ਸਕਦਾ ਹੈ ਤੇ ਕਦੋਂ-ਕਦੋਂ ਸਰਬੱਤ ਖਾਲਸਾ ਸੱਦਿਆ ਗਿਆ ਸੀ।

    ਪੂਰ ਖ਼ਬਰ ਪੜ੍ਹਨ ਲਈ ਕਲਿੱਕ ਕਰੋ

  5. ਆਮ ਆਦਮੀ ਪਾਰਟੀ ਨੇ ਜਲੰਧਰ ਜ਼ਿਮਨੀ ਚੋਣ ਲਈ ਸੁਸ਼ੀਲ ਕੁਮਾਰ ਰਿੰਕੂ ਨੂੰ ਉਮੀਦਵਾਰ ਐਲਾਣਿਆ

    ਜ਼ਿਮਨੀ ਚੋਣਾ

    ਤਸਵੀਰ ਸਰੋਤ, Sushil Rinku/FB

    ਤਸਵੀਰ ਕੈਪਸ਼ਨ, ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ

    ਜਲੰਧਰ ਤੋਂ ਕਾਂਗਰਸ ਦੇ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ।

    ਇਸ ਤੋਂ ਇੱਕ ਦਿਨ ਬਾਅਦ ਆਮ ਆਦਮੀ ਪਾਰਟੀ ਨੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਜ਼ਿਮਨੀ ਚੋਣ ਲਈ ਆਪਣਾ ਉਮੀਦਵਾਰ ਐਲਾਣ ਦਿੱਤਾ ਹੈ।ਕਾਂਗਰਸ ਦੇ ਵਿਧਾਇਕ ਚੌਧਰੀ ਸੰਤੋਖ ਸਿੰਘ ਦੇ ਜਨਵਰੀ ਮਹੀਨੇ ਹੋਏ ਦੇਹਾਂਤ ਤੋਂ ਬਾਅਦ ਜਲੰਧਰ ਸੀਟ ਖ਼ਾਲੀ ਹੋ ਗਈ ਸੀ।

  6. ਕਾਂਗਰਸ ਦੀ ਪ੍ਰੈੱਸ ਕਾਨਫਰੰਸ ਲਾਈਵ

  7. ਨਰਿੰਦਰ ਮੋਦੀ: 2024 ਦੇ ਇਮਤਿਹਾਨ ਲਈ ਤਿਆਰ ਰਹਿਣ ਦੀ ਲੋੜ ਹੈ

    ਨਰਿੰਦਰ ਮੋਦੀ

    ਤਸਵੀਰ ਸਰੋਤ, ANI

    ਪ੍ਰਧਾਨ ਮੰਤਰੀ ਨੇ ਭਾਜਪਾ ਵਰਕਰਾਂ ਨੂੰ ਬਦਲਦੀ ਦੁਨੀਆਂ ਨਾਲ ਇੱਕਸੁਰ ਹੋ ਕੇ ਰਹਿਣ ਦੀ ਸਲਾਹ ਦਿੱਤੀ

    • ਭਵਿੱਖ ਦੇ ਹਿਸਾਬ ਨਾਲ ਆਪਣੀ ਪਾਰਟੀ ਨੂੰ ਨਿਰੰਤਰ ਵਿਕਾਸ ਕਰਨ ਦੀ ਸਮਰੱਥਾ ਵਧਾਉਣ ਦੀ ਕੋਸ਼ਿਸ਼ ਰੁਕਣ ਨਹੀਂ ਦੇਣੀ ਹੈ
    • ਮਾਹਰਾਂ ਤੋਂ ਸਲਾਹ ਲੈ ਕੇ ਬਦਲਦੀ ਦੁਨੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਨ ਦੀ ਲੋੜ ਹੈ
    • ਸ਼ੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਸਾਨੂੰ ਸਿਆਸਤ ਦੇ ਨਵੇਂ ਤਰੀਕਿਆਂ ਨੂੰ ਸਮਝਣਾ ਪਵੇਗਾ
    • ਜਾਣਕਾਰੀ ਤੇ ਕਮਿਉਨੀਕੇਸ਼ਨ ਬਹੁਤ ਵੱਡੀ ਭੂਮਿਕਾ ਨਿਭਾਉਣ ਵਾਲੇ ਹਨ
    • ਸਾਨੂੰ ਵਿਸ਼ਵ ਦੀਆਂ ਹੋਰ ਲੋਕਤੰਤਰਿਕ ਪਾਰਟੀਆਂ ਨਾਲ ਮਿਲਕੇ ਕੰਮ ਕਰਨਾ ਚਾਹੀਦਾ ਹੈ
    • ਯੂਥ ਵਿੰਗ ਤੇ ਮਹਿਲਾ ਵਿੰਗ ਨੂੰ ਕੌਮਾਂਤਰੀ ਪੱਧਰ ’ਤੇ ਹੋਰ ਲੋਕਤੰਤਰਿਕ ਦੇਸ਼ਾਂ ਦੇ ਕਾਰਜ ਨੂੰ ਸਮਝਣ ਲਈ ਉਨ੍ਹਾਂ ਦੇ ਨੁਮਾਇੰਦਿਆਂ ਨਾਲ ਰਾਬਤਾ ਵਧਾਉਣਾ ਚਾਹੀਦਾ ਹੈ
    • ਸਮਾਜ ਦੇ ਵੱਖ-ਵੱਖ ਵਰਗਾਂ ਲਈ ਸੰਘਰਸ਼ ਕਰਦੇ ਰਹਿਣ ਦੀ ਲੋੜ ਹੈ
    • ਜਿਥੇ ਲੋੜ ਪਏਗੀ ਲੋਕਤੰਤਰਿਕ ਤਰੀਕੇ ਨਾਲ ਸੰਘਰਸ਼ ਕਰਾਂਗੇ
    • ਘੱਟ ਸਾਧਨਾਂ ਨਾਲ ਵੱਡੇ ਨਤੀਜੇ ਲਿਆਉਣ ਦੇ ਤਰੀਕਿਆਂ ’ਤੇ ਕੰਮ ਕਰਨ ਦੀ ਲੋੜ ਹੈ
    • 2024 ਵਿੱਚ ਇੱਕ ਚੁਣੌਤੀ ਸਾਡੇ ਸਾਹਮਣੇ ਹੈ ਤੇ ਅਸੀਂ ਭਾਰਤ ਦੇ ਸੰਵਿਧਾਨ ਦੀ ਸੀਮਾ ਵਿੱਚ ਰਹਿ ਕੇ ਜਿੱਤ ਹਾਸਿਲ ਕਰਨੀ ਹੈ
    • ਭਾਜਪਾ ਨੂੰ ਭਾਰਤ ਦੇ ਭਵਿੱਖ ਦੀ ਪਾਰਟੀ ਬਣਾਉਣਾ ਹੈ
  8. ਭਾਜਪਾ ਵੱਖਰੇ ਸਿਆਸੀ ਕਲਚਰ ਦੀ ਨੁਮਾਇੰਦਾ

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇਸ ਦੇ ਦੱਬੇਕੁਚਲੇ ਲੋਕਾਂ ਦੀ ਮਦਦ ਕਰਨ ਦਾ ਪ੍ਰਤੀਕ ਬਣਕੇ ਉੱਭਰੀ ਹੈ।

    ਦੂਜੀਆਂ ਪਾਰਟੀਆਂ ਨੇ ਸਮਾਜਵਾਦ ਦੇ ਨਾਂ ਉੱਤੇ ਆਪਣੇ ਪਰਿਵਾਰਾਂ ਦਾ ਭਲਾ ਕੀਤਾ ਹੈ, ਸਮਾਜ ਦਾ ਨਹੀਂ। ਪਰ ਭਾਰਤੀ ਜਨਤਾ ਪਾਰਟੀ ਨੇ ਇਹ ਬਿਨਾਂ ਭੇਦਭਾਵ ਤੋਂ ਕੀਤਾ ਹੈ।

    ਉਨ੍ਹਾਂ ਨੇ ਅੱਗੇ ਕਿਹਾ ਕਿ ਭਾਜਪਾ ਦਾ ਸਿਆਸੀ ਕਲਚਰ ਹਰ ਸਾਥੀ ਨੂੰ ਨਾਲ ਲੈ ਕੇ ਚੱਲਣ ਦਾ ਹੈ, ਜਦਕਿ ਦੂਜੀਆਂ ਪਾਰਟੀ ਪਰਿਵਾਰਵਾਦ, ਵੰਸ਼ਵਾਸ, ਜਾਤਵਾਦ ਅਤੇ ਖੇਤਰੀਵਾਦ ਕਲਚਰ ਦੀ ਨੁਮਾਇੰਦਗੀ ਕਰਦੇ ਹਨ।

    MODI

    ਤਸਵੀਰ ਸਰੋਤ, ani

  9. '2014 ਵਿੱਚ ਦੇਸ਼ 800 ਸਾਲ ਦੀ ਗੁਲਾਮੀ ਖਿਲਾਫ਼ ਖੜ੍ਹਾ ਹੋਇਆ ਸੀ'

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ:-

    • 2014 ਵਿੱਚ ਜੋ ਹੋਇਆ ਸੀ, ਉਹ ਕੇਵਲ ਸੱਤਾ ਪਰਿਵਰਤਨ ਨਹੀਂ ਸੀ। 2014 ਵਿੱਚ ਦੇਸ ਲੋਕਾਂ ਨੇ ਨਵੀਂ ਪੁਨਰ ਸੁਰਜੀਤੀ ਕੀਤੀ ਸੀ।
    • 800 ਸਾਲ ਦੀ ਗੁਲਾਮੀ ਤੋਂ ਬਾਅਦ ਦੇਸ ਮੁੜ ਖੜ੍ਹਾ ਹੋਇਆ ਹੈ। ਹੁਣ ਦੇਸ ਪੰਚਪ੍ਰਾਣਾਂ ਦੀ ਸ਼ਕਤੀ ਤੋਂ ਅੱਗੇ ਲੈਕੇ ਵਧ ਰਿਹਾ ਹੈ।
    • 1947 ਵਿੱਚ ਭਾਵੇਂ ਅੰਗਰੇਜ਼ ਚਲੇ ਗਏ ਪਰ ਲੋਕਾਂ ਨੂੰ ਗੁਲਾਮ ਰੱਖਣ ਦੀ ਮਾਨਸਿਕਤਾ ਛੱਡ ਗਏ।
    • ‘ਬਾਦਸ਼ਾਹੀ ਵਾਲੀ ਇਸ ਮਾਨਸਿਕਤਾ’ ਵਾਲੇ ਲੋਕ ਵਧੇ-ਫੁੱਲੇ, ਪਰ ਸਾਡੀ ਸਰਕਾਰ ਦੇ ਪਹਿਲੇ ਦੀ ਕਾਰਜਕਾਲ ਵਿੱਚ ਹੀ ਦਲਿਤਾਂ, ਦੱਬੇ ਕੁਚਲੇ ਲੋਕਾਂ ਲਈ ਪ੍ਰੋਗਰਾਮ ਐਲਾਨੇ ਤਾਂ ਇਨ੍ਹਾਂ ਨੇ ਪੂਰੀ ਤਾਕਤ ਇਸ ਦਾ ਮਜ਼ਾਕ ਉਡਾਉਣ ਵਿੱਚ ਲਗਾ ਦਿੱਤੀ।
  10. ਨਰਿੰਦਰ ਮੋਦੀ: 2014 ’ਚ ਲੋਕਾਂ ਨੇ ਬਾਦਸ਼ਾਹੀ ਮਾਨਸਿਕਤਾ ਨੂੰ ਨਕਾਰਿਆ ਸੀ

    ਭਾਜਪਾ ਦਿਵਸ

    ਤਸਵੀਰ ਸਰੋਤ, ANI

    • ਭਾਜਪਾ ਦਾ ਸਿਆਸੀ ਸਭਿਆਚਾਰ ਵੱਡੇ ਸੁਫ਼ਨੇ ਦੇਖਣਾ ਤੇ ਉਨ੍ਹਾਂ ਨੂੰ ਸਾਕਾਰ ਕਰਨ ਲਈ ਆਪਣਾ ਸਭ ਕੁਝ ਵਾਰ ਦੇਣ ਦਾ ਹੌਸਲਾ ਹੈ।
    • ਭਾਜਪਾ ਨੇ ਔਰਤਾਂ ਨੂੰ ਜ਼ਿੰਦਗੀ ਬਿਹਤਰ ਬਣਾਉਣ ਲਈ ਨਵੇਂ ਮੌਕੇ ਦਿੱਤੇ ਹਨ
    • 2014 ਵਿੱਚ ਲੋਕਾਂ ਨੇ ਕੇਵਲ ਭਾਜਪਾ ਨੂੰ ਨਹੀਂ ਚੁਣਿਆ ਸੀ, ਬਲਕਿ ਇੱਕ ਦੇਸ਼ ਆਪਣਾ ਸਵੈਮਾਣ ਮੁੜ ਪਾਉਣ ਲਈ ਖੜਾ ਹੋਇਆ ਸੀ
    • 2014 ’ਚ ਲੋਕਾਂ ਨੇ ਬਾਦਸ਼ਾਹੀ ਮਾਨਸਿਕਤਾ ਨੂੰ ਨਕਾਰਿਆ ਸੀ
  11. ਭਾਜਪਾ ਲਈ ਦੇਸ਼ ਹਮੇਸ਼ਾਂ ਸਭ ਤੋਂ ਅਹਿਮ ਰਿਹਾ ਹੈ-ਨਰਿੰਦਰ ਮੋਦੀ

    ਭਾਜਪਾ ਦਿਵਸ

    ਤਸਵੀਰ ਸਰੋਤ, Getty Images

    ਤਸਵੀਰ ਕੈਪਸ਼ਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ

    ਭਾਰਤੀ ਜਨਤਾ ਪਾਰਟੀ ਦੇ 44 ਵੇਂ ਸਥਾਪਨਾ ਦਿਵਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਸੰਬੋਧਨ ਵਿੱਚ ਭਾਜਪਾ ਨੂੰ ਮਜਬੂਤ ਕਰਨ ਵਾਲੇ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ-

    • ਭਾਰਤ ਵੱਡੀਆਂ ਚੁਣੌਤੀਆਂ ਨਾਲ ਨਜਿੱਠਣ ਦੇ ਸਮਰੱਥ ਹੈ
    • ਭ੍ਰਿਸ਼ਟਾਚਾਰ ਪਰਿਵਾਰਵਾਦ ਤੇ ਕਾਨੂੰਨ ਵਿਵਸਥਾ ਲਈ ਭਾਜਪਾ ਬਹੁਤ ਸਖ਼ਤ ਰੁਖ਼ ਰੱਖਦੀ ਹੈ
    • ਭਾਜਪਾ ਲਈ ਦੇਸ਼ ਹਮੇਸ਼ਾਂ ਅਹਿਮ ਰਿਹਾ ਹੈ
    • ਅਸੀਂ ਲੋਕਾਂ ਦੀ ਆਵਾਜ਼ ਨੂੰ ਭਾਜਪਾ ਦੀ ਚੇਤਨਾ ਬਣਾਇਆ ਹੈ
    • ਭਾਜਪਾ ਲੋਕਤੰਤਰ ਦੀ ਉੱਪਜ ਹੈ
    • ਭਾਜਪਾ ਦਿਨ ਰਾਤ ਦੇਸ਼ ਲਈ ਕੰਮ ਕਰ ਰਹੀ ਹੈ
  12. ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸੰਬੋਧਨ

    ਅੱਜ ਭਾਜਪਾ ਦਾ 44ਵਾਂ ਸਥਾਪਨਾ ਦਿਹਾੜਾ ਹੈ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਰਟੀ ਵਰਕਰਾਂ ਨੂੰ ਕੀਤਾ ਸੰਬੋਧਨ।

  13. ਬੀਬੀਸੀ ਪੰਜਾਬੀ ਦੇ LIVE ਪੇਜ 'ਤੇ ਤੁਹਾਡਾ ਸੁਆਗਤ ਹੈ

    ਬੀਬੀਸੀ ਪੰਜਾਬੀ ਦੇ ਲਾਈਵ ਪੇਜ 'ਤੇ ਤੁਹਾਡਾ ਸੁਆਗਤ ਹੈ। ਇਸ ਪੇਜ ਰਾਹੀਂ ਅਸੀਂ ਤੁਹਾਨੂੰ ਪੰਜਾਬ, ਭਾਰਤ ਤੇ ਕੌਮਾਂਤਰੀ ਪੱਧਰ ਤੇ ਹੋ ਰਹੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਵਾਂਗੇ।

    ਤੁਹਾਡੇ ਨਾਲ ਲਾਈਵ ਅਪਡੇਟਸ ਸਾਂਝੀ ਕਰ ਰਹੇ ਹਨ ਬੀਬੀਸੀ ਪੱਤਰਕਾਰ ਖੁਸ਼ਬੂ ਸੰਧੂ ਅਤੇ ਰਾਜਵੀਰ ਕੌਰ।

    ਜੇਕਰ ਤੁਸੀਂ 5 ਅਪ੍ਰੈਲ ਦੀਆਂ ਅਪਡੇਟਸ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਲਿੰਕ ਉੱਤੇ ਕਲਿੱਕ ਕਰ ਸਕਦੇ ਹੋ।